ਉਡੀਕ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇੱਕ ਦਿਨ ਦਾ ਮੇਲਾ ਹੈ ,
ਰੋਜ਼ ਸੂਰਜ ਨੇ  ਡੁਬਣਾ  ਹੈ   ।
ਕਦੀ ਕਿਰਨਾ ਨੇ ਚੁਮਨਾ  ਹੈ ,
ਕਦੀ ਧੁੱਪਾਂ ਨੇ ਰੁਸਨਾ ਹੈ  ।
ਕਦੀ ਇੱਕ ਮਹਿਕ ਆਵੇ ਗੀ ,
ਮੇਰੇ ਨਾਲ ਖਹਿ ਕੇ  ਜਾਵੇ ਗੀ ,
ਉਸ ਨੂੰ ਕਿੰਝ ਫੜਨਾ ਹੈ ,
ਤੇਰਾ ਪਤਾ ਜੋ ਪੁਛਣਾ ਹੈ ।
ਇਹ ਕਿੰਝ ਦਾ ਮੌਸਮ ਹੈ ,
ਪਰਾਈ ਨਜ਼ਰ ਮੈਨੂੰ ਦੇਖੇ ,
ਅਜੇ ਪਤਝੜ ਨਹੀਂ ਆਈ ,
ਕਿਉਂ ਫੁੱਲਾਂ  ਨੇ ਸੁਕਨਾ ਹੈ  ।
ਇਕ ਵਹਿੰਦਾ ਪਾਣੀ ਏਂ ,
ਇਹ ਜ਼ਿੰਦਗੀ  ਦੇ ਅੱਖਰ ਨੇ ,
ਦਿੰਨ ਹੁੰਦੇ ਪੜ ਲੈਣਾ , 
ਨਹੀਂ  ਇਸ ਨੇ ਰੁਕਨਾ  ਹੈ  ।
ਖਾਬਾਂ ਦੀ  ਕਿਣ ਮਿਣ ਏਂ ,
ਬੜੀ ਲੰਮੀਂ  ਝੜੀ ਲੱਗੀ ,
ਤੇਰੀ ਦਸਤਕ  ਤੋਂ ਪਹਿਲੇ ਨਾਂ  ,
ਇਸ ਬਰਸਾਤ ਨੇ  ਮੁਕਣਾ ਹੈ ।
ਜੋ ਮੈਨੂੰ ਛੂਹ  ਕੇ ਲੰਘਿਆ ਏ , 
ਇੱਕ ਹਵਾ ਦਾ ਬੁੱਲ੍ਹਾ ਏ ,
ਕਦੀ ਕੌੜਾ ,ਕਦੀ ਮਿੱਠਾ ,
ਇਸ ਨੇ ਰੋਜ਼ ਉਡਣਾ ਹੈ  ।