ਖੁਸ਼ੀ (ਕਹਾਣੀ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰਾ ਦੋਸਤ ਗੁਰਵੀਰ ਮੈਨੂੰ ਮਿਲਣ ਲਈ ਮੇਰੇ ਘਰ ਆਇਆ , ਚਾਹ ਪਾਣੀ ਪੀਣ ਤੋਂ ਬਾਅਦ ਸਾਡੀ ਸੰਖੇਪ ਜਿਹੀ ਗੱਲਬਾਤ ਸ਼ੁਰੂ ਹੋ ਗਈ ।ਗੁਰਵੀਰ ਦੇ ਚਿਹਰੇ ਦੀ ਉਦਾਸੀ ਕੁੱਝ-ਕੁੱਝ ਬਿਆਨ ਕਰ ਰਹੀ ਸੀ। ਮੈਂ ਗੁਰਵੀਰ ਦੀ ਅਵਾਜ਼ ਅਤੇ ਿਚਹਰੇ  ਦੀ ਉਦਾਸੀ ਨੂੰ ਭਾਂਪਦਿਆ , ਉਸ ਨੂੰ ਪੁੱਛਿਆ , "ਗੁਰਵੀਰ ਕੀ ਗੱਲ ਹੈ ? ਚਿਹਰਾ ਤੇ ਜ਼ੁਬਾਨ ਤੇਰਾ ਸਾਥ ਨਹੀ ਦੇ ਰਹੇ, ਕੋਈ ਪ੍ਰੇਸ਼ਾਨੀ"। " ਹਾਂ-ਹਾਂ ਪ੍ਰੇਸ਼ਾਨੀ ਦੱਸਣ ਵਾਸਤੇ ਹੀ ਤੇਰੇ ਕੋਲ ਆਇਆ ਹਾਂ" ਗੁਰਵੀਰ ਨੇ ਗੱਲ ਨੂੰ ਕੁੱਝ ਖਿਚਦਿਆ ਕਿਹਾ। ਜਿਵੇਂ ਗੁਰਵੀਰ ਮੇਰੇ ਵੱਲੋਂ ਗੱਲ ਤੋਰਨ ਦਾ ਇੰਤਜ਼ਾਰ ਹੀ ਕਰ ਰਿਹਾ ਹੋਵੇ।  
                   " ਯਾਰ ! ਗੱਲ ਇਸ ਤਰ੍ਹਾਂ  ਕਿ ਤੈਨੂੰ ਪਤਾ ਹੀ ਐ ਕਿ ਤੂੰ ਚਾਚਾ ਬਣਨ ਵਾਲਾ ਐਂ । ਪਰ ਘਰ ਵਿੱਚ ਕਲੇਸ਼ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਮੈਂ ਤਾਂ ਸਕੂਲ ਚਲਿਆ ਜਾਨਾਂ, ਤੇਰੀ ਭਰਜਾਈ ਨਾਲ ਪਿੱਛੋ ਮਾਤਾ ਜੀ ਅਤੇ ਦੋਵੇਂ ਭਰਜਾਈਆਂ ਬੋਲ-ਕੁ-ਬੋਲ ਬੋਲਦੀਆਂ ਨੇ, ਮੈਨੂੰ ਤਾਂ ਯਾਰ! ਪਤਾ ਵੀ ਨਹੀ ਲੱਗਣਾ ਸੀ, ਹੁੰਦਾ ਤਾਂ ਪਹਿਲਾਂ ਵੀ ਸੀ ਪਰ ਯਾਰ ਅੱਜ ਤਾਂ ਹੱਦ ਹੀ ਹੋ ਗਈ। ਅੱਜ ਮੇਰੇ ਸਾਹਮਣੇ ਸਾਰਾ ਕੁੱਝ ਨਾ ਹੋਇਆ ਹੁੰਦਾ। ਦੂਸਰਾ ਤੂੰ ਮਾਤਾ ਜੀ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਫ਼ ਹਾਂ, ਬਾਪੂ ਜੀ ਮੰਜੇ ਤੇ ਪਏ ਨੇ ਉਹਨਾਂ ਨੂੰ ਕੀ ਕਹਾਂ ?  ਇਸ ਕਰਕੇ ਮੈਂ ਉਹਨਾਂ ਨਾਲ ਕੋਈ ਗੱਲ ਨਹੀ ਕੀਤੀ। ਇਸ ਲਈ ਤੇਰੇ ਕੋਲ ਹੀ ਆਪਣੇ ਦੁੱਖ ਰੋਣ ਵਾਸਤੇ ਆਇਆ ਹਾਂ। ਦੋਵੇਂ ਛੋਟੇ ਭਰਾਵਾਂ ਨੂੰ ਬੁਲਾ ਕੇ ਜਰੂਰ ਕਿਹਾ ਸੀ ਕਿ ਮਾਤਾ ਜੀ ਅਤੇ ਭਾਬੀ ਹੋਰਾਂ ਨੂੰ ਸਮਝਾਉ। ਇਸ ਤਰ੍ਹਾਂ ਘਰ ਵਿੱਚ ਕਲੇਸ਼ ਚੰਗਾ ਨਹੀ ਹੁੰਦਾ ਪਰ ਮੈਂ ਤਾਂ ਉਹਨਾਂ ਦੀ ਗੱਲ ਸੁਣ ਕੇ ਹੀ ਹੈਰਾਨ ਰਹਿ ਗਿਆ"।
ਉਹ ਤਾਂ ਕਹਿਣ ਲੱਗੇ, " ਵੀਰਾਂ ਹੁਣ ਤਾਂ ਆਪਣਾ ਅੱਡ ਹੋ ਕੇ ਇਹ ਕਲੇਸ਼ ਨਿਪਟੂ"।
                     ਯਾਰ! ਮੈਨੂੰ ਤਾਂ ਇਸ ਗੱਲ ਨਾਲ ਬਹੁਤ ਦੁੱਖ ਹੋਇਆ ਵੀ ਇਸ ਤਰ੍ਹਾਂ ਦੀ ਕਿਹੜੀ ਗੱਲ ਵਾਪਰ ਗਈ । ਜਿਸ ਨਾਲ ਇਹ ਸਭ ਕੁੱਝ ਹੋਣ ਦੀ ਨੌਬਤ ਆ ਗਈ । ਤੈਨੂੰ ਤਾਂ ਚੰਗੀ ਤਰ੍ਹਾਂ ਪਤਾ ਵੀ ਮੈਂ ਉਹਨਾਂ ਨੂੰ ਕਦੇ ਵੀ ਆਪਣੇ ਛੋਟੇ ਭਰਾ ਨਹੀ ਸਮਝਿਆ ਸਗੋਂ ਆਪਣੇ ਬੱਚੇ ਸਮਝਿਆ ਆਪਣੇ ਨਾਲੋਂ ਪਹਿਲਾਂ ਉਹਨਾਂ ਦੀ ਹਰ ਲੋੜ ਨੂੰ ਮੁੱਖ ਰੱਖੀਦਾ ਪਰ ਮੈਨੂੰ ਤਾਂ ਕੁੱਝ ਵੀ ਸਮਝ ਨਹੀ ਆ ਰਹੀ।ਪਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਜਰੂਰ ਕੀਤੀ ਕਿ ਜੇਕਰ ਆਪਾਂ ਸਾਂਝੇ ਪਰਿਵਾਰ ਵਿੱਚ  ਜ਼ਿਆਦਾ ਸਮਾਂ ਇੱਕਠੇ ਕੱਢ ਲਈਏ ਤਾਂ ਆਪਾਂ ਬਹੁਤ ਕੁੱਝ ਕਰ ਸਕਦੇ ਹਾਂ। ਪਰ ਉਹਨਾਂ ਨੇ ਤਾਂ ਉਲਟਾ ਹੀ ਜਵਾਬ ਦਿੱਤਾ"।
              " ਵੀਰਾਂ ਛੱਡ ਪਰ੍ਹੇ ! ਹੁਣ ਤਾਂ ਇਹ ਕਲੇਸ਼ ਅਲੱਗ ਹੋ ਕੇ ਹੀ ਨਿਪਟੂ, ਨਾਲੇ ਇੱਕ ਦਿਨ ਤਾਂ ਅਲੱਗ ਹੋਣਾ ਹੀ ਹੈ, ਫੇਰ ਕਿਉਂ ਨਾ ਜਿੰਨ੍ਹਾਂ ਜਲਦੀ ਹੋਇਆ ਜਾ ਸਕੇ ਹੋ ਜਾਈਏ"।ਇਹ ਸਭ ਸੁਣ ਕੇ ਤਾਂ ਮੇਰੇ ਪੈਰਾਂ ਹੇਠੋ ਜ਼ਮੀਨ ਹੀ ਨਿਕਲ ਗਈ।
ਮੈਂ ਉਸ ਦੀ ਗੱਲ ਕੱਟਦਿਆ ਹੋਇਆ ਪੁੱਛਿਆ, " ਫੇਰ ਤੈਂ ਕੀ ਸੋਚਿਆ"?
                     " ਯਾਰ ! ਮੈਂ ਕੀ ਸੋਚਣਾ, ਮੇਰੀਆਂ ਸੋਚਾਂ ਤੇ ਤਾਂ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਮੈਨੂੰ ਤਾਂ ਇਹੀ ਸੋਚ ਦਿਨ ਰਾਤ ਖਾਈ ਜਾ ਰਹੀ  ਹੈ ਕਿ ਜਿਹਨਾਂ ਮਾਪਿਆ ਨੇ ਇੰਨੀਆਂ ਦੁੱਖ-ਤਕਲੀਫ਼ਾਂ ਕੱਟਕੇ ਪੜ੍ਹਾਇਆ। ਅੱਜ ਜਦੋਂ ਉਹਨਾਂ ਦੀ ਸੇਵਾ ਕਰਨ ਦੀ ਵਾਰੀ ਆਈ , ਉਹਨਾਂ ਤੋਂ ਕਿਵੇਂ ਮੂੰਹ ਫੇਰ ਲਵਾਂ, ਜਦੋਂ ਅੱਜ ਮੈਂ ਕੁੱਝ ਆਪਣੇ ਪਰਿਵਾਰ ਵਾਸਤੇ ਕਰਨਾ ਚਾਹੁੰਦਾ ਹਾਂ । ਉਸ ਸਮੇਂ ਇਸ ਤਰ੍ਹਾਂ ਦੀ ਸਥਿਤੀ ਦਾ ਕਿਸ ਤਰ੍ਹਾਂ ਸਾਹਮਣਾ ਕਰਾ, ਮੈਨੂੰ ਕੁੱਝ ਵੀ ਸਮਝ ਨਹੀ ਆ ਰਿਹਾ। ਮੈਨੂੰ ਤਾਂ ਇਹ ਅਲੱਗ ਹੋਣ ਵਾਲੀ ਗੱਲ ਦਾ ਜਦੋਂ ਵੀ ਖਿਆਲ ਆਉਦਾ ਹੈ। ਮੇਰੀ ਤਾਂ ਤ੍ਰਾਹ ਹੀ ਨਿਕਲ ਜਾਂਦੀ ਹੈ।ਆਪਾਂ ਸਾਰੇ  ਵੀ ਇਹ ਗੱਲ ਸਮਝਦੇ ਹਾ ਕਿ ਮਾਪਿਆ ਨੇ ਅਤੇ ਭੈਣਾਂ ਭਰਾਵਾਂ ਨੇ ਸਾਰੀ ਉਮਰ ਇੱਕਠਿਆ ਨਹੀ ਰਹਿਣਾ ਹੁੰਦਾ,ਪਰ ਜਦੋਂ ਮੈਂ ਆਪਣੇ ਪਰਿਵਾਰ ਵਾਰੇ ਸੋਚਦਾ ਹਾਂ ਤਾਂ ਮੇਰੀਆ ਸਾਰੀਆਂ ਸੋਚਾਂ ਧਰੀਆਂ ਧਰਾਈਆ ਰਹਿ ਜਾਂਦੀਆ ਹਨ।ਕੱਲ੍ਹ ਨੂੰ ਜੇ ਮੈਂ ਇਸ ਗੱਲ ਵਾਸਤੇ ਮੰਨ ਵੀ ਜਾਂਦਾ ਹਾਂ ਤਾਂ ਤੁਸੀਂ ਅਤੇ ਸਾਰੇ ਰਿਸ਼ਤੇਦਾਰ ਮੈਨੂੰ ਭਗੋੜਾ ਕਰਾਰ ਦੇਵੋਗੇ" ਗੁਰਵੀਰ ਨੇ ਭਾਵੁਕਤਾ ਨਾਲ ਇਹ ਸਭ ਕੁੱਝ ਕਿਹਾ।
                      "ਗੁਰਵੀਰ ਤੈਂ ਕੋਈ ਇਸ ਦਾ ਹੱਲ ਤਾਂ ਸੋਚਿਆ ਹੋਣੈ"। ਮੈਂ ਉਸ ਦੀ ਅੰਦਰ ਦੀ ਵਿਆਕੁਲਤਾ ਨੂੰ ਸਮਝਦੇ ਹੋਏ ਗੱਲ ਮੋੜਨ ਦੀ ਕੋਸ਼ਿਸ਼ ਕੀਤੀ।
           " ਹਾਂ, ਯਾਰ! ਸੋਚਿਆ"। ਗੁਰਵੀਰ ਨੇ ਗੰਭੀਰਤਾ ਅਤੇ ਠੰਡਾ ਜਿਹਾ ਹਉਕਾ ਭਰਦੇ ਹੋਏ ਕਿਹਾ।
      " ਕੀ"? ਮੈਂ ਸੁਣਨ ਲਈ ਪੱਬਾਂ ਭਾਰ ਹੋ ਗਿਆ।
" ਇਹ ਕਿ ਮੇਰੇ ਲਈ ਕੋਈ ਸ਼ਹਿਰ ਵਿੱਚ ਕਮਰਾ ਲੱਭ। ਮੈਂ ਅਲੱਗ ਤਾਂ ਅਜੇ ਹੋਣਾ ਨਹੀ, ਪਰ ਘਰਵਾਲੀ ਨੂੰ ਬੱਚਾ ਹੋਣਾ ਤੈਨੂੰ ਪਤਾ ਹੀ ਇਸ ਲਈ ਡਰਦਾ ਹਾਂ ਕਿ ਕਲੇਸ਼ ਨੂੰ ਲੈ ਕੇ ਕੋਈ ਬੱਚੇ ਉਪੱਰ ਜਾਂ ਘਰਵਾਲੀ ਉੱਪਰ ਮਾੜਾ ਅਸਰ ਨਾ ਜਾਵੇ। ਇਸ ਕਰਕੇ ਜਿੰਨਾਂ ਚਿਰ ਬੱਚੇ ਦਾ ਜਨਮ ਨਹੀ ਹੁੰਦਾ । ਮੈਂ ਸੋਚਦਾ ਹਾਂ ਕਿ ਕਿਤੇ ਕਿਰਾਏ ਤੇ ਕਮਰਾ ਲੈ ਕੇ ਰਹਿ ਲਵਾਂ, ਹੋ ਸਕਦਾ ਕਿ ਇਸ ਨਾਲ ਕਲੇਸ਼ ਵੀ ਮਿਟ ਜਾਵੇ ਨਾਲੇ ਕਹਿੰਦੇ ਨੇ ਜਦੋਂ ਕੋਈ ਆਪਣਿਆ ਤੋਂ ਦੂਰ ਜਾਂਦਾ ਤਾਂ ਉਸ ਦਾ ਮੋਹ ਜਿਆਦਾ ਆਉਣ ਲੱਗ ਜਾਂਦਾ ਹੈ"।ਉਸ ਜੈਤੂ ਅੰਦਾਜ਼ ਵਿੱਚ ਗੱਲ ਮੁਕਾਈ।
              ਗੁਰਵੀਰ ਦੇ ਸ਼ਬਦਾਂ ਤੋ ਇੰਝ ਲਗਦਾ ਸੀ ਜਿਵੇਂ ਆਪਣੌ ਮੁਸੀਬਤ ਦਾ ਹੱਲ ਲੱਭ ਕੇ ਜਿੱਤ ਪ੍ਰਾਪਤ ਕਰ ਲਈ ਹੋਵੇ।ਗੁਰਵੀਰ ਦੀ ਸਾਰੀ ਗੱਲ ਸੁਣ ਕੇ ਮੈਂ ਵੀ ਗਹਿਰੀ ਸੋਚ ਵਿੱਚ ਗੁਆਚ ਗਿਆ, ਕਿਉਂ ਕਿ ਮੈਂ ਖੁਦ ਵੀ ਇਸ ਤਰ੍ਹਾਂ ਦੀ ਪੀੜਾ ਹੰਢਾ ਚੁੱਕਿਆ ਸੀ। ਇਸ ਕਰਕੇ ਮੈਂ ਆਪਣਾ ਤਜਰਬਾ ਗੁਰਵੀਰ ਨਾਲ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ।
                " ਦੇਖ, ਗੁਰਵੀਰ ਤੂੰ ਕੋਈ ਦੁਨੀਆਂ ਤੇ ਪਹਿਲਾ ਇਨਸਾਨ ਨਹੀ ਜਿਸ ਨਾਲ ਇਹ ਸਭ ਕੁੱਝ ਵਾਪਰ ਰਿਹਾ ਹੈ। ਮੈਂ ਵੀ ਇਹ ਸਭ ਕੁੱਝ ਹੰਢਾ ਚੁੱਕਿਆ ਹਾਂ। ਇਸ ਕਰਕੇ ਘਰੋਂ ਜਾਣ ਵਾਲੀ ਗੱਲ ਠੀਕ ਨਹੀ।ਮੇਰੇ ਤਜ਼ਰਬੇ ਅਨੁਸਾਰ ਮੈਂ ਤੈਨੂੰ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ"। ਮੇਰੀ ਗੱਲ ਮੁੱਕਣ ਸਾਰ ਜਿਵੇਂ ਜਸਵੀਰ ਦੇ ਚਿਹਰੇ ਤੇ ਰੌਣਕ ਆ ਗਈ ਹੋਵੇ।
       " ਯਾਰ ! ਕੀ – ਕੀ ? ਜਲਦੀ ਦੱਸ" ਉਸ ਨੇ ਉਤਸੁਕਤਾ ਨਾਲ ਪੁੱਛਿਆ।
          " ਤੁਸੀਂ ਇੰਝ ਕਿਉਂ ਨੀ ਕਰਦੇ , ਘਰਵਾਲੀ ਨੂੰ ਆਪਣੇ ਸਹੁਰੀ ਭੇਜ ਦੇ, ਇਸ ਨਾਲ ਜਿੱਥੇ ਤੇਰਾ ਸ਼ਹਿਰ ਦਾ ਕਿਰਾਇਆ ਬਚੇਗਾ, ਉੱਥੇ ਤੇਰਾ ਸਹੁਰਾ ਪਰਿਵਾਰ ਉਸ ਦੀ ਦੇਖਭਾਲ ਵੀ ਚੰਗੀ ਤਰ੍ਹਾਂ ਕਰੂ, ਕਿਉਂਕਿ ਇਸ ਸਮੇਂ ਉਸ ਨੂੰ ਸ਼ਾਤੀ ਦੇ ਨਾਲ ਨਾਲ ਦੇਖਭਾਲ ਦੀ ਵੀ ਬਹੁਤ ਜਰੂਰਤ ਹੈ"।ਕਿਉਂ ਕਿ ਤੈਂ ਤਾਂ ਡਿਊਟੀ ਤੇ ਸਕੂਲ ਚਲਿਆ ਜਾਇਆ ਕਰਨਾ, ਉਹ ਦੂਜੀ ਥਾਂ ਤੇ ਇੱਕਲੀ ਕਿਵੇਂ ਆਪਣਾ ਸਮਾਂ ਲਗਾਊ। ਮੈਂ ਆਪਣਾ ਸੁਝਾਅ ਉਸ ਦੇ ਅੱਗੇ ਰੱਖਿਆ।
             " ਪਰ , ਯਾਰ! ਮੈਂ ਉਸ ਨਾਲ ਇਹ ਗੱਲ ਪਹਿਲਾ ਹੀ ਕਰ ਚੁੱਕਿਆ ਹਾਂ, ਉਹ ਨਹੀ ਮੰਨਦੀ, ਉਹ ਕਹਿੰਦੀ ਐ, ਮੈਂ ਪੂਰੇ ਸਮੇਂ ਤੇ ਹੀ ਜਾਣਾ"। ਗੁਰਵੀਰ ਦੇ ਇਹਨਾਂ ਸ਼ਬਦਾਂ ਨੇ ਮੇਰੇ ਸੁਝਾਅ ਤੇ ਪਾਣੀ ਫੇਰ ਦਿੱਤਾ।
             " ਪਰ ਯਾਰ ! ਤੂੰ ਇਹ ਵੀ ਤਾਂ ਸੋਚ ਕੇ ਜੇ ਆਪਾਂ ਸ਼ਹਿਰ ਵਿੱਚ ਕਮਰਾ ਲੈ ਵੀ ਲਿਆ ਤਾਂ ਉਹ ਉੱਥੇ ਵਿਚਾਰੀ ਸਾਰਾ ਦਿਨ ਇਕੱਲੀ ਕਿਵੇਂ ਸਮਾਂ ਲੰਘਾਵੇਗੀ। ਇਸ ਨਾਲ ਤੇਰੀ ਮੁਸੀਬਤ ਹੋਰ ਵੀ ਵਧ ਜਾਵੇਗੀ"। ਮੈਂ ਉਸ ਨੂੰ ਸਮਝਾਉਣ ਦੇ ਇਰਾਦੇ ਨਾਲ ਦੁਬਾਰਾ  ਗੱਲ ਕਹੀ।
" ਪਰ ਯਾਰ ! ਹੁਣ ਵੀ ਤਾਂ ਉਹ ਸਾਰਾ ਦਿਨ ਅੰਦਰ ਹੀ ਬੈਠੀ ਰਹਿੰਦੀ ਆ, ਜੇ ਬਾਹਰ ਨਿਕਲਦੀ ਆ, ਕਦੇ ਮਾਤਾ ਜੀ ਕਦੇ ਭਰਜਾਈਆਂ ਕੁੱਝ ਨਾ ਕੁੱਝ ਗੱਲੀ ਬਾਤੀ ਕਹਿ ਦਿੰਦੀਆਂ ਨੇ , ਅੰਦਰ ਬੈਠੀ ਰੋਈ ਜਾਂਦੀ ਆ । ਇਹ ਵੀ ਦੇਖਣਾ ਬਹੁਤ ਔਖਾ ਲੱਗ ਰਿਹਾ। ਦੱਸ ਮੈਂ ਕਰਾਂ ਤਾਂ ਕੀ ਕਰਾਂ"। ਗੁਰਵੀਰ ਦੀ ਜਿਵੇਂ ਇਹਨਾਂ ਸ਼ਬਦਾਂ ਨਾਲ ਤ੍ਰਾਹ ਹੀ ਨਿਕਲ ਗਈ ਹੋਵੇ।
            "ਗੁਰਵੀਰ ਇੰਝ ਕਰ , ਆਪਣੇ ਕਿਸੇ ਸਾਂਝੇ ਰਿਸ਼ਤੇਦਾਰ ਨੂੰ ਬੁਲਾ ਲੈ, ਉਹੀ ਕੋਈ ਨਾ ਕੋਈ ਹੱਲ ਕਰ ਦੇਣਗੇ। ਮਾਤਾ ਜੀ ਨੂੰ ਸਮਝਾ ਦੇਣਗੇ"। ਮੈਂ ਗੱਲ ਨੂੰ ਸੁਲਝਾਉਣ ਦੇ ਲਿਹਜ਼ੇ ਨਾਲ ਕਿਹਾ।
" ਯਾਰ ! ਸਭ ਕੁੱਝ ਕਰ ਕੇ ਦੇਖ ਲਿਆ"। ਗੁਰਵੀਰ ਨੇ ਬੇਵਸੀ ਜ਼ਾਹਿਰ ਕੀਤੀ।
" ਕੋਈ ਗੱਲ ਨੀ, ਮਕਾਨ ਦੇਖ ਲੈਨੇ ਆ, ਤੇਰੀ ਸਾਰੀ ਕਹਾਣੀ ਸੁਣਨ ਤੋਂ ਬਾਅਦ ਤਾਂ ਇਹੀ ਉਚਿਤ ਲਗਦਾ ਹੈ ਕਿ ਸ਼ਹਿਰ 'ਚ ਹੀ ਮਕਾਨ ਲੈ ਲਈਏ"। ਉਦੋਂ ਤੱਕ ਮੇਰੀ ਪਤਨੀ ਦੁਬਾਰਾ ਚਾਹ ਲੈ ਕੇ ਆ ਗਈ। 
              ਤੁਰਨ  ਲੱਗੇ ਗੁਰਵੀਰ ਨੂੰ ਮੈਂ ਦੁਬਾਰਾ ਰਾਇ ਦੇਣ ਅਤੇ ਯਾਦ ਕਰਵਾਉਣ ਦੇ ਲਹਿਜ਼ੇ ਨਾਲ ਕਿਹਾ, " ਭਰਜਾਈ ਨਾਲ ਦੁਬਾਰਾ ਸਹੁਰੇ ਜਾਣ ਵਾਲੀ ਗੱਲ ਜਰੂਰ ਕਰੀ"। 
              ਇਸ ਤਰ੍ਹਾਂ ਅਸੀ ਮਕਾਨ ਦੀ ਭਾਲ ਵਿੱਚ ਲਗ ਗਏ ਅਤੇ ਸਮੇਂ ਸਮੇਂ ਤੇ ਇਸ ਵਿਸ਼ੇ ਤੇ ਗੱਲਬਾਤ ਕਰਦੇ ਰਹਿੰਦੇ।ਇੱਕ ਦਿਨ ਗੁਰਵੀਰ ਦਾ ਟੈਲੀਫੋਨ ਆਇਆ, " ਯਾਰ! ਮੈਨੂੰ ਤੇਰੇ ਵਾਲੀ ਗੱਲ ਠੀਕ ਲੱਗਦੀ ਆ, ਤੇਰੀ ਭਰਜਾਈ ਨੂੰ ਜਦੋਂ ਮੈਂ ਤੇਰੇ ਦੱਸੇ ਅਨੁਸਾਰ ਸਾਰੀ ਗੱਲ ਦੱਸੀ ਉਹ ਵੀ ਇਸ ਲਈ ਸਹਿਮਤ ਹੋ ਗਈ।ਸ਼ਹਿਰ ਵਿੱਚ ਇੱਕਲੇ ਰਹਿਣ ਵਾਲੀ ਗੱਲ ਮੈਨੂੰ ਵੀ ਤੇ ਤੇਰੀ ਭਰਜਾਈ ਨੂੰ ਵੀ ਠੀਕ ਨਹੀ ਲੱਗੀ । ਇਸ ਲਈ ਉਹ ਬੁੱਧਵਾਰ ਨੂੰ ਚਲੀ ਜਾਵੇਗੀ"।
                  ਗੁਰਵੀਰ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿਉਂ ਕਿ ਸ਼ਹਿਰ ਵਿੱਚ ਇਕੱਲੀ ਭਰਜਾਈ ਨੂੰ ਇਸ ਹਾਲਤ ਵਿੱਚ ਰਹਿਣ ਦੇ ਹੱਕ ਵਿੱਚ ਮੈਂ ਵੀ ਨਹੀ ਸਾਂ, ਭਾਵੇਂ ਮੈਂ ਜਸਵੀਰ ਦੀ ਕਹਾਣੀ ਸੁਣ ਕੇ ਉਸ ਨਾਲ ਸ਼ਹਿਰ ਵਿੱਚ ਮਕਾਨ ਲੱਭਣ ਲਈ ਹਾਂ ਕਰ ਦਿੱਤੀ ਸੀ।
                  ਇਸ ਤਰ੍ਹਾਂ ਸਮਾਂ ਬੀਤਦਾ ਗਿਆ।ਗੁਰਵੀਰ ਦੇ ਘਰ ਚੰਨ ਵਰਗੇ ਪੁੱਤਰ ਨੇ ਜਨਮ ਲਿਆ।ਗੁਰਵੀਰ ਨੇ ਮਾਤਾ ਜੀ ਅਤੇ ਭਾਈਆਂ- ਭਰਜਾਈਆਂ ਨੂੰ ਜਦੋਂ ਇਹ ਖੁਸ਼ੀ ਸਾਰਿਆਂ ਨੂੰ ਦੱਸੀ ਤਾਂ ਮਾਤਾ ਜੀ ਦਾ ਤਾਂ ਚਾਅ ਹੀ ਨਾ ਚੱਕਿਆ ਜਾਵੇ। ਭਰਜਾਈਆਂ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਭਾਵੇਂ ਉਹਨਾਂ ਉਪਰਲੇ ਮਨੋ ਹੀ ਕੀਤੀ। ਇਸ ਤਰ੍ਹਾਂ ਲੋਹੜੀ ਦੇ ਤਿਉਹਾਰ ਤੇ ਅਸੀਂ ਸਾਰੇ ਦੋਸਤ ਇੱਕਠੇ ਹੋਏ ਅਤੇ ਖੂਬ ਖੁਸ਼ੀਆਂ ਮਨਾਈਆਂ ।ਗੁਰਵੀਰ ਦੇ ਚਿਹਰੇ ਦੀ ਰੌਣਕ ਦੇਖਣ ਵਾਲੀ ਬਣਦੀ ਸੀ ਜੋ ਉਸ ਨੂੰ ਪੁੱਤਰ ਦੇ ਆਉਣ ਦੀ ਖੁਸ਼ੀ ਦੀ ਨਹੀਂ ਸੀ ਸਗੋਂ ਪਰਿਵਾਰ ਦੇ ਇੱਕਠੇ ਹੋਣ ਦੀ ਜ਼ਿਆਦਾ ਸੀ। ਇਸ ਤਰ੍ਹਾਂ ਪੰਜ ਸਾਲ ਬੀਤ ਗਏ ਅਤੇ ਗੁਰਵੀਰ ਆਪਣੇ ਪਰਿਵਾਰ ਵਾਸਤੇ ਜੋ ਕਰਨਾ ਚਾਹੁੰਦਾ ਸੀ । ਉਹ ਕਰ ਗੁਜਰਿਆਂ ਉਸ ਨੇ ਆਪਣੇ ਦੋਵਾਂ ਭਰਾਵਾਂ ਨੂੰ ਦੁਕਾਨਾਂ ਬਣਾ ਕੇ ਦੇ ਦਿੱਤੀਆਂ , ਉਹ ਅੱਜ ਆਪਣਾ ਵਧੀਆਂ ਗੁਜ਼ਾਰਾ ਕਰਦੇ ਹਨ।ਇਸ ਲਈ ਅੱਜ ਵੀ ਸਾਰਾ ਪਰਿਵਾਰ ਇਕੱਠਾ ਰਹਿੰਦਾ ਹੈ।