ਸਾਹਿਤ ਸਭਾ ਦਸੂਹਾ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


ਦਸੂਹਾ -- ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ (ਰਜਿ :) ਦੀ ਸਤੰਬਰ 2015 ਦਾ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਕੰਨੜ ਸ਼ਾਇਰ ਡਾ. ਐਮ ਐਮ ਕਾਲਬੁਰਗੀ ਦੇ ਫਾਸ਼ੀ ਤਾਕਤਾਂ ਹੱਥੋਂ ਹੋਏ ਕਤਲ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਮਨੋਵਿਗਿਆਨੀ ਸ਼ਾਇਰ ਡਾ. ਜਸਵੰਤ ਸਿੰਘ ਨੇਕੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ । ਇਸ ਮੌਕੇ ਆਪਣੇ ਸੰਬੋਧਨ ਵਿੱਚ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਕੰਨੜ ਸਾਹਿਤ ਦੇ ਉੱਘੇ ਲੇਖਕ , ਸਿੱਖਿਆ ਸ਼ਾਸ਼ਤਰੀ , ਸਾਹਿਤ ਅਕਾਦਮੀ ਇਨਾਮ ਵਿਜੇਤਾ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐਮ.ਐਮ.ਕਾਲਬੁਰਗੀ ,ਜੋ ਮਾਂ ਬੋਲੀ ਲਈ ਸਮਰਪਿਤ ਸਾਹਿਤਕਾਰ ਸਨ ਦੇ 7 ਸਤੰਬਰ ਨੂੰ ਹੋਏ ਕਤਲ ਦੀ ਪੰਜਾਬੀ ਸਾਹਿਤ ਦਸੂਹਾ ਗੜ੍ਹਦੀਵਾਲਾ ਘੋਰ ਨਿੰਦਾ ਕਰਦੀ ਹੈ । ਉਨ੍ਹਾਂ ਦਾ ਘਿਨਾਉਣਾ ਕਤਲ ਸਾਡੇ ਲਿਖਣ ਪੜ੍ਹਨ ਦੀ ਆਜ਼ਾਦੀ ਉੱਤੇ ਫਿਰਕੂ , ਫਾਸ਼ੀ ਤੇ ਸ਼ਾਂਵਨਵਾਦੀ ਸ਼ਕਤੀਆਂ ਦਾ ਕੋਝਾ ਹਮਲਾ ਹੈ । ਅਜਿਹੇ ਹਮਲੇ ਸਾਡੇ ਲੋਕਤੰਤਰ ਵਿਰੋਧੀ ਸ਼ਕਤੀਆਂ ਦੇ ਉਥਾਨ ਦਾ ਸੰਕੇਤ ਹਨ । ਇਨ੍ਹਾਂ ਦੀ ਜਿੰਨੀ ਨਿੰਦਾ ਹੋ ਸਕੇ ਥੋੜ੍ਹੀ ਹੈ । ਸਾਡੇ ਅਜੋਕੇ ਸੱਭਿਅਕ ਜ਼ਮਾਨੇ ਵਿਚ ਇਕ ਲੇਖਕ, ਵਿਦਵਾਨ ਅਤੇ ਵਿਵੇਕਸ਼ੀਲ ਸ਼ਖ਼ਸੀਅਤ ਦਾ ਕਤਲ ਸਾਡੇ ਲੋਕਤੰਤਰ ਦੇ ਮੂੰਹ ਉੱਤੇ ਚਪੇੜ ਹੈ । ਡਾਕਟਰ ਕੁਲਬਰਗੀ ਵਰਗੇ ਤਰਕਸ਼ੀਲ ਲੇਖਕ ਦਾ ਬੇਵਕਤ ਗੁਆਚ ਜਾਣਾ ਸੱਚਮੁੱਚ ਤਰਕਸ਼ੀਲ ਲਹਿਰ ਨੂੰ ਇੱਕ ਵੱਡਾ ਧੱਕਾ ਲੱਗਿਆ ਹੈ ।  ਇਸ ਸਮੇਂ ਸਭਾ ਦੇ ਹਾਜ਼ਿਰ ਸਾਹਿਤਕਾਰਾਂ ਵੱਲੋਂ ਉਘੇ ਸਿੱਖ ਚਿੰਤਕ ਤੇ ਪ੍ਰਸਿੱਧ ਲੇਖਕ ਡਾ. ਜਸਵੰਤ ਸਿੰਘ ਨੇਕੀ  ਦਿਹਾਂਤ ਸ਼ੋਕ ਪ੍ਰਗਟ ਕੀਤਾ ਗਿਆ । ਇਸ ਸਮੇਂ ਹਾਜ਼ਿਰ ਸਾਹਿਤਕਾਰ ਬਲਦੇਵ ਸਿੰਘ ਬੱਲੀ ,ਮਾਸਟਰ ਕਰਨੈਲ ਸਿੰਘ,ਅਮਰੀਕ ਡੋਗਰਾ , ਨਵਤੇਜ ਗੜ੍ਹਦੀਵਾਲਾ , ਜਰਨੈਲ ਸਿੰਘ ਘੁੰਮਣ , ਸੁਰਿੰਦਰ ਸਿੰਘ ਨੇਕੀ ਨੇ ਆਪਣੇ ਸੰਬੋਧਨ ਵਿੱਚ ਡਾ. ਨੇਕੀ ਵੱਲੋਂ ਪੰਜਾਬੀ ਸਾਹਿਤ ਸਿਰਜਣਾ ਅੰਦਰ ਕਵਿਤਾ ਦੀ ਸਿਰਜਣਾ, ਕਵਿਤਾ ਵਿਚ ਅਰਥ ਦੀ ਸੰਦੀਵਤਾ ਜਗਾਉਣ ,ਗੀਤਾਂ ਵਿੱਚ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ , ਰੁਮਾਸ ਦੇ ਜਜਬੇ ਤੇ ਦ੍ਰਿਸ਼ ,ਸੁਹਜ ਦੇ ਉਦਾਤ ਪ੍ਰਤੀਬਿੰਬ ਪ੍ਰਗਟ ਕਰਨ ਦਾ ਕਲਾ , ਪੰਜਾਬੀ ਕਵਿਤਾ ਵਿਚ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਰਾਹੀ ਰੂਹਾਂ ਦੀ ਅਪਣੱਤਾ ਦਾ ਗਾਇਨ ਕਰਨ, ਧਰਮ ਸ਼ਾਸਤਰ ਉੱਤੇ ਕੀਤੇ ਕੰਮ ਅਤੇ ਪੰਜਾਬੀ ਸਾਹਿਤ ਸਿਰਜਣਾ ਅੰਦਰ ਅਰਥ ਦੀ ਸੰਦੀਵਤਾ ਜਗਾਉਣਾ ਦਾ ਯਤਨ ਕਰਕੇ ਯਾਦ ਕੀਤਾ ਗਿਆ । ਇਸ ਸਮੇਂ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਵੱਲੋਂ ਜਲੰਧਰ ਦੇ ਮੂਲਵਾਸੀ ਇੰਗਲੈਡ ਦੇ ਨਾਗਰਿਕ ਸੰਜੀਵ ਸਹੋਤਾ ਦੇ ਅੰਗਰੇਜੀ ਨਾਵਲ ਜਿੱਸ ਵਿੱਚ ਪੰਜਾਬੀ ਡਾਇਸਪੌਰਾ ਦੀਆਂ ਤ੍ਰਾਸਦਿਕ ਹਾਲਤਾਂ ਦਾ ਮਾਰਮਿਕ ਵਰਨਣ ਹੈ ,ਨੂੰ ਬੁੱਕਰ ਪ੍ਰਾਈਜ਼ ਨਾਮਜ਼ਦ ਕਰਨ ਕਾਰਨ ਲੇਖਕ ਨੂੰ ਵਧਾਈ ਪੇਸ਼ ਕੀਤੀ ਗਈ । ਉਪਰੰਤ 2015 ਦਾ ਵਰ੍ਹਾ ਮਹਾਨ ਸ਼ਾਇਰ ਬਾਵਾ ਬਲਵੰਤ ਦਾ ਜਨਮ ਸ਼ਤਾਬਦੀ ਵਰ੍ਹਾ ਹੋਣ ਤੇ , ਬਾਵਾ ਜੀ ਦੀ ਯਾਦ ਨੂੰ ਸਮਰਪਿਤ ਇੱਕ ਭਰਵਾਂ ਕਵੀ ਦਰਬਾਰ ਅਗਲੇ ਦਿਨਾਂ ਵਿੱਚ ਕਰਵਾਉਣ ਦਾ ਨਿਰਣਾ ਲਿਆ ਗਿਆ , ਜਿਸ ਵਿੱਚ ਕੁਝ ਉੱਘੇ ਵਿਦਵਾਨਾਂ ਨੂੰ ਸੱਦ ਕੇ ਬਾਵਾ ਜੀ ਕਾਵਿ-ਫਿਲਾਸਫੀ , ਸਮੇਤ ਉਸ ਦੀ ਜੀਵਨ ਸ਼ੈਲੀ ਦੇ ਵੱਖ ਵੱਖ ਪੱਖਾਂ ਨੂੰ ਪੇਸ਼ ਕੀਤਾ ਜਾਵੇਗਾ । ਅੰਤ ਵਿੱਚ ਹਾਜ਼ਿਰ ਸਭਾ ਮੈਂਬਰਾਂ ਅਤੇ ਕਵੀਆਂ ਵੱਲੋਂ ਆਪਣੀਆਂ ਨਵੀਆਂ ਰਚਨਾਵਾਂ ਸੁਣਾਈਆਂ ।