ਗੁਰੂ ਤੇ ਸਿੱਖ (ਕਵਿਤਾ)

ਗੁਰਦੀਸ਼ ਗਰੇਵਾਲ   

Email: gurdish.grewal@gmail.com
Cell: +1403 404 1450, +91 98728 60488 (India)
Address:
Calgary Alberta Canada
ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆ ਸਿੱਖਾ, ਅੱਜ ਬਾਂਹ ਫੜ ਤੈਂਨੂੰ, ਆਪਣੇ ਕੋਲ ਬਿਠਾਵਾਂ।
ਮਨ ਮੱਤ ਵਿੱਚ ਤੂੰ ਹੈਂ ਫਸਿਆ, ਤੈਂਨੂੰ ਕੁੱਝ ਸਮਝਾਵਾਂ।


ਕਦੇ ਮੇਰੇ ਨਾਲ ਗੱਲ ਵੀ ਕਰ ਲੈ, ਸੀਸ ਨਿਵਾ ਕੇ ਭੱਜਦਾਂ,
ਦਾਤਾਂ ਦੇ ਦੇ ਮੈਂ ਨਾ ਥੱਕਿਆ, ਫਿਰ ਵੀ ਤੂੰ ਨਾ ਰੱਜਦਾ।


ਮੱਥਾ ਟੇਕੇਂ, ਲੰਗਰ ਛਕ ਲਏਂ, ਪਾ ਜਾਏਂ ਕੋਈ ਸਵਾਲ,
ਕੀ ਏਹੀ ਹੈ ਤੇਰਾ ਰਿਸ਼ਤਾ, ਬੱਸ ਇਕ ਮੇਰੇ ਨਾਲ?


ਗਰਮੀਂ ਹੋਵੇ, ਏ. ਸੀ ਲਾਵੇਂ, ਸਰਦੀ ਪਾਏਂ ਦੁਸ਼ਾਲੇ,
ਮੈਂਨੂੰ ਤੂੰ ਲੁਕੋਈ ਜਾਏਂ, ਮਹਿੰਗੇ ਪਾ ਰੁਮਾਲੇ।


ਮੇਰੇ ਵਿੱਚ ਤਾਂ ਗੁਰੂਆਂ ਭਗਤਾਂ, ਬਾਣੀ ਜੋਤਿ ਟਿਕਾਈ,
ਪੜ੍ਹ ਲੈ ਬਾਣੀ, ਸੁਣ ਲੈ ਬਾਣੀ, ਬਾਣੀ ਸੋਝੀ ਪਾਈ।


ਮੇਰੀ ਤਾਂ ਤੂੰ ਸੁਣਦਾ ਕੋਈ ਨਹੀਂ, ਨਾ ਹੀ ਮੇਰੀ ਮੰਨੇ।
ਆਪਣੀ ਮੱਤ ਦੇ ਪਿੱਛੇ ਲੱਗਿਆਂ, ਇਸ ਨਹੀਂ ਲਾਉਣਾ ਬੰਨੇ।

ਮਾਇਆ ਦੇਵੇਂ ਪਾਠ ਕਰਾਵੇਂ, ਕਦੇ ਬੈਠ ਨਹੀਂ ਸੁਣਦਾ।
ਏਦਾਂ ਕਿੱਦਾਂ ਫਾਇਦਾ ਹੋ ਜਾਊ, ਤੈਂਨੂੰ ਮੇਰੇ ਗੁਣ ਦਾ?

ਮੇਰੇ ਨਾਲ ਅੱਜ ਟੁੱਟੀ ਗੰਢ ਲੈ, ਦੇ ਬੈਠਾਂ ਬੇਦਾਵਾ।
ਉਪਰੋਂ ਭਾਵੇਂ ਕਰਦਾ ਫਿਰਦੈਂ, ਸਿੱਖ ਹੋਣ ਦਾ ਦਾਹਵਾ।

ਮੰਨਿਆਂ ਮੇਰਾ ਪਹਿਲਾਂ ਤੋਂ ਵੱਧ, ਕਰਦਾ ਏਂ ਸਤਿਕਾਰ,
ਮੇਰੀ ਬਾਣੀ ਨਾਲ ਵੀ ਪਾ ਲੈ, ਥੋੜ੍ਹਾ ਜਿਹਾ ਪਿਆਰ।

ਬਾਣੀ ਵਿਚੋਂ ਲੈ ਕੇ ਸਿੱਖਿਆ, ਜੀਵਨ ਜੋ ਰੁਸ਼ਨਾਏ,
ਓਹੀ 'ਦੀਸ਼' ਪਿਆਰਾ ਲੱਗੇ, ਸੱਚਾ ਸਿੱਖ ਅਖਵਾਏ।