ਸਬਰ ਤੋਂ ਪਾਰ (ਲੇਖ )

ਜਸਬੀਰ ਦੱਧਾਹੂਰ   

Cell: +91 98156 88236
Address: ਪਿੰਡ ਦੱਧਾਹੂਰ, ਤਹਿ: ਰਾਏਕੋਟ
ਲੁਧਿਆਣਾ India
ਜਸਬੀਰ ਦੱਧਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


''ਦੇਸੀ ਅੱਕ ਦੇ ਬੂਟੇ ਦਾ ਇਹ ਸੁਭਾਅ ਹੈ ਕਿ ਉਹ ਜਿਆਦਾ ਵਰਖਾ ਹੁੰਦੀ ਹੈ ਤਾਂ ਉਹ ਮੁਰਝਾ ਜਾਂਦਾ ਹੈ, ਜਦਕਿ ਵਰਖਾ ਆਉਣ ਦੇ ਨਾਲ ਸਭ ਦਰੱਖਤਾਂ ਤੇ ਬਹਾਰ ਆ ਜਾਂਦੀ ਹੈ। ਕਦੇ ਸਾਨੂੰ ਵੀ ਸਵੈ-ਪੜਚੋਲ ਕਰਨੀ ਚਾਹੀਦੀ ਹੈ ਕਿ ਅਸੀਂ ਕਦੇ ਅੱਕ ਦੇ ਬੂਟੇ ਵਾਂਗ ਤਾਂ ਨਹੀਂ ਕਿ ਦੂਸਰਿਆਂ ਨੂੰ ਖੁਸ਼ਹਾਲ ਦੇਖ ਕੇ ਅੰਦਰੋਂ ਅੰਦਰੀ ਮੁਰਝਾ ਤਾਂ ਨਹੀਂ ਜਾਂਦੇ। ਸਾਡੀ ਸਭ ਦੀ ਮਾਨਸਿਕਤਾ ਹੈ ਕਿ ਦੂਜਿਆਂ ਨੂੰ ਖੁਸ਼ਹਾਲ ਦੇਖ ਅਸੀਂ ਬੇਹਾਲ ਹੋ ਜਾਂਦੇ ਹਾਂ, ਉਸਦੀ ਤਰੱਕੀ ਨੂੰ ਸੰਨ• ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਭਾਵੇ ਸਾਡੀ ਬੁੱਧੀ ਦਾ ਸਰੋਵਰ ਨੱਕੋ ਨੱਕ ਭਰ ਗਿਆ, ਭਾਵ ਵਿਸ਼ਾਲ ਹੋ ਗਿਆ, ਪਰ ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿਚ ਆਪਣੀ ਸ਼ਾਨ ਸਮਝਦੇ ਹਾਂ।
ਅਸੀਂ ਵਿਹਲੇ ਸਮੇਂ ''ਚੁਗਲੀ ਦਰਬਾਰ'' ਵਿਚ ਦੂਜਿਆਂ ਦੀਆਂ ਕਮੀਆਂ, ਖਾਮੀਆਂ ਲੱਭਣ 'ਚ ਤਾਂ ਗੁਜਾਰ ਦਿੰਦੇ ਹਾਂ ਪਰ ਕਦੇ ਵੀ ਸਵੈ-ਪੜਚੋਲ ਨਹੀਂ ਕਰਦੇ, ਕਦੇ ਆਪੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰੋ, ਸ਼ਾਇਦ ਸਾਡੀ ਚਿੰਤਾ ਦੀ ਸੀਮਾ ਘੱਟ ਜਾਏ, ਪਰ ਅਸੀਂ ਤਾਂ ਹਰ ਵੇਲੇ ਆਪਣੀ ਜ਼ੁਬਾਨ ਨਾਲ ਤੇਜ਼ਾਬ ਛਿੜਕਦੇ ਸਮੇਂ ਦੀਆਂ ਬਾਰਾਂਤਾਲੀ ਹਵਾਵਾਂ ਨੂੰ ਗੱਠਾਂ ਮਾਰਦੇ 'ਹਿਟਲਰੀ ਹੁਕਮ ਮਾਰ' ਜ਼ਹਿਰੀਲੀ ਝੱਗ ਸੁੱਟਦੇ ਰਹਿੰਦੇ ਹਾਂ। ਕਦੇ ਹੱਥਾਂ ਦੀਆਂ ਤਲੀਆਂ ਤੋਂ ਸਾਬਣ ਵਾਂਗ ਤਿਲਕਦੀ ਜ਼ਿੰਦਗੀ ਬਾਰੇ ਸੋਚੋ। ਸਾਡੇ ਦੁਆਰਾ ਕੀਤੀ ਨਫ਼ਰਤ ਕਿਸ ਕੰਮ ਦੀ। ਪੈਸਾ ਇੱਕ ਅਜਿਹੀ ''ਦੁਨਿਆਵੀ ਕੰਮ'' ਚਲਾਉ ਮਸ਼ੀਨ ਹੈ, ਕਿਸੇ ਕੋਲ ਭਾਵੇਂ ਕਿੰਨਾ ਮਰਜ਼ੀ ਹੋਵੇ, ਅਸੀਂ ਕਿਸੇ ਵੀ ਲੋੜਬੰਦ ਇਨਸਾਨ ਨੂੰ ਨਹੀਂ ਦੇ ਸਕਦੇ, ਕਿਉਂਕਿ ਸਾਨੂੰ ''ਸਬਰ ਤੋਂ ਪਾਰ'' ਝਾਕਣ ਦੀ ਆਦਤ ਹੈ। ਪੈਸਾ ਸਭ ਕੁਝ ਹੋ ਕੇ ਵੀ ਕੁੱਝ ਨਹੀਂ। ਇੱਕ ਦਿਲਚਸਪ ਗੱਲ ਹੈ ਕਿ ਇਹ ਦੁਨੀਆਂ ਪੈਸੇ ਦੇ ਸਹਾਰੇ ਖੜੀ ਹੈ ਪਰ ਸਾਨੂੰ ਇਹ ਵੀ ਭਲੀਭਾਂਤ ਪਤਾ ਹੈ ਕਿ ਪੈਸਾ ਨਾਲ ਨਹੀਂ ਜਾਂਦਾ, ਫਿਰ ਵੀ ਅਸੀਂ ਇੱਥੇ ''ਸਬਰ ਤੋਂ ਪਾਰ'' ਦੁਨਿਆਵੀ ਵਸਤਾਂ ਇੱਕਠੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਇਨਸਾਨ ਸਮੁੱਚੀ ਸ੍ਰਿਸ਼ਟੀ ਵਿਚ ਆਪਣੇ ਆਪ ਨੂੰ ਸਿਆਣਾ ਸਮਝਣ ਦਾ ਭੁਲੇਖਾ ਪਾਲੀ ਬੈਠਾ ਹੈ, ਪਰ ਹੈ ਕੁਝ ਵੀ ਨਹੀਂ। ਮੁਕਾਬਲੇ ਦੀ ਇਸ ਦੌੜ ਵਿਚ ਹਰ ਕੋਈ ਆਪਣਾ ਨਾਂ ਤਾਂ ਬਣਾਉਣਾ ਚਾਹੁੰਦਾ ਹੈ, ਪਰ ਜਿਸ ਡਾਹਢੇ ਦੀ ''ਸਵੱਲੀ ਨਦਰਿ'' ਕਰਕੇ ਸਾਡੀ ਇਸ ਕਾਇਨਾਤ ਵਿਚ ਆਉਣਾ ਬਣਿਆ ਹੈ, ਉਸ ਦਾ ਸ਼ੁਕਰਾਨਾ ਕਰਨ ਦੀ ਬਜਾਏ ਅਸੀਂ ਉਸ ਨੂੰ ਕੋਸਦੇ ਰਹਿੰਦੇ ਹਾਂ ਕਿ ਉਸ ਨੇ ਸਾਨੂੰ ਹੋਰਨਾਂ ਤੋਂ ਨੀਵਾਂ ਰੱਖਿਆ ਗੱਲ ਉੱਥੇ ਹੀ ਨਿਬੜਦੀ ਹੈ ਕਿ ਸਾਡੇ ਵਿਚ ਸਬਰ ਸੰਤੋਖ ਦੀ ਸੀਮਾਂ ਨਹੀਂ। ਅਸੀਂ ਦੂਸਰਿਆਂ ਦੇ ਔਗੁਣ ਤਾਂ ਬੜੇ ਵਿਸਥਾਰ ਨਾਲ ਚਿਤਵਦੇ ਹਾਂ, ਪਰ ਆਪਣੇ ਔਗੁਣ ਲੁਕੋਣ ਲਈ ਅਸੀਂ ਚਾਪਲੂਸੀ ਵਡਿਆਈ ਕਰਨਾ ਨਹੀਂ ਭੁੱਲਦੇ। ਕਰਨਾ ਤਾਂ ਇੰਝ ਚਾਹੀਦਾ ਹੈ ਕਿ ਜਦੋਂ ਵੀ ਅਸੀਂ ਕਿਸੇ ਨੂੰ ਕੋਈ ਗੱਲ ਕਹਿਣੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਤੇ ਲਾਗੂ ਕਰੋ। ਆਪਣੇ ਅੰਦਰ ਝਾਕੋ। ਦੂਸਰਿਆਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਜੇਕਰ ਕਿਸੇ ਵਿਚ ਕੋਈ ਔਗੁਣ ਹੈ ਤਾਂ ਗੁਣ ਵੀ ਜ਼ਰੂਰ ਹੋਵੇਗਾ। ਕੁਦਰਤ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਪਰ ਸਾਡੇ ਵਿਚ ਉਸਦੇ ਨਿਯਮ ਨੂੰ ਮੰਨਣ ਦਾ ਹੀ ਮਾਦਾ ਨਹੀਂ। ਜਿਉਂ ਜਿਉਂ ਸਾਡੀ ਉਮਰ ਵੱਧਦੀ ਹੈ ਸਾਨੂੰ ਆਉਣੀ ਤਾਂ ਅਕਲ ਚਾਹੀਦੀ ਹੈ, ਪਰ ਅਸੀਂ ਵੱਡੇ ਹੋ ਕੇ ਵੀ ਵੈਰ ਪਾਲੀ ਜਾਂਦੇ ਹਾਂ। ਸਾਡੀ ਧੌਣ 'ਚ ਹਰ ਵੇਲੇ ਦੁਨਿਆਵੀ ਵਸਤਾਂ ਦੇ ਮੋਹ ਦਾ ਫਾਨਾ ਅੜਿਆ ਰਹਿੰਦਾ ਹੈ, ਪਰ ਜਾਗਦੀ ਕੁਦਰਤ ਸਾਡੇ ਪਲ-ਪਲ ਤੇ ਨਜ਼ਰ ਰੱਖਕੇ  ਹੱਸ ਰਹੀ ਹੈ ਕਿਉਂਕਿ ਸਾਡਾ ਸਮਾਂ ਮੁੱਠੀ 'ਚ ਕਿਰਦੀ ਰੇਤ ਵਾਂਗ ਤੇਜ਼ੀ ਨਾਲ ਲੰਘ ਰਿਹਾ ਹੈ। ਸਾਨੂੰ ਸਭ ਨੂੰ ਇਹ ਪਤਾ ਹੈ ਕਿ ਇੱਥੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਅੱਖ ਝਪਕਦੇ ਤੁਰ ਗਏ। ਅਸੀਂ ਇਹ ਸਭ ਕੁਝ ਜਾਣਦੇ ਹੋਏ ਵੀ ਅਣਭੋਲ ਬਣੇ ਬੈਠੇ ਹਾਂ। ਜ਼ਿੰਦਗੀ ਨੂੰ ਸਿਦਕਵਾਨ ਬਣਾਉ ਜੋ ਕੁਝ ਹੈ ਉਸ ਵਿਚ ਰਹਿਣਾ, ਸਬਰ ਕਰਨਾ ਸਿੱਖੋ। ਯਾਦ ਰਹੇ ਦੂਜਿਆਂ ਦੀ ਜ਼ਿੰਦਗੀ ਵਿਚ ਹਨ•ੇਰਾ ਕਰਨ ਵਾਲਿਆਂ ਦੀ ਆਪਣੀ ਜ਼ਿੰਦਗੀ ਕਦੇ ਰੌਸ਼ਨ ਨਹੀਂ ਹੋ ਸਕਦੀ। ਅਸੀਂ ਗਾਹੇ ਬਗਾਹੇ ਕੀੜੇ, ਕੀੜੀਆਂ ਦੇ ਭੌਣ ਨੂੰ ਸਭ ਨੇ ਤੱਕਿਆ ਹੋਵੇਗਾ ਉਹ ਇੱਕ ਲਾਈਨ ਵਿਚ ਚੁੱਪ ਚਾਪ ਤੁਰਦੇ ਭੋਜਨ ਲੈਣ ਲਈ ਜਾਂਦੇ ਨੇ ਇੱਕ ਅਨੁਸ਼ਾਸ਼ਨ ਵਿਚ ਬਿਨਾਂ ਕਿਸੇ ਨੂੰ ਕੋਈ ਤਕਲੀਫ ਦਿੱਤੇ ਕੁਦਰਤ ਦੇ ਭਾਣੇ ਨੂੰ ਅਟੱਲ ਮੰਨ ਆਪਣੇ ਕੰਮ ਵਿਚ ਮਗਨ ਰਹਿੰਦੇ ਨੇ ਸਾਨੂੰ ਕੀੜਿਆਂ ਤੋਂ ਸਬਕ ਸਿੱਖਣ ਦੀ ਲੋੜ ਹੈ। ਇੱਕ ਅਸੀਂ ''ਹੋਰ ਹੋਵੇ'' ਦੇ ਚੱਕਰ ਵਿਚ ਫਸੇ ਦਿਨ ਰਾਤ ਭੱਜੇ ਫਿਰ ਰਹੇ ਹਾਂ ਜਿਸ ਦੀ ਕੋਈ ਸੀਮਾ ਨਹੀਂ। ਖੁਸ਼ੀ ਵਿਚ ਕਦੇ ਵੀ ਇੰਨੇ ਖੀਵੇ ਨਾ ਹੋਵੋ ਕਿ ਗਮ ਤੁਹਾਨੂੰ ਬੋਝ ਲੱਗੇ, ਪਰ ਅੱਜ ਅਸੀਂ ਇੰਨੇ ਕੁ ਸਿਆਣੇ ਹੋ ਗਏ ਹਾਂ ਕਿ ਅਸੀਂ ਕੁਦਰਤ ਦੁਆਰਾ ਬਣਾਈਆ ਚੀਜ਼ਾ ਵਿਚ ਨੁਕਸ ਤਾਂ ਕੱਢ ਦਿੰਦੇ ਹਾਂ ਪਰ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਹਰ ਕੋਈ ਆਪਣੇ ਹਿਸਾਬ ਨਾਲ ਤਾਂ ਦੁਨੀਆਂ ਚਲਾਉਣੀ ਚਾਹੁੰਦਾ ਹੈ ਪਰ ਆਪ ਦੁਨੀਆਂ ਮੁਤਾਬਿਕ ਚੱਲਣ ਲਈ ਤਿਆਰ ਨਹੀਂ ਬਲਕਿ ਉਸ ਦੇ ਮੋਹ ਵਿਚ ਇਨਸਾਨ ''ਮਸਤ ਹਾਥੀ'' ਵਾਂਗ ਰਹਿੰਦਾ ਹੈ। ਕੋਸ਼ਿਸ਼ ਕਰੋ ਆਪਣੇ ਅਸਲ ਮਕਸਦ ਤੱਕ ਪਹੁੰਚਣ ਦੀ। ਇਸ ਲੁਕਾਈ ਤੇ ਮਨੁੱਖ ਤਾਂ ਬਹੁਤ ਨੇ ਪਰ ਮਨੁੱਖਤਾ ਵਿਰਲਿਆ ਵਿਚ ਹੀ ਦੇਖਣ ਨੂੰ ਮਿਲਦੀ ਹੈ। ਜਿੰਨਾ ਚਿਰ ਇੱਥੇ ਜਿਉਂਣਾ ਹੈ ਕੋਸ਼ਿਸ਼ ਕਰੋ ਨਿਰਵੈਰ ਜੀਣ  ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਇੱਥੋਂ ਜਾਣ ਦਾ ਸਮੁੱਚੀ ਲੁਕਾਈ ਨੂੰ ਮਾਣ ਹੋਵੇ।
ਅੱਜ ਅਸੀਂ ਪੜ•-ਲਿਖ ਕੇ ਵੀ ਗਿਆਨਹੀਣ ਹਾਂ ਕਿਉਂਕਿ ਜਦੋਂ ਸਾਡਾ ਮਕਸਦ ਹੀ ਲੋਭ, ਲਾਲਚ ਤੇ ਪਸਤਪਨਾਹੀ ਵਾਲਾ ਹੈ। ਮਨੁੱਖ, ਮਨੁੱਖ ਦਾ ਵੈਰੀ ਕੇਵਲ ਪੈਸੇ ਕਰਕੇ ਹੀ ਤਾਂ ਹੈ। ਆਓ! ਹੀਰਿਆਂ ਦੀ  ਖਾਨ ਵਰਗੇ ਸੂਝਵਾਨ ਦੋਸਤੋ ਆਪਣੇ ਅੰਦਰੋਂ ਦਵੈਤ ਦੀ ਭਾਵਨਾ ਖਤਮ ਕਰ, ਈਰਖਾ ਦੇ ਚਿਰਾਗ ਆਪਣੇ 'ਦਿਲ ਦੀ ਮੰਮਟੀ' ਤੋਂ ਬੁਝਾ ਇਸ ਮੋਹਵੰਤੇ ਸੰਸਾਰ ਨੂੰ ਨਿਹਾਰਨ ਦਾ ਯਤਨ ਕਰੀਏ, ਕਿਉਂਕਿ ਸਵੇਰ ਤੋਂ ਬਾਅਦ ਸ਼ਾਮ ਯਕੀਨੀ ਹੈ। ਸਬਰ ਤੋਂ ਪਾਰ ਥੋੜੇ ਵਿਚ ਬਹੁਤਾ ਸਮਝ, ਇਸ ਲੁਕਾਈ ਨੂੰ ਆਪਣਾ ਸਮਝੋ। ਇਹੀ ਕੁਦਰਤ ਦਾ ਸੁਨੱਖਾ ਪੈਗਾਮ ਹੈ, ਸੰਦੇਸ਼ ਹੈ। ਅੰਤ ਇਨ•ਾਂ ਲਾਈਨਾਂ ਨੂੰ ਆਤਮਸਾਤ ਕਰੋ :
  ਕਿਸੇ ਨਾਲ ਪਾ ਕੇ ਵੈਰ ਕੀ ਖੱਟ ਲਏਂਗਾ ਬੰਦਿਆ,
  ਆਖਿਰ ਨੂੰ ਉੱਠ ਜਾਣਾ ਛੱਡ ਦੁਨਿਆਵੀ ਧੰਦਿਆਂ।