ਸਭ ਰੰਗ

 •    ਨੈਤਿਕਤਾ ਬਨਾਮ ਅਨੈਤਿਕਤਾ / ਚੰਦ ਸਿੰਘ (ਲੇਖ )
 •    ਪਿਆਰ ਤੇ ਸਿਆਸਤ 'ਚ ਸਭ ਜਾਇਜ਼ / ਮਿੰਟੂ ਬਰਾੜ (ਲੇਖ )
 •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
 •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
 •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
 •    ਤਾਈ ਦੇ 2500 ਰੁਪੈ / ਰਾਜਵਿੰਦਰ ਸਿੰਘ ਰਾਜਾ (ਵਿਅੰਗ )
 •    ਵੋਟ / ਗੁਰਬਾਜ ਭੰਗਚੜ੍ਹੀ (ਲੇਖ )
 •    ਬਹੁਤ ਸਾਰੇ ਚੁਰਸਤੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਜਲਵਾਯੂ ਪਰਿਵਰਤਨ / ਫੈਸਲ ਖਾਨ (ਲੇਖ )
 •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰ ਬਲਜਿੰਦਰ ਸੰਗੀਲਾਂ / ਸੰਦੀਪ ਰਾਣਾ (ਲੇਖ )
 •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 • ਕੱਟੀਆਂ ਜੇਬਾਂ ਵਾਲਾ ਆਦਮੀ (ਕਹਾਣੀ)

  ਗੁਰਚਰਨ ਨੂਰਪੁਰ   

  Email: gurcharannoorpur@yahoo.com
  Cell: +91 98550 51099
  Address: ਨੇੜੇ ਮੌਜਦੀਨ
  ਜੀਰਾ India
  ਗੁਰਚਰਨ ਨੂਰਪੁਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਉਸ ਔਰਤ ਦੀ ਉਮਰ ਤਾਂ ਚਾਲੀ ਬਿਆਲੀ ਸਾਲਾਂ ਦੀ ਹੋਵੇਗੀ ਪਰ ਉਹਦੇ ਚਿਹਰੇ 'ਤੇ ਬੁਢੇਪੇ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ। ਉਹਦੇ ਨਾਲ ਫੜਿਆ ਗਿਆ ਮੁੰਡਾ ਜੋ ਉਸ ਦਾ ਪੁੱਤਰ ਸੀ ਦੀ ਉਮਰ ਕੋਈ ਬਾਰਾਂ ਤੇਰਾਂ ਸਾਲਾਂ ਦੀ ਸੀ। 
  ਭੀੜ ਇਕੱਠੀ ਹੋ ਗਈ। ਰੌਲਾ ਜਿਹਾ ਪੈ ਗਿਆ, ਕੋਈ ਕੁਝ ਕਹਿ ਰਿਹਾ ਸੀ ਕੋਈ ਕੁਝ। ਮੁੰਡੇ ਦੀ ਤਲਾਸ਼ੀ ਲਈ ਗਈ ਉਸ ਤੋਂ ਇੱਕ ਪੌਲੀਥੀਨ ਦੇ ਲਫਾਫੇ ਚੋਂ ਕੁਝ ਸਮਾਨ ਬਰਾਮਦ ਹੋਇਆ ਜੋ ਭੀੜ ਅਨੁਸਾਰ ਇਤਰਾਜਯੋਗ ਸੀ। ਇਸ  ਮੁੱਢਲੀ ਕਾਰਵਾਈ ਵਿੱਚ ਹੀ  ਭੀੜ ਨੇ ਉਹਨਾਂ ਨੂੰ ਮੁਜਰਮ ਕਰਾਰ ਦੇ ਦਿੱਤਾ। ਭੀੜ ਦੇ ਵਿਚਕਾਰ ਉਹ ਦੋਵੇਂ ਮਾਂ ਪੁੱਤ ਮਿੱਟੀ ਦੀਆਂ ਢੇਰੀਆਂ ਬਣੇ ਬੈਠੇ ਸਨ। ਅੱਡੇ ਵਿੱਚ ਪਿਛਲੇ ਸਾਲਾਂ ਤੋਂ ਜੇਬਾਂ ਕੱਟਣ ਦੀਆਂ ਕਈ ਵਾਰਦਾਤਾਂ ਅਤੇ ਹੋਰ ਕਈ ਤਰਾਂ ਦੇ ਪੁੱਠੇ ਸਿੱਧੇ ਕੰਮਾਂ ਦੇ ਇਤਿਹਾਸ ਦੀ ਇਤਿਹਾਸਕ ਦੀ ਸਮਝ ਰੱਖਣ ਵਾਲਿਆਂ ਨੇ ਸਾਰਾ ਕੁਝ ਉਹਨਾਂ ਦੇ ਮੱਥੇ ਮੜ ਦਿੱਤਾ ਸੀ।
  ਘੇਰਾ ਖੁੱਲਾ੍ਹ ਕਰ ਦਿਓ.....ਬਈ ਘੇਰਾ ਖੁੱਲ੍ਹਾ ਕਰ ਦਿਓ.......ਐਂ ਨਹੀਂ ਠੀਕ......ਵੇਖਣ ਦਾ ਮੌਕਾ ਦਿਓ ਸਭ ਨੂੰ.......ਘੇਰਾ ਖੁੱਲਾ੍ਹ ਕਰ ਦਿਓ.......ਬਾਕੀਆਂ ਨੂੰ ਵੀ ਵੇਖ ਲੈਣ ਦਿਓ...ਵੇਖਣਾ ਸਭ ਦਾ ਹੱਕ ਐ...ਇਧਰੋਂ ਬੱਸਾਂ ਲੰਘਦੀਆਂ ਹਨ..... ਇਧਰੋਂ ਸਗੋਂ ਪਾਸੇ ਹੋ ਜਾਓ ਬੱਸਾਂ ਵਿੱਚ ਬੈਠੀਆਂ ਸਵਾਰੀਆਂ ਵੀ ਨਿਗ੍ਹਾ ਮਾਰ ਲੈਣ.....। ਕੁਝ ਲੋਕ ਇਹ ਸਾਰਾ ਕੁਝ ਵੇਖਣ ਦੀ ਸਹੂਲਤ ਨੂੰ ਵਿਆਪਕ ਬਣਾਉਣ ਦੀ ਸਮਾਜਿਕ ਜੁੰਮੇਂਵਾਰੀ ਨਿਭਾ ਰਹੇ ਸਨ। ਇੱਕ ਛਾਟਵੇਂ ਜਿਹੇ ਸਰੀਰ ਦਾ ਅੱਧਖੜ ਉਮਰ ਦਾ ਬੰਦਾ ਫੁਰਤੀ ਨਾਲ ਉਠਿਆ ਅਤੇ ਉਸ ਨੇ ਉਸ ਨੇ ਉੱਚੀ ਅਵਾਜ਼ ਵਿੱਚ ਪੁੱਛਿਆ "ਕਿਸੇ ਕੋਲ ਕੋਈ ਸੋਟੀ ਹੈ ਤਾਂ ਦਿਓ ਦੋ ਮਿੰਟ ਲਈ, ਦਾਇਰਾ ਬਣਾਈਏ ਦਾਇਰਾ...... ਐਂ ਠੀਕ ਨਹੀਂ.....।" ਸੋਟੀ ਕਿਸੇ ਕੋਲ ਨਹੀਂ ਸੀ ਸ਼ਾਇਦ। ਇੱਕ ਨੌਜੁਆਨ ਮੁੰਡਾ ਜਿਸ ਦੇ ਮੱਥੇ 'ਤੇ ਕਿਸੇ ਰੋਸ ਵਜੋਂ ਨਹੀਂ ਬਲਕਿ ਸਜਾਵਟ ਵਜੋਂ ਕਾਲੀ ਪੱਟੀ ਬੰਨੀ ਹੋਈ ਸੀ, ਬੁੱਲ੍ਹ ਜਰਦੇ ਨਾਲ ਭਰੇ ਹੋਏ ਸਨ ਅਤੇ ਵਾਰ ਵਾਰ ਭੀੜ ਚੋਂ ਮੂੰਹ ਬਾਹਰ ਕੱਢ ਕੇ ਥੁੱਕ ਦੀਆਂ ਪਚਕਾਰੀਆਂ ਮਾਰ ਰਿਹਾ ਸੀ ਉੱਚੀ ਆਵਾਜ਼ ਵਿੱਚ ਬੋਲਿਆ, "ਆਹ ਲਓ, ਚਾਕੂ ਲੈ ਲਓ ਬਾਈ ਜੀ ਚਾਕੂ,  ਸੋਟੀ ਨਾਲ ਕੀ ਹੋਣੈ ਚਾਕੂ ਫੜੋ।" ਉਸ ਨੇ ਡੱਬ ਚੋਂ ਚਾਕੂ ਕੱਢ ਕੇ ਫੜਾਉਂਦਿਆਂ ਦੁਬਾਰਾ ਕਿਹਾ "ਕਦੇ ਮਿੱਟੀ ਤਾਂ ਨਹੀਂ ਲੱਗਣ ਦਿੱਤੀ ਪਰ ਅਜਿਹੇ ਮੌਕੇ ਤੇ ਹੁਣ.....।"  ਅਗਲੇ ਲਫਜ਼ ਉਹ ਕਹਿਣਾ ਚਾਹੁੰਦਾ ਸੀ ਚਲੋ ਸੇਵਾ ਹੀ ਸਹੀ। ਇੰਨੇ ਨੂੰ ਭੀੜ ਦੇ ਦੂਜੇ ਪਾਸਿਓ ਦੋ ਤਿੰਨ ਕਿਰਚਾਂ ਦੀ ਪੇਸ਼ਕਸ਼ ਵੀ ਹੋਈ। ਪਰ ਚਾਕੂ ਨਾਲ ਦਾਇਰਾ ਵਾਹਿਆ ਜਾਣ ਲੱਗ ਪਿਆ ਸੀ। ਕਿਰਚਾਂ ਦੀ ਪੇਸ਼ਕਸ਼ ਦੇਖ ਕੇ ਚਾਕੂ ਦੇਣ ਵਾਲਾ ਨੌਜੁਆਨ ਹੱਸਦਾ ਹੋਇਆ ਬੋਲਿਆ, "ਬਾਈ ਜੀ ਫਿਰੋਜਪੁਰੀ ਚਾਕੂ ਐ ਇਹਦੇ ਸਾਹਮਣੇ ਕਿਰਚਾਂ ਦੀ ਕੀ ਵੁਕਤ ?"
  "ਕਿਰਚ ਕਿਰਚ ਈ ਹੁੰਦੀ ਐ ..ਬਾਈ ਜੀ ਇਹ ਤਾਂ ਵਰਤਿਆਂ ਪਤਾ ਲੱਗਦੈ... ਐਵੇਂ ਭਲੇਖੇ ਵਿੱਚ ਨਾ ਰਹੀਂ ਕਿਤੇ।" ਇਹ ਆਵਾਜ ਭੀੜ ਦੇ ਰੌਲੇ ਰੱਪੇ ਵਿੱਚ ਹੀ ਕਿਤੇ ਗਵਾਚ ਗਈ। ਭੀੜ ਦਾਇਰੇ ਤੋਂ ਪਿਛਾਂਹ ਹੋ ਗਈ। ਕੁਝ ਅੱਗੇ ਖੜੇ ਲੋਕ ਜੋ ਦਾਇਰੇ ਦੇ ਵਿੱਚ ਆ ਗਏ ਸਨ ਫੁਰਤੀ ਨਾਲ ਦਾਇਰੇ ਤੋਂ ਬਾਹਰ ਹੋ ਗਏ।     
  ਨਿੱਕੇ ਮੁੰਡਾ ਜਿਸ ਤੋਂ ਛੱਕੀ ਵਸਤਾਂ ਬਰਾਮਦ ਹੋਈਆਂ ਸਨ ਅਤੇ ਸਮਝਿਆ ਜਾ ਰਿਹਾ ਸੀ ਕਿ ਇਹਨਾਂ  ਵਸਤਾਂ ਤੋਂ ਸਮਾਜ ਨੂੰ ਹਰ ਹਾਲਤ ਵਿੱਚ ਖਤਰਾ ਹੈ, ਉਹ ਬਿਟਰ ਬਿਟਰ ਭੀੜ ਵੱਲ ਤਕ ਰਿਹਾ ਸੀ। ਪਰ ਪਤਾ ਨਹੀਂ ਕਿਉਂ ਉਹਦੀਆਂ ਅੱਖਾਂ ਵਿੱਚ ਪਾਣੀ ਨਹੀਂ ਸੀ। ਉਹਦੇ ਮੈਲੇ ਗੰਦੇ ਕੱਪੜੇ ਥਾਂ ਥਾਂ ਤੋਂ ਪਾਟੇ ਹੋਏ ਸਨ ਕਿਤੇ ਕਿਤੇ ਟਾਕੀਆਂ ਵੀ ਲੱਗੀਆਂ ਹੋਈਆਂ ਸਨ। ਮਿੱਟੀ ਘੱਟੇ ਨਾਲ ਭਰੇ ਸਿਰ ਦੇ ਵਾਲ ਜੋ ਕਈ ਦਿਨਾਂ ਤੋਂ ਕੱਟੇ ਨਹੀਂ ਸਨ ਜਾ ਸਕੇ ਬੜੇ ਭੱਦੇ ਲੱਗ ਰਹੇ ਸਨ। ਮੈਲੇ ਹੱਥਾਂ ਨਾਲ ਉਹ ਮੱਥੇ 'ਤੇ ਡਿਗਦੇ ਖੁਸ਼ਕ ਵਾਲਾਂ ਦੀ ਜਰੂਟੀ ਨੂੰ ਵਾਰ ਵਾਰ ਪਰਾਂਹ ਕਰਨ ਦੀ ਕੋਸ਼ਿਸ਼ ਕਰਦਾ। ਪੈਰਾਂ 'ਤੇ ਜੰਮੀ ਮੈਲ ਦੱਸਦੀ ਸੀ ਐਤਕੀ ਸਾਰਾ ਸਿਆਲ ਵਿੱਚ ਉਹਦੇ ਪੈਰਾਂ ਨੂੰ ਜੁੱਤੀ ਨਸੀਬ ਨਹੀਂ ਹੋਈ। ਉਹ ਪਹਿਲਾਂ ਪੈਰਾਂ ਭਾਰ ਬੈਠਾ ਰਿਹਾ ਤੇ ਫਿਰ ਇਮਤਿਹਾਨ ਲੰਮਾ ਹੁੰਦਾ ਵੇਖ ਕੇ ਉਹਨੇ ਥੱਕ ਕੇ ਪਥੱਲਾ ਮਾਰ ਲਿਆ। ਭੀੜ ਵੱਲੋਂ ਮੁਜਰਮ ਕਰਾਰ ਦਿੱਤੀ ਗਈ ਔਰਤ ਦੇ ਚਿਹਰੇ ਤੇ ਰੋਹ, ਗੁੱਸੇ, ਦੁੱਖ ਅਤੇ ਤਰਲੇ ਦਾ ਮਿਲਿਆ ਜੁਲਿਆ ਜਿਹਾ ਭਾਵ ਸੀ। ਉਹ ਇੱਕ ਵਾਰ ਰੋ ਵੀ ਹਟੀ ਸੀ। ਉਹਦੇ ਪੈਰਾਂ ਵਿੱਚ ਟੁੱਟੀਆਂ ਜਿਹੀਆਂ ਚੱਪਲਾਂ ਸਨ ਜਿਹਨਾਂ ਚੋਂ ਇੱਕ ਦੀ ਵੱਧਰ ਹੋਰ ਤੇ ਦੂਜੀ ਦੀ ਹੋਰ ਸੀ। ਗਲ ਵਿੱਚ ਪਾਏ ਕੱਪੜਿਆਂ ਦੀ ਹਾਲਤ ਕੱਪੜਿਆਂ ਦੀ ਹਾਲਤ ਬੜੀ ਖਸਤਾ ਜਿਹੀ ਸੀ ਪਰ ਇਹ ਲੜਕੇ ਦੇ ਕੱਪੜਿਆਂ ਨਾਲੋਂ ਕੁਝ ਘੱਟ ਪਾਟੇ ਸਨ। ਕਦੇ ਉਹ ਵਾਰ ਵਾਰ ਭੀੜ ਅੱਗੇ ਹੱਥ ਜੋੜਦੀ ਤੇ ਕਹਿੰਦੀ, "ਦਸੋ ਤਾਂ ਸਹੀ ਕੀਹਦੀ ਜੇਬ ਕੱਟੀ ਐ ਅਸੀਂ ? ਸਾਡਾ ਕਸੂਰ ਕੀ ਐ?" ਪਰ ਭੀੜ ਦੇ ਰੌਲੇ ਰੱਪੇ ਵਿੱਚ ਇਹ ਆਵਾਜ ਦੱਬ ਕੇ ਰਹਿ ਜਾਂਦੀ। ਉਂਝ ਜੇ ਉਹ ਉੱਚੀ ਆਵਾਜ ਵਿੱਚ ਵੀ ਬੋਲਦੀ ਤਾਂ ਭੀੜ ਦੀ ਅਦਾਲਤ ਅਨੁਸਾਰ ਹੁਣ ਇਹ ਸਭ ਕੁਝ ਬੇਅਰਥ ਹੋ ਚੁੱਕਿਆ ਸੀ।
  ਇੱਕ ਚੋਲਾ ਧਾਰੀ ਸੰਤ ਨੁਮਾ ਬੰਦਾ ਜਿਸ ਦੇ ਇੱਕ ਹੱਥ ਤੋਂ ਇਲਾਵਾ ਗਲ ਵਿੱਚ ਵੀ ਤਿੰਨ ਮਾਲਾ ਲਟਕ ਰਹੀਆਂ ਸਨ, ਮਾਲਾ ਵਾਲਾ ਹੱਥ ਅੱਗੇ ਕਰਕੇ ਭੀੜ ਤੋਂ ਰਸਤਾ ਲੈਂਦਾ ਅਗਾਂਹ ਵਧਿਆ ਤੇ ਉਸ ਪੁੱਛਿਆ "ਕੀ ਵਾਕਿਆ ਹੈ ਭਾਈ?"
  "ਵਾਕਿਆ ਨਹੀਂ, ਵਾਕਾ ਹੋ ਗਿਆ ਬਾਬਾ ਜੀ ਵਾਕਾ?" ਇੱਕ ਮਨਚਲੇ ਨੌਜੁਆਨ ਨੇ ਸਾਰੀ ਬਿਆਨਬਾਜੀ ਦੀ ਭੂਮਿਕਾ ਬੰਨਦਿਆਂ ਕਿਹਾ। 
  "........ਅੱਛਾ ਅੱਛਾ ਵਾਕਾ। ਕੀ ਵਾਕਾ ਹੋ ਗਿਆ ਭਾਈ?" ਚੋਲਾਧਾਰੀ ਨੇ ਫਿਰ ਪੁੱਛਿਆ।
  "ਹੋਣਾ ਕੀ ਐ ਬਾਬਾ ਜੀ ਆਹ ਜੇਬ ਕਤਰੇ ਫੜੇ ਐ, ਅਗਾਂਹ ਹੋ ਕੇ ਤੁਸੀਂ ਵੀ ਵੇਖ ਲਓ ਚੰਗੀ ਤਰਾਂ।" ਇੱਕ ਹੋਰ ਬੰਦਾ ਬੋਲਿਆ।
  "ਅਨਰਥ ਹੋ ਰਿਹੈ ਧਰਤੀ 'ਤੇ ਅਨਰਥ ਦਿਨ ਦੀਵੀ ਲੋਕ ਜੇਬਾਂ ਕੱਟਣ ਲੱਗ ਪਏ ਨੇ, ਕਲਜੁਗ ਦਾ ਪਹਿਰਾ ਐ, ਕਲਜੁਗ ਆਪਣਾ ਜੋਰ ਵਿਖਾ ਰਿਹੈ। ਬੜੀ ਮਾੜੀ ਗੱਲ ਐ। ਇਹਨਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਣੀ ਚਾਹੀਦੀ ਐ। ਮੁਲਕ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ ਈ ਨਹੀਂ ਰਹੀ ਮੁਲਕ ਵਿੱਚ। ਜੇਬ ਕਤਰੇ...ਤੌਬਾ ਤੌਬਾ.....ਹੇ ਮੇਰੇ ਮੌਲਾ।" ਕਹਿੰਦਿਆਂ ਕੰਨਾਂ ਨੂੰ ਹੱਥ ਲਾਉਂਦਿਆਂ ਬਾਬਾ ਜੀ ਮਾਲਾ ਵਾਲਾ ਹੱਥ ਉੱਚਾ ਕਰਕੇ ਮਾਲਾ ਫੇਰਨ ਦਾ ਵਿਖਾਵਾ ਕਰਨ ਲੱਗ ਪਏ।
  ਇੱਕ ਪਾਸਿਓ ਆਵਾਜ ਆਈ ਲਓ ਪ੍ਰੈਸ ਵਾਲੇ ਵੀ ਆ ਗਏ ਜੇ। ਪ੍ਰੈਸ ਵਾਲਿਆਂ ਦਾ ਨਾਮ ਸੁਣਦਿਆਂ ਹੀ ਜੇਬ ਕਤਰਿਆਂ ਨੂੰ ਫੜਨ ਵਾਲੇ ਨੌਜੁਆਨਾਂ ਦੀਆਂ ਛਾਤੀਆਂ ਫੁੱਲ ਕੇ ਹੋਰ ਚੌੜੀਆਂ ਹੋ ਗਈਆਂ। ਗਲ ਵਿੱਚ ਕੈਮਰੇ ਪਾਈ ਅਤੇ ਹੱਥਾਂ ਵਿੱਚ ਲੰਬੇ ਮਾਇਕ ਫੜੀ ਤਿੰਨ ਨੌਜੁਆਨ ਬੜੇ ਉਤਸ਼ਾਹ ਨਾਲ ਭੀੜ ਵੱਲ ਵਧੇ ਆ ਰਹੇ ਸਨ। ਉਹਨਾਂ ਨੂੰ ਵੇਖਦਿਆਂ ਹੀ ਕੁਝ ਲੋਕਾਂ ਨੇ ਪੱਗਾਂ ਨੂੰ ਠੀਕ ਕੀਤਾ, ਦਾੜੀਆਂ ਨੂੰ ਹੱਥ ਫੇਰੇ, ਚਿਹਰਿਆਂ ਦੀ ਮੁਸਕਾਨ ਨੂੰ ਟੀ ਵੀ ਚੈਨਲ ਦੇ ਹਾਣ ਦਾ ਕਰਨ ਲਈ ਖੁਸ਼ਕ ਬੁੱਲ੍ਹਾਂ ਤੇ ਜੀਭਾਂ ਵੀ ਫੇਰੀਆਂ। 
  ਪ੍ਰੈਸ ਵਾਲੇ ਇੱਕ ਨੌਜੁਆਨ ਨੇ ਪਹਿਲਾਂ ਕੁਝ ਲੋਕਾਂ ਨਾਲ ਵਿਸਥਾਰ ਵਿੱਚ ਗੱਲ ਬਾਤ ਕੀਤੀ ਫਿਰ ਉਸ ਔਰਤ ਨਾਲ ਗੱਲ ਕੀਤੀ ਰੋਹ ਵਿੱਚ ਆਈ ਉਸ ਔਰਤ ਨੇ ਬਸ ਇੰਨਾ ਹੀ ਕਿਹਾ "ਇਹਨਾਂ ਨੂੰ ਹੀ ਪੁੱਛ ਲਓ। ਜੋ ਅਸੀਂ ਕੀਤਾ ਐ।"
  ਵੈਸੇ ਤਾਂ ਪ੍ਰੈਸ ਨਾਲ ਗੱਲ ਕਰਨ ਲਈ ਹਰ ਬੰਦਾ ਤਿਆਰ ਸੀ ਪਰ ਇੱਕ ਨੌਜੁਆਨ ਜਿਸ ਨੇ ਸਾਰੀ ਘਟਨਾ ਕਰਮ ਨੂੰ ਅੰਜਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਦਾਹਵੇ ਅਨੁਸਾਰ ਉਸ ਨੇ ਕੈਮਰੇ ਦੇ ਸਾਹਮਣੇ ਹੁੰਦਿਆਂ ਸੇਹਲੀਆਂ ਉਤਾਹ ਚੜ੍ਹਾ ਕੇ ਪੱਤਰਕਾਰ ਨੂੰ ਪੁੱਛਿਆ "ਦਸੋ ਕੀ ਬੋਲਾਂ?"
  ਤੇਜ ਤਰਾਰ ਪੱਤਰਕਾਰ ਨੇ ਸਵਾਲ ਕੀਤਾ ਚੜਤ ਸਿੰਘ ਜੀ "ਤੁਸੀਂ ਦਸੋਂ ਤੁਸੀਂ ਸਭ ਤੋਂ ਪਹਿਲਾਂ ਇੱਥੇ ਕੀ ਵੇਖਿਆ?"
  "ਵੇਖਣਾ ਕੀ ਸੀ ਬਸ ਉਹੀ ਕੁਝ ਜੋ ਰੋਜ ਹੁੰਦਾ ਐ ਸਵਾਰੀ ਬੱਸ ਤੇ ਚੜ ਰਹੀ ਸੀ। ਅੱਗੋਂ ਕਿਤੋਂ ਆਈ ਸੀ ਵਿਚਾਰੀ ਸ਼ਰੀਫ ਔਰਤ ਸੀ ਭਲੱਥ ਜਾ ਰਹੀ ਸੀ। ਇਸ ਮੁੰਡੇ ਨੇ ਜਿਸ ਨੂੰ ਅਸੀਂ ਬੜੀ ਮਸ਼ੱਕਤ ਨਾਲ ਕਾਬੂ ਕੀਤਾ ਐ ਦੇ ਲਫਾਫੇ ਚੋਂ ਕੋਈ ਚੀਜ਼ ਕੱਢੀ  ਤੇ ਭੱਜ ਗਿਆ, ਸਵਾਰੀ ਨੇ ਰੌਲਾ ਪਾ ਦਿੱਤਾ ਫੜ ਲਓ ਫੜ ਲਓ ਹੋ ਗਈ। ਤੁਸੀਂ ਸ਼ੁਕਰ ਕਰੋ ਮੈਂ ਘਰੇ ਵਿਹਲਾ ਸੀ।"
  "ਤੁਹਾਡੇ ਵਿਹਲੇ ਹੋਣ ਦਾ ਇਸ ਘਟਨਾ ਨਾਲ ਕੀ ਸਬੰਧ ਐ।" ਪੱਤਰਕਾਰ ਨੌਜੁਆਨ ਹੈਰਾਨੀ ਨਾਲ ਉਸ ਨੌਜੁਆਨ ਨੂੰ ਪੁੱਛਿਆ।
  "ਬਾਬੂ ਜੀ ਚੰਗੀ ਕਿਸਮਤ ਨੂੰ ਮੈਂ ਵਿਹਲਾ ਬੈਠਾ ਸੀ, ਕੁਦਰਤੀ ਗੱਲ ਕਿ ਮੈਂ ਸੋਚਿਆ ਚਲੋ ਬੱਸ ਅੱਡੇ ਦੇ ਦੋ ਚਾਰ ਗੇੜੇ ਲਾ ਆਉਨੇ ਆ। ਇੱਥੇ ਸਾਡੀ ਪਾਰਟੀ ਦੇ ਹੋਰ ਵੀ ਦੋ ਤਿੰਨ ਬੰਦੇ ਪਹਿਲਾਂ ਹੀ ਮੌਜੂਦ ਸਨ। ਬਸ ਫਿਰ ਕੀ ਸੀ ਸਾਨੂੰ ਜਦੋਂ ਪਤਾ ਲੱਗਾ। ਅਸੀਂ ਪਿੱਛਾ ਕਰਨਾ ਸੁ.ਰੂ ਕਰ ਦਿੱਤਾ। ਇਨੇ ਨੂੰ ਅੱਡੇ ਦੇ ਬਾਹਰ ਵਾਲੇ ਬਜਾਰ ਵਿੱਚ ਇਹ ਦੋਵੇਂ ਮਾਂ ਪੁੱਤ ਮਜੇ ਨਾਲ ਸੰਤਰੇ ਖਾਣ ਡਹੇ ਹੋਏ ਸਨ। ਅਸੀਂ ਕਰ ਲਏ ਕਾਬੂ।"
  " ਵਾਹ ਚੜਤ ਸਿੰਘ ਜੀ ਤੁਹਾਡੀ ਬਹਾਦਰੀ ਤੇ ਸਾਨੂੰ ਮਾਣ ਹੈ, ਫਿਰ ਇਸ ਤੋਂ ਬਾਅਦ ਕੀ ਹੋਇਆ?"
  "ਹੋਣਾ ਕੀ ਸੀ ਫਿਰ ਇੱਥੇ ਅੱਡੇ ਵਿੱਚ ਲਿਆ ਕੇ ਇਹਨਾਂ ਦੀ ਜਾਮਾ ਤਲਾਸ਼ੀ ਲਈ ਗਈ ਇਹਨਾਂ ਤੋਂ ਜੋ ਸਮਾਨ ਫੜਿਆ ਗਿਆ ਗਿਆ ਉਹਦੇ ਨਾਲ ਅੱਡੇ ਵਿੱਚ ਵਾਪਰੀਆਂ ਜੇਬ ਕੱਟਣ ਦੀਆਂ ਵਾਰਦਾਤਾਂ ਦਾ ਵੀ ਖੁਲਾਸਾ ਹੋ ਗਿਆ।"
  ਜਦੋਂ ਇਹ ਗੱਲ ਹੋ ਰਹੀ ਸੀ ਤਾਂ ਕੈਮਰੇ ਦੇ ਪਿਛਲੇ ਪਾਸੇ ਖੜੀ ਭੜੀ ਇੱਕ ਦੂਜੇ ਤੋਂ ਵੱਧ ਕੇ ਆਪਣਾ ਮੂੰਹ ਟੀ ਵੀ ਰਾਹੀਂ ਲੋਕਾਂ ਨੂੰ ਵਿਖਾਉਣ ਲਈ ਧੱਕਾ ਮੁੱਕੀ ਹੋਣ ਲੱਗ ਪਏ। ਜਿਸ ਤੇ ਇਤਰਾਜ ਕਰਦਿਆਂ ਇੱਕ ਨੌਜੁਆਨ ਨੇ ਕਿਹਾ "ਕਾਹਲੇ ਨਾ ਪਵੋ ਸ਼ਾਤੀ ਰਖੋ ਅਸੀਂ ਸਭ ਦੀ ਕਵਰੇਜ ਕਰਵਾਵਾਂਗੇ ਐ ਨਹੀਂ ਜਾਣ ਦਿਆਂਗੇ ਪ੍ਰੈਸ ਆਲਿਆਂ ਨੂੰ, ਜੇ ਅਸੀਂ ਐਡਾ ਵੱਡਾ ਕਾਰਨਾਮਾਂ ਕਰ ਸਕਦੇ ਹਾਂ ਤਾਂ ਲੋਕਾਂ ਦੀ ਸਹੂਲਤ ਲਈ ਪ੍ਰੈਸ ਨੂੰ ਵੀ ਦੋ ਮਿੰਟ ਰੋਕ ਸਕਦੇ ਹਾਂ।" 
  ਇੱਕ ਪੱਤਰਕਾਰ ਨੂੰ ਸਬੋਧਤ ਹੁੰਦਿਆਂ ਉਸ ਕਿਹਾ ਪੱਤਰਕਾਰ ਸਾਹਬ ਇੱਕ ਗਰੁਪ ਫੋਟੋ ਹੋ ਜਾਏ ਸਭ ਦੀ। ਇੰਨੀ ਕਹਿਣ ਦੀ ਦੇਰ ਸੀ ਸਾਰੇ ਲੋਕਾਂ ਨੇ ਇੱਕ ਪਾਸੇ ਫੋਟੋ ਖਿਚਾਉਣ ਲਈ ਕਤਾਰ ਵਿੱਚ ਖੜ ਗਏ। ਲੋਕਾਂ ਦੇ ਪੈਰਾਂ ਵਿੱਚ ਉਹ ਦੋਵੇਂ ਮਾਂ ਪੁੱਤਰ ਇੰਝ  ਪਏ ਸਨ ਜਿਵੇਂ ਉੱਗੜ ਦੁੱਘੜ ਜਿਹਾ ਭਾਰਤ ਦਾ ਨਕਸ਼ਾ ਬਣਾਇਆ ਗਿਆ ਹੋਵੇ। ਸਟਿੱਲ ਕੈਮਰਿਆਂ ਨੇ ਦੋ ਤਿੰਨ ਵਾਰ ਕਲਿੱਕ ਕਲਿੱਕ ਕੀਤਾ। ਤੇ ਫੋਟੋ ਹੋ ਗਈ। 
  "ਤੁਸੀਂ ਕਵਰੇਜ਼ ਕਰਨ ਵਿੱਚ ਲੱਗੇ ਹੋਏ ਜੇ ਇਹਨਾਂ ਨੇ ਬਾਈ ਜੀ ਖਿਸਕ ਜਾਣੈ  ਇਹ ਲੋਕ ਬੜੇ ਤੇਜ ਤਰਾਰ ਹੁੰਦੈ ਐ। ਫਿਰ ਵਿਹਦੇਂ ਫਿਰਿਆ ਜੇ ਜਬ ਚਿੜੀਆਂ ਚੁੱਗ ਗਈ ਖੇਤ।" ਇੱਕ ਬੰਦਾ ਜਿਸ ਦੀ ਸ਼ਕਲ ਤੋਂ ਸਿਆਣਪ ਦਾ ਭੁਲੇਖਾ ਪੈਂਦਾ ਸੀ ਬੋਲਿਆ।
  "ਆਹੋ ਗੱਲ ਠੀਕ ਐ ਭਾਅ ਦੀ, ਇਹਨਾਂ ਦੀਆਂ ਮੂਸ਼ਕਾਂ ਬੰਨ ਦਿਓ ਮੂਸ਼ਕਾਂ...।" ਇੱਕ ਹੋਰ ਆਵਾਜ ਆਈ।
  "ਮੁਸ਼ਕਾਂ ਲਫਜ਼ ਸੁਣਦਿਆਂ ਹੀ ਇੱਕ ਭਾਰੇ ਸਰੀਰ ਦਾ ਨੌਜੁਆਨ ਜਿਸ ਨੂੰ ਸ਼ਾਇਦ ਮੁਸ਼ਕਾਂ ਬੰਨਣ ਵਿੱਚ ਮੁਹਾਰਤ ਹਾਸਲ ਸੀ ਬੜੀ ਫੁਰਤੀ ਨਾਲ ਅਗਾਂਹ ਵਧਿਆ ਉਸ ਨੇ ਉਸ ਨੇ ਔਰਤ ਦੇ ਸਿਰੋਂ ਚੁੰਨੀ ਲਾਹ ਕੇ ਉਹਦੀਆਂ ਬਾਹਵਾਂ ਪਿਛਾਂਹ ਮਰੋੜ ਕੇ ਉਸੇ ਦੀ ਚੁੰਨੀ ਨਾਲ ਇੰਜ ਬੰਨ ਦਿੱਤੀਆਂ ਜਿਵੇ ਝਟਕਈ ਵੱਡਣ ਵਾਲੀ ਕੁੱਕੜੀ ਦੇ ਖੰਭਾਂ ਨੂੰ ਖੰਭਾਂ ਵਿੱਚ ਫਸਾ ਕੇ ਪਾਸੇ ਰੱਖ ਦਿੰਦਾ ਹੈ। ਉਹ ਔਰਤ ਇੱਕ ਵਾਰ ਫਿਰ ਉੱਚੀ ਉੱਚੀ ਚੀਕੀ। ਮਾਂ ਨੂੰ ਰੋਦਿਆਂ ਅਤੇ ਬੰਨਿਆ ਵੇਖ ਕੇ ਲੜਕੇ ਦਾ ਵੀ ਰੋਣ ਨਿਕਲ ਗਿਆ। ਭਾਰੇ ਸਰੀਰ ਦੇ ਨੌਜੁਆਨ ਨੇ ਬੜੀ ਮੁਹਾਰਤ ਨਾਲ ਔਰਤ ਦੀਆਂ ਮੁਸ਼ਕਾਂ ਵੀ ਬੰਨੀਆਂ ਤੇ ਆਪਣੀ ਨਿਗਾ ਵੀ ਬੜੇ ਸਲੀਕੇ ਨਾਲ ਕੈਮਰੇ ਵੱਲ ਰੱਖੀ ਜਿਵੇਂ ਵਿਆਹ ਵਿੱਚ ਸ਼ਗਨ ਪਾ ਰਿਹਾ ਹੋਵੇ। 
  ਹੁਣ ਉਸ ਨੇ ਮੁੰਡੇ ਦੀਆਂ ਮੁਸ਼ਕਾਂ ਬੰਨਣ ਲਈ ਉਹਦੀਆਂ ਬਾਹਵਾਂ ਪਿੱਛੇ ਵੱਲ ਮਰੋੜੀਆਂ ਰੋਂਦੇ ਮੁੰਡੇ ਦੀ ਆਵਾਜ ਹੋਰ ਉੱਚੀ ਹੋ ਗਈ। ਇੱਥੇ ਸਮੱਸਿਆ ਪੈਦਾ ਹੋ ਗਈ ਕਿ ਬਾਹਵਾਂ ਬੰਨੀਆਂ ਕਿਹੜੇ ਕੱਪੜੇ ਨਾਲ ਜਾਣ ਕਿਸੇ ਨੇ ਸਲਾਹ ਦਿੱਤੀ ਕਿ ਇਹਦਾ ਹੀ ਪਜਾਮਾ ਲਾਹ ਲਓ। ਫਿਰ ਕਿਸੇ ਨੇ ਕਿਹਾ "ਪਜਾਮੇ ਦਾ ਕੱਪੜਾ ਤਾਂ ਅਸਲੋਂ ਬੋਡਾ ਜਿਹਾ ਐ ਮੁਸ਼ਕਾਂ ਬੰਨਣ ਲਈ ਮਜਬੂਤ ਕੱਪੜਾ ਚਾਹੀਦੈ..... ਬਾਈ ਜੀ ਮਜਬੂਤ..... ਜਾਂ ਫਿਰ ਚੰਗੀ ਮੋਟੀ ਰੱਸੀ ਹੋਵੇ।"
  ਕੋਈ ਗੱਲ ਨਾ ਬਣਦੀ ਵੇਖ ਕੇ ਇਕ ਅਧਖੜ ਉਮਰ ਦੇ ਬੰਦੇ ਨੇ ਮੋਢੇ ਤੋਂ ਪਰਨਾ ਲਾਹ ਕੇ ਪੇਸ਼ ਕਰਦਿਆਂ ਕਿਹਾ "ਆਹ ਲਓ ਪਰਨਾ ਬੰਨ ਲਓ ਮੁਸ਼ਕਾਂ ਆਖਿਰ ਇਹ ਵੀ ਤਾਂ ਇੱਕ ਤਰਾਂ ਨਾਲ ਭਲੇ ਦਾ ਕੰਮ ਈ ਐ ਲਓ ਫੜੋ।"
  ਪਰਨਾ ਲੇ ਕੇ ਨੌਜੁਆਨ ਨੇ ਮੁੰਡੇ ਦੀਆਂ ਵੀ ਮੁਸ਼ਕਾਂ ਬੰਨ ਦਿੱਤੀਆਂ। ਇਸ ਵੱਡੇ ਅਤੇ ਖਤਰੇ ਨਾਲ ਖੇਡਣ ਜਿਹੇ ਕੰਮ ਤੋਂ ਉਹ ਨੌਜੁਆਨ ਅਜੇ ਵਿਹਲਾ ਹੋਇਆ ਹੀ ਸੀ ਕਿ ਇੱਕ ਪੱਤਰਕਾਰ ਨੇ ਕਿਹਾ, "ਇਹਨਾਂ ਤੋਂ ਜੋ ਸਮਾਨ ਬਰਾਮਦ ਕੀਤਾ ਗਿਆ ਹੈ ਉਸ ਦੀ ਵੀ ਵੀਡੀਓ ਗ੍ਰਾਫੀ ਕਰ ਲਈਏ। ਵਿਖਾਓ ਉਹ ਸਮਾਨ ਕੀਹਦੇ ਕੋਲ ਐ?"
  ਤੇ ਫਿਰ ਇੱਕ ਪਰਨਾ ਵਿਛਾ ਕੇ ਮੁੰਡੇ ਤੋਂ ਬਰਾਮਦ ਹੋਇਆ ਉਹ ਸਮਾਨ ਜਿਸ ਤੋਂ ਪੂਰੇ ਸਮਾਜ ਨੂੰ ਹਰ ਹਾਲਤ ਵਿੱਚ ਖਤਰਾ ਸੀ ਬੜੇ ਚੰਗੇ ਢੰਗ ਨਾਲ ਰੱਖ ਦਿੱਤਾ ਗਿਆ। ਇਸ ਸਮਾਨ ਵਿੱਚ ਇੱਕ ਮੈਲ ਨਾਲ ਭਰੀ ਹੋਈ ਪਿੱਤਲ ਦੀ ਪੁਰਾਣੀ ਮੁੰਦਰੀ ਸੀ, ਕੁਝ ਖਿਡੌਣਿਆਂ ਦੇ ਟੁਕੜੇ, ਇੱਕ ਕਿਸੇ ਦੇਵਤੇ ਦੀ ਫੋਟੋ, ਵੀਹ ਪੱਚੀ ਮੁੜੇ ਤੁੜੇ ਰੁਪਏ ਤੇ ਕੁਝ ਭਾਨ ਤੋਂ ਇਲਾਵਾ ਇੱਕ ਬਲੇਡ ਦਾ ਟੁਕੜਾ ਬਰਾਮਦ ਹੋਇਆ ਸੀ। ਜਦੋਂ ਮੀਡੀਆ ਦੇ ਕੈਮਰਿਆਂ ਨੂੰ ਇਹ ਪਾਬੰਧੀ ਸ਼ੁਧਾ ਸਮਾਨ ਵਿਖਾਇਆ ਜਾ ਰਿਹਾ ਸੀ ਤਾਂ ਇੱਕ ਦਮ ਰੌਲਾ ਪੈ ਗਿਆ। ਲੋਕ ਹੈਰਾਨ ਪ੍ਰੇਸ਼ਨ ਰਹਿ ਗਏ ਲੋਕਾਂ ਦੇਖਿਆ ਇੱਕ ਥੋੜੀ ਵਧੀ ਦਾਹੜੀ ਵਾਲਾ 55-60 ਸਾਲ ਦਾ ਬੰਦਾ ਇੱਕ ਬੱਸ ਤੋਂ ਉਤਰਿਆ ਉਸ ਨੇ ਉਤਰਦਿਆਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵੇਖ ਲਵਾਂਗਾ ਮੈਂ..... ਕੱਲੇ ਕੱਲੇ ਨੂੰ ਵੇਖ ਲਵਾਂਗਾ.......ਰੱਬ  ਨਹੀਂ ਵੇਂਹਦਾ ਨਾ ਵੇਖੇ......ਮੈਂ ਵੇਖਾਂਗਾ.....ਮੈ ਜੋਗਿੰਦਰ ਸਿੰਘ ਵਲਦ ਜਗਤ ਸਿੰਘ ਵਲਦ ਭਗਤ ਸਿੰਘ......।  ਫਿਰ ਉਹ ਅਜਨਬੀ ਇੱਕਦਮ ਚੁੱਪ ਹੋ ਗਿਆ ਚੁੱਪ ਚਾਪ ਭੀੜ ਵਿੱਚ ਆ ਕੇ ਖੜ ਗਿਆ। ਉਸ ਦੀ ਕਮੀਜ ਨੂੰ ਲੱਗੀਆਂ ਦੋਵੇਂ ਪਾਟੀਆਂ ਜੇਬਾ ਹੇਠਾਂ ਲਮਕ ਰਹੀਆਂ ਸਨ। ਕਮੀਜ ਹੋਰ ਤੇ ਪਜਾਮਾ ਹੋਰ। ਗਲ ਵਿੱਚ ਪਾਏ ਲੰਮੀ ਤਣੀ ਵਾਲੇ ਝੋਲੇ ਵਿੱਚ ਕੁਝ ਸਮਾਨ ਵਗੈਰਾ ਸੀ। ਲੋਕਾਂ ਦੀਆਂ ਗੱਲਾਂ ਤੋਂ ਜਿਉਂ ਹੀ ਉਸ ਨੂੰ ਪਤਾ ਲੱਗਾ ਕਿ ਮਿੱਟੀ ਘੱਟੇ ਨਾਲ ਲਿਬੜੇ ਤਿਬੜੇ ਮੁਸ਼ਕਾਂ ਬੰਨ ਕੇ ਸੁੱਟੇ ਮਾਂ ਪੁੱਤ ਜੇਬ ਕਤਰੇ ਕਰਾਰ ਦਿੱਤੇ ਗਏ ਹਨ ਤਾਂ ਉਹ ਮੱਥਾ ਫੜ ਕੇ ਉੱਥੇ ਭੁੰਝੇ ਹੀ ਜਮæੀਨ ਤੇ ਬਹਿ ਗਿਆ। ਦੋ ਕੁ ਮਿੰਟ ਬੈਠਣ ਤੋਂ ਬਾਅਦ ਉਹ ਉਠਿਆ ਤੇ ਇੱਕਦਮ ਭੜਕ ਪਿਆ ਜਿਵੇਂ ਕੋਈ ਪਟਾਕਾ ਚੱਲਿਆ ਹੋਵੇ। ਗੁੱਸੇ ਨਾਲ ਉਹਦਾ ਚਿਹਰਾ ਭਖਣ ਲੱਗ ਪਿਆ ਉਹ ਚੀਕਿਆ  "ਓ ਮੂਰਖ ਲੋਕੋ ਕੌਣ ਨੇ ਜੇਬ ਕਤਰੇ ਪਛਾਣ ਹੈਗੀ ਐ ਤੁਹਾਨੂੰ? ਕੌਣ ਪਛਾਣ ਸਕਦੈ ਜੇਬ ਕਤਰਿਆਂ ਨੂੰ? ਕੋਈ ਹੈ ਤੁਹਾਡੇ ਚੋਂ ਜੋ ਪਛਾਣ ਲਵੇ? ਬਾਂਹ ਖੜੀ ਕਰੋ ਕੋਈ?  ਹੈ ਕੋਈ ਮਾਈ ਦਾ ਲਾਲ?  ਤੁਸੀਂ ਨਹੀਂ ਪਛਾਣ ਸਕਦੇ ਤੁਹਾਡੀਆਂ ਅੱਖਾਂ ਤੇ ਜਾਲੇ ਨੇ ਜਾਲੇ..ਮਜ੍ਹਬਾਂ ਦੇ ਜਾਲੇ ...ਰਾਜਨੀਤੀ ਦੇ ਜਾਲੇ...ਲੋਕਤੰਤਰ ਦੇ...ਕਾਨੂੰਨ ਦੇ.....ਖੋਖਲੀ ਸਿੱਖਿਆ ਦੇ ਜਾਲੇ ਕਿਵੇਂ ਵੇਖ ਸਕੋਗੇ? ਦਸੋ ਕਿਵੇਂ ਵੇਖ ਸਕਦੇ ਹੋ ਤੁਸੀਂ? 
  ਕੁਝ ਲੋਕ ਉਹਦੀ ਗੱਲ ਸੁਣ ਕੇ ਹੱਸ ਰਹੇ ਸਨ। ਕੁਝ ਮਨਚਲੇ ਮੁੰਡਿਆਂ ਨੇ ਇੱਕ ਦੂਜੇ ਨੂੰ ਕਿਹਾ ਅੱਖਾਂ ਦਾ ਡਾਕਟਰ ਲੱਗਦਾ ਐ। ਇਹ ਗੱਲ ਉਸ ਨੂੰ ਭਾਵੇਂ ਨਾ ਸੁਣੀ ਪਰ ਨੇੜੇ ਖੜੇ ਲੋਕਾਂ ਵਿੱਚ ਹਾਸਾ ਪੈ ਗਿਆ। ਕੁਝ ਲੋਕ ਉਹਦੀਆਂ ਗੱਲਾਂ ਵੱਲ ਕੰਨ ਵੀ ਧਰਨ ਲੱਗ ਪਏ ਸਨ। ਉਹ ਫਿਰ ਬੋਲਿਆ, "ਆਹ ਦੇਖੋ ਮੇਰੀਆਂ ਜੇਬਾਂ ਕੱਟੀਆਂ ਗਈਆਂ ਨੇ।" ਉਹਨੇ ਦੋਹਾਂ ਜੇਬਾਂ ਵਿੱਚ ਹੱਥ ਪਾਏ ਤੇ ਹੱਥ ਜੇਬਾਂ ਚੋਂ ਹੇਠਾਂ ਬਾਹਰ ਆ ਗਏ। ਉਹ ਫਿਰ ਬੋਲਿਆ, "ਜ਼ਮੀਨ ਸੀ ਥੋੜੀ ਜਿਹੀ, ਇੱਕ ਡੇਰੇ ਦੇ ਨਾਲ, ਉਹ ਚੋਲਿਆਂ ਵਾਲੇ ਜੇਬ ਕਤਰਿਆਂ ਨੇ ਧੱਕੇ ਨਾਲ ਕੱਟ ਲਈ। ਸ਼ਹਿਰ ਦੁਕਾਨ ਖਰੀਦੀ ਇੱਕ ਉਹ ਇੱਕ ਨੇਤਾ ਨੇ ਧੱਕੇ ਨਾਲ ਖੋਹ ਲਈ। ਜਵਾਕ ਪੜ੍ਹੇ ਨੇ ਪਰ ਉਹਨਾਂ ਦੀਆਂ ਜੇਬਾਂ ਵੀ ਖਾਲੀ ਨੇ ਭਰਨ ਤੋਂ ਪਹਿਲਾਂ ਹੀ ਕੱਟੀਆਂ ਗਈਆਂ। ਕੌਣ ਕੱਟ ਗਿਆ? ਤੁਸੀਂ ਨਹੀਂ ਪਛਾਣ ਸਕੇ ਉਹਨਾਂ ਨੂੰ..... ਲੋਕੋ ਤੁਸੀਂ ਨਹੀਂ ਪਛਾਣ ਸਕੇ.....ਹਾਂ ਮੈਂ ਪਛਾਣਦਾ ਹਾਂ.....।
  ਉਹ ਭੱਜ ਕੇ ਅੱਡੇ ਦੇ ਇੱਕ ਕਾਉਂਟਰ ਵੱਲ ਹੋਇਆ ਜਿੱਥੇ ਇੱਕ ਸਥਾਨਕ ਨੇਤਾ ਦਾ ਪੋਸਟਰ ਲੱਗਿਆ ਹੋਇਆ ਸੀ। ਉਹ ਨੇਤਾ ਦੇ ਪੋਸਟਰ ਵੱਲ ਝਪਟਿਆ ਲਾਹੁਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਇਆ, ਪੋਸਟਰ ਵਾਲੀ ਤਸਵੀਰ ਹੱਸ ਰਹੀ ਸੀ ਜਿਵੇਂ ਕਹਿ ਰਹੀ ਹੋਵੇ ਇਹ ਐਡਾ ਸੌਖਾ ਕੰਮ ਨਹੀਂ। ਉਸ ਨੇ ਪੋਸਟਰ ਵੱਲ ਇਸ਼ਾਰਾ ਕਰਕੇ ਕਿਹਾ "ਇਹ ਲੋਕ ਨੇ ਜੇਬ ਕਤਰੇ ਜੋ ਲੋਕਾਂ ਦੀਆਂ ਜੇਬਾਂ ਕੱਟ ਰਹੇ ਨੇ ਆਪਣੇ ਘਰ ਭਰ ਰਹੇ ਨੇ ਲੋਕ ਕੰਗਾਲ ਹੋ ਰਹੇ ਨੇ ਇਹ ਮਾਲਾ ਮਾਲ ਹੋ ਰਹੇ ਨੇ। ਫਿਰ ਉਹ ਗੁੱਸੇ ਨਾਲ ਭੀੜ ਵੱਲ ਵਧਿਆ ਤੇ ਹੌਲੀ ਜਿਹੀ ਬੋਲਿਆ, ਪੜਾਓ..... ਪੜਾਓ ਆਪਣੇ ਨਿਆਣਿਆਂ ਨੂੰ ਪੜਾਓ ..... ਚੰਗੇ ਨਾਗਰਿਕ ਬਣਾਓ ਪੜਾਓ..... ਮੁਲਕ ਕੋਲ ਕੁਝ ਨਹੀਂ ਉਹਨਾਂ ਲਈ ਖੁਸ਼ੀ ਨੂੰ ਝਾਕ ਰੱਖਿਓ..... ਅਗਲੇ ਖਾ ਗਏ ਮੁਲਕ ਦੀਆਂ ਜੇਬਾਂ ਕੱਟ ਕੇ ਖਾ ਗਏ...।
  ਇੰਨੇ ਨੂੰ ਪੁਲਸ ਦੇ ਕੁਝ ਜਵਾਨ ਭੀੜ ਵਿੱਚ ਆਣ ਹਾਜਰ ਹੋਏ ਸਾਰੇ ਮਾਮਲੇ ਬਾਰੇ ਜਾਨਣ ਲੱਗੇ। ਭੀੜ ਵਿੱਚ ਘੁਸਰ ਮੁਸਰ ਹੋਣ ਲੱਗ ਪਈ। ਵਰਦੀਧਾਰੀ ਜਵਾਨਾਂ ਨੂੰ ਵੇਖ ਕੇ ਉਹ ਬੋਲਿਆ, "ਹਾਂ ਹਾਂ ਪੁਲਸ ਤੁਹਾਡੀ ਰਾਖੀ ਕਰੇਗੀ ਤੁਹਾਨੂੰ ਬਚਾਵੇਗੀ ਇਹਨਾਂ ਤੋਂ।" ਬੰਨੇ ਪਏ ਮਾਂ ਪੁੱਤ ਵੱਲ ਇਸ਼ਾਰਾ ਕਰ ਕੇ ਉਸ ਕਿਹਾ। ਇਹ ਲੋਕ ਦਰੜ ਦਿੱਤੇ ਗਏ ਗਏ ਨੇ ਭੁੱਖੇ, ਕੰਗਾਲ, ਗਰੀਬ, ਹਾਲਾਤ ਦੇ ਮਾਰੇ ਲੋਕ...ਇਹ ਕੁਝ ਖਾਣ ਨੂੰ ਮੰਗਦੇ ਹਨ.....ਹਾਂ ਹਾਂ ਇਹਨਾਂ ਤੋਂ ਖਤਰਾ ਏ ਸਮਾਜ ਨੂੰ। ਹਰ ਭੁੱਖੇ ਬੰਦੇ ਤੋਂ ਦੇਸ਼ ਨੂੰ ਖਤਰਾ ਐ.....ਭੁੱਖਾ ਬੰਦਾ ਕਰੇਗਾ ਕੀ ਆਖਿਰ ?"
  ".....ਪਰ ਯਾਦ ਰੱਖਿਓ ਜੇਬ ਕਤਰੇ ਇਹ ਨਹੀਂ ਜੇ.....ਜੇ ਜੇ ਇਹ ਜੇਬ ਕਤਰੇ ਹੁੰਦੇ ਤਾਂ ਇਹਨਾਂ ਨੇ ਤੁਹਾਡੀ ਜੇਬਾਂ ਕੱਟ ਕੇ ਆਪਣੀਆਂ ਜੇਬਾਂ ਭਰੀਆਂ ਹੁੰਦੀਆਂ......ਜੇਬ ਕਤਰੇ ਉਹ ਨੇ.....ਪਰ ਤੁਸੀਂ ਉਹਨਾਂ ਨੂੰ ਕਿਵੇਂ ਫੜੋਗੇ? ਤੁਸੀਂ ਤਾਂ ਉਹਨਾ ਦੇ ਝੰਡੇ ਚੁਕਦੇ ਹੋ ਉਹਨਾਂ ਲਈ ਨਾਹਰੇ ਮਾਰਦੇ ਹੋ। ਮੂਰਖੋ ਤੁਹਾਡੀਆਂ ਜੇਬਾਂ ਸਾਲਾਂ ਤੋਂ ਕੱਟੀਆਂ ਜਾ ਰਹੀਆਂ ਨੇ। ਸਭ ਦੀਆਂ ਜੇਬਾਂ ਕੱਟੀਆਂ ਨੇ ਕੀਹਦੀ ਜੇਬ ਬਚੀ ਐ ਦੱਸੋ ? ਤੁਸੀਂ ਸਾਰੇ .....ਆਹ ਪ੍ਰੈਸ ਵਾਲੇ ਕੀ.....ਸਭ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਨੇ, ਤੇ ਆਹ ਪੁਲਸ ਵਾਲੇ ਇਹਨਾਂ ਦੀਆਂ ਆਪਦੀਆਂ ਜੇਬਾਂ ਸਲਾਮਤ ਨਹੀਂ। ਫਿਰ ਵੀ ਇਹ ਵਿਚਾਰੇ ਜੇਬਾਂ ਕੱਟਣ ਵਾਲਿਆਂ ਦੇ ਰਾਖੇ ਨੇ ਇਹ। ਜੇਬ ਕਤਰਿਆਂ ਦੇ ਰਾਖੇ  ਤੁਹਾਡੀਆਂ ਜੇਬਾਂ ਦੀ ਰਾਖੀ ਕਿਵੇਂ ਕਰਨਗੇ? ਦੇਸ਼ ਦੇ ਹਰ ਦਫਤਰ, ਮਹਿਕਮੇ, ਅਦਾਰੇ ਵਿੱਚ ਜੇਬਾਂ ਕੱਟਣਵਾਲੇ ਮੌਜੂਦ ਨੇ ਫੜੋ ਉਹਨਾਂ ਨੂੰ ? ਹੈ ਹਿੰਮਤ? ਅਦਾਰਿਆਂ ਵਿੱਚ ਜੇਬਾਂ ਕੱਟਣ ਵਾਲਿਆਂ ਦੀਆਂ ਉਤਾਂਹ ਹੋਰ ਲੋਕ ਜੇਬਾਂ ਕੱਟ ਰਹੇ ਨੇ ਤੇ ਉਹਨਾਂ ਦੀਆਂ ਉਤਾਂਹ ਹੋਰ ਉਤਲੇ ਜੇਬ ਕਤਰੇ ਵੱਡੇ ਵੱਡੇ ਜੇਬ ਕਤਰੇ।..... ਹੈ ਕਿਸੇ ਵਿੱਚ ਹਿੰਮਤ.....??" ਉਹ ਬੋਲੀ ਜਾ ਰਿਹਾ ਸੀ।
  ਪ੍ਰੈਸ ਵਾਲੇ ਸੁੰਨ ਜਿਹੇ ਹੋ ਗਏ ਸਨ। ਸਥਿਤੀ ਨੂੰ ਕੰਟਰੋਲ ਕਰਨ ਆਏ ਪੁਲਸ ਦੇ ਬੰਦੇ ਵੀ ਖਾਮੋਸ਼ ਜਿਹੇ ਹੋਏ ਖੜੇ ਸਨ। ਜੇਬ ਕਤਰਿਆਂ ਨੂੰ ਕਾਬੂ ਕਰਨ ਵਾਲੇ ਨੌਜੁਆਨਾਂ ਦਾ ਉਤਸ਼ਾਹ ਜਿਹਾ ਮਰ ਗਿਆ ਸੀ ਜਿਵੇ ਸਾਹ ਸਤ ਹੀਣ ਹੋ ਗਏ ਹੋਣ। ਉਸ ਅਜਨਬੀ ਦੀਆਂ ਗੱਲਾਂ ਸੁਣ ਕੇ ਭੀੜ ਆਪਣੇ ਆਪ ਨੂੰ ਬੇਵੱਸ ਜਿਹਾ ਮਹਿਸੂਸ ਕਰ ਰਹੀ ਸੀ।
  ਮੁਸ਼ਕਾਂ ਬੰਨ ਕੇ ਸੁੱਟੀ ਹੋਈ ਔਰਤ ਨੇ ਇੱਕ ਜੋਰ ਦੇ ਝਟਕੇ ਨਾਲ ਆਪਣੀਆਂ ਬਾਹਵਾਂ ਆਜਾਦ ਕਰ ਲਈਆਂ ਤੇ ਉਹ ਆਪਣੇ ਪੁੱਤਰ ਦੀਆਂ ਬਾਹਵਾਂ ਖੋਲਣ ਲੱਗ ਪਈ।