ਹੀਰ (ਭਾਗ-1) (ਕਿੱਸਾ ਕਾਵਿ)

ਵਾਰਿਸ ਸ਼ਾਹ   

Address:
ਸ਼ੇਖੂਪੁਰਾ Pakistan
ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਸ ਅੰਕ ਤੋਂ ਅਸੀਂ ਸਯਦ ਵਾਰਿਸ ਸ਼ਾਹ ਦੀ ਹੀਰ ਲੜੀਵਾਰ ਦੇ ਰਹੇ ਹਾਂ। ਇਸ ਦਾ ਪੰਜਾਬੀ ਲਿੱਪੀ 'ਚ ਤਰਜਮਾ ਸਿਬਤੁਲ ਹਸਨ ਜ਼ੈਗਮ ਹੁਰਾਂ ਦੀ ਸੋਚ ਦੇ ਸਬੱਬ ਨਾਲ ਹੈ। ਇਸ ਅੰਕ ਵਿਚ ਅਸੀਂ ਉਨ੍ਹਾਂ ਦਾ ਲਿਖਿਆ ਹੋਇਆ ਮੁਖ ਬੰਧ ਦੇ ਰਹੇ ਹਾਂ ਜਿਸ ਨਾਲ ਪਾਠਕਾਂ ਨੂੰ ਇਸ ਪੁਸਤਕ ਬਾਰੇ ਕਾਫੀ ਜਾਣਕਾਰੀ ਮਿਲੇਗੀ । ਇਹ ਕਿੱਸਾ ਅਸੀਂ ਅਜਮੇਰ ਕਵੈਂਟਰੀ ਦੁਆਰਾ ਛਪੀ ਪੁਸਤਕ ਵਿਚੋਂ ਧੰਨਵਾਦ ਸਹਿਤ ਦੇ ਰਹੇ ਹਾਂ। - ਸੰਪਾਦਕ

ਇਸ ''ਹੀਰ'' ਬਾਰੇ

ਵਾਰਸ ਸ਼ਾਹ ਹੋਰਾਂ ਦੀ ਮਹਾਨ ਕਿਰਤ ‘‘ਹੀਰ’’ ਵਿੱਚ ਭਰਤੀ ਅਤੇ ਰਲੇ ਦੀਆਂ ਬੈਂਤਾਂ ਥੋਕ ਦੇ ਭਾ ਹੋਣ ਦਾ ਕਿੱਸਾ ਹਰ ਕੋਈ ਜਾਣਦਾ ਹੈ। ਇਸ ਬਾਰੇ ਜਾਇਜ਼ ਰੌਲਾ ਵੀ ਪੈਂਦਾ ਰਿਹਾ ਅਤੇ ਕੁਝ ਲੇਖਕਾਂ ਅਤੇ ਖੋਜਕਾਰਾਂ ਨੇ ਵਾਰਸ ਸ਼ਾਹ ਦੀ ਹੀਰ ਦਾ ਸਾਫ ਸੁਥਰਾ ਮਤਨ ਸਥਾਪਤ ਕਰਨ ਦੇ ਮਹਾਨ ਉੱਦਮ ਕੀਤੇ। ਇੱਕ ਵੱਡੀ ਹਿੰਮਤ
ਜਨਾਬ ਅਬਦੁਲ ਅਜ਼ੀਜ਼ ਬਾਰ ਐਟ ਲਾ ਦੀ ਹੈ ਜਿੰਨ੍ਹਾਂ ਨੇ ਵਾਰਸ ਸ਼ਾਹ ਦੀ ਹੀਰ ਰਲੇ ਤੋਂ ਸਾਫ ਕਰਕੇ ਐਮ.ਏ. ਅਤੇ ਸੀ.ਐਸ.ਐਸ. ਦੇ ਵਿਦਿਆਰਕੀਆਂ ਲਈ ਛਾਪੀ। ਇਹ ਸ਼ਾਹਮੁਖੀ ਲਿਪੀ ਵਿੱਚ ਹੈ।
‘‘ਹੀਰ’’ ਵਿੱਚ ਭਰਤੀ ਦੀਆਂ ਬੈਂਤਾਂ ਦੇ ਨਾਲ-ਨਾਲ ਵਾਰਸ ਸ਼ਾਹ ਦੀ ਯਾਦ ਬਨਾਉਣ ਲਈ ਪੰਜਾਬ (ਪਾਕਿਸਤਾਨ) ਸਰਕਾਰ ਨੇ ਇੱਕ ਵਾਰਸ ਸ਼ਾਹ ਮੈਮੋਰੀਅਲ ਕਮੇਟੀ ਬਣਾਈ। ਇਸ ਕਮੇਟੀ ਨੇ ਵਾਰਸ ਸ਼ਾਹ ਜੀ ਦੇ ਜਨਮ ਅਸਥਾਨ ਜੰਡਿਆਲਾ ਸੇਰ ਖਾਂ, ਜ਼ਿਲ੍ਹਾ ਸ਼ੇਖੂਪੁਰ ਵਿੱਚ ਉਨ੍ਹਾਂ ਦਾ ਮਜ਼ਾਰ ਤਿਆਰ ਕਰਵਾਇਆ ਅਤੇ
ਵਾਰਸ ਸ਼ਾਹ ਨੂੰ ਉਰਦੂ ਜਗਤ ਨਾਲ ਪਛਾਣ ਕਰਾਉਣ ਲਈ ਮੁਹੰਮਦ ਸ਼ਰੀਫ ਸਾਬਰ ਹੋਰਾਂ ਤੋਂ ਇੱਕ ਪੁਸਤਕ ਤਿਆਰ ਕਰਵਾਈ। ਇਹ ਪੁਸਤਕ 1986 ਵਿੱਚ ਛਪੀ। ਭਾਰਤੀ ਪੰਜਾਬ ਦੇ ਸ਼ਾਹਮੁਖੀ ਨਾ ਪੜ੍ਹ ਸਕਣ ਵਾਲੇ ਵਾਸੀ ਅਸਲੀ ‘ਹੀਰ’ ਤੋਂ ਸੱਖਣੇ ਰਹੇ। ਅਸੀਂ ਸ਼ਾਹਮੁਖੀ ਲਿਪੀ ਵਿੱਚੋਂ ਗੁਰਮੁਖੀ ਲਿਪੀ ਵਿੱਚ ‘ਹੀਰ’ ਛਾਪਣ ਦਾ ਇਹ ਉਪਰਾਲਾ ਉਨ੍ਹਾਂ ਪਾਠਕਾਂ ਲਈ ਕੀਤਾ ਹੈ ਜਿਹੜੇ ਕਈ ਕਾਰਨਾਂ ਕਰਕੇ ਸ਼ਾਹਮੁਖੀ ਨਹੀਂ ਪੜ੍ਹ ਸਕਦੇ ਅਤੇ ਭਰਤੀ ਦੇ ਸਿਅਰਾਂ ਤੋਂ ਸਾਫ ਕੀਤੀ ‘ਹੀਰ’ ਦਾ ਅਨੰਦ ਨਹੀਂ ਮਾਣ ਸਕਦੇ। ਮੁੱਖ ਤੌਰ ਤੇ ਇਸ ਪੁਸਤਕ ਦਾ ਮਤਨ ਸ੍ਰੀ ਮੁਹੰਮਦ ਸ਼ਰੀਫ ਸਾਬਰ ਹੋਰਾਂ ਦੀ ਉਸ ‘ਹੀਰ’ ਵਾਲਾ ਹੈ ਜੋ ਵਾਰਸ ਸ਼ਾਹ ਮੈਮੋਰੀਅਲ ਕਮੇਟੀ ਮਹਿਕਮਾ ਇਤਲਾਆਤ, ਸਕਾਫਤ ਵ ਸਿਆਹਤ ਹਕੂਮਤ ਪੰਜਾਬ, ਲਾਹੌਰ ਪਾਕਿਸਤਾਨ ਨੇ 1986 ਵਿੱਚ ਛਾਪੀ ਸੀ। ਇਸ ਪੁਸਤਕ ਵਿੱਚ ਬੰਦਾਂ ਉੱਤੇ ਕੋਈ ਸ਼ੀਰਸ਼ਕ ਨਹੀਂ ਹਨ। ਸ਼ੀਰਸ਼ਕ ਦੇਣ ਲਈ ਅਸੀਂ ਜਨਾਬ ਅਬਦੁਲ ਅਜ਼ੀਜ਼ ਬਾਰ ਐਟ ਲਾ ਦੀ ਤਰਤੀਬ ਦਿੱਤੀ ਹੋਈ ਹੀਰ ਦੀ ਸਹਾਇਤਾ
ਲਈ ਅਤੇ ਇਸ ਪੁਸਤਕ ਵਿਚ ਬੰਦਾਂ ਦੇ ਸ਼ੀਰਸ਼ਕ ਦੇ ਦਿੱਤੇ ਹਨ। ਸਾਬਰ ਜੀ ਦੀ ਹੀਰ ਦਾ ਆਧਾਰ ਵੀ ਜਨਾਬ ਅਬਦੁਲ ਅਜ਼ੀਜ਼ ਜੀ ਦੀ ‘ਹੀਰ’ ਹੀ ਹੈ। ਸ਼ੀਰਸ਼ਕਾਂ ਦੇ ਸੁਝਾਉ ਲਈ ਮੈਂ ਜਨਾਬ ਡਾਕਟਰ ਅਖ਼ਤਰ ਹੁਸੈਨ ਅਖਤਰ ਸੰਪਾਦਕ ਮਾਸਕ ਪੰਜਾਬੀ ਪੱਤਰ ‘ਲਹਿਰਾਂ’ ਲਾਹੌਰ ਦਾ ਰਿਣੀ ਹਾਂ।
‘‘ਵਾਰਸ ਸ਼ਾਹ ਹੋਰਾਂ ਦੀ ਗ਼ੈਰਫਾਨੀ ਤਸਨੀਫ ‘ਹੀਰ’ ਇੱਕ ਅਜੇਹੀ ਮਸਨਵੀ ਏ ਜਿਹੜੀ ਹਰ ਹੈਸੀਅਤ ਨਾਲ ਮੁਕੰਮਲ ਏ।.....ਵਾਰਸ ਸ਼ਾਹ ਹੋਰੀਂ ਖ਼ੁਦ ਫਰਮਾਉਂਦੇ ਨੇ; ਇਹ ਕੁਰਾਨ ਮਜੀਦ ਦੇ ਮਾਅਨੇ ਨੀ, ਜਿਹੜੇ ਸ਼ਿਅਰ ਮੀਏਂ ਵਾਰਸ ਸ਼ਾਹ ਦੇ ਨੇ।’’

ਸੱਯਦ ਸਿਬਤੁਲ ਹਸਨ ਜ਼ੈਗ਼ਮ

1 ਅੱਵਲ ਰੱਬ ਦਾ ਨਾਮ ਧਿਆਈਏ ਜੀ
ਅੱਵਲ ਹਮਦ ਖ਼ੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ
ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ ਮਾਅਸ਼ੂਕ ਹੈ ਨਬੀ ਰਸੂਲ ਮੀਆਂ
ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ
ਖੁਲ੍ਹੇ ਤਿਨ੍ਹਾਂ ਦੇ ਬਾਬਾ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ

2. ਰਸੂਲ ਕਰੀਮ ਦੀ ਸਿਫਤ ਵਿੱਚੱ
ਦੂਈ ਨਾਅਤ ਰਸੂਲ ਮਕਬੂਲ ਵਾਲੀ ਜੈਂ ਦੇ ਹੱਕ ਨਜ਼ੂਲ ਲੌਲਾਕ ਕੀਤਾ
ਖ਼ਾਕੀ ਆਖ ਕੇ ਮਰਤਬਾ ਬਿਦਾ ਦਿੱਤਾ ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾ
ਸਰਵਰ ਹੋਇਕੇ ਔਲੀਆਂ ਅੰਬੀਆਂ ਦਾ ਅੱਗੇ ਹੱਕ ਦੇ ਆਪ ਨੂੰ ਪਾਕ ਕੀਤਾ
ਕਰੇ ਉਮੰਤੀ ਉਮੰਤੀ ਰੋਜ਼ ਮਹਿਸ਼ਰ ਖੁਸ਼ੀ ਛੱਡ ਕੇ ਜਿਊ ਗ਼ਮਨਾਕ ਕੀਤਾ

3. ਰਸੂਲ ਸ਼ਰੀਫ ਦੇ ਚੌਹਾਂ ਸਾਥੀਆਂ ਦੀ ਸਿਫਤ ਵਿਚ
ਚਾਰੇ ਯਾਰ ਰਸੂਲ ਦੇ ਚਾਰ ਗੌਹਰ ਸੱਭਾ ਇੱਥ ਥੀਂ ਇੱਕ ਚੜ੍ਹੰਦੜੇ ਨੇ
ਅਬੂ ਬਕਰ ਤੇ ਉਮਰ, ਉਸਮਾਨ, ਅਲੀ, ਆਪੋ ਆਪਣੇ ਗੁਣੀਂ ਸੁਹੰਦੜ ਨੇ
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ ਰਾਹ ਰਬ ਦੇ ਸੀਸ ਵਕੰਦੜੇ ਨੇ
ਜ਼ੌਕ ਛੱਡ ਕੇ ਜਿਨ੍ਹਾਂ ਨੇ ਜ਼ੁਹਦ ਕੀਤਾ ਵਾਹ ਵਾਹ ਉਹ ਰਬ ਦੇ ਬੰਦੜੇ ਨੇ

4. ਪੀਰ ਦੀ ਸਿਫਤ ਵਿੱਚ
ਮਦ੍ਹਾ ਪੀਰ ਦੀ ਹੁਬ ਦੇ ਨਾਲ ਕੀਤੇ ਜੈਂ ਦੇ ਖ਼ਾਦਮਾਂ ਦੇ ਵਿੱਚ ਪੀਰੀਆਂ ਨੀ
ਬਾਝ ਏਸ ਜਨਾਬ ਦੇ ਬਾਰ ਨਾਹੀਂ ਲਖ ਢੂੰਡਦੇ ਫਿਰਨ ਫਕੀਰੀਆਂ ਨੀ
ਜਿਹੜੇ ਪੀਰ ਦੀ ਮਿਹਰ ਮੰਜ਼ੂਰ ਹੋਏ ਘਰ ਤਿੰਨ੍ਹਾਂ ਦੇ ਪੀਰੀਆ ਮੀਰੀਆਂ ਨੀ
ਰੋਜ਼ ਹਸ਼ਰ ਦੇ ਪੀਰ ਦੇ ਤਾਲਿਬਾਂ ਨੂੰ ਹੱਥ ਸਜੜੇ ਮਿਲਨ ਗੀਆਂ ਚੀਰੀਆਂ ਨੀਂ

5. ਬਾਬਾ ਫਰੀਦ ਸ਼ਕਰ ਗੰਜ ਦੀ ਸਿਫਤ ਵਿਚ
ਮੌਦੂਦ ਦਾ ਲਾਡਲਾ ਪੀਰ ਚਿਸ਼ਤੀ ਸ਼ਕਰ ਗੰਜ ਮਸਉਦ ਭਰਪੂਰ ਹੈ ਜੀ
ਖ਼ਾਨਦਾਨ ਵਿੱਚ ਚਿਸ਼ਤ ਦੇ ਕਾਮਲੀਅੱਤ ਸ਼ਹਿਰ ਫਕਰ ਦਾ ਪਾਕਪਟਨ ਮਾਅਮੂਰ ਹੈ ਜੀ
ਬਾਹੀਆ ਕੁਤਬਾਂ ਵਿੱਚ ਹੈ ਪੀਰ ਕਾਮਲ ਜੈਂ ਦੀ ਆਜਜ਼ੀ ਜ਼ੁਹਦ ਮੰਜ਼ੂਰ ਹੈ ਜੀ
ਸ਼ਕਰ ਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦੇ ਦੂਰ ਹੈ ਜੀ

6. ਕਿੱਸਾ ਹੀਰ ਰਾਂਝਾ ਲਿਖਣ ਵਾਰੇ
ਯਾਰਾਂ ਅਸਾਂ ਨੂੰ ਆਨ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਢਬ ਸੁਹਨੇ ਨਾਲ ਸੁਣਾਈਏ ਜੀ
ਨਾਲ ਅਜਬ ਬਹਾਰ ਦੇ ਸ਼ਿਅਰ ਕਰਕੇ, ਰਾਂਝੇ ਹੀਰ ਦਾ ਮੇਲ ਕਰਾਈਏ ਜੀ
ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ

7. ਕਵੀ ਦਾ ਕਥਨ
ਹੁਕਮ ਮਨ ਕੇ ਸੱਜਨਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ
ਫਿਕਰਾ ਜੋੜ ਕੇ ਖ਼ੂਬ ਤਿਆਰ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏ
ਬਹੁਤ ਜਿਉ ਦੇ ਵਿੱਚ ਤਦਬੀਰ ਕਰਕੇ, ਫਰਹਾਦ ਪਹਾੜ ਨੂੰ ਤੋੜਿਆ ਏ
ਸੱਭਾ ਵੀਣ ਕੇ ਜ਼ੇਬ ਬਣਾ ਦਿੱਤਾ, ਜੇਹਾ ਇਤਰ ਗੁਲਾਬ ਨਚੋੜਿਆ ਏ।

8. ਕਿੱਸੇ ਦਾ ਆਰੰਭੰਭ, ਤਖ਼ਤ ਹਜ਼ਾਰਾ ਅਤੇ ਰਾਂਝੇ ਬਾਰੇ
ਇੱਕ ਤਖ਼ਤ ਹਜ਼ਾਰਿਉਂ ਗੱਲ ਕੀਜੇ ਜਿੱਥੇ ਰਾਂਝਿਆਂ ਰੰਗ ਮਚਾਇਆ ਏ
ਛੈਲ ਗੱਭਰੂ, ਮਸਤ ਅਲਬੇਲੜੇ ਨੇਂ, ਸੁੰਦਰ ਇੱਕ ਥੀਂ ਇੱਕ ਸਵਾਇਆ ਏ
ਵਾਲੇ ਕੋਕਲੇ, ਮੁੰਦਰੇ, ਮੱਝ ਲੁੰਗੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਏ
ਕੇਹੀ ਸਿਫਤ ਹਜ਼ਾਰੇ ਦੀ ਆਖ ਸਕਾਂ ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ

9. ਰਾਂਝੇ ਦੇ ਬਾਪ ਬਾਰੇ
ਮੌਜੂ ਚੌਧਰੀ ਪਿੰਡ ਦੀ ਪਾਂਡ ਵਾਲਾ ਚੰਗਾ ਭਾਈਆਂ ਦਾ ਸਰਦਾਰ ਆਹਾ
ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ ਵੱਡਾ ਦਰਬ ਤੇ ਮਾਲ ਪਰਵਾਰ ਆਹਾ
ਭਲੀ ਭਾਈਆਂ ਵਿੱਚ ਪਰਤੀਤ ਉਸਦੀ, ਮੰਨਿਆ ਚੌਤਰੇ ਉਤੇ ਸਰਕਾਰ ਆਹਾ
ਵਾਰਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇਂ ਧੀਦੋ ਨਾਲ ਉਸ ਬਹੁਤ ਪਿਆਰ ਆਹਾ

10. ਰਾਂਝੇ ਨਾਲ ਭਾਈਆਂ ਦਾ ਸਾੜਾ
ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀਂ ਪਏ ਸੰਗਦੇ ਨੇ
ਗੁਝੇ ਮੇਹਣੇ ਮਾਰ ਕੇ ਸੱਪ ਵਾਂਗੂੰ ਉਸ ਦੇ ਕਾਲਜੇ ਨੂੰ ਪਏ ਡੰਗਦੇ ਨੇ
ਕੋਈ ਵੱਸ ਨਾ ਚੱਲਣੇਂ ਕਢ ਛੱਡਣ, ਦੇਂਦੇ ਮਿਹਣੇ ਰੰਗ ਬਰੰਗ ਦੇ ਨੇ
ਵਾਰਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨਾ ਸੈਨ ਨਾ ਅੰਗ ਦੇ ਨੇ

11. ਰਾਂਝੇ ਦਾ ਬਾਪ ਕਾਲਵਸ
ਤਕਦੀਰ ਸੇਤੀ ਮੌਜੂ ਹੱਕ ਹੋਇਆ, ਭਾਈ ਰਾਂਝੇ ਦੇ ਨਾਲ ਖਦੇੜਦੇ ਨੇ
ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ ਕੱਢ ਰਿੱਕਤਾਂ ਧੀਦੋ ਨੂੰ ਛੇੜਦੇ ਨੇ
ਨਿੱਤ ਸੱਜਰਾ ਘਾ ਕਲੇਜੜੇ ਦਾ, ਗੱਲਾਂ ਤ੍ਰਿੱਖੀਆਂ ਨਾਲ ਉਚੇੜਦੇ ਨੇ
ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਏਹਾ ਝੰਮਟ ਨਿੱਤ ਸਹੇੜਦੇ ਨੇ

12. ਭੋਂ ਦੀ ਵੰਡ
ਹਜ਼ਰਤ ਕਾਜ਼ੀ ਤੇ ਪੈਂਚ ਸਦਾਅ ਸਾਰੇ ਭਾਈਆਂ ਜ਼ਮੀਂ ਨੂੰ ਕੱਛ ਪਵਾਈ ਆਹੀ
ਵੱਢੀ ਦੇ ਕੇ ਭੋਏਂ ਦੇ ਬਦੇ ਵਾਰਸ, ਬੰਜਰ ਜ਼ਮੀਂ ਰੰਝੇਟੇ ਨੂੰ ਆਈ ਆਹੀ
ਕੱਛਾਂ ਮਾਰ ਸ਼ਰੀਕ ਮਜ਼ਾਕ ਕਰਦੇ, ਭਾਬੀਆਂ ਰਾਂਝੇ ਦੇ ਬਾਬ ਬਨਾਈ ਆਹੀ
ਗੱਲ ਭਾਬੀਆਂ ਏਹੀ ਬਣਾ ਛੱਡੀ, ਮਗਰ ਜੱਟ ਦੇ ਫੱਕੜੀ ਲਾਈ ਆਹੀ

13. ਭਾਬੀ ਦਾ ਉੱਤਰ
ਪਿੰਡਾ ਚਤ ਕੇ ਆਰਸੀ ਨਾਲ ਦੇਖਣ, ਤਿਨਾਂ ਵਾਹਨ ਕੇਹਾ ਹਲ ਵਾਹਣਾ ਏ
ਪਿੰਡਾ ਪਾਲ ਕੇ ਚੋਪੜੇ ਪਟੇ ਜਿੰਨ੍ਹਾਂ, ਕਿਸੇ ਰੰਨ ਕੀ ਉਨ੍ਹਾਂ ਤੋਂ ਚਾਹੁਣਾ ਏ
ਹੁਣੇ ਭੋਏਂ ਦੇ ਝਗੜੇ ਕਰੇ ਮੁੰਡਾ ਏਸ ਤੋੜ ਨਾ ਮੁਲ ਨਬਾਹੁਣਾ ਏਂ
ਦੇਹੇਂ ਵੰਝਲੀ ਵਾਹੇ ਤੇ ਰਾਹ ਗਾਵੇ, ਕੋਈ ਰੋਜ਼ ਦਾ ਇਹ ਪ੍ਰਾਹੁਣਾ ਏ

14. ਉੱਤਰ ਰਾਂਝਾ
ਰਾਂਝਾ ਜੋਤਰਾ ਵਾਹ ਕੇ ਥੱਕ ਰਹਿਆ, ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏ
ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ ਹਾਲ ਆਪਣਾ ਰੋ ਵਖਾਂਵਦਾ ਏ
ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ ਸਾਨੂੰ ਵਾਹੀ ਦਾ ਕੰਮ ਨਾ ਭਾਂਵਦਾ ਏ
ਵਾਰਸ ਸ਼ਾਹ ਜਿਉਂ ਲਾਡਲਾ ਬਾਪ ਦਾ ਸੀ ਅਤੇ ਖਰਾ ਪਿਆਰੜਾ ਮਾਉਂ ਦਾ ਸੀ

15. ਰਾਂਝੇ ਦਾ ਉੱਤਰ
ਰਾਂਝਾ ਆਖਦਾ ਭਾਬੀਉ ਵੈਰਨੋ ਨੀ, ਤੁਸਾਂ ਭਾਈਆ ਨਾਲੋਂ ਵਿਛੋੜਿਆ ਜੇ
ਖ਼ੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ
ਸਕੇ ਭਾਈਆਂ ਨਾਲੋਂ ਵਛੋੜ ਮੈਨੂੰ, ਕੰਡਾ ਵਿੱਚ ਕਲੇਜੇ ਦੇ ਪੋੜਿਆ ਜੇ
ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ ਵੱਖੋ ਵੱਖ ਕਰ ਨਾ ਨਖੋੜਿਆ ਜੇ
ਨਾਲ ਵੈਰ ਦੇ ਰਿੱਕਤਾਂ ਛੇੜ ਭਾਬੀ ਸਾਨੂੰ ਮੇਹਣਾ ਹੋਰ ਚਿਮੋੜਿਆ ਜੇ
ਜਦੋਂ ਸਫਾ ਹੋ ਟੁਰਨ ਗੀਆਂ ਤਰਫ ਜੰਨਤ ਵਾਰਸ ਸ਼ਾਹ ਦੀ ਵਾਗ ਨਾ ਮੋੜਿਆ ਜੇ

16. ਉੱਤਰ ਭਾਬੀ
ਕਰੇਂ ਆਕੜਾਂ ਖਾ ਕੇ ਦੁੱਧ ਚਾਵਲ ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ
ਆਖਣ ਦੇਵਰੇ ਨਾਲ ਨਿਹਾਲ ਹੋਈਆਂ ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ
ਇਹੋ ਰਾਂਝਣੇ ਨਾਲ ਹਨ ਘਿਉ ਸ਼ੱਕਰ ਪਰ ਜਿਉ ਦਾ ਭੇਤ ਨਾ ਦੱਸਦੀਆਂ ਨੇ
ਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ ਜਿਵੇਂ ਸ਼ਹਿਰ ’ਚ ਮੱਖੀਆਂ ਫਸਦੀਆਂ ਨੇ
ਇੱਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇ
ਘਰੋਂ ਨਿਕਲਸੈਂ ਤੇ ਪਿਆ ਮਰੇਂ ਭੁਖਾ ਵਾਰਸ ਭੁਲ ਜਾਵਨ ਖ਼ਰ ਮਸਤੀਆਂ ਨੇ

17. ਉੱਤਰ ਰਾਂਝਾ
ਤੁਸਾਂ ਛਤਰੇ ਮਰਦ ਬਣਾ ਦਿੱਤੇ ਸੱਪ ਰੱਸੀਆਂ ਦੇ ਕਰੋ ਡਾਰੀਉ ਨੀ
ਰਾਜੇ ਭੋਜ ਦੇ ਮੁਖ ਲਗਾਮ ਦੇ ਕੇ ਚੜ੍ਹ ਦੌੜੀਆਂ ਹੋ ਟੂਣੇ ਹਾਰੀਉ ਨੀ
ਕੈਰੋ ਪਾਂਡੂਆਂ ਦੀ ਸਫਾ ਗਾਲ ਸੁੱਟੀ ਜ਼ਰਾ ਗੱਲ ਦੇ ਨਾਲ ਹਰਿਆਰਿਉ ਨੀ
ਰਾਵਣ ਲੰਕ ਲੁਟਾ ਕੇ ਗ਼ਰਦ ਹੋਇਆ ਕਾਰਨ ਤੁਸਾਂ ਦੇ ਹੀ ਹਤਿਆਰਿਉ ਨੀ

18. ਉੱਤਰ ਭਾਬੀ
ਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਅਸਾਂ ਨਾਲ ਕੀ ਰਿੱਕਤਾਂ ਚਾਈਆਂ ਨੀ
ਅਲੀ ਜੇਠ ਤੇ ਜਿਨ੍ਹਾਂ ਦੇ ਫੱਤੂ ਦੇਵ, ਡੁੱਬ ਮੋਈਆਂ ਉਹ ਭਰਜਾਈਆਂ ਨੀ
ਘਰੋ ਘਰੀ ਵਿਚਾਰਦੇ ਲੋਕ ਸਾਰੇ, ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀ
ਤੇਰੀ ਗੱਲ ਨਾ ਬਣੇ ਗੀ ਨਾਲ ਸਾਡੇ, ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ

19. ਉੱਤਰ ਰਾਂਝਾ
ਮੂੰਹ ਬੁਰਾ ਦਸੇਂਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਹੈਂ
ਤੇਰੇ ਗੋਚਰੇ ਕੰਮ ਕੀ ਪਿਆ ਸਾਡਾ, ਸਾਨੂੰ ਬੋਲੀਆਂ ਨਾਲ ਕਿਉਂ ਸਾੜਨੀ ਹੈਂ
ਉੱਤੇ ਚਾੜ੍ਹ ਕੇ ਪੌੜੀਆਂ ਲਾਹ ਲੈਂਦੀ, ਕੇਹੇ ਕਲਾ ਦੇ ਮਹਿਲ ਉਸਾਰਨੀ ਹੈ
ਅਸਾਂ ਨਾਲ ਕੀ ਮਾਮਲਾ ਪਿਆ ਤੈਨੂੰ, ਐਪਰ ਪੇਕਿਆਂ ਵੱਲੋਂ ਗਵਾਰਨੀ ਹੈਂ

20. ਉੱਤਰ ਭਾਬੀ
ਸਿੱਧਾ ਹੋਇ ਕੇ ਰੋਟੀਆਂ ਖਾ ਜੱਟਾ, ਭਵਾਂ ਕਾਸ ਨੂੰ ਏਡੀਆਂ ਚਾਈਆਂ ਨੀ
ਤੇਰੀ ਪਨਘਟਾਂ ਦੇ ਉੱਤੇ ਪਿਉ ਪਈ, ਧੁੰਮਾਂ ਤ੍ਰਿੰਜਨਾਂ ਦੇ ਵਿੱਚ ਪਾਈਆਂ ਨੀ
ਘਰ ਘਰ ਵਸਾਰ ਕੇ ਖੁਆਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨੀ
ਜ਼ੁਲਫਾਂ ਕੁੰਢੀਆਂ ਕਾਲੀਆਂ ਹੂੰਕ ਮੰਗੂ ਝੋਕਾਂ ਹਿਕ ਤੇ ਆਣ ਬਠਾਈਆਂ ਨੀ
ਵਾਰਸ ਸ਼ਾਹ ਇਹ ਜਿਨ੍ਹਾਂ ਦੇ ਚੰਨ ਦੇਵਰ ਘੋਲ ਘੱਤੀਆਂ ਸੈ ਭਰਜਾਈਆਂ ਨੀ

21. ਉੱਤਰ ਭਾਬੀ
ਅਠਖੇਲੀਆਂ ਅਹਿਲ ਦੀਵਾਨਿਆਂ ਵੇ ਬੁੱਕਾਂ ਮੋਢਿਆਂ ਦੇ ਉੱਤੋਂ ਸੱਟਨਾ ਏਂ
ਚੀਰਾ ਬੰਨ੍ਹ ਕੇ ਭਿੰਨੜੇ ਵਾਲ ਚੋਪੜ ਵਿੱਚ ਤ੍ਰਿੰਜਣਾਂ ਫੇਰੀਆਂ ਘੱਤਨਾ ਏਂ
ਰੋਟੀ ਖਾਂਦਿਆਂ ਲੂਣ ਜੇ ਪਵੇ ਥੋੜ੍ਹਾ ਚਾ ਅੰਗਨੇ ਵਿੱਚ ਪਲੱਟਨਾ ਏਂ
ਕੰਮ ਕਰੇਂ ਨਾਹੀਂ ਹੱਛਾ ਖਾਏਂ ਪਹਿਲੇਂ ਜੜ ਆਪਣੀ ਆਪ ਤੂੰ ਪੱਟਨਾ ਏਂ

22. ਉੱਤਰ ਰਾਂਝਾ
ਭੁਲ ਗਏ ਹਾਂ ਵੜੇ ਹਾਂ ਆਣ ਵਿਹੜੇ ਸਾਨੂੰ ਬਖਸ਼ ਲੈ ਡਾਰੀਏ ਵਾਸਤਾ ਈ
ਹੱਥੋਂ ਤੇਰਿਉਂ ਦੇਸ ਮੈਂ ਛੱਡ ਜਾਸਾਂ ਰਖ ਘਰ ਹੈਂਸਿਹਾਰੀਏ ਵਾਸਤਾ ਈ
ਦਿਨੇਂ ਰਾਤ ਤੂੰ ਜ਼ੁਲਮ ਤੇ ਲੱਕ ਬੱਧਾ ਮੁੜੇਂ ਰੂਪ ਸੰਘਾਰੀਏ ਵਾਸਤਾ ਈ
ਨਾਲ ਹੁਸਨ ਦੇ ਫਿਰੇਂ ਗੁਮਾਨ ਲੱਦੀ ਸਮਝ ਮਸਤ ਹੰਕਾਰੀਏ ਵਾਸਤਾ ਈ
ਵਾਰਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ ਅਨੀ ਮਨਸ ਦੀਏ ਪਿਆਰੀਏ ਵਾਸਤਾ ਈ

23. ਉੱਤਰ ਭਾਬੀ
ਸਾਡਾ ਹੁਸਨ ਪਸੰਦ ਨਾ ਲਿਆਵਨਾਏ, ਜਾ ਹੀਰ ਸਿਆਲ ਵਿਵਾਹ ਲਿਆਵੀਂ
ਵਾਹ ਵੰਝਲੀ ਪ੍ਰੇਮ ਦੀ ਘਤ ਜਾਲੀ ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ
ਤੈਂ ਬੇ ਵੱਲ ਹੈ ਰੰਨਾਂ ਵਿਲਾਵਨੇ ਦਾ ਰਾਨੀ ਕੋਕਲਾਂ ਮਹਿਲ ਤੋਂ ਲਾਹ ਲਿਆਵੀਂ
ਦਿਨੇਂ ਬੂਹਿਉਂ ਕੱਢਨੀਂ ਮਿਲੇ ਨਾਹੀਂ ਰਾਤੀਂ ਕੰਧ ਪਛਵਾੜਿਉਂ ਢਾਹ ਲਿਆਵੀਂ
ਵਾਰਸ ਸ਼ਾਹ ਨੂੰ ਨਾਲ ਲੈ ਜਾਇ ਕੇ ਤੇ ਜਿਹੜਾ ਦਾਉ ਲੱਗੇ ਸੋਈ ਲਾ ਲਿਆਵੀਂ

24. ਉੱਤਰ ਰਾਂਝਾ
ਨੱਢੀ ਸਿਆਲਾਂ ਦੀ ਵਿਆਹ ਕੇ ਲਿਆਵਸਾਂ ਮੈਂ ਕਰੋ ਬੋਲੀਆਂ ਅਤੇ ਠਠੋਲੀਆਂ ਨੀ
ਬਹੇ ਘਤ ਪੀੜ੍ਹਾ ਵਾਂਗ ਮਹਿਰੀਆਂ ਦੇ ਹੋਵਣ ਤੁਸਾਂ ਜਹੀਆਂ ਅੱਗੇ ਗੋਲੀਆਂ ਨੀ
ਮਝੋ ਵਾਹ ਵਿੱਚ ਬੋੜੀਏ ਭਾਬੀਆਂ ਨੂੰ ਹੋਵਨ ਤੁਸਾਂ ਜੇਹੀਆਂ ਬੜਬੋਲੀਆਂ ਨੀ
ਬਸ ਕਰੋ ਭਾਬੀ ਅਸੀਂ ਰੱਜ ਰਹੇ ਭਰ ਦਿੱਤੀਆਂ ਜੇ ਸਾਨੂੰ ਝੋਲੀਆਂ ਨੀ

25. ਉੱਤਰ ਭਾਬੀ
ਕੇਹਾ ਭੇੜ ਮਚਾਇਉ ਈ ਲੁਚਿਆ ਵੇ ਮੱਥਾ ਡਾਹਿਉਬੀ ਸੌਕਣਾਂ ਵਾਂਗ ਕੇਹਾ
ਜਾ ਸੱਜਰਾ ਕਾਮ ਗਵਾ ਨਾਹੀਂ ਹੋ ਜਾਸੀਆਂ ਜੋਬਨਾ ਫੇਰ ਬੇਹਾ
ਰਾਂਝੇ ਖਾ ਗੁੱਸਾ ਸਿਰ ਧੌਲ ਮਾਰ ਕੇਹੀ ਚੰਬੜੀ ਉਨ ਨੂੰ ਵਾਂਗ ਲੇਹਾ
ਤੁਸੀਂ ਦੇਸ ਰੱਖੋ ਅਸੀਂ ਛੱਡ ਚੱਲੇ ਲਾਹ ਝਗੜਾ ਭਾਬੀਏ ਗਲ ਏਹਾ
ਹਥ ਪਕੜ ਕੇ ਜੁੱਤੀਆਂ ਮਾਰ ਬੁੱਕਲ ਰਾਂਝਾ ਹੋ ਟੁਰਿਆ ਵਾਰਸ ਸ਼ਾਹ ਜੇਹਾ।

26. ਭਰਾਵਾਂ ਨੂੰ ਖਬਰ ਮਿਲੀ
ਖ਼ਬਰ ਭਾਈਆਂ ਨੂੰ ਲੋਕਾਂ ਜਾ ਦਿੱਤੀ ਧੀਦੋ ਰੁੱਸ ਹਜ਼ਾਰਿਉਂ ਚਲਿਆ ਜੇ
ਹਲ ਵਾਹੁਨਾ ਓਸ ਤੋਂ ਹੋਏ ਨਾਹੀਂ ਮਾਰ ਬੋਲੀਆਂ ਭਾਬੀਆਂ ਸਲਿੱਆ ਜੇ
ਪਕੜ ਰਾਹ ਟੁਰਿਆ, ਮੰਝੋ ਨੈਨ ਰੋਵਨ ਜਿਵੇਂ ਨਦੀ ਦਾ ਨੀਰ ਉੱਛਲਿਆ ਜੇ
ਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ ਅਧਵਾਟਿਉ ਰਾਹ ਜਾ ਮੱਲਿਆ ਜੇ

27. ਕਵੀ ਦਾ ਕਥਨ
ਰੂਹ ਛੱਡ ਕਲਬੂਤ ਜਿਉਂ ਵਿਦਾਅ ਹੋਂਦਾ ਤਿਵੇਂ ਇਹ ਦਰਵੇਸ਼ ਸਧਾਰਿਆ ਈ
ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ ਕਸਦ ਝੰਗ ਸਿਆਲ ਚਤਾਰਿਆ ਈ
ਕੀਤਾ ਰਿਜ਼ਕ ਤੇ ਆਬ ਉਦਾਸ ਰਾਂਝਾ ਚਲੋ ਚਲੀ ਹੀ ਜੀਵ ਪੁਕਾਰਿਆ ਈ
ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ ਵਾਰਸ ਵਤਨ ਤੇ ਦੇਸ ਵਸਾਰਿਆ ਈ

28. ਭਰਾਵਾਂ ਦਾ ਉੁੱੱਤਰ
ਆਖ ਰਾਂਝਿਆ ਭਾਇ ਕੀ ਬਣੀ ਤੇਰੇ ਦੇਸ ਆਪਣਾ ਛੱਡ ਸਧਾਰ ਨਾਂਹੀਂ
ਵੀਰਾ ਅੰਬੜੀ ਜਾਇਆ ਜਾ ਨਾਹੀਂ ਸਾਨੂੰ ਨਾਲ ਫਰਾਕ ਦੇ ਮਾਰ ਨਾਹੀਂ
ਇਹ ਬਾਂਦੀਆਂ ਤੇ ਅਸੀਂ ਵੀਰ ਤੇਰੇ ਕੋਈ ਹੋਰ ਵਿਚਾਰ ਵਿਚਾਰ ਨਾਹੀਂ
ਬਖ਼ਸ਼ ਇਹ ਗੁਨਾਹ ਤੂੰ ਭਾਬੀਆਂ ਨੂੰ ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ
ਭਾਈਆਂ ਬਾਝ ਨਾ ਮਜਲਸਾਂ ਸੁੰਹਦੀਆਂ ਨੀ ਅਤੇ ਭਾਈਆਂ ਬਾਝ ਬਹਾਰ ਨਾਹੀਂ
ਭਾਈ ਮਰਨ ਤੇ ਪੌਂਦੀਆਂ ਭਜ ਬਾਹਾਂ ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂ
ਲੱਖ ਓਟ ਹੈ ਕੋਲ ਵਸੇਂਦਿਆਂ ਦੀ ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ
ਭਾਈ ਢਾਂਵਦੇ ਭਾਈ ਉਸਾਰਦੇ ਨੇ ਭਾਈਆਂ ਬਾਝ ਬਾਹਾਂ ਬੇਲੀ ਯਾਰ ਨਾਹੀਂ

29. ਉੱਤਰ ਰਾਂਝਾ
ਰਾਂਝੇ ਆਖਿਆ ਉਠਿਆ ਰਿਜ਼ਕ ਮੇਰਾ ਮੈਥੋਂ ਭਾਈਓ ਤੁਸੀਂ ਕੀ ਮੰਗਦੇ ਹੋ
ਸਾਂਭ ਲਿਆ ਜੇ ਬਾਪ ਦਾ ਮਿਲਖ ਸਾਰਾ ਤੁਸੀਂ ਸਾਕ ਨਾ ਸੈਨ ਨਾ ਅੰਗ ਦੇ ਹੋ
ਵਸ ਲਗੇ ਤਾਂ ਮਨਸੂਰ ਵਾਂਗੂੰ ਮੈਨੂੰ ਚਾਇ ਸੂਲੀ ਉਤੇ ਟੰਗਦੇ ਹੋ
ਵਿੱਚੋਂ ਖ਼ੁਸ਼ੀ ਹੋ ਅਸਾਂ ਦੇ ਨਿਕਲਣ ਤੇ ਮੂੰਹੋਂ ਆਖਦੇ ਗੱਲ ਕਿਉਂ ਸੰਗਦੇ ਹੋ

30. ਉੱਤਰ ਭਾਬੀਆਂ
ਭਰਜਾਈਆਂ ਆਖਿਆ ਰਾਂਝਿਆ ਵੇ ਅਸੀਂ ਬਾਂਦੀਆਂ ਤੇਰੀਆਂ ਮੁੰਨੀਆਂ ਹਾਂ
ਨਾਉਂ ਲੈਂਨਾ ਹੈ ਜਦੋਂ ਤੂੰ ਜਾਵਣੇ ਦਾ ਅਸੀਂ ਹੰਝਰੋਂ ਰੱਤ ਦੀਆਂ ਰੁੰਨੀਆਂ ਹਾਂ
ਜਾਨ ਮਾਲ ਕੁਰਬਾਨ ਹੈ ਤੁਧ ਉਤੋਂ ਅਤੇ ਆਪ ਵੀ ਚੋਖਣੇ ਹੁੰਨੀਆਂ ਹਾਂ
ਸਾਨੂੰ ਸਬਰ ਕਰਾਰ ਨਾ ਆਂਵਦਾ ਹੈ ਜਿਸ ਵੇਲੜੇ ਤੈਥੋਂ ਵਿਛੁੰਨੀਆਂ ਹਾਂ

31. ਉੱਤਰ ਰਾਂਝਾ
ਭਾਬੀ ਰਿਜ਼ਕ ਉਦਾਸ ਜਾਂ ਹੋ ਟਰਿਆਂ ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋ
ਪਹਿਲਾਂ ਸਾੜ ਕੇ ਜਿਊ ਨਮਾਨੜੇ ਦਾ ਪਿੱਛੋਂ ਭੁੱਲੀਆਂ ਲਾਵਣੇ ਲਗਦੀਆਂ ਹੋ
ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ
ਅਸੀਂ ਕੁੱਜੜੇ ਰੂਪ ਕਰੂਪ ਵਾਲੇ ਤੁਸੀਂ ਜੋਬਨੇ ਦੀਆ ਨੈਈ ਵਗਦੀਆਂ ਹੋ
ਅਸਾਂ ਆਬ ਤੇ ਤੁਆਮ ਹਰਾਮ ਕੀਤਾ ਤੁਸੀਂ ਠਗਣੀਆਂ ਸਾਰੜੇ ਜੱਗਦੀਆਂ ਹੋ
ਵਾਰਸ਼ ਸ਼ਾਹ ਇਕੱਲੜੇ ਕੀ ਕਰਨਾ ਤੁਸੀਂ ਸਤ ਇਕੱਠੀਆਂ ਵਗਦੀਆਂ ਹੋ।