ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ (ਖ਼ਬਰਸਾਰ)


ਲੁਧਿਆਣਾ -- ਪੰਜਾਬੀ ਸਾਹਿਤ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਹਮੇਸ਼ਾਂ ਬਹੁ-ਚਰਚਿਤ ਹੁੰਦੀਆਂ ਹਨ ਕਿਉਂਕਿ ਇਸ ਅਕਾਦਮੀ ਨਾਲ ਚੁਣੇ ਹਰੇਕ ਸਾਹਿਤਕਾਰ ਦੀ ਦਿਲੀ ਇੱਛਾ ਹੁੰਦੀ ਹੈ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਕੋਈ ਯਤਨ ਕਰਕੇ ਇਸ ਦੀ ਕੋਈ ਨਾ ਕੋਈ ਅਹੁਦੇਦਾਰੀ ਪ੍ਰਾਪਤ ਜ਼ਰੂਰ ਕਰੇ | ਪਿਛਲੇ ਕੁਝ ਦਿਨਾਂ ਤੋਂ ਇਸ ਅਕਾਦਮੀ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਅਹੁਦੇਦਾਰੀਆਂ ਲਈ ਚੋਣਾਂ ਲੜ ਰਹੇ ਉਮੀਦਵਾਰਾਂ ਵੱਲੋਂ ਆਪਣੇ ਹੱਕ ਵਿਚ ਫਤਵਾ ਲੈਣ ਲਈ ਵੋਟਰ ਮੈਂਬਰਾਂ ਨਾਲ ਨੇੜੇ ਦਾ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ ਅਤੇ ਅੱਜ ਇਸ ਬਹੁ-ਵੱਕਾਰੀ ਅਕਾਦਮੀ ਦੀਆਂ ਚੋਣਾਂ ਮੁੱਖ ਚੋਣ ਅਧਿਕਾਰੀ ਮਲਕੀਅਤ ਸਿੰਘ ਔਲਖ ਅਤੇ ਉਨ੍ਹਾਂ ਦੇ ਸਹਾਇਕਾਂ ਦੀ ਅਗਵਾਈ ਵਿਚ ਕਰਵਾਈਆਂ ਗਈਆਂ, ਜਿਨ੍ਹਾਂ ਦੇ ਨਤੀਜੇ ਬਹੁਤ ਹੀ ਦਿਲਚਸਪ ਰਹੇ | ਅਕਾਦਮੀ ਦੀਆਂ ਦੇਰ ਰਾਤ ਮੁਕੰਮਲ ਹੋਈਆਂ ਚੋਣਾਂ ਵਿਚ ਡਾ. ਸੁਖਦੇਵ ਸਿੰਘ ਸਿਰਸਾ ਸਿੱਧੇ ਮੁਕਾਬਲੇ ਵਿਚ ਕਸ਼ਮੀਰੀ ਲਾਲ ਚਾਵਲਾ ਨੂੰ ਹਰਾ ਕੇ ਮੁੜ ਪ੍ਰਧਾਨ ਚੁਣੇ ਗਏ |


ਇਸ ਮੌਕੇ ਅਕਾਦਮੀ ਦੇ ਲਗਪਗ 1700 ਮੈਂਬਰਾਂ ਵਿਚੋਂ ਕੁੱਲ 669 ਵੋਟਰਾਂ ਨੇ ਇਸ ਚੋਣ ਵਿਚ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨ੍ਹਾਂ ਵਿਚੋਂ ਡਾ: ਸਿਰਸਾ ਨੂੰ 559 ਵੋਟਾਂ ਜਦਕਿ ਸ੍ਰੀ ਚਾਵਲਾ ਨੂੰ ਸਿਰਫ਼ 104 ਵੋਟਾਂ ਮਿਲੀਆਂ ਅਤੇ 6 ਵੋਟਾਂ ਰੱਦ ਹੋ ਗਈਆਂ | ਡਾ. ਸਿਰਸਾ ਲਗਾਤਾਰ ਦੂਜੀ ਵਾਰ ਅਕਾਦਮੀ ਦੇ ਪ੍ਰਧਾਨ ਚੁਣੇ ਗਏ ਜਦਕਿ ਜਨਰਲ ਸਕੱਤਰ ਦੇ ਅਹੁਦੇ ਲਈ ਡਾ: ਸੁਰਜੀਤ ਪਹਿਲਾਂ ਹੀ ਬਿਨਾ ਮੁਕਾਬਲਾ ਜੇਤੂ ਬਣ ਚੁੱਕੇ ਹਨ | ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ: ਅਨੂਪ ਸਿੰਘ ਬਟਾਲ਼ਾ ਨੇ ਆਪਣੇ ਵਿਰੋਧੀ ਕੁਲਦੀਪ ਸਿੰਘ ਬੇਦੀ ਨੂੰ ਫਸਵੇਂ ਮੁਕਾਬਲੇ ਦੌਰਾਨ ਸਿਰਫ਼ 6 ਵੋਟਾਂ ਦੇ ਫ਼ਰਕ ਨਾਲ ਹਰਾਇਆ | ਦਿਲਚਸਪ ਤੱਥ ਇਹ ਹੈ ਕਿ ਡਾ: ਅਨੂਪ ਸਿੰਘ ਨੇ ਚੋਣ ਮੈਦਾਨ ਵਿਚੋਂ ਹਟ ਜਾਣ ਬਾਰੇ ਚੋਣ ਅਧਿਕਾਰੀ ਨੂੰ ਪੱਤਰ ਵੀ ਭੇਜ ਦਿੱਤਾ ਸੀ ਪਰ ਚੋਣ ਅਧਿਕਾਰੀ ਨੇ ਉਨ੍ਹਾਂ ਦੀ ਨਾਮਜਦਗੀ ਵਾਪਸ ਕਰਨ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਨਾਮਜਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ 3 ਅਪ੍ਰੈਲ ਸੀ ਪਰ ਉਨ੍ਹਾਂ ਦਾ ਪੱਤਰ ਚੋਣ ਅਧਿਕਾਰੀ ਨੂੰ ਬਾਅਦ ਵਿਚ ਮਿਲਿਆ | ਇਸ ਦੇ ਬਾਵਜੂਦ ਵੋਟਰਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਡਾ: ਅਨੂਪ ਸਿੰਘ ਨੂੰ ਜਿਤਾ ਦਿੱਤਾ | ਡਾ. ਅਨੂਪ ਸਿੰਘ ਨੂੰ 316 ਵੋਟਾਂ ਅਤੇ ਕੁਲਦੀਪ ਸਿੰਘ ਬੇਦੀ ਨੂੰ 310 ਵੋਟਾਂ ਪਈਆਂ ਜਦਕਿ 41 ਵੋਟਾਂ ਰੱਦ ਹੋ ਗਈਆਂ | ਇਸ ਤੋਂ ਪਹਿਲਾਂ ਵੀ ਡਾ. ਅਨੂਪ ਸਿੰਘ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ 'ਤੇ ਰਹਿ ਚੁੱਕੇੇ ਹਨ | ਦੇਰ ਰਾਤ ਨਤੀਜਿਆਂ ਦਾ ਐਲਾਨ ਮੁੱਖ ਚੋਣ ਅਧਿਕਾਰੀ ਮਲਕੀਅਤ ਸਿੰਘ ਔਲਖ ਨੇ ਕੀਤਾ | ਮੀਤ ਪ੍ਰਧਾਨ ਦੇ ਅਹੁਦੇ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਖਿੱਤੇ ਵਿਚੋਂ ਚਾਰ ਮੀਤ ਪ੍ਰਧਾਨ ਚੁਣੇ ਗਏ ਹਨ, ਜਿਨ੍ਹਾਂ ਵਿਚ ਖੁਸ਼ਵੰਤ ਬਰਗਾੜੀ, ਤਰੈਲੋਚਨ ਲੋਚੀ, ਡਾ: ਗੁਰਚਰਨ ਕੌਰ ਕੋਚਰ, ਸੁਰਿੰਦਰ ਸਿੰਘ ਕੈਲੇ ਸ਼ਾਮਿਲ ਹਨ | ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰ ਦੇ ਮੀਤ ਪ੍ਰਧਾਨਾਂ ਵਿਚ ਡਾ: ਸੁਦਰਸ਼ਨ ਗਾਸੋ ਜੇਤੂ ਰਹੇ | ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਿਚ ਸਹਿਜਪ੍ਰੀਤ ਸਿੰਘ ਮਾਂਗਟ, ਸ੍ਰੀ ਰਾਮ ਅਰਸ਼, ਭੁਪਿੰਦਰ ਸਿੰਘ ਸੰਧੂ ਅੰਮਿ੍ਤਸਰ, ਅਜੀਤ ਪਿਆਸਾ, ਸਰੂਪ ਸਿੰਘ ਅਲੱਗ, ਸੁਖਦਰਸ਼ਨ ਗਰਗ, ਹਰਪ੍ਰੀਤ ਹੁੰਦਲ, ਗੁਲਜ਼ਾਰ ਸਿੰਘ ਸ਼ੌਾਕੀ, ਭਗਵੰਤ ਸਿੰਘ ਸੰਗਰੂਰ, ਮਨਜਿੰਦਰ ਸਿੰਘ ਧਨੋਆ, ਭਗਵੰਤ ਸਿੰਘ ਰਸੂਲਪੁਰੀ ਚੁਣੇ ਗਏ ਹਨ | ਇਸ ਤੋਂ ਪਹਿਲਾਂ ਡਾ: ਸ਼ਰਨਜੀਤ ਕੌਰ, ਦਵਿੰਦਰ ਦਿਲਰੂਪ, ਹਰਵਿੰਦਰ ਸਿਰਸਾ ਅਤੇ ਹਰਦੇਵ ਸਿੰਘ ਗਰੇਵਾਲ ਵੀ ਪ੍ਰਬੰਧਕੀ ਬੋਰਡ ਦੇ ਮੈਂਬਰ ਵਜੋਂ ਪਹਿਲਾਂ ਹੀ ਬਿਨਾ ਮੁਕਾਬਲਾ ਜਿੱਤ ਚੁੱਕੇ ਹਨ |

ਸਲੇਮਪੁਰੀ