ਹੀਰ (ਭਾਗ-12) (ਕਿੱਸਾ ਕਾਵਿ)

ਵਾਰਿਸ ਸ਼ਾਹ   

Address:
ਸ਼ੇਖੂਪੁਰਾ Pakistan
ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


341. ਉੱਤਰ ਜੋਗੀ
ਕੱਚੀ ਕੁਆਰੀਏ ਲੋੜ੍ਹ ਦੀਏ ਮਾਰੀਏ ਨੀ ਟੂਣੇ ਹਾਰੀਏ ਆਖ ਕੀ ਆਹਨੀ ਹੈਂ
ਭਲਿਆਂ ਨਾਲ ਬੁਰਿਆਂ ਕਾਹੇ ਹੋਵਨੀ ਹੈਂ ਕਾਈ ਬੁਰੇ ਹੀ ਭਾਵਨੇ ਚਾਹਨੀ ਹੈਂ
ਅਸਾਂ ਭੁਖਿਆਂ ਆਣ ਸਵਾਲ ਕੀਤਾ ਕਹਿਆਂ ਗ਼ੇਬ ਦੀਆਂ ਰਿੱਕਤਾਂ ਡਾਹਨੀ ਹੈਂ
ਵਿੱਚੋਂ ਪੱਕੀਏ ਛੈਲ ਉਚੱਕੀਏ ਨੀ ਰਾਹ ਜਾਂਦੜੇ ਮਿਰਗ ਕਿਉਂ ਫਾਹਨੀ ਹੈਂ
ਗੱਲ ਹੋ ਚੁੱਕੀ ਫੇਰ ਛੇੜਨੀ ਹੈਂ ਹਰੀ ਸਾਖ ਨੂੰ ਮੋੜ ਕਿਉਂ ਵਾਹਨੀ ਹੈ
ਘਰ ਜਾਣ ਸਰਦਾਰ ਦਾ ਭੀਖ ਮਾਂਗੀ ਸਾਡਾ ਅਰਸ਼ ਦਾ ਕਿੰਗਰ੍ਹਾ ਢਾਹਨੀ ਹੈ।
ਕੇਹਾ ਨਾਲ ਪਰਦੇਸੀਆਂ ਵੈਰ ਚਾਇਉ ਚੈਂਚਰ ਹਾਰੀਏ ਆਖ ਕੀ ਆਹਨੀ ਹੈ
ਰਾਹ ਜਾਂਦੜੇ ਫਕਰ ਖਹੇੜਨੀਂ ਹੈਂ ਆ ਨਹਿਰੀਏ ਸਿੰਗ ਕਿਉਂ ਡਾਹਨੀ ਹੈ
ਘਰ ਪਈਅੜੇ ਧਰੋਹੀਆਂ ਘੇਰੀਆਂ ਨੀ ਢਗੀ ਵਿਹਰੀਏ ਸਾਨ੍ਹਾਂ ਨੂੰ ਵਾਹਨੀ ਹੈ
ਆ ਵਾਸਤਾ ਈ ਨੈਨਾਂ ਗੁੰਡਿਆਂ ਦਾ ਇਹ ਕਲ੍ਹਾ ਕਿਵੇਂ ਪਿੱਛੇ ਲਾਹਣੀ ਹੈ
ਅਸ਼ਕਾਰ ਦਰਿਆ ਵਿੱਚ ਖੇਡ ਮੋਈਏ ਕੱਹੀਆਂ ਮੂਤ ਵਿੱਚ ਮੱਛੀਆਂ ਫਾਹਨੀ ਹੈ
ਵਾਰਸ ਸ਼ਾਹ ਫਕੀਰ ਨੂੰ ਛੇੜਨੀ ਹੈਂ ਅੱਖੀਂ ਨਾਲ ਕਿਉਂ ਖੱਖਰਾਂ ਲਾਹਨੀ ਹੈ
342. ਉੱਤਰ ਸਹਿਤੀ
ਅਨੀ ਸੁਣੋ ਭੈਣਾ ਕੋਈ ਛਿਟ ਜੋਗੀ ਵੱਡੀ ਜੂਠ ਭੈੜਾ ਕਿਸੇ ਥਾਂਉ ਦਾ ਹੈ
ਝਗੜੈਲ ਮਰਖਨਾ ਘੰਡ ਮੱਚੜ ਰੱਪੜ ਖੰਡ ਇਹ ਕਿਸੇ ਗਰਾਉਂਦਾ ਹੈ
ਪਰਦੇਸੀਆਂ ਦੀ ਨਹੀਂ ਡੌਲ ਇਸ ਦੀ ਇਹ ਵਾਕਫ ਬਰੀ ਦੇ ਨਾਉਂ ਦਾ ਹੈ
ਗੱਲ ਆਖ ਕੇ ਹੱਥਾਂ ਤੇ ਪਵੇ ਮੁੱਕਰ ਆਪੇ ਲਾਂਵਦਾ ਆਪ ਬੁਝਾਂਦਾ ਹੈ
ਹੁਣੇ ਭੰਨ ਕੇ ਖਪਰੀ ਤੋੜ ਸੇਲ੍ਹੀ ਨਾਲੇ ਜਟਾਂ ਦੀ ਜੂਟ ਖੁਹਾਂਦਾ ਹੈ
ਜੋ ਮੈਂ ਉਠ ਕੇ ਪਾਣ ਪਤ ਲਾਹ ਸੁੱਟਾਂ ਪੈਂਚ ਇਹ ਨਾ ਕਿਸੇ ਗਰਾਉਂ ਦਾ ਹੈ
ਕੋਈ ਡੂਮ ਮੋਚੀ ਇੱਕੇ ਢੀਡ ਕੰਜਰ ਇੱਕੇ ਚੂਹੜਾ ਕਿਸੇ ਸਰਾਉਂਦਾ ਹੈ
ਵਾਰਸ ਸ਼ਾਹ ਮੀਆਂ ਵਾਹ ਲਾ ਰਹੀਆਂ ਇਹ ਝਗੜਿਉਂ ਬਾਜ਼ ਨਾ ਆਉਂਦਾ ਹੈ
343. ਉੱਤਰ ਰਾਂਝਾ
ਪਕੜ ਢਾਲ ਤਲਵਾਰ ਕਿਉਂ ਗਿਰਦ ਹੋਈ ਮੱਥਾ ਮੁੰਨੀਏ ਕੜਮੀਏ ਭਾਗੀਏ ਨੀ
ਚੈਂਚਰ ਹਾਰੀਏ ਡਾਰੀਏ ਜੰਗ ਬਾਜ਼ੇ ਛੱਪਰ ਨੱਕੀਏ ਬੁਰੇ ਤੇ ਲਾਗੀਏ ਨੀ
ਫਸਾਦ ਦੀ ਫੌਜ ਦੀਏ ਪੇਸ਼ਵਾਏ ਸ਼ੈਤਾਨ ਦੀ ਲੱਕ ਛੜਾਗੀਏ ਨੀ
ਅਸੀਂ ਜੱਟੀਆਂ ਨਾਲ ਜੇ ਕਰੇ ਝੇੜੇ ਦੁਖ ਜ਼ੁਹਦ ਤੇ ਫਕਰ ਕਿਊ ਜ਼ਾਗੀਏ ਨੀ
ਮੱਥਾ ਡਾਹ ਨਾਹੀਂ ਆ ਛੱਡ ਪਿੱਛਾ ਭੰਨੇ ਜਾਂਦੇ ਮਗਰ ਨਾ ਲਾਗੀਏ ਨੀ
ਵਾਰਸ ਸ਼ਾਹ ਫਕੀਰ ਦੇ ਕਦਮ ਫੜੀਏ ਛੀ ਕਿਬਰ ਹੰਕਾਰ ਤਿਆਗੀਏ ਨੀ
344. ਉੱਤਰ ਸਹਿਤੀ
ਚੱਕੀ ਹਾਣੀਆਂ ਵਿੱਚ ਵਿਚਾਰ ਪੌਂਦੀ ਇਹਦੀ ਧੁਮ ਤਨੂਰ ਤੇ ਭਠ ਹੈ ਨੀ
ਕਮਜ਼ਾਤ ਕੁਪੱਤੜਾ ਢੀਡ ਬੈਂਡਾ ਪੁਰੇ ਦੇ ਨਾਲ ਦੀ ਚੱਠ ਹੈ ਨੀ
ਭੇੜੂਕਾਰ ਘੁਠਾ ਠੱਗ ਮਾਝੜੇ ਦਾ ਜੈਂਦਾ ਰੰਨ ਛਰੋਲੀ ਦਾ ਹੱਠ ਹੈ ਨੀ
ਮੰਗ ਖਾਣੇ ਹਰਾਮ ਮੁਸ਼ਟੰਡਿਆਂ ਨੂੰ ਵੱਡਾ ਸਾਰ ਹਸ਼ਧਾਤ ਦੀ ਲੱਠ ਹੈ ਨੀ
ਮੁਸ਼ਟੰਡੜੇ ਤੁਰਤ ਪਛਾਨ ਲਈਦੇ ਕੰਮ ਡਾਹ ਦਿਉ ਇਹ ਵੀ ਜੱਟ ਹੈ ਨੀ
ਇਹ ਜੱਟ ਹੈ ਪਰ ਝੁੱਘਾ ਪਟ ਹੈ ਨੀ ਇਹ ਚੌਧਰੀ ਚੌੜ ਚੌਪਟ ਹੈ ਨੀ
ਗੱਦੋਂ ਲੱਦਿਆ ਸਣੇ ਇਹ ਛੱਟ ਹੈ ਨੀ ਭਾਵੇਂ ਵੇਲੇ ਦੀ ਇਹ ਲਠ ਹੈ ਨੀ
345. ਗੁਆਢਨਾਂ ਦਾ ਉੱਤਰ
ਵਿਹੜੇ ਵਾਲੀਆ ਦਾਨੀਆਂ ਆਨ ਖੜ੍ਹੀਆਂ ਕਿਉਂ ਬੋਲਦੀਆਂ ਤੁਸੀਂ ਦੀਵਾਨੜੇ ਨੀ
ਕੁੜੀਏ ਕਾਸ ਨੂੰ ਲੂਝਦੀ ਨਾਲ ਜੋਗੀ ਇਹ ਜੰਗਲੀ ਖਰੇ ਨਮਾਨੜੇ ਨੀ
ਮੰਗ ਖਾਇਕੇ ਸਦਾ ਇਹ ਦੇਸ ਤਿਆਗਨ ਤੱਬੂ ਆਸ ਦੇ ਇਹ ਤਾਣਦੇ ਨੀ
ਜਾਪ ਜਾਣਦੇ ਰੱਬ ਦੀ ਯਾਦ ਵਾਲਾ ਐਡੇ ਝਗੜੇ ਇਹ ਨਾਲ ਜਾਣਦੇ ਨੀ
ਸਦਾ ਰਹਿਣ ਉਦਾਸ ਨਿਰਾਸ ਨੰਗੇ ਬਿਰਛ ਭੋਗ ਕੇ ਸਿਆਲ ਲੰਘਾਂਵਦੇ ਨੀ
ਵਾਰਸ ਸ਼ਾਹ ਪਰ ਅਸਾਂ ਮਾਅਲੂਮ ਕੀਤਾ ਜੱਟੀ ਜੋਗੀ ਦੋਵੇਂ ਇੱਕਸ ਹਾਨ ਦੇ ਨੀ
346. ਸਹਿਤੀ ਦਾ ਉੁੱੱਤੱਤਰ
ਨੈਨਾਂ ਹੀਰ ਦਿਆਂ ਦੇਖ ਕੇ ਆਹ ਭਰਦਾ ਵਾਂਗ ਆਸ਼ਕਾਂ ਅੱਖੀਆਂ ਮੀਟਦਾ ਈ
ਜਿਵੇਂ ਖਸਮ ਕੁਪੱਤੜਾ ਰੰਨ ਭੰਡੇ ਕੀਤੀ ਗੱਲ ਨੂੰ ਪਿਆ ਘਸੀਟਦਾ ਈ
ਰੰਨਾਂ ਗੁੰਡੀਆਂ ਵਾਂਗ ਫਰਫੇਜ ਕਰਦਾ ਤੋੜਨ ਹਾਰੜਾ ਲੱਗੜੀ ਪ੍ਰੀਤ ਦਾ ਈ
ਘਤ ਘਗਰੀ ਬਹੇ ਇਹ ਵੱਡਾ ਠੇਠਰ ਇਹ ਉਸਤਾਦੜਾ ਕਿਸੇ ਮਸੀਤ ਦਾ ਈ
ਚੂੰਢੀ ਵੱਖੀਆਂ ਦੇ ਵਿੱਚ ਵੱਢ ਲੈਂਦਾ ਪਿੱਛੋਂ ਆਪਣੀ ਵਾਰ ਮੁੜ ਚੀਤ ਦਾ ਈ
ਇੱਕੇ ਖੈਰ ਹੱਥਾਂ ਨਹੀਂ ਇਹ ਰਾਵਲ ਇੱਕੇ ਚੇਲੜਾ ਕਿਸੇ ਪਲੀਤ ਦਾ ਈ
ਨਾ ਇਹ ਜਿੰਨ ਨਾ ਭੂਤ ਨਾ ਰਿਛ ਬਾਂਦਰ ਨਾ ਇਹ ਚੇਲੜਾ ਕਿਸੇ ਅਤੀਤ ਦਾ ਈ
ਵਾਰਸ ਸ਼ਾਹ ਪ੍ਰੇਮ ਦੀ ਜ਼ੀਲ ਨਿਆਰੀ ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾ ਈ
347. ਉੱਤਰ ਰਾਂਝਾ
ਇਹ ਮਿਸਲ ਮਸ਼ਹੂਰ ਹੈ ਜਗ ਸਾਰੇ ਕਰਮ ਰਬ ਦੇ ਜੇਡ ਨਾ ਮਿਹਰ ਹੈ ਨੀ
ਹੁਨਰ ਝੂਠ ਕਮਾਨ ਲਹੌਰ ਜੇਹੀ ਅਤੇ ਕਾਂਉਰੂ ਜੇਡ ਨਾ ਸਿਹਰ ਹੈ ਨੀ
ਚੁਗਲੀ ਨਹੀਂ ਦੀਪਾਲਪੁਰ ਕੋਟ ਜੇਹੀ ਉਹ ਨਮਰੂਦ ਦੀ ਥਾਂਉਂ ਬੇ ਮਿਹਰ ਹੈ ਨੀ
ਨਕਸ਼ ਚੀਨ ਤੇ ਮੁਸ਼ਕ ਨਾ ਖਤਮ ਜੇਹਾ ਸੂਸਫ ਜ਼ੇਬ ਨਾ ਕਿਸੇ ਦਾ ਚਿਹਰ ਹੈ ਲੀ
ਮੈਂ ਤਾਂ ਤੋੜ ਹਸ਼ਧਾਤ ਦੇ ਕੋਟ ਸੁੱਟਾਂ ਰੈਨੂੰ ਦੱਸ ਖਾ ਕਾਸ ਦੀ ਵੇਹਰ ਹੈ ਨੀ
ਬਾਤ ਬਾਤ ਤੇਰੀ ਵਿੱਚ ਹੈਨ ਕਾਮਨ ਵਾਰਸ ਸ਼ਾਹ ਦਾ ਸ਼ਿਅਰ ਕੀ ਸਿਹਰ ਹੈ ਨੀ
348. ਉਹੀ
ਕੋਈ ਅਸਾਂ ਜਿਹਾ ਵਲੀ ਸਿਧ ਨਾਹੀਂ ਜਗ ਆਂਵਦਾ ਨਜ਼ਰ ਜ਼ਹੂਰ ਜੇਹਾ
ਦਸਤਾਰ ਬਜਵਾੜਿਉਂ ਖੂਬ ਆਵੇ ਅਤੇ ਬਾਫਤਾ ਨਹੀਂ ਕਸੂਰ ਜੇਹਾ
ਕਸ਼ਮੀਰ ਜੇਹਾ ਕੋਈ ਮੁਲਕ ਨਾਹੀਂ ਨਹੀਂ ਚਾਣਨਾ ਚੰਦ ਦੇ ਨੂਰ ਜੇਹਾ
ਅੱਗੇ ਨਜ਼ਰ ਦੇ ਮਜ਼ਾ ਮਾਅਸ਼ੂਕ ਦਾ ਹੈ ਅਤੇ ਢੋਲ ਨਾ ਸੋਂਹਦਾ ਦੂਰ ਜੇਹਾ
ਨਹੀਂ ਰੰਨ ਕੁਲੱਛਨੀ ਤੁਧ ਜੇਹੀ ਨਹੀਂ ਜ਼ਲਜ਼ਲਾ ਹਸ਼ਰ ਦੇ ਸੂਰ ਜੇਹਾ
ਸਹਿਤੀ ਜੇਡ ਨਾ ਹੋਰ ਝਗੜੈਲ ਕੋਈ ਅਤੇ ਸੁਹਣਾ ਹੋਰ ਨਾ ਤੂਰ ਜੇਹਾ
ਖੇੜਿਆਂ ਜੇਡ ਨਾ ਨੇਕ ਕੋਈ ਕੋਈ ਥਾਂਉਂ ਨਾ ਬੈਤ ਮਾਅਮੂਰ ਜੇਹਾ
ਸਹਿਜ ਵਸਦੀਆਂ ਜੇਡ ਨਾਲ ਭਲਾ ਕੋਈ ਬੁਰਾ ਨਹੀਂ ਹੈ ਕੰਮ ਫਤੂਰ ਜਿਹਾ
ਹਿੰਗ ਜੇਡ ਨਾ ਹੋਰ ਬਦਬੂ ਕੋਈ ਬਾਸਦਾਰ ਨਾ ਹੋਰ ਕਚੂਰ ਜੇਹਾ
ਵਾਰਸ ਸ਼ਾਹ ਜੇਹਾ ਗੁਨਾਹਗਾਰ ਨਾਹੀਂ ਕੋਈ ਤਾਓ ਨਾ ਤਪਤ ਤੰਦੂਰ ਜਿਹਾ
349. ਉੱਤਰ ਸਹਿਤੀ
ਜੋਗ ਦੱਸ ਖਾਂ ਕਿੱਧਰੋਂ ਹੋਇਆ ਪੈਦਾ ਕਿੱਥੋਂ ਹੋਇਆ ਸੰਡਾਸ ਬੈਰਾਗ ਹੈ ਵੇ
ਕੇਤੀ ਰਾਹ ਹੈਨ ਜੋਗ ਦੇ ਦੱਸ ਵੇ ਖਾਂ ਕਿੱਥੋਂ ਨਿਕਲਿਆ ਜੋਗ ਦਾ ਰਾਗ ਹੈ ਵੇ
ਇਹ ਖਪਰੀ ਸੇਲ੍ਹੀਆਂ ਨਾਦ ਕਿੱਥੋਂ ਕਿਸ ਬੱਧਿਆ ਜੁਟਾਂ ਦੀ ਪਾਗ ਹੈ ਵੇ
ਵਾਰਸ ਸ਼ਾਹ ਭਬੂਤ ਕਿਸ ਕੱਢਿਆ ਈ ਕਿੱਥੋਂ ਨਿਕਲੀ ਪੂਜਣੀ ਆਗ ਹੈ ਵੇ
350. ਉੱਤਰ ਰਾਂਝਾ
ਮਹਾਂਦੇਵ ਥੋਂ ਜੋਗ ਦਾ ਪੰਥ ਬਣਿਆ ਦੇਵ ਦਤ ਹੈ ਗੁਰੂ ਸੰਡਾਸੀਆਂ ਦਾ
ਰਾਮਾਨੰਦ ਥੋਂ ਸਭ ਵੈਰਾਗ ਹੋਇਆ ਪਰਮ ਜੋਤ ਹੈ ਗੁਰੂ ਉਦਾਸੀਆਂ ਦਾ
ਬ੍ਰਹਮਾ ਬਰਾਹਮਣਾ ਦਾ ਰਾਮ ਹਿੰਦੂਆਂ ਦਾ ਬਿਸ਼ਨ ਅਤੇ ਮਹੇਸ਼ ਸ਼ੁਭ ਰਾਸੀਆਂ ਦਾ
ਸੁਥਰਾ ਸੁਥਰਿਆ ਦਾ ਨਾਨਕ ਦਾਸੀਆਂ ਦਾ ਸ਼ਾਹ ਮੱਖਣ ਹੈ ਮੰਡ ਅਭਾਸੀਆਂ ਦਾ
ਜਿਵੇਂ ਸਈਅੱਦ ਜਲਾਲ ਜਲਾਲੀਆਂ ਦਾ ਤੇ ਅਦਸੇ ਕਰਨੀ ਖੱੇਖੇ ਕਾਸਿਆਂ ਦਾ
ਜਿਵੇਂ ਸ਼ਾਹ ਮਦਾਰ ਮਦਾਰੀਆਂ ਦਾ ਅੰਸਾਰ ਅੰਸਾਰੀਆਂ ਤਾਸੀਆਂ ਦਾ
ਹੈ ਵਸ਼ਿਸ਼ਠ ਨਿਰਬਾਨ ਵੈਰਾਗੀਆਂ ਦਾ ਸਿਰੀ ਕਰਿਸ਼ਨ ਭਗਵਾਨ ਉਪਾਸੀਆਂ ਦਾ
ਹਾਜੀ ਨੋਸ਼ਾ ਜਿਵੇਂ ਨੌਸ਼ਾਹੀਆਂ ਦਾ ਅਤੇ ਭਗਤ ਕਬੀਰ ਜੋਲਾਸੀਆਂ ਦਾ
ਦਸਤਗੀਰ ਦਾ ਕਾਦਰੀ ਸਿਲਸਲਾ ਹੈ ਤੇ ਫਰੀਦ ਹੈ ਚਿਸ਼ਤ ਅੱਬਾਸੀਆਂ ਦਾ
ਜਿਵੇਂ ਸ਼ੈਖ ਤਾਹਿਰ ਪੀਰ ਮੋਚੀਆਂ ਦਾ ਸ਼ਮੱਸ ਪੀਰ ਸੁਨਿਆਰਿਆਂ ਚਾਸੀਆਂ ਦਾ
ਨਾਮ ਦੇਵ ਹੈ ਗੁਰੂ ਛੀਂਬਿਆਂ ਦਾ ਲੁਕਮਾਨ ਲੁਹਾਰ ਤਰਖਾਸੀਆਂ ਦਾ
ਖੁਆਜਾ ਖਿਜ਼ਰ ਹੈ ਮੇਨਾਂ ਮੁਹਾਨਿਆਂ ਦਾ ਨਕਸ਼ਬੰਦ ਮੁਗਲਾਨ ਚੁਗਤਾਸੀਆਂ ਦਾ
ਸਰਵਰ ਸਖੀ ਭਰਾਈਆਂ ਸੇਵਕਾ ਦਾ ਲਾਅਲ ਬੇਗ ਹੈ ਚੂਹੜਿਆਂ ਖਾਸੀਆਂ ਦਾ
ਨਲ ਰਾਜਾ ਹੈ ਗੁਰੂ ਜਵਾਰੀਆਂ ਦਾ ਸ਼ਾਹ ਸ਼ੱਮਸ ਨਿਆਰਿਆਂ ਤਾਸੀਆਂ ਦਾ
ਸ਼ੇਸ਼ ਵਲਦ ਆਦਮ ਜੁਲਾਹਿਆਂ ਦਾ ਸ਼ੈਤਾਨ ਹੈ ਪੀਰ ਮੀਰਾਸੀਆਂ ਦਾ
ਵਾਰਸ ਸ਼ਾਹ ਜਿਉਂ ਰਾਮ ਹੈ ਹਿੰਦੂਆਂ ਦਾ ਅਤੇ ਰਹਿਮਾਨ ਹੈ ਮੋਮਨਾਂ ਖਾਸਿਆਂ ਦਾ
ਜਿਵੇਂ ਹਾਜੀ ਗੁਲਗੋ ਘੁਮਿਆਰ ਮੰਨਣ ਹਜ਼ਰਤ ਅਲੀ ਹੈ ਸ਼ੀਆਂ ਖਾਸਿਆਂ ਦਾ
ਸਲਮਾਨ ਪਾਰਸ ਪੀਰ ਨਾਈਆਂ ਦਾ ਅਲੀ ਰੰਗਰੇਜ਼ ਅਦਰੀਸ ਦਰਜ਼ਾਸੀਆਂ ਦਾ
ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ ਭੁਖ ਪੀਰ ਹੈ ਮਸਤੀਆ ਪਾਸੀਆਂ ਦਾ
ਹਸਵ ਤੇਲੀ ਜਿਉਂ ਪੀਰ ਹੈ ਤੇਲੀਆਂ ਦਾ ਸੁਲੇਮਾਨ ਜਿੰਨ ਭੂਤਾਸੀਆਂ ਦਾ
ਸੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਦਾਊਦ ਹੈ ਜ਼ਰ੍ਹਾ ਨਵਾਸੀਆਂ ਦਾ
351. ਕਥਨ ਸ਼ਾਇਰ
ਮਾਯਾਂ ਉਠਾਈ ਫਿਰਨ ਏਸ ਜੱਗ ਉਤੇ ਜਿਨ੍ਹਾ ਭਵਣ ਤੇ ਕੁਲ ਬੇਹਾਰ ਹੈ ਵੇ
ਏਨ੍ਹਾਂ ਫਿਰਨ ਜ਼ਰੂਰ ਹੈ ਦਿਹੁੰ ਰਾਤੀਂ ਧੁਰੋਂ ਫਿਰਨ ਏਨ੍ਹਾਦੜੀ ਕਾਰ ਹੈ ਵੇ
ਸੂਰਜ ਚੰਦ ਘੋੜਾ ਅਤੇ ਰੂਹ ਚਕਲ ਨਜ਼ਰ ਸ਼ੇਰ ਪਾਣੀ ਵਨਜਾਰ ਹੈ ਵੇ
ਤਾਣਾ ਤਨਣ ਵਾਲੀ ਇੱਲ ਗਧਾ ਕੁੱਤਾ ਤੀਰ ਛੱਜ ਤੇ ਛੋਕਰਾ ਯਾਰ ਹੈ ਵੇ
ਟੋਪਾ ਛਾਣਨੀ ਤੱਕੜੀ ਤੇਗ਼ ਮਰੱਕਬ ਕਿਲਾ ਤਰੱਕਲਾ ਫਿਰਨ ਵਪਾਰ ਹੈ ਵੇ
ਬਿੱਲੀ ਰੰਨ ਫਕੀਰ ਤੇ ਅੱਗ ਬਾਂਦੀ ਏਨਾਂ ਫਿਰਨ ਘਰੋ ਘਰੀ ਕਾਰ ਹੈ ਵੇ
ਵਾਰਸ ਸ਼ਾਹ ਵੈਲੀ ਭੇਖੇ ਲਖ ਫਿਰਦੇ ਸਬਰ ਫਕਰ ਦਾ ਕੌਲ ਕਰਾਰ ਹੈ ਵੇ
351. ਉਹੀ ਚਲਦਾ
ਫਿਰਨ ਬੁਰਾ ਹੈ ਜਗ ਤੇ ਏਨ੍ਹਾਂ ਤਾਈਂ ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਾਹੀਂ
ਫਿਰੇ ਕੌਲ ਜ਼ਬਾਨ ਜਵਾਨ ਰੰਨ ਥੀਂ ਸਤਰਦਾਰ ਘਰ ਛੋੜ ਮਾਅਕੂਲ ਨਾਹੀਂ ਰਜ਼ਾ ਅੱਲਾਹ
ਦੀ ਹੁਕਮ ਕਤੱਈ ਜਾਣੋ ਕੁਤਬ ਕੋਹ ਕਾਅਬਾ ਮਾਅਮੂਲ ਨਾਹੀਂ
ਰੰਨ ਆ ਵਿਗਾੜ ਤੇ ਚਹਿ ਚੜ੍ਹੀ ਫਕਰ ਆਏ ਜਾਂ ਕਹਿਰ ਕਲੂਲ ਨਾਹੀਂ
ਜ਼ਿੰਮੀਂਦਾਰ ਕਨਕੂਤਿਆਂ ਖੁਸ਼ੀ ਨਾਹੀਂ ਅਤੇ ਅਹਿਮਕ ਕਦੇ ਮਲੂਲ ਨਾਹੀਂ
ਵਾਰਸ ਸ਼ਾਹ ਦੀ ਬੰਦਗੀ ਲਿਲ੍ਹ ਨਾਹੀਂ ਵੇਖਾਂ ਮੰਨ ਲਏ ਕਿ ਕਬੂਲ ਨਾਹੀਂ
352. ਉਹੀ ਚਾਲੂ
ਅਦਲ ਬਿਨਾਂ ਸਰਦਾਰ ਹੈ ਰੁਖ ਅੱਫਲ ਰੰਨ ਕੁਢਨੀ ਜੋ ਵਫਾਦਾਰ ਨਾਹੀਂ
ਨਿਆਜ਼ ਬਿਨਾਂ ਹੈ ਕੰਚਨੀ ਬਾਂਬ੍ਹ ਥਾਵੇਂ ਮਰਦ ਗਧਾ ਜੋ ਇਕਲ ਦਾ ਯਾਰ ਹੈ ਨਹੀਂ
ਬਿਨਾ ਆਦਮੀ ਅੱਤ ਨਾਹੀਂ ਇਨਸ ਜਾਪੇ ਬਿਨਾ ਆਬ ਕੱਤਾਲ ਤਲਵਾਰ ਹੈ ਨਾਹੀਂ
ਸਬਜ ਜ਼ਿਕਰ ਇਬਾਦਤਾਂ ਬਾਝ ਜੋਗੀ ਦੰਮਾ ਬਾਝ ਜੀਵਣ ਦਰਕਾਰ ਨਾਹੀਂ
ਹਿੰਮਤ ਬਾਝ ਜਵਾਨ ਬਿਨ ਹੁਸਨ ਦਿਲਬਰ ਲੂਣ ਬਾਝ ਤੁਆਮ ਸਵਾਰ ਨਾਹੀਂ
ਸ਼ਰਮ ਬਾਝ ਮੁੱਛਾਂ ਬਿਨਾ ਅਮਲ ਦਾੜ੍ਹੀ ਤਲਬ ਬਾਝ ਫੌਜਾ ਭਰ ਭਾਰ ਨਾਹੀਂ
ਅਕਲ ਬਾਝ ਵਜ਼ੀਰ ਸਲਵਾਤ ਮੋਮਨ ਦੀਵਾਨ ਹਸਾਬ ਸ਼ੁਮਾਰ ਨਾਹੀਂ
ਵਾਰਸ, ਰੰਨ, ਫਕੀਰ, ਤਲਵਾਰ, ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ
353. ਉੱਤਰ ਰਾਂਝਾ
ਮਰਦ ਕਰਮ ਦੇ ਨਕਦ ਹਨ ਸਹਿਤੀਏ ਨੀ ਰੰਨਾਂ ਦੁਸ਼ਮਣਾ ਨੇਕ ਕਮਾਈਆਂ ਦੀਆਂ
ਤੁਸੀਂ ਏਸ ਜਹਾਨ ਵਿੱਚ ਹੋ ਰਹੀਆਂ ਪੰਜ ਸੇਰੀਆਂ ਘਟ ਧੜਵਾਈਆਂ ਦੀਆਂ
ਮਰਦ ਹੈਨ ਜਹਾਜ਼ ਨਿਕੋਈਆਂ ਦੇ ਰੰਨਾਂ ਬੇੜੀਆਂ ਹੈਨ ਬੁਰਾਈਆਂ ਦੀਆਂ
ਮਾਉਂ ਬਾਪ ਦਾ ਨਾਉਂ ਨਾਮੂਸ ਡੋਬਣ ਪੱਤਾ ਲਾਹ ਸੁੱਟਨ ਭਲਿਆਂ ਭਾਈਟਾਂ ਦੀਆਂ
ਹੱਡ ਮਾਸ ਹਲਾਲ ਹਰਾਮ ਕੱਪਨ ਏਹ ਕੁਹਾੜੀਆਂ ਹੈਨ ਕਸਾਈਆਂ ਦੀਆਂ
ਲਬਾਂ ਲੈਂਦੀਆਂ ਸਾਫ ਕਰ ਦੇਣ ਦਾੜ੍ਹੀ ਜਿਵੇਂ ਕੈਂਚੀਆਂ ਅਹਿਮਕਾਂ ਨਾਈਆਂ ਦੀਆਂ
ਸਿਰ ਜਾਏ, ਨਾ ਯਾਰ ਦਾ ਸਿਰ ਦੀਚੇ ਸ਼ਰਮਾਂ ਰੱਖੀਏ ਅੱਖੀਆਂ ਲਾਈਆਂ ਦੀਆਂ
ਨੀ ਤੂੰ ਕੇਹੜੀ ਗੱਲ ਤੇ ਐਡ ਸ਼ੂਕੇਂ ਗੱਲਾਂ ਦੱਸ ਖਾਂ ਪੂਰੀਆਂ ਪਾਈਆਂ ਦੀਆਂ
ਆਢਾ ਨਾਲ ਫਕੀਰਾਂ ਦੇ ਲਾਵਨੀ ਨੀ ਖੂਬੀਆਂ ਦੇਖ ਨਨਾਣ ਭਰਜਾਈਆਂ ਦੀਆਂ
ਵਾਰਸ ਸ਼ਾਹ ਤੇਰੇ ਮੂੰਹ ਨਾਲ ਮਾਰਨ ਪੰਡਾਂ ਬੰਨ੍ਹ ਕੇ ਸਭ ਭਨਿਆਈਆਂ ਦੀਆਂ
354. ਉੱਤਰ ਸਹਿਤੀ
ਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ ਹੋਨਸਾਂ ਕੇਹੀਆਂ ਜਟਾਂ ਰਖਾਈਆਂ ਦੀਆਂ
ਬੇਸ਼ਰਮ ਦੀ ਮੁਛ ਜਿਉਂ ਪੂਛ ਪਿੱਦੀ ਜੇਹਾ ਮੁੰਜਰਾਂ ਬੇਟ ਦੇ ਧਾਈਆਂ ਦੀਆਂ
ਤਾਨਸੈਨ ਜੇਹਾ ਰਾਗ ਨਹੀਂ ਬਣਦਾ ਲਖ ਸਫਾਂ ਜੇ ਹੋਣ ਅਤਾਈਆਂ ਦੀਆਂ
ਅਖੀਂ ਡਿੱਠੀਆਂ ਨਹੀਂ ਤੂੰ ਚੋਬਰਾ ਵੇ ਪਰਮ ਕੁੱਠੀਆਂ ਬਿਰਹੋਂ ਸਤਾਈਆਂ ਦੀਆਂ
ਸਿਰ ਮੁੰਨ ਦਾੜ੍ਹੀ ਖੇਹ ਲਾਇਆਈ ਕਦਰਾਂ ਡਿਠਿਉਂ ਏਡੀਆਂ ਚਾਈਆਂ ਦੀਆਂ
ਤੇਰੀ ਚਰਾ ਚਰ ਬਿਰਕਦੀ ਚੀਭ ਇਵੇਂ ਜਿਉਂ ਮੁਰਕਦੀਆਂ ਜੁੱਤਈਆਂ ਸਾਈਆਂ ਦੀਆਂ
ਲੁੰਡੀਆਂ ਨਾਲ ਘੁਲਨਾ ਮੰਦੇ ਬੋਲ ਬੋਲਨ ਨਹੀਂ ਚਾਲਿਆਂ ਭਲਿਆਂ ਦੀਆਂ ਜਾਈਆਂ ਦੀਆਂ
ਨਹੀਂ ਕਾਅਬਿਊਂ ਚੂਹੜਾ ਹੋ ਵਖਾਕਿਫ ਖਬਰਾਂ ਜਾਣਦੇ ਚੂਹੜੇ ਗੁਹਾਈਆਂ ਦੀਆਂ
ਨਹੀਂ ਫਕਰ ਦੇ ਭੇਤ ਦਾ ਜ਼ਰਾ ਵਾਕਿਫ ਖਬਰਾਂ ਤੁਧ ਨੂੰ ਮਹੀਂ ਚਰਾਈਆਂ ਦੀਆਂ
ਚੁਤੜ ਸਵਾਹ ਭਰੇ ਦੇਖ ਮਗਰ ਲੱਗੋਂ ਜਿਵੇਂ ਕੁੱਤੀਆਂ ਹੋਣ ਗੁਸਤਾਈਆਂ ਦੀਆਂ
ਜਿਹੜੀਆਂ ਸੂਣ ਉਜਾੜ ਵਿੱਚ ਵਾਗ ਖੱਚਰ ਕਦਰਾਂ ਉਹ ਕੀ ਜਾਣਦੀਆਂ ਦਾਈਆਂ ਦੀਆਂ
ਗਦੋ ਵਾਂਗ ਜਾ ਰਜਿਉਂ ਕਰੇਂ ਮਸਤੀ ਕੱਛਾਂ ਸੁੰਘਨਾਂਏਂ ਰੰਨਾਂ ਪਰਾਈਆਂ ਦੀਆਂ
ਬਾਪੂ ਨਹੀਂ ਪੂਰਾ ਤੇਨੂੰ ਕੋਈ ਮਿਲਿਆ ਅਜੇ ਟੋਹਿਉਂ ਬੁੱਕਲਾਂ ਮਾਈਆਂ ਦੀਆਂ
ਪੂਛਾਂ ਗਾਈ ਨੂੰ ਮਹੀਂ ਦੀਆਂ ਜੋੜਨਾ ਏ ਖੁਰੀਆਂ ਮਹੀਂ ਨੂੰ ਲਾਉਨਾਂ ਗਾਈਆਂ ਦੀਆਂ
ਹਾਸਾ ਦੇਖ ਕੇ ਆਉਂਦਾ ਸਿਫਲ ਵਾਈ ਗੱਲਾਂ ਤਬ੍ਹਾ ਦੀਆਂ ਦੇਖ ਖਫਾਈਆਂ ਦੀਆਂ
ਮੀਆਂ ਕੌਣ ਛਡਾਵਸੀ ਆਣ ਤੈਨੂੰ ਧਮਕਾਂ ਪੌਨ ਗੀਆਂ ਜਦੋਂ ਕੁਟਾਈਆਂ ਦੀਆਂ
ਗਿੱਲਾ ਇਸ਼ਕ ਦੇ ਵਾਲੀਆਂ ਨੇਈਂ ਰੁਲੀਆਂ ਕੱਚੇ ਘੜੇ ਤੇ ਵਹਿਣ ਲੁੜ੍ਹਾਈਆਂ ਦੀਆਂ
ਪਰੀਆਂ ਨਾਲ ਕੀ ਦੇਵਾਂ ਨੂੰ ਆਖ ਜਿਨ੍ਹਾਂ ਲੱਗੇ ਜਿਨ੍ਹਾਂ ਵੱਖੀਆਂ ਭੰਨੀਆਂ ਭਾਈਆਂ ਦੀਆਂ
ਇਹ ਇਸ਼ਕ ਕੀ ਜਾਣਦੇ ਚਾਕ ਚੋਬਰ ਖਬਰਾ ਜਾਣਦੇ ਰੋਟੀਆਂ ਧਾਈਆਂ ਦੀਆਂ
ਵਾਰਸ ਸ਼ਾਹ ਨਾ ਬੇਟੀਆਂ ਜਿਨ੍ਹਾਂ ਜਣੀਆਂ ਕਦਰਾਂ ਜਾਣਦੇ ਨਹੀਂ ਜਵਾਈਆਂ ਦੀਆਂ

355. ਉੱਤਰ ਰਾਂਝਾ
ਅਸੀਂ ਸਹਿਤੀਏ ਮੂਲ ਨਾਲ ਡਰਾਂ ਤੈਥੋਂ ਤਿੱਖੇ ਦੀਦੜੇ ਤੈਂਦੜੇ ਸਾਰ ਦੇ ਨੀ
ਹਾਥੀ ਹੀਂ ਤਸਵੀਰ ਦਾ ਕਿਲਾ ਢਾਏ ਸ਼ੇਰ ਮੱਖੀਆਂ ਨੂੰ ਨਾਹੀਂ ਮਾਰਦੇ ਨੀ
ਕਹੇ ਕਾਂਵਾਂ ਦੇ ਢੋਰ ਨਾ ਕਦੇ ਮੋਏ ਸ਼ੇਰ ਫੂਈਆਂ ਤੋਂ ਨਾਹੀਂ ਹਾਰਦੇ ਨੀ
ਫਟ ਹੈਨ ਲੜਾਈ ਦੇ ਅਸਲ ਢਾਈ ਹੋਰ ਐਵੇਂ ਪਸਾਰ ਪਸਾਰਦੇ ਨੀ
ਇੱਕੇ ਮਾਰਨਾ ਇੱਕੇ ਤਾਂ ਆਪ ਮਰਨਾ ਇੱਕੇ ਨੱਸ ਜਾਣਾ ਅੱਗੇ ਸਾਰ ਦੇ ਨੀ
ਹਿੰਮਤ ਸੁਸਤ ਬਰੂਤ ਸਰੀਨ ਭਾਰੇ ਇਹ ਗਭਰੂ ਕਿਸੇ ਨਾ ਕਾਰ ਦੇ ਨੀ
ਬੰਨ੍ਹ ਟੋੜੀਏ ਜੰਗ ਨੂੰ ਢਕ ਕਰਕੇ ਸਗੋਂ ਅਗਲਿਆਂ ਨੂੰ ਪਿੱਛੋਂ ਮਾਰਦੇ ਨੀ
ਸੜਨ ਕੱਪੜੇ ਹੋਣ ਤਹਿਕੀਕ ਕਾਲੇ ਜਿਹੜੇ ਗੋਸ਼ਟੀ ਹੋਣ ਲੋਹਾਰ ਦੇ ਨੀ
ਝੂਠੇ ਮਿਹਨਿਆਂ ਨਾਲ ਨਾ ਜੋਗ ਜਾਦਾ ਸੰਗ ਗਲੇ ਨਾ ਨਾਲ ਫੁਹਾਰ ਦੇ ਨੀ
ਖੈਰ ਦਿੱਤਿਆਂ ਮਾਲ ਨਾ ਹੋ ਥੋੜ੍ਹਾ ਬੋਹਲ ਥੁੜੇ ਨਾ ਚੁਣੇ ਗੋਟਾਰ ਦੇ ਨੀ
ਜਦੋਂ ਚੂਹੜੇ ਨੂੰ ਜਿੰਨ ਕਰੇ ਦਖਲਾ ਝਾੜਾ ਕਰੀਦਾ ਨਾਲ ਪੈਜ਼ਾਰ ਦੇ ਨੀ
ਤੈਂ ਤਾਂ ਫਿਕਰ ਕੀਤਾ ਸਾਨੂੰ ਮਾਰਨੇ ਦਾ ਤੈਨੂੰ ਦੇਖ ਲੈ ਯਾਰ ਹੁਣ ਮਾਰ ਦੇ ਨੀ
ਜੇਹਾ ਕਰੇ ਕੋਈ ਤੇਹਾ ਪਾਂਵਦਾ ਹੇ ਸੱਚੇ ਵਾਇਦੇ ਪਰਵਰਦਗਾਰ ਦੇ ਨੀ
ਵਾਰਸ ਸ਼ਾਹ ਮੀਆਂ ਰੰਨ ਭੌਂਕਨੀ ਨੂੰ ਫਕਰ ਚਾ ਜੜੀਆਂ ਚਾ ਮਾਰਦੇ ਨੀ
356. ਉੱਤਰ ਸਹਿਤੀ
ਤੇਰੀਆਂ ਸੇਲ੍ਹੀਆਂ ਥੋਂ ਅਸੀਂ ਨਹੀਂ ਡਰਦੇ ਕੋਈ ਡਰੇ ਨਾ ਭੀਲ ਦੇ ਸਾਂਗ ਕੋਲੋਂ
ਐਵੇਂ ਮਾਰੀਦਾ ਜਾਵਸੇਂ ਏਸ ਪਿੰਡੋਂ ਜਿਵੇਂ ਖਿਸਦਾ ਕੁਫਰ ਹੈ ਬਾਗ ਕੋਲੋਂ
ਸਿਰੀ ਕੱਜ ਕੇ ਟੁਰੇਂ ਗਾ ਜਹਿਲ ਜੱਟਾ ਜਿਵੇਂ ਧਾੜਵੀ ਸਰਕਦਾ ਕਾਂਗ ਕੋਲੋਂ
ਮੇਰੇ ਡਿੱਠਿਆਂ ਕੰਬਸੀ ਜਾਨ ਤੇਰੀ ਜਿਵੇਂ ਚੋਰ ਦੀ ਜਾਨ ਝਲਾਂਗ ਕੋਲੋਂ
ਤੇਰੀ ਟੂਟਣੀ ਫਿਰੇ ਹੈ ਸੱਪ ਵਾਂਗੂੰ ਆਇ ਰੰਨਾਂ ਦੇ ਡਰੇ ਉਪਾਂਗ ਕੋਲੋਂ
ਐਵੇਂ ਖੌਫ਼ ਪੌਸੀ ਤੈਨੂੰ ਮਾਰਇਨ ਦਾ ਜਿਵੇਂ ਢੱਕ ਦਾ ਪੀਰ ਉਲਾਂਘ ਕੋਲੋਂ
ਵਾਰਸ ਸ਼ਾਹ ਇਹ ਜੋਗੜਾ ਮੋਇਆ ਪਿਆਸਾ ਪਾਣੀ ਦੇਣ ਗੀਆਂ ਕਦੋਂ ਪੂਰ ਸਾਂਗ ਕੋਲੋਂ
357. ਉੱਤਰ ਰਾਂਝਾ
ਕੋਹੀਆਂ ਆਣ ਪੰਚਾਇਤਾਂ ਜੋੜੀਆਂ ਨੀ ਅਸੀਂ ਰੰਨ ਨੂੰ ਰੋਵੜੀ ਜਾਣਨੇ ਹਾਂ
ਫੜੀਏ ਚਿੱਥ ਕੇ ਲਏ ਲੰਘ ਪਲ ਵਿੱਚ ਤੰਬੂ ਵੈਰ ਦੇ ਨਿਤ ਨਾ ਤਾਣਨੇ ਹਾਂ
ਲੋਗ ਜਾਗਦੇ ਮਹਿਰੀਆਂ ਨਾਲ ਪਰਚਨ ਅਸੀਂ ਖੁਆਬ ਅੰਦਰ ਮੌਜਾਂ ਮਾਣਨੇ ਹਾਂ
ਲੋਗ ਛਾਣਦੇ ਭੰਗ ਤੇ ਸ਼ਰਬਤਾਂ ਨੂੰ ਅਸੀਂ ਆਦਮੀ ਨਜ਼ਰ ਵਿੱਚ ਛਾਣਨੇ ਹਾਂ
ਫੂਈ ਮਗਰ ਲੱਗੀ ਇਸ ਦੀ ਮੌਤ ਆਹੀ ਵਾਰਸ ਸ਼ਾਹ ਹੁਣ ਮਾਰ ਕੇ ਰਾਂਨੇ ਹਾਂ
358. ਇਹ ਨਾ ਭਲੇ!
ਜੇਠ ਮੀਂਹ ਤੇ ਸਿਆਲ ਨੂੰ ਵਾਉ ਮੰਦੀ ਕਟਕ ਮਾਘ ਵਿੱਚ ਮਨਾ ਹਨ੍ਹੇਰੀਆਂ ਨੀ
ਰੋਵਣ ਵਿਆਹ ਵਿੱਚ ਗਾਵਨਾ ਵਿੱਚ ਸਿਆਪੇ ਸਤਰ ਮਜਲਸਾਂ ਕਰਨ ਮੰਦੇਰੀਆਂ ਨੀ
ਚੁਗਲੀ ਖਾਵੰਦਾ ਦੀ ਬਦੀ ਨਾਲ ਮਏ ਖਾ ਲੂਣ ਹਰਾਮ ਬਦਖੈਰੀਆਂ ਨੀ
ਹੁਕਮ ਹੱਥ ਕੰਮਜ਼ਾਤ ਦੇ ਸੌਂਪ ਦੇਣਾ ਨਾਲ ਦੋਸਤਾਂ ਕਰਨੀਆਂ ਵੈਰੀਆਂ ਨੀ
ਚੋਰੀ ਨਾਲ ਰਫੀਕ ਦੀ ਦਗਾ ਪੀਰਾਂ ਪਰ ਨਾਰ ਪਰ ਮਾਲ ਉਸੀਰੀਆਂ ਨੀ
ਗੀਤਬ ਤਰਕ ਸਲਵਾਤ ਤੇ ਝੂਠ ਮਸਤੀ ਦੂਰ ਕਰਨ ਫਰਿਸ਼ਤਿਆਂ ਤੀਰੀਆ ਨੀ
ਮੁੜਨ ਨਾਲ ਫਕੀਰ ਸਰਦਾਰ ਯਾਰੀ ਕਢ ਘਤਨਾ ਮਾਲ ਵਸੀਰੀਆ ਨੀ
ਮੇਰੇ ਨਾਲ ਜੋ ਖੇੜਿਆਂ ਵਿੱਚ ਹੋਈ ਖਚਰਵਾਦੀਆਂ ਇਹ ਸਭ ਤੇਰੀਆਂ ਨੀ
ਭਲੇ ਨਾਲ ਭਲਿਆਂਈਆਂ ਬਦੀ ਬੁਰਿਆਂ ਯਾਦ ਰੱਖ ਨਸੀਹਤਾਂ ਮੇਰੀਆਂ ਨੀ
ਬਿਨਾ ਹੁਕਮ ਦੇ ਮਰਨ ਨਾ ਉਹ ਬੰਦੇ ਸਾਬਤ ਜਿੰਨ੍ਹਾਂ ਦੇ ਰਿਜ਼ਕ ਦੀਆਂ ਢੇਰੀਆਂ ਨੀ
ਬਦ ਰੰਗ ਨੂੰ ਰੰਗ ਕੇ ਰੰਗ ਲਾਇਉ ਵਾਹ ਵਾਹ ਇਹ ਕੁਦਰਤਾਂ ਤੇਰੀਆਂ ਨੀ
ਏਹਾ ਘਤ ਕੇ ਜਾਦੂੜਾ ਕਰੂੰ ਕਮਲੀ ਪਈ ਗਿਰਦ ਮੇਰੇ ਘਤੀਂ ਫੇਰੀਆਂ ਨੀ
ਵਾਰਸ ਸ਼ਾਹ ਅਸਾਂ ਨਾਲ ਜਾਦੂਆਂ ਦੇ ਕਈ ਰਾਣੀਆਂ ਕੀਤੀਆਂ ਚੇਰੀਆਂ ਨੀ
359. ਉੱਤਰ ਸਹਿਤੀ
ਅਸਾਂ ਜਾਦੂੜੇ ਘੋਲ ਕੇ ਸਭ ਪੀਤੇ ਕਰਾਂ ਬਾਵਰੇ ਜਾਦੂਆਂ ਵਾਲਿਆਂ ਨੂੰ
ਰਾਜੇ ਭੋਜ ਜਿਹੇ ਕੀਤੇ ਚਾ ਘੋੜੇ ਨਹੀਂ ਜਾਣਦਾ ਸਾਡੀਆਂ ਚਾਲਿਆਂ ਨੂੰ
ਸਕੇ ਭਾਈਆਂ ਨੂੰ ਕਰਨ ਨਫਰ ਰਾਜੇ ਬਹਾਂਵਦੇ ਸਾਲਿਆਂ ਨੂੰ
ਸਰਕੱਪ ਰਸਾਲੂ ਨੂੰ ਵਖਤ ਪਾਇਆ ਘਤ ਮਕਰ ਦੇ ਰੌਲਿਆਂ ਰਾਲਿਆਂ ਨੂੰ
ਰਾਵਨ ਲੰਕ ਲੁਟਾਇਕੇ ਗਰਦ ਹੋਇਆ ਸੀਤਾ ਵਾਸਤੇ ਭੇਖ ਦਖਾਲਿਆਂ ਨੂੰ
ਯੂਸਫ ਬੰਦ ਵਿੱਚ ਪਾ ਜ਼ਹੀਰ ਕੀਤਾ ਸੱਸੀ ਵਖਤ ਪਾਇਆ ਉਠਾਂ ਵਾਲਿਆਂ ਨੂੰ
ਰਾਂਝਾ ਚਾਰ ਕੇ ਮਹੀਂ ਫਕੀਰ ਹੋਇਆ ਹੀਰ ਮਿਲੀ ਜੇ ਖੇੜਿਆਂ ਸਾਲਿਆਂ ਨੂੰ
ਰੋਡਾ ਵੱਢ ਕੇ ਡੱਕਰੇ ਨਦੀ ਪਾਇਆ ਤੇ ਜਲਾਲੀ ਦੇ ਦੇਖ ਲੈ ਚਾਲਿਆਂ ਨੂੰ
ਫੋਗੂ ਉਮਰ ਬਾਦਸ਼ਾ ਖੁਆਰ ਹੋਇਆ ਮਿਲੀ ਮਾਰੂਨ ਢੋਲ ਦੇ ਰਾਲਿਆਂ ਨੂੰ
ਵਲੀ ਬਲਅਮ ਬਾਔਰ ਈਮਾਨ ਦਿੱਤਾ ਦੇਖ ਡੋਬਿਆ ਬੰਦਗੀ ਵਾਲਿਆਂ ਨੂੰ
ਮਹੀਂਵਾਲ ਤੋਂ ਸੋਹਣੀ ਰਹੀ ਐਵੇਂ ਹੋਰ ਪੁਛ ਲੈ ਇਸ਼ਕ ਦੇ ਭਾਲਿਆਂ ਨੂੰ
ਅਠਾਰਾਂ ਖੂਹਣੀ ਕਟਕ ਲੜ ਮੋਏ ਪਾਂਡੋ ਡੋਬ ਡਾਬ ਕੇ ਖੱਟਿਆ ਖਾਲਿਆਂ ਨੂੰ
ਰੰਨਾ ਮਾਰ ਲੜਾਏ ਅਮਾਮ ਜ਼ਾਦੇ ਮਾਰ ਘੱਤਿਆ ਪੀਰੀਆਂ ਵਾਲਿਆਂ ਨੂੰ
ਵਾਰਸ ਸ਼ਾਹ ਤੂੰ ਜੋਗੀਆ ਕੌਣ ਹੁੰਨਾਏਂ ਓੜਕ ਭਰੇਂਗਾ ਸਾਡਿਆਂ ਹਾਲਿਆਂ ਨੂੰ
360. ਉੱਤਰ ਰਾਂਝਾ
ਆ ਨੱਢੀਏ ਗ਼ੈਬ ਕਿਉਂ ਵਿੱਢਿਆ ਈ ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ
ਕਰੇਂ ਨਰਾਂ ਦੇ ਨਾਲ ਬਰਾਬਰੀ ਕਿਉਂ ਆਖ ਤੁਸਾਂ ਵਿੱਚ ਕੀ ਭਲਿਆਈਆਂ ਨੀ
ਬੇਕਸਾਂ ਦਾ ਕੋਈ ਨਾ ਰੱਬ ਬਾਝੋਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀ
ਜਿਹੜਾ ਰੱਬ ਦੇ ਨਾਂਉਂ ਤੇ ਭਲਾ ਕਰਸੀ ਅੱਗੇ ਮਿਲਣ ਗੀਆਂ ਓਸ ਭਲਿਆਈਂ ਨੀ
ਅੱਗੇ ਤਿਨ੍ਹਾਂ ਦਾ ਹਾਲ ਜ਼ਬੂਨ ਹੋਸੀ ਵਾਰਸ ਸ਼ਾਹ ਜੋ ਕਰਨ ਬੁਰਾਈਆਂ ਨੀ
361. ਉਹੀ ਚਲਦਾ
ਮਰਦ ਸਾਦ ਹਨ ਚਿਹਰੇ ਨੇਕੀਆਂ ਦੇ ਸੂਰਤ ਰੰਨ ਦੀ ਮੀਮ ਮੌਕੂਫ ਹੈ ਨੀ
ਮਰਦ ਆਲਮ ਫਾਜ਼ਲ ਅੱਜਲ ਕਾਬਲ ਕਿਸੇ ਰੰਨ ਨੂੰ ਕੌਣ ਵਕੂਫ ਹੈ ਨੀ
ਸਬਰ ਫਰ੍ਹਾ ਹੈ ਮੰਨਿਆ ਨੇਕ ਮਰਦਾਂ ਏਥੇ ਸਬਰ ਦੀ ਵਾਗ ਮਾਅਤੂਫ ਹੈ ਨੀ
ਦਫਤਰ ਮਕਰ ਫਰੇਬ ਦੇ ਖਰਚਵਾਈ ਏਹਨਾਂ ਪਿਸਤਿਆਂ ਵਿੱਚ ਮਲਫੂਫ ਹੈ ਨੀ
ਰੰਨ ਰੇਸ਼ਮੀ ਕੱਪੜਾ ਪਹਿਨ ਮੁਸਲੀ ਮਰਦ ਜੋਜ਼ ਕੈਦਾਰ ਮਸ਼ਰੂਫ ਹੈ ਨੀ
ਵਾਰਸ ਸ਼ਾਹ ਵਲਾਇਤੀ ਮਰਦ ਮੇਵੇ ਅਤੇ ਰੰਨ ਮਸਵਾਕ ਦਾ ਸੂਫ ਹੈ ਨੀ
362. ਇਹ ਜਹਾਨ ਤੇ ਭਲੇ
ਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ ਯਾਰ ਸੋਈ ਜੋ ਜਾਨ ਕੁਰਬਾਨ ਹੋਵੇ
ਯਾਰ ਸੋਈ ਜੋ ਕਾਲ ਵਿੱਚ ਭੀੜ ਕੱਟੇ ਕੁਲ ਪਾਤ ਦਾ ਜੋ ਨਿਗਾਹਬਾਨ ਹੋਵੇ
ਗਾਂਓ ਸੋਈ ਜੋ ਸਿਆਲ ਨੂੰ ਦੁਧ ਦੇਵੇ ਬਾਦਸ਼ਾਹ ਜੋ ਨਿਤ ਸ਼ਬਾਨ ਹੋਵੇ
ਨਾਰ ਸੋਈ ਜੋ ਮਾਲ ਬਿਨ ਬੈਠ ਜਾਲੇ ਪਿਆਦਾ ਸੋਈ ਜੋ ਭੂਤ ਮਸਾਣ ਹੋਵੇ
ਇਮਸਾਕ ਹੈ ਅਸਲ ਅਫੀਮ ਬਾਝੋਂ ਗੁੱਸੇ ਬਿਨਾ ਫਕੀਰ ਦੀ ਜਾਨ ਹੋਵੇ
ਰੋਗ ਸੋਈ ਜੋ ਨਾਲ ਇਲਾਜ ਹੋਵੇ ਤੀਰ ਸੋਈ ਜੋ ਨਾਲ ਕਮਾਨ ਹੋਵੇ
ਕੰਜਰ ਸੋਈ ਜੋ ਗ਼ੈਰਤਾਂ ਬਾਝ ਹੋਵਣ ਜਿਵੇਂ ਭਾਂਬੜਾ ਬਿਨਾਂ ਅਸ਼ਨਾਨ ਹੋਵੇ
ਕਸਬਾ ਸੋਈ ਜੋ ਵੈਰ ਬਿਨ ਪਿਆ ਵੱਸੇ ਜੱਲਾਦ ਜੋ ਮਿਹਰ ਬਿਨ ਖਾਨ ਹੋਵੇ
ਕਵਾਰੀ ਸੋਈ ਜੋ ਹਿਆ ਬਹੁਤ ਨੀਵੀਂ ਨਜ਼ਰ ਤੇ ਬਾਝ ਜ਼ਬਾਨ ਹੋਵੇ
ਬਿਨਾ ਚੋਰ ਤੇ ਜੰਗ ਦੇ ਦੇਸ ਵਸੇ ਪਟ ਸੂਈ ਬਿਨ ਅੰਨ ਦੀ ਪਾਣ ਹੋਵੇ
ਸਈਅਦ ਸੋਈ ਜੋ ਸ਼ੂਮ ਨਾ ਹੋਵੇ ਕਾਇਰ ਜ਼ਾਨੀ ਸਿਆਹ ਤੇ ਨਾ ਕਹਿਰਵਾਨ ਹੋਵੇ
ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ ਅਤੇ ਆਦਮੀ ਬੇਨੁਕਸਾਨ ਹੋਵੇ
ਪਰ੍ਹਾਂ ਜਾ ਵੇ ਭੇਸੀਆ ਚੋਬਰਾ ਵੇ ਮਤਾਂ ਮੰਗਣੋਂ ਕੋਈ ਵਧਾਣ ਹੋਵੇ
ਵਾਰਸ ਸ਼ਾਹ ਫਕੀਰ ਬਿਨ ਹਿਰਸ ਗ਼ਫਲਤ ਯਾਦ ਰਬ ਦੀ ਵਿੱਚ ਮਸਤਾਨ ਹੋਵੇ
363. ਉੱਤਰ ਰਾਂਝਾ
ਕਾਰ ਸਾਜ਼ ਹੈ ਰੱਬ ਤੇ ਫੇਰ ਦੈਲਤ ਸਭੋ ਮਿਹਨਤਾਂ ਪੇਟ ਦੇ ਕਾਰਨੇ ਨੀ
ਨੇਕ ਮਰਦ ਤੇ ਨੇਕ ਹੀ ਹੋਵੇ ਔਰਤ ਉਹਨਾਂ ਦੋਹਾਂ ਦੇ ਕੰਮ ਸਵਾਰਨੇ ਨੀ
ਪੇਟ ਵਾਸਤੇ ਫਿਰਨ ਅਮੀਰ ਦਰ ਦਰ ਸਈਅੱਦਜ਼ਾਦੀਆਂ ਨੇ ਗਧੇ ਚਾਰਨੇ ਨੀ
ਪੇਟ ਵਾਸਤੇ ਪਰੀ ਤੇ ਹੂਰਜ਼ਾਦਾਂ ਜਾਨ ਜਿਨ ਤੇ ਭੂਤ ਦੇ ਵਾਰਨੇ ਨੀ
ਪੇਟ ਵਾਸਤੇ ਰਾਤ ਨੂੰ ਛੋਡ ਘਰ ਦਰ ਹੋ ਪਾਹਰੂ ਹੋਕਰੇ ਮਾਰਨੇ ਨੀ
ਪੇਟ ਵਾਸਤੇ ਸਭ ਖਰਾਬੀਆਂ ਨੇ ਪੇਟ ਵਾਸਤੇ ਖੂਨ ਗੁਜ਼ਾਰਨੇ ਨੀ
ਪੇਟ ਵਾਸਤੇ ਫਕਰ ਤਸਲੀਮ ਤੋੜਨ ਸਭੇ ਸਮਝ ਲੈ ਰੰਨੇ ਗਵਾਰਨੇ ਨੀ
ਏਸ ਜ਼ਿਮੀਂ ਨੂੰ ਵਾਹੁੰਦਾ ਮੁਲਕ ਮੁੱਕਾ ਉੱਤੇ ਹੋ ਚੁੱਕੇ ਬੱਡੇ ਕਾਰਨੇ ਨੀ
ਕਾਉਂ ਹੋਰ ਤੇ ਰਾਹਕ ਨੇ ਹੋਰ ਇਸ ਦੇ ਖਾਵੰਦ ਹੋਰ ਦੰਮ ਹੋਰਨਾਂ ਮਾਰਨੇ ਨੀ
ਮਿਹਰਬਾਨ ਜੇ ਹੋਵੇ ਫਕੀਰ ਇੱਕ ਪਲ ਤੁਸਾਂ ਜਿਹੇ ਕਰੋੜ ਲੱਖ ਤਾਰਨੇ ਨੇ
ਵਾਰਸ ਸ਼ਾਹ ਜੇ ਰੰਨ ਨੇ ਮਿਹਰ ਕੀਤੀ ਭਾਂਡੇ ਬੋਲ ਦੇ ਖੋਲ ਮੂੰਹ ਮਾਰਨੇ ਨੀ
364. ਉੱਤਰ ਸਹਿਤੀ
ਰਬ ਜੇਡ ਨਾ ਕੋਈ ਹੈ ਜਗ ਦਾਤਾ ਜ਼ਿਮੀਂ ਜੇਡ ਨਾ ਕਿਸੇ ਦੀ ਸਾਬਰੀ ਵੇ
ਮਝੀਂ ਜੇਡ ਨਾ ਕਿਸੇ ਦੇ ਹੋਣ ਜੇਰੇ ਰਾਜ ਹਿੰਦ ਪੰਜਾਬ ਦਾ ਬਾਬਰੀ ਵੇ
ਚੰਦ ਜੇਡ ਚਾਲਾਕ ਨਾ ਸਰਦ ਕੋਈ ਹੁਕਮ ਜੇਡ ਨਾ ਕਿਸੇ ਅਕਾਬਰੀ ਵੇ
ਬੁਰਾ ਕਸਬ ਨਾ ਨੌਕਰੀ ਜੇਡ ਕੋਈ ਯਾਦ ਹੱਕ ਦੀ ਜੇਡ ਅਕਾਬਰੀ ਵੇ
ਮੌਤ ਜੇਡ ਨਾ ਸਖਤ ਹੈ ਕੋਈ ਚਿੱਠੀ ਓਥੇ ਕਿਸੇ ਦੀ ਨਾਹੀਉਂ ਨਾਬਰੀ ਵੇ
ਮਾਲਜ਼ਾਦੀਆਂ ਜੇਡ ਨਾ ਕਸਬ ਭੈੜਾ ਕੰਮਜ਼ਾਤ ਨੂੰ ਹੁਕਮ ਹੈ ਖਾਬਰੀ ਵੇ
ਰੰਨ ਦੇਖਣੀ ਐਬ ਫਕੀਰ ਤਾਈ ਭੂਤ ਵਾਂਗ ਹੈ ਸਿਰਾਂ ਤੇ ਬਾਬਰੀ ਵੇ
365. ਉੱਤਰ ਰਾਂਝਾ
ਰਨ ਦੇਖਣੀ ਐਬ ਹੈ ਅੰਨਿਆਂ ਨੂੰ ਰੱਬ ਅੱਖੀਆਂ ਦਿੱਤੀਆਂ ਦੇਖਨੇ ਨੂੰ
ਸਭ ਖਲਕ ਦਾ ਦੇਖ ਕੇ ਲਉ ਮੁਜਰਾ ਕਰੋ ਦੀਦ ਇਸ ਜਗ ਦੇ ਪੇਖਣੇ ਨੂੰ
ਰਾਉ ਰਾਜਿਆਂ ਸਿਰਾਂ ਦੇ ਦਾਉ ਲਾਏ ਜ਼ਰਾ ਜਾ ਕੇ ਅੱਖੀਆਂ ਸੇਕਣੇ ਨੂੰ
ਸੱਭਾ ਦੀਦ ਮੁਆਫ ਹੈ ਆਸ਼ਕਾਂ ਨੂੰ ਰੱਬ ਨੈਨ ਦਿੱਤੇ ਜਗ ਦੇਖਨੇ ਨੂੰ
ਮਹਾਂ ਦੇਵ ਜਹਿਆਂ ਪਾਰਬਤੀ ਅੱਗੇ ਕਾਮ ਲਿਆਉਂਦਾ ਸੀ ਮਥਾ ਟੇਕਣੇ ਨੂੰ
ਅਜ਼ਰਾਈਲ ਹੱਥ ਕਲਮ ਲੈ ਦੇਖਦਾਈ ਤੇਰਾ ਨਾਮ ਇਸ ਜਗ ਤੋਂ ਛੇਕਣੇ ਨੂੰ
ਵਾਰਸ ਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ ਅੱਤ ਸੱਦਏਂ ਗਾ ਲੇਖਾ ਲੇਖਣੇ ਨੂੰ
366. ਉੱਤਰ ਸਹਿਤੀ
ਜੇਹੀ ਨੀਤ ਹਈ ਤੇਹੀ ਮੁਰਾਦ ਮਿਲਿਆ ਘਰੋ ਘਰੀ ਛਾਈ ਸਿਰ ਪਾਉਨਾ ਹੈ
ਫਿਰੇਂ ਮੰਗਦਾ ਭੌਂਕਦਾ ਖੁਆਰ ਹੁੰਦਾ ਲਖ ਦਗ਼ੇ ਪਖੰਡ ਕਮਾਵਨਾ ਹੈਂ
ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ ਹੱਥਾ ਖਾਵਣਾ ਅਤੇ ਹੰਢਾਵਨਾ ਹੈ
ਸੋਇਨਾ ਰੁੱਪੜਾ ਪਹਿਨ ਕੇ ਅਸੀਂ ਬਹੀਏ ਵਾਰਸ ਸ਼ਾਹ ਤੋਂ ਜਿਊ ਭਰਮਾਵਨਾ ਹੈਂ
367. ਉੱਤਰ ਰਾਂਝਾ
ਸੋਇਨਾ ਰੁਪੜਾ ਸ਼ਾਨ ਸਵਾਨੀਆਂ ਦਾ ਤੂੰ ਤਾਂ ਨਹੀਂ ਅਸੀਲ ਨੀ ਗੋਲੀਏ ਨੀ
ਗਧਾ ਅਰਦਕਾਂ ਨਾਲ ਨਾ ਹੋਇ ਘੋੜਾ ਬਾਂਬਹਿ ਪਰੀ ਨਾ ਹੋਏ ਯਰੋਲੀਏ ਨੀ
ਰੰਗ ਗੋਰੜੇ ਨਾਲ ਤੂੰ ਜਗ ਮੁੱਠਾ ਵਿੱਚੋ ਗੁਣਾਂ ਦੇ ਕਾਰਨੇ ਪੋਲੀਏ ਨੀ
ਵਿਹੜੇ ਵਿੱਚ ਤੂੰ ਕੰਜਰੀ ਵਾਂਗ ਨੱਚੇ ਚੋਰਾਂ ਯਾਰਾਂ ਦੇ ਵਿੱਚ ਵਚੋਲੀਏ ਨੀ
ਅਸਾਂ ਪੀਰ ਕਿਹਾ ਤੂੰ ਹੀਰ ਆਖੇਂ ਭੁਲ ਗਈ ਹੈਂ ਸੁਨਣ ਵਿੱਚ ਭੋਲੀਏ ਨੀ
ਅੰਤ ਇਹ ਜਹਾਨ ਹੈ ਛੱਡ ਜਾਣਾ ਐਡੇ ਕੁਫਰ ਅਪਰਾਧ ਕਿਉਂ ਤੋਲੀਏ ਨੀ
ਫਕਰ ਅੱਲਾਹ ਦੀ ਹੈਨ ਸੂਰਤ ਅੱਗੇ ਰੱਬ ਦੇ ਝੂਠ ਨਾ ਬੋਲੀਏ ਨੀ
ਹੁਸਨ ਮੱਤੀਏ ਬੂਬਕੇ ਸੋਇਨ ਚਿੜੀਏ ਨੈਨਾਂ ਵਾਲੀਏ ਸ਼ੋਖ ਮਮੋਲੀਏ ਨੀ
ਤੈਂਡਾ ਭਲਾ ਥੀਵੇ ਸਾਡਾ ਛੱਡ ਪਿੱਛਾ ਅੱਬਾ ਜਿਉਣੀਏ ਆਲੀਏ ਭੋਲੀਏ ਨੀ
ਵਾਰਸ ਸ਼ਾਹ ਕੀਤੀ ਗੱਲ ਹੋਇ ਚੁੱਕੀ ਮੂਤ ਵਿੱਚ ਨਾ ਮੱਛੀਆਂ ਟੋਲੀਏ ਨੀ
368. ਉੱਤਰ ਸਹਿਤੀ
ਛੇੜ ਖ਼ੁੰਦਰਾਂ ਭੇੜ ਮਚਾਵਨਾ ਏ ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ
ਅਸੀਂ ਜੱਟੀਆਂ ਮੁਸ਼ਕ ਲਪੇਟੀਆਂ ਹਾਂ ਨੱਕ ਪਾੜ ਸੁਟੇ ਜਿਨ੍ਹਾਂ ਝੋਟਿਆਂ ਦੇ
ਜਦੋਂ ਮੋਲ੍ਹੀਆਂ ਪਕੜ ਕੇ ਗਿਰਦ ਹੋਈਏ ਪਿਸਤੇ ਕਢੀਏ ਚੀਨਿਆਂ ਕੋਟਿਆਂ ਦੇ
ਜੁੱਤ ਘੇਰਨੀ ਕੁਤਕੇ ਅਤੇ ਸੋਟੇ ਇਹ ਇਲਾਜ ਹੈਨ ਚਿਤੜਾਂ ਮੋਟਿਆਂ ਦੇ
ਲਪੜ ਸ਼ਾਹ ਦਾ ਬਾਲਕਾ ਝਕੜ ਤੇਥੇ ਵੱਲ ਹੇਨ ਵੱਡੇ ਲਪੋਟਿਆਂ ਦੇ
ਵਾਰਸ ਸ਼ਾਹ ਰੋਡਾ ਸਿਰ ਕੰਨ ਪਾਟੇ ਇਹ ਹਾਲ ਚੋਰਾਂ ਯਾਰਾਂ ਖੋਟਿਆਂ ਦੇ
369. ਉੱਤਰ ਰਾਂਝਾ
ਫਕਰ ਸ਼ੇਰ ਦਾ ਆਖਦੇ ਹੈਨ ਬੁਰਕਾ ਭੇਤ ਫਕਰ ਦਾ ਮੂਲ ਨਾ ਖੋਲੀਏ ਨੀ
ਦੁੱਧ ਸਾਫ ਹੈ ਦੇਖਨਾ ਆਸ਼ਕਾਂ ਦਾ ਸ਼ੱਕਰ ਵਿੱਚ ਪਿਆਜ਼ ਨਾ ਘੋਲੀਏ ਨੀ
ਸਰੇ ਖੈਰ ਸੋ ਹੱਸ ਕੇ ਆਣ ਦੀਚੇ ਲਏ ਦੁਆ ਤੇ ਮਿੱਠੜਾ ਬੋਲੀਏ ਨੀ
ਲਏ ਅੱਘ ਚੜ੍ਹਾਇਕੇ ਦੁਧ ਪੈਸਾ ਪਰ ਤੋਲ ਥੀਂ ਘਟ ਨਾ ਤੋਲਈਏ ਨੀ
ਬੁਰਾ ਬੋਲ ਨਾ ਰੱਬ ਦੇ ਪੂਰਿਆਂ ਨੂੰ ਨੀ ਬੇਸ਼ਰਮ ਕੁਪੱਤੀਏ ਲੂਲੀਏ ਨੀ
ਮਸਤੀ ਨਾਲ ਫਕੀਰਾਂ ਨੂੰ ਦੈਂ ਗਾਲੀਂ ਵਾਰਸ ਸ਼ਾਹ ਦੋ ਠੋਕ ਮਨੋਲੀਏ ਨੀ
370. ਉੱਤਰ ਸਹਿਤੀ
ਅਸੀਂ ਭੂਤ ਦੀ ਅਕਲ ਗਵਾ ਦੇਈਏ ਸਾਨੂੰ ਲਾ ਭਬੂਤ ਡਰਾਉਨਾ ਹੈਂ
ਤ੍ਰਿੰਜਨ ਦੇਖ ਕੇ ਵੌਹਟੀਆਂ ਛੈਲ ਕੁੜੀਆਂ ਓਥੇ ਕਿੰਗ ਦੀ ਤਾਰ ਵਜਾਉਨਾ ਹੈ
ਮੇਰੀ ਭਾਬੀ ਦੇ ਨਾਲ ਤੂੰ ਰਮਜ਼ ਮਾਰੇਂ ਭਲਾ ਆਪ ਤੂੰ ਕੌਣ ਸਦਾਉਨਾਂ ਹੈਂ
ਉਹ ਪਈ ਹੈਰਾਨ ਹੈ ਨਾਲ ਜ਼ਹਿਮਤ ਘੜੀ ਘੜੀ ਕਿਉਂ ਪਿਆ ਅਕਾਵਨਾ ਹੈ
ਨਾ ਤੂੰ ਵੈਦ ਨਾ ਮਾਂਦਰੀ ਨਾ ਮੁੱਲਾਂ ਝਾੜੇ ਗ਼ੈਬ ਦੇ ਕਾਸ ਨੂੰ ਪਾਉਨਾਂ ਹੈ
ਚੋਰ ਚੂਹੜੇ ਵਾਂਗ ਹੈ ਟੇਢ ਤੇਰੀ ਪਈ ਜਾਪਦੀ ਸਿਰੀ ਭਨਾਉਨਾਂ ਹੈ
ਕਦੀ ਭੂਤਨਾ ਹੋਇਕੇ ਝੁੰਡ ਖੋਲੇਂ ਕਦੀ ਜੋਗ ਧਾਰੀ ਬਣ ਆਉਨਾਂ ਹੈ
ਇੱਟ ਸਿੱਟ ਫਗਵਾੜ ਤੇ ਕੁਆਰ ਗੱਦਲ ਇਹ ਬੂਟੀਆਂ ਖੋਲ ਵਖਾਉਨਾ ਹੈ
ਦਾਰੂ ਨਾ ਕਿਤਾਬ ਨਾ ਹੱਥ ਸ਼ੀਸ਼ੀ ਆਖ ਕਾਸ ਦਾ ਵੈਦ ਸਦਾਉਨਾ ਹੈ
ਜਾ ਘਰੋਂ ਅਸਾਡਿਉ ਨਿਕ ਭੇਖੇ ਹੁਣੇ ਜਟਾਂ ਦੀ ਜੂਟ ਖੋਹਾਉਨਾਂ ਹੈਂ
ਖੋਹ ਬਾਬਰੀਆਂ ਖਪਰੀ ਭੰਨ ਤੋੜੂੰ ਹੁਣੇ ਹੋਰ ਕੀ ਮੂੰਹੋਂ ਅਖਾਉਨਾ ਹੈ
ਰੰਨਾ ਬਲਅਮ ਬਾਉਰ ਦਾ ਦੀਨ ਖੋਹਿਆ ਵਾਰਸ ਸ਼ਾਹ ਤੂੰ ਕੌਣ ਸਦਾਉਨਾ ਹੈ
371. ਉੱਤਰ ਰਾਂਝਾ
ਅਸਾਂ ਮਿਹਨਤਾਂ ਡਾਢੀਆਂ ਕੀਤੀਆਂ ਨੇ ਅਨੀ ਗੁੰਡੀਏ ਠੇਠਰੇ ਜੱਟੀਏ ਨੀ
ਕਰਾਮਾਤ ਫਕੀਰ ਦੀ ਦੇਖ ਨਾਹੀਂ ਖੈਰ ਰਬ ਤੋਂ ਮੰਗ ਕੁਪੱਤੀਏ ਨੀ
ਕੰਨ ਪਾਟਿਆਂ ਨਾਲ ਨਾ ਜ਼ਿਦ ਕੀਚੇ ਅੰਨ੍ਹੇ ਖੂਹ ਵਿੱਚ ਝਾਤ ਨਾ ਘੱਤੀਏ ਨੀ
ਮਸਤੀ ਨਾਲ ਤਕੱਬਰੀ ਰਾਤ ਦਿਨੇ ਕਦੀ ਹੋਸ਼ ਦੀ ਅੱਖ ਪਰਤੀਏ ਨੀ
ਕੋਈ ਦੁਖ ਤੇ ਦਰਦ ਨਾ ਰਹੇ ਭੋਰਾ ਝਾੜਾ ਮਿਹਰ ਦਾ ਜਿਨ੍ਹਾਂ ਨੂੰ ਘੱਤੀਏ ਨੀ
ਪੜ੍ਹ ਫੂਕੀਏ ਇੱਕ ਅਜ਼ਮਤ ਸੈਫੀ ਜੜ ਜਿੰਨ ਤੇ ਭੂਤ ਦੀ ਪੱਟੀਏ ਨੀ
ਤੇਰੀ ਭਾਬੀ ਦੇ ਦੁਖੜੇ ਦੂਰ ਹੋਵਨ ਅਸੀਂ ਮਿਹਰ ਜੇ ਚਾ ਪਲੱਟੀਏ ਨੀ
ਮੂੰਹੋਂ ਮਿਠੜਾ ਬੋਲ ਤੇ ਮੋਮ ਹੋਜਾ ਤਿੱਖੀ ਹੋ ਨਾ ਕਮਲੀਏ ਜੱਟੀਏ ਨੀ
ਜਾਂਦੇ ਸਭ ਆਜ਼ਾਰ ਯਕੀਨ ਕਰਕੇ ਵਾਰਸ ਸ਼ਾਹ ਦੇ ਪੈਰ ਜੇ ਚੱਟੀਏ ਨੀ