ਮੰਗਣ ਗਿਆ ਸੋ ਮਰ ਗਿਆ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੰਗਣ ਗਿਆ ਸੋ ਮਰ ਗਿਆ
ਮੰਗਣ ਮੂਲ ਨਾ ਜਾ ॥    

ਤੁਹਾਡੇ ਕੋਲ ਜੋ ਧਨ ਅਤੇ ਸਾਧਨ ਹਨ ਉਨ੍ਹਾਂ ਨਾਲ ਹੀ ਗੁਜ਼ਾਰਾ ਕਰੋ ਅਤੇ ਸੰਤੁਸ਼ਟ ਰਹੋ। ਤੁਹਾਡਾ ਹੱਥ ਕਿਸੇ ਕੋਲੋਂ ਕੁਝ ਲੈਣ ਲਈ ਨਹੀਂ ਅੱਡਿਆ ਹੋਣਾ ਚਾਹੀਦਾ। ਤੁਹਾਡਾ ਹੱਥ ਕਿਸੇ ਜ਼ਰੂਰਤ-ਮੰਦ ਨੂੰ ਕੁਝ ਦੇਣ ਲਈ ਝੁਕਿਆ ਹੋਣਾ ਚਾਹੀਦਾ ਹੈ। ਇਸ ਵਿਚ ਹੀ ਤੁਹਾਡੀ ਵਡਿਆਈ ਹੈ। ਵੱਡੇ ਦਿਲ ਵਾਲੇ ਬਣਨਾ ਸਿੱਖੋ ਕਿਉਂਕਿ ਬੰਦੇ ਦੀ ਵਡਿਆਈ ਇਸ ਗੱਲ ਤੋਂ ਨਹੀਂ ਆਂਕੀ ਜਾਂਦੀ ਕਿ ਉਸ ਕੋਲ ਕਿੰਨਾਂ ਧਨ ਦੌਲਤ ਅਤੇ ਹੋਰ ਸਾਧਨ ਹਨ ਸਗੋਂ ਇਸ ਗੱਲ ਤੋਂ ਆਂਕੀ ਜਾਂਦੀ ਹੈ ਕਿ ਉਸਨੂੰ ਆਪਣੇ ਧਨ ਅਤੇ ਹੋਰ ਸਾਧਨਾ ਤੋਂ ਕਿਤਨੀ ਸੰਤੁਸ਼ਟੀ ਹੈ। ਪਰਾਈ ਆਸ ਕਰੇ ਨਿਰਾਸ। ਕਦੀ ਪਰਾਈ ਆਸ ਦੇ ਭਰੋਸੇ ਨਾ ਰਹੋ।ਦੂਜਿਆਂ ਦੇ ਲਾਰਿਆਂ ਤੇ ਨਿਰਭਰ ਨਾ ਰਹੋ। ਅਗਲਾ ਪਤਾ ਨਹੀਂ ਕਦੋਂ ਤੁਹਾਨੂੰ ਉੱਪਰ ਚਾੜ੍ਹ ਕੇ ਥੱਲਿਓਂ ਪੌੜੀ ਖਿੱਚ ਲਵੇ। ਹੋ ਸਕਦਾ ਹੈ ਅਜਿਹੀ ਨਿਰਾਸਾ ਤੁਹਾਨੂੰ ਜ਼ਿੰਦਗੀ ਭਰ ਹੀ ਦੁਬਾਰਾ ਉੱਠਣ ਜੋਗਾ ਹੀ ਨਾ ਛੱਡੇ। ਲੋਕਾਂ ਤੋਂ ਤੁਹਾਡਾ ਭਰੋਸਾ ਉੱਠ ਜਾਵੇ।ਇਸੇ ਲਈ ਕਹਿੰਦੇ ਹਨ,"ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ ॥ਕਿਸੇ ਤੋਂ ਦਾਨ ਲੈਣਾ, ਉੇਧਾਰ ਲੈਣਾ ਜਾਂ ਇਸ ਤਰ੍ਹਾਂ ਦੀ ਕੋਈ ਰਿਆਇਤ ਮੰਗਣੀ ਮਰ ਜਾਣ ਦੇ ਸਮਾਨ ਹੈ।ਤੁਸੀਂ ਆਪ ਆਤਮ ਨਿਰਭਰ ਬਣੋ।

ਕਈ ਜਨਾਨੀਆਂ ਗੁਆਂਢੀਆਂ ਤੋਂ ਕਦੀ ਆਟੇ ਦਾ ਡੱਬਾ, ਕਦੀ ਖੰਡ ਦੀ ਕੌਲੀ ਜਾਂ ਕੋਈ ਹੋਰ ਵਸਤੂ ਮੰਗਦੀਆ ਰਹਿੰਦੀਆਂ ਹਨ। ਇਸੇ ਤਰ੍ਹਾਂ ਕਈ ਲੋਕ ਦੂਜੇ ਤੋਂ ਨਿੱਤ ਵਰਤੋਂ ਦੀਆਂ ਚੀਜ਼ਾਂ ਜਿਵੇਂ ਗੱਡਾ, ਖੇਤੀ ਦੇ ਸੰਦ, ਟਰਾਲੀ, ਸਕੂਟਰ, ਪ੍ਰੈਸ ਅਤੇ ਟੇਬਲ ਫੈਨ ਆਦਿ ਮੰਗਦੇ ਰਹਿੰਦੇ ਹਨ। ਕਈ ਜਨਾਨੀਆਂ ਤਾਂ ਵਿਆਹ ਸ਼ਾਦੀਆਂ ਦੇ ਮੌਕੇ ਤੇ ਪਾਉਣ ਵਾਲੇ ਕੱਪੜੇ ਵੀ ਮੰਗਣ ਤੁਰ ਪੈਂਦੀਆਂ ਹਨ। ਦੂਸਰੇ ਕੋਲੋਂ ਮੰਗਣ ਦੀ ਆਦਤ ਬਹੁਤ ਮਾੜੀ ਹੈ। ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਇੱਜ਼ਤ ਘੱਟਦੀ ਹੈ ਅਤੇ ਰਿਸ਼ਤਿਆਂ ਵਿਚ ਖੱਟਾਸ ਆਉਂਦੀ ਹੈ। ਕਈ ਵਾਰੀ ਤਾਂ ਅੱਗੋਂ ਵਰਤਨ ਦੀ ਵੀ ਸਾਂਝ ਖਤਮ ਹੋ ਜਾਂਦੀ ਹੈ। ਤੁਹਾਨੂੰ ਦੇਖ ਕੇ ਅਗਲਾ ਦੂਜੇ ਪਾਸੇ ਮੁੰਹ ਫੇਰ ਲੈਂਦਾ ਹੈ।ਇਸੇ ਲਈ ਕਹਿੰਦੇ ਹਨ ਕਿ, "ਮੰਗਵਾਂ ਗਹਿਣਾ ਪਾਇਆਂ, ਆਪਣਾ ਰੂਪ ਗੁਵਾਇਆ।"

ਕਈ ਲੋਕਾਂ ਵਿਚ ਰੀਸ ਕਰਨ ਦੀ ਆਦਤ ਵੀ ਬਹੁਤ ਮਾੜੀ ਹੁੰਦੀ ਹੈ। ਫੌਕੀ ਸ਼ਾਨ ਖਾਤਿਰ ਕਈ ਲੋਕ ਆਪਣਾ ਝੁੱਗਾ ਚੌੜ ਕਰ ਲੈਂਦੇ ਹਨ ਅਤੇ ਆਪਣੇ ਸਿਰ ਕਰਜ਼ਾ ਚੜ੍ਹਾ ਬੈਠਦੇ ਹਨ। ਕਈ ਜਨਾਨੀਆਂ ਗੁਆਂਢੀਆਂ ਦੀ ਰੀਸੋ ਰੀਸ ਨਵੇਂ ਸੂਟ ਖ੍ਰੀਦਨ ਦੀ ਹੌੜ ਵਿਚ ਰਹਿੰਦੀਆਂ ਹਨ। ਘਰ ਦੀ ਅਲਮਾਰੀ ਵਿਚ ਭਾਵੇਂ ਹੋਰ ਸੂਟ ਰੱਖਣ ਦੀ ਜਗ੍ਹਾਂ ਹੋਵੇ ਨਾ ਹੋਵੇ ਪਰ ਗੁਆਂਢਨ ਦੇ ਨਾਲ ਦਾ ਨਵਾਂ ਸੂਟ ਜ਼ਰੂਰ ਚਾਹੀਦਾ ਹੈ। ਕਈ ਦੁਕਾਨਦਾਰ ਵੀ ਜਨਾਨੀਆਂ ਨੂੰ ਬੇਲੋੜਾ ਸਮਾਨ ਉਧਾਰ ਵਿਚ ਬਦੋ-ਬਦੀ ਮਹਿੰਗੇ ਭਾਅ ਮੜ੍ਹ ਦਿੰਦੇ ਹਨ। ਕਈ ਚੀਜ਼ਾਂ ਦੀ ਘਰ ਵਿਚ ਬਿਲਕੁਲ ਹੀ ਜ਼ਰੂਰਤ ਨਹੀਂ ਹੁੰਦੀ ਪਰ ਜਨਾਨੀਆਂ ਲਾਲਚ ਵਿਚ ਉਹ ਵੀ ਲੈ ਆਉਂਦੀਆਂ ਹਨ। ਕਈ ਤਾਂ ਘਰ ਆ ਕੇ ਆਪਣੇ ਪਤੀ ਤੋਂ ਵੀ ਲੁਕੋ ਰੱਖਦੀਆਂ ਹਨ। ਦੁਕਾਨਦਾਰ ਜਦ ਪਤੀ ਨੂੰ ਰਸਤੇ ਵਿਚ ਰੋਕ ਕੇ ਪੈਸੇ ਮੰਗਦਾ ਹੈ ਤਾਂ ਬੰਦੇ ਦੀ ਪੁਜੀਸ਼ਨ ਬਹੁਤ ਖਰਾਬ ਹੋ ਜਾਂਦੀ ਹੈ। 
ਕਈ ਵਾਰੀ ਲੋਕ ਫੌਕੀ ਸ਼ਾਨ ਲਈ ਵੀ ਕਰਜ਼ੇ ਹੇਠ ਦੱਬੇ ਜਾਂਦੇ ਹਨ।ਕਈ ਸੋਚਦੇ ਹਨ ਜੇ ਗੁਆਂਢੀਆਂ ਦੇ ਮੁੰਡੇ ਕੋਲ ਮੋਟਰਸਾਕਿਲ ਹੈ ਤਾਂ ਸਾਡੇ ਮੁੰਡੇ ਕੋਲ ਵੀ ਚਾਹੀਦਾ ਹੈ। ਗੁਵਾਂਢੀਆਂ ਦੀ ਰੀਸ ਨਾਲ ਘਰ ਵਿਚ ਕਾਰ ਜ਼ਰੂਰ ਹੋਵੇ ਭਾਵੇਂ ਪਟਰੋਲ ਪੁਵਾਂਉਣ ਲਈ ਪੱਲੇ ਪੈਸੇ ਨਾ ਹੋਣ। ਘਰ ਵਿਚ ਏਅਰ ਕੰਡੀਸ਼ਨ ਜ਼ਰੂਰ ਲੱਗਾ ਹੋਣਾ ਚਾਹੀਦਾ ਹੈ ਭਾਵੇਂ ਬਿਜਲੀ ਦਾ ਬਿਲ ਭਰਨ ਦੀ ਤੋਫੀਕ ਨਾ ਹੋਵੇ।ਉਹ ਇਹ ਨਹੀਂ ਦੇਖਦੇ ਕਿ ਗੁਆਂਢੀਆਂ ਦੀ ਕਿੰਨੀ ਕਮਾਈ ਹੈ ਅਤੇ ਸਾਡੀ ਕਿੰਨੀ ਕਮਾਈ ਹੈ। ਹੋ ਸਕਦਾ ਹੈ ਗੁਆਂਢੀਆਂ ਕੋਲ ਰਿਸ਼ਵਤ ਦੀ ਕਮਾਈ ਹੋਵੇ। ਤੁਸੀਂ ਹੱਕ ਹਲਾਲ ਦੀ ਕਮਾਈ ਨਾਲ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਲਈ ਝੂਠੇ ਦਿਖਾਵੇ ਦੀ ਰੀਸ ਨਹੀਂ ਕਰਨੀ ਚਾਹੀਦੀ। ਜੇ ਗੁਆਂਢੀ ਦਾ ਮੁੰਹ ਲਾਲ ਹੋਵੇ ਤਾਂ ਆਪਣਾ ਮੁੰਹ ਥੱਪੜ ਮਾਰ ਕੇ ਲਾਲ ਨਹੀਂ ਕਰ ਲੈਣਾ ਚਾਹੀਦਾ।

ਕਈ ਲੋਕ ਬੱਚਿਆਂ ਨੂੰ ਬਾਹਰ ਭੇਜਣ ਲਈ ਜ਼ਮੀਨਾ ਵੇਚਦੇ ਹਨ ਜਾਂ ਗਹਿਣੇ ਰੱਖ ਕੇ ਕਰਜ਼ਾ ਚੁੱਕ ਲੈਂਦੇ ਹਨ। ਬਾਹਰ ਦੇ ਡਾਲਰਾਂ ਅਤੇ ਪੌਂਡਾਂ ਦੀ ਚਮਕ ਉਨ੍ਹਾਂ ਦੀਆਂ ਅੱਖਾਂ ਚੁੰਧਿਆ ਦਿੰਦੀ ਹੈ। ਉਹ ਇਹ ਨਹੀਂ ਦੇਖਦੇ ਕਿ ਸਾਡੇ ਮੁੰਡੇ ਵਿਚ ਬਾਹਰ ਜਾ ਕੇ ਕੰਮ ਕਰਨ ਦਾ ਕੋਈ ਹੁਨਰ ਹੈ ਵੀ ਕਿ ਨਹੀਂ। ਇਹ ਨਹੀਂ ਦੇਖਦੇ ਕਿ ਰਸਤੇ ਵਿਚ ਕੀ ਕੀ ਕਾਨੂੰਨੀ ਅੜਚਣਾ ਆਉਂਦੀਆਂ ਹਨ। ਉਹ ਤਾਂ ਬਸ ਜਾਇਜ਼ ਨਜਾਇਜ਼ ਹਰ ਹੀਲੇ ਬੱਚੇ ਨੂੰ ਬਾਹਰ ਭੇਜਣ ਲਈ ਵਿਆਕੁਲ ਹੋ ਜਾਂਦੇ ਹਨ ਅਤੇ ਠੱਗ ਏਜੰਟਾਂ ਦੇ ਢਹਿ ਚੜ੍ਹ ਜਾਂਦੇ ਹਨ। ਉਹ ਆਪ ਵੀ ਸੰਤਾਪ ਭੋਗਦੇ ਹਨ ਅਤੇ ਬੱਚੇ ਦੀ ਜਾਣ ਵੀ ਜ਼ੋਖਿਮ ਵਿਚ ਪਾ ਦਿੰਦੇ ਹਨ। ਕਈ ਬੱਚੇ ਵਿਦੇਸ਼ਾਂ ਵਿਚ ਬੰਧਕ ਮਜ਼ਦੂਰ ਦੀ ਜੂਨ ਭੋਗਦੇ ਹਨ, ਕਈ ਜੇਲ੍ਹਾਂ ਵਿਚ ਸੜਦੇ ਹਨ ਅਤੇ ਕਈ ਮਾਲਟਾ ਵਰਗੇ ਕਾਂਡਾਂ ਵਿਚ ਮਾਰੇ ਜਾਂਦੇ ਹਨ।(ਮਈ, ੨੦੦੭ ਵਿਚ ਇਕ ਜਹਾਜ਼ ਕਈ ਭਾਰਤੀਆਂ, ਪਾਕਿਸਤਾਨੀਆਂ ਅਤੇ ਹੋਰ ਮੁਲਕਾਂ ਦੇ ਨੌਜੁਆਨਾ ਨੂੰ ਨਜਾਇਜ਼ ਤੋਰ ਤੇ ਲਿਜਾਉਂਦਾ ਹੋਇਆ ਮਾਲਟਾ ਦੇ ਨਜ਼ਦੀਕ ਸਮੁੰਦਰ ਵਿਚ ਡੁੱਬ ਗਿਆਂ ਸੀ ਜਿਸ ਵਿਚ ਸੈਂਕੜੇ ਬੰਦੇ ਮਾਰੇ ਗਏ ਸਨ)। ਕਈ ਬੱਚੇ ਵਿਦੇਸ਼ ਜਾ ਕੇ ਮਾਂ ਪਿਉ ਨੂੰ ਵਿਸਾਰ ਹੀ ਦਿੰਦੇ ਹਨ। ਬੁਢੇ ਮਾਂ ਬਾਪ ਕਰਜ਼ੇ ਲਾਹੁੰਦੇ ਲਾਹੁੰਦੇ ਕਬਰਾਂ ਤੱਕ ਜਾ ਪਹੁੰਚਦੇ ਹਨ। ਜੇ ਬੰਦਾ ਹਿੰਮਤੀ ਹੋਵੇ ਅਤੇ ਮਿਹਨਤ ਕਰੇ ਤਾਂ ਆਪਣੇ ਦੇਸ਼ ਵਿਚ ਹੀ ਇੱਜ਼ਤ ਦੀ ਰੋਟੀ ਕਮਾ ਸਕਦਾ ਹੈ। ਕਈ ਲੋਕ ਬੱਚੇ ਦੇ ਵਿਆਹ ਲਈ ਹੀ ਬਹੁਤ ਝੂੱਠਾ ਦਿਖਾਵਾ ਕਰਦੇ ਹਨ। ਆਪਣੀ ਇਤਨੀ ਹੈਸੀਅਤ ਨਹੀਂ ਹੁੰਦੀ ਅਤੇ ਕਰਜ਼ਾ ਲੈ ਕੇ ਫੌਕੀ ਸ਼ਾਨ ਦਿਖਾਉਂਦੇ ਹਨ। ਮੀਟ, ਸ਼ਰਾਬ ਅਤੇ ਸਜਾਵਟ ਆਦਿ ਤੇ ਹੀ ਲੱਖਾਂ ਰੁਪਏ ਰੋਹੜ ਦਿੰਦੇ ਹਨ। ਇਹ ਫੌਕੀ ਸ਼ਾਨ ਹੀ ਕਈ ਵਾਰੀ ਬੱਚੇ ਦਾ ਭਵਿੱਖ ਵਿਗਾੜ ਦਿੰਦੀ ਹੈ। ਅਜਿਹੇ ਲੋਕ ਆਪਣੇ ਅਤੇ ਬੱਚੇ ਦੇ ਭਵਿੱਖ ਲਈ ਕੰਡੇ ਬੀਜਦੇ ਹਨ। ਵਿਆਹ ਘੱਟ ਖਰਚੇ ਨਾਲ ਸਧਾਰਨ ਵੀ ਕੀਤਾ ਜਾ ਸਕਦਾ ਹੈ।ਚੰਗਾ ਹੋਵੇ ਜੇ ਤੁਸੀਂ ਬਣਨ ਵਾਲੇ ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਆਪਣੀ ਮਾਇਕ ਹਾਲਤ ਸਪਸ਼ਟ ਕਰ ਦਿਓ ਤਾਂ ਕਿ ਉਹ ਤੁਹਾਡੇ ਪਾਸੋਂ ਤੁਹਾਡੀ ਪੁਜ਼ੀਸ਼ਨ ਤੋਂ ਵੱਧ ਕੋਈ ਉਮੀਦ ਨਾ ਰੱਖਣ। ਜੇ ਤੁਸੀਂ ਉਨ੍ਹਾਂ ਅੱਗੇ ਝੁੱਠੀ ਸ਼ਾਨ ਦੇ ਦਮਗਜੇ ਵਜਾਉਗੇ ਤਾਂ ਉਹ ਵੀ ਤੁਹਾਡੇ ਕੋਲੋਂ ਉਸੇ ਤਰ੍ਹਾਂ ਦੀ ਉਮੀਦ ਰੱਖਣਗੇ। ਫਿਰ ਤੁਸੀਂ ਤੰਗ ਹੋਵੋਗੇ।

ਕਈ ਕੰਪਨੀਆਂ ਕਿਸ਼ਤਾਂ ਤੇ ਸਮਾਨ ਦਿੰਦੀਆਂ ਹਨ। ਲੱਗਦਾ ਹੈ ਕਿ ਉਹ ਗਾਹਕ ਨੂੰ ਬੜੀ ਸਸਤੀ ਚੀਜ਼ ਦੇ ਰਹੀਆਂ ਹੋਣ। ਗਾਹਕ ਨੂੰ ਕੇਵਲ ਇਕ ਮਹੀਨੇ ਦੀ ਰਾਸ਼ੀ ਹੀ ਦਿਸਦੀ ਹੈ। ਕੁੱਲ ਮੋੜਨ ਯੋਗ ਰਕਮ ਦਿਖਾਈ ਨਹੀਂ ਦਿੰਦੀ। ਅਜਿਹੀ ਵਸਤੂ ਬਹੁਤ ਮਹਿੰਗੀ ਪੈਂਦੀ ਹੈ। ਇਸੇ ਤਰ੍ਹਾਂ ਕਈ ਕੰਪਨੀਆਂ ਬੈਂਕਾਂ ਤੋਂ ਫਾਈਨੈਂਸ ਕਰਵਾ ਦਿੰਦੀਆਂ ਹਨ। ਉਹ ਆਪਣੀ ਵਸਤੂ ਗਾਹਕ ਨੂੰ ਮਹਿੰਗੇ ਭਾਅ ਮੜ੍ਹ ਦਿੰਦੀਆਂ ਹਨ। ਬੈਂਕ ਦੀਆਂ ਕਿਸ਼ਤਾਂ ਨਾ ਮੋੜਨ ਕਾਰਨ ਕਈ ਵਾਰੀ ਅਦਾਲਤੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਬੈਂਕ ਵਾਲੇ ਆਪਣੀ ਵਸਤੂ ਚੁੱਕ ਕੇ ਲੈ ਜਾਂਦੇ ਹਨ। ਕਈ ਵਾਰੀ ਖੁਦਕੁਸ਼ੀਆਂ ਤੱਕ ਵੀ ਨੌਬਤ ਆ ਜਾਂਦੀ ਹੈ।

ਅੱਜ ਕੱਲ ਕਿਸਾਨ ਖੁਦਕੁਸ਼ੀਆਂ ਦੇ ਰਸਤੇ ਪਏ ਹੋਏ ਹਨ। ਇਹ ਸਭ ਕਰਜ਼ੇ ਦੇ ਬੋਝ੍ਹ ਹੇਠ ਦੱਬੇ ਹੋਣ ਕਾਰਨ ਹੀ ਹੁੰਦਾ ਹੈ। ਕਰਜ਼ਾ ਇਕ ਲਾਹਨਤ ਹੈ। ਬੰਦਾ ਸਦਾ ਲਹਿਣਾਦਾਰ ਹੇਠਾਂ ਝੁਕਿਆ ਰਹਿੰਦਾ ਹੈ। ਉਸ ਨਾਲ ਨਜ਼ਰ ਨਹੀਂ ਮਿਲਾ ਸਕਦਾ। ਘਰ ਵਿਚ ਕਲੇਸ਼ ਰਹਿੰਦਾ ਹੈ। ਚਿੰਤਾ ਨਾਲ ਰਾਤ ਨੂੰ ਨੀਂਦ ਨਹੀਂ ਆਉਂਦੀ। ਲਹਿਣੇਦਾਰ ਆ ਕੇ ਬੇਇੱਜ਼ਤੀ ਕਰਦਾ ਹੈ। ਬੱਚਿਆਂ ਨੂੰ ਰਸਤੇ ਵਿਚ ਰੋਕ ਕੇ ਤਕਾਜੇ ਕਰਦਾ ਹੈ। ਸਭ ਦੇ ਸਾਹਮਣੇ ਜਲੀਲ ਕਰਦਾ ਹੈ। ਬੰਦੇ ਦੀ ਸਮਾਜ ਵਿਚ ਇੱਜ਼ਤ ਨਹੀਂ ਰਹਿੰਦੀ।ਉਹ ਚਿੰਤਾ ਨਾਲ ਬਿਮਾਰੀ ਦਾ ਸ਼ਿਕਾਰ ਹੋ ਕੇ ਮੰਜੇ ਤੇ ਪੈ ਜਾਂਦਾ ਹੈ। ਫਿਰ ਉੱਠ ਨਹੀਂ ਸਕਦਾ ਕਿਉਂਕਿ ਕਰਜ਼ਾ ਲਾਹੁਣ ਦੇ ਕਮਾਈ ਦੇ ਸਾਧਨ ਨਹੀਂ ਹੁੰਦੇ। ਅੰਤ ਬੰਦਾ ਖੁਦਕੁਸ਼ੀ ਦੇ ਰਾਹ ਤੇ ਪੈਂਦਾ ਹੈ। ਪਰ ਖੁਦਕੁਸ਼ੀ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ। ਕਹਿੰਦੇ ਹਨ, "ਜੇ ਮਰ ਕੇ ਵੀ ਚੈਨ ਨਾ ਮਿਲਿਆ ਤਾਂ ਕਿੱਥੇ ਜਾਉਗੇ?" ਹੌਸਲੇ ਵਾਲੇ ਬੰਦੇ ਹਿੰਮਤ ਨਹੀਂ ਹਾਰਦੇ। ਉਹ ਮੁਸੀਬਤ ਤੋਂ ਤੰਗ ਆਕੇ ਖੁਦਕੁਸ਼ੀਆਂ ਦੇ ਰਾਹ ਤੇ ਨਹੀਂ ਪੈਂਦੇ ਸਗੋਂ ਉਹ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਦੇ ਹਨ।

ਕਈ ਬੰਦੇ ਕਰਜ਼ਾ ਕਿਸੇ ਕੰਮ ਲਈ ਲੈਂਦੇ ਹਨ ਪਰ ਖਰਚ ਕਿਸੇ ਹੋਰ ਫਜੂਲ ਕੰਮ ਲਈ ਕਰ ਦਿੰਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਉਹ ਕੰਮ ਵੀ ਅਧੂਰਾ ਰਹਿ ਜਾਂਦਾ ਹੈ ਅਤੇ ਕਰਜ਼ੇ ਦਾ ਬੋਝ੍ਹ ਵੀ ਨਹੀਂ ਉਤਰਦਾ।ਉਨ੍ਹਾਂ ਦਾ ਜ਼ਮੀਰ ਮਰ ਜਾਂਦਾ ਹੈ। ਕਿਸੇ ਦੀ ਮਦਦ ਉਸ ਹੱਦ ਤੱਕ ਹੀ ਲੈਣੀ ਚਾਹੀਦੀ ਹੈ ਜੋ ਤੁਹਾਨੂੰ ਪੈਰਾਂ ਤੇ ਖੜ੍ਹੇ ਕਰਨ ਵਿਚ ਸਹਾਈ ਹੋਵੋ। ਤੁਹਾਡੀ ਕਾਰਜ਼ ਸ਼ਕਤੀ ਵਧਾਏ। ਕਰਜ਼ਾ ਕੇਵਲ ਉਸਾਰੂ ਕੰਮਾਂ ਲਈ ਹੀ ਲੈਣਾ ਚਾਹੀਦਾ ਹੈ।

ਖਰਚੇ ਅਤੇ ਪੂੰਜੀ ਨਿਵੇਸ਼ ਵਿਚ ਫਰਕ ਸਮਜੋ। ਬੇਕਾਰ ਕੰਮਾਂ ਤੇ ਪੈਸਾ ਖਰਚ ਕਰਨਾ ਫ਼ਜੂਲ ਹੈ। ਇਕ ਬੰਦੇ ਨੇ ਸਾਰੇ ਮਹੀਨੇ ਦੀ ਸਾਰੀ ਤਨਖਾਹ ਲਾਟਰੀਆਂ ਤੇ ਲਾ ਦਿੱਤੀ। ਉਸ ਨੇ ਸੋਚਿਆ ਕਿ ਕੋਈ ਨਾ ਕੋਈ ਲਾਟਰੀ ਤਾਂ ਲੱਗੇਗੀ ਹੀ। ਪਰ ਕੋਈ ਲਾਟਰੀ ਨਾ ਲੱਗੀ। ਉਸ ਨੂੰ ਖੁਦਕੁਸ਼ੀ ਕਰਨੀ ਪਈ।ਰੋਟੀ ਕੱਪੜੇ ਅਤੇ ਬੱਚਿਆਂ ਦੀ ਪੜਾਈ ਦੇ ਖਰਚੇ ਤੋਂ ਬਾਅਦ ਪੈਸਾ ਕੇਵਲ ਯੋਗ ਕੰਮਾਂ ਤੇ ਹੀ ਲਾਓ, ਜਿਸਦੀ ਤੁਹਾਨੂੰ ਕੋਈ ਵਾਪਸੀ ਮਿਲੇ। ਤੁਹਾਡੀ ਆਮਦਨ ਦੇ ਸਾਧਨ ਵਧਣ।ਮਕਾਨ ਬਣਾਉਣ ਲਈ ਜਾਂ ਵਪਾਰ ਲਈ ਕਰਜ਼ਾ ਲਿਆ ਜਾ ਸਕਦਾ ਹੈ। ਇਹ ਤੁਹਾਡਾ ਪੂੰਜੀ ਨਿਵੇਸ਼ ਹੈ। ਬੱਚੇ ਦੀ ਪੜ੍ਹਾਈ ਲਈ ਕਰਜ਼ਾ ਬੈਂਕ ਤੋਂ ਹੀ ਲਉ।ਇਹ ਹਿਸਾਬ ਰੱਖੋ ਕਿ ਕਰਜ਼ੇ ਦੀ ਵਾਪਸੀ ਬੱਚੇ ਦੇ ਪੈਰਾਂ ਤੇ ਖੜ੍ਹੇ ਹੋਣ ਤੋਂ ਬਾਅਦ ਉਸ ਦੀ ਆਪਣੀ ਕਮਾਈ ਵਿਚੋਂ ਹੋਵੇ।ਇਸ ਨਾਲ ਤੁਸੀਂ ਸੌਖੇ ਰਹੋਗੇ ਅਤੇ ਬੱਚੇ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇਗਾ। ਆਪਣੀ ਆਮਦਨ ਦੇ ਸਾਧਨਾ ਦੀ ਇਸ ਤਰ੍ਹਾਂ ਵਿਉਂਤਬੰਦੀ ਕਰੋ ਕਿ ਤੁਹਾਨੂੰ ਕਦੀ ਕਿਸੇ ਕੋਲੋਂ ਕਰਜ਼ਾ ਨਾ ਹੀ ਲੈਣਾ ਪਵੇ।ਜੇ ਹਾਲਾਤ ਐਸੇ ਬਣ ਹੀ ਜਾਣ ਤਾਂ ਕਰਜ਼ਾ ਕਿਸੇ ਪ੍ਰਾਈਵੇਟ ਬੰਦੇ ਤੋਂ ਵਿਆਜੀ ਨਾ ਲਓ। ਜੇ ਕਰਜ਼ਾ ਲੈਣਾ ਹੀ ਪਵੇ ਤਾਂ ਬੈਂਕ ਤੋਂ ਕਰਜ਼ਾ ਲਓ। ਬੈਂਕ ਦਾ ਵਿਆਜ ਘੱਟ ਲੱਗਦਾ ਹੈ। ਕਰਜ਼ਾ ਕੇਵਲ ਉਸਾਰੂ ਕੰਮਾਂ ਲਈ ਹੀ ਲਓ। ਜਿਸ ਨਾਲ ਭਵਿਖ ਵਿਚ ਤੁਹਾਡੀ ਕਮਾਈ ਵਿਚ ਵਾਧਾ ਹੋਵੇ। ਇਹ ਵੀ ਸੋਚ ਲਉ ਕਿ ਕੀ ਤੁਹਾਡੇ ਕੋਲ ਕਰਜ਼ਾ ਲਾਹੁਣ ਦੇ ਸਾਧਨ ਵੀ ਹਨ। ਤੁਹਾਡੇ ਕੋਲ ਆਉਣ ਵਾਲੇ ਸਮੇਂ ਵਿਚ ਆਪਣੀ ਰੋਟੀ ਆਦਿ ਦੇ ਖਰਚੇ ਤੋਂ ਇਲਾਵਾ ਇਤਨੀ ਕਮਾਈ ਹੋਵੇਗੀ ਕਿ ਤੁਸੀਂ ਕਰਜ਼ੇ ਦੀ ਕਿਸ਼ਤ ਉਤਾਰ ਸੱਕੋ?ਆਪਣੀ ਆਮਦਨ ਅਤੇ ਖਰਚ ਵਿਚ ਤਵਾਜਨ ਬਣਾ ਕੇ ਰੱਖਣਾ ਚਾਹੀਦਾ ਹੈ। ਚੱਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ।ਫਜੂਲ ਦੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਕਮਾਈ ਵਿਚ ਬਰਕਤ ਪਵੇਗੀ। ਭਵਿੱਖ ਲਈ ਵੀ ਕੁਝ ਬੱਚਤ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਔਖੇ ਸਮੇਂ ਕਿਸੇ ਅੱਗੇ ਹੱਥ ਨਹੀਂ ਟੱਢਣਾ ਪਵੇਗਾ।ਬੇਸ਼ੱਕ ਲੂਣ ਜਾਂ ਅਚਾਰ ਨਾਲ ਰੋਟੀ ਖਾ ਕੇ ਢਿੱਡ ਭਰ ਲਉ ਪਰ ਕਿਸੇ ਕੋਲ ਮੰਗਣ ਨਾ ਜਾਓ। ਤੁਹਾਡਾ ਪਰਦਾ ਬਣਿਆ ਰਹੇਗਾ।ਤੁਹਾਡੀ ਇੱਜ਼ਤ ਕਾਇਮ ਰਹੇਗੀ ਪਰ ਜੇ ਤੁਸੀਂ ਕਿਸੇ ਕੋਲ ਮੰਗਣ ਚਲੇ ਗਏ ਤਾਂ ਸਮਝੋ ਤੁਸੀਂ ਨੰਗੇ ਹੋ ਗਏ।ਸਾਰੀ ਇੱਜ਼ਤ ਮਿੱਟੀ ਵਿਚ ਮਿਲ ਜਾਵੇਗੀ। ਜ਼ਰੂਰੀ ਨਹੀਂ ਕਿ ਸਮਝਦਾਰ ਬੰਦੇ ਕੋਲ ਸਭ ਕੁਝ ਹੀ ਹੋਵੇ । ਉਸ ਪਾਸ ਵੀ ਪੈਸੇ ਤੇ ਹੋਰ ਸਾਧਨਾ ਦੀ ਕਮੀ ਹੋ ਸਕਦੀ ਹੈ ਪਰ ਉਸ ਕੋਲ ਜੋ ਕੁਝ ਹੈ ਉਸ ਨਾਲ ਹੀ ਉਹ ਸੰਤੁਸ਼ਟ ਅਤੇ ਪ੍ਰਸੰਨ ਰਹਿੰਦਾ ਹੈ।ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਹਨ :

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥੨੯॥

ਆਪਣੀਆ ਇੱਛਾਵਾਂ ਥੋਹੜੀਆਂ ਰੱਖੋ ਅਤੇ ਸਧਾਰਨ ਜ਼ਿੰਦਗੀ ਜੀਅ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੋ।ਜ਼ਰੂਰਤ ਤਾਂ ਇਕ ਫ਼ਕੀਰ ਦੀ ਵੀ ਪੂਰੀ ਹੋ ਜਾਂਦੀ ਹੈ ਪਰ ਇੱਛਾ ਤਾਂ ਰਾਜੇ ਦੀ ਵੀ ਅਧੂਰੀ ਰਹਿ ਸਕਦੀ ਹੈ।ਜ਼ਿੰਦਗੀ ਵਿਚ ਸੰਤੁਸ਼ਟ ਰਹਿਣਾ ਸਿੱਖੋ। ਜੇ ਇੱਜ਼ਤ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਕਦੀ ਕਿਸੇ ਤੋਂ ਕਰਜ਼ਾ ਨਾ ਲਉ। ਕਰਜ਼ੇ ਦੀ ਦਲਦਲ ਵਿਚ ਫਸੇ ਬੰਦੇ ਲਈ ਬਾਹਰ ਨਿਕਲਣਾ ਮੁਸ਼ਕਲ ਹੈ।ਦੂਸਰੇ ਦੀ ਅਮੀਰੀ ਦੇਖ ਕੇ ਸੜਨਾ ਨਹੀਂ ਚਾਹੀਦਾ।ਆਪਣੀਆਂ ਜ਼ਰੂਰਤਾਂ ਨੂੰ ਆਪਣੀ ਆਮਦਨ ਦੇ ਸਾਧਨਾ ਤੋਂ ਵੱਧ ਨਾ ਰੱਖੋ। ਨਹੀਂ ਤੇ ਇਹ ਤੁਹਾਨੂੰ ਭ੍ਰਿਸ਼ਟ ਰਸਤੇ ਅਪਨਾਉਣ ਲਈ ਉਕਸਾਉਣਗੀਆਂ। ਜੋ ਕੁਝ ਪ੍ਰਮਾਤਮਾ ਨੇ ਦਿੱਤਾ ਹੈ ਉਸ ਵਿਚ ਹੀ ਸਬਰ ਸੰਤੋਖ ਕਰਨਾ ਚਾਹੀਦਾ ਹੈ। ਬਲਕਿ ਗਰੀਬ ਗੁਰਬੇ ਅਤੇ ਜ਼ਰੂਰਤਮੰਦ ਦੀ ਮਦਦ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਫਿਰ ਵੀ ਲੱਗੇ ਕਿ ਤੁਹਾਨੂੰ ਕੁਝ ਹੋਰ ਮਿਲਣਾ ਚਾਹੀਦਾ ਹੈ ਤਾਂ ਉਸ ਦੀ ਪ੍ਰਾਪਤੀ ਲਈ ਮਿਹਨਤ ਕਰਨੀ ਚਾਹੀਦੀ ਹੈ। ਇਸੇ ਲਈ ਕਹਿੰਦੇ ਹਨ ਕਿ ਪਹਿਲਾਂ ਆਪਣੇ ਆਪ ਵਿਚ ਯੋਗਤਾ ਪੈਦਾ ਕਰੋ ਫਿਰ ਕਿਸੇ ਚੀਜ਼ ਦੀ ਇੱਛਾ ਰੱਖੋ। ਪ੍ਰਮਾਤਮਾ ਤੁਹਾਡੀਆਂ ਸ਼ੁੱਭ ਇੱਛਾਵਾਂ ਪੂਰੀਆਂ ਕਰੇਗਾ। ਇੱਕ ਛੋਟੀ ਜਹੀ ਕੀੜੀ ਵੀ 
ਆਪਣਾ ਪੇਟ ਲਈ ਕਿਤਨੀ ਮਿਹਨਤ ਕਰਦੀ ਹੈ। ਉਹ ਆਪਣੇ ਤੋਂ ੨੮ ਗੁਣਾ ਜ਼ਿਆਦਾ ਭਾਰ ਚੁੱਕ ਸਕਦੀ ਹੈ। ਕੀੜੀ ਹਰ ਸਮੇਂ ਕੰਮ ਵਿਚ ਰੁੱਝੀ ਰਹਿੰਦੀ ਹੈ। ਫਿਰ ਤੁਸੀਂ ਤਾਂ ਇਨਸਾਨ ਹੋ। ਤੁਸੀਂ ਕੀ ਕੁਝ ਨਹੀਂ ਕਰ ਸਕਦੇ? ਤੁਸੀਂ ਵੀ ਉੱਚੀ ਉਡਾਨ ਭਰ ਸਕਦੇ ਹੋ। ਆਪਣੀਆਂ ਇੱਛਾਵਾਂ ਪੂਰੀਆਂ ਕਰ ਸਕਦੇ ਹੋ। ਇਸ ਲਈ ਪਹਿਲਾਂ ਆਪਣੇ ਆਪ ਵਿਚ ਯੋਗਤਾ ਪੈਦਾ ਕਰਨੀ ਪਵੇਗੀ। ਉਸ ਲਈ ਲਗਾਤਾਰ ਸਖਤ ਮਿਹਨਤ ਕਰਨੀ ਪਵੇਗੀ।ਤੁਹਾਨੂੰ ਆਪਣਾ ਭੱਵਿਖ ਸਵਾਰਨ ਦਾ ਪੂਰਾ ਅਧਿਕਾਰ ਹੈ। ਖੁਸ਼ੀ ਅਤੇ ਇੱਜ਼ਤ ਤੁਹਾਡੀ ਮੰਜ਼ਿਲ ਹੋਣੀ ਚਾਹੀਦੀ ਹੈ।ਅਣਖ ਨਾਲ ਜੀਓ। ਉਧਾਰ ਦੀਆਂ ਪੌੜ੍ਹੀਆਂ ਨਾਲ ਜ਼ਿਆਦਾ ਲੰਬਾ ਸਫਰ ਤਹਿ ਨਹੀਂ ਕੀਤਾ ਜਾ ਸਕਦਾ।। ਕਰਜ਼ੇ ਲੈ ਲੈ ਕੇ ਜ਼ਿੰਦਗੀ ਇੱਜ਼ਤ ਅਤੇ ਸ਼ਾਂਤੀ ਨਾਲ ਬਸਰ ਨਹੀਂ ਕੀਤੀ ਜਾ ਸਕਦੀ। ਮਾਣ ਸਨਮਾਨ ਨਾਲ ਜ਼ਿੰਦਗੀ ਜਿਉਣਾ ਸਿੱਖੋ।ਸਦਾ ਲਈ ਸੌਖੇ ਰਹੋਗੇ।