ਅਸ਼ਰਫ਼ ਸੁਹੇਲ ਨਾਲ ਬੈਠਕ (ਖ਼ਬਰਸਾਰ)


ਬਰੈਂਪਟਨ --  ਸੰਤ ਸਿੰਘ ਸੇਖੋਂ ਹਾਲ ਵਿੱਚ 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਨੇ ਪਾਕਿਸਤਾਨ ਤੋਂ ਆਏ ਬਾਲ-ਸਾਹਿਤ ਲੇਖਕ ਅਸ਼ਰਫ਼ ਸੁਹੇਲ ਨਾਲ ਮੁਲਾਕਾਤ ਆਯੋਜਿਤ ਕੀਤੀ ਜਿਸ ਵਿਚ ਬਹੁਤ ਹੀ ਛੋਟੇ ਨੋਟਿਸ 'ਤੇ ਸਾਹਿਤ ਅਤੇ ਮੀਡੀਆ ਨਾਲ ਸਬੰਧਿਤ ਸਾਥੀ ਚੰਗੀ ਗਿਣਤੀ ਵਿੱਚ ਸ਼ਾਮਿਲ ਹੋਏ। ਮੁੱਖ ਸੰਚਾਲਕ, ਕੁਲਵਿੰਦਰ ਖਹਿਰਾ ਨੇ ਸਵਾਗਤੀ ਸੰਬੋਧਨ ਵਿੱਚ ਅਸ਼ਰਫ ਸੁਹੇਲ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਪੰਜਾਬੀ ਦੀ ਤਰਸਯੋਗ ਬਣਦੀ ਰਹੀ ਹਾਲਤ ਦੇ ਸਨਮੁਖ ਸਾਡਾ ਹਰ ਉਸ ਹਸਤੀ ਦਾ ਸਵਾਗਤ ਕਰਨਾ ਬਣਦਾ ਹੈ ਜੋ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦਿਵਾਉਣ ਲਈ ਰਾਤ-ਦਿਨ ਮਿਹਨਤ ਕਰ ਰਹੇ ਨੇ।
ਅਸ਼ਰਫ਼ ਸੁਹੇਲ ਨੇ ਦੱਸਿਆ ਕਿ ਉਹ ਬੱਚਿਆਂ ਲਈ ਅਤੇ ਬੱਚਿਆਂ ਦਾ ਲਿਖਿਆ ਸਾਹਿਤ ਪੇਸ਼ ਕਰਨ ਵਿੱਚ ਆਪਣਾ ਹਿੱਸਾ ਪਾ ਰਹੇ ਹਨ। ਉਨ੍ਹਾਂ ਲਾਹੌਰ ਵਿੱਚ 20 ਸਾਲ ਪਹਿਲਾਂ ਪੰਜਾਬੀ ਦਾ ਮਹੀਨੇਵਾਰ ਮੈਗਜ਼ੀਨ 'ਪਖੇਰੂ' ਸ਼ੁਰੂ ਕੀਤਾ ਸੀ ਜਿਸ ਦਾ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਨ ਹੁਣ ਵੀ ਜਾਰੀ ਹੈ ਅਤੇ ਬੱਚਿਆਂ ਦੀ ਪੰਜਾਬੀ ਬੋਲੀ ਵਿੱਚ ਦਿਲਚਸਪੀ ਬਣਾਈ ਰੱਖਣ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਅਸ਼ਰਫ਼ ਸੁਹੇਲ ਮੁਤਾਬਿਕ, ਹਾਲੇ ਵੀ ਪੰਜਾਬੀ ਰਸਾਲਿਆਂ ਦੀ ਗਿਣਤੀ ਘੱਟ ਹੈ। ਹੋਰ ਚਾਰ ਪੰਜ ਪਰਚੇ ਪਾਕਿਸਤਾਨ ਦੇ ਰਾਵਲਪਿੰਡੀ, ਫੈਸਲਾਬਾਦ ਵਰਗਿਆਂ ਮੁੱਖ ਸ਼ਹਿਰਾਂ ਤੋਂ ਵੀ ਪ੍ਰਕਾਸ਼ਿਤ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਜੁੜ ਕੇ ਹੀ ਸਾਡੀ ਬੋਲੀ ਜ਼ਿੰਦਾ ਰਹਿ ਸਕਦੀ ਹੈ। ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਅਪੀਲ ਕੀਤੀ ਕਿ ਬੱਚਿਆਂ ਨੂੰ ਵਿਰਾਸਤ ਨਾਲ ਜੋੜੀ ਰੱਖੀਏ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਭਾਰਤ ਦੇ ਸ਼ਾਇਰ ਅਤੇ ਕਹਾਣੀਕਾਰ ਪਸੰਦ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਸੁਰਜੀਤ ਪਾਤਰ ਦੀ ਲਿਖਤ ਸਭ ਤੋਂ ਜ਼ਿਆਦਾ ਹਰਮਨਪਿਆਰੀ ਹੈ। 
ਇਕਬਾਲ ਮਾਹਲ ਨੇ ਕਿਹਾ ਕਿ ਇੰਡੀਆ ਵਿੱਚ ਅਸੀਂ ਲੇਖਕ ਦੀ ਲਿਖਤ ਹੀ ਪੜ੍ਹਦੇ ਹਾਂ, ਧਰਮ ਨਹੀਂ ਪੜ੍ਹਦੇ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਚੜ੍ਹਦੇ ਪੰਜਾਬ ਵਿੱਚ ਪਾਕਿਸਤਾਨ ਦੇ ਕਵੀਆਂ ਦੀਆਂ ਲਿਖਤਾਂ ਆਮ ਪੜ੍ਹਾਈਆਂ ਜਾਂਦੀਆਂ ਨੇ।
ਪਾਕਿਸਤਾਨ ਵਿੱਚ ਬੱਚਿਆਂ ਦੇ 'ਗੁਰਮੁਖੀ' ਲਿਪੀ ਸਿੱਖਣ ਦੇ ਸੁਆਲ 'ਤੇ ਅਸ਼ਰਫ਼ ਸੁਹੇਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਆਪਣਾ ਬੱਚਾ ਅਮਰ ਗੁਰਮੁਖੀ ਵਿੱਚ ਲਿਖਦਾ ਹੈ ਜੋ ਉਸ ਨੇ ਤਕਰੀਬਨ ਹਫ਼ਤੇ ਵਿੱਚ ਹੀ ਸਿੱਖ ਲਈ ਸੀ। ਸੁਰਜੀਤ ਪਾਤਰ ਨੂੰ ਪੜ੍ਹਣ ਵਾਸਤੇ ਕਈ ਲੋਕ ਗੁਰਮੁਖੀ ਸਿੱਖ ਰਹੇ ਹਨ। 
ਅਸ਼ਰਫ਼ ਸੁਹੇਲ ਨੇ ਦੱਸਿਆ ਕਿ ਪਹਿਲਾਂ ਛੇਵੀਂ ਤੋਂ ਦਸਵੀਂ ਤੱਕ ਪੰਜਾਬੀ ਪੜ੍ਹਾਈ ਜਾਂਦੀ ਸੀ ਪਰ ਹੁਣ ਬੱਚੇ ਅੰਗ੍ਰੇਜ਼ੀ ਸਕੂਲਾਂ ਵਿੱਚ ਜਾਣ ਲੱਗ ਪਏ ਹਨ ਅਤੇ ਪੰਜਾਬੀ ਵੱਲ ਰੁਚੀ ਹੋਰ ਘਟ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਕਬਾਲ ਕੈਸਰ ਨੇ ਪੰਜਾਬੀ ਖੋਜ-ਘਰ ਬਣਾਇਆ ਹੈ ਅਤੇ ਉਹ ਵੀ ਪੰਜਾਬੀ ਲਈ ਖ਼ੂਬ ਕੰਮ ਕਰ ਰਹੇ ਹਨ। 
ਪੰਜਾਬੀ ਬੋਲੀ ਬਾਰੇ ਜਸਵਿੰਦਰ ਸੰਧੂ ਤੇ ਜਗੀਰ ਸਿੰਘ ਕਾਹਲੋਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪਾਕਿਸਤਾਨ ਵਿੱਚ ਪੰਜਾਬੀ ਨੂੰ ਸਿੱਖ ਗੁਰੂਆਂ ਨਾਲ ਜੋੜੇ ਜਾਣ ਦੇ ਸੁਆਲ 'ਤੇ ਸੁਦਾਗਰ ਬਰਾੜ ਦਾ ਕਹਿਣਾ ਸੀ ਕਿ ਭੱਟ-ਅੱਖਰੀ ਬੋਲੀ ਗੁਰੁ ਨਾਨਕ ਦੇਵ ਜੀ ਦੇ ਮਾਪਿਆਂ ਦੀ ਬੋਲੀ ਸੀ, ਇਸੇ ਲਈ ਗੁਰੂਆਂ ਦਾ ਨਾਂ ਪੰਜਾਬੀ ਨਾਲ ਜੁੜਿਆ। ਉਨ੍ਹਾਂ ਕਿਹਾ ਕਿ ਸਰਹੱਦ ਦੇ ਦੋਵੇਂ ਪਾਸੇ ਦੇ ਲੋਕ ਤਾਂ ਇੱਕੋ ਜਿਹੀ ਸਾਂਝ ਬਣਾਉਣਾ ਚਾਹੁੰਦੇ ਹਨ ਪਰ ਰਾਜਨੀਤਕ ਅਦਾਰੇ ਦੋਵੇਂ ਪਾਸੇ ਇੰਜ ਹੋਣ ਨਹੀਂ ਦਿੰਦੇ।
ਇਕਬਾਲ ਮਾਹਲ ਨੇ ਅਸ਼ਰਫ਼ ਸੁਹੇਲ ਦਾ ਸਨਮਾਨ ਕਰਦਿਆਂ ਧਨ ਦਾ ਯੋਗਦਾਨ ਵੀ ਪਾਇਆ ਅਤੇ ਦੁਸ਼ਾਲਾ ਵੀ ਭੇਂਟ ਕੀਤਾ। ਬਰੈਂਪਟਨ ਦੇ ਕਾਊਂਸਲਰ ਗੁਰਪ੍ਰੀਤ ਢਿੱਲੋਂ ਅਤੇ ਇੰਦਰਜੀਤ ਬੱਲ ਨੇ ਵੀ ਸੁਹੇਲ ਜੀ ਦਾ ਸਨਮਾਨ ਕੀਤਾ। ਪੰਜਾਬੀ ਸੱਥ ਵੱਲੋਂ ਵੀ ਸੁਹੇਲ ਜੀ ਨੂੰ ਸਨਮਾਣਿਤ ਕੀਤਾ ਜਾ ਚੁੱਕਿਆ ਹੈ।
ਇੰਦਰਜੀਤ ਬੱਲ ਨੇ ਕਿਹਾ ਕਿ ਜੇ ਦੇਖੀਏ ਤਾਂ ਧਰਮ ਤੋਂ ਵੀ ਪਹਿਲਾਂ ਇੱਕ ਬੱਚੇ ਲਈ ਬੋਲੀ ਦੀ ਸਾਂਝ ਹੈ। ਰਵਾਇਤੀ ਧਰਮ ਜੋ ਸਾਨੂੰ ਸਿਖਾ ਰਹੇ ਨੇ, ਉਸ ਬੰਦਿਸ਼ ਵਿੱਚ ਜੀਵਿਆ ਨਹੀਂ ਜਾ ਸਕਦਾ। ਆਪਣੀ ਜ਼ੁਬਾਨ 'ਚ ਜਿੰਨੀ ਬੇਬਾਕੀ ਨਾਲ ਗੱਲ ਕਹਿ ਸਕਦੇ ਹਾਂ, ਹੋਰ ਕਿਸੇ ਬੋਲੀ ਵਿੱਚ ਨਹੀਂ ਕਹਿ ਸਕਦੇ। ਉਨ੍ਹਾਂ ਇੱਛਾ ਜ਼ਾਹਿਰ ਕੀਤੀ ਕਿ ਜਿਵੇਂ ਬਰਲਿਨ ਦੀ ਦੀਵਾਰ ਟੁੱਟ ਗਈ ਹੈ, ਕੀ ਪਤਾ ਕਿਤੇ ਹਿੰਦੁਸਤਾਨ-ਪਾਕਿਸਤਾਨ ਵਿੱਚ ਵੀ ਇਸੇ ਤਰ੍ਹਾਂ ਹੋ ਜਾਵੇ।
ਹੁਣ, ਕੁਲਵਿੰਦਰ ਖਹਿਰਾ ਨੇ ਗੁਰਬਖ਼ਸ਼ ਭੰਡਾਲ ਜੀ ਨੂੰ ਲੈਂਗੁਏਜ ਡਿਪਾਰਟਮੈਂਟ ਪੰਜਾਬ ਵੱਲੋਂ ਅਵਾਰਡ ਦਿੱਤੇ ਜਾਣ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਅਸੀਂ ਭੰਡਾਲ ਜੀ ਨੂੰ ਮੁਬਾਰਕਵਾਦ ਦਿੰਦੇ ਹਾਂ, ਉੱਥੇ ਇੰਡੀਆ ਵਿੱਚ ਲੇਖਕਾਂ ਉੱਪਰ ਹੋ ਰਹੇ ਹਮਲਿਆਂ ਦੇ ਰੋਸ ਵੱਜੋਂ ਇੰਡੀਆ ਦੇ ਅਵਾਰਡ ਹਾਸਿਲ ਸਾਹਿਤਕਾਰ ਆਪਣੇ ਅਵਾਰਡ ਵਾਪਿਸ ਕਰ ਰਹੇ ਹਨ ਜਿਨ੍ਹਾਂ ਵਿੱਚ ਸਾਡੇ ਆਪਣੇ ਵਰਿਆਮ ਸਿੰਘ ਸੰਧੂ ਜੀ ਵੀ ਹਨ ਜਿਨ੍ਹਾਂ ਨੇ ਇਸੇ ਰੋਸ ਵਜੋਂ ਸਾਹਿਤ ਅਕੈਡਮੀ ਵੱਲੋਂ ਮਿਲਿਆ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ।
ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਧਰਮ ਦੇ ਨਾਂ 'ਤੇ ਲੋਕ ਕਿਵੇਂ ਦੂਸਰਿਆਂ 'ਤੇ ਤਸ਼ੱਦਦ ਕਰ ਰਹੇ ਹਨ। ਨਯਨਤਾਰਾ ਸਹਿਗਲ ਅਤੇ ਗੁਰਚਰਨ ਭੁੱਲਰ ਵੱਲੋਂ ਅਵਾਰਤਡ ਵਾਪਿਸ ਕੀਤੇ ਜਾਣ ਤੋਂ ਜਾਣ ਤੋਂ ਬਾਅਦ ਮੇਰੇ ਪਾਠਕਾਂ ਨੂੰ ਵੀ ਮੇਰੇ ਕੋਲੋਂ ਇਹੀ ਉਮੀਦ ਸੀ, ਹਾਲਾਂਕਿ ਇਹ ਐਨੀ ਵੱਡੀ ਬਹਾਦਰੀ ਦੀ ਗੱਲ ਨਹੀਂ ਲੱਗਦੀ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਵਿਰੋਧ ਕਿਸੇ ਹੋਰ ਤਰੀਕੇ ਵੀ, ਕਿਸੇ ਜੱਥੇਬੰਧਕ ਤੌਰ 'ਤੇ ਵੀ ਕੀਤਾ ਜਾਣਾ ਚਾਹੀਦਾ ਹੈ। 
ਇਸ ਮੀਟਿੰਗ ਵਿੱਚ ਸ਼ਿਰਕਤ ਕਰਨ ਵਾਲਿਆਂ 'ਚ ਨਵਾਂ ਜ਼ਮਾਨਾ ਦੇ ਸਾਬਕਾ ਐਡੀਟਰ ਸੁਰਜਨ ਜ਼ਿਰਵੀ, ਪੂਰਨ ਸਿੰਘ ਪਾਂਧੀ, ਗੁਰਦਾਸ ਮਿਨਹਾਸ, ਕ੍ਰਿਪਾਲ ਸਿੰਘ ਪੰਨੂੰ, ਚਰਨਜੀਤ ਬਰਾੜ, ਸ਼ਿਵਰਾਜ ਸੰਨੀ, ਪਰਮਜੀਤ ਦਿਓਲ, ਹਰਜੀਤ ਬਾਜਵਾ ਤੇ ਹੋਰ ਵੀ ਕਾਫ਼ੀ ਸਾਥੀ ਸਨ।

ਬ੍ਰਜਿੰਦਰ ਗੁਲਾਟੀ