ਸਭ ਰੰਗ

 •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
 •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
 •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
 •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
 •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
 •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
 • ਧ੍ਰਿਤਰਾਸ਼ਟਰ - 9 (ਸਵੈ ਜੀਵਨੀ )

  ਐਸ ਤਰਸੇਮ (ਡਾ)   

  Email: starsemnazria@gmail.com
  Phone: +91 1675 258879
  Cell: +91 95015 36644
  Address: ਸੰਤ ਕਾਲੋਨੀ, ਸਟੇਡੀਅਮ ਰੋਡ
  ਮਾਲੇਰਕੋਟਲਾ India 148023
  ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਜਾਏ ਨਦੌਣ ਆਏ ਕੌਣ 

  ਜਦੋਂ ਮੈਂ ਜਲੰਧਰ ਤੋਂ ਨਦੌਣ ਲਈ ਚੱਲਿਆ, ਸਿੱਧੀ ਬਸ ਕੋਈ ਨਾ ਮਿਲੀ। ਹੁਸ਼ਿਆਰਪੁਰ ਹੋ ਕੇ ਹੀ ਜਾਣਾ ਸੀ। ਨਦੌਣ ਦੇ ਬਸ ਅੱਡੇ ਉਤੇ ਮੈਂ ਬਾਰਾਂ ਵਜੇ ਤੋਂ ਪਹਿਲਾਂ ਪਹੁੰਚ ਗਿਆ ਸੀ, ਸ਼ਾਇਦ ਗਿਆਰਾਂ ਵਜੇ ਤੋਂ ਵੀ ਪਹਿਲਾਂ। ਬਸ ਕੁਝ ਹਲਵਾਈਆਂ ਦੀਆਂ ਦੁਕਾਨਾਂ ਤੇ ਢਾਬਿਆਂ ਸਾਹਮਣੇ ਖੜ੍ਹਦੀ ਸੀ। ਸਕੂਲ ਨੂੰ ਜਾਣ ਲਈ ਰਸਤਾ ਪੁੱਛਣਾ ਹੀ ਪਿਆ। ਬਜ਼ਾਰ ਵਿਚੋਂ ਦੀ ਹੁੰਦਾ ਹੋਇਆ ਜਿਥੇ ਮੈਂ ਪਹੁੰਚਿਆ, ਉਥੇ ਇਕ ਵੱਡਾ ਗਰਾਊਂਡ ਸੀ ਅਤੇ ਕੁਝ ਮੁੰਡੇ ਵੀ ਗਰਾਊਂਡ ਵਿਚ ਫਿਰਦੇ ਸਨ। ਗੇਟ ਉਤੇ ਲੋਹੇ ਦਾ ਇਕ ਬੋਰਡ ਲੱਗਿਆ ਹੋਇਆ ਸੀ। ਬੋਰਡ ਹਿੰਦੀ ਵਿਚ ਸੀ--ਰਾਜਕੀਯ ਉ=੍ਵਚਤਰ ਮਾਧਯਮਿਕ ਵਿਦਿਆਲਯ। ਮੈਂ ਅੱਗੇ ਲੰਘ ਗਿਆ। ਮੈਂ ਸਮਝਿਆ ਕਿ ਹੈ ਤਾਂ ਇਹ ਕੋਈ ਸਕੂਲ ਪਰ ਇਹ ਸਰਕਾਰੀ ਹਾਇਰ ਸੈਕੰਡਰੀ ਸਕੂਲ ਨਹੀਂ ਹੈ। ਅਜੇ ਦਸ ਕੁ ਕਦਮ ਹੀ ਗਿਆ ਹੋਵਾਂਗਾ, ਆ ਰਹੇ ਇਕ ਮੁੰਡੇ ਤੋਂ ਇਕ ਤਿਹਾਈ ਪਹਾੜੀ ਤੇ ਬਹੁਤੀ ਮਲਵਈ ਪੰਜਾਬੀ ਵਿਚ ਪੁੱਛ ਹੀ ਲਿਆ, **ਮੁੰਨੂ, ਹਾਇਰ ਸੈਕੰਡਰੀ ਸਕੂਲ ਕੁਥੂ ਹੈ ?'' ਉਸ ਨੇ ਉਸੇ ਗੇਟ ਵੱਲ ਹੀ ਇਸ਼ਾਰਾ ਕਰ ਦਿੱਤਾ ਜੋ ਮੈਂ ਛੱਡ ਕੇ ਆਇਆ ਸੀ। ਗੇਟ ਦੇ ਅੰਦਰ ਸਿੱਧਾ ਜਾ ਕੇ ਇਕ ਬਰਾਂਡਾ ਸੀ ਅਤੇ ਉਸ ਗੇਟ ਦੇ ਬਿਲਕੁਲ ਸਾਹਮਣੇ ਪ੍ਰਿੰਸੀਪਲ ਦੇ ਦਫਤਰ ਦਾ ਦਰਵਾਜ਼ਾ ਸੀ। ਬਾਹਰ ਨੇਮ ਪਲੇਟ ਲੱਗੀ ਹੋਈ ਸੀ ---ਚਾਨਣ ਰਾਮ ਪ੍ਰਿੰਸੀਪਲ। ਆਗਿਆ ਲੈ ਕੇ ਅੰਦਰ ਗਿਆ ਤੇ ਦੁਆ-ਸਲਾਮ ਪਿੱਛੋਂ ਆਪਣਾ ਨਿਯੁਕਤੀ ਪੱਤਰ ਪ੍ਰਿੰਸੀਪਲ ਦੇ ਸਾਹਮਣੇ ਰੱਖ ਦਿੱਤਾ। ਪ੍ਰਿੰਸੀਪਲ ਨੇ ਘੰਟੀ ਮਾਰੀ, ਪਹਿਲਾਂ ਚਪੜਾਸੀ ਆਇਆ ਤੇ ਫੇਰ ਕਲਰਕ। ਫੇਰ ਇਕ ਹੋਰ ਸੱਜਣ ਆ ਗਿਆ। ਗੱਲਾਂ-ਬਾਤਾਂ ਵਿਚੋਂ ਪਤਾ ਲੱਗਾ ਕਿ ਉਹ ਮੈਥ ਦਾ ਲੈਕਚਰਾਰ ਹੈ ਤੇ ਸਭ ਤੋਂ ਸੀਨੀਅਰ ਹੋਣ ਕਾਰਨ ਵਾਇਸ ਪ੍ਰਿੰਸੀਪਲ ਵੀ। ਜਦ ਮੈਂ ਹਾਜ਼ਰੀ ਰਿਪੋਰਟ ਲਿਖਣ ਬਾਰੇ ਬੇਨਤੀ ਕੀਤੀ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਇਥੇ ਪੋਸਟ ਖਾਲੀ ਨਹੀਂ ਹੈ। **ਇਸ ਦਾ ਮਤਲਬ ਇਹ ਹੈ ਪ੍ਰਿੰਸੀਪਲ ਸਾਹਿਬ ਕਿ ਸੀ.ਈ.ਓ. ਸਾਹਿਬ ਨੇ ਗਲਤ ਆਰਡਰ ਕਰ ਦਿੱਤੇ ਹਨ?'' ਮੈਂ ਨਿਮਰਤਾ ਵਾਲੇ ਲਹਿਜੇ ਵਿਚ ਇਕ ਸੁਆਲੀਏ ਵਾਂਗ ਪੁੱਛਿਆ। **ਨਹੀਂ, ਆਰਡਰ ਗਲਤ ਨਹੀਂ ਹਨ, ਜਿਸ ਮਾਸਟਰ ਦੀ ਬਦਲੀ ਹੋਈ ਹੈ, ਉਹ ਜਾਣਾ ਨਹੀਂ ਚਾਹੁੰਦਾ,'' ਪ੍ਰਿੰਸੀਪਲ ਨੇ ਸਹੀ ਗੱਲ ਦੱਸ ਦਿੱਤੀ। **ਕੀ ਉਸ ਨੇ ਆਪ ਅਰਜ਼ੀ ਦੇ ਕੇ ਬਦਲੀ ਕਰਵਾਈ ਹੈ ਕਿ ਸਰਕਾਰ ਨੇ ਬਦਲੀ ਕੀਤੀ ਹੈ?'' ਅੰਦਰੋਂ ਮੈਂ ਦੁਖੀ ਹੋਣ ਦੇ ਬਾਵਜੂਦ ਲਹਿਜਾ ਫਿਰ ਵੀ ਨਿਮਰਤਾ ਵਾਲਾ ਰੱਖਿਆ। **ਨਹੀਂ, ਉਸੁ ਆਪੂੰ ਐਪਲੀਕੇਸ਼ਨ ਦਿੱਤੀ ਐ,'' ਪ੍ਰਿੰਸੀਪਲ ਦੀ ਥਾਂ ਕਲਰਕ ਬੋਲਿਆ। **ਫੇਰ ਤਾਂ ਉਸ ਨੂੰ ਰਲੀਵ ਹੋ ਜਾਣਾ ਚਾਹੀਦੈ,'' ਮੈਂ ਨਿਮਰਤਾ ਦਾ ਪੱਲਾ ਅਜੇ ਵੀ ਨਹੀਂ ਸੀ ਛੱਡਿਆ। **ਇਹ ਪ੍ਰਿੰਸੀਪਲ ਦਾ ਕੰਮ ਏ ਦੇਖਣਾ ਬਈ ਉਸ ਜੋ ਰਲੀਵ ਕਰਨੈ ਕਿ ਨਹੀਂ।'' ਹੁਣ ਵਾਇਸ ਪ੍ਰਿੰਸੀਪਲ ਬੋਲਿਆ ਸੀ। **ਫੇਰ ਮੈਨੂੰ ਕੀ ਹੁਕਮ ਐ?'' ਮੈਂ ਪ੍ਰਿੰਸੀਪਲ ਨੂੰ ਮੁਖਾਤਿਬ ਹੋ ਕੇ ਬੋਲਿਆ। **ਕਾਹਲ ਨਾ ਕਰੋ, ਕੋਈ ਨਾ ਕੋਈ ਹੱਲ ਲੱਭਦੇ ਹਾਂ,'' ਪ੍ਰਿੰਸੀਪਲ ਦੋਚਿੱਤੀ ਵਿਚ ਜਾਪਦਾ ਸੀ।
  ਸਾਰੀ ਛੁੱਟੀ ਹੋਣ ਵਿਚ ਸਿਰਫ ਇਕ ਘੰਟਾ ਰਹਿ ਗਿਆ ਸੀ। ਚਾਹ ਭਾਵੇਂ ਪ੍ਰਿੰਸੀਪਲ ਨੇ ਮੈਨੂੰ ਮੰਗਵਾ ਕੇ ਪਿਲਾ ਦਿੱਤੀ ਸੀ ਪਰ ਮੈਂ ਬੜਾ ਉਦਾਸ ਸੀ। ਮੈਂ ਆਉਂਦੇ ਹੀ ਪ੍ਰਿੰਸੀਪਲ ਨਾਲ ਅੜ-ਝੜ ਵਿਚ ਪੈਣਾ ਨਹੀਂ ਸੀ ਚਾਹੁੰਦਾ।
  ਸਾਰੀ ਛੁੱਟੀ ਹੋਣ ਤੋਂ ਪਹਿਲਾਂ ਪ੍ਰਿੰਸੀਪਲ ਨੇ ਮੈਨੂੰ ਇਹ ਕਹਿ ਕੇ ਵਾਇਸ ਪ੍ਰਿੰਸੀਪਲ ਨਾਲ ਭੇਜ ਦਿੱਤਾ ਕਿ ਕੱਲ੍ਹ ਕੋਈ ਫੈਸਲਾ ਕਰ ਲਵਾਂਗੇ। ਮੇਰੇ ਵਿਚ ਹੌਸਲੇ ਵਾਲੀ ਗੱਲ ਤਾਂ ਪਹਿਲਾਂ ਹੀ ਨਹੀਂ ਸੀ। ਛਾਂਟੀ ਦੇ ਕੁਹਾੜੇ ਕਾਰਨ ਪਹਿਲਾਂ ਹੀ ਮਨ ਪੂਰੀ ਤਰ੍ਹਾਂ ਜ਼ੀਂਮੀ ਸੀ, ਹੁਣ ਇਸ ਨੌਕਰੀ ਲਈ ਵੀ ਲੋੜ ਤੋਂ ਵੱਧ ਦਬਣਾ ਪੈ ਰਿਹਾ ਹੈ। ਇਹ ਸੋਚ ਕੇ ਮੈਂ ਅੰਦਰੋ-ਅੰਦਰੀ ਵਿਹੁ ਘੋਲ ਰਿਹਾ ਸੀ।
  ਡੀ.ਪੀ.ਆਈ. ਦੇ ਦਫਤਰ ਵਿਚੋਂ ਸੀ.ਈ.ਓ. ਜਲੰਧਰ ਨੂੰ ਆਰਡਰ ਕਰਨ ਵਿਚ ਮੇਰੀ ਇਕ ਸੁਪਰਡੈਂਟ ਨੇ ਮਦਦ ਕੀਤੀ ਸੀ। ਇਹ ਸੁਪਰਡੈਂਟ ਸੀ--ਧਰਮ ਪਾਲ ਗੁਪਤਾ। ਗੁਪਤਾ ਜੀ ਦਾ ਪੂਰਾ ਜ਼ਿਕਰ ਤਾਂ ਮੈਂ ਅੱਗੇ ਜਾ ਕੇ ਕਰਾਂਗਾ ਪਰ ਇਥੇ ਉਹਨਾਂ ਦਾ ਜ਼ਿਕਰ ਇਸ ਲਈ ਜ਼ਰੂਰੀ ਹੈ, ਕਿਉਂਕਿ ਉਹਨਾਂ ਦੇ ਨਾਂ ਲੈਣ ਨਾਲ ਹੀ ਮੇਰਾ ਬੇੜਾ ਪਾਰ ਹੋ ਗਿਆ ਸੀ। ਮੈਂ ਆਪਣਾ ਬਿਸਤਰਾ ਤੇ ਅਟੈਚੀਕੇਸ ਬਸ ਸਟੈਂਡ 'ਤੇ ਇਕ ਢਾਬੇ ਵਾਲੇ ਕੋਲ ਰੱਖ ਕੇ ਆਇਆ ਸੀ। ਦੁਪਹਿਰ ਦੀ ਰੋਟੀ ਖਾਣ ਲਈ ਵਾਇਸ ਪ੍ਰਿੰਸੀਪਲ ਨੇ ਜਾਣਾ ਸੀ। ਅਸੀਂ ਦੋਵੇਂ ਜਿਸ ਹੋਟਲ 'ਤੇ ਪਹੁੰਚੇ, ਉਹ ਮੇਰੇ ਸਮਾਨ ਵਾਲੇ ਢਾਬੇ ਤੋਂ ਕੁਝ ਪਹਿਲਾਂ ਆਉਂਦਾ ਸੀ। ਰੋਟੀ ਖਾਂਦੇ ਖਾਂਦੇ ਮੈਂ ਡੀ.ਪੀ.ਆਈ. ਦਫਤਰ ਵਿਚ ਆਪਣੇ ਸਬੰਧਾਂ ਦੀ ਗੱਲ ਕਰ ਦਿੱਤੀ ਅਤੇ ਨਾਲ ਹੀ ਸੀ.ਈ.ਓ. ਦਫਤਰ ਦੇ ਈ.ਓ. ਬੰਤਾ ਸਿੰਘ ਦੀ ਵੀ। ਵਾਇਸ ਪ੍ਰਿੰਸੀਪਲ ਜਿਸ ਨੂੰ ਹੁਣ ਤੱਕ ਮੈਂ ਵਾਇਸ ਪ੍ਰਿੰਸੀਪਲ ਸਾਹਿਬ ਕਹਿ ਕੇ ਬੁਲਾਉਂਦਾ ਰਿਹਾ ਸੀ, ਉਸ ਨੇ ਕਿਹਾ ਕਿ ਮੇਰਾ ਨਾਂ ਕੇਵਲ ਕ੍ਰਿਸ਼ਨ ਹੈ ਤੇ ਆਪਾਂ ਦੋਵੇਂ ਹਮ-ਉਮਰ ਹਾਂ, ਜਿਸ ਕਾਰਨ ਅੱਗੋਂ ਲਈ ਮੈਂ ਉਸ ਨੂੰ *ਕੇਵਲ ਕ੍ਰਿਸ਼ਨ ਜੀ' ਕਹਿ ਕੇ ਹੀ ਬੁਲਾਉਣਾ ਸ਼ੁਰੂ ਕਰ ਦਿੱਤਾ। ਕੇਵਲ ਕ੍ਰਿਸ਼ਨ ਨੇ ਗੁਪਤਾ ਜੀ ਤੇ ਬੰਤਾ ਸਿੰਘ ਬਾਰੇ ਮੈਥੋਂ ਕੁਝ ਹੋਰ ਗੱਲਾਂ ਪੁੱਛੀਆਂ ਜੋ ਮੈਂ ਜਾਣ ਬੁੱਝ ਕੇ ਵਧਾ-ਚੜ੍ਹਾ ਕੇ ਦੱਸ ਦਿੱਤੀਆਂ। ਰੋਟੀ ਕੇਵਲ ਕ੍ਰਿਸ਼ਨ ਨੇ ਢਾਬੇ 'ਤੇ ਬੰਨ੍ਹੀ ਹੋਈ ਸੀ, ਜਿਸ ਕਾਰਨ ਉਸ ਨੇ ਰਜਿਸਟਰ ਉਤੇ ਇਕ ਦੀ ਥਾਂ ਦੋ ਹਾਜ਼ਰੀਆਂ ਪਾ ਦਿੱਤੀਆਂ ਤੇ ਮੈਨੂੰ ਪੇਮੈਂਟ ਕਰਨ ਤੋਂ ਰੋਕ ਦਿੱਤਾ। ਉਸ ਦੇ ਕਹਿਣ 'ਤੇ ਹੀ ਮੈਂ ਆਪਣਾ ਬਿਸਤਰਾ ਅਤੇ ਅਟੈਚੀਕੇਸ ਚੁਕਵਾ ਕੇ ਉਸ ਦੇ ਕਮਰੇ ਵਿਚ ਪਹੁੰਚ ਗਿਆ।
  ਕੇਵਲ ਕ੍ਰਿਸ਼ਨ ਹਮੀਰਪੁਰ ਦਾ ਰਹਿਣ ਵਾਲਾ ਸੀ ਅਤੇ ਮੇਰੇ ਨਦੌਣ ਦੇ ਥੋੜ੍ਹ-ਚਿਰੇ ਨਿਵਾਸ ਦੌਰਾਨ ਮੇਰਾ ਮਿੱਤਰ ਬਣ ਗਿਆ ਸੀ। ਗੱਲਾਂ ਗੱਲਾਂ ਵਿਚ ਮੈਂ ਆਪਣੇ ਪਰਿਵਾਰ ਦਾ ਸਾਰਾ ਪਿਛੋਕੜ ਦੱਸ ਦਿੱਤਾ। ਧਰਮ ਪਾਲ ਗੁਪਤਾ ਅਤੇ ਬੰਤਾ ਸਿੰਘ ਨਾਲ ਸਬੰਧਾਂ ਦੀ ਕਹਾਣੀ ਪਹਿਲਾਂ ਹੀ ਦੱਸਣ ਕਾਰਨ ਕੇਵਲ ਕ੍ਰਿਸ਼ਨ ਮੇਰੇ ਨਾਲ ਕੁਝ ਘੰਟਿਆਂ ਵਿਚ ਹੀ ਘੁਲਮਿਲ ਗਿਆ, ਜਿਵੇਂ ਚਿਰਾਂ ਦੇ ਵਾਕਫ ਹੋਈਏ। ਮੇਰੇ ਭਰਾ ਦਾ ਮੁੱਖ ਅਧਿਆਪਕ ਹੋਣਾ, ਮੇਰੀ ਭਤੀਜੀ ਊਸ਼ਾ ਦਾ ਮੈਟ੍ਰਿਕ ਦੀ ਪ੍ਰੀਖਿਆ ਵਿਚੋਂ ਪੰਜਾਬ ਯੂਨੀਵਰਸਿਟੀ ਵਿਚੋਂ ਫਸਟ ਆਉਣਾ ਅਤੇ ਮੈਡੀਕਲ ਦੀ ਪੜ੍ਹਾਈ ਵਜ਼ੀਫੇ ਨਾਲ ਕਰਨਾ ਅਤੇ ਮੇਰਾ ਆਪਣਾ ਲੇਖਕ ਹੋਣਾ ਆਦਿ ਸਭ ਗੱਲਾਂ ਨਾਲ ਕੇਵਲ ਕ੍ਰਿਸ਼ਨ ਜਿਵੇਂ ਕੀਲਿਆ ਗਿਆ ਹੋਵੇ। ਗਿਆਨੀ ਵਿਚੋਂ ਯੂਨੀਵਰਸਿਟੀ ਵਿਚੋਂ ਮੇਰੀ ਤੀਸਰੀ ਪੁਜ਼ੀਸ਼ਨ, ਐਸ.ਡੀ. ਸੀਨੀਅਰ ਸੈਕੰਡਰੀ ਅਤੇ ਜੇ.ਬੀ.ਟੀ. ਸਕੂਲ ਬਠਿੰਡੇ ਦਾ ਹੋਸਟਲ ਵਾਰਡਨ ਅਤੇ ਪਹਿਲਾਂ ਵੀ ਜੁਆਰ ਤੇ ਕਾਂਗੜੇ ਵਿਚ ਮੇਰੇ ਨੌਕਰੀ ਕਰਨ ਕਾਰਨ ਚੰਗੀ ਖਾਸੀ ਪਹਾੜੀ ਬੋਲ ਲੈਣਾ ਤੇ ਪਹਾੜੀ ਪੂਰੀ ਤਰ੍ਹਾਂ ਸਮਝ ਲੈਣਾ ਆਦਿ ਕੁਝ ਹੋਰ ਨੁਕਤੇ ਸਨ, ਜਿਨ੍ਹਾਂ ਨਾਲ ਕੇਵਲ ਕ੍ਰਿਸ਼ਨ ਨੂੰ ਪੂਰੀ ਤਰ੍ਹਾਂ ਮੈਂ ਆਪਣੇ ਹੱਕ ਵਿਚ ਭੁਗਤਣ ਲਈ ਤਿਆਰ ਕਰ ਲਿਆ ਸੀ। ਕੇਵਲ ਕ੍ਰਿਸ਼ਨ ਨੇ ਮੈਨੂੰ ਹੋਰ ਪੱਕਾ ਕਰ ਦਿੱਤਾ ਕਿ ਸਾਹਿਬ ਨਾਲ ਗੱਲਬਾਤ ਵਿਚ ਮੈਂ ਨਿਮਰਤਾ ਦਾ ਪੱਲਾ ਨਾ ਛੱਡਾਂ। ਮਰਦਾ ਕੀ ਨਾ ਕਰਦਾ, ਮੇਰੇ ਵਰਗੇ ਬਾਗੀਆਨਾ ਤਬੀਅਤ ਦੇ ਮਾਲਕ ਬੰਦੇ ਨੂੰ ਵੀ ਮੋਮ ਬਣਨਾ ਪੈ ਗਿਆ ਸੀ ਅਤੇ ਇਹ ਰਵੱਈਆ ਮੈਂ ਉਦੋਂ ਤੱਕ ਕਾਇਮ ਰੱਖਿਆ ਜਦੋਂ ਤੱਕ ਅਗਲੇ ਦਿਨ ਬਦਲੀ ਵਾਲੇ ਮਾਸਟਰ ਨੂੰ ਫਾਰਗ ਕਰਕੇ ਮੈਨੂੰ ਹਾਜ਼ਰ ਨਾ ਕਰਵਾ ਲਿਆ ਗਿਆ। ਫੇਰ ਵੀ ਇੰਨੀ ਲਿਹਾਜ਼ ਉਸ ਮਾਸਟਰ ਦੀ ਪ੍ਰਿੰਸੀਪਲ ਨੇ ਰੱਖ ਹੀ ਲਈ ਕਿ ਉਸ ਨੂੰ ਦੁਪਹਿਰ ਤੋਂ ਬਾਅਦ ਫਾਰਗ ਕੀਤਾ ਅਤੇ ਮੈਨੂੰ ੧੪ ਅਪ੍ਰੈਲ ਨੂੰ ਦੁਪਹਿਰ ਤੋਂ ਬਾਅਦ ਹਾਜ਼ਰ ਕਰਵਾਇਆ। ਇਸ ਨਾਲ ਮੇਰੇ ਪਹਿਲੇ ਦਿਨ ਦੀ ਤਨਖਾਹ ਤਾਂ ਮਰ ਹੀ ਗਈ ਸੀ, ਦੂਜੇ ਦਿਨ ਦੀ ਤਨਖਾਹ ਉਤੇ ਵੀ ਲਕੀਰ ਫਿਰ ਗਈ। ਪਰ ਕੇਵਲ ਕ੍ਰਿਸ਼ਨ ਦਾ ਸ਼ੁਕਰੀਆ ਅਦਾ ਕਰਨਾ ਮੈਂ ਨਾ ਉਦੋਂ ਭੁੱਲਿਆ ਸੀ ਤੇ ਨਾ ਭਵਿੱਖ ਵਿਚ ਭੁੱਲ ਸਕਦਾ ਹਾਂ, ਜਿਸ ਨੇ ਹਾਜ਼ਰ ਕਰਵਾਉਣ ਲਈ ਪ੍ਰਿੰਸੀਪਲ ਅੱਗੇ ਮੇਰੀ ਤਾਰੀਫ ਦੇ ਪੁਲ ਬੰਨ੍ਹ ਦਿੱਤੇ ਸਨ। ਪ੍ਰਿੰਸੀਪਲ 'ਤੇ ਵੱਡਾ ਅਸਰ ਇਹ ਪਿਆ ਕਿ ਮੇਰਾ ਭਰਾ ਵੀ ਮੁੱਖ ਅਧਿਆਪਕ ਹੈ ਤੇ ਡੀ.ਪੀ.ਆਈ. ਦਫਤਰ ਤੱਕ ਮੇਰੀ ਪੂਰੀ ਪਹੁੰਚ ਹੈ। ਗਿਆਨੀ ਪਾਸ ਹੋਣ ਕਾਰਨ ਮੈਂ ਵਿਦਿਆਰਥੀਆਂ ਨੂੰ ਗਿਆਰ੍ਹਵੀਂ ਤੱਕ ਪੰਜਾਬੀ ਵੀ ਪੜ੍ਹਾ ਸਕਦਾ ਹਾਂ--ਇਸ ਗੱਲ ਨੇ ਵੀ ਮੇਰੀ ਇਸ ਸਕੂਲ ਵਿਚ ਹਾਜ਼ਰੀ ਲਈ ਰਾਹ ਪੱਧਰਾ ਕੀਤਾ, ਕਿਉਂਕਿ ਜ਼ਿਲ੍ਹਾ ਕਾਂਗੜਾ ਵਿਚ ਅਜੇ ਵੀ ਪੰਜਾਬੀ ਅਧਿਆਪਕਾਂ ਦੀ ਬੜੀ ਘਾਟ ਸੀ।
  ਰਾਤ ਨੂੰ ਮੈਂ ਰੋਟੀ ਖਾਣ ਨਹੀਂ ਸੀ ਗਿਆ। ਕੇਵਲ ਕ੍ਰਿਸ਼ਨ ਨੇ ਬਹੁਤ ਜ਼ੋਰ ਲਾਇਆ ਸੀ ਪਰ ਮੈਂ ਸਿਰ ਦੁਖਣ ਦਾ ਬਹਾਨਾ ਲਾ ਕੇ ਪਿਆ ਰਿਹਾ। ਮੰਜਾ ਉਸ ਨੇ ਪਹਿਲਾਂ ਹੀ ਇਕ ਹੋਰ ਮੰਗਾ ਲਿਆ ਸੀ। ਮੈਂ ਆਪਣਾ ਬਿਸਤਰਾ ਖੋਲ੍ਹਿਆ ਤੇ ਵਿਛਾ ਕੇ ਪੈ ਗਿਆ। ਇਹ ਗੱਲ ਨਹੀਂ ਕਿ ਮੈਨੂੰ ਰੋਟੀ ਦੀ ਭੁੱਖ ਨਹੀਂ ਸੀ ਪਰ ਰਾਤ ਵੇਲੇ ਬਜ਼ਾਰ ਵਿਚੋਂ ਦੀ ਜਾਣ ਨਾਲ ਮੇਰੇ ਅੰਧਰਾਤੇ ਸਬੰਧੀ ਕੇਵਲ ਕ੍ਰਿਸ਼ਨ ਨੂੰ ਪਤਾ ਲੱਗਣ ਦਾ ੀਂਦਸ਼ਾ ਸੀ ਅਤੇ ਇਹ ਗੱਲ ਮੇਰੇ ਇਸ ਸਕੂਲ ਵਿਚ ਹਾਜ਼ਰ ਹੋਣ ਵਿਚ ਵਿਘਨ ਬਣ ਸਕਦੀ ਸੀ। ਇਸ ਲਈ ਮੈਨੂੰ ਰਾਤ ਨੂੰ ਕੇਵਲ ਕ੍ਰਿਸ਼ਨ ਨਾਲ ਕਿਸੇ ਢਾਬੇ 'ਤੇ ਰੋਟੀ ਖਾਣ ਲਈ ਜਾਣ ਨਾਲੋਂ ਭੁੱਖ ਕੱਟਣ ਨੂੰ ਤਰਜੀਹ ਦੇਣੀ ਪਈ। ਇਸ ਤਰ੍ਹਾਂ ਪਹਿਲਾਂ ਵੀ ਮੈਂ ਕਈ ਵਾਰ ਹੋਰ ਥਾਵਾਂ 'ਤੇ ਨੌਕਰੀ ਦੌਰਾਨ ਰਾਤ ਨੂੰ ਭੁੱਖ ਕੱਟ ਚੁੱਕਾ ਸੀ। ਮਜਬੂਰੀ ਬੰਦੇ ਤੋਂ ਕੀ ਕੁਝ ਨਹੀਂ ਕਰਵਾ ਦਿੰਦੀ, ਇਸ ਗੱਲ ਦਾ ਮੈਨੂੰ ਸਦਾ ਅਹਿਸਾਸ ਰਿਹਾ ਹੈ। ਪਰ ਇਹ ਕੇਵਲ ਕ੍ਰਿਸ਼ਨ ਦੀ ਸੁਹਿਰਦਤਾ ਤੇ ਸਿਆਣਪ ਸੀ ਕਿ ਆਉਂਦਾ ਹੋਇਆ ਉਹ ਮੇਰੇ ਲਈ ਪੇੜੇ ਲੈ ਆਇਆ ਸੀ। ਇਹ ਪੇੜੇ ਅਸੀਂ ਦੋਹਾਂ ਨੇ ਖਾਧੇ। ਇਸ ਨਾਲ ਮੈਨੂੰ ਦੋ ਫਾਇਦੇ ਹੋਏ। ਇਕ ਤਾਂ ਭੁੱਖ ਤੋਂ ਛੁਟਕਾਰਾ ਮਿਲ ਗਿਆ ਤੇ ਦੂਜੇ ਰਾਤ ਨੂੰ ਦੁੱਧ ਪੀਣ ਪਿੱਛੋਂ ਆਉਣ ਵਾਲੀ ਨੀਂਦ ਟਲਣ ਦੀ ਗੁੰਜਾਇਸ਼ ੀਂਤਮ ਹੋ ਗਈ ਪਰ ਪੇੜੇ ਮੈਂ ਹਿਸਾਬ ਨਾਲ ਹੀ ਖਾਧੇ। ਮੈਨੂੰ ਡਰ ਸੀ ਕਿ ਕਿਤੇ ਇਹ ਪੇੜੇ ਰਾਤ ਨੂੰ ਮੈਨੂੰ ਜੰਗਲ-ਪਾਣੀ ਲਈ ਦਿਨ ਚੜ੍ਹਨ ਤੋਂ ਪਹਿਲਾਂ ਹੀ ਭਾਜੜ ਨਾ ਪਾ ਦੇਣ। ਪਰ ਇਹ ਸਮਝੋ ਕਿ ਰਾਤ ਵੀ ਵਧੀਆ ਕੱਟੀ ਗਈ ਤੇ ਕੋਈ ਸਮੱਸਿਆ ਵੀ ਨਹੀਂ ਸੀ ਆਈ। ਸਵੇਰੇ ਦਿਨ ਚੜ੍ਹੇ ਬਿਆਸ ਦਰਿਆ ਵੱਲ ਅਸੀਂ ਜੰਗਲ ਪਾਣੀ ਵੀ ਹੋ ਆਏ ਤੇ ਨਹਾਉਣ-ਧੋਣ ਦਾ ਕੰਮ ਵੀ ਨਿੱਬੜ ਗਿਆ।
  ਪਹਿਲੇ ਦਿਨ ਦੀ ਮਹਿਮਾਨ ਨਿਵਾਜ਼ੀ ਪਿੱਛੋਂ ਅਗਲੇ ਦਿਨ ਛੁੱਟੀ ਹੋਣ ਮਗਰੋਂ ਕਮਰੇ ਦੀ ਭਾਲ ਲਈ ਕੇਵਲ ਕ੍ਰਿਸ਼ਨ ਮੇਰੇ ਨਾਲ ਸੀ। ਕੇਵਲ ਕ੍ਰਿਸ਼ਨ ਦੇ ਕਮਰੇ ਤੋਂ ਸਿਰਫ ਪੰਜਾਹ ਗਜ਼ ਦੀ ਵਿੱਥ 'ਤੇ ਮੈਨੂੰ ਕਮਰਾ ਮਿਲ ਗਿਆ, ਮਿਲਿਆ ਨਹੀਂ ਕੇਵਲ ਕ੍ਰਿਸ਼ਨ ਦੀ ਸਿਫਾਰਿਸ਼ ਕਾਰਨ ਇਕ ਸੇਵਾ-ਮੁਕਤ ਪਹਾੜੀ ਅਧਿਆਪਕਾ ਨੇ ਆਪਣਾ ਇਕ ਕਮਰਾ ਮੈਨੂੰ ਦੇ ਦਿੱਤਾ, ਸਿਰਫ ਦਸ ਰੁਪਏ ਮਹੀਨੇ ਉਤੇ। ਮੰਜਾ ਵੀ ਮੈਨੂੰ ਮਾਲਕ ਮਕਾਨ ਮਾਤਾ ਜੀ ਨੇ ਹੀ ਦੇ ਦਿੱਤਾ ਸੀ। ਹੇਠਾਂ ਦੋ ਕਮਰੇ ਉਸ ਮਾਤਾ ਅਤੇ ਉਸ ਦੀ ਧੀ ਕੋਲ ਸਨ, ਉਪਰਲਾ ਇਕ ਵੱਡਾ ਕਮਰਾ ਮੈਨੂੰ ਦੇ ਦਿੱਤਾ ਤੇ ਉਸ ਦੇ ਨਾਲ ਵਾਲਾ ਕਮਰਾ ਬਿਲਕੁਲ ਖਾਲੀ ਸੀ। ਆਪਣੇ ਕਮਰੇ ਵਿਚ ਆ ਕੇ ਮੈਨੂੰ ਸੁਖ ਦਾ ਸਾਹ ਆਇਆ।
  ਮਾਂ ੁਂਦ ਅਧਿਆਪਕਾ ਰਹੀ ਹੋਣ ਕਾਰਨ ਦੂਰ-ਦੁਰਾਡੇ ਨੌਕਰੀ ਕਰਨ ਵਾਲੇ ਅਧਿਆਪਕਾਂ ਦੀਆਂ ਮੁਸ਼ਕਲਾਂ ਸਮਝਦੀ ਸੀ। ਉਹ ਵਿਧਵਾ ਸੀ ਅਤੇ ੨੮-੩ਂ ਸਾਲ ਦੀ ਉਹਦੀ ਲੜਕੀ, ਜਿਸ ਨੂੰ ਉਹ ਕੁੰਤੀ ਕਹਿੰਦੀ ਹੁੰਦੀ ਸੀ, ਉਹ ਵੀ ਵਿਧਵਾ ਸੀ। ਮਾਂ ਦਾ ਇਕੋ ਇਕ ਪੁੱਤਰ ਸੀ, ਜਿਸ ਦਾ ਨਾਂ ਸ਼ਾਇਦ ਵਿਜੇ ਕੁਮਾਰ ਵਿੱਜ ਸੀ। ਵਿਆਹਿਆ ਵਰਿਆ ਇਹ ਪੁੱਤਰ ਦਿੱਲੀ ਨੌਕਰੀ ਕਰਦਾ ਸੀ। ਸੋ ਮੈਨੂੰ ਕਿਰਾਏ 'ਤੇ ਰੱਖਣਾ ਮਾਵਾਂ-ਧੀਆਂ ਨੂੰ ਕਿਵੇਂ ਵੀ ਮੁਸ਼ਕਲ ਨਹੀਂ ਸੀ ਲੱਗਿਆ। ਪਹਾੜੀ ਵਿਚ ਗੱਲਬਾਤ ਕਰਨ ਕਾਰਨ ਵੀ ਮੈਂ ਦੋਵਾਂ ਮਾਵਾਂ-ਧੀਆਂ ਨੂੰ ਸ਼ਾਇਦ ਵਿਜੇ ਕੁਮਾਰ ਦਾ ਰੂਪ ਹੀ ਲਗਦਾ ਹੋਵਾਂ। ਅਗਲੇ ਦਿਨ ਘਰ ਚਿੱਠੀ ਪਾ ਕੇ ਮੈਂ ਸਾਰੀ ਸਥਿਤੀ ਤੋਂ ਭਰਾ ਨੂੰ ਜਾਣੂ ਕਰਵਾ ਦਿੱਤਾ। ਭਰਾ ਮੇਰਾ ਬੜਾ ਜੁਗਤੀ ਸੀ। ਉਸ ਨੇ ਪ੍ਰਿੰ.ਚਾਨਣ ਰਾਮ ਨੂੰ ਆਪਣੇ ਲੈਟਰ ਪੈਡ ਉਤੇ ਧੰਨਵਾਦ ਦੀ ਅਜਿਹੀ ਚਿੱਠੀ ਲਿਖੀ ਕਿ ਚਿੱਠੀ ਮਿਲਦਿਆਂ ਹੀ ਪ੍ਰਿੰਸੀਪਲ ਨੂੰ ਲੱਗਿਆ ਜਿਵੇਂ ਉਸ ਨੂੰ ਕੁਝ ਲੱਭ ਪਿਆ ਹੋਵੇ। ਜਦੋਂ ਸਟਾਫ ਮੀਟਿੰਗ ਹੋਈ, ਪ੍ਰਿੰਸੀਪਲ ਨੇ ਮੇਰਾ ਤੇ ਮੇਰੇ ਪਰਿਵਾਰ ਦਾ ਭਰਪੂਰ ਜ਼ਿਕਰ ਕੀਤਾ ਅਤੇ ਦੱਸਿਆ ਕਿ ਚੰਡੀਗੜ੍ਹ ਦਫਤਰ ਵਿਚ ਛੇਤੀ ਕੀਤੇ ਹੁਣ ਇਸ ਸਕੂਲ ਦਾ ਕੰਮ ਰੁਕੇਗਾ ਨਹੀਂ। ਟਾਇਮ ਟੇਬਲ ਤਾਂ ਪਹਿਲਾਂ ਹੀ ਮੈਨੂੰ ਮੇਰੀ ਮਰਜ਼ੀ ਦਾ ਦੇ ਦਿੱਤਾ ਗਿਆ ਸੀ---ਨੌਵੀਂ ਤੋਂ ਗਿਆਰ੍ਹਵੀਂ ਤੱਕ ਦੀ ਪੰਜਾਬੀ, ਅੱਠਵੀਂ ਤੇ ਸੱਤਵੀਂ ਦੀ ਸਮਾਜਿਕ ਸਿਖਿਆ ਤੇ ਸੱਤਵੀਂ ਦੀ ਅੰਗਰੇਜ਼ੀ। ਭਰਾ ਦੀ ਚਿੱਠੀ ਆਉਣ 'ਤੇ ਪ੍ਰਿੰਸੀਪਲ ਨੇ ਹੋਰ ਰਿਆਇਤ ਦੀ ਵੀ ਪੇਸ਼ਕਸ਼ ਕੀਤੀ ਪਰ ਸਭ ਕੁਝ ਮੇਰੇ ਮੁਤਾਬਕ ਹੀ ਹੋਇਆ ਸੀ। ਇਸ ਲਈ ਮੀਟਿੰਗ ਵਿਚ ਜਿੰਨ੍ਹਾਂ ਸ਼ਬਦਾਂ ਵਿਚ ਮੈਂ ਧੰਨਵਾਦ ਕੀਤਾ, ਉਸ ਨਾਲ ਮੇਰੇ ਚੰਗੇ ਬੁਲਾਰੇ ਹੋਣ ਦਾ ਅਜਿਹਾ ਪ੍ਰਭਾਵ ਪਿਆ ਕਿ ਛੇਤੀ ਹੀ ਸਕੂਲ ਵਿਚ ਲਿਟਰੇਰੀ ਕਲੱਬ ਬਣਾਉਣ ਦੀ ਵਿਉਂਤ ਬਣ ਗਈ ਅਤੇ ਮੈਨੂੰ ਉਸ ਦਾ ਪ੍ਰੋਗਰਾਮ ਇੰਚਾਰਜ ਥਾਪ ਦਿੱਤਾ ਗਿਆ। ਇਹ ਵਿਉਂਤ ਇਕ ਅਧਿਆਪਕ ਆਰ.ਐਲ. ਭਾਟੀਆ ਸਾਹਿਬ ਨੇ ਰੱਖੀ ਸੀ, ਜੋ ੁਂਦ ਕਲੱਬ ਦਾ ਕਨਵੀਨਰ ਬਣਿਆ। ਇਸ ਲਈ ਮੈਂ ਸਭ ਕੁਝ ਉਸ ਦੀ ਨਿਗਰਾਨੀ ਵਿਚ ਕਰਨ ਦਾ ਮਨ ਬਣਾ ਲਿਆ ਸੀ।
  ਭਾਟੀਆ ਸਾਹਿਬ ਦੀ ਲੰਬੀ ਛੁੱਟੀ ਲੈ ਕੇ ਇੰਗਲੈਂਡ ਜਾਣ ਦੀ ਸਕੀਮ ਸੀ। ਜਾਣ ਤੋਂ ਪਹਿਲਾਂ ਉਹ ਚਾਹੁੰਦਾ ਸੀ ਕਿ ਸਕੂਲ ਵੱਲੋਂ ਕੋਈ ਚੰਗੀ ਵਿਦਾਇਗੀ ਪਾਰਟੀ ਹੋਵੇ ਅਤੇ ਗਰੁੱਪ ਫੋਟੋ ਵੀ ਖਿੱਚੀ ਜਾਵੇ। ਉਸ ਦੀ ਸਕੀਮ ਨੂੰ ਫਲ ਵੀ ਲੱਗ ਗਿਆ ਸੀ। ਵਿਦਾਇਗੀ ਪਾਰਟੀ ਦੀ ਜ਼ਿੰਮੇਵਾਰੀ ਇਕ ਸੀਨੀਅਰ ਅਧਿਆਪਕ ਦੁਆਰਕਾ ਦਾਸ ਤੇ ਮੇਰੀ ਸੀ। ਵਧੀਆ ਵਿਦਾਇਗੀ ਪਾਰਟੀ ਵੀ ਹੋਈ ਤੇ ਗਰੁੱਪ ਫੋਟੋ ਵੀ। ਤਕਰੀਰਾਂ ਵਿਚ ਭਾਟੀਆ ਸਾਹਿਬ ਦੀ ਵਡਿਆਈ ਦੇ ਪੁਲ ਬੰਨ੍ਹ ਦਿੱਤੇ ਗਏ। ਇਹੋ ਉਹ ਚਾਹੁੰਦਾ ਸੀ।

  ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਮੈਂ ਘਰ ਆ ਗਿਆ ਸੀ। ੀਂੈਰਸ਼ਸੁੱਖ ਦੀ ਚਿੱਠੀ ਪੱਤਰ ਚਲਦਾ ਰਹਿਣ ਕਾਰਨ ਮੈਨੂੰ ਘਰ ਦੀ ਹਰ ਗੱਲ ਪੁੱਛਣ ਅਤੇ ਨਦੌਣ ਵਿਚ ਮੇਰੀ ਰਹਾਇਸ਼ ਤੋਂ ਲੈ ਕੇ ਰੋਟੀ-ਟੁੱਕ ਤੇ ਸਕੂਲ ਵਿਚ ਐਡਜਸਟਮੈਂਟ ਬਾਰੇ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਸੀ। ਭਰਾ ਕਾਹਲਾ ਸੀ ਕਿ ਮੇਰਾ ਵਿਆਹ ਹੋ ਜਾਵੇ। ਹੈਲਥ ਐਜੂਕੇਟਰ ਦੀ ਨੌਕਰੀ ਦੌਰਾਨ ਬੜੇ ਚੰਗੇ ਘਰਾਂ ਦੇ ਰਿਸ਼ਤੇ ਆਏ ਪਰ ਕੋਈ ਸਿਰੇ ਨਹੀਂ ਸੀ ਚੜ੍ਹਿਆ। ਕਾਰਨ ਨਾ ਦਾਜ ਦਹੇਜ ਦਾ ਲਾਲਚ ਸੀ ਤੇ ਨਾ ਹੀ ਕੁੜੀ ਦੇ ਬੇਹੱਦ ਸੋਹਣੀ ਸੁਨੱਖੀ ਹੋਣ ਦੀ ਮੰਗ। ਪਤਾ ਨਹੀਂ ਗੱਲ ਸਿਰੇ ਲਗਦੀ ਲਗਦੀ ਟੁੱਟ ਜਾਂਦੀ ਸੀ। ਸੰਭਵ ਹੈ ਕਿ ਕੋਈ ਮੇਰੀ ਘੱਟ ਨਿਗਾਹ ਦੀ ਭਾਨੀ ਹੀ ਮਾਰ ਦਿੰਦਾ ਹੋਵੇ। ਦਿਨ ਸਮੇਂ ਤਾਂ ਐਨਕਾਂ ਲੱਗੀਆਂ ਹੋਣ ਕਾਰਨ ਹੀ ਮੇਰੀ ਘੱਟ ਨਿਗਾਹ ਦਾ ਪਤਾ ਲੱਗ ਸਕਦਾ ਸੀ। ਉਂਜ ਮੈਂ ਕਿਸੇ ਨੂੰ ਛੇਤੀ ਕੀਤੇ ਅਸਲੀਅਤ ਦਾ ਪਤਾ ਨਹੀਂ ਸੀ ਲੱਗਣ ਦਿੱਤਾ।
  ਮੇਰੀ ਮਾਂ ਤੇ ਮੇਰਾ ਭਰਾ ਹੀ ਨਹੀਂ, ਮੈਂ ਵੀ ਚਾਹੁੰਦਾ ਸੀ ਕਿ ਵਿਆਹ ਹੋ ਜਾਵੇ। ਨਜ਼ਰ ਲਗਾਤਾਰ ਘਟ ਰਹੀ ਸੀ। ਐਨਕ ਦੇ ਸ਼ੀਸ਼ੇ ਦੀ ਮੋਟਾਈ ਤੋਂ ਸ਼ਾਇਦ ਕੁਝ ਲੋਕ ਅੰਦਾਜ਼ਾ ਲਾ ਲੈਂਦੇ ਹੋਣ ਕਿ ਮੇਰੀ ਨਜ਼ਰ ਵੱਧ ਕਮਜ਼ੋਰ ਹੈ ਪਰ ਅਸਲੀ ਬੀਮਾਰੀ ਦਾ ਤਾਂ ਮੈਨੂੰ ਵੀ ਪਿਛਲੇ ਸਾਲ ਹੀ ਪਤਾ ਲੱਗਿਆ ਸੀ। ਸਾਡੇ ਗੁਆਂਢੀ ਕਿਸ਼ਨੇ, ਜਿਸ ਦੀ ਘਰਵਾਲੀ ਸੰਤੀ ਨੂੰ ਅਸੀਂ ਸਭ ਮਾਮੀ ਕਹਿੰਦੇ ਹੁੰਦੇ ਸੀ, ਉਸ ਦੇ ਛੋਟੇ ਮੁੰਡੇ ਸੋਹਣ ਲਾਲ ਨੇ ਜੋਧਪੁਰੀਆਂ ਦੇ ਬਰਨਾਲੇ ਰਹਿੰਦੇ ਪਰਿਵਾਰ ਨੂੰ ਮੇਰੀ ਦੱਸ ਪਾ ਦਿੱਤੀ। ਸੋਹਣ ਦੀ ਕੰਧ ਨਾਲ ਸਾਡੀ ਕੰਧ ਸਾਂਝੀ ਸੀ। ਸੋਹਣ ਦੇ ਆਪਣੇ ਵੀ ਐਨਕ ਲੱਗੀ ਹੋਈ ਸੀ। ਇਸ ਲਈ ਮੇਰਾ ਐਨਕ ਲਾਉਣਾ ਉਸ ਨੂੰ ਕੋਈ ਓਪਰਾ ਨਹੀਂ ਸੀ ਲੱਗਿਆ ਹੋਣਾ। ਕੁੜੀ ਦਾ ਪਿਉ ਲਾਲਾ ਕਰਤਾ ਰਾਮ ਸਵੇਰੇ ਸੱਤ ਵਾਲੀ ਪਹਿਲੀ ਗੱਡੀ ਹੀ ਮੈਨੂੰ ਵੇਖਣ ਆ ਗਿਆ। ਮੈਂ ਨਹਾ ਕੇ ਵਿਹੜੇ ਵਿਚ ਸਿਰ ਵਾਹ ਰਿਹਾ ਸੀ। ਉਹ ਬਾਹਰੋਂ ਖੜ੍ਹਾ ਹੀ ਨਜ਼ਰ ਮਾਰ ਕੇ ਤੁਰ ਗਿਆ ਤੇ ਸੋਹਣ ਨੂੰ ਗੱਲ ਤੋਰਨ ਲਈ ਕਹਿ ਗਿਆ। ਨਾਲ ਇਹ ਵੀ ਕਹਿ ਗਿਆ ਕਿ ਨਦੌਣ ਤੋਂ ਬਦਲੀ ਕਰਵਾਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਬਦਲੀ ਸਾਡੇ ਲਈ ਸਭ ਤੋਂ ਵੱਡਾ ਲਾਲਚ ਸੀ, ਕਿਉਂਕਿ ਪੰਜਾਬੀ ਸੂਬਾ ਬਣ ਜਾਣ ਦੇ ਐਲਾਨ ਕਾਰਨ ਇਕ ਅਕਤੂਬਰ ੧੯੬੬ ਤੋਂ ਨਦੌਣ ਨੇ ਹਿਮਾਚਲ ਪ੍ਰਦੇਸ਼ ਵਿਚ ਚਲਿਆ ਜਾਣਾ ਸੀ। ਅਫਵਾਹ ਇਹ ਸੀ ਕਿ ਜਿਹੜੇ ਮੁਲਾਜ਼ਮ ਜਿਥੇ ਹਨ, ਉਹਨਾਂ ਦੀ ਉਸੇ ਸੂਬੇ ਵਿਚ ਐਲੋਕੇਸ਼ਨ ਹੋ ਜਾਵੇਗੀ।
  ਜਦੋਂ ਇਹ ਪਤਾ ਕੀਤਾ ਕਿ ਜੋਧਪੁਰੀਆਂ ਦਾ ਉਹ ਕਿਹੜਾ ਕਿੱਲਾ ਹੈ ਜੀਹਦੇ ਸਿਰ 'ਤੇ ਉਹ ਮੇਰੀ ਬਦਲੀ ਨਦੌਣ ਤੋਂ ਤਪਾ ਮੰਡੀ ਦੇ ਨੇੜੇ ਤੇੜੇ ਦੀ ਕਰਵਾਉਣ ਦੀ ਗਰੰਟੀ ਲੈਂਦੇ ਹਨ ਤਾਂ ਸ਼ਾਮ ਨੂੰ ਹੀ ਪਤਾ ਲੱਗ ਗਿਆ ਕਿ ਡੀ.ਪੀ.ਆਈ. ਦਫਤਰ ਦਾ ਸੁਪਰਡੈਂਟ ਧਰਮ ਪਾਲ ਗੁਪਤਾ ਲਾਲਾ ਕਰਤਾ ਰਾਮ ਦਾ ਸਕਾ ਭਣੋਈਆ ਹੈ। ਸੋ ਬਿਨਾਂ ਕਿਸੇ ਲੰਬੀ ਚੌੜੀ ਸੌਦੇਬਾਜ਼ੀ ਤੋਂ ਮੇਰਾ ਮੰਗਣਾ ਸੁਦਰਸ਼ਨਾ ਦੇਵੀ ਨਾਲ ਬਰਨਾਲੇ ਹੋ ਗਿਆ ਤੇ ਨਾਲ ਹੀ ਇਹ ਗੱਲ ਪੱਕੀ ਕੀਤੀ ਗਈ ਕਿ ਵਿਆਹ ਬਦਲੀ ਹੋਣ ਤੋਂ ਪਿੱਛੋਂ ਹੀ ਹੋਵੇਗਾ। ਸਮਝੋ ਮੇਰੇ ਦਾਜ ਵਿਚ ਨਦੌਣ ਤੋਂ ਧੌਲੇ ਦੀ ਬਦਲੀ ਮਿਲੀ ਸੀ ਤੇ ਇਹ ਜੋ ਕੁਝ ਹੋਇਆ, ਚੰਗਾ ਹੀ ਹੋਇਆ।

  ਛੁੱਟੀਆਂ ਵਿਚ ਮੈਂ ਦੋਚਿੱਤੀ ਦਾ ਸ਼ਿਕਾਰ ਰਿਹਾ। ਕਦੇ ਮੈਂ ੁਂਸ਼ ਹੋ ਜਾਂਦਾ, ਕਦੇ ਦੁਖੀ, ਬਦਲੀ ਦੀ ਗਰੰਟੀ ਕਾਰਨ ਮੈਂ ਪ੍ਰਿੰਸੀਪਲ ਅੱਗੇ ਜਿਵੇਂ ਹਾਜ਼ਰ ਹੋਣ ਵੇਲੇ ਝਿਪਿਆ ਸੀ, ਉਹ ਝੇਪ ਚੁੱਕੇ ਜਾਣ ਦੀ ਮੈਨੂੰ ੁਂਸ਼ੀ ਸੀ। ਸਾਲੇ ਨੇ ਐਵੇਂ ਦੋ ਦਿਨ ਮੈਨੂੰ ਹਾਜ਼ਰੀ ਵੇਲੇ ਗਧੀ-ਗੇੜ ਪਾਈ ਰੱਖਿਆ ਸੀ। ਡੋਕਲ ਜਿਹੇ ਕੱਪੜਿਆਂ ਵਾਲਾ ਇਹ ਪ੍ਰਿੰਸੀਪਲ ਨਾ ਬਹੁਤਾ ਲਾਇਕ ਸੀ ਤੇ ਨਾ ਇਨਸਾਨੀਅਤ ਦੇ ਮੁਢਲੇ ਤਕਾਜ਼ਿਆਂ ਪ੍ਰਤਿ ਸੰਵੇਦਨ-ੀਲ। ਜਦੋਂ ਮੈਂ ਵਾਪਸ ਨਦੌਣ ਗਿਆ, ਮੈਂ ਚੜ੍ਹਦੀ ਕਲਾ ਵਿਚ ਸੀ। ਹੁਣ ਮੈਂ ਗੁਪਤਾ ਜੀ ਨਾਲ ਰਿਸ਼ਤੇਦਾਰੀ ਦੀ ਗੱਲ ਛਾਤੀ ਤਾਣ ਕੇ ਕਹਿ ਸਕਦਾ ਸੀ।
  ਮਾਂ ਤੇ ਕੁੰਤੀ ਇਹ ਸੁਣ ਕੇ ਬਹੁਤ ਨਿਰਾਸ਼ ਹੋਈਆਂ ਕਿ ਬਹੁਤ ਛੇਤੀ ਮੇਰੀ ਬਦਲੀ ਹੋ ਜਾਣੀ ਹੈ। ਮੈਂ ਤਾਂ ਮਾਂ ਦੇ ਪੁੱਤਰ ਦਾ ਹਰ ਫਰਜ਼ ਪੂਰਾ ਕਰ ਰਿਹਾ ਸੀ। ਮੇਰੇ ਕਾਰਨ ਉਸ ਨੂੰ ਆਪਣੇ ਬੇਟੇ ਵਿਜੇ ਦੀ ਘਾਟ ਮਹਿਸੂਸ ਨਹੀਂ ਸੀ ਹੁੰਦੀ। ਕੁੰਤੀ ਸਕੀਆਂ ਭੈਣਾਂ ਤੋਂ ਵੱਧ ਸਤਿਕਾਰ ਕਰਦੀ। ਰੱਖੜੀ ਦਾ ਤਿਉਹਾਰ ਆਇਆ, ਕੁੰਤੀ ਨੇ ਸਵੇਰੇ ਹੀ ਨਹਾਉਣ ਧੋਣ ਪਿੱਛੋਂ ਮਾਂ ਨੂੰ ਕਹਿ ਕੇ ਮਿੱਠੇ ਚੌਲ ਬਣਵਾ ਲਏ ਤੇ ਰੱਖੜੀ ਬੰਨ੍ਹਣ ਲਈ ਮੈਨੂੰ ਹੇਠਾਂ ਬੁਲਾ ਲਿਆ। ਰੱਖੜੀ ਬੰਨ੍ਹਣ ਵੇਲੇ ਉਸ ਦਾ ਚਾਅ ਚੁੱਕਿਆ ਨਹੀਂ ਸੀ ਜਾ ਰਿਹਾ। ਮੈਂ ਵੀਹ ਰੁਪਏ ਉਸ ਨੂੰ ਦੇਣੇ ਚਾਹੇ ਪਰ ਕੁੰਤੀ ਨੋਟ ਫੜੇ ਹੀ ਨਾ। ਮੈਂ ਮਾਂ ਨੂੰ ਕਿਹਾ ਕਿ ਉਹ ਕੁੰਤੀ ਨੂੰ ਕਹਿ ਦੇਵੇ ਕਿ ਭੈਣ-ਭਰਾ ਦੇ ਇਸ ਰਿਸ਼ਤੇ ਵਿਚ ਮੇਰੇ ਵੱਲੋਂ ਕਦੇ ਪਿੱਠ ਨਹੀਂ ਦਿਖਾਈ ਜਾਵੇਗੀ। ਵੀਹ ਦਾ ਨੋਟ ਤਾਂ ਐਵੇਂ ਇਕ ਚਿੰਨ੍ਹ ਹੈ, ਅਸਲੀ ਤਾਂ ਭੈਣ ਭਰਾ ਦਾ ਪਿਆਰ ਹੀ ਇਸ ਤਿਉਹਾਰ ਦੀ ਪਵਿੱਤਰਤਾ ਨੂੰ ਬਣਾਉਂਦਾ ਹੈ। ੧੯੬੬ ਦੀ ਰੱਖੜੀ ਦੇ ਉਸ ਤਿਉਹਾਰ ਪਿੱਛੋਂ ਵੀ ਕੁੰਤੀ ਹਰ ਸਾਲ ਮੈਨੂੰ ਰੱਖੜੀ ਭੇਜਦੀ ਰਹੀ। ਮੈਂ ਮਨੀਆਰਡਰ ਕਰਵਾ ਕੇ ਉਸ ਨੂੰ ਕੁਝ ਨਾ ਕੁਝ ਜ਼ਰੂਰ ਭੇਜਦਾ। ਚਿੱਠੀ ਵੀ ਲਿਖਦਾ ਪਰ ਚਿੱਠੀ ਮੈਂ ਮਾਂ ਨੂੰ ਲਿਖਦਾ ਸੀ। ਸਾਡਾ ਇਹ ਸਿਲਸਿਲਾ ੧੯੭੫-੭੬ ਤੱਕ ਚਲਦਾ ਰਿਹਾ। ਪਿੱਛੋਂ ਕੁੰਤੀ ਦੀ ਕਦੇ ਰੱਖੜੀ ਨਹੀਂ ਸੀ ਆਈ। ਜਦੋਂ ੧੯੭੩ ਦੇ ਨਰਾਤਿਆਂ ਵਿਚ ਮੈਂ ਤੇ ਮੇਰੀ ਪਤਨੀ ਕ੍ਰਾਂਤੀ ਤੇ ਬੌਬੀ ਦੇ ਵਾਲ ਲਹਾਉਣ ਲਈ ਜਵਾਲਾਮੁਖੀ ਗਏ, ਅਸੀਂ ਨਦੌਣ ਵੀ ਗਏ। ਮੇਰੇ ਦੋਵੇਂ ਰੋਡੇ-ਭੋਡੇ ਬੇਟਿਆਂ ਨੂੰ ਵੇਖ ਕੇ ਮਾਂ ਤੇ ਕੁੰਤੀ ਨੂੰ ਚਾਅ ਚੜ੍ਹ ਗਿਆ। ਜਦੋਂ ਸੁਦਰਸ਼ਨਾ ਨੇ ਦੋਵਾਂ ਦੇ ਪੈਰੀਂ ਹੱਥ ਲਾਏ, ਉਹਨਾਂ ਨੇ ਅਸੀਸਾਂ ਨਾਲ ਮੇਰੀ ਪਤਨੀ ਤੇ ਬੱਚਿਆਂ ਨੂੰ ਲੱਦ ਦਿੱਤਾ। ਉਹ ਸੋਚਣ ਕਿ ਕਿਥੇ ਉਠਾਈਏ ਤੇ ਕਿਥੇ ਬਹਾਈਏ ਫ ਵਧੀਆ ਭੋਜਨ ਤਿਆਰ ਕੀਤਾ। ਟਹਿਲ ਸੇਵਾ ਵਿਚ ਕੋਈ ਕਸਰ ਨਹੀਂ ਸੀ ਰਹੀ।
  ਜਦੋਂ ਮੈਂ ਨਦੌਣ ਪੜ੍ਹਾਉਂਦਾ ਹੁੰਦਾ ਸੀ, ਉਦੋਂ ਵੀ ਮੈਂ ਦੋ ਵਾਰ ਜਵਾਲਾਮੁਖੀ ਗਿਆ ਸੀ। ਇਕ ਵਾਰ ਪੈਦਲ ਤੁਰ ਕੇ ਹੀ ਜਵਾਲਾਮੁਖੀ ਪਹੁੰਚ ਗਿਆ ਸੀ, ਵਾਪਸ ਬਸ 'ਤੇ ਆਇਆ ਸੀ। ਇਹ ਕਿਹੋ ਜਿਹੇ ਸੰਸਕਾਰ ਸਨ ਕਿ ਮਾਰਕਸਵਾਦ ਦਾ ਚੰਗਾ ਖਾਸਾ ਪ੍ਰਭਾਵ ਹੋਣ ਦੇ ਬਾਵਜੂਦ ਵੀ ਮੈਂ ਜਵਾਲਾਮੁਖੀ ਮੰਦਰ ਵਿਚ ਗਿਆ ਤੇ ਮੱਥਾ ਟੇਕਿਆ।
   ਨਦੌਣ ਗਏ ਨੂੰ ਅਜੇ ਪੂਰਾ ਮਹੀਨਾ ਵੀ ਨਹੀਂ ਸੀ ਹੋਇਆ ਕਿ ਮੇਰਾ ਜੀਅ ਕੀਤਾ ਕਿ ਮੈਂ ਜੁਆਰ ਜਾ ਕੇ ਆਵਾਂ। ਇਕ ਐਤਵਾਰ ਸਵੇਰੇ ਹੀ ਬਸ 'ਤੇ ਗਿਆ। ਸਕੂਲ ਦੇ ਸਾਹਮਣੇ ਬਸ ਖੜ੍ਹਦੀ ਸੀ। ਉਥੋਂ ਦੇ ਪ੍ਰਚੂਨ ਦੇ ਇਕ ਦੁਕਾਨਦਾਰ ਅਤੇ ਜੌਂਢੂ ਹਲਵਾਈ ਨੇ ਮੈਨੂੰ ਪਛਾਣ ਲਿਆ ਸੀ। ਸਕੂਲ ਵਿਚ ਸਿਰਫ ਪਰਸਾ ਹੀ ਰਹਿ ਗਿਆ ਸੀ। ਉਹ ਉਥੇ ਚੌਕੀਦਾਰ ਸੀ। ਉਸ ਤੋਂ ਪਤਾ ਲੱਗਾ ਕਿ ਹੈਡ ਮਾਸਟਰ ਹੇਮ ਰਾਜ ਸ਼ਰਮਾ ਸਮੇਤ ਸਾਰੇ ਅਧਿਆਪਕ ਹੀ ਇਥੋਂ ਬਦਲ ਚੁੱਕੇ ਹਨ, ਕਲਰਕ ਰਾਮ ਨਾਥ ਸ਼ਰਮਾ ਵੀ। ਪਰਸੇ ਨੇ ਵੀ ਚਾਹ ਪਾਣੀ ਪੀਣ ਲਈ ਜ਼ੋਰ ਲਾਇਆ ਤੇ ਜੌਂਢੂ ਮੱਲ ਨੇ ਵੀ। ਪਰ ਮੈਂ ਰਾਮ ਸਿੰਘ ਦੇ ਘਰ ਲਾਹੜ ਜਾਣ ਲਈ ਕਾਹਲਾ ਸੀ। ਪਤਾ ਲੱਗਾ ਕਿ ਦੌਲਤ ਰਾਮ ਦਾ ਅਗਲੇ ਹਫਤੇ ਵਿਆਹ ਹੈ। ਦੌਲਤ ਰਾਮ, ਰਾਮ ਸਿੰਘ ਦਾ ਵੱਡਾ ਲੜਕਾ ਸੀ, ਗੁਰਬੀਂਸ਼ ਜਿਸ ਨੂੰ ਮੈਂ ਬੰਤਾ ਕਹਿੰਦਾ ਹੁੰਦਾ ਸੀ, ਉਹ ਫੌਜ ਵਿਚ ਭਰਤੀ ਹੋ ਗਿਆ ਸੀ। ਲੱਛਮੀ ਅਜੇ ਤੱਕ ਵਿਆਹੀ ਨਹੀਂ ਸੀ। ਉਹ ਤਾਂ ਘੱਟੋ-ਘੱਟ ੨੬-੨੭ ਸਾਲ ਦੀ ਹੋ ਗਈ ਹੋਵੇਗੀ। ਲੱਛਮੀ ਸਮੇਤ ਸਭ ਨੇ ਮੈਨੂੰ ਗਲਵੱਕੜੀ ਪਾਈ, ਜਿਵੇਂ ਦੌਲਤ ਦੇ ਵਿਆਹ ਦੀ ਰੌਣਕ ਵਿਚ ਮੇਰੇ ਪਹੁੰਚਣ ਨਾਲ ਹੋਰ ਵਾਧਾ ਹੋ ਗਿਆ ਹੋਵੇ। ਮੈਂ ਜਿਸ ਕਮਰੇ ਵਿਚ ਰਹਿੰਦਾ ਸੀ, ਉਸ ਵਿਚ ਖੜ੍ਹ ਕੇ ਕਿੰਨਾ ਚਿਰ ਕੰਧਾਂ, ਛੱਤ ਤੇ ਫਰਸ਼ ਵੱਲ ਤੱਕਦਾ ਰਿਹਾ। ਉਸ ਕਮਰੇ ਵਿਚ ਵੀ ਗਿਆ, ਜਿਥੇ ਮੇਰੀ ਮਾਂ ਰੋਟੀ ਪਕਾਉਂਦੀ ਹੁੰਦੀ ਸੀ।
  ਜਦੋਂ ਕਾਕੇ ਨੇ ਮੈਨੂੰ ਦੱਸਿਆ ਕਿ ਹਮੀਰਾਂ ਨੂੰ ਟੀ.ਬੀ. ਹੋ ਗਈ ਹੈ, ਮੇਰੇ ਮਨ ਨੂੰ ਬਹੁਤ ਵੱਡਾ ਧੱਕਾ ਲੱਗਾ। ਅਗਲੇ ਹੀ ਹਫਤੇ ਵਿਆਹ ਵਿਚ ਵੀ ਸ਼ਾਮਲ ਹੋਇਆ। ਇਸ ਬਹਾਨੇ ਇਸ ਪਰਿਵਾਰ ਦੇ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਲਿਆ ਸੀ। ਸਭ ਤੋਂ ਵੱਧ ੁਂਸ਼ ਸਨ ਬੰਤਾ ਤੇ ਹਮੀਰਾਂ ਪਰ ਹਮੀਰਾਂ ਨਾਲ ਬਹੁਤੀ ਖੁੱਲ੍ਹ ਕੇ ਗੱਲ ਨਹੀਂ ਸੀ ਹੋ ਸਕੀ। ਉਂਜ ਕੁਝ ਪਿਛਲੀਆਂ ਗੱਲਾਂ ਜ਼ਰੂਰ ਕੀਤੀਆਂ।

  ਅਜੇ ਮੈਨੂੰ ਮਾਂ ਦੇ ਘਰ ਵਿਚ ਰਹਿੰਦਿਆਂ ਹਫਤਾ ਵੀ ਨਹੀਂ ਸੀ ਹੋਇਆ ਕਿ ਇਕ ਕੁੜੀ ਪੜ੍ਹਨ ਲਈ ਆ ਗਈ। ਉਹ ਮਾਂ ਦੀ ਸਕੀ ਭਤੀਜੀ ਸੀ। ਮਾਂ ਨੇ ਪੁਰਜ਼ੋਰ ਸਿਫਾਰਿਸ਼ ਕੀਤੀ। ਮੈਂ ਨਾਂਹ ਨਾ ਕਰ ਸਕਿਆ। ਅਗਲੇ ਦਿਨ ਸ਼ਾਮ ਚਾਰ ਵਜੇ ਦਾ ਟਾਇਮ ਦੇ ਦਿੱਤਾ। ਜਦੋਂ ਉਹ ਚਲੀ ਗਈ, ਮਾਂ ਨੇ ਪੁੱਠਾ ਤਵਾ ਲਾ ਦਿੱਤਾ।
  ਕੁੜੀ ਦਾ ਨਾਂ ਉਰਮਿਲਾ ਸੀ ਤੇ ਮਾਂ ਉਹਨੂੰ ਬਿਮਲਾ ਕਹਿ ਕੇ ਬੁਲਾਉਂਦੀ ਹੁੰਦੀ ਸੀ। ਅਗਲੇ ਦਿਨ ਉਹ ਚਾਰ ਵਜੇ ਤੋਂ ਵੀ ੫-੭ ਮਿੰਟ ਪਹਿਲਾਂ ਹੀ ਆ ਗਈ। ਪਹਿਲੇ ਦਿਨ ਜੋ ਕੁਝ ਮੈਂ ਉਸ ਨੂੰ ਲਿਖਵਾਇਆ ਤੇ ਹਿਸਾਬ ਦੇ ਜਿਹੜੇ ਸਵਾਲ ਕਰਵਾਏ, ਉਸ ਤੋਂ ਲੱਗਿਆ ਕਿ ਉਹ ਪਾਸ ਤਾਂ ਹੋ ਸਕਦੀ ਹੈ ਪਰ ਪੜ੍ਹਨ ਵਿਚ ਉਹ ਬਹੁਤੀ ਰੁਚੀ ਨਹੀਂ ਸੀ ਲੈ ਰਹੀ। ਮੇਰੇ ਪੈਰ ਹੇਠਾਂ ਸਨ, ਫਰਸ਼ ਉਤੇ। ਬਿਮਲਾ ਨੇ ਮੇਰੇ ਪੈਰਾਂ ਨੂੰ ਇਕ ਵਾਰ ਨਹੀਂ, ਤਿੰਨ-ਚਾਰ ਵਾਰ ਪੰਜ-ਸੱਤ ਮਿੰਟਾਂ ਵਿਚ ਛੂਹਿਆ। ਮੈਨੂੰ ਉਸ ਦੀ ਨੀਅਤ ਦਾ ਪਤਾ ਲੱਗ ਗਿਆ ਸੀ। ਜਦੋਂ ਵੀ ਉਹ ਮੇਰੇ ਪੈਰਾਂ ਨੂੰ ਛੂੰਹਦੀ, ਉਹ ਬਾਹਰ ਜ਼ਰੂਰ ਵੇਖ ਲੈਂਦੀ।
  ਮਾਂ ਦੀ ਗੈਰ-ਹਾਜ਼ਰੀ ਅਤੇ ਕੁੰਤੀ ਦੇ ਹੇਠਾਂ ਸੌਂ ਜਾਣ ਕਾਰਨ ਉਹ ਦੋ ਵਾਰ ਉਪਰ ਮੇਰੇ ਚੁਬਾਰੇ ਵਿਚ ਵੀ ਆ ਗਈ ਸੀ। ਉਸ ਦੀਆਂ ਹਰਕਤਾਂ ਅਤੇ ਬੋਲ-ਬਾਣੀ ਤੋਂ ਉਸ ਦੀ ਨੀਅਤ ਸਪਸ਼ਟ ਸੀ। ਪਰ ਮੈਂ ਇਸ ਕੰਮ ਵਿਚ ਸਿਰੇ ਦਾ ਡਰਪੋਕ ਹੋਣ ਕਾਰਨ ਉਸ ਦੀ ਪਹਿਲ ਦੇ ਬਾਵਜੂਦ ਆਪਣੇ ਵੱਲੋਂ ਕਦੇ ਵੀ ਕੋਈ ਹੁੰਗਾਰਾ ਨਹੀਂ ਸੀ ਭਰਿਆ। ਇਸ ਦਾ ਅਰਥ ਇਹ ਨਹੀਂ ਹੈ ਕਿ ਮੈਂ ਕੋਈ ਫਰਿਸ਼ਤਾ ਸੀ। ਮੇਰੇ ਅੰਦਰ ਵੀ ਉਹੀ ਅੱਗ ਸੀ ਜੋ ਉਸ ਅੰਦਰ। ਪਰ ਅਜਿਹੇ ਕੰਮ ਵਾਲਾ ਮੇਰੇ ਅੰਦਰ ਹੌਸਲਾ ਨਹੀਂ ਸੀ।
  ਛੁੱਟੀਆਂ ਪਿੱਛੋਂ ਆਏ ਨੂੰ ਅਜੇ ਦੂਜਾ ਦਿਨ ਹੀ ਹੋਇਆ ਸੀ ਕਿ ਉਰਮਿਲਾ ਆ ਟਪਕੀ। ਮੇਰੇ ਦੱਸਣ ਤੋਂ ਪਹਿਲਾਂ ਹੀ ਮਾਂ ਨੇ ਦੱਸ ਦਿੱਤਾ ਸੀ ਕਿ ਤਰਸੇਮ ਦੀ ਮੰਗਣੀ ਹੋ ਗਈ ਹੈ। ਉਦੋਂ ਤਾਂ ਉਹ ਕੁਝ ਨਾ ਬੋਲੀ, ਚੁੱਪ ਸੀ ਜਿਵੇਂ ਪੱਥਰ ਹੋ ਗਈ ਹੋਵੇ। ਮੈਂ ਸੋਚ ਰਿਹਾ ਸੀ ਕਿ ਇਹਨੂੰ ਕੀ ਹੋ ਗਿਆ ਹੈ। ਤੀਜੇ ਦਿਨ ਉਹ ਉਪਰ ਪਹੁੰਚ ਗਈ ਤੇ ਗੱਲ ਛੇੜ ਲਈ ਮੇਰੀ ਮੰਗਣੀ ਦੀ। ਮੈਂ ਉਹਨੂੰ ਦੱਸ ਦਿੱਤਾ ਕਿ ਮੇਰੀ ਮੰਗਣੀ ਵੀ ਹੋ ਗਈ ਹੈ ਤੇ ਮੇਰੀ ਬਦਲੀ ਵੀ ਛੇਤੀ ਹੀ ਹੋ ਜਾਣੀ ਹੈ। ਉਸ ਨੇ ਦੋ ਵਾਰੀ ਆਪਣੇ ਮੱਥੇ 'ਤੇ ਹੱਥ ਮਾਰਿਆ ਤੇ ਫੇਰ ਅੱਖਾਂ ਵਿਚੋਂ ਹੰਝੂ ਟਪਕ ਪਏ। **ਬੱਸ ਅਈਐਂ ਧੋਖਾ ਹੋਈ ਜਾਂਦੈ।'' ਉਹ ਰੋ ਵੀ ਰਹੀ ਸੀ ਤੇ ਕੁਝ ਨਾ ਕੁਝ ਬੋਲੀ ਵੀ ਜਾ ਰਹੀ ਸੀ ਜਿਵੇਂ ਉਸ ਦਾ ਕੋਈ ਹੁਸੀਨ ਸੁਪਨਾ ਟੁੱਟ ਗਿਆ ਹੋਵੇ। ਮੈਂ ਹੈਰਾਨ ਸੀ ਕਿ ਜਦ ਮੈਂ ਉਸ ਨਾਲ ਆਪਣਾ ਕੋਈ ਰਿਸ਼ਤਾ ਜੋੜਿਆ ਹੀ ਨਹੀਂ ਸੀ, ਉਹ ਪਾਗਲਾਂ ਵਾਂਗ ਇਸ ਤਰ੍ਹਾਂ ਕਿਉਂ ਕਰੀ ਜਾ ਰਹੀ ਹੈਫ
  ਮੈਂ ਪਹਿਲਾਂ ਨਾਲੋਂ ਵੀ ਵੱਧ ਪਿਆਰ ਤੇ ਦਿਲਚਸਪੀ ਨਾਲ ਉਸ ਨੂੰ ਪੜ੍ਹਾਇਆ ਤੇ ਸਮਝਾਇਆ ਕਿ ਇਹ ਰਿਸ਼ਤੇ ਇਸ ਤਰ੍ਹਾਂ ਨਹੀਂ ਬਣਦੇ, ਪਰ ਉਹਦੇ ਚਿਹਰੇ 'ਤੇ ਮੈਂ ਉਹ ੁਂਸ਼ੀ ਕਦੇ ਨਾ ਵੇਖੀ ਜੋ ਛੁੱਟੀਆਂ ਤੋਂ ਪਹਿਲਾਂ ਵੇਖਦਾ ਹੁੰਦਾ ਸੀ।

  ਬਦਲੀ ਦੇ ਆਰਡਰ ਸਤੰਬਰ ਦੇ ਆੀਂਰੀ ਹਫਤੇ ਹੋਏ। ਭਰਾ ਆਪ ਆਰਡਰ ਲੈ ਕੇ ਆਇਆ, ਕਿਉਂਕਿ ਮੈਂ ਚਿੱਠੀ ਵਿਚ ਲਿਖ ਦਿੱਤਾ ਸੀ ਕਿ ਆਰਡਰ ਉਹ ਆਪ ਲੈ ਕੇ ਆਉਣ ਤਾਂ ਜੋ ਪ੍ਰਿੰਸੀਪਲ ਰਲੀਵ ਕਰਨ ਵਿਚ ਕੋਈ ਅੜਿੱਕਾ ਪੈਦਾ ਨਾ ਕਰੇ। ਅੰਦਾਜ਼ਾ ਮੇਰਾ ਬਿਲਕੁਲ ਠੀਕ ਸੀ। ਜੇ ਭਰਾ ਆਪ ਨਾ ਆਉਂਦਾ ਤਾਂ ਪ੍ਰਿੰਸੀਪਲ ਨੇ ਪਤਾ ਨਹੀਂ ਕੀ ਕੀ ਢੁੱਚਰ ਲਾਉਣੀ ਸੀ। ਮੇਰੇ ਭਰਾ ਦੇ ਆਉਣ ਦੇ ਬਾਵਜੂਦ ਵੀ ਪ੍ਰਿੰਸੀਪਲ ਨੇ ਮੈਨੂੰ ੨੯ ਸਤੰਬਰ ਨੂੰ ਦੁਪਹਿਰ ਤੋਂ ਬਾਅਦ ਰਲੀਵ ਤਾਂ ਕਰ ਦਿੱਤਾ ਪਰ ਰਲੀਵਿੰਗ ਚਿਟ ਪੂਰੇ ੧੨ ਵਜੇ ਹੱਥ 'ਚ ਫੜਾਈ।
  ਮੈਂ ਸਮਾਨ ਪਹਿਲਾਂ ਹੀ ਬੰਨ੍ਹ ਆਇਆ ਸੀ। ਸਕੂਲ ਵਿਚੋਂ ਕੇਵਲ ਕ੍ਰਿਸ਼ਨ ਤੇ ਫਿਰੋਜ਼ਪੁਰ ਵਾਲਾ ਰਮੇਸ਼ ਸ਼ਰਮਾ, ਮਾਂ ਅਤੇ ਮੇਰਾ ਸਮਾਨ ਚੁੱਕਣ ਲਈ ਸੁਰਿੰਦਰ ਤੇ ਯਸ਼ਪਾਲ ਆ ਗਏ ਸਨ। ਬਿਲਕੁਲ ਤੁਰਨ ਵੇਲੇ ਉਰਮਿਲਾ ਵੀ ਪਹੁੰਚ ਗਈ। ਉਹ ਮੇਰੇ ਨਾਲ ਸ਼ਾਇਦ ਕੋਈ ਗੱਲ ਕਰਨਾ ਚਾਹੁੰਦੀ ਸੀ ਪਰ ਕੋਈ ਵੀ ਗੱਲ ਕਰਨਾ ਹੁਣ ਸੰਭਵ ਨਹੀਂ ਸੀ। ਫੇਰ ਵੀ ਉਸ ਨੇ ਮੈਥੋਂ ਮੇਰਾ ਸਿਰਨਾਵਾਂ ਮੰਗ ਲਿਆ। ਅੱਡੇ ਤੱਕ ਮੈਨੂੰ ਛੱਡਣ ਵੀ ਆਈ। ਮੁੜ ਉਹ ਕਦੇ ਨਹੀਂ ਮਿਲੀ। ਉਸ ਅੰਦਰ ਮੇਰੇ ਪ੍ਰਤਿ ਜੋ ਪਿਆਰ ਜਾਗਿਆ, ਉਹ ਤਾਂ ਹੁਣ ਸਮੇਂ ਦੀ ਧੂੜ ਵਿਚ ਰੁਲ ਗਿਆ ਹੋਵੇਗਾ ਪਰ ਉਹ ਜਿਥੇ ਵੀ ਹੋਵੇ, ਚੜ੍ਹਦੀ ਕਲਾ ਵਿਚ ਹੋਵੇ, ਇਹ ਮੇਰੀ ਕਾਮਨਾ ਹੈ।
  ਜ਼ੁਕਾਮ ਤਾਂ ਮੈਨੂੰ ਪਹਿਲਾਂ ਵੀ ਕਈ ਦਿਨ ਤੋਂ ਚੱਲ ਰਿਹਾ ਸੀ। ਸਤੰਬਰ ਦੇ ਮਹੀਨੇ ਤੋਂ ਮੈਨੂੰ ਸਲ੍ਹਾਬੇ ਕਾਰਨ ਅਕਸਰ ਜ਼ੁਕਾਮ ਹੋ ਜਾਂਦਾ ਸੀ। ਕਾਂਗੜੇ ਦੀ ਨੌਕਰੀ ਵੀ ਮੈਂ ਲਗਾਤਾਰ ਜ਼ੁਕਾਮ ਰਹਿਣ ਕਾਰਨ ਹੀ ਛੱਡੀ ਸੀ। ਉਸ ਦਿਨ ਜਦੋਂ ਅਸੀਂ ਪੌਣੇ ਇਕ ਵਜੇ ਵਾਲੀ ਬਸ 'ਤੇ ਬੈਠੇ ਤਾਂ ਬਸ ਬੜੀ ਤੇਜ਼ ਚੱਲਣ ਦੇ ਬਾਵਜੂਦ ਸਾਨੂੰ ਲੁਧਿਆਣੇ ਵਾਲੀ ਬਸ ਬੜੀ ਮੁਸ਼ਕਲ ਨਾਲ ਮਿਲੀ। ਜੇ ਡਰਾਇਵਰ ਵਾਕਫ ਨਾ ਹੁੰਦਾ ਤਾਂ ਸ਼ਾਇਦ ਉਹ ਬਸ ਨਾ ਰੋਕਦਾ। ਲੁਧਿਆਣੇ ਤੋਂ ਅਸੀਂ ਗੱਡੀ ਰਾਹੀਂ ਸੱਤ ਵਜੇ ਤਪੇ ਪਹੁੰਚ ਗਏ ਸੀ। ਜਾਏ ਨਦੌਣ ਆਏ ਕੌਣ?---ਇਸ ਅਖਾਣ ਨੂੰ ਮੈਂ ਝੂਠਾ ਸਾਬਤ ਕਰ ਦਿੱਤਾ ਸੀ।


  ਮੁੜ ਆਪਣੇ ਘਰ

  ਮੇਰੀ ਬਦਲੀ ਸਰਕਾਰੀ ਹਾਇਰ ਸੈਕੰਡਰੀ ਸਕੂਲ ਧੌਲਾ ਦੀ ਹੋਈ ਸੀ, ਜਿਸ ਕਾਰਨ ਮੈਨੂੰ ਜ਼ਿਲ੍ਹਾ ਸਿਖਿਆ ਅਫਸਰ ਸੰਗਰੂਰ ਕੋਲ ਹਾਜ਼ਰ ਹੋ ਕੇ ਸਟੇਸ਼ਨ ਲੈਣ ਦੀ ਬੇਨਤੀ ਕਰਨ ਦੀ ਲੋੜ ਨਹੀਂ ਸੀ। ਇਸ ਲਈ ਮੈਂ ਬੜੇ ਅਰਾਮ ਨਾਲ ਤਿਆਰ ਹੋਇਆ, ਕਿਉਂਕਿ ਮੈਂ ੨੯ ਸਤੰਬਰ ੧੯੬੬ ਨੂੰ ਬਾਰਾਂ ਵਜੇ ਤੋਂ ਪਹਿਲਾਂ ਕਿਸੇ ਵੇਲੇ ਵੀ ਡਿਊਟੀ 'ਤੇ ਹਾਜ਼ਰ ਹੋ ਸਕਦਾ ਸੀ। ਤਪੇ ਤੋਂ ਜੇ ਸਾਇਕਲ ਜਾਂ ਤੁਰ ਕੇ ਜਾਣਾ ਹੋਵੇ ਤਾਂ ਧੌਲਾ ਅੱਠ-ਦਸ ਕਿਲੋਮੀਟਰ ਤੋਂ ਵੱਧ ਨਹੀਂ। ਪਰ ਉਦੋਂ ਤਪੇ ਤੋਂ ਧੌਲੇ ਨੂੰ ਪੱਕੀ ਸੜਕ ਕੋਈ ਨਹੀਂ ਸੀ ਬਣੀ। ਤਪੇ ਤੋਂ ਪੰਜ ਕੁ ਕਿਲੋਮੀਟਰ ਦੀ ਵਿੱਥ 'ਤੇ ਪਿੰਡ ਘੁੰਨਸ ਹੈ ਜੋ ਤਪਾ-ਬਰਨਾਲਾ ਸੜਕ ਉਤੇ ਸਥਿਤ ਹੈ ਅਤੇ ਸੱਜੇ ਹੱਥ ਪਹਾ ਹੈ ਜੋ ਸਿੱਧਾ ਧੌਲੇ ਨੂੰ ਜਾਂਦਾ ਹੈ। ਜੇਕਰ ਅੱਧਾ ਪੌਣਾ ਕਿਲੋਮੀਟਰ ਹੋਰ ਅੱਗੇ ਚਲੇ ਜਾਈਏ ਤਾਂ ਸੇਮ ਦਾ ਨਾਲਾ ਹੈ, ਜਿਸ ਦੀ ਪਟੜੀ ਰਾਹੀਂ ਇਕ ਕਿਲੋਮੀਟਰ ਦਾ ਰਸਤਾ ਤੈਅ ਕਰਕੇ ਫੇਰ ਉਹੀ ਕੱਚਾ ਰਾਹ। ਪਰ ਜੇ ਸੌਖੇ ਰਹਿਣਾ ਹੋਵੇ ਤਾਂ ਤਪੇ ਤੋਂ ਹੰਢਿਆਏ ਜਾ ਕੇ ਮਾਨਸਾ ਵਾਲੀ ਸੜਕ 'ਤੇ ਸੱਜੇ ਪਾਸੇ ਜਿਹੜਾ ਪਹਿਲਾ ਵੱਡਾ ਪਿੰਡ ਆਉਂਦਾ ਹੈ, ਉਹ ਧੌਲਾ ਹੀ ਹੈ। ਇਸ ਤਰ੍ਹਾਂ ਬਸ ਰਾਹੀਂ ਧੌਲੇ ਤੋਂ ਤਪੇ ਜਾਣ ਲਈ ਪੰਦਰਾਂ-ਸੋਲਾਂ ਕਿਲੋਮੀਟਰ ਦਾ ਸਫਰ ਕਰਨਾ ਪੈਂਦਾ ਸੀ। (ਹੁਣ ਤਪੇ ਤੋਂ ਧੌਲੇ ਨੂੰ ਸਿੱਧੀ ਬਸ ਵੀ ਜਾਂਦੀ ਹੈ)। ਭਾਵੇਂ ਮੈਂ ਧੌਲੇ ਨਹੀਂ ਸੀ ਗਿਆ ਪਰ ਧੌਲਾ ਮੇਰੇ ਲਈ ਕੋਈ ਓਪਰਾ ਨਹੀਂ ਸੀ। ਪੈਪਸੂ ਦੇ ਸਾਬਕਾ ਪੁਨਰ ਵਸੇਬਾ ਮੰਤਰੀ ਸੰਪੂਰਨ ਸਿੰਘ ਧੌਲਾ ਦਾ ਪਿੰਡ ਹੋਣ ਕਾਰਨ ਧੌਲਾ ਤਪੇ ਵਾਲੇ ਕਿਸੇ ਵਿਅਕਤੀ ਵਾਸਤੇ ਓਪਰਾ ਉ=ੱਕਾ ਹੀ ਨਹੀਂ ਸੀ, ਕਿਉਂਕਿ ਇਸ ਹਲਕੇ ਤੋਂ ਹੀ ਚੋਣ ਲੜ ਕੇ ਧੌਲਾ ਸਾਹਿਬ ਦੋ ਵਾਰ ਐਮ.ਐਲ.ਏ. ਬਣੇ ਸਨ। ਉਂਜ ਵੀ ਜੇ ਧੌਲੇ ਜਾਂ ਤਪੇ 'ਚੋਂ ਕਿਸੇ ਪਿੰਡ ਦੀ ਪਛਾਣ ਬਾਹਰ ਕਰਵਾਉਣੀ ਹੋਵੇ ਤਾਂ ਤਪਾ-ਧੌਲਾ ਦੱਸ ਕੇ ਕਰਵਾਈ ਜਾਂਦੀ ਸੀ ਤੇ ਹੁਣ ਵੀ ਤਪਾ-ਧੌਲਾ ਇਕ ਦੂਜੇ ਤੋਂ ਨਿਖੇੜ ਕੇ ਨਹੀਂ ਦੱਸੇ ਜਾ ਸਕਦੇ। ਸੰਨ ੧੯੫੭ ਤੱਕ ਤਾਂ ਧੌਲੇ ਦੇ ਬਹੁਤੇ ਮੁੰਡੇ ਵੀ ਦਸਵੀਂ ਕਰਨ ਲਈ ਤਪਾ ਮੰਡੀ ਦੇ ਆਰੀਆ ਹਾਈ ਸਕੂਲ ਵਿਚ ਹੀ ਦੀਂਲ ਹੁੰਦੇ ਸਨ। ਸੰਪੂਰਨ ਸਿੰਘ ਧੌਲੇ ਦਾ ਛੋਟਾ ਭਰਾ ਤੇਜਾ ਸਿੰਘ ਦਸਵੀਂ ਕਰਨ ਲਈ ਆਰੀਆ ਸਕੂਲ ਵਿਚ ਹੀ ਦੀਂਲ ਹੋਇਆ ਸੀ। ਉਦੋਂ ਮੈਂ ਛੇਵੀਂ ਜਾਂ ਸੱਤਵੀਂ ਜਮਾਤ ਵਿਚ ਸੀ।
  ਸ਼ਤਰਾਣੇ ਖਰੀਦਿਆ ਸਾਇਕਲ ਹੁਣ ਮੁੜ ਕੰਮ ਆ ਸਕਦਾ ਸੀ ਪਰ ਪਿਛਲੇ ਦਿਨ ਦੇ ਸਫਰ ਦੀ ਥਕਾਵਟ ਅਤੇ ਕੁਝ ਜ਼ੁਕਾਮ ਕਾਰਨ ਮੈਂ ਬਸ ਰਾਹੀਂ ਜਾਣਾ ਹੀ ਮੁਨਾਸਬ ਸਮਝਿਆ। ਭਾਵੇਂ ਤੁਰਿਆ ਆਰਾਮ ਨਾਲ ਹੀ ਸੀ ਪਰ ਫੇਰ ਵੀ ਸਾਰਾ ਪੌਣੇ ਘੰਟੇ ਦਾ ਰਸਤਾ ਹੋਣ ਕਾਰਨ ਧੌਲੇ ਬਸ ਅੱਡੇ 'ਤੇ ਦਸ ਵਜੇ ਪਹੁੰਚ ਗਿਆ ਸੀ---ਤਪੇ ਤੋਂ ਹੰਢਿਆਏ ਤੇ ਫੇਰ ਹੰਢਿਆਏ ਮੈਂ ਕੈਂਚੀਆਂ 'ਤੇ ਉਤਰਿਆ ਤੇ ਮਾਨਸਾ ਵਾਲੀ ਬਸ ਫੜ ਲਈ। ਸਕੂਲ ਨੂੰ ਜਾਣ ਵਾਲੀ ਸੜਕ ਭਾਵੇਂ ਪੂਰੀ ਪੱਕੀ ਨਹੀਂ ਸੀ ਪਰ ਜਾਂਦੀ ਸੀ ਬਿਲਕੁਲ ਸਿੱਧੀ ਸਕੂਲ ਦੇ ਗੇਟ ਤੱਕ। ਸਵਾ ਦਸ ਵਜੇ ਮੈਂ ਪ੍ਰਿੰਸੀਪਲ ਨੂੰ ਜਾ ਸਲਾਮ ਬੁਲਾਈ।
  ਉਦੋਂ ਉਥੇ ਦੁਰਗਾ ਪ੍ਰਸ਼ਾਦ ਪ੍ਰਿੰਸੀਪਲ ਸੀ। ਜਾਤ ਦਾ ਬਾਣੀਆ ਅਤੇ ਚਾਲੀ-ਪੰਤਾਲੀ ਕਿਲੋ ਭਾਰ ਕਾਰਨ ਉਸ ਲਈ ਕੁਰਸੀ ਜਿਵੇਂ ਵੱਡੀ ਹੋਵੇ ਤੇ ਉਹ ਬਹੁਤ ਛੋਟਾ। ਮੇਰੇ ਵਾਂਗ ਐਨਕ ਲੱਗੀ ਹੋਈ ਸੀ ਪਰ ਮੇਰੇ ਨਾਲੋਂ ਵਾਧਾ ਇਹ ਸੀ ਕਿ ਉਸ ਦੀ ਬਤੀਸੀ ਵੀ ਮਸਨੂਈ ਸੀ, ਜਿਸ ਦਾ ਪਤਾ ਮੈਨੂੰ ਉਸ ਨਾਲ ਪਹਿਲੀ ਮੁਲਾਕਾਤ 'ਤੇ ਹੀ ਲੱਗ ਗਿਆ ਸੀ। ਉਹ ਮੇਰੇ ਭਰਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ, ਕਿਉਂਕਿ ਦੋਵੇਂ ਸਕੂਲ ਮੁਖੀਆਂ ਦੀਆਂ ਸਾਲ ਵਿਚ ਹੋਣ ਵਾਲੀਆਂ ਤਿੰਨ ਚਾਰ ਮੀਟਿੰਗਾਂ ਵਿਚ ਅਕਸਰ ਮਿਲਦੇ ਰਹਿੰਦੇ ਸਨ। ਸ਼ਾਇਦ ਜਾਤ-ਬਰਾਦਰੀ ਕਰਕੇ ਵੀ ਉਹ ਮੇਰੇ ਨਾਲ ਜ਼ਿਆਦਾ ਤਿਉਹ ਵਿਖਾ ਰਿਹਾ ਹੋਵੇ। ਪਹਿਲੀ ਮਿਲਣੀ 'ਤੇ ਮੈਂ ਉਸ ਵੱਲੋਂ ਇਹੋ ਪ੍ਰਭਾਵ ਲਿਆ ਸੀ। ਪਰ ਮੈਨੂੰ ਅਜੇ ਤੱਕ ਤਾਂ ਜ਼ਿੰਦਗੀ ਵਿਚ ਕਦੇ ਕਿਸੇ ਅਫਸਰ ਜਾਂ ਮੁਖੀ ਦੀਆਂ ਬਿਸਾਖੀਆਂ ਦੀ ਲੋੜ ਨਹੀਂ ਸੀ ਪਈ। ਇਸ ਲਈ ਧੌਲਾ ਸਾਹਿਬ, ਗਿਆਨੀ ਜੀ ਤੇ ਹੋਰ ਸੀਨੀਅਰ ਅਧਿਆਪਕਾਂ ਬਾਰੇ ਉਸ ਨੇ ਜੋ ਮੈਨੂੰ ਦੱਸਿਆ, ਮੈਂ ਚੁੱਪ ਕਰਕੇ ਸੁਣੀ ਗਿਆ।
  ਕਿਉਂਕਿ ਇਹ ਹਾਇਰ ਸੈਕੰਡਰੀ ਸਕੂਲ ਸੀ, ਜਿਸ ਕਾਰਨ ਇਥੇ ਗਿਆਰ੍ਹਵੀਂ ਜਮਾਤ ਵੀ ਸੀ,ਕੁਝ ਲੈਕਚਰਾਰ ਵੀ ਸਨ,ਪਰ ਕੁਝ ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਸਨ। ਗਿਆਰ੍ਹਵੀਂ ਨੂੰ ਪੜ੍ਹਾਉਣ ਲਈ ਨਾਗਰਿਕ ਸ਼ਾਸਤਰ ਅਰਥਾਤ ਸਵਿਕਸ ਪਹਿਲਾਂ ਕਿਸੇ ਐਡਹਾਕ 'ਤੇ ਕੰਮ ਕਰਨ ਵਾਲੇ ਅਧਿਆਪਕ ਕੋਲ ਸੀ,ਕਿਉਂਕਿ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਦੀ ਪੋਸਟ ਖਾਲੀ ਸੀ, ਇਸ ਲਈ ਮੈਨੂੰ ਗਿਆਰ੍ਹਵੀਂ ਦੀ ਸਵਿਕਸ, ਦਸਵੀਂ ਦੀ ਸਮਾਜਿਕ ਸਿਖਿਆ ਤੇ ਇਸੇ ਤਰ੍ਹਾਂ ਸੱਤਵੀਂ ਤੋਂ ਨੌਵੀਂ ਤੱਕ ਦੇ ਸਮਾਜਿਕ ਸਿਖਿਆ ਤੇ ਅੰਗਰੇਜ਼ੀ ਦੇ ਟਾਇਮ ਟੇਬਲ ਦੀ ਜਿਹੜੀ ਸਲਿੱਪ ਦਿੱਤੀ ਗਈ, ਉਸ 'ਤੇ ਮੈਂ ਸੰਤੁਸ਼ਟ ਸੀ।
  ਪੜ੍ਹਾਈ ਦਾ ਕੰਮ ਤਾਂ ਮੈਂ ਪਿਛਲੇ ਵਿਧੀ ਵਿਧਾਨ ਅਨੁਸਾਰ ਹੀ ਚਲਾਇਆ ਪਰ ਸਕੂਲ ਦੀ ਰਾਜਨੀਤੀ ਤੇ ਪ੍ਰਬੰਧ ਨੂੰ ਸਮਝਣ ਲਈ ਜਿਹੜੀ ਔਖ ਆਈ, ਉਸ ਦਾ ਸਬੰਧ ਮੇਰੀ ਅੰਦਰੂਨੀ ਕਸ਼ਮਕਸ਼ ਨਾਲ ਸੀ। ਪ੍ਰਿੰਸੀਪਲ ਦੇ ਸਮਝਾਉਣ ਅਨੁਸਾਰ ਮੈਨੂੰ ਗਿਆਨੀ ਗੁਰਚਰਨ ਸਿੰਘ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ, ਕਿਉਂਕਿ ਉਹ ਵਜ਼ੀਰ ਸਾਹਿਬ ਦੀ ਮੁੱਛ ਦਾ ਵਾਲ ਹੈ। ਸਾਰੇ ਮਾਸਟਰ ਸੰਪੂਰਨ ਸਿੰਘ ਧੌਲਾ ਨੂੰ ਵਜ਼ੀਰ ਸਾਹਿਬ ਕਹਿ ਕੇ ਬੁਲਾਉਂਦੇ ਸਨ। ਇਹਨਾਂ ਵਿਚੋਂ ਅੱਧੇ ਤੋਂ ਵੱਧ ਮਾਸਟਰ ਇਸ ਇਲਾਕੇ ਦੇ ਨਹੀਂ ਸਨ ਇਸ ਲਈ ਉਹ ਗਿਆਨੀ ਜੀ ਦੇ ਮਗਰ ਧੌਲਾ ਸਾਹਿਬ ਨੂੰ ਵਜ਼ੀਰ ਸਾਹਿਬ ਕਹਿੰਦੇ। ਮੈਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਸੀ ਲਗਦੀ। ਇਹ ਠੀਕ ਹੈ ਕਿ ਧੌਲਾ ਸਾਹਿਬ ਨੇ ਇਹ ਸਕੂਲ ਬਣਵਾਇਆ ਸੀ। ਉਹ ਰੋਜ਼ ਸਕੂਲ ਆਉਂਦਾ ਤੇ ਘੰਟਾ ਕੁ ਸਵੇਰੇ ਅੀਂਬਾਰ ਪੜ੍ਹ ਕੇ ਤੇ ਮਾਸਟਰਾਂ ਨਾਲ ਗੱਲਾਂ ਕਰਕੇ ਚਲਾ ਜਾਂਦਾ।
  ਬਰਨਾਲੇ ਤੋਂ ਆਉਣ ਵਾਲੇ ਮਾਸਟਰ ਸਕੂਲ ਦੇ ਦੋ ਅੀਂਬਾਰਾਂ ਦੇ ਨਾਲ ਨਾਲ ਇਕ ਉਰਦੂ ਦਾ ਅੀਂਬਾਰ ਹਿੰਦ ਸਮਾਚਾਰ ਵੀ ਲਿਆਉਂਦੇ। ਇਹ ਅੀਂਬਾਰ ਸੰਪੂਰਨ ਸਿੰਘ ਧੌਲਾ ਲਈ ਹੁੰਦਾ। ਦਫਤਰ ਦੇ ਬਾਹਰ ਅਤੇ ਗੇਟ ਦੇ ਬਿਲਕੁਲ ਸਾਹਮਣੇ ਜਿਥੇ ਸਵੇਰ ਦੀ ਧੁੱਪ ਬਹੁਤੀ ਚੁਭਵੀਂ ਨਹੀਂ ਸੀ ਤੇ ਅਗਲੇ ਮਹੀਨੇ ਉਹ ਧੁੱਪ ਹੋਰ ਚੰਗੀ ਲੱਗਣ ਲੱਗ ਪਈ ਸੀ, ਜਿਸ ਦਾ ਵੀ ਪਹਿਲਾ ਜਾਂ ਦੂਜਾ ਖਾਲੀ ਪੀਰੀਅਡ ਹੁੰਦਾ, ਉਹ ਧੌਲਾ ਸਾਹਿਬ ਨੂੰ ਵਜ਼ੀਰ ਸਾਹਿਬ ਕਹਿ ਕੇ ਫਤਿਹ ਬੁਲਾਉਂਦਾ ਤੇ ਉਸ ਕੋਲ ਬਹਿ ਜਾਂਦਾ। ਕਈ ਮਾਸਟਰ ਅੱਧ-ਪਚੱਧਾ ਪੀਰੀਅਡ ਛੱਡ ਕੇ ਵੀ ਵਜ਼ੀਰ ਸਾਹਿਬ ਦੀ ਚੌਂਕੀ ਭਰਦੇ। ਚੌਂਕੀ ਭਰਨ ਸਮੇਂ ਪ੍ਰਿੰਸੀਪਲ ਦਾ ਵੀ ਕੋਈ ਡਰ ਨਾ ਹੁੰਦਾ। ਉਂਜ ਵੀ ਪ੍ਰਿੰਸੀਪਲ ਦਾ ਸਕੂਲ ਵਿਚ ਬਹੁਤਾ ਇੱਜ਼ਤ ਮਾਣ ਨਹੀਂ ਸੀ। ਪਿੰਡ ਵਿਚ ਵੀ ਤੇ ਸਕੂਲ ਵਿਚ ਵੀ ਧੌਲਾ ਸਾਹਿਬ ਦੀ ਚਲਦੀ। ਗਿਆਨੀ ਗੁਰਚਰਨ ਸਿੰਘ ਦੀ ਸਕੂਲ ਵਿਚ ਹੈਸੀਅਤ ਧੌਲਾ ਸਾਹਿਬ ਦੇ ਨੁਮਾਇੰਦੇ ਵਾਲੀ ਸੀ, ਜਿਸ ਕਾਰਨ ਬਹੁਤੇ ਮਾਸਟਰ ਗਿਆਨੀ ਜੀ ਨੂੰ ਹੀ ਸੁਪਰ ਪ੍ਰਿੰਸੀਪਲ ਸਮਝਦੇ। ਪ੍ਰਿੰਸੀਪਲ ਆਪ ਗਿਆਨੀ ਜੀ ਤੋਂ ਬਿਨਾਂ ਇਕ ਕਦਮ ਵੀ ਨਹੀਂ ਸੀ ਪੁੱਟਦਾ। ਅਜਿਹੇ ਮਾਹੌਲ ਵਿਚ ਮੈਂ ਮਾਨਸਿਕ ਤੌਰ 'ਤੇ ਕੁਝ ਦਿਨ ਪ੍ਰੇਸ਼ਾਨ ਰਿਹਾ। ਫਤੇਹ ਫਤੂਹੀ ਤਾਂ ਮੈਂ ਸੰਪੂਰਨ ਸਿੰਘ ਧੌਲਾ ਨੂੰ ਬੁਲਾ ਦਿੰਦਾ ਪਰ ਵਜ਼ੀਰ ਸਾਹਿਬ ਕਹਿ ਕੇ ਨਹੀਂ, *ਧੌਲਾ ਸਾਹਿਬ' ਕਹਿ ਕੇ। ਸ਼ਾਇਦ ਮੇਰੇ ਸੰਬੋਧਨ ਨੂੰ ਸੰਪੂਰਨ ਸਿੰਘ ਵੀ ਓਪਰਾ ਮਹਿਸੂਸ ਨਾ ਕਰਦਾ ਹੋਵੇ, ਕਿਉਂਕ ਧੌਲੇ ਪਿੰਡ ਦੇ ਸਕੂਲ ਤੋਂ ਬਿਨਾਂ ਬਾਕੀ ਸਾਰਾ ਇਲਾਕਾ ਤਾਂ ਉਸ ਨੂੰ ਧੌਲਾ ਸਾਹਿਬ ਕਹਿ ਕੇ ਹੀ ਬੁਲਾਉਂਦਾ ਸੀ। ਹੌਲੀ ਹੌਲੀ ਉਹ ਚਮਚੀਂੋਰ ਮਾਸਟਰਾਂ ਨਾਲੋਂ ਮੈਨੂੰ ਵਧੇਰੇ ਚਾਹੁਣ ਲੱਗ ਪਿਆ ਸੀ। ਉਹਨਾਂ ਦਿਨਾਂ ਵਿਚ ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ ਸੀ ਤੇ ਹਕੂਮਤ ਵੀ ਕਾਂਗਰਸ ਦੀ ਸੀ। ਇਸ ਲਈ ਇਲਾਕੇ ਵਿਚ ਉਸ ਦਾ ਪੂਰਾ ਦਬਦਬਾ ਸੀ। ਮੇਰੇ ਬਾਰੇ ਉਹ ਏਨਾ ਹੀ ਜਾਣਦਾ ਸੀ ਕਿ ਮੇਰਾ ਭਰਾ ਜਨਸੰਘੀ ਹੈ ਪਰ ਹੈ ਇਲਾਕੇ ਦਾ ਬੜਾ ਇਮਾਨਦਾਰ ਹੈਡ ਮਾਸਟਰ ਅਤੇ ਮੇਰੇ ਬਾਰੇ ਉਸ ਨੂੰ ਇਹ ਵੀ ਪਤਾ ਸੀ ਕਿ ਮੈਂ ਕਮਿਊਨਿਸਟ ਪਾਰਟੀ ਦੇ ਜਲਸਿਆਂ ਤੇ ਹੋਰ ਸਰਗਰਮੀਆਂ ਵਿਚ ਬੜੀ ਦਿਲਚਸਪੀ ਰਖਦਾ ਹਾਂ। ਉਦੋਂ ਉਸ ਦਾ ਆਪਣਾ ਵੀ ਝੁਕਾਅ ਕਮਿਊਨਿਸਟਾਂ ਵੱਲ ਹੋਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਇਸ ਸਬੰਧੀ ਮੈਨੂੰ ਕੁਝ ਕੁਝ ਪਤਾ ਕਮਿਊਨਿਸਟ ਐਮ.ਐਲ.ਏ. ਮਾਸਟਰ ਬਾਬੂ ਸਿੰਘ ਰਾਹੀਂ ਲਗਦਾ ਰਹਿੰਦਾ ਸੀ।

  ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਮੈਨੂੰ ਇਥੇ ਵੀ ਕੋਈ ਖਾਸ ਮੁਸ਼ਕਲ ਨਹੀਂ ਆਈ। ਖਾਸ ਕੀ, ਉ=ੱਕਾ ਹੀ ਕੋਈ ਮੁਸ਼ਕਲ ਨਹੀਂ ਆਈ। ਸਵਿਕਸ ਅਤੇ ਸਮਾਜਿਕ ਸਿਖਿਆ ਦੇ ਬਹੁਤੇ ਪਾਠਾਂ ਵਿਚਲੀ ਸਮੱਗਰੀ ਆਮ ਫਹਿਮ ਸੀ। ਇਹ ਜਮਾਤਾਂ ਮੌੜ ਮੰਡੀ, ਬਠਿੰਡੇ ਤੇ ਨਦੌਣ ਪੜ੍ਹਾਉਣ ਕਾਰਨ ਇਹਨਾਂ ਵਿਚਲੇ ਸਾਰ-ਤੱਤ ਮੈਨੂੰ ਪਹਿਲਾਂ ਪੜ੍ਹਣ ਦੀ ਲੋੜ ਨਹੀਂ ਸੀ। ਬੱਚਿਆਂ ਤੋਂ ਅਧਿਆਇ ਦਾ ਸਿਰਲੇਖ ਪੁੱਛਦਾ ਤੇ ਦਸ ਕੁ ਮਿੰਟ ਉਸ ਅਧਿਆਇ ਵਿਚ ਦਰਜ ਸਮੱਗਰੀ ਦਾ ਖੁਲਾਸਾ ਕਰ ਦਿੰਦਾ। ਫੇਰ ਬਾਕੀ ਅਧਿਆਪਕਾਂ ਵਾਂਗ *ਤੂੰ ਪੜ੍ਹ' ਜੁਗਤ ਵਰਤਦਾ। ਅੰਗਰੇਜ਼ੀ ਪੜ੍ਹਾਉਣ ਲਈ ਬਹੁਤੇ ਅਧਿਆਪਕ ਪਹਿਲਾਂ ਆਪ ਪੈਰ੍ਹਾ ਪੜ੍ਹਦੇ ਜਾਂ ਇਕ ਇਕ ਕਰਕੇ ਵਾਕ ਪੜ੍ਹਦੇ, ਔਖੇ ਸ਼ਬਦਾਂ ਦੇ ਅਰਥ ਦਸਦੇ ਤੇ ਫੇਰ ਪੂਰੇ ਵਾਕ ਦਾ ਪੰਜਾਬੀ ਵਿਚ ਤਰਜਮਾ ਕਰਦੇ। ਪਰ ਮੈਂ ਏਥੇ ਵੀ ਸੱਤਵੀਂ ਜਮਾਤ ਦੀ ਅੰਗਰੇਜ਼ੀ ਪੜ੍ਹਾਉਣ ਲਈ ਪਹਿਲੇ ਹਫਤੇ ਹੀ ਕੁਝ ਹੁਸ਼ਿਆਰ ਵਿਦਿਆਰਥੀਆਂ ਦੀ ਚੋਣ ਕਰ ਲਈ, ਉਹਨਾਂ ਤੋਂ ਮੈਂ ਕਿਤਾਬ ਦਾ ਪਾਠ ਪੜ੍ਹਵਾਉਂਦਾ। ਜਿਥੇ ਉਹ ਸ਼ਬਦਾਂ ਦਾ ਸਹੀ ਉਚਾਰਨ ਨਾ ਕਰ ਸਕਦੇ, ਉਥੇ ਪੜ੍ਹਨ ਵਾਲੇ ਵਿਦਿਆਰਥੀ ਨੂੰ ਸ਼ਬਦ ਦੇ ਹਿੱਜੇ (ਛਬਕ;;ਜਅਪਤ) ਬੋਲਣ ਲਈ ਕਹਿ ਦਿੰਦਾ। ਵਿਦਿਆਰਥੀ ਹਿੱਜੇ ਕਰਦਾ ਤਾਂ ਮੈਂ ਸ਼ਬਦ ਦਾ ਸਹੀ ਉਚਾਰਨ ਦੱਸ ਦਿੰਦਾ, ਨਾਲ ਉਸ ਸ਼ਬਦ ਦਾ ਅਰਥ ਵੀ ਦੱਸ ਦਿੰਦਾ। ਵਾਕ ਪੂਰਾ ਹੋਣ 'ਤੇ ਪੂਰੇ ਵਾਕ ਨੂੰ ਪੰਜਾਬੀ ਵਿਚ ਉਲਥਾ ਦਿੰਦਾ। ਨਦੌਣ ਵੀ ਮੈਂ ਸੱਤਵੀਂ ਨੂੰ ਅੰਗਰੇਜ਼ੀ ਹੀ ਪੜ੍ਹਾਉਂਦਾ ਸੀ। ਇਹੋ ਪਾਠ ਪੁਸਤਕ ਉਥੇ ਵੀ ਲੱਗੀ ਹੋਈ ਸੀ। ਇਸ ਤੋਂ ਪਹਿਲਾਂ ਵੀ ਪ੍ਰਾਈਵੇਟ ਸਕੂਲਾਂ ਵਿਚ ਛੇ ਸਾਲ ਸੱਤਵੀਂ-ਅੱਠਵੀਂ ਦੀ ਅੰਗਰੇਜ਼ੀ ਅਤੇ ਕੁਝ ਸਾਲ ਨੌਵੀਂ-ਦਸਵੀਂ ਦੀ ਅੰਗਰੇਜ਼ੀ ਪੜ੍ਹਾਉਣ ਦਾ ਤਜਰਬਾ ਮੇਰੇ ਲਈ ਇਥੇ ਵੀ ਬੜਾ ਲਾਹੇਵੰਦ ਸਿੱਧ ਹੋਇਆ। ਸੱਤਵੀਂ-ਅੱਠਵੀਂ ਦੀ ਅੰਗਰੇਜ਼ੀ ਦੀ ਪਾਠ-ਪੁਸਤਕ ਦੇ ਬਹੁਤੇ ਪਾਠ ਤਾਂ ਵਾਰ ਵਾਰ ਪੜ੍ਹਾਉਣ ਕਾਰਨ ਮੇਰੇ ਜ਼ਬਾਨੀ ਯਾਦ ਹੋ ਚੁੱਕੇ ਸਨ। ਇਹ ਗੁਣ ਮੇਰੀ ਕਮਜ਼ੋਰੀ ਉਤੇ ਪਰਦਾ ਪਾਉਣ ਲਈ ਬੜਾ ਸਹਾਈ ਸਿੱਧ ਹੋਇਆ। ਅੰਗਰੇਜ਼ੀ ਵਿਆਕਰਨ ਅਤੇ ਪੰਜਾਬੀ ਤੋਂ ਅੰਗਰੇਜ਼ੀ ਵਾਕ ਬਣਤਰ ਸਿਖਾਉਣ ਲਈ ਵੀ ਪਿਛਲਾ ਤਜਰਬਾ ਮੇਰੇ ਲਈ ਕਾਰਾਮਦ ਸਾਬਤ ਹੋਇਆ। ਏਥੇ ਮੇਰੇ ਲਈ ਆਪਣੇ ਆਪ ਨੂੰ ਚੰਗਾ ਅਧਿਆਪਕ ਸਿੱਧ ਕਰਨਾ ਬਹੁਤ ਜ਼ਰੂਰੀ ਸੀ। ਇਸ ਦਾ ਇਕ ਕਾਰਨ ਇਹ ਸੀ ਕਿ ਇਹ ਇਕ ਪੁਰਾਣਾ ਸਿਆਸੀ ਪਿੰਡ ਸੀ। ਸੰਪੂਰਨ ਸਿੰਘ ਧੌਲੇ ਤੋਂ ਬਿਨਾਂ ਸੁਰਜੀਤ ਸਿੰਘ ਬਰਨਾਲਾ ਵੀ ਇਸੇ ਪਿੰਡ ਨਾਲ ਸਬੰਧਤ ਹੈ। ਸੋ ਇਥੇ ਜਾਂ ਤਾਂ ਇਹਨਾਂ ਸਿਆਸਤਦਾਨਾਂ ਵਿਚੋਂ ਪਹਿਲਾਂ ਧੌਲਾ ਸਾਹਿਬ ਤੇ ਫੇਰ ਬਰਨਾਲਾ ਸਾਹਿਬ ਦੀ ਨਜ਼ਰ-ਏ-ਇਨਾਇਤ ਜ਼ਰੂਰੀ ਸੀ ਤੇ ਜਾਂ ਫਿਰ ਸਿਰੇ ਦਾ ਵਧੀਆ ਤੇ ਮਿਹਨਤੀ ਅਧਿਆਪਕ ਹੋਣਾ। ਮੇਰੇ ਕੋਲ ਦੂਜਾ ਗੁਣ ਤਾਂ ਸੀ ਪਰ ਮੇਰੇ ਪਹਿਲੇ ਗੁਣ ਦਾ ਅਹਿਸਾਸ ਧੌਲਾ ਸਾਹਿਬ ਨੂੰ ਉਦੋਂ ਹੋਇਆ ਜਦੋਂ ਪੰਜਾਬ ਵਿਚ ਜਨਸੰਘ-ਅਕਾਲੀ ਰਾਜ ਭਾਗ ਦੇ ਮਾਲਕ ਬਣੇ ਤੇ ਕਾਂਗਰਸ ਤੋਂ ਰਾਜ ਖੁੱਸ ਗਿਆ।

  ਪਹਿਲੇ ਕੁਝ ਦਿਨ ਤਾਂ ਮੈਂ ਬਰਾਸਤਾ ਹੰਢਿਆਇਆ ਕੈਂਚੀਆਂ ਬਸ ਰਾਹੀਂ ਧੌਲੇ ਜਾਂਦਾ ਰਿਹਾ, ਫੇਰ ਸਾਇਕਲ ਉਤੇ ਘੁੰਨਸ ਹੋ ਕੇ ਪਹੇ ਪਹੇ ਧੌਲੇ ਜਾਣ ਲੱਗ ਪਿਆ। ਸੇਮ ਦੇ ਨਾਲੇ ਦੀ ਪਟੜੀ ਤੋਂ ਅੱਗੇ ਕੱਚੇ ਰਾਹ ਰਾਹੀਂ ਵੀ ਕਈ ਦਿਨ ਧੌਲੇ ਜਾਂਦਾ ਰਿਹਾ। ਇਸ ਰਾਹ ਵਿਚ ਡੰਡੀ ਦੇ ਦੋਹੀਂ ਪਾਸੇ ਝਾੜੀਆਂ ਸਨ, ਰੇਤਾ ਘੱਟ ਸੀ, ਸਾਇਕਲ ਚਲਾਉਣਾ ਸੌਖਾ ਸੀ, ਪਰ ਸੇਮ ਦੇ ਨਾਲੇ ਦੀ ਪਟੜੀ ਛੋਟੀ ਸੀ, ਮੈਨੂੰ ਸਦਾ ਇਹ ੀਂਤਰਾ ਬਣਿਆ ਰਹਿੰਦਾ ਸੀ ਕਿ ਕਿਧਰੇ ਸਾਇਕਲ ਖੱਬੇ ਹੱਥ ਵੱਲ ਨਾ ਹੋ ਜਾਵੇ, ਅਜਿਹਾ ਹੋਣ 'ਤੇ ਮੈਂ ਸਿੱਧਾ ਸੇਮ ਦੇ ਨਾਲੇ ਵਿਚ ਜਾਵਾਂਗਾ। ਨਾਲੇ ਵਿਚ ਥਾਂ ਥਾਂ ਘਾਹ-ਬੂਟ ਅਤੇ ਕੰਡੇਦਾਰ ਝਾੜੀਆਂ ਵੀ ਸਨ ਤੇ ਹੋਰ ਵੀ ਕਈ ਕੁਝ, ਜਿਸ ਕਾਰਨ ਮੇਰੇ ਡਿੱਗਣ ਉਪਰੰਤ ਤਕੜੀਆਂ ਸੱਟਾਂ ਵੱਜਣ ਜਾਂ ਕੋਈ ਵੀ ਹੋਰ ਵੱਡਾ ਹਾਦਸਾ ਹੋਣ ਦਾ ੀਂਤਰਾ ਸੀ। ਇਸ ਲਈ ਮੈਂ ਉਹ ਰਾਹ ਛੱਡ ਕੇ ਪਹੇ ਦੇ ਰਾਹ ਨੂੰ ਹੀ ਤਰਜੀਹ ਦਿੱਤੀ। ਇਸ ਰਾਹ ਦੇ ਦੋਵੇਂ ਪਾਸੀਂ ਦੂਰ ਤੱਕ ਸਰਕੰਡਾ ਸੀ, ਜੇ ਸਾਇਕਲ ਡੋਲ ਜਾਂਦਾ ਤਾਂ ਹੱਥਾਂ ਨੂੰ ਸਰਕੰਡੇ ਦੀ ਇਕ ਅੱਧ ਝਰੀਟ ਤਾਂ ਵੱਜ ਹੀ ਜਾਂਦੀ, ਅੱਗੇ ਜਾ ਕੇ ਰੇਤਾ ਹੀ ਰੇਤਾ ਸੀ। ਜਦੋਂ ਕਦੇ ਸਾਇਕਲ ਚਲਾਉਣ ਯੋਗ ਡੰਡੀ ਆਉਂਦੀ ਤਾਂ ਚਾਰ ਪੈਡਲ ਵਧੀਆ ਵੱਜ ਜਾਂਦੇ, ਨਹੀਂ ਤਾਂ ਸਿਆਲ ਵਿਚ ਵੀ ਸਕੂਲ ਪਹੁੰਚਣ ਤੱਕ ਪਸੀਨੋ-ਪਸੀਨੀ ਹੋ ਜਾਂਦਾ। ਅਜਿਹੇ ਰੇਤਲੇ ਰਾਹ ਵਿਚ ਮੈਂ ਪਹਿਲਾਂ ਕਦੇ ਸਾਇਕਲ ਨਹੀਂ ਸੀ ਚਲਾਇਆ। ਪਿੰਡ ਵਿਚ ਵੜਨ ਸਾਰ ਦਸ ਕੁ ਫੁੱਟ ਚੌੜੀ ਗਲੀ ਵਿਚੋਂ ਦੀ ਦੋ ਤਿੰਨ ਮੋੜ ਕੱਟਦਾ ਹੋਇਆ ਮੈਂ ਸਕੂਲ ਪਹੁੰਚ ਜਾਂਦਾ। ਕਈ ਵਾਰ ਮੈਂ ਗਲੀ ਵਿਚ ਸਾਇਕਲ ਤੋਂ ਉਤਰ ਜਾਂਦਾ। ਅਕਸਰ ਗਲੀ ਵਿਚ ਛਾਂ ਹੁੰਦੀ ਤੇ ਇਕੋ ਦਮ ਧੁੱਪ ਵਿਚੋਂ ਛਾਂ ਵਿਚ ਆਉਣ ਕਾਰਨ ਮੈਨੂੰ ਕੁਝ ਧੁੰਦਲਾ ਜਿਹਾ ਦਿਸਣ ਲੱਗ ਪੈਂਦਾ। ਮੈਨੂੰ ਡਰ ਸੀ ਕਿ ਕਿਤੇ ਮੈਂ ਸਾਇਕਲ ਕਿਸੇ ਵਿਚ ਮਾਰ ਨਾ ਬੈਠਾਂ। ਇਹ ਸਿਲਸਿਲਾ ਮੇਰੇ ਵਿਆਹ ਤੋਂ ਪਹਿਲਾਂ ਵੀ ਚਲਦਾ ਰਿਹਾ ਤੇ ਵਿਆਹ ਤੋਂ ਬਾਅਦ ਵੀ।


  ਵਿਆਹ ਤੇ ਵਿਆਹ ਤੋਂ ਪਿੱਛੋਂ

  ਮੇਰੀ ਧੌਲੇ ਬਦਲੀ ਹੋ ਜਾਣ ਪਿੱਛੋਂ ਵਿਚੋਲੇ ਨੇ ਵਿਆਹ ਦਾ ਦਿਨ ਕਢਾਉਣ ਲਈ ਮੇਰੇ ਭਰਾ ਨੂੰ ਕਈ ਵਾਰ ਕਹਿ ਦਿੱਤਾ ਸੀ। ਅੰਦਰੋ-ਅੰਦਰੀ ਮੇਰਾ ਭਰਾ ਵੀ ਵਿਆਹ ਲਈ ਬਹੁਤ ਕਾਹਲਾ ਸੀ ਪਰ ਆਪਣੀ ਕਾਹਲ ਉਹ ਵਿਚੋਲੇ ਅੱਗੇ ਬਿਲਕੁਲ ਵੀ ਪ੍ਰਗਟ ਨਹੀਂ ਸੀ ਕਰਦਾ। ਵਿਆਹ-ਸਾਹੇ ਦੇ ਮਾਮਲੇ ਵਿਚ ਮੇਰੇ ਭਰਾ ਨੂੰ ਸਾਰੀ ਤਪਾ ਮੰਡੀ ਵੀ ਮੰਨਦੀ ਸੀ ਤੇ ਰਿਸ਼ਤੇਦਾਰ ਵੀ। ਉਹ ਮੇਰੇ ਵਿਆਹ ਦੀ ਕਾਹਲ ਨਾ ਵਿਖਾ ਕੇ ਬਰਨਾਲੇ ਵਾਲਿਆਂ ਅੱਗੇ ਆਪਣੀ ਕਮਜ਼ੋਰੀ ਨੂੰ ਢਕੀ ਰੱਖਣਾ ਚਾਹੁੰਦਾ ਸੀ। ਭਾਵੇਂ ਵਿਆਹ ਤੋਂ ਛੇਤੀ ਪਿੱਛੋਂ ਗੱਲਾਂ ਗੱਲਾਂ ਵਿਚ ਮੇਰੀ ਪਤਨੀ ਨੇ ਮੈਨੂੰ ਦੱਸ ਦਿੱਤਾ ਸੀ :
  **ਸਾਨੂੰ ਕਿਸੇ ਨੇ ਥੋਡੀ ਨਿਗ੍ਹਾ ਬਾਰੇ ਸ਼ੱਕ ਪਾ ਦਿੱਤਾ ਸੀ। ਮੇਰਾ ਛੋਟਾ ਚਾਚਾ ਥੋਨੂੰ ਸਕੂਲ ਵਿਚ ਦੇਖਣ ਗਿਆ। ਤੁਸੀਂ ਅੰਗਰੇਜ਼ੀ ਦਾ ਅੀਂਬਾਰ ਪੜ੍ਹੀ ਜਾ ਰਹੇ ਸੀ। ਅੀਂਬਾਰ ਦੇ ਵਰਕੇ ਕਈ ਵਾਰ ਉਲੱਦ-ਪਲੱਦ ਕੇ ਤੁਹਾਨੂੰ ਪੜ੍ਹਦਿਆਂ ਉਹ ਕਿੰਨਾ ਚਿਰ ਵੇਖੀ ਗਿਆ। ਉਹਨੂੰ ਲੱਗਿਆ ਬਈ ਐਵੇਂ ਕਿਸੇ ਨੇ ਭਾਨੀ ਮਾਰੀ ਹੈ।''
  ਉਸੇ ਵੇਲੇ ਮੇਰੇ ਦਿਮਾਗ ਵਿਚ ਆਇਆ ਕਿ ਦਫਤਰ ਦੇ ਬਾਹਰ ਸਵੇਰ ਵੇਲੇ ਇਕ ਦਿਨ ਜਿਹੜਾ ਨੱਤੀਆਂ ਵਾਲਾ ਲਾਲਾ ਆਇਆ ਸੀ, ਉਹ ਚਾਚਾ ਬਸੰਤ ਲਾਲ ਹੀ ਸੀ, ਬਿਲਕੁਲ ਚਾਚਾ ਬਸੰਤ ਲਾਲ। ਮੇਰੀ ਯਾਦਾਸ਼ਤ ਨੇ ਸੁਦਰਸ਼ਨਾ ਦੀ ਦੱਸੀ ਗੱਲ ਉਦੋਂ ਹੀ ਤਸਦੀਕ ਕਰ ਦਿੱਤੀ, ਉਸ ਅੱਗੇ ਨਹੀਂ, ਆਪਣੇ ਮਨ ਵਿਚ ਹੀ। ਉਹਨਾਂ ਦਿਨਾਂ ਵਿਚ ਦਿਨ ਵੇਲੇ ਤੇ ਖਾਸ ਤੌਰ 'ਤੇ ਬਾਹਰ ਬੈਠਾ ਹੋਇਆ ਮੈਂ ਕਿਸੇ ਵੀ ਚੀਜ਼ ਜਾਂ ਵਿਅਕਤੀ ਨੂੰ ਘੱਟੋ-ਘੱਟ ਪੰਜਾਹ-ਸੱਠ ਫੁੱਟ ਤੋਂ ਤਾਂ ਚੰਗੀ ਤਰ੍ਹਾਂ ਪਛਾਣ ਹੀ ਸਕਦਾ ਸਾਂ, ਸ਼ਾਇਦ ਕੁਝ ਇਸ ਤੋਂ ਵੀ ਵੱਧ। ਜੇ ਬਸੰਤ ਲਾਲ ਕਿਤੇ ਰਾਤ ਵੇਲੇ ਆਉਂਦਾ ਤਾਂ ਭਾਨੀਮਾਰ ਦੀ ਭਾਨੀ ਨੂੰ ਚਾਰ ਚੰਨ ਲੱਗ ਹੀ ਜਾਣੇ ਸਨ ਤੇ ਸਾਡਾ ਵਿਆਹ ਦਾ ਲਗਨ ਠੰਡਾ ਪੈ ਹੀ ਜਾਂਦਾ। ਪਰ ਜਿਵੇਂ ਮੇਰੀ ਮਾਂ ਕਹਿੰਦੀ ਹੁੰਦੀ ਸੀ ਬਈ ਸੰਜੋਗ ਜ਼ੋਰਾਵਰ ਹੁੰਦੇ ਐ, ਬੱਸ ਸੰਜੋਗ ਜ਼ੋਰਾਵਰ ਵਾਲੀ ਗੱਲ ਹੀ ਸਮਝੋ ਕਿ ਸੁਦਰਸ਼ਨਾ ਦੇਵੀ ਨੂੰ ਮੇਰੀ ਪਤਨੀ ਬਣਨ ਜਾਂ ਮੈਨੂੰ ਉਸ ਦਾ ਪਤੀ ਬਣਨ ਦਾ ਸੁਭਾਗ ਪ੍ਰਾਪਤ ਹੋ ਹੀ ਗਿਆ। ਉਂਜ ਜੇ ਇਹ ਰਿਸ਼ਤਾ ਟੁੱਟ ਵੀ ਜਾਂਦਾ ਤਾਂ ਰਿਸ਼ਤਾ ਤਾਂ ਕੋਈ ਹੋਰ ਵੀ ਹੋ ਜਾਂਦਾ, ਕਿਉਂਕਿ ਮੇਰੀ ਨਿਗ੍ਹਾ ਦੀ ਹਾਲਤ ਅਜੇ ਉਦੋਂ ਏਨੀ ਮਾੜੀ ਨਹੀਂ ਸੀ ਹੋਈ ਕਿ ਭਾਨੀਮਾਰ ਹਰ ਵਾਰ ਕਾਮਯਾਬ ਹੋ ਜਾਂਦਾ।
  ਮੇਰਾ ਮੰਗਣਾ, ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ, ਗਰਮੀ ਦੀਆਂ ਛੁੱਟੀਆਂ ਵਿਚ ਹੋਇਆ ਸੀ ਤੇ ਨਦੌਣ ਤੋਂ ਤਪੇ ਦੇ ਨੇੜੇ ਦੀ ਬਦਲੀ ਕਰਵਾਉਣੀ ਬਰਨਾਲੇ ਵਾਲਿਆਂ ਦੀ ਜ਼ਿੰਮੇਵਾਰੀ ਸੀ। ਉਹਨਾਂ ਨੇ ਜ਼ਿੰਮੇਵਾਰੀ ਪੂਰੀ ਕਰ ਦਿੱਤੀ ਸੀ। ਸੋ, ਅਸੀਂ ਕਿਸੇ ਤਰ੍ਹਾਂ ਵੀ ਮੁੱਕਰ ਨਹੀਂ ਸਾਂ ਸਕਦੇ। ਭਾਨੀ ਮਾਰਨ ਵਾਲਾ ਤਾਂ ਕੋਈ ਸਾਡੇ ਕੋਲ ਵੀ ਆਇਆ ਸੀ ਤੇ ਭਾਨੀ ਸੀ ਵੀ ਸਹੀ ਪਰ ਜੇ ਭਾਨੀਮਾਰ ਨਾ ਵੀ ਆਉਂਦਾ ਤਾਂ ਵੀ ਕੁੜੀ ਵੇਖਣ ਜਾਣਾ ਸੀ ਮੇਰੀ ਭੈਣ ਚੰਦਰ ਕਾਂਤਾ ਨੇ। ਮੈਨੂੰ ਦੱਸ ਦਿੱਤਾ ਸੀ ਕਿ ਕੁੜੀ ਕੁਝ ਭਾਰੀ ਹੈ। ਅੱਖਾਂ ਮੋਟੀਆਂ ਹਨ ਪਰ ਨੱਕ ਕੁੱਝ ਮਿੱਡਾ ਜਿਹਾ ਹੈ। ਭਰਾ ਉਹਦੇ ਮੋਟਾਪੇ ਨੂੰ ਉਹਦੇ ਹੁੰਦੜਹੇਲ ਹੋਣ ਵਿਚ ਬਦਲ ਕੇ ਉਸ ਦੀ ਇਸ ਘਾਟ ਨੂੰ ਗੁਣ ਬਣਾ ਕੇ ਪੇਸ਼ ਕਰ ਰਿਹਾ ਸੀ। ਕਹਿ ਰਿਹਾ ਸੀ ਕਿ ਮੂੰਹ ਬਿਲਕੁਲ ਗੋਲ ਹੈ, ਰੰਗ ਗੋਰਾ ਸਿਉ ਵਰਗੈ। ਵੇਖਣ ਭੈਣ ਤੋਂ ਇਲਾਵਾ ਭਰਾ ਤੇ ਭਾਬੀ ਗਏ ਸਨ। ਮੈਂ ਵੀ ਜਾਣਾ ਚਾਹੁੰਦਾ ਸੀ ਪਰ ਮੈਨੂੰ ਲੈ ਕੇ ਨਹੀਂ ਸਨ ਗਏ। ਭਰਾ ਨਿੱਕੀ ਤੋਂ ਨਿੱਕੀ ਗੱਲ ਨੂੰ ਵੀ ਹੋਰ ਬਰੀਕਬੀਨੀ ਨਾਲ ਵੇਖਣ ਤੇ ਅਕਲ ਦੀ ਬਰੀਕ ਤੋਂ ਬਰੀਕ ਛਾਨਣੀ ਵਿਚੋਂ ਦੀ ਛਾਣ ਕੇ ਕੰਮ ਕਰਨ ਦਾ ਆਦੀ ਸੀ। ਉਹਨੂੰ ਡਰ ਸੀ ਕਿ ਕਿਤੇ ਮੇਰੀ ਨਿਗਾਹ ਬਾਰੇ ਕੁੜੀ ਵਾਲਿਆਂ ਨੂੰ ਪਤਾ ਨਾ ਲੱਗ ਜਾਵੇ। ਦਿਨ ਸਮੇਂ ਭਾਵੇਂ ਮੈਨੂੰ ਤੁਰਨ ਫਿਰਨ ਤੋਂ ਲੈ ਕੇ ਕਮਰੇ ਵਿਚ ਬੈਠਣ ਉਠਣ ਤੇ ਕਿਸੇ ਨੂੰ ਵੇਖਣ ਪਰਖਣ ਵਿਚ ਕੋਈ ਮੁਸ਼ਕਲ ਨਹੀਂ ਸੀ ਪਰ ਭਰਾ ਪਤਾ ਨਹੀਂ ਕਿਉਂ ਕੋਈ ੀਂਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ। ਉਹਨਾਂ ਦਿਨਾਂ ਵਿਚ ਮੁੰਡੇ ਆਮ ਹੀ ਕੁੜੀਆਂ ਨੂੰ ਵੇਖਣ ਜਾਣ ਲੱਗ ਪਏ ਸਨ। ਇਸ ਕਾਰਨ ਵੀ ਸ਼ਾਇਦ ਸ਼ੱਕ ਪੈਣ ਉਤੇ ਲਾਲਾ ਬਸੰਤ ਲਾਲ ਧੌਲੇ ਮੈਨੂੰ ਸਕੂਲ ਵਿਚ ਵੇਖਣ ਗਿਆ ਸੀ। ਮੇਰਾ ਵਿਆਹ ਕਾਹਦਾ ਸੀ? ਬਾਣੀਆਂ ਦੇ ਹੋਰਾਂ ਮੁੰਡਿਆਂ ਵਾਂਗ ਮੇਰਾ ਵੀ ਸੌਦਾ ਹੋਇਆ ਸੀ। ਬਾਰਾਂ-ਪੰਦਰਾਂ ਹਜ਼ਾਰ ਰੁਪਿਆ ਉਹਨਾਂ ਨੇ ਵਿਆਹ 'ਤੇ ਲਾਉਣਾ ਸੀ ਤੇ ਬਦਲੀ ਦਾ ਤੋਹਫਾ ਇਸ ਤੋਂ ਵੱਖਰਾ ਸੀ। ਇਕੱਤੀ ਸੌ ਰੁਪਿਆ ਉਹਨਾਂ ਸ਼ਗਨ ਦਾ ਮੇਰੀ ਝੋਲੀ ਪਾਉਣਾ ਸੀ। ਜਦੋਂ ਮੇਰੇ ਭਰਾ, ਭਰਜਾਈ ਅਤੇ ਭੈਣ ਕੁੜੀ ਵੇਖਣ ਗਏ ਸਨ, ਉਦੋਂ ਉਹਨਾਂ ਜੋ ਸ਼ਗਨ ਸ਼ਾਸਤਰ ਕਰਨਾ ਸੀ, ਉਹ ਕੋਈ ਬਹੁਤ ਵੱਡੇ ਸ਼ਾਹੂਕਾਰਾਂ ਵਾਲਾ ਨਹੀਂ ਸੀ। ਮੇਰੀ ਮਾਂ ਲਈ ਤਾਂ ਏਨੀ ਤਸੱਲੀ ਹੀ ਕਾਫੀ ਸੀ ਕਿ ਮੇਰਾ ਵਿਆਹ ਹੋ ਰਿਹਾ ਹੈ। ਜਿੰਨੇ ਕੁ ਪੈਸੇ ਉਹਨਾਂ ਨੇ ਨਕਦ ਮੇਰੀ ਝੋਲੀ ਵਿਚ ਪਾਉਣੇ ਸਨ, ਉਸ ਤੋਂ ਹਜ਼ਾਰ ਦੋ ਹਜ਼ਾਰ ਹੋਰ ਵੱਧ ਲੱਗ ਕੇ ਮੇਰਾ ਵਿਆਹ ਹੋ ਜਾਣਾ ਸੀ। ਘਰ ਵਿਚ ਨਾ ਮਾਂ ਦੀ ਚਲਦੀ ਸੀ ਤੇ ਨਾ ਮੇਰੀ, ਭਾਬੀ ਸਿਰੋਂ ਸਰਦਾਰ ਸੀ। ਹੁਣ ਤਾਂ ਅੰਦਰੋ-ਅੰਦਰੀ ਭਰਾ ਵੀ ਉਸ ਤੋਂ ਡਰਦਾ ਸੀ।
  ਵਿਆਹ ਲਈ ਜਿਹੜੇ ਕੱਪੜੇ ਬਣਵਾਏ ਗਏ, ਉਹ ਮੇਰੇ ਲਾੜ੍ਹੇ ਹੋਣ ਦੇ ਬਾਵਜੂਦ ਮੇਰੇ ਭਰਾ ਤੇ ਭਤੀਜਿਆਂ ਨਾਲੋਂ ਵੱਖਰੇ ਨਹੀਂ ਸਨ। ਅੰਮ੍ਰਿਤਸਰ ਤਾਇਆ ਮਥਰਾ ਦਾਸ ਦੇ ਪੁੱਤਰ ਉਸ ਸਮੇਂ ਓ.ਸੀ.ਐਮ. ਵੂਲਨ ਮਿੱਲ ਵਿਚ ਕੰਮ ਕਰਦੇ ਸਨ। ਉਥੋਂ ਪੂਰਾ ਥਾਨ ਗਰਮ ਸੂਟਾਂ ਲਈ ਲਿਆਂਦਾ, ਉਹ ਵੀ ਬੜਾ ਸਸਤਾ। ਸਸਤਾ ਇਸ ਲਈ ਮਿਲ ਗਿਆ, ਕਿਉਂਕਿ ਵਧੀਆ ਗਰਮ ਕੱਪੜਾ ਹੋਣ ਦੇ ਬਾਵਜੂਦ ਉਸ ਵਿਚ ਕੋਈ ਅਜਿਹਾ ਨੁਕਸ ਸੀ ਜੋ ਆਮ ਗਾਹਕ ਨੂੰ ਨਹੀਂ ਸੀ ਪਤਾ ਲਗਦਾ ਪਰ ਕੱਪੜੇ ਦੇ ਵਪਾਰੀ ਉਸ ਨੂੰ ਰੀਜੈਕਟਿਡ ਮਾਲ ਦੇ ਰੇਟ ਵਿਚ ਲੈ ਕੇ ਜਾਂਦੇ ਸਨ। ਇਕ ਗਰਮ ਕੋਟ-ਪੈਂਟ ਦਾ ਕੱਪੜਾ ਹੋਰ ਖਰੀਦਿਆ ਗਿਆ। ਇਹ ਸੂਟ ਮੇਰੇ ਵਾਸਤੇ ਸੀ ਅਤੇ ਸੀ ਵੀ ਵਧੀਆ। ਗਰਮ ਕੋਟ ਪੈਂਟ, ਕਮੀਜ਼ ਤੇ ਬੂਟ ਅਕਸਰ ਉਦੋਂ ਵੀ ਤੇ ਹੁਣ ਵੀ ਸਹੁਰਿਆਂ ਵੱਲੋਂ ਮੁੰਡੇ ਨੂੰ ਦਿੱਤੇ ਜਾਂਦੇ ਹਨ ਤੇ ਇਸ ਨੂੰ ਪ੍ਰਾਹੁਣੇ ਦੀ ਪੁਸ਼ਾਕ ਕਹਿੰਦੇ ਹਨ। ਇਹ ਪੁਸ਼ਾਕ ਸਹੁਰਿਆਂ ਵੱਲੋਂ ਹੋਣ ਕਾਰਨ ਇਸ ਦੇ ਬਿਲ ਦੀ ਅਦਾਇਗੀ ਵੀ ਬਰਨਾਲੇ ਵਾਲਿਆਂ ਨੇ ਕਰਨੀ ਸੀ। ਇਸ ਲਈ ਵਧੀਆ ਸ਼ਰਟ ਵੀ ਸਹੁਰਿਆਂ ਦੇ ਖਾਤੇ 'ਚੋਂ ਮਿਲੀ ਤੇ ਬੂਟ ਵੀ। ਬਾਕੀ ਗਰਮ ਕੋਟ ਪੈਂਟ ਜੋ ਘਰਦਿਆਂ ਨੇ ਬਣਵਾ ਕੇ ਦਿੱਤਾ, ਉਸ ਨਾਲ ਦਾ ਹੀ ਗਰਮ ਸੂਟ ਮੇਰੇ ਭਰਾ ਦਾ ਵੀ ਸੀ ਤੇ ਮੇਰੇ ਦੋਵੇਂ ਭਤੀਜਿਆਂ ਦਾ ਵੀ। ਦੋ ਹਲਕੀ ਨੀਲੀ ਪਾਪਲੀਨ ਦੇ ਕਮੀਜ਼ ਮੇਰੇ ਸਨ ਤੇ ਉਹੋ ਜਿਹੇ ਕਮੀਜ਼ ਹੀ ਮੇਰੇ ਭਰਾ ਤੇ ਭਤੀਜਿਆਂ ਦੇ। ਮੈਨੂੰ ਜਿਹੜਾ ਕੁੜਤਾ ਪਜਾਮਾ ਰਾਤ ਨੂੰ ਪਾਉਣ ਵਾਲਾ ਸੰਵਾ ਕੇ ਦਿੱਤਾ---ਪਜਾਮਾ ਫਾਂਟੇਦਾਰ ਸੀ ਤੇ ਕੁੜਤਾ ਪਾਪਲੀਨ ਦਾ। ਅੱਜ ਜਿਹੜੇ ਕਾਟਨ ਦੇ ਕੱਪੜੇ ਬੜੇ ਮਹਿੰਗੇ ਹਨ ਅਤੇ ਟੈਰੀਕਾਟ ਨੂੰ ਛੱਡ ਕੇ ਵੱਡੇ ਲੋਕ ਇਹਨਾਂ ਨੂੰ ਵੱਧ ਪਸੰਦ ਕਰਨ ਲੱਗ ਪਏ ਹਨ, ਉਦੋਂ ਇੰਨੇ ਮਹਿੰਗੇ ਨਹੀਂ ਸਨ। ਦੇਣ-ਲੈਣ, ਵਿਆਹ-ਸਾਹੇ ਤੇ ਉ=ੱਚ ਤੇ ਮੱਧ ਸ਼੍ਰੇਣੀਆਂ ਦੇ ਲੋਕ ਕਮੀਜ਼ ਵੀ ਟੈਰੀਕਾਟ ਦੇ ਸਮਾਉਂਦੇ ਸਨ ਤੇ ਪਤਲੂਨਾਂ ਵੀ। ਮੇਰੀ ਸਿਰਫ ਸਹੁਰਿਆਂ ਵੱਲੋਂ ਦਿੱਤੀ ਜਾਣ ਵਾਲੀ ਪੁਸ਼ਾਕ ਵਿਚ ਹੀ ਸ਼ਰਟ ਵਧੀਆ ਟੈਰੀਕਾਟ ਦੀ ਸੀ।
  ਜਿਵੇਂ ਸਾਨੂੰ ਤਪਾ ਮੰਡੀ ਦੇ ਇਲਾਕੇ ਵਿਚ ਚੰਗਾ ਮੱਧ-ਸ਼੍ਰੇਣਿਕ ਪਰਿਵਾਰ ਮੰਨਿਆ ਜਾਂਦਾ ਸੀ, ਉਸ ਮੁਤਾਬਿਕ ਵਿਆਹ ਲਈ ਮੇਰੇ ਇਹ ਬਣਵਾਏ ਗਏ ਕੱਪੜੇ ਅਸਲੋਂ ਘਟੀਆ ਸਨ। ਪਹਿਲਾਂ ਮੈਂ ਕਦੇ ਟਾਈ ਨਹੀਂ ਸੀ ਲਾਉਂਦਾ, ਕਿਉਂਕਿ ਜ਼ਿੰਦਗੀ ਵਿਚ ਅਜੇ ਤੱਕ ਗਰਮ ਸੂਟ ਜੁੜਿਆ ਹੀ ਨਹੀਂ ਸੀ। ਸਿਰਫ ਇਕ ਵਾਰ ਅਜਿਹਾ ਕੋਟ ਬਣਵਾਇਆ ਸੀ ਜਿਸ ਨਾਲ ਟਾਈ ਲੱਗ ਸਕੇ। ਵਿਆਹ ਵੇਲੇ ਕਿਸੇ ਦੇ ਦਿਮਾਗ ਵਿਚ ਆਈ ਹੀ ਨਹੀਂ ਕਿ ਘੱਟੋ-ਘੱਟ ਘੋੜੀ ਵੇਲੇ ਤੇ ਰਾਤ ਵੇਲੇ ਪਾਉਣ ਲਈ ਸੂਟ ਨਾਲ ਟਾਈ ਦੀ ਵੀ ਲੋੜ ਹੈ। ਉਂਜ ਵੀ ਜਿਹੜਾ ਦਰਜ਼ੀ ਕੱਪੜੇ ਸਿਉਣ ਲਈ ਘਰ ਬਹਾਇਆ ਗਿਆ ਸੀ, ਉਸ ਨੇ ਸਭ ਦੇ ਕਮੀਜ਼ਾਂ ਦੇ ਕਾਲਰ ਪੁਰਾਣੇ ਟਾਇਪ ਦੇ ਬਣਾ ਦਿੱਤੇ। ਉਹਨਾਂ ਕਾਲਰਾਂ ਨਾਲ ਉਪਰਲਾ ਬਟਨ ਬੰਦ ਕਰਕੇ ਟਾਈ ਨਹੀਂ ਸੀ ਲੱਗ ਸਕਦੀ।
  ਘੋੜੀ ਵਾਲੇ ਦਿਨ ਸਾਰੀਆਂ ਭੈਣਾਂ ਵੀ ਆ ਗਈਆਂ। ਉਦੋਂ ਮਾਲੇਰਕੋਟਲੇ ਵਾਲੀ ਭੈਣ ਚੰਦਰ ਕਾਂਤਾ ਦੇ ਨਾਲ ਭੈਣ ਸ਼ੀਲਾ ਦੀ ਕੁੜੀ ਬਾਵੀ ਨੂੰ ਵੀ ਬੁਲਾਇਆ ਗਿਆ ਸੀ, ਕਿਉਂਕਿ ਉਹ ਮੇਰੀ ਭੈਣ ਦੀ ਦਰਾਣੀ ਵੀ ਸੀ। ਇਸ ਲਈ ਗੁੱਜਰ ਲਾਲ ਜੀਜਾ ਜੀ ਦੇ ਨਾਲ ਬਾਵੀ ਦਾ ਪ੍ਰਾਹੁਣਾ ਧਰਮ ਪਾਲ ਵੀ ਆਇਆ ਸੀ। ਉਂਜ ਮੇਰੀ ਹੋਰ ਕਿਸੇ ਵਿਆਹੀ-ਵਰੀ ਭਾਣਜੀ ਨੂੰ ਨਹੀਂ ਸੀ ਸੱਦਿਆ ਗਿਆ। ਧਰਮ ਪਾਲ ਮੋਦੀਆਂ ਦਾ ਮੁੰਡਾ ਸੀ ਤੇ ਸੀ ਵੀ ਪੂਰਾ ਸ਼ੌਕੀਨ। ਉਹ ਉਦੋਂ ਰਿਸ਼ਤੇਦਾਰੀ ਵਿਚ ਜਾਣ-ਆਉਣ ਵੇਲੇ ਜਦੋਂ ਸੂਟ ਪਾਉਂਦਾ ਸੀ, ਉਦੋਂ ਟਾਈ ਵੀ ਲਾਉਂਦਾ ਹੁੰਦਾ ਸੀ।
  ਉਹਨਾਂ ਦਿਨਾਂ ਵਿਚ ਮੁੰਡਿਆਂ ਦੇ ਵਿਆਹ ਵੇਲੇ ਵੀ ਘਰ ਹਲਵਾਈ ਬਿਠਾਇਆ ਜਾਂਦਾ। ਜੇ ਕੁੜੀ ਦੇ ਵਿਆਹ ਵੇਲੇ ਸੱਤ ਦਿਨ ਹਲਵਾਈ ਕੰਮ ਕਰਦਾ ਤਾਂ ਮੁੰਡੇ ਦੇ ਵਿਆਹ ਵੇਲੇ ਤਿੰਨ-ਚਾਰ ਦਿਨ।
  ਘੋੜੀ ਤੋਂ ਦੋ ਦਿਨ ਪਹਿਲਾਂ ਭਰਾ ਦੇ ਚਿਹਰੇ 'ਤੇ ਪਹਿਲਾਂ ਵਾਲੀ ਰੌਣਕ ਨਹੀਂ ਸੀ ਰਹੀ। ਘੋੜੀ ਵਾਲੇ ਦਿਨ ਵੀ ਉਹ ਬਹੁਤ ਉਦਾਸ ਸੀ। ਆਏ-ਗਏ ਨੂੰ *ਜੀ ਆਇਆਂ' ਕਹਿਣ ਵਿਚ ਉਹ ਛੇਤੀ ਕੀਤੇ ਪਤਾ ਨਹੀਂ ਸੀ ਲੱਗਣ ਦਿੰਦਾ ਕਿ ਅੰਦਰੋਂ ਉਹ ਉਦਾਸ ਹੈ। ਵਿਚੋਲੇ ਨੇ ਜੋ ਕੁਝ ਕੀਤਾ, ਉਸ ਦਾ ਪਤਾ ਮੈਨੂੰ ਦੋ ਮਹੀਨੇ ਪਿੱਛੋਂ ਲੱਗਾ ਸੀ। ਵਿਚੋਲੇ ਦੀ ਠੱਗੀ ਕਾਰਨ ਉਹ ਉਦਾਸ ਸੀ। ਠੱਗੀ ਸਮਝੋ, ਬੇਬਸੀ ਸਮਝੋ ਪਰ ਵਿਚੋਲੇ ਦੀ ਗਲਤੀ ਹੀ ਭਰਾ ਦੀ ਉਦਾਸੀ ਦਾ ਕਾਰਨ ਸੀ। ਖੱਟ ਉਤੇ ਵਿਚੋਲੇ ਦੀ ਇਹ ਗਲਤੀ ਸਾਡੀ ਬੇਇੱਜ਼ਤੀ ਦਾ ਕਾਰਨ ਵੀ ਬਣੀ। ਉਂਜ ਵੀ ਵਿਚੋਲੇ ਦੀ ਗਲਤੀ ਕਾਰਨ ਮੇਰਾ ਭਰਾ ਮੇਰੇ ਸਹੁਰਿਆਂ ਅੱਗੇ ਝਿਪ ਕੇ ਗੱਲ ਕਰਦਾ ਰਿਹਾ। ਇਸ ਕਹਾਣੀ ਦਾ ਮੈਨੂੰ ਪਿੱਛੋਂ ਪਤਾ ਲੱਗਾ। ਅਫਸੋਸ ਇਹ ਸੀ ਕਿ ਗਲਤੀ ਵਿਚੋਲੇ ਦੀ ਸੀ ਪਰ ਸਾਡੀ ਆਰਥਿਕ ਹਾਲਤ ਅਸਲੋਂ ਨੰਗਾਂ ਵਾਲੀ ਹੋਣ ਬਾਰੇ ਮੇਰੇ ਸਹੁਰਿਆਂ ਨੂੰ ਪਹਿਲਾਂ ਅੰਦਾਜ਼ਾ ਹੋ ਗਿਆ। ਇਹੋ ਮੇਰੇ ਭਰਾ ਦੀ ਉਦਾਸੀ ਦਾ ਸਭ ਤੋਂ ਵੱਡਾ ਕਾਰਨ ਸੀ।
  ਅੱਜ ਕੱਲ੍ਹ ਵਾਂਗ ਨਾ ਮੂਵੀ ਬਣਦੀ, ਨਾ ਆਰਕੈਸਟਰੇ ਵਾਲੇ ਲਾਏ ਜਾਂਦੇ। ਕਿਸੇ ਕਿਸੇ ਵਿਆਹ ਵਿਚ ਕੋਈ ਫੋਟੋਗ੍ਰਾਫਰ ਜ਼ਰੂਰ ਹੁੰਦਾ ਪਰ ਉਹ ਵੀ ਚੰਗੇ ਘਰਾਂ ਦੇ ਵਿਆਹਾਂ ਵਿਚ। ਪਹਿਲਾਂ ਵੱਡੇ ਲੋਕ ਵਿਆਹ 'ਚ ਨਕਲੀਏ ਸੱਦਦੇ ਜਾਂ ਕਦੇ ਮੁਜਰੇ ਦਾ ਇੰਤਜ਼ਾਮ ਕਰਦੇ। ਉਦੋਂ ਜਿਹੜੇ ਮੁੰਡੇ ਵਾਲੇ ਬਰਾਤ ਦੇ ਨਾਲ ਮੁਜਰੇ ਦਾ ਪ੍ਰਬੰਧ ਕਰਦੇ, ਉਹ ਰੱਜੇ-ਪੁੱਜੇ ਵੱਡੇ ਘਰ ਮੰਨੇ ਜਾਂਦੇ। ਪਰ ਮੇਰੇ ਵਿਆਹ ਵੇਲੇ ਤੱਕ ਨਕਲੀਆਂ ਤੇ ਮੁਜਰਿਆਂ ਦੇ ਇੰਤਜ਼ਾਮ ਦਾ ਭੋਗ ਪੈ ਚੁੱਕਾ ਸੀ। ਹਾਂ, ਮੁੰਡੇ ਵਾਲੇ ਸਿਹਰਾ ਛਪਵਾਉਂਦੇ। ਪਹਿਲਾਂ ਉਹ ਸਿਹਰਾ ਘੋੜੀ 'ਤੇ ਪੜ੍ਹਿਆ ਜਾਂਦਾ ਜਾਂ ਗਾਇਆ ਜਾਂਦਾ, ਫੇਰ ਉਹੀ ਸਿਹਰਾ ਲਾਮਾਂ ਵੇਲੇ ਪੜ੍ਹਿਆ ਜਾਂਦਾ। ਕੁੜੀ ਵਾਲਿਆਂ ਵੱਲੋਂ ਕੁੜੀਆਂ ਸਿਖਿਆ ਪੜ੍ਹਦੀਆਂ। ਕੁਝ ਘਰ ਸਿਖਿਆ ਛਪਵਾ ਲੈਂਦੇ ਤੇ ਕੁਝ ਨਹੀਂ ਵੀ। ਮੇਰੇ ਵਿਆਹ ਵੇਲੇ ਅਸੀਂ ਸਿਹਰਾ ਛਪਵਾਇਆ ਸੀ। ਸ਼ੀਸ਼ੇ ਵਿਚ ਵੀ ਜੜਵਾਇਆ ਸੀ। ਸਿਹਰਾ ਮੈਂ ਆਪ ਹੀ ਲਿਖਿਆ ਸੀ ਤੇ ਗਾਇਆ ਸੀ ਸੰਤ ਰਾਮ ਉਦਾਸੀ ਨੇ।
  ਮੇਰੇ ਵਿਆਹ ਵੇਲੇ ਬਰਾਤ ਦੋ ਦਿਨ ਕੁੜੀ ਵਾਲਿਆਂ ਦੇ ਰਹਿੰਦੀ ਹੁੰਦੀ ਸੀ। ਉਸ ਤੋਂ ਕੁਝ ਸਾਲ ਪਹਿਲਾਂ ਬਰਾਤ ਤਿੰਨ ਦਿਨ ਵੀ ਰਹਿੰਦੀ ਸੀ। ਘੋੜੀ ਰਾਤ ਨੂੰ ਹੁੰਦੀ। ਸਵੇਰੇ ਬਰਾਤ ਤੁਰਦੀ। ਮੇਰੀ ਬਰਾਤ ਕਿਉਂਕਿ ਤਪੇ ਤੋਂ ਬਰਨਾਲੇ ਜਾਣੀ ਸੀ, ਇਸ ਲਈ ਕਾਹਲ ਦੀ ਕੋਈ ਲੋੜ ਨਹੀਂ ਸੀ।
  ਬਰਾਤ ਲਈ ਇਕ ਬਸ ਕੀਤੀ ਗਈ ਤੇ ਇਕ ਕਾਰ। ਮੰਡੀ ਦੇ ਸਭ ਕਹਿੰਦੇ ਕਹਾਉਂਦੇ ਲਾਲੇ ਬਰਾਤ ਵਿਚ ਸ਼ਾਮਲ ਸਨ। ਨਗਰ ਪਾਲਿਕਾ ਦਾ ਪ੍ਰਧਾਨ ਪਿਆਰੇ ਲਾਲ ਅੱਗਰਵਾਲ (ਭਾਰਤ ਦੇ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਦਾ ਪਿਤਾ), ਮੁੱਖ ਮੰਤਰੀ ਦਰਬਾਰਾ ਸਿੰਘ ਦੀ ਮੁੱਛ ਦਾ ਵਾਲ ਕਾਂਗਰਸੀ ਆਗੂ ਗਿਰਧਾਰੀ ਲਾਲ ਬਾਂਸਲ ਤੇ ਮੇਰੇ ਭਰਾ ਦੇ ਬਹੁਤ ਨਿਕਟਵਰਤੀ ਦੋਸਤ ਤੇ ਮੈਨੂੰ ਆਪਣੇ ਭਰਾਵਾਂ ਵਾਂਗ ਪਿਆਰ ਕਰਨ ਵਾਲੇ ਮਾਸਟਰ ਚਰਨ ਦਾਸ, ਪ੍ਰਕਾਸ਼ ਚੰਦ ਵਕੀਲ ਤੇ ਦੋਵਾਂ ਚੌਧਰੀਆਂ ਦਾ ਇਕ ਇਕ ਮੈਂਬਰ ਵੀ ਬਰਾਤ ਗਿਆ ਸੀ।
  ਬਰਾਤ ਤੋਂ ਪਹਿਲਾਂ ਘੋੜੀ ਵਾਲੀ ਰਾਤ ਦਾ ਦ੍ਰਿਸ਼ ਵੀ ਜ਼ਰਾ ਵੇਖ ਲਓ : ਭਾਵੇਂ ਵਿਆਹ ਵਾਲਾ ਘਰ ਹੋਣ ਕਾਰਨ ਥਾਂ ਥਾਂ ਟਿਊਬਾਂ ਤੇ ਬੱਲਬਾਂ ਨਾਲ ਇਉਂ ਲਗਦਾ ਸੀ ਜਿਵੇਂ ਦਿਨ ਚੜ੍ਹ ਗਿਆ ਹੋਵੇ ਤੇ ਇਸ ਤਰ੍ਹਾਂ ਰੌਸ਼ਨੀ ਵਿਚ ਮੈਨੂੰ ਦਿਨ ਵਰਗਾ ਹੀ ਅਹਿਸਾਸ ਹੋ ਰਿਹਾ ਸੀ। ਘੋੜੀ ਤੋਂ ਪਹਿਲਾਂ ਵੰਨ ਲਾਇਆ ਗਿਆ, ਬਟਨਾ ਵੀ ਮਲਿਆ ਗਿਆ, ਗਰਮ ਪਾਣੀ ਨਾਲ ਨੁਹਾਇਆ ਗਿਆ ਪਰ ਘਰ ਵਿਚ ਉਹ ੁਂਸ਼ੀ ਨਹੀਂ ਸੀ ਜੋ ਮੁੰਡੇ ਵਾਲਿਆਂ ਦੇ ਘਰ ਵਿਚ ਹੋਣੀ ਚਾਹੀਦੀ ਸੀ। ਜਦੋਂ ਹਲਦੀ ਨਾਲ ਲਿਖੇ ਕੰਧ ਉਤੇ ਥਾਪੇ ਮੂਹਰੇ ਮੈਨੂੰ ਲਾਲ ਗਦੈਲੇ ਉਤੇ ਬਹਾਇਆ ਗਿਆ, ਸੁਰਮਾ ਮੇਰੀ ਭਾਬੀ ਨੇ ਪਾਉਣਾ ਸੀ ਤੇ ਉਸ ਨੇ ਹੀ ਪਾਇਆ। ਭਾਬੀ ਦੇ ਖੀਣ-ਖਾਪ ਦਾ ਸੂਟ ਪਾਇਆ ਹੋਇਆ ਸੀ। ਉਹ ਸੂਟ ਜੇ ਅੱਜ ਬਣਵਾਉਣਾ ਹੋਵੇ ਤਾਂ ਘੱਟੋ-ਘੱਟ ਦੋ ਲੱਖ ਦਾ ਬਣੇ। ਸਾਰਾ ਹੀ ਸੋਨੇ ਦੀਆਂ ਤਾਰਾਂ ਦੇ ਤਾਣੇ-ਪੇਟੇ ਨਾਲ ਬਣਿਆ ਸੂਟ ਸੀ। ਉਦੋਂ ਤਾਂ ਮੇਰੀ ਭਾਬੀ ਕੋਲ ਪਾਉਣ ਲਈ ਸੋਨਾ ਵੀ ਬਹੁਤ ਸੀ। ਵਿਆਹ ਵਿਚ ਉਹ ਹੀ ਸਭ ਤੋਂ ਵੱਧ ਜਚਦੀ ਸੀ ਤੇ ਉਸ ਦੀ ਹੀ ਚਲਦੀ ਸੀ। ਗੀਤ ਵੀ ਗਾਏ ਗਏ, ਦੋਹੇ ਵੀ ਲਾਏ ਪਰ ਜਦੋਂ ਮੇਰੇ ਕੱਪੜੇ ਪਾਉਣ ਲੱਗੇ ਤਾਂ ਪਾਪਲੀਨ ਦਾ ਕਮੀਜ਼ ਦੇਖ ਕੇ ਮਾਲੇਰਕੋਟਲੇ ਅਤੇ ਰਾਮਪੁਰਾ ਫੂਲ ਵਾਲੇ ਜੀਜਾ ਜੀ ਬਹੁਤ ਹੈਰਾਨ ਹੋਏ। ਪਾਪਲੀਨ ਦਾ ਸਾਦਾ ਜਿਹਾ ਕਮੀਜ਼ ਸੀ ਪਰ ਨਾਲ ਲਾਉਣ ਲਈ ਟਾਈ ਕੋਈ ਨਹੀਂ ਸੀ। ਟਾਈ ਉਸ ਕਮੀਜ਼ ਦੇ ਕਾਲਰਾਂ ਨਾਲ ਲੱਗ ਵੀ ਨਹੀਂ ਸੀ ਸਕਦੀ। ਧਰਮ ਪਾਲ ਨੇ ਫਟਾਫਟ ਆਪਣਾ ਅਟੈਚੀ ਖੋਲ੍ਹਿਆ। ਆਪਣਾ ਟੈਰੀਕਾਟ ਦਾ ਵਧੀਆ ਕਮੀਜ਼ ਕੱਢਿਆ ਤੇ ਨਾਲ ਮੈਚ ਕਰਦੀ ਟਾਈ। ਘਰਦਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸੀ, ਜਿਸ ਕਾਰਨ ਮੇਰੀਆਂ ਭੈਣਾਂ ਉਦਾਸ ਵੀ ਸਨ ਪਰ ਹੋਰ ਕਿਸੇ ਨੂੰ ਇਹ ਪਤਾ ਨਹੀਂ ਸੀ ਲੱਗਿਆ ਕਿ ਭਾਣਜ-ਜੁਆਈ ਦਾ ਕਮੀਜ਼ ਤੇ ਟਾਈ ਲਗਾ ਕੇ ਲਾੜਾ ਘੋੜੀ 'ਤੇ ਚੜ੍ਹੇਗਾ। ਸੂਟ ਭਾਵੇਂ ਕਿਹੋ ਜਿਹਾ ਵੀ ਸੀ, ਕਮੀਜ਼ ਟਾਈ ਨਾਲ ਚੰਗਾ ਫਬ ਗਿਆ ਸੀ ਤੇ ਮੈਂ ਜ਼ਰੂਰ ਲਾੜਾ ਲੱਗਣ ਲੱਗ ਪਿਆ ਹੋਵਾਂਗਾ।
  ਜਦੋਂ ਬਰਨਾਲੇ ਬਰਾਤ ਪਹੁੰਚੀ ਤਾਂ ਡੀ.ਪੀ.ਆਈ., ਪੰਜਾਬ ਦੇ ਦਫਤਰ ਦਾ ਉਹੀ ਸੁਪਰਡੈਂਟ ਧਰਮ ਪਾਲ ਗੁਪਤਾ ਵੱਡੇ ਵੱਡੇ ਗੇਂਦੇ ਦੇ ਫੁੱਲਾਂ ਦਾ ਹਾਰ ਲਈ ਅੱਗੇ ਖੜ੍ਹਾ ਸੀ। ਉਸ ਨੇ ਮੈਨੂੰ ਕਾਰ 'ਚੋਂ ਉਤਰਨ ਤੋਂ ਪਹਿਲਾਂ ਹੀ ਉਹ ਹਾਰ ਪਹਿਨਾ ਦਿੱਤਾ। ਮੈਂ ਰਾਤ ਨੂੰ ਲਾੜੇ ਵਾਲੀ ਬੰਨ੍ਹੀ ਪੱਗ ਤੇ ਸਿਹਰੇ ਨਹੀਂ ਸੀ ਲਾਏ ਹੋਏ। ਮੈਨੂੰ ਬਰਨਾਲੇ ਵਿਚ ਇਸ ਰੂਪ ਵਿਚ ਜਾਣ ਸਮੇਂ ਬੜੀ ਸੰਗ ਲਗਦੀ ਸੀ। ਸੈਂਕੜੇ ਲੋਕ ਤਾਂ ਪਹਿਲਾਂ ਹੀ ਉਥੇ ਮੇਰੇ ਵਾਕਫ ਸਨ। ਉਹਨਾਂ ਸਾਹਮਣੇ ਲਾੜੇ ਵਾਲਾ ਇਹ ਘੁੱਗੂ-ਵੱਟਾ ਰੂਪ ਮੈਨੂੰ ਚੰਗਾ ਨਹੀਂ ਸੀ ਲਗਦਾ। ਇਸ ਲਈ ਲਾੜੇ ਵਜੋਂ ਮੇਰੀ ਪਛਾਣ ਇਸ ਹਾਰ ਨਾਲ ਹੀ ਹੋ ਰਹੀ ਸੀ। ਕਾਰ ਸਦਰ ਬਜ਼ਾਰ ਵਿਚ ਰੁਕ ਗਈ ਸੀ। ਵਾਜੇ ਵਾਲੇ ਵੀ ਉਥੇ ਹੀ ਰੁਕ ਗਏ ਸਨ। ਖੱਬੇ ਹੱਥ ਇਕ ਗਲੀ ਵਿਚ ਵੜ ਕੇ ਅੱਸੀ-ਨੱਬੇ ਫੁੱਟ ਅੱਗੇ ਅਸੀਂ ਸੱਜੇ ਪਾਸੇ ਗਲੀ ਵਿਚ ਮੁੜ ਗਏ। ਮੈਂ ਸਭ ਤੋਂ ਅੱਗੇ ਸੀ ਤੇ ਬਾਕੀ ਬਰਾਤ ਪਿੱਛੇ ਪਿੱਛੇ। ਇਕ, ਦੋ, ਤਿੰਨ---ਤਿੰਨ ਘਰ ਛੱਡ ਕੇ ਚੌਥਾ ਘਰ ਮੇਰੇ ਸਹੁਰਿਆਂ ਦਾ ਸੀ ਤੇ ਇਥੇ ਹੀ ਆਓ ਭਗਤ ਦਾ ਸਾਰਾ ਪ੍ਰੋਗਰਾਮ ਸੀ। ਕੁੜੀਆਂ ਗੀਤਾਂ ਤੇ ਟਿੱਚਰਾਂ ਨਾਲ ਮਿੱਠੀਆਂ ਚੋਭਾਂ ਮਾਰ ਰਹੀਆਂ ਸਨ। ਮੇਰੇ ਰੂਪ ਦੀ ਮਾਲਾ ਪਰੋਈ ਜਾ ਰਹੀ ਸੀ। ਸੁਆਗਤ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਸੀ ਤੇ ਸੇਵਾ ਵਿਚ ਵੀ ਜੋਧਪੁਰੀਆਂ ਨੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ।
  ਚਾਹ ਪਾਣੀ ਪਿੱਛੋਂ ਬਰਾਤ ਹੰਢਿਆਇਆ ਬਜ਼ਾਰ ਦੀ ਅੱਗਰਵਾਲ ਧਰਮਸ਼ਾਲਾ ਵਿਚ ਚਲੀ ਗਈ। ਦੁਪਹਿਰ ਦੀ ਰੋਟੀ, ਰਾਤ ਦੇ ਖਾਣੇ ਤੇ ਫਿਰ ਅੱਧੀ ਰਾਤ ਨੂੰ ਫੇਰੇ ਹੋਏ। ਫੇਰਿਆਂ ਦਾ ਟਾਇਮ ਉਦੋਂ ਪੰਡਤਾਂ ਤੋਂ ਕਢਵਾਇਆ ਜਾਂਦਾ ਸੀ। ਹੁਣ ਵੀ ਹਿੰਦੂ ਪੰਡਤਾਂ ਤੋਂ ਹੀ ਫੇਰਿਆਂ ਦਾ ਸਮਾਂ ਕਢਵਾਉਂਦੇ ਹਨ। ਸਰਬਾਲ੍ਹਾ ਹੋਣ ਕਾਰਨ ਫੇਰਿਆਂ ਵੇਲੇ ਮੇਰੇ ਵੱਡੇ ਭਤੀਜੇ ਸੁਰੇਸ਼ ਨੇ ਮੇਰੇ ਨਾਲ ਰਹਿਣਾ ਸੀ ਪਰ ਉਹ ਭਗਤ ਤਾਂ ਆਥਣ ਦੀ ਰੋਟੀ ਖਾ ਕੇ ਧਰਮਸ਼ਾਲਾ ਵਿਚ ਹੀ ਸੌਂ ਗਿਆ ਸੀ। ਬਹੁਤੇ ਬਰਾਤੀ ਵੀ ਜਾਂ ਤਾਂ ਧਰਮਸ਼ਾਲਾ ਵਿਚ ਹੀ ਸੌਂ ਗਏ ਸਨ ਜਾਂ ਆਪਣੇ ਰਿਸ਼ਤੇਦਾਰਾਂ ਦੇ ਚਲੇ ਗਏ ਸਨ। ਕੁਝ ਬਰਾਤੀ ਦੁਪਹਿਰ ਦੀ ਰੋਟੀ ਖਾ ਕੇ ਪਹਿਲਾਂ ਹੀ ਵਾਪਸ ਤਪੇ ਚਲੇ ਗਏ ਸਨ। ਫੇਰਿਆਂ 'ਤੇ ਸਿਰਫ ਤਾਇਆ ਮਥਰਾ ਦਾਸ ਸੀ, ਚਾਚਾ ਕੁਲਵੰਤ ਸੀ, ਮੇਰੇ ਭਰਾ ਨੇ ਤਾਂ ਹੋਣਾ ਹੀ ਸੀ। ਸਾਰੇ ਪ੍ਰਾਹੁਣੇ ਵੀ ਫੇਰਿਆਂ ਸਮੇਂ ਮੌਜੂਦ ਸਨ। ਮੇਰੇ ਭਾਣਜਿਆਂ ਵਿਚੋਂ ਸੁਦਰਸ਼ਨ ਤੇ ਵਿਜੇ ਵੀ ਨਾਲ ਸਨ ਤੇ ਸ਼ਾਇਦ ਕੈਲਾਸ਼ ਵੀ। ਉਧਰੋਂ ਕੁੜੀ ਵਾਲਿਆਂ ਵੱਲੋਂ ਵੀ ਗਿਣਤੀ ਦੇ ਮਹਿਮਾਨ ਫੇਰਿਆਂ 'ਤੇ ਹਾਜ਼ਰ ਸਨ। ਮੇਰੇ ਧਰਮ ਪਿਤਾ ਲਾਲਾ ਕਰਤਾ ਰਾਮ ਦੇ ਨਾਨਕਿਆਂ ਤੋਂ ਬੀਲ੍ਹੇ ਵਾਲੇ ਸਾਰੇ ਹਾਜ਼ਰ ਸਨ। ਚਾਚਾ ਬਸੰਤ ਲਾਲ ਫੇਰਿਆਂ 'ਤੇ ਉਹਨਾਂ ਵੱਲੋਂ ਕਰਤਾ-ਧਰਤਾ ਸੀ ਤੇ ਸਾਡੇ ਵੱਲੋਂ ਤਾਇਆ ਮਥਰਾ ਦਾਸ। ਮੇਰੀ ਅੰਦਰਲੀ ਹੀਣਭਾਵਨਾ ਦੇ ਬਾਵਜੂਦ ਫੇਰਿਆਂ ਦਾ ਕੰਮ ਠੀਕ ਨਿੱਬੜ ਗਿਆ ਸੀ ਤੇ ਮੇਰਾ ਭਰਾ ਇਉਂ ਮਹਿਸੂਸ ਕਰਦਾ ਸੀ ਜਿਵੇਂ ਜੰਗ ਜਿੱਤ ਲਈ ਹੋਵੇ।
  ਵਾਪਸ ਡੇਰੇ ਜਾਣ ਤੋਂ ਪਹਿਲਾਂ ਮੈਨੂੰ ਅੰਦਰਲੇ ਕਮਰੇ ਵਿਚ ਲੈ ਗਏ, ਜਿਥੇ ਫੇਰੇ ਹੋਏ ਸਨ। ਇਹ ਮੇਰੇ ਸਹੁਰਿਆਂ ਦਾ ਦੂਸਰਾ ਘਰ ਸੀ, ਜਿਥੇ ਕਿੰਨਾ ਸਮਾਂ ਮੇਰੇ ਵਿਆਹ ਪਿੱਛੋਂ ਵੀ ਸਾਰਾ ਟੱਬਰ ਟਿਕਿਆ ਰਿਹਾ। ਮੇਰਾ ਸਹੁਰਾ ਲਾਲਾ ਕਰਤਾ ਰਾਮ, ਵੱਡਾ ਚਾਚਾ ਹੰਸ ਰਾਜ ਤੇ ਛੋਟਾ ਬਸੰਤ ਲਾਲ---ਤਿੰਨਾਂ ਭਰਾਵਾਂ ਦਾ ਟੱਬਰ ਇਸ ਮਕਾਨ ਵਿਚ ਰਹਿੰਦਾ ਸੀ। ਉਸ ਸਮੇਂ ਮੇਰੀ ਪਤਨੀ ਦੇ ਦਾਦਾ ਜੀ ਲਾਲਾ ਨਰਾਤਾ ਰਾਮ ਵੀ ਜਿਉਂਦੇ ਸਨ ਤੇ ਦਾਦੀ ਜੀ ਵੀ। ਕੁੱਲ ਮਿਲਾ ਕੇ ੨੨ ਜੀਅ ਇਸ ਘਰ ਵਿਚ ਰਹਿੰਦੇ ਸਨ। ਇਕ ਥਾਂ ਰੋਟੀ ਪੱਕਦੀ ਸੀ।
  ਹਾਂ, ਮੈਂ ਦੱਸ ਰਿਹਾ ਸੀ ਕਿ ਮੈਨੂੰ ਫੇਰਿਆਂ ਤੋਂ ਬਾਅਦ ਕੁੜੀਆਂ ਦੇ ਝੁਰਮਟ ਵਿਚ ਬੈਠਣਾ ਪੈ ਗਿਆ। ਉਹ ਕਹਿਣ ਬਈ ਛੰਦ ਸੁਣਾ, ਕੋਈ ਕਹੇ ਜੀਜਾ ਕਵਿਤਾ ਬਹੁਤ ਸੋਹਣੀ ਲਿਖਦੈ, ਕੋਈ ਕਹੇ ਸਕੂਲ 'ਚ ਮੁੰਡਿਆਂ ਨੂੰ ਕੁੱਟਦਾ ਬਹੁਤ ਐ, ਜਿਹੋ ਜਿਹੀ ਵਿੰਗੀ ਬੌਲੀ ਟਿੱਚਰ ਕਿਸੇ ਨੂੰ ਸੁੱਝਦੀ ਸੀ ਜਾਂ ਮਜ਼ਾਕ ਸੁੱਝਦਾ ਸੀ, ਉਹ ਦੱਬੀ ਗਈਆਂ। ਮੇਰੇ ਬੂਟ ਵੀ ਲੁਕੋ ਲਏ ਗਏ ਪਰ ਛੰਦ ਸੁਣਨ ਲਈ ਕੁੜੀਆਂ ਬਜ਼ਿੱਦ ਸਨ। ਛੰਦ ਪਿੱਛੋਂ ਹੀ ਕੁੜੀਆਂ ਤੋਂ ਛੁਟਕਾਰਾ ਹੋਣਾ ਸੀ। ਕੁੜੀਆਂ ਕਾਹਦੀਆਂ ਸਨ, ਨਿਰੀਆਂ ਆਫਤਾਂ। ਹਰ ਵਿਆਹ ਵਿਚ ਹੀ ਲਾੜੇ ਨਾਲ ਕੁੜੀਆਂ ਏਵੇਂ ਕਰਦੀਆਂ ਹਨ, ਇਹ ਮੈਨੂੰ ਪਤਾ ਸੀ। ਕਈ ਲਾੜੇ ਤਾਂ ਆਪ ਵੀ ਕਈ ਅਸ਼ਲੀਲ ਸੰਕੇਤਕ ਗੱਲਾਂ ਕਰਦੇ ਸੁਣੇ ਸਨ ਤੇ ਸਾਲੀਆਂ ਦੇ ਝੁਰਮਟ ਵਿਚੋਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਸੁਣੀਆਂ ਹੋਈਆਂ ਸਨ। ਪਰ ਮੈਂ ਆਪਣੇ ਸਾਊ ਸੁਭਾਅ ਦੀ ਦਿੱਖ ਬਣਾਈ ਰੱਖਣਾ ਚਾਹੁੰਦਾ ਸੀ।
  ਛੰਦ ਸੁਣਾਉਣ ਪਿੱਛੋਂ ਜਿਹੜੀ ਵਿਆਹੀ-ਵਰੀ ਕੁੜੀ ਨੇ ਕੁੜੀਆਂ ਦੇ ਇਸ ਚਕਚੋਲੜ੍ਹ ਨੂੰ ਪਾਸੇ ਕੀਤਾ, ਉਹ ਮੈਨੂੰ ਬੜੀ ਸਿਆਣੀ ਤੇ ਬੀਬੀ ਕੁੜੀ ਲੱਗੀ। ਅਗਲੇ ਦਿਨ ਖੱਟ ਵੇਲੇ ਪਤਾ ਲੱਗਾ ਕਿ ਇਹ ਮੇਰੀ ਵੱਡੀ ਸਾਲੀ ਰਕਸ਼ਾ ਦੇਵੀ ਸੀ ਅਤੇ ਨਗਰ ਕੌਂਸਲ, ਧਨੌਲੇ ਦੇ ਪ੍ਰਧਾਨ ਬਨਾਰਸੀ ਦਾਸ ਦੇ ਛੋਟੇ ਭਰਾ ਦੇਵ ਰਾਜ ਨੂੰ ਵਿਆਹੀ ਹੋਈ ਸੀ।
  ਦੁਪਹਿਰ ਦੀ ਰੋਟੀ ਦੇ ਨਾਲ ਹੀ ਖੱਟ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਸੀ। ਬਾਣੀਆਂ ਦੇ ਵਿਆਹ ਵਿਚ ਖੱਟ ਬੜੀ ਮਹੱਤਵਪੂਰਨ ਰਸਮ ਸਮਝੀ ਜਾਂਦੀ ਹੈ। ਨਵੇਂ ਬਣੇ ਜੁਆਈ ਨੂੰ ਸਜੇ ਪਲੰਘ 'ਤੇ ਬਿਠਾਇਆ ਜਾਂਦਾ ਹੈ। ਬਾਕੀ ਦੋਵਾਂ ਪਾਸਿਆਂ ਦੇ ਮਹੱਤਵਪੂਰਨ ਮਹਿਮਾਨ ਖੱਟ ਉਪਰ ਹਾਜ਼ਰ ਹੁੰਦੇ ਹਨ। ਦੋਵਾਂ ਪਾਸਿਆਂ ਦੇ ਜੁਆਈ ਤਾਂ ਘੱਟੋ-ਘੱਟ ਜ਼ਰੂਰ ਹੀ ਹਾਜ਼ਰ ਹੁੰਦੇ ਹਨ। ਦੋਹਾਂ ਪਾਸਿਆਂ ਦੇ ਚੌਧਰੀ ਵੀ ਹਾਜ਼ਰ ਹੁੰਦੇ ਹਨ। ਲੜਕੀ ਦੇ ਪੇਕਿਆਂ ਵੱਲੋਂ ਦਿੱਤੀ ਜਾਣ ਵਾਲੀ ਨਕਦੀ, ਇਸ ਮੌਕੇ 'ਤੇ ਹੀ ਦਿੱਤੀ ਜਾਂਦੀ ਹੈ। ਮੁੰਡੇ ਵਾਲਿਆਂ ਦੇ ਸਭ ਤੋਂ ਵੱਡੇ ਬਜ਼ੁਰਗ ਨੂੰ ਚੌਕੀ ਉਤੇ ਬਹਾ ਕੇ ਉਸ ਦੇ ਗਲ ਵਿਚ ਪਾਏ ਪਰਨੇ ਜਾਂ ਤੌਲੀਏ ਵਿਚ ਦਾਤ ਪਾਈ ਜਾਂਦੀ ਹੈ। ਪਹਿਲਾਂ ਦਾਤ ਚਾਂਦੀ ਦੇ ਘੱਟੋ-ਘੱਟ ੧ਂ੧ ਰੁਪਏ ਹੁੰਦੇ ਸਨ ਫੇਰ ਚਾਂਦੀ ਦੇ ਰੁਪਏ ਦੀ ਥਾਂ ਦੂਜੇ ਰੁਪਏ ਚੱਲ ਪਏ। ਇਹ ਰੁਪਏ ਕੁੜੀ ਵਾਲਿਆਂ ਦਾ ਕੋਈ ਵਡੇਰਾ ਮੁੰਡੇ ਵਾਲਿਆਂ ਦੇ ਬਜ਼ੁਰਗ ਦੀ ਝੋਲੀ ਪਾਉਂਦਾ ਹੈ। ਦਾਤ ਤੋਂ ਪਹਿਲਾਂ ਕਾਂਸੀ ਦੇ ਛੰਨੇ ਵਿਚ ਘੋਲੇ ਰੋਲੇ ਵਿਚ ਹੱਥ ਡੁਬੋ ਕੇ ਕੁੜੀ ਵਾਲਿਆਂ ਦਾ ਬਜ਼ੁਰਗ ਚੌਂਕੀ 'ਤੇ ਬੈਠੇ ਮੁੰਡੇ ਵਾਲਿਆਂ ਦੇ ਬਜ਼ੁਰਗ ਦੀ ਪਿੱਠ ਉਤੇ ਸੱਜੇ ਹੱਥ ਦਾ ਲਾਲ ਰੰਗ ਦਾ ਨਿਸ਼ਾਨ ਲਗਾਉਂਦਾ ਹੈ, ਜਿਸ ਨੂੰ *ਥਾਪਾ' ਕਹਿੰਦੇ ਹਨ। ਸਾਡੇ ਵੱਲੋਂ ਤਾਇਆ ਮਥਰਾ ਦਾਸ ਸਭ ਤੋਂ ਵੱਡਾ ਸੀ। ਇਸ ਲਈ ਉਹ ਚੌਕੀ 'ਤੇ ਬਹਾਇਆ ਗਿਆ। ਉਧਰੋਂ ਸ਼ਾਇਦ ਥਾਪਾ ਲਾਉਣ ਵਾਲਾ ਸੀ, ਮੇਰੀ ਬਣ ਚੁੱਕੀ ਪਤਨੀ ਦਾ ਬਾਬਾ ਲਾਲਾ ਨਰਾਤਾ ਰਾਮ। ਫੇਰ ਰੋਲੇ ਵਾਲੇ ਗਿੱਲੇ ਹੱਥ ਨਾਲ ਤਾਏ ਮਥਰਾ ਦਾਸ ਦੀ ਦਾੜ੍ਹੀ ਵੀ ਰੰਗੀ ਗਈ ਤੇ ਚਾਚੇ ਕੁਲਵੰਤ ਦੀ ਵੀ। ਤਾਏ ਤੇ ਚਾਚੇ ਨੇ ਵੀ ਉਹਨਾਂ ਦੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਰੰਗੀਆਂ। ਇਹ ਬੜੀ ੁਂਸ਼ਗਵਾਰ ਰਸਮ ਸੀ। ਮੇਰੇ ਸੱਜੇ ਹੱਥ ਵਿਚ ਅੰਗੂਠੀ ਪਹਿਨਾਉਣ ਦੀ ਰਸਮ ਚਾਚਾ ਬਸੰਤ ਲਾਲ ਨੇ ਕੀਤੀ ਸੀ ਤੇ ਘੜੀ ਬੰਨ੍ਹਣ ਦੀ ਰਸਮ ਲਾਲਾ ਕਰਤਾ ਰਾਮ ਨੇ, ਜਿਨ੍ਹਾਂ ਨੂੰ ਪਿੱਛੋਂ ਮੈਂ ਸਾਰੀ ਉਮਰ *ਬਾਈ ਜੀ' ਕਹਿ ਕੇ ਹੀ ਬੁਲਾਉਂਦਾ ਰਿਹਾ। ਇਸ ਤੋਂ ਪਹਿਲਾਂ ਮੈਨੂੰ ਟਿੱਕਾ ਕੀਤਾ ਗਿਆ ਸੀ ਅਰਥਾਤ ਮੱਥੇ 'ਤੇ ਰੋਲੇ ਦਾ ਟਿੱਕਾ ਤੇ ਕੱਚੇ ਚੌਲ ਲਾਏ ਗਏ ਸਨ। ਉਸ ਤੋਂ ਬਾਅਦ ਹੀ ਦੋਵਾਂ ਪਰਿਵਾਰਾਂ ਦੇ ਜੁਆਈਆਂ ਨੂੰ ਟਿੱਕੇ ਕੀਤੇ ਗਏ। ਸਾਡੇ ਵੱਲੋਂ ਟਿੱਕੇ ਕਰਨ ਦੀ ਰਸਮ ਤਾਇਆ ਮਥਰਾ ਦਾਸ ਨੇ ਨਿਭਾਈ ਤੇ ਦੂਜੇ ਪਾਸਿਓਂ ਸ਼ਾਇਦ ਚਾਚਾ ਬਸੰਤ ਲਾਲ ਨੇ। ਪਰ ਜਿਹੜੀ ਗੱਲ ਮੈਂ ਬੜੀ ਧਿਆਨ ਨਾਲ ਦੇਖ ਰਿਹਾ ਸੀ, ਉਹ ਨਹੀਂ ਸੀ ਵਾਪਰੀ। ਭਰਾ ਨੂੰ ਸਭ ਕੁਝ ਪਹਿਲਾਂ ਹੀ ਪਤਾ ਹੋਣ ਕਾਰਨ, ਉਹ ਨਾ ਹੈਰਾਨ ਸੀ ਨਾ ਪ੍ਰੇਸ਼ਾਨ। ਖੱਟ ਪਿੱਛੋਂ ਤੇ ਵਿਦਾਇਗੀ ਤੋਂ ਕੁਝ ਚਿਰ ਪਹਿਲਾਂ ਮੇਰੇ ਸਹੁਰਾ ਪਰਿਵਾਰ ਦੇ ਸਭ ਰਿਸ਼ਤੇਦਾਰਾਂ ਨੇ ਮੈਨੂੰ ਕੁਰਸੀ 'ਤੇ ਬਹਾ ਕੇ ਟਿੱਕੇ ਕਰਨੇ ਸ਼ੁਰੂ ਕੀਤੇ। ਉਹਨਾਂ ਵਿਚੋਂ ਸਭ ਤੋਂ ਪਹਿਲਾਂ ਟਿੱਕਾ ਕਰਨ ਵਾਲੀ ਸੀ ਦਾਦੀ ਜੀ, ਮੱਥੇ 'ਤੇ ਰੋਲਾ ਫੇਰ ਕੁਝ ਚੌਲ ਤੇ ਫਿਰ ਨਾਲ ਦੋ ਜਾਂ ਪੰਜ ਦਾ ਇਕ ਨੋਟ ਮੇਰੇ ਹੱਥ ਵਿਚ ਫੜਾਇਆ ਗਿਆ। ਸਭ ਰਿਸ਼ਤੇਦਾਰਾਂ ਨੇ ਇਸੇ ਤਰ੍ਹਾਂ ਹੀ ਕੀਤਾ। ਕੁੱਲ ੩੩ ਰੁਪਏ ਹੋ ਗਏ ਸਨ। ਚਾਚਾ ਬਸੰਤ ਲਾਲ ਨੇ ਦੋ ਰੁਪਏ ਹੋਰ ਪਾ ਕੇ ਰਕਮ ਦੇ ਹਿੰਦਸੇ ਨੂੰ ਸ਼ਗਨਾਂ ਭਰਪੂਰ ਬਣਾ ਦਿੱਤਾ ਸੀ ਅਰਥਾਤ ੩੫ ਰੁਪਏ। ੩੫ ਰੁਪਏ ਹੁਣ ਬੜੀ ਨਿਗੂਣੀ ਜਿਹੀ ਰਕਮ ਲਗਦੀ ਹੈ। ਹੁਣ ਤਾਂ ਸੌ ਤੋਂ ਘੱਟ ਕੋਈ ਟਿੱਕਾ ਕਰਦਾ ਹੀ ਨਹੀਂ। ਪੰਜ ਸੌ ਤੇ ਇਕ ਹਜ਼ਾਰ ਦੇ ਟਿੱਕੇ ਵੀ ਹੁੰਦੇ ਹਨ। ਸਾਡੇ ਵਰਗੇ ਦਰਮਿਆਨੇ ਪਰਿਵਾਰ ਵਿਚ ਇਹਨਾਂ ਟਿੱਕਿਆਂ ਦੀ ਰਾਸ਼ੀ ਅੱਜ ਕੱਲ੍ਹ ਪੰਜ-ਚਾਰ ਹਜ਼ਾਰ ਹੋ ਜਾਂਦੀ ਹੈ ਤੇ ਵੱਡੇ ਘਰਾਂ ਵਿਚ ਪੰਦਰਾਂ-ਵੀਹ ਹਜ਼ਾਰ ਤੋਂ ਲੈ ਕੇ ਲੱਖ ਡੇਢ ਲੱਖ ਤੱਕ।
  ਵਿਦਾਇਗੀ ਪਿੱਛੋਂ ਘਰ ਦੇ ਮੁੱਖ ਦੁਆਰ ਦੇ ਬਾਹਰ ਮਹਿੰਦੀ ਭਰੇ ਹੱਥਾਂ ਦੇ ਨਿਸ਼ਾਨ ਲਗਵਾਏ ਗਏ ਮੇਰੀ ਹੋ ਚੁੱਕੀ ਪਤਨੀ ਤੋਂ। ਮੈਂ ਇਹ ਰਸਮ ਹੋਰ ਵਿਆਹਾਂ ਵਿਚ ਵੀ ਵੇਖੀ ਸੀ ਪਰ ਆਪਣੇ ਵਿਆਹ ਸਮੇਂ ਇਹ ਰਸਮ ਵੇਖ ਕੇ ਇਸ ਦੇ ਅਰਥ ਸਮਝਣਾ ਚਾਹੁੰਦਾ ਸੀ। ਲੋਕਧਾਰਾ ਅਨੁਸਾਰ ਕੁੜੀ ਦੇ ਹੱਥਾਂ ਦੇ ਨਿਸ਼ਾਨ ਘਰ ਨੂੰ ਉਸੇ ਥਾਂ ਹਸਦਾ ਵਸਦਾ ਵੇਖਣ ਦੇ ਪ੍ਰਤੀਕ ਹਨ। ਵਿਦਾਇਗੀ ਵੇਲੇ ਉਹਨਾਂ ਦਾ ਸਾਰਾ ਪਰਿਵਾਰ ਬਹੁਤ ਰੋ ਰਿਹਾ ਸੀ ਤੇ ਮੇਰਾ ਵੀ ਮਨ ਭਰ ਆਇਆ ਸੀ। ਸਾਡਾ ਵੀ ਆਪਣੀਆਂ ਭੈਣਾਂ ਨੂੰ ਤੋਰਨ ਵੇਲੇ ਇਸੇ ਤਰ੍ਹਾਂ ਮਨ ਭਰ ਆਉਂਦਾ ਸੀ।
  ਘਰ ਆਏ ਤਾਂ ਕੁੜੀਆਂ ਨੇ ਬਾਰ ਰੋਕ ਲਿਆ। ਪਾਣੀ ਵਾਰਿਆ ਗਿਆ ਪਰ ਮੇਰੀ ਜੇਬ ਵਿਚ ਕੁੜੀਆਂ ਨੂੰ ਦੇਣ ਲਈ ਉਹਨਾਂ ੩੫ ਰੁਪਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਭਰਾ ਨੇ ਪਤਾ ਨਹੀਂ ਕਿਵੇਂ ਤੇ ਕੀ ਦੇ ਕੇ ਕੁੜੀਆਂ ਨੂੰ ਸ਼ਾਂਤ ਕੀਤਾ। ਜਿਹੜੇ ੩੫ ਰੁਪਏ ਮੇਰੇ ਕੋਲ ਸਨ, ਮੈਂ ਰਾਤ ਨੂੰ ਉਹ ਵੀ ਭਰਾ ਦੇ ਅੱਗੇ ਰੱਖ ਦਿੱਤੇ। ਪਹਿਲਾਂ ਤਾਂ ਉਸ ਨੇ ਕਿਹਾ, **ਕੋਈ ਨਹੀਂ, ਇਹ ਤਾਂ ਤੂੰ ਰੱਖ।'' ਪਰ ਪਿੱਛੋਂ ਕਹਿਣ ਲੱਗਾ, **ਚੰਗਾ ਲਿਆ ਫੜਾ।'' ਮੈਂ ਉਹ ੩੫ ਰੁਪਏ ਭਰਾ ਨੂੰ ਫੜਾ ਦਿੱਤੇ। ਹੁਣ ਮੇਰੀ ਜੇਬ ਵਿਚ ਇਕ ਵੀ ਰੁਪਈਆ ਨਹੀਂ ਸੀ। ਪਰ ਮੈਨੂੰ ਰੁਪਏ ਨਾ ਹੋਣ ਦਾ ਅਫਸੋਸ ਨਹੀਂ ਸੀ। ਅਫਸੋਸ ਇਸ ਗੱਲ ਦਾ ਸੀ ਕਿ ਹੁੰਦੜਹੇਲ ਤੇ ਥੋੜ੍ਹੀ ਜਿਹੀ ਭਾਰੀ ਦੱਸ ਕੇ ਜਿਸ ਤਰ੍ਹਾਂ ਨਕਸ਼ਾ ਮੇਰੇ ਸਾਹਮਣੇ ਰੱਖਿਆ ਗਿਆ ਸੀ, ਦਰਸ਼ਨਾ ਦੇਵੀ ਉਸ ਤੋਂ ਕਿਤੇ ਵੱਧ ਮੋਟੀ ਸੀ। ਪਰ ਆਪਣੀ ਕਮਜ਼ੋਰੀ ਅਤੇ ਨਦੌਣ ਤੋਂ ਹੋਈ ਬਦਲੀ ਦੇ ਮੱਦੇਨਜ਼ਰ, ਮੈਂ ਸਭ ਕੁਝ ਅੰਦਰੋ-ਅੰਦਰੀ ਹੀ ਪੀ ਗਿਆ। ਉਹ ਪਤਨੀ ਕਿਹੋ ਜਿਹੀ ਸਾਬਤ ਹੋਈ? ਇਹ ਕਹਾਣੀ ਸੰਖੇਪ ਵਿਚ ਇਸ ਤਰ੍ਹਾਂ ਹੈ :
  ਭਾਵੇਂ ਸੁਦਰਸ਼ਨਾ ਮੈਟ੍ਰਿਕ ਪਾਸ ਵੀ ਨਹੀਂ ਸੀ ਪਰ ਘਰੇਲੂ ਕੰਮ ਵਿਚ ਮਾਹਰ ਸੀ---ਰਸੋਈ ਤੋਂ ਲੈ ਕੇ ਸਿਲਾਈ-ਕਢਾਈ ਤੇ ਉਣਾਈ ਦੇ ਕੰਮਾਂ ਤੱਕ। ਸੁਭਾਅ ਦੀ ਸਿੱਧੀ ਸਾਦੀ ਤੇ ਉਦਾਰ ਸੀ ਤੇ ਸੀ ਵੀ ਨਰਮ ਦਿਲ। ਛੇਤੀ ਹੀ ਉਸ ਨੇ ਮੇਰੇ ਮੁਤਾਬਕ ਆਪਣੇ ਆਪ ਨੂੰ ਢਾਲ ਲਿਆ ਸੀ ਤੇ ਮੈਂ ਵੀ ਕਿਸੇ ਹੱਦ ਤੱਕ ਕਬੀਲਦਾਰ ਬਣ ਗਿਆ ਸੀ। ਮੇਰੀ ਆਸ ਤੋਂ ਵੱਧ ਗੱਲ ਇਹ ਹੋਈ ਕਿ ਉਹ ਸਟੇਜ 'ਤੇ ਚੰਗਾ ਬੋਲਣ ਵੀ ਲੱਗ ਪਈ ਸੀ ਤੇ ਪੰਜਾਬ ਇਸਤਰੀ ਸਭਾ ਦੀ ਸਰਗਰਮ ਕਾਰਕੁਨ ਵੀ ਬਣ ਗਈ ਸੀ। ਪਰ ਪਹਿਲਾਂ ਸ਼ੱਕਰ ਰੋਗ ਜੋ ਪਿੱਛੋਂ ਵਧ ਕੇ ਕਿਡਨੀ ਦੀ ਖਰਾਬੀ ਤੱਕ ਪਹੁੰਚ ਗਿਆ ਸੀ, ਉਸ ਦੀ ਜ਼ਿੰਦਗੀ ਲਈ ਘਾਤਕ ਸਿੱਧ ਹੋਇਆ। ਅੱਖਾਂ ਦੀ ਨਿਗਾਹ ਉਸ ਦੀ ਵੀ ਕਾਫੀ ਘੱਟ ਸੀ। ਫਰਕ ਸਿਰਫ ਏਨਾ ਸੀ ਕਿ ਉਸ ਨੂੰ ਰਾਤ ਨੂੰ ਪੜ੍ਹਨ ਲਿਖਣ ਤੇ ਤੁਰਨ ਫਿਰਨ ਵਿਚ ਕੋਈ ਔਕੜ ਨਹੀਂ ਸੀ ਆਉਂਦੀ, ਜਦਕਿ ਮੈਂ ਰਾਤ ਨੂੰ ਕਿਤੇ ਵੀ ਇਕੱਲਾ ਨਹੀਂ ਸੀ ਜਾ ਸਕਦਾ ਤੇ ਮੇਰੀ ਅੱਖਾਂ ਦੀ ਬੀਮਾਰੀ ਮੈਨੂੰ ਨੇਤਰਹੀਣਤਾ ਵੱਲ ਲਿਜਾ ਰਹੀ ਸੀ। ਸੁਦਰਸ਼ਨਾ ਨੇ ਮੈਨੂੰ ਕਦੇ ਵੀ ਮੇਰੀ ਘੱਟ ਨਿਗਾਹ ਬਾਰੇ ਕੋਈ ਚੁਭਵੀਂ ਗੱਲ ਨਹੀਂ ਸੀ ਕਹੀ। ਜਿਥੇ ਉਹ ਇਸਤਰੀ ਸਭਾ ਦੇ ਪ੍ਰੋਗਰਾਮਾਂ ਵਿਚ ਦਿੱਲੀ, ਕੁਰੂਕਸ਼ੇਤਰ ਤੇ ਅਯੁਧਿਆ ਤੱਕ ਗਈ, ਉਥੇ ਵੱਡੀਆਂ ਵੱਡੀਆਂ ਕਾਨਫਰੰਸਾਂ ਤੇ ਸਮਾਗਮਾਂ ਵਿਚ ਵੀ ਮੇਰੇ ਨਾਲ ਮਦਰਾਸ ਤੇ ਪਟਨਾ ਤੱਕ ਗਈ। ਦਿੱਲੀ ਦੀ ੧੧ਵੀਂ ਪੰਜਾਬੀ ਲੇਖਕ ਕਾਨਫਰੰਸ ਦੀ ਕਾਮਯਾਬੀ ਵਿਚ ਤਾਂ ਉਸ ਦਾ ਵੱਡਾ ਯੋਗਦਾਨ ਸੀ।
  ਬੱਚਿਆਂ ਦੀ ਸਾਂਭ-ਸੰਭਾਲ ਸਭ ਸੁਦਰਸ਼ਨਾ ਨੇ ਹੀ ਕੀਤੀ। ਆਪ ਉਸ ਨੇ ਹੋਰਾਂ ਕੁੜੀਆਂ ਵਾਂਗ ਆਪਣੇ ਪੇਕਿਆਂ ਤੋਂ ਕਦੇ ਕੁਝ ਨਹੀਂ ਸੀ ਮੰਗਿਆ ਤੇ ਨਾ ਹੀ ਇਸ ਨੇ ਪੇਕੇ ਜਾ ਕੇ ਘਰ ਦੀ ਆਰਥਿਕ ਹਾਲਤ ਬਾਰੇ ਕਦੇ ਕੁਝ ਦੱਸਿਆ ਸੀ। ਮਾਂ, ਮੇਰੀਆਂ ਭੈਣਾਂ ਤੇ ਮੇਰੇ ਬਾਰੇ ਤਾਂ ਉਹ ਆਪਣੇ ਪੇਕੇ ਜਾ ਕੇ ਏਨੀ ਵਡਿਆਈ ਕਰਦੀ ਕਿ ਜੋਧਪੁਰੀਆਂ ਦੇ ਦਿਲ ਵਿਚ ਸਾਡੇ ਬਾਰੇ ਬੜਾ ਸਤਿਕਾਰ ਵਧ ਗਿਆ ਸੀ। ਬਾਈ ਜੀ ਤੇ ਚਾਚਾ ਬਸੰਤ ਲਾਲ ਨੂੰ ਵੀ ਉਸ ਨੇ ਹੀ ਦੱਸਿਆ ਸੀ ਕਿ ਸੱਟੇ ਵਿਚ ਘਾਟਾ ਪੈ ਜਾਣ ਕਾਰਨ ਵਿਚੋਲਾ ਮੇਰੇ ਭਰਾ ਦਾ ਝੂਠਾ ਨਾਂ ਲੈ ਕੇ ਜੋ ਇਕੱਤੀ ਸੌ ਰੁਪਿਆ ਲੈ ਗਿਆ ਸੀ, ਉਹ ਛੇ ਮਹੀਨੇ ਲੰਘ ਜਾਣ ਪਿੱਛੋਂ ਵੀ ਉਸ ਨੇ ਨਹੀਂ ਸੀ ਦਿੱਤਾ। ਇਸ ਨਾਲ ਉਸ ਦੇ ਪੇਕਿਆਂ ਦੇ ਦਿਲ ਵਿਚ ਸਾਡੀ ਆਰਥਿਕ ਕਮਜ਼ੋਰੀ ਬਾਰੇ ਜਿਹੜੀ ਤਸਵੀਰ ਵਿਆਹ ਤੋਂ ਪਹਿਲਾਂ ਬਣੀ ਸੀ, ਉਹ ਸਾਫ ਹੋ ਗਈ ਸੀ।
  ਸੁਦਰਸ਼ਨਾ ਦੀ ਇਕ ਖਾਸ ਗੱਲ ਇਹ ਸੀ ਕਿ ਉਸ ਨੇ ਆਪਣੇ ਪੇਕਿਆਂ ਵਿਚੋਂ ਕਿਸੇ ਨੂੰ ਵੀ ਮੇਰੇ ਭਰਾ ਦੇ ਵਿਰੁੱਧ ਇਕ ਸ਼ਬਦ ਨਹੀਂ ਸੀ ਬੋਲਣ ਦਿੱਤਾ। ਮਾੜੀ ਤੋਂ ਮਾੜੀ ਆਰਥਿਕ ਹਾਲਤ ਸਮੇਂ ਵੀ ਉਹ ਨਾ ਆਪ ਡੋਲੀ ਤੇ ਨਾ ਮੈਨੂੰ ਡੋਲਣ ਦਿੱਤਾ। ਬੱਚਿਆਂ ਦੇ ਪੜ੍ਹਾਉਣ ਸਮੇਂ ਕਦੇ ਜੇ ਗਹਿਣੇ ਵੇਚਣੇ ਪਏ, ਉਸ ਨੇ ਹੱਸ ਕੇ ਕੱਢ ਕੇ ਫੜਾ ਦਿੱਤੇ। ਤਪਾ ਮੰਡੀ ਦੀ ਗਲੀ ਨੰਬਰ ੮ ਵਿਚ ਜੇ ਮਕਾਨ ਬਣਿਆ ਤਾਂ ਉਸ ਦੀ ਉਸਾਰੀ ਵਿਚ ਉਸ ਨੇ ੁਂਦ ਮਜ਼ਦੂਰਾਂ ਵਾਂਗ ਕੰਮ ਕੀਤਾ। ਉਸ ਦਾ ਮੋਟਾਪਾ ਤੇ ਮੇਰਾ ਅੰਨ੍ਹਾਪਣ ਸਾਡੇ ਦੋਹਾਂ ਲਈ ਹੁਣ ਕੋਈ ਅਰਥ ਨਹੀਂ ਸਨ ਰਖਦੇ।
  ਸੁਦਰਸ਼ਨਾ ਦੇ ਸੁਭਾਅ ਤੇ ਕੁਰਬਾਨੀਆਂ ਬਾਰੇ ਜੇ ਹੋਰ ਲਿਖਣਾ ਹੋਵੇ ਤਾਂ ਪੂਰੀ ਇਕ ਕਿਤਾਬ ਬਣ ਸਕਦੀ ਹੈ। ਪਰ ਸੰਖੇਪ ਵਿਚ ਇਥੇ ਇਹ ਸ਼ਬਦ ਹੀ ਕਾਫੀ ਹਨ।

  ...ਚਲਦਾ...