ਬਜ਼ਾਰ ਵਿਕੇਦੀਆਂ ਦਰੀਆਂ 
ਅੱਖਾਂ ਨਾਲ ਗਲੇਡੂਆਂ ਭਰੀਆਂ 
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।

ਬਜ਼ਾਰ ਵਿਕੇਦੀਆਂ ਵੜੀਆਂ
ਮੇਰੇ ਨੈਣਾਂ ਲਾਈਆਂ ਝੜੀਆਂ
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।

ਬਜ਼ਾਰ ਵਿਕੇਦੀਆਂ ਵੰਗਾਂ 
ਮੇਰੇ ਨੈਣੋਂ ਵਗਦੀ ਗੰਗਾ
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।

ਬਜ਼ਾਰ ਵਿਕੇਦੀਆਂ ਚੁੰਨੀਆਂ 
ਤੇਰੇ ਹਿਜ਼ਰ ਵਿਛੋੜੇ ਗੁੰਨੀ ਆਂ 
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।

ਬਜ਼ਾਰ ਵਿਕੇਦੀਆਂ ਗੁੱਡੀਆਂ 
ਤੂੰ ਮਿਲੇ ਤਾਂ ਪਾਵਾਂ ਲੁੱਡੀਆਂ 
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।

ਬਜ਼ਾਰ ਵਿਕੇਦੀਆਂ ਤਾਰਾਂ 
ਤੇਰੇ ਉੱਤੋਂ ਜ਼ਿੰਦਗੀ ਵਾਰਾਂ 
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।

ਬਜ਼ਾਰ ਵਿਕੇਦੀਆਂ ਲੋਈਆਂ 
ਅੱਖਾਂ ਬੱਦਲੀ ਵਾਂਗੂੰ ਚੋਈਆਂ 
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।

ਬਜ਼ਾਰ ਵਿਕੇਦੀਆਂ ਕਲੀਆਂ 
ਤੇਰੇ ਹਿਜ਼ਰ ਵਿਛੋੜੇ ਬਲੀਆਂ 
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।

ਬਜ਼ਾਰ ਵਿਕੇਦੀਆਂ ਚਿੜੀਆਂ 
ਮੈਂ ਇਸ਼ਕ ਚੁਬਾਰੇ ਚੜੀਆਂ
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।

ਬਜ਼ਾਰ ਵਿਕੇਦੀਆਂ ਵੜੀਆਂ
ਘਰ ਆਜਾ ਬੂਹੇ ਖੜ੍ਹੀਆਂ 
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।

ਬਜ਼ਾਰ ਵਿਕੇਦੀਆਂ ਛੱਲੀਆਂ 
ਜੱਗ ਵੈਰੀ ਰਾਹਵਾਂ ਮੱਲੀਆਂ 
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।

ਬਜ਼ਾਰ ਵਿਕੇਦੀਆਂ ਘੜੀਆਂ 
ਆਜਾ ਯਾਦ ਤੇਰੀ ਨੇ ਫੜੀਆਂ 
ਅੱਖਾਂ ਤਰਸਣ ਦਰਸ ਵਿਖਾ ਸੱਜਣਾ ।