ਸਭ ਰੰਗ

  •    ਧੀਆਂ ਦੀ ਲੋਹੜੀ ਮਨਾਵਾਂਗੇ / ਸੰਜੀਵ ਝਾਂਜੀ (ਲੇਖ )
  •    ਜਗਰਾਵਾਂ ਦਾ ਰੌਸ਼ਨੀ ਦਾ ਮੇਲਾ / ਸੰਜੀਵ ਝਾਂਜੀ (ਲੇਖ )
  •    ਮਿੱਡੀਆ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ / ਸੰਜੀਵ ਝਾਂਜੀ (ਲੇਖ )
  •    ਬਿਰਧ ਆਸ਼ਰਮਾਂ ਦਾ ਪੋਸ਼ਣ ਕਰਨ ਵਾਲੇ / ਸੰਜੀਵ ਝਾਂਜੀ (ਲੇਖ )
  •    ਅੰਗ੍ਰੇਜ਼ਾਂ ਦੀ ਤਾਂ “ਮਥਰਾ ਹੀ ਤਿੰਨ ਲੋਕ ਤੋਂ ਨਿਆਰੀ” ਐ / ਸੰਜੀਵ ਝਾਂਜੀ (ਲੇਖ )
  •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
  •    ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ / ਸੰਜੀਵ ਝਾਂਜੀ (ਲੇਖ )
  •    ਮਾਂ-ਬੋਲੀ ਨੂੰ ਸਭ ਤਂ ਵੱਡਾ ਖਤਰਾ ਮਾਪਿਆਂ ਤੋਂ ਹੀ ਹੈ / ਸੰਜੀਵ ਝਾਂਜੀ (ਲੇਖ )
  •    ਜਲਦੀ ਹੀ ਨਵੀਂ ਦੁਨੀਆਂ ਦੀ ਖੋਜ ਦੀ ਉਮੀਦ ਹੈ / ਸੰਜੀਵ ਝਾਂਜੀ (ਲੇਖ )
  •    ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ / ਸੰਜੀਵ ਝਾਂਜੀ (ਲੇਖ )
  •    ਰਸੂਲ ਦਾ ਅਵਾਰੀ ਦਾਗ਼ਿਸਤਾਨ ਅਤੇ ਮੇਰਾ ਪੰਜਾਬੀਸਤਾਨ / ਸੰਜੀਵ ਝਾਂਜੀ (ਲੇਖ )
  •    ਚੰਦਰਮਾ ਹਰਰੋਜ਼ ਅਲਗ ਤਰ੍ਹਾਂ ਦਾ ਕਿਉਂ ਦਿਸਦਾ ਹੈ? / ਸੰਜੀਵ ਝਾਂਜੀ (ਲੇਖ )
  •    ਬਿਰਧ ਆਸ਼ਰਮਾਂ ਦਾ ਪੋਸ਼ਣ ਕਰਨ ਵਾਲੇ / ਸੰਜੀਵ ਝਾਂਜੀ (ਲੇਖ )
  •    ਚੰਦਰਮਾ ਤੇ ਦਿਨ ‘ਚ ਦਿਖਦੇ ਹਨ ਤਾਰੇ ਪਰ ਇਹ ਟਿਮਟਿਮਾਉਂਦੇ ਨਹੀਂ / ਸੰਜੀਵ ਝਾਂਜੀ (ਲੇਖ )
  •    ਚੰਦਰਮਾ ਦੀ ਉਤਪਤੀ ਬਾਰੇ ਨਵੀਂ ਥਿਉਰੀ / ਸੰਜੀਵ ਝਾਂਜੀ (ਲੇਖ )
  •    ਢਾਣੀ ਮੁਖਤਿਆਰ ਸਿੰਘ / ਸੰਜੀਵ ਝਾਂਜੀ (ਪੁਸਤਕ ਪੜਚੋਲ )
  •    ਕੌਣ ਸੀ ਦੁੱਲਾਂ ਭੱਟੀ? / ਸੰਜੀਵ ਝਾਂਜੀ (ਲੇਖ )
  • ਨੱਕ ਦਾ ਗਹਿਣਾ : ਤੀਲੀ (ਸਾਡਾ ਵਿਰਸਾ )

    ਸੰਜੀਵ ਝਾਂਜੀ   

    Email: virk.sanjeevjhanji.jagraon@gmail.com
    Cell: +91 80049 10000
    Address:
    ਜਗਰਾਉਂ India
    ਸੰਜੀਵ ਝਾਂਜੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਤੀਲੀ ਵਾਲੀ ਖਾਲ ਟੱਪ  ਗਈ, ਲੌਂਗ ਵਾਲੀ ਨੇ ਭਨਾ ਲਏ ਗੋਢੇ
    ਮਨੁੱਖ ਦਾ ਆਪਣੇ ਆਪਨੂੰ ਸਿੰਗਾਰਨ ਦਾ ਸ਼ੌਕ ਬਹੁਤ ਪੁਰਾਣਾ ਹੈ। ਬਹੁਤ ਪੁਰਾਣੇ ਸਮਿਆਂ ‘ਚ ਸਜਾਵਟ ਲਈ ਸ਼ੀਸ਼ਾ, ਤਾਂਬਾ, ਲੋਹਾ, ਹਾਥੀ ਦੰਦ ਅਤੇ ਮੋਤੀ ਆਦਿ ਵਰਤੇ ਜਾਂਦੇ ਸਨ ਤੇ ਫਿਰ ਹੌਲੀ ਹੌਲੀ ਸੋਨੇ ਚਾਂਦੀ ਦੀ ਵਰਤੋਂ ਸ਼ੁਰੂ ਹੋ ਗਈ। ਹੁਣ ਸੋਨੇ ਚਾਂਦੀ ਦੇ ਨਾਲ ਨਾਲ ਪਲਾਟੀਨਮ ਅਤੇ ਹੀਰੇ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। (ਉਂਞ ਹੁਣ ਆਰਟੀਫੀਸ਼ੀਅਲ ਜੁਐਲਰੀ ਦਾ ਜਮਾਨਾ ਹੈ) ਸ਼ਰੀਰ ਨੂੰ ਸੁੰਦਰ ਅਤੇ ਖਿੱਚ ਭਰਪੂਰ ਬਣਾਉਣ ਲਈ ਸ਼ਿੰਗਾਰੇ ਜਾਂਦੇ ਅੰਗਾਂ ‘ਚ ਨੱਕ ਦੀ ਗਿਣਤੀ ਮੋਹਰੀ ਅੰਗਾਂ ‘ਚ ਕੀਤੀ ਜਾਂਦੀ ਹੈ। ਇਸ ਨੱਕ ਨੂੰ ਸੋਹਣਾ ਤੇ ਖਿੱਚ–ਭਰਪੂਰ ਬਣਾਉਣ ਲਈ ਪੰਜਾਬਣਾਂ ਨੱਕ ਨੂੰ ਵਿੰਨ੍ਹਾਂ ਕੇ ਉਸ ‘ਚ ਕਈ ਤਰ੍ਹਾਂ ਦੇ ਗਹਿਣੇ–ਗੱਟੇ ਪਾਉਂਦੀਆਂ ਰਹੀਆਂ ਹਨ। ਤੀਲੀ, ਲੌਂਗ, ਕੋਕਾ, ਰੇਖ, ਮੇਖ, ਨੱਥ, ਨੱਥਲੀ ਅਤੇ ਮੱਛਲੀ ਆਦਿ ਨੱਕ ਦੇ ਪ੍ਰਸਿੱਧ ਗਹਿਣੇ ਰਹੇ ਹਨ। ਸ਼ਾਇਦ ਹੋਰ ਵੀ ਹੋਣ।
    ਤੀਲੀ, ਲੌਂਗ ਤੇ ਕੋਕਾ
    ਹੁੰਦੇ ਤਿੰਨੋ ਨੱਕ ਦਾ ਸ਼ਿੰਗਾਰ
    ਪੰਜਾਬੀ ਗਹਿਣਿਆਂ ਨਾਲ ਸਬੰਧਤ ਇਕ ਮਹਾਂ–ਬੋਲੀ, ਜਿਸ ‘ਚ ਵਡੇਰੀ ਗਿਣਤੀ ‘ਚ ਗਹਿਣਿਆਂ ਦਾ ਜ਼ਿਕਰ ਆਉਂਦਾ ਹੈ, ਉਸ ‘ਚ ਦੋ ਤੁਕਾਂ ਹਨ :
    ਨੱਥ, ਮਛਲੀ, ਮੇਖ਼ ਤੇ ਕੋਕਾ, ਇਹ ਨੇ ਸਾਰੇ ਛੋਟੇ ਮਹਿਕਮੇ।
    ਤੇਰਾ ਲੌਂਗ ਕਰੇ ਸਰਦਾਰੀ, ਥਾਣੇਦਾਰੀ ਨੁੱਕਰਾ ਕਰੇ।
    ਚੌਕੀਦਾਰਨੀ ਬਣੀ ਬਘਿਆੜੀ, ਤੀਲੀ ਬਣੀ ਟਹਿਲਦਾਰਨੀ।
    ਕੰਢੀ, ਹਸ ਦਾ ਪੈ ਗਿਆ ਝਗੜਾ, ਤਵੀਤ ਉਗਾਹੀ ਜਾਣਗੇ।
    ਕੰਨ ਵਿੰਨ੍ਹਣ ਵਾਂਗ ਨੱਕ ‘ਚ ਗਹਿਣੇ ਪਾਉਣ ਲਈ ਨੱਕ ਨੂੰ ਵੀ ਵਿੰਨ੍ਹਣਾ ਪੈਂਦਾ ਹੈ। ਪੰਜਾਬ ‘ਚ ਤਾਂ ਖੱਬੇ ਪਾਸਿਓ ਨੱਕ ਵਿੰਨ੍ਹਾਉਂਣ ਦਾ ਹੀ ਰਿਵਾਜ਼ ਰਿਹਾ ਹੈ ਪਰ ਕਈ ਸੂਬਿਆਂ ‘ਚ ਸੱਜੇ ਜਾਂ ਖੱਬੇ ਅਤੇ ਸੱਜੇ ਦੋਨੋਂ ਪਾਸੇ ਨੱਕ ਵਿੰਨ੍ਹਣ ਦਾ ਰਿਵਾਜ਼ ਵੀ ਹੈ।  ਨੱਕ ਅਤੇ ਕੰਨ ਨੂੰ ਆਮਕਰ ਕੇ ਸੁਨਿਆਰੇ ਤੋਂ ਹੀ ਵਿੰਨ੍ਹਾਇਆ ਜਾਂਦਾ ਹੈ। ਸੁਨਿਆਰੇ  ਚਾਂਦੀ ਦੀ ਇਕ ਸਿਰੇ ‘ਤੋਂ ਬਰੀਕ ਤੇ ਤਿੱਖੀ ਤਾਰ ਨੂੰ ਨੱਕ ਦੀ ਬਾਹਰਲੀ ਪੇਪੜੀ ‘ਚੋਂ ਅੰਦਰ ਵੱਲ ਨੂੰ ਖਬੋ ਕੇ ਨੱਕ ਨੂੰ ਵਿੰਨ੍ਹਦੇ ਹਨ। ਇਸ ਤਾਰ ਨੂੰ ਨੱਕ ਦੇ ਬਾਹਰ ਦੂਜੇ ਸਿਰੇ ਨਾਲ ਮਰੋੜੀ ਦੇ ਕੇ ਬੰਦ ਕਰ ਦਿੱਤਾ ਜਾਂਦਾ ਹੈ। (ਘਰ ਜਾਂ ਪਿੰਡ ਦੀਆਂ ਬਜ਼ੁਰਗ ਔਰਤਾਂ ਵੀ ਸੂਲ ਨਾਲ ਕੰਨ/ਨੱਕ ਵਿੰਨ੍ਹ ਦਿੰਦੀਆਂ ਹਨ।) ਇਸ ਗੋਲ ਮਰੋੜੀ ਹੋਈ ਤਾਰ ਨੂੰ ‘ਮੁਰਕੀ’ ਕਿਹਾ ਜਾਂਦਾ ਹੈ। ਕੁਝ ਦਿਨਾਂ ਬਾਅਦ ਇਸ ਮੁਰਕੀ ਨੂੰ ਕੱਢ ਦਿੱਤਾ ਜਾਂਦਾ ਹੈ। ਫਿਰ ਛੋਟੀਆਂ ਕੁੜੀਆਂ ਬਾਂਸ ਦੀ ਬਰੀਕ ਜਿਹੀ ਤੀਲ੍ਹੀ ਨੱਕ ਦੇ ਛੇਕ ਵਿੱਚ ਪਾ ਲੈਂਦੀਆਂ ਹਨ ਤਾਕਿ ਛੇਕ ਬੰਦ ਨਾ ਹੋ ਜਾਵੇ। ਬਾਂਸ ਦੀ ਬਜਾਏ ਨਿੰਮ ਦਾ ਬਰੀਕ ਜਿਹਾ ਡੱਕਾ ਪਾਉਣਾ ਜ਼ਿਆਦਾ ਵਧੀਆਂ ਸਮਝਿਆ ਜਾਂਦਾ ਹੈ ਕਿਉਂਜੋ ਨਿੰਮ ਇਕ ਕੁਦਰਤੀ ਐਂਟੀਬਾਇਟਿਕ ਹੈ ਜੋ ਨੱਕ ਨੂੰ ਪੱਕਣ ਜਾਂ ਦੁਖਣ ਤੋਂ ਬਚਾਉਂਦਾ ਹੈ। 
    ਜਦੋਂ ਛੇਕ ਠੀਕ ਹੋ ਜਾਂਦਾ ਹੈ ਤਾਂ ਕੁੜੀਆਂ ਨੱਕ ਦਾ ਛੇਕ ਬੰਦ ਹੋਣ ਤੋਂ ਬਚਾਉਣ ਲਈ ਤੀਲ੍ਹੀ ਨੱਕ ਵਿੱਚ ਪਾ ਲੈਂਦੀਆਂ ਹਨ। ਤੀਲੀ ਸੋਨੇ ਦੀ ਬਾਰੀਕ ਡੰਡੀ ਹੁੰਦੀ ਹੈ ਜਿਸ ਉੱਤੇ ਨਿੱਕੀ ਜਿਹੀ ਡੋਡੀ ਹੁੰਦੀ ਹੈ। ਇਹ ਲੌਂਗ ਜਾਂ ਕੋਕੇ ਦਾ ਛੋਟਾ ਰੂਪ ਹੈ। 
    ਤੀਲੀ ਲੌਂਗ ਦਾ ਮੁਕੱਦਮਾ ਭਾਰੀ, 
    ਵੇ ਥਾਣੇਦਾਰਾ ਸੋਚ ਕੇ ਕਰੀ।
    ਚਾਹੇ ਬੋਲੀ ਦੀ ਇਸ ਤੁਕ ‘ਚ ਤੀਲੀ ਤੇ ਲੌਂਗ ਦੋਵੇ ਇਕੋ ਹੀ ਜਾਪਦੇ ਹਨ ਪਰ ਹੇਠਲੀ ਬੋਲੀ ਇਸਦਾ ਨਿਖੇੜਾ ਕਰ ਦਿੰਦੀ ਹੈ :
    ਬੱਲੇ ਬੱਲੇ! ਨੀ ਤੀਲੀ ਦਾ ਦੀਦਾਰ ਕਰਕੇ,
    ਪੁੱਤ ਜੱਟ ਦਾ ਸ਼ਰਾਬੀ ਹੋਇਆ। ਨੀ ਤੀਲੀ …….
    ਤੀਲੀ ਦੇ ਅੰਦਰਲੇ ਪਾਸੇ ਡੰਡੀ ਵਿਚ ਛੋਟਾ ਜਿਹਾ ਚੂੜੀਦਾਰ ਪੇਚ ਜਿਹਾ ਹੁੰਦਾ ਹੈ। ਇਸ ਨੂੰ ਨੱਕ ਦੀ ਪੇਪੜੀ ਤੇ ਕਰਵਾਏ ਛੇਕ/ਮ੍ਹੋਰੀ ‘ਚੋਂ ਲੰਘਾ ਕੇ ਕੋਅਲੀ ਨੂੰ ਨੱਕ ਦੇ ਅੰਦਰਲੇ ਪਾਸੇ ਚੂੜੀ ਉੱਤੇ ਚੜਾ ਦਿੱਤਾ ਜਾਂਦਾ ਹੈ, ਬਿਲਕੁਲ ਨੱਟ–ਕਾਬਲੇ ਵਾਂਗ। ਇਹ ਨੱਕ ਦੇ ਬਾਹਰ ਬਹੁਤੀ ਨਹੀਂ ਦਿਸਦੀ, ਸਿਰਫ ਨੱਕ ਦਾ ਛੇਕ ਬਰਕਰਾਰ ਰੱਖਣ ਲਈ ਪਾਈ ਜਾਂਦੀ ਹੈ/ਸੀ। ਲੌਂਗ ਤੇ ਕੋਕਾ ਨੱਕ ਦੇ ਬਾਹਰ ਵੀ ਦਿਸਦੇ ਹਨ। ਕਈ ਮੁਨਿਆਰਾਂ ਨੱਕ ਦੇ ਨਾਲ ਨਾਲ ਕੰਨ ਦੀ ਹੇਠਲੀ ਪੇਪੜੀ ਵਿੱਚ ਤਾਂ ਛੇਕ ਕਰਵਾਉਂਦੀਆਂ ਹੀ ਹਨ, ਕੰਨ ਦੀ ਉਪਰਲੀ ਪੇਪੜੀ ਨੂੰ ਵੀ ਦੋ ਤਿੰਨ ਥਾਂ ਤੋਂ ਵਿੰਨ੍ਹਾਂ ਲੈਂਦੀਆਂ ਹਨ:
    ਪਾ ਤੀਲੀ ਤੇ ਝੁਮਕੇ ਡੰਡੀਆਂ, ਵਿੰਨ੍ਹਾਂ ਕੇ ਨੱਕ ਕੰਨ ਦੇ ਛੇਕ 
    ਤੂੰ ਤਾਂ ਤੋਲ ਤੋਲ ਪੱਬ ਧਰਦੀ ਤੇ ਰੇਖ ‘ਚ ਮਾਰੇ ਮੇਖ।
    ਕਈ ਲੋਕ ਵਿੰਨ੍ਹਾਏ ਹੋਏ ਨੱਕ ‘ਚ ਪਾਏ ਜਾਣ ਵਾਲੇ ਗਹਿਣਿਆਂ ‘ਚੋਂ ਤੀਲੀ ਪਾਉਣ ਨੂੰ ਲੌਂਗ ਪਾਉਣ ਤੋਂ ਪਹਿਲਾ ਸਟੈਪ ਮੰਨਦੇ ਹਨ:
    ਮਰਜ਼ੀ ਮਾਲਕ ਦੀ 
    ਤੀਲੀ ਭੰਨ ਕੇ ਲੋਂਗ ਘੜਾਇਆ।
    ਇਸ ਤੀਲੀ’ਚ ਦਿਲਾਂ ਨੂੰ ਖਿੱਚਣ ਵਾਲੀ ਸ਼ਕਤੀ ਹੋਣ ਕਾਰਨ ਹੀ ਸ਼ਾਇਦ ਇਹ ਕਿਹਾ ਜਾਂਦਾ ਹੈ :
    ਬੱਲੇ ਬੱਲੇ ਨੀ ਵੰਡਿਆ ਪੰਜਾਬ ਗਿਆ,
    ਤੇਰੀ ਤੀਲੀ ਨੇ ਸ਼ਰਾਰਤ ਕੀਤੀ।
    ਅਤੇ
    ਅੰਬ ਮੁੱਢ ਇਮਲੀ, ਤੇ ਚੰਦ ਮੁਢ ਤਾਰਾ
    ਤੇਰੇ ਤੀਲੀ ਲੌਂਗ ਦਾ, ਵੇਖ ਪੈਂਦਾ ਲਿਸ਼ਕਾਰਾ।
    ਇਸ਼ਕ ਦੀ ਖੇਡ ਅਸਲ ‘ਚ ਦਿਲ ਦੀ ਅਵੱਲੀ ਖੇਡ ਹੈ। ਇਸ਼ਕ ਮਜਾਜੀ ‘ਚ ਤਾਂ ਕਈ ਕੰਧਾ ਕੌਲੇ, ਟੋਏ ਟੋਭੇ ਟੱਪਣੇ ਪੈਂਦੇ ਹਨ ਤੇ ਕਈ ਇਸ ‘ਚ ਹੱਢ ਗੋਢੇ ਭਨਾ ਵੀ ਲੈਂਦੀਆਂ ਹਨ:
    ਬੱਲੇ–ਬੱਲੇ! ਵਈ ਤੀਲੀ ਵਾਲੀ ਖਾਲ ਟੱਪ  ਗਈ,
    ਲੌਂਗ ਵਾਲੀ ਨੇ ਭਨਾ ਲਏ ਗੋਢੇ।
    ਬੀਤੇ ਸਮਿਆਂ ‘ਚ ਇਹ ਤੀਲੀ ਪੰਜਾਬੀ ਸੱਭਿਆਚਾਰ ਦੇ ਵਿਹੜੇ ‘ਚ ਚੌਖਾ ਰੰਗ ਭਰਦੀ ਰਹੀ ਹੈ ਪਰ ਅੱਜ ਇਸ ‘ਚ ਉਹ ਪਹਿਲਾਂ ਵਾਲੀ ਹੈਂਕੜ ਤੇ ਝੰਬਲਾਹਟ ਨਹੀਂ ਹੈ। ਚਾਹੇ ਅੱਜ ਇਹ ਕਈ ਮੁਟਿਆਰਾਂ ਦੇ ਨੱਕ ਦੀ ਤਾਬੇਦਾਰੀ ਕਰ ਰਹੀ ਹੈ ਪਰ ਉਹ ਪਹਿਲਾਂ ਵਾਲੀ ਗੱਲ ਨਹੀਂ ਹੈ। ਆਪਣੇ ਵਜੂਦ ਨੂੰ ਬਚਾਉਣ ਲਈ ਸਿਸਕ ਤੇ ਸੁਬਕ ਰਹੀ ਹੈ। ਸਮੇਂ ਦਾ ਖੇਡ ਹੈ ਅਤੇ ਤਬਦੀਲੀ ਦਾ ਵਰਤਾਰਾ।