ਗਰੀਬ (ਮਿੰਨੀ ਕਹਾਣੀ)

ਕੁਲਵਿੰਦਰ ਕੰਗ   

Email: kulwinderkang78@gmail.com
Cell: +91 99153 24542
Address: ਪਿੰਡ.ਚੂਹੜਚੱਕ,ਤਹਿ:ਧਰਮਕੋਟ
ਮੋਗਾ India
ਕੁਲਵਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਟੇਜ ਤੋਂ ਇੱਕ ਲੀਡਰ ਚੀਕ ਚੀਕ ਕੇ ਆਖ ਰਿਹਾ ਸੀ ,"ਤੁਸੀਂ ਸਾਨੂੰ ਵੋਟ ਦਿਓ , ਅਸੀਂ ਇਸ ਦੇਸ਼ ਚੋਂ ਗਰੀਬੀ ਦਾ ਨਾਮੋ-ਨਿਸ਼ਾਨ ਮਿਟਾ ਦੇਵਾਂਗੇ" । ਉਹੀ ਪੁਰਾਣੇ ਵਾਅਦੇ ਇਸ ਵਾਰ ਵੀ ਕੀਤੇ ਗਏ । ਉਸੇ ਨੇਤਾ ਦੀ ਸਰਕਾਰ ਬਣ ਗਈ । ਇਕ ਨੌਜਵਾਨ ਭੁੱਖ-ਨੰਗ ਨਾਲ ਤੜਪਦਾ ਉਸੇ ਲੀਡਰ ਦੀ ਕੋਠੀ ਅੱਗੇ ਨੌਕਰੀ ਦੀ ਭੀਖ ਮੰਗਣ ਲੱਗਾ । 
ਅੰਦਰੋਂ ਝਿੜਕਾਂ ਖਾ ਕੇ ਆ ਰਿਹਾ ਪੀ.ਏ ਉਸ ਸਮੇਂ ਕੱਪੜਿਆਂ ਤੋਂ ਬਾਹਰ ਹੋ ਗਿਆ ਜਦੋਂ ਉਸਨੇ ਨੌਕਰੀ ਮੰਗ ਰਹੇ ਨੌਜਵਾਨ ਦੇ ਛਾਤੀ ਤੇ ਜ਼ੋਰ ਨਾਲ ਲੱਤ ਮਾਰੀ ਤੇ ਉਹ ਥਾਏਂ ਫੁੜਕ ਕੇ ਡਿੱਗ ਪਿਆ । ਅੰਦਰੋਂ ਨੇਤਾ ਜੀ ਆਏ ਤੇ ਲਾਸ਼ ਨੂੰ ਵੇਖ ਕੇ ਉਹਨਾਂ ਦੀਆਂ ਹਵਾਈਆਂ ਉੱਡ ਗਈਆਂ ਤੇ ਕਹਿਣ ਲੱਗੇ ,"ਕਿਉਂ ਮੇਰੀ ਜਾਨ ਨੂੰ ਵਖ਼ਤ ਪਾਇਆ ਹੋਇਐ ਤੁਸੀਂ , ਜਾਓ ਹੁਣ ਇਹਨੂੰ ਠਿਕਾਣੇ ਲਾ ਆਓ , ਐਵੇਂ ਕਿਸੇ ਨੂੰ ਸੂਹ ਲੱਗ ਗਈ ਤਾਂ ਹੋਰ ਪੰਗਾ ਨਾ ਪਾ ਦਿਓ "। ਲਾਸ਼ ਨੂੰ ਗੱਡੀ ਚ' ਸੁੱਟ ਕੇ ਪੀ.ਏ ਨੇ ਗੱਡੀ ਤੋਰੀ ਤੇ ਨਹਿਰ ਦੇ ਕੰਢੇ ਤੇ ਸੁੰਨ-ਸਾਨ ਜਿਹੀ ਥਾਂ ਦੇਖ ਕੇ ਲਾਸ਼ ਨੂੰ ਰੋੜ ਦਿੱਤਾ ਗਿਆ । 
"ਹੋਰ ਕਿੰਨੇ ਕੁ ਗਰੀਬ ਐਥੇ ਸੁੱਟਣੇਂ ਆਂ", ਆਵਾਜ਼ ਕੰਨਾਂ ਵਿੱਚ ਪੈਦਿਆਂ ਹੀ ਪੀ.ਏ ਨੇ ਇੱਧਰ-ਉਧਰ ਦੇਖਿਆ ਪਰ ਉਸਨੂੰ ਕੋਈ ਵੀ ਨਜ਼ਰ ਨਾ ਆਇਆ । ਉਸਨੂੰ ਲੱਗਾ ਕਿ ਇਹ ਆਵਾਜ਼ ਉਸਦੀ ਆਤਮਾ ਦੀ ਹੈ । ਉਸਨੇ ਜਲਦੀ ਨਾਲ ਗੱਡੀ ਸਟਾਰਟ ਕੀਤੀ ਤੇ ਲੀਡਰ ਦੀ ਕੋਠੀ ਵੱਲ ਭਜਾ ਲਈ । ਆਤਮਾ ਦੇ ਸ਼ਬਦ ਲਗਾਤਾਰ ਉਸਦੇ ਕੰਨਾਂ ਵਿੱਚ ਗੂੰਜੀ ਜਾ ਰਹੇ ਸਨ ।