ਉਦਮੀ ਬਣੋ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਿਹਲਾ ਰਹਿਣ ਨਾਲੋਂ ਕੁਝ ਕੀਤਾ ਕਰ,
ਹੋਰ ਨਹੀਂ ਤਾਂ ਪਜ਼ਾਮਾ ਉਧੇੜ ਕੇ ਸੀਤਾ ਕਰ॥

ਇਹ ਸ਼ਬਦ ਕਿਸੇ ਵਿਅੰਗਕਾਰ ਨੇ ਹਾਸੇ ਵਿਚ ਲਿਖੇ ਹਨ ਪਰ ਇਨ੍ਹਾਂ ਸ਼ਬਦਾਂ ਦਾ ਜ਼ਿੰਦਗੀ ਦੀ ਤੋਰ ਨਾਲ ਗਹਿਰਾ ਸਬੰਧ ਹੈ। ਇਹ ਸ਼ਬਦ ਜ਼ਿੰਦਗੀ ਦੀ ਤੋਰ ਨੂੰ ਰੁਕਣ ਤੋਂ ਰੋਕਦੇ ਹਨ। ਜ਼ਿੰਦਗੀ ਵਿਚ ਰਵਾਨੀ ਪੈਦਾ ਕਰਦੇ ਹਨ ਅਤੇ ਵਿਕਾਸ ਦੇ ਪਹੀਏ ਨੂੰ ਅੱਗੇ ਚਲਾਉਂਦੇ ਹਨ। ਇਸੇ ਲਈ ਕਹਿੰਦੇ ਹਨ,"ਚੱਲਣਾ ਹੀ ਜ਼ਿੰਦਗੀ ਹੈ।" ਪਜ਼ਾਮਾ ਉਧੇੜ ਕੇ ਸਿਉਣ ਨਾਲ ਕੋਈ ਵਿਕਾਸ ਨਹੀਂ ਹੋ ਜਾਂਦਾ ਪਰ ਇਸ ਨਾਲ ਬੰਦਾ ਵਿਹਲਾ ਨਹੀਂ ਬੈਠਦਾ। ਕਿਸੇ ਨਾ ਕਿਸੇ ਕੰਮ ਵਿਚ ਰੁੱਝਿਆ ਰਹਿੰਦਾ ਹੈ। ਬੇਸ਼ੱਕ ਜ਼ਿੰਦਗੀ ਵਿਚ ਜਿਤਨਾ ਕੰਮ ਜ਼ਰੂਰੀ ਹੈ ਉਤਨਾ ਅਰਾਮ ਵੀ ਜ਼ਰੂਰੀ ਹੈ। ਕਿਸੇ ਵੀ ਗੱਲ ਦੀ ਅੱਤ ਮਾੜੀ ਹੁੰਦੀ ਹੈ। ਜੇ ਬੰਦਾ ਹਰ ਸਮੇਂ ਕੰਮ ਹੀ ਕਰਦਾ ਰਹੇ, ਅਰਾਮ ਬਿਲਕੁਲ ਨਾ ਕਰੇ ਤਾਂ ਉਹ ਥਕਾਵਟ ਕਾਰਨ ਬਿਮਾਰ ਹੋ ਜਾਂਦਾ ਹੈ। ਇਸੇ ਲਈ ਕੁਦਰਤ ਨੇ ਦਿਨ ਅਤੇ ਰਾਤ ਬਣਾਏ ਹਨ ਤਾਂ ਕਿ ਬੰਦਾ ਦਿਨ ਵੇਲੇ ਕੰਮ ਕਰੇ ਅਤੇ ਰਾਤ ਨੂੰ ਸੋਂ ਕੇ ਅਰਾਮ ਕਰੇ ਤਾਂ ਕਿ ਅਗਲੇ ਦਿਨ ਉਸ ਦਾ ਸਰੀਰ ਤਰੋ ਤਾਜ਼ਾ ਹੋ ਸੱਕੇ।ਇਸ ਲਈ ਜ਼ਿੰਦਗੀ ਵਿਚ ਅਰਾਮ ਜ਼ਰੂਰੀ ਹੈ ਪਰ ਜੇ ਬੰਦਾ ਹਰ ਸਮੇਂ ਅਰਾਮ ਹੀ ਕਰਦਾ ਰਹੇ ਅਤੇ ਕੰਮ ਕੁਝ ਨਾ ਕਰੇ ਤਾਂ ਇਹ ਵੀ ਗਲਤ ਹੈ। ਇਸ ਨਾਲ ਵੀ ਬੰਦਾ ਬਿਮਾਰ ਪੈ ਜਾਂਦਾ ਹੈ। ਅੰਗ੍ਰੇਜ਼ੀ ਵਿਚ ਕਹਿੰਦੇ ਹਨ ਰੈਸਟ ਇਜ਼ ਰਸਟ ਭਾਵ ਜ਼ਿਆਦਾ ਅਰਾਮ ਕਰਨਾ ਵੀ ਬੰਦੇ ਨੂੰ ਜੰਗਾਲ ਲੱਗਣ ਦੇ ਬਰਾਬਰ ਹੈ। ਜੇ ਕਰ ਲੋਹੇ ਨੂੰ ਵਰਤਿਆ ਨਾ ਜਾਵੇ ਤਾਂ ਉਸ ਨੂੰ ਜੰਗਾਲ ਲੱਗ ਜਾਂਦਾ ਹੈ ਅਤੇ ਇਕ ਦਿਨ ਉਹ ਭੁਰ ਕੇ ਮਿੱਟੀ ਬਣ ਜਾਂਦਾ ਹੈ। ਪਰ ਵਰਤੀਂਦੇ ਲੋਹੇ ਨੂੰ ਕਦੀ ਜੰਗਾਲ ਨਹੀਂ ਲੱਗਦਾ। ਇਹ ਹੀ ਹਾਲ ਮਨੱਖੀ ਸਰੀਰ ਦਾ ਹੈ। ਜੇ ਬੰਦਾ ਕੰਮ ਕਰਦਾ ਰਹੇ ਤਾਂ, ਥੌੜ੍ਹੀ ਕੀਤੇ ਉਹ ਬਿਮਾਰ ਨਹੀਂ ਹੁੰਦਾ। ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਕੰਮ ਅਤੇ ਅਰਾਮ ਵਿਚ ਤਵਾਜੁਨ ਬਣਾ ਕੇ ਰੱਖਣਾ ਪੈਂਦਾ ਹੈ।
ਅਸੀਂ ਜ਼ਿੰਦਗੀ ਖਾਂਦਿਆਂ, ਪੀਂਦਿਆਂ ਅਤੇ ਆਲਸ ਵਿਚ ਅਰਾਮ ਕਰਦਿਆਂ ਹੀ ਨਹੀਂ ਗੁਜ਼ਾਰ ਦੇਣੀ। ਜ਼ਿੰਦਗੀ ਦਾ ਮਕਸਦ ਖਾਣਾ ਪੀਣਾ ਅਤੇ ਸਾਹ ਲੈਣਾ ਹੀ ਨਹੀਂ। ਜ਼ਿੰਦਗੀ ਦਾ ਮਕਸਦ ਇਸ ਤੋਂ ਕੁਝ ਉੱਚਾ ਹੈ।। ਕੰਮ ਦਾ ਮਕਸਦ ਕੇਵਲ ਰੋਟੀ ਕਮਾਉਣਾ ਹੀ ਨਹੀਂ। ਜੇ ਸਾਡੇ ਕੋਲ ਰੋਟੀ ਲਈ ਬਹੁਤ ਧਨ ਹੈ ਅਤੇ ਅਰਾਮ ਕਰਨ ਲਈ ਵੀ ਮਖਮਲੀ ਬਿਸਤਰ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੰਮ ਕਰਨਾ ਹੀ ਬੰਦ ਕਰ ਦਈਏ। ਜੇ ਕੰਮ ਦਾ ਮਕਸਦ ਕੇਵਲ ਰੋਟੀ ਕਮਾਉਣਾ ਹੀ ਹੁੰਦਾ ਤਾਂ ਦੁਨੀਆਂ ਦੇ ਵੱਡੇ ਵੱਡੇ ਧਨਾਢ ਮੁਕੇਸ਼ ਅੰਬਾਨੀ ਅਤੇ ਬਿਲ ਗੇਟਸ ਵਰਗੇ ਕਦੋਂ ਦਾ ਕੰਮ ਕਰਨਾ ਛੱਡ ਗਏ ਹੁੰਦੇ ਕਿਉਂਕਿ ਉਨ੍ਹਾਂ ਕੋਲ ਇਤਨੀ ਦੌਲਤ ਹੈ ਕਿ ਉਨ੍ਹਾਂ ਦੀਆਂ ਅਗਲੀਆਂ ਸੱਤ ਪੀੜ੍ਹੀਆਂ ਵੀ ਖਾਂਦੀਆਂ ਰਹਿਣ ਤਾਂ ਵੀ ਉਨ੍ਹਾਂ ਦੀ ਦੌਲਤ ਨਹੀਂ ਮੁਕਣੀ। ਫਿਰ ਵੀ ਉਹ ਕੰਮ ਕਰ ਰਹੇ ਹਨ। ਕਿਉਂ? ਉਨ੍ਹਾਂ ਦੇ ਕੰਮ ਨਾਲ ਉਨ੍ਹਾਂ ਦੀ ਆਪਣੀ ਕਮਾਈ ਤਾਂ ਹੋ ਹੀ ਰਹੀ ਹੈ ਪਰ ਦੇਸ਼ ਅਤੇ ਜ਼ਿੰਦਗੀ ਦੇ ਵਿਕਾਸ ਦਾ ਪਹੀਆ ਵੀ ਚਲ ਰਿਹਾ ਹੈ। ਜ਼ਿੰਦਗੀ ਨੂੰ ਰਵਾਨੀ ਮਿਲ ਰਹੀ ਹੈ। ਖੁਸ਼ਹਾਲੀ ਫੈਲ੍ਹ ਰਹੀ ਹੈ ਅਤੇ ਇਨਸਾਨ ਤਰੱਕੀ ਕਰ ਰਿਹਾ ਹੈ। ਨਵੀਆਂ ਖੌਜਾਂ ਹੋ ਰਹੀਆਂ ਹਨ ਅਤੇ ਹਰ ਕੰਮ ਵਿਚ ਨਵੀਆਂ ਸਿਖਰਾਂ ਛੋਹੀਆਂ ਜਾ ਰਹੀਆਂ ਹਨ। ਇਨਸਾਨ ਨੂੰ ਸੁਖੀ ਕਰਨ ਦੇ ਉਪਰਾਲੇ ਲੱਭੇ ਜਾ ਰਹੇ ਹਨ।
ਜਿਹੜਾ ਬੰਦਾ ਵਿਹਲਾ ਰਹੇਗਾ ਉਹ ਇਕੱਲਾ ਵੀ ਰਹੇਗਾ। ਉਹ ਦੁਨੀਆਂ ਤੋਂ ਅਲੱਗ ਥਲੱਗ ਹੋ ਕੇ ਰਹਿ ਜਾਵੇਗਾ ਅਤੇ ਸਮਾਜ ਨਾਲੋ ਟੁੱਟ ਜਾਵੇਗਾ। ਅਜਿਹੇ ਬੰਦੇ ਨੂੰ ਕਈ ਬਿਮਾਰੀਆਂ ਘੇਰ ਰਹਿੰਦੀਆਂ ਹਨ। ਅਜਿਹੇ ਬੰਦੇ ਸਰੀਰ ਨੂੰ ਚਲਾਉਂਦੇ ਨਹੀਂ ਜਿਸ ਕਰਕੇ ਸਰੀਰ ਨਕਾਰਾ ਹੋ ਜਾਂਦਾ ਹੈ। ਉਹ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਭੁੱਲਣ ਦੀ ਬਿਮਾਰੀ ਹੋ ਜਾਂਦੀ ਹੈ ਜਿਸ ਨੂੰ ਐਲਰਜ਼ਾਈਮਰ ਕਹਿੰਦੇ ਹਨ। ਉਨ੍ਹਾਂ ਦੇ ਸਰੀਰ ਦੇ ਬਾਕੀ ਅੰਗ ਵੀ ਹੌਲੀ ਹੌਲੀ ਕੰਮ ਘੱਟ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੀ ਨਜ਼ਰ ਵੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਰ ਕੇ ਪਹਿਚਾਨ ਸ਼ਕਤੀ ਵੀ ਘਟ ਜਾਂਦੀ ਹੈ। ਹੱਥ ਪੈਰ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ। ਅੰਤ ਉਹ ਦੂਜੇ ਦੇ ਮੁਥਾਜ ਹੋ ਕੇ ਰਹਿ ਜਾਂਦੇ ਹਨ। ਇਸ ਲਈ ਸਾਨੂੰ ਜ਼ਿੰਦਗੀ ਵਿਚ ਉਦਮੀ ਬਣਨਾ ਚਾਹੀਦਾ ਹੈ ਅਤੇ ਕਿਸੇ ਵੀ ਕੰਮ ਨੂੰ ਮੁਸ਼ਕਲ ਜਾਣ ਕੇ ਹਿੰਮਤ ਨਹੀਂ ਹਾਰਨੀ ਚਾਹੀਦੀ  ਇਸ ਨਾਲ ਸਿਹਤ ਵੀ ਠੀਕ ਰਹਿੰਦੀ ਹੈ। ਇਸੇ ਲਈ ਕਹਿੰਦੇ ਹਨ, "ਜਬ ਤੱਕ ਵਿਅਸਤ, ਤਬ ਤੱਕ ਸੁਅਸਥ।"
ਆਲਸ ਬੰਦੇ ਨੂੰ ਅੱਗੇ ਵਧਣ ਤੋਂ ਰੋਕਦਾ ਹੈ। ਜੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਕੁਝ ਬਣਨਾ ਚਾਹੁੰਦੇ ਹੋ ਤਾਂ ਆਲਸ ਛੱਡੋ ਅਤੇ ਉਦਮ ਕਰੋ। ਆਲਸ ਮਨੁੱਖ ਨੂੰ ਢਹਿੰਦੀਆਂ ਕਲਾਂ ਵਲ ਲਿਜਾਉਂਦਾ ਹੈ। ਮਨੁੱਖ ਕੰਮ ਨਾ ਕਰਨ ਦੇ ਬਹਾਨੇ ਲੱਭਦਾ ਹੈ 
ਅਤੇ ਬਿਮਾਰੀ ਨੂੰ ਸੱਦਾ ਦਿੰਦਾ ਹੈ। ਉਹ ਸਰੀਰ ਸੁਸਤ ਹੋਣ ਦਾ ਝੂਠਾ ਦਿਖਾਵਾ ਕਰਦਾ ਹੈ।। ਆਲਸੀ ਬੰਦਾ ਕੰਮ ਕਰਨ ਨਾਲੋਂ ਵਿਹਲਾ ਰਹਿਣਾ ਪਸੰਦ ਕਰਦਾ ਹੈ। ਵਿਹਲਾ ਰਹਿ ਕੇ aਹੁ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰਦਾ ਹੈ। ਯਾਦ ਰੱਖੋ ਜਿਹੜਾ ਮਨੁੱਖ ਸਮੇਂ ਨੂੰ ਬਰਬਾਦ ਕਰਦਾ ਹੈ, ਸਮਾਂ ਇਕ ਦਿਨ ਉਸ ਨੂੰ ਬਰਬਾਦ ਕਰ ਦਿੰਦਾ ਹੈ।
ਆਪਣੇ ਛੋਟੇ ਛੋਟੇ ਕੰਮਾਂ ਲਈ ਕਦੀ ਦੂਸਰੇ ਤੇ ਨਿਰਭਰ ਨਾ ਰਹੋ। ਸੁਖੀ ਰਹੋਗੇ। ਆਪਣਾ ਸਾਰਾ ਛੋਟਾ ਛੋਟਾ ਨਿੱਜੀ ਸਮਾਨ ਥਾਂ ਟਿਕਾਣੇ ਸਿਰ ਰੱਖੋ ਅਤੇ ਉਥੋਂ ਹੀ ਚੁੱਕੋ। ਆਪਣਾ ਬਿਸਤਰ ਆਪ ਵਿਛਾਉ ਅਤੇ ਸਵੇਰੇ ਚੱਦਰ, ਕੰਬਲ ਜਾਂ ਰਜਾਈ ਆਪ ਤਹਿ ਕਰੋ। ਆਪਣੇ ਜੂਠੇ ਭਾਂਡੇ ਆਪ ਚੁੱਕੋ। ਆਪਣੇ ਕੰਮ ਆਪ ਕਰਨ ਵਿਚ ਸ਼ਰਮ ਨਾ ਮਹਿਸੂਸ ਕਰੋ। ਰਾਣੀ ਆਪਣੇ ਪੈਰ ਧੌਂਦੀ ਜ਼ਮਾਦਾਰਨੀ ਨਹੀਂ ਬਣ ਜਾਂਦੀ। ਆਪਣੇ ਨਿੱਜੀ ਕੰਮ ਦੂਸਰੇ ਨੂੰ ਹੀ ਨਾ ਕਹਿੰਦੇ ਰਹੋ। ਜਿਵੇਂ—ਮੇਰਾ ਪੱਖਾ ਚਲਾ ਦੇ, ਮੇਰੀ ਬੱਤੀ ਬੰਦ ਕਰ ਦੇ, ਮੇਰਾ ਤੌਲੀਆ ਫੜਾਈਂ, ਮੈਨੂੰ ਪਾਣੀ ਦਾ ਇਕ ਗਲਾਸ ਦਈਂ ਆਦਿ। ਇਹੋ ਜਹੇ ਨਿੱਕੇ ਨਿੱਕੇ ਕੰਮ ਆਪ ਕਰਨ ਦੀ ਆਦਤ ਪਾਉ। ਇਸ ਨਾਲ ਤੁਸੀਂ ਤੰਦਰੁਸਤ ਰਹੋਗੇ ਅਤੇ ਉਦਮੀ ਬਣੋਗੇ। ਦੂਸਰੇ ਦੇ ਨਾਂਹ ਕਰਨ ਤੇ ਤੁਹਾਨੂੰ ਨਿਰਾਸ਼ਾ ਵੀ ਨਹੀਂ ਹੋਵੇਗੀ। ਘਰ ਵਿਚ ਜੇ ਕੋਈ ਵਸਤੂ ਇੱਧਰ ਉੱਧਰ ਖਿਲਰੀ ਹੋਈ ਹੋਵੇ ਤਾ ਜਿਹੜਾ ਵੀ ਦੇਖੇ ਉਹ ਉਸ ਵਸਤੂ ਨੂੰ ਥਾਂ ਟਿਕਾਣੇ ਰੱਖ ਦੇਵੇ। ਇਹ ਨਾ ਸੋਚੇ ਕਿ ਘਰ ਦੀ ਸਫਾਈ ਜਾਂ ਰੱਖ ਰਖਾ ਦਾ ਕੰਮ ਕਿਸੇ ਹੋਰ ਦਾ ਹੈ, ਮੈਂ ਕਿਉਂ ਕਰਾਂ। ਇਹ ਸੋਚੋ ਕਿ ਇਹ ਘਰ ਤੁਹਾਡਾ ਹੈ ਅਤੇ ਇਹ ਕੰਮ ਕਿਸੇ ਗੁਆਂਢੀ ਨੇ ਆ ਕੇ ਨਹੀਂ ਕਰਨਾ। ਇਸ ਘਰ ਦੀ ਸਾਂਭ ਸੰਭਾਲ ਦੀ ਤੁਹਾਡੀ ਵੀ ਪੂਰੀ ਜ਼ਿੰਮੇਵਾਰੀ ਹੈ। ਇਸ ਨਾਲ ਘਰ ਦੀ ਦਿਖ ਸੋਹਣੀ ਬਣੇਗੀ । ਬੱਚੇ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਗੇ ਅਤੇ ਘਰ ਦਾ ਮਾਹੋਲ ਵੀ ਸੁਖਾਵਾਂ ਰਹੇਗਾ। ਕਿਸੇ ਕੰਮ ਨੂੰ ਛੋਟਾ ਨਾ ਸਮਝੋ। ਕਦੀ ਇਹ ਨਾ ਸੋਚੋ ਕਿ ਮੈਂ ਬਹੁਤ ਪੜ੍ਹਿਆ ਲਿਖਿਆ, ਲਿਆਕਤ ਵਾਲਾ ਜਾਂ ਅਮੀਰ ਹਾਂ ਅਤੇ ਇਹ ਕੰਮ ਮੇਰੀ ਸ਼ਖਸੀਅਤ ਤੋਂ ਬਹੁਤ ਛੋਟਾ ਹੈ। ਇਸ ਨਾਲ ਮੇਰੀ ਸ਼ਾਨ ਘਟਦੀ ਹੈ। ਇਸ ਲਈ ਮੈਂ ਇਹ ਕੰਮ ਕਿਉਂ ਕਰਾਂ? ਕੰਮ ਕੋਈ ਛੋਟਾ ਨਹੀਂ ਹੁੰਦਾ। ਵਧੀਆ ਕੰਮ ਕੋਈ ਤੁਹਾਨੂੰ ਮਿਲੇ ਨਾ ਅਤੇ ਛੋਟਾ ਕੰਮ ਤੁਸੀਂ ਕਰੋ ਨਾ ਫਿਰ ਕੀ ਹੋਵੇਗਾ? ਤੁਸੀਂ ਤਾਂ ਵਿਹਲੇ ਹੀ ਬਹਿ ਜਾਵੋਗੇ। ਇਸ ਨਾਲ ਸਮਾਜ ਵਿਚ ਤੁਹਾਡੀ ਕਦਰ ਘਟੇਗੀ। ਜੇ ਕੁਝ ਸਮਾਂ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਤੁਸੀਂ ਆਰਥਿਕ ਸੰਕਟ ਵਿਚ ਵੀ ਫਸ ਸਕਦੇ ਹੋ। ਇਸ ਲਈ ਜੇ ਤੁਹਨੂੰ ਕੋਈ ਵਧੀਆ ਕੰਮ ਨਹੀਂ ਮਿਲਦਾ ਤਾਂ ਛੋਟੇ ਕੰਮ ਨੂੰ ਹੀ ਵਧੀਆ ਢੰਗ ਨਾਲ ਕਰ ਕੇ ਦਿਖਾਉ ਜਿਸ ਵਿਚੋਂ ਤੁਹਾਡੀ ਸ਼ਖਸੀਅਤ ਝਲਕੇ। ਕੰਮ ਖੁਦ ਬੋਲੇ ਕਿ ਮੈਨੂੰ ਇਸ ਖਾਸ ਬੰਦੇ ਨੇ ਸੰਪੂਰਨ ਕੀਤਾ ਹੈ। ਇਸ ਨਾਲ ਤੁਸੀਂ ਵਿਹਲੇ ਨਹੀਂ ਰਹੋਗੇ। ਤੁਹਾਡੀ ਸਿਹਤ ਵੀ ਠੀਕ ਰਹੇਗੀ ਅਤੇ ਤੁਸੀਂ ਆਰਥਿਕ ਮੰਦਹਾਲੀ ਦਾ ਸ਼ਿਕਾਰ ਵੀ ਨਹੀਂ ਹੋਵੋਗੇ।
ਹਰ ਸਮੇਂ ਦੂਸਰੇ ਦੀ ਮਦਦ ਲਈ ਤੱਤਪਰ ਰਹੋ। ਦੂਸਰੇ ਦੇ ਸੰਕਟ ਸਮੇਂ ਯਥਾ ਯੋਗ ਸਹਾਇਤਾ ਕਰੋ। ਆਪਣਾ ਪੈਸਾ ਅਤੇ ਸਮਾਂ ਦੂਸਰੇ ਦੀ ਮਦਦ ਤੇ ਖਰਚਣ ਤੋਂ ਕਦੇ ਪਰਹੇਜ ਨਾ ਕਰੋ। ਪਰ ਤਹਾਡੀ ਇਹ ਮਦਦ ਕਿਸੇ ਸਵਾਰਥ ਲਈ ਨਹੀਂ ਹੋਣੀ ਚਾਹੀਦੀ। ਇਸ ਨਾਲ ਤੁਹਾਡੇ ਕੰਮ ਦੀ ਵੁੱਕਤ ਘਟਦੀ ਹੈ। ਤੁਸੀਂ ਸੱਜਣ ਬਣਨ ਦੀ ਥਾਂ ਸੁਆਰਥੀ ਬਣ ਜਾਂਦੇ ਹੋ। ਆਪਣੇ ਕੀਤੇ ਭਲੇ ਦੇ ਕੰਮ ਦਾ ਦੂਸਰੇ ਤੋਂ ਇਵਜਾਨਾ ਭਾਲਦੇ ਹੋ। ਇਸ ਨਾਲ ਕਈ ਵਾਰੀ ਤੁਹਾਨੂੰ ਨਿਰਾਸ਼ਾ ਵੀ ਪੱਲੇ ਪੈਂਦੀ ਹੈ। ਇਸ ਲਈ,"ਨੇਕੀ ਕਰ, ਖੂਹ ਮਂੇ ਡਾਲ।" ਬਿਨਾਂ ਸਵਾਰਥ ਕੀਤਾ ਹੋਇਆ ਤੁਹਾਡਾ ਭਲਾਈ ਦਾ ਕੰਮ ਕਦੀ ਜਾਇਆ ਨਹੀਂ ਜਾਂਦਾ। ਇਸ ਦੀ ਕਦਰ ਸੁਭਾਵਕ ਹੀ ਪੈਂਦੀ ਹੈ। ਸਮਝੋ ਤੁਹਾਡੀ ਇਹ ਪੂੰਜੀ ਬੈਂਕ ਵਿਚ ਜਮਾ ਹੋ ਰਹੀ ਹੈ। ਇਸ ਦਾ ਫ਼ਲ ਤੁਹਾਨੂੰ ਕਦੀ ਵੀ ਮੁਸ਼ਕਲ ਸਮੇਂ ਮਿਲ ਸਕਦਾ ਹੈ। ਮਨ ਵਿਚੋਂ ਈਰਖਾ, ਦਵੇਸ਼ ਅਤੇ ਭੇਦ ਭਾਵ ਨੂੰ ਦੂਰ ਕਰੋ। ਤੁਹਾਡੀ ਭਾਈਚਾਰਕ ਸਾਂਝ ਵਧੇਗੀ। ਸਮਝੋ ਇਹ ਹੀ ਤੁਹਾਡੀਆਂ ਬਾਹਵਾਂ ਹਨ ਜੋ ਜ਼ਰੂਰਤ ਸਮੇਂ ਤੁਹਾਡੇ ਕੰਮ ਆਉਣਗੀਆਂ। ਤੁਸੀਂ ਕਦੀ ਦੁੱਖ ਜਾਂ ਸੁੱਖ ਵਿਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰੋਗੇ। ਤੁਹਾਡੇ ਹਮਦਰਦ ਤੁਹਾਡੇ ਨਾਲ ਖੜਣਗੇ। 
ਕੰਮ ਤੋਂ ਘਬਰਾ ਕੇ ਕਦੀ ਅੱਜ ਦਾ ਕੰਮ ਕੱਲ ਤੇ ਨਾ ਟਾਲੋ ਨਹੀਂ ਤੇ ਇਹ ਕੰਮ ਬਹੁਤ ਵੱਡਾ ਅਤੇ ਮੁਸ਼ਕਲ ਲੱਗਣ ਲੱਗ ਜਾਵੇਗਾ। ਉਸ ਤੋਂ ਬਾਅਦ ਇਸਦਾ ਤੁਹਾਡੇ ਉੱਤੇ ਪਹਾੜ ਜਿਨ੍ਹਾਂ ਬੌਝ ਹੋ ਜਾਵਾਗਾ। ਤੁਸੀਂ ਚਿੰਤਾ ਦੇ ਬੌਝ ਹੇਠ ਦੱਬੇ ਜਾਵੋਗੇ।ਕਿਸੇ ਨਾਲ ਵਾਅਦਾ ਕਰੋ ਤਾਂ ਉਸ ਨੂੰ ਜ਼ਰੂਰ ਪੂਰਾ ਕਰੋ। ਇਸ ਨਾਲ ਤੁਹਾਡਾ ਕਦ ਉੱਚਾ ਹੋਵੇਗਾ। ਲੋਕਾਂ ਵਿਚ ਤੁਹਾਡੀ ਭਰੋਸੇਯੋਗਤਾ ਵਧੇਗੀ। ਤੁਹਾਡੇ ਵਿਚ ਆਤਮ ਵਿਸ਼ਵਾਸ ਵਧੇਗਾ। ਜੇ ਤੁਸੀਂ ਆਪਣਾ ਵਾਅਦਾ ਪੂਰਾ ਨਹੀਂ ਕਰੋਗੇ ਤਾਂ ਖੁਦ ਆਪਣੀਆਂ ਨਜ਼ਰਾਂ ਵਿਚ ਗਿਰ ਜਾਵੋਗੇ। ਕੋਈ ਤੁਹਾਡੇ ਤੇ ਯਕੀਨ ਨਹੀਂ ਕਰੇਗਾ।
ਬੇਸ਼ੱਕ ਸਾਡੇ ਧਾਰਮਿਕ ਲੋਕ ਪੈਸੇ ਨੂੰ ਜ਼ਿਆਦਾ ਮਹੱਤਤਾ ਨਹੀਂ ਦਿੰਦੇ। ਪੈਸੇ ਨਾਲੋਂ ਉੱਚੇ ਗੁਣਾਂ ਦੀ ਜ਼ਿਆਦਾ ਕਦਰ ਕਰਦੇ ਹਨ। ਪਰ ਪੈਸਾ ਵੀ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੈ। ਪੈਸੇ ਦਾ ਜ਼ਿੰਦਗੀ ਵਿਚ ਬਹੁਤ ਅਹਿਮ ਸਥਾਨ ਹੈ। ਇਸ ਨਾਲ ਬੰਦੇ ਦੀਆਂ ਰੋਟੀ, ਕੱਪੜੇ ਅਤੇ ਮਕਾਨ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ। ਪੈਸੇ ਨਾਲ ਬੱਚਿਆਂ ਨੂੰ ਚੰਗੇ ਕੱਪੜੇ, ਚੰਗੀ ਵਿਦਿਆ ਅਤੇ ਪੌਸ਼ਟਿਕ ਭੋਜਨ ਦਿੱਤਾ ਜਾ ਸੱਕਦਾ ਹੈ। ਪੈਸਾ ਬਿਮਾਰੀ ਅਤੇ ਸੰਕਟ ਦੇ ਸਮੇਂ ਬਹੁਤ ਕੰਮ ਆਉਂਦਾ ਹੈ। ਪੈਸੇ ਨਾਲ ਪਰਿਵਾਰ ਲਈ ਸੁੱਖ ਸਹੂਲਤਾਂ ਦੇ ਸਮਾਨ ਪੈਦਾ ਕੀਤੇ ਜਾ ਸੱਕਦੇ ਹਨ। ਪਰ ਪੈਸਾ ਇਮਾਨਦਾਰੀ ਨਾਲ ਕਮਾਇਆ ਜਾਣਾ ਚਾਹੀਦਾ ਹੈ। ਲਾਲਚ ਅਤੇ ਭ੍ਰਿਸ਼ਟਾਚਾਰ ਬੇਈਮਾਨੀ ਨੂੰ ਜਨਮ ਦਿੰਦਾ ਹੈ। ਇਹ ਜ਼ਿੰਦਗੀ ਦੀਆਂ ਤਿਲਕਣਾ ਹਨ ਜਿਨ੍ਹਾਂ ਤੋਂ ਅਸੀਂ ਬਚਣਾ ਹੈ। ਬੰਦਾ ਕੇਵਲ ਪੈਸੇ ਨਾਲ ਮਹਾਨ ਨਹੀਂ ਬਣਦਾ। ਬੰਦਾ ਸੱਜਣਤਾ ਅਤੇ ਸ਼ੁੱਭ ਕੰਮਾ ਨਾਲ ਮਹਾਨ ਬਣਦਾ ਹੈ। ਇਸ ਲਈ ਵਿਹਲੇ ਰਹਿਣ ਨਾਲੋਂ ਆਪਣਾ ਉਹ ਸਮਾਂ ਨੇਕ ਕੰਮਾਂ ਤੇ ਲਾਉ ਤਾਂ ਕਿ ਮਨੁੱਖਤਾ ਦਾ ਭਲਾ ਹੋ ਸੱਕੇ।ਤੁਹਾਡਾ ਆਲਾ ਦੁਆਲਾ ਹੋਰ ਸੁੰਦਰ ਅਤੇ ਖੁਸ਼ਹਾਲ ਬਣ ਸੱਕੇ।
ਆਲਸੀ ਲੋਕ ਕਿਸਮਤ ਕਿਸਮਤ ਕਰਕੇ ਚਿਲਾਉਂਦੇ ਰਹਿੰਦੇ ਹਨ ਪਰ ਪਰ ਉਦਮੀ ਲੋਕ ਪਰਬਤਾਂ ਨੂੰ ਵੀ ਚੀਰ ਕੇ ਵਿਖਾ ਦਿੰਦੇ ਹਨ। ਆਪਣੇ ਅੰਦਰੋਂ ਨਕਾਰਾਤਮਕ ਵਿਚਾਰਾਂ ਨੂੰ ਕੱਢੋ। ਸਕਾਰਾਆਤਮਕ ਵਿਚਾਰਾਂ ਨੂੰ ਅਪਣਾਉ। ਕਦੀ ਇਹ ਨਾ ਸੋਚੋ ਕਿ ਤੁਸੀਂ ਕਮਜੋਰ ਹੋ ਤੁਸੀਂ ਇਹ ਕੰਮ ਨਹੀਂ ਕਰ ਸੱਕਦੇ। ਜੇ ਦੂਸਰੇ ਲੋਕ ਉਸ ਕੰਮ ਨੂੰ ਕਰ ਸੱਕਦੇ ਹਨ ਤਾਂ ਤੁਸੀਂ ਕਿਉਂ ਨਹੀਂ ਕਰ ਸੱਕਦੇ? ਆਪਣੀਆਂ ਛੁਪੀਆਂ ਹੋਈਆਂ ਸ਼ਕਤੀਆਂ ਨੂੰ ਉਭਾਰੋ ਅਤੇ ਡਟ ਜਾਉ। ਰਸਤੇ ਦੀਆਂ ਰੁਕਾਵਟਾਂ ਤੋਂ ਨਾ ਡਰੋ। ਜੇ ਤੁਸੀਂ ਆਪਣੀ ਮੰਜ਼ਿਲ ਵਲ ਚਲ ਪਏ ਤਾਂ ਰਸਤੇ ਦੀਆਂ ਰੁਕਾਵਟਾਂ ਆਪੇ ਦੂਰ ਹੋ ਜਾਣਗੀਆਂ। ਜ਼ਿੰਦਗੀ ਵਿਚ ਉਤਰਾ ਚੜ੍ਹਾ ਤਾਂ ਆਉਂਦੇ ਹੀ ਰਹਿੰਦੇ ਹਨ ਪਰ ਉਨ੍ਹਾਂ ਦਾ ਮੁਕਾਬਲਾ ਸਹਿਨਸ਼ੀਲਤਾ ਨਾਲ ਹੀ ਕੀਤਾ ਜਾ ਸਕਦਾ ਹੈ। ਜੋ ਮਿਹਨਤ ਕਰਦੇ ਹਨ ਅਤੇ ਹੌਸਲਾ ਰੱਖਦੇ ਹਨ ਉਨ੍ਹਾਂ ਦੀ ਕਦੇ ਹਾਰ ਨਹੀਂ ਹੁੰਦੀ। 
ਉਦਮੀ ਬੰਦੇ ਦੀ ਸ਼ਖਸੀਅਤ ਵੱਖਰੀ ਹੀ ਹੁੰਦੀ ਹੈ। ਉਹ ਕਦੀ ਆਲਸ ਨਹੀਂ ਕਰਦਾ। ਇਸ ਲਈ ਉਸ ਦੀ ਹਰ ਮੈਦਾਨ ਫਤਿਹ ਪਹਿਲਾਂ ਹੀ ਲਿਖੀ ਹੁੰਦੀ ਹੈ। ਉਹ ਸਦਾ ਤੰਦਰੁੱਸਤ ਰਹਿੰਦਾ ਹੈ। ਬਿਮਾਰੀ ਉਸ ਦੇ ਨੇੜੇ ਨਹੀਂ ਜਾਂਦੀ। ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ। ਕੀ ਤੁਸੀਂ ਵੀ ਐਸੇ ਮਨੁੱਖ ਬਣਨਾ ਚਾਹੋਗੇ? ਜੇ ਹਾਂ ਤਾਂ ਅੱਜ ਤੋਂ ਹੀ ਸ਼ੁਰੂ ਹੋ ਜਾਓ। ਹਰ ਸਵੇਰਾ ਤੁਹਾਡੀ ਬਾਕੀ ਬਚੀ ਜ਼ਿੰਦਗੀ ਦਾ ਪਹਿਲਾ ਦਿਨ ਹੁੰਦਾ ਹੈ। ਇਸ ਲਈ ਪਹਿਲੇ ਦਿਨ ਤੋਂ ਹੀ ਆਪਣੇ ਉਦਮੀ ਹੋਣ ਦਾ ਸਬੂਤ ਦਿਓ। ਤੁਹਾਡੀ ਬਾਕੀ ਜ਼ਿੰਦਗੀ ਸੌਖੀ ਕੱਟੇਗੀ।