ਮੇਵਾ ਸਿੰਘ ਲੋਪੋਕੇ ਦੀ ਜੀਵਨੀ ਸਬੰਧੀ ਕਿਤਾਬ ਨਾਲ਼ ਜਾਣ-ਪਛਾਣ (ਖ਼ਬਰਸਾਰ)


ਟਰਾਂਟੋ  -- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਅਗਸਤ ਮਹੀਨੇ ਦੀ ਮੀਟਿੰਗ ਵਿੱਚ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਜੀਵਨੀ ਦੀ ਕਿਤਾਬ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਦਲਜੀਤ ਅਮੀ ਵੱਲੋਂ ਆਪਣੇ ਕੰਮਾਂ ਬਾਰੇ ਗੱਲਬਾਤ ਅਤੇ ਕੁਲਵਿੰਦਰ ਖਹਿਰਾ ਵੱਲੋਂ ਕਵਿਤਾ ਬਾਰੇ ਵਿਚਾਰ ਸਾਂਝੇ ਕੀਤੇ ਗਏ।

ਵਰਿਆਮ ਸਿੰਘ ਸੰਧੂ ਹੁਰਾਂ ਨੇ ਆਪਣੀ ਆ ਰਹੀ ਕਿਤਾਬ 'ਸ਼ਹੀਦ ਮੇਵਾ ਸਿੰਘ ਲੋਪੋਕੇ' ਨੂੰ ਦ੍ਰਸ਼ਕਾਂ ਦੇ ਸਨਮੁਖ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਹ ਗੱਲ ਹਮੇਸ਼ਾਂ ਹੀ ਰੜਕਦੀ ਰਹੀ ਹੈ ਕਿ ਗ਼ਦਰੀ ਲਹਿਰ ਨਾਲ਼ ਸਬੰਧਤ ਫ਼ਾਂਸੀ ਲੱਗਣ ਵਾਲ਼ੇ ਅਤੇ ਕੈਨੇਡਾ ਦੀ ਧਰਤੀ 'ਤੇ ਫ਼ਾਂਸੀ ਲੱਗਣ ਵਾਲ਼ੇ ਪਹਿਲੇ ਸ਼ਹੀਦ ਮੇਵਾ ਸਿੰਘ ਬਾਰੇ ਕੋਈ ਵੀ ਅਜਿਹੀ ਪਰਮਾਣਿਕ ਕਿਤਾਬ ਨਹੀਂ ਸੀ ਲਿਖੀ ਗਈ ਜਿਸ ਨੂੰ ਪੜ੍ਹ ਕੇ ਕੋਈ ਪਾਠਕ ਇਸ ਸ਼ਹੀਦ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰ ਸਕਦਾ। ਇਸੇ ਗੱਲ ਨੂੰ ਮੁੱਖ ਰੱਖ ਕੇ ਉਨ੍ਹਾ ਨੇ ਪਿਛਲੇ ਚਾਰ ਸਾਲ ਦੀ ਸਖ਼ਤ ਮਿਹਨਤ ਨਾਲ਼ ਜਾਣਕਾਰੀ ਇਕੱਠੀ ਕਰਕੇ 120 ਸਫ਼ਿਆਂ ਦੀ ਜੀਵਨੀ ਲਿਖੀ ਹੈ ਜੋ ਪਾਠਕ ਨੂੰ ਮੇਵਾ ਸਿੰਘ ਬਾਰੇ ਬਹੁਤ ਸਾਰੀ ਸੰਗਠਤ ਵਾਕਫੀ ਪ੍ਰਦਾਨ ਕਰਦੀ ਹੈ।


ਟਰਾਂਟੋ ਫੇਰੀ 'ਤੇ ਆਏ ਪੱਤਰਕਾਰ ਅਤੇ ਫ਼ਿਲਮਸਾਜ਼ ਦਲਜੀਤ ਅਮੀ ਨੇ ਵਿਸ਼ੇਸ਼ ਤੌਰ 'ਤੇ ਕਾਫ਼ਲੇ ਵਿੱਚ ਆ ਕੇ ਜਿੱਥੇ ਆਪਣੀਆਂ ਦਸਤਾਵੇਜ਼ੀ ਫ਼ਿਲਮਾਂ ਬਾਰੇ ਗੱਲਬਾਤ ਕੀਤੀ ਓਥੇ ਪੱਤਰਕਾਰੀ ਨਾਲ਼ ਸਬੰਧਤ ਬਹੁਤ ਸਾਰੀਆਂ ਤਿੱਖੀਆਂ ਗੱਲਾਂ ਵੀ ਕੀਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਿਲੱਖਣ ਅਤੇ ਲੋਕ-ਪੱਖੀ ਸੋਚ ਕਰਕੇ ਜਿੱਥੇ ਉਨ੍ਹਾ ਨੂੰ ਟ੍ਰਿਬਿਊਨ ਅਖ਼ਬਾਰ ਵਿੱਚ ਕਦੀ ਵੀ ਅੱਗੇ ਵਧਣ ਦਾ ਮੌਕਾ ਨਹੀਂ ਮਿਲਿਆ ਓਥੇ ਉਨ੍ਹਾਂ ਨੂੰ ਇੱਕ ਤਰ੍ਹਾ ਨਾਲ਼ ਨੌਕਰੀ ਛੱਡਣ ਲਈ ਮਜਬੂਰ ਕੀਤਾ ਗਿਆ। ਉਨ੍ਹਾ ਇਹ ਵੀ ਕਿਹਾ ਕਿ ਉਨ੍ਹਾ ਦੀ ਹਮੇਸ਼ਾਂ ਹੀ ਇਹ ਖਵਾਹਿਸ਼ ਰਹੀ ਸੀ ਕਿ ਟ੍ਰਿਬਿਊਨ ਅਖ਼ਬਾਰ ਦੀ ਐਡੀਟੋਰੀਅਲ ਟੀਮ ਵਿੱਚ ਹੁੰਦਿਆਂ ਹੀ ਓਸਾਮਾ ਬਿਨ ਲਾਦੇਨ ਫੜਿਆ ਜਾਵੇ ਤੇ ਉਸ ਦੇ ਫੜੇ ਜਾਣ ਦਾ ਸਮਾਂ ਅਜਿਹਾ ਹੋਵੇ ਕਿ ਉਸ ਨੂੰ ਸਭ ਤੋਂ ਪਹਿਲਾਂ ਐਡੀਟੋਰੀਅਲ ਲਿਖਣ ਦਾ ਮੌਕਾ ਮਿਲ ਸਕੇ ਤਾਂ ਕਿ ਉਹ ਦੁਨੀਆਂ ਭਰ ਵਿੱਚ ਮਸ਼ਹੂਰ ਪੱਤਰਕਾਰਾਂ ਨੂੰ ਅਤੇ ਐਡੀਟੋਰੀਅਲ ਲਿਖਣ ਵਾਲ਼ਿਆਂ ਨੂੰ ਦੱਸ ਸਕਣ ਕਿ ਐਡੀਟੋਰੀਅਲ ਕਿਵੇਂ ਲਿਖਿਆ ਜਾਂਦਾ ਹੈ। ਵਿਦੇਸ਼ੀ ਪੱਤਰਕਾਰੀ ਦੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ੀ ਪੱਤਰਕਾਰ ਸਿਰਫ ਕੱਟ-ਐਂਡ-ਪੇਸਟ ਦਾ ਕੰਮ ਕਰਕੇ ਮੁਫ਼ਤ ਦੀਆਂ ਖ਼ਬਰਾਂ ਹੀ ਛਾਪਦੇ ਹਨ ਅਤੇ ਨਵਾਂ ਗਿਆਨ ਪੈਦਾ ਕਰਨ ਲਈ ਧੇਲਾ ਵੀ ਨਹੀਂ ਖਰਚਦੇ।

ਦਸਤਾਵੇਜ਼ੀ ਫ਼ਿਲਮਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲਚਸਪੀ ਹਮੇਸ਼ਾਂ ਮੌਤ ਦਾ ਸਾਹਮਣਾ ਕਰਕੇ ਅਨਾਜ਼ ਮਜ਼ਦੂਰਾਂ ਅਤੇ ਖੁਦਕੁਸ਼ੀਆਂ ਲਈ ਮਜਬੂਰ ਹੋ ਰਹੇ ਕਿਸਾਂ ਨਾਲ਼ ਰਹੀ ਹੈ ਜਿਸ ਕਰਕੇ ਉਨ੍ਹਾਂ ਨੇ ਦਸਤਾਵੇਜ਼ੀ ਫ਼ਿਲਮਾਂ ਬਣਾਉਣੀਆਂ ਸ਼ੁਰੂ  ਕੀਤੀਆਂ। 

ਕਵਿਤਾ ਦੀ ਵਿਧਾ ਅਤੇ ਵਿਸ਼ੇ ਬਾਰੇ ਗੱਲਬਾਤ ਕਰਦਿਆਂ ਕੁਲਵਿੰਦਰ ਖਹਿਰਾ ਨੇ ਇਸ ਗੱਲ 'ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਧੜਾਧੜ ਵਧ ਰਹੀਆਂ ਸਾਹਿਤਕ ਸੰਸਥਾਵਾਂ ਪੰਜਾਬੀ ਸ਼ਾਇਰੀ ਦੇ ਮਿਆਰ ਨੂੰ ਚੁੱਕਣ ਲਈ ਕੋਈ ਵੀ ਕੰਮ ਨਹੀਂ ਕਰ ਰਹੀਆਂ ਜਿਸ ਕਰਕੇ ਤੁਕਬੰਦੀ ਦੀ ਭਰਮਾਰ ਹੋ ਰਹੀ ਹੈ ਅਤੇ ਪੰਜਾਬੀ ਪਾਠਕ ਕਵਿਤਾ ਤੋਂ ਦੂਰ ਹੁੰਦਾ ਜਾ ਰਿਹਾ ਹੈ। ਲੀਓਨ ਟਰੌਟਸਕੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਕਵਿਤਾ ਵਿੱਚ ਸੁਰ-ਲੈਅ ਦਾ ਹੋਣਾ ਬਹੁਤ ਜ਼ਰੂਰੀ ਹੈ ਓਥੇ ਜ਼ਿੰਦਗੀ ਨਾਲ਼ ਜੁੜੇ ਹੋਏ ਵਿਚਾਰਾਂ ਦਾ ਹੋਣਾ ਸਭ ਤੋਂ ਵੱਧ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਫ਼ਲੇ ਦੇ ਮੁਢਲੇ ਅਸੂਲਾਂ ਵੱਲ ਮੁੜਦਿਆਂ ਉਹ ਕਾਫ਼ਲੇ ਵਿੱਚ ਪੜ੍ਹੀ ਜਾਣ ਵਾਲ਼ੀ ਹਰ ਕਵਿਤਾ ਬਾਰੇ ਵਿਚਾਰ ਪੇਸ਼ ਕੀਤੇ ਜਾਣ ਦੀ ਪ੍ਰਥਾ ਨੂੰ ਮੁੜ ਸ਼ੁਰੂ ਕਰਨਗੇ ਤਾਂ ਕਿ ਤੁਕਬੰਦੀ ਵਾਲ਼ੀ ਕਵਿਤਾ ਨੂੰ ਠੱਲ੍ਹ ਪਾਉਣ ਵਿੱਚ ਕਾਫ਼ਲਾ ਆਪਣਾ ਫ਼ਰਜ਼ ਨਿਭਾ ਸਕੇ। ਵਰਿਆਮ ਸਿੰਘ ਸੰਧੂ, ਮਹਿੰਦਰਦੀਪ ਗਰੇਵਾਲ, ਅਤੇ ਸੁਖਮਿੰਦਰ ਰਾਮਪੁਰੀ ਨੇ ਇਸ ਵਿਚਾਰ ਦੀ ਪਰੋੜ੍ਹਤਾ ਕਰਦਿਆਂ ਕਿਹਾ ਕਿ ਇਸ ਦੀ ਬਹੁਤ ਲੋੜ ਹੈ। 
ਕਵਿਤਾ ਦੇ ਚੱਲੇ ਦੌਰ ਵਿੱਚ ਪ੍ਰੀਤਮ ਧੰਜਲ, ਸੁਖਮਿੰਦਰ ਰਾਮਪੁਰੀ, ਡਾਕਟਰ ਜਗਦੀਸ਼ ਚੋਪੜਾ ਨੇ ਆਪਣਾ ਕਲਾਮ ਪੇਸ਼ ਕੀਤਾ। ਹਾਜ਼ਰ ਮੈਂਬਰਾਂ ਵਿੱਚ ਡਾਕਟਰ ਬਲਜਿੰਦਰ ਸੇਖੋਂ, ਜਸਵਿੰਦਰ ਸੰਧੂ, ਗਿਆਨ ਸਿੰਘ ਘਈ, ਗੁਰਦਾਸ ਮਿਨਹਾਸ, ਅਮਰਜੀਤ ਕੌਰ ਮਿਨਹਾਸ, ਵਕੀਲ ਕਲੇਰ, ਸੁਦਾਗਰ ਬਰਾੜ, ਹਰਜੀਤ ਬੇਦੀ, ਜਸਵਿੰਦਰ ਸੰਧੂ, ਗੁਰਦਿਆਲ ਬੱਲ, ਜੋਗਿੰਦਰ ਸਿੰਘ ਨਿਰਾਲਾ ਅਤੇ ਰਾਮ ਸਿੰਘ ਢਿੱਲੋਂ ਦੇ ਨਾਂ ਵਰਨਣਯੋਗ ਸਨ।      

ਕੁਲਵਿੰਦਰ ਖਹਿਰਾ