ਸਭ ਰੰਗ

 •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
 •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
 •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
 •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
 •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
 •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
 • ਵਿਪਰੀਤ ਬੁੱਧੀ ਵਿਨਾਸ਼ ਕਾਲਿਐ (ਕਹਾਣੀ)

  ਕੁਲਦੀਪ ਸਿੰਘ ਬਾਸੀ    

  Email: kbassi@comcast.net
  Phone: 651 748 1061
  Address:
  United States
  ਕੁਲਦੀਪ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਹਰੀਸ਼ ਦੇ ਸੱਦੇ ਕਾਰਨ, ਗਿਆਨ ਅਪਣੀ ਵਹੁਟੀ ਨਾਲ, ਹਨੂਮਾਨ ਚਾਲੀਸਾ ਦੀ, ਹਰੀਸ਼ ਘਰੇ ਹੋ ਰਹੀ, ਭਜਨ ਮੰਡਲੀ ਵਿੱਚ ਜਾ ਬੈਠਾ। ਓਥੇ ਅੱਠ, ਦਸ ਜੋੜੇ ਹੋਰ ਵੀ ਬੈਠੇ ਸਨ। ਪੰਜਾਬੀ, ਬਿਹਾਰੀ, ਮਦਰਾਸੀ ਹਰ ਭਾਂਤ ਦੇ ਮੇਲ ਜੋਲ ਨਾਲ ਮੰਡਲੀ ਸਜੀ ਹੋਈ ਸੀ। ਅਮਰੀਕਾ ਵਿੱਚ ਅਜੇਹਾ ਜੋੜ ਮੇਲ ਅਕਸਰ ਹੁੰਦਾ ਹੈ। ਅਚੰਭਾ ਕੇਵਲ ਇਸ ਗੱਲ ਦਾ ਸੀ ਕਿ ਮੰਦਰ ਦਾ ਮੋਢੀ ਜੋੜਾ, ਸਤਿ ਸੰਗ ਵਿੱਚ, ਹਾਜ਼ਰ ਨਹੀਂ ਸੀ। ਉਹਨਾਂ ਬਿਨਾ ਪੂਜਾ ਅਧੂਰੀ ਜਿਹੀ ਲਗਦੀ ਸੀ। ਧਰਮਵੀਰ ਅਪਣੀ ਗੋਰੀ, ਐਂਜਲਾ, ਨਾਲ ਸੁਸ਼ੋਬਿਤ ਹੁੰਦਾ ਸੀ। ਉਸ ਦੀ ਧੀ, ਜੋ ਦੇਸੀ ਘੱਟ ਲਗਦੀ ਸੀ ਅਤੇ ਗੋਰੀ ਜ਼ਿਆਦਾ, ਕਦੇ ਕਦਾਈਂ ਨਾਲ ਹੀ ਆ ਜਾਂਦੀ ਸੀ। ਧਰਮਵੀਰ ਧਾਰਮਿਕ ਵਿਚਾਰ ਦਾ ਬੰਦਾ ਸੀ ਅਤੇ ਮੰਦਰ ਦੇ ਕਾਰੋਬਾਰ ਵਿੱਚ ਬਹੁਤ ਦਿਲਚਸਪੀ ਰੱਖਦਾ ਸੀ ਜਾਂ ਇੰਝ ਕਹਿ ਲਵੋ ਕਿ ਮੋਢੀਆਂ ਚੋਂ ਇੱਕ ਸੀ।
  ਪੂਜਾ ਖਤਮ ਹੋ ਗਈ। ਸਾਰੇ ਆਰਤੀ ਲਈ ਹੱਥ ਜੋੜ ਖਲੋ ਗਏ। ਥੋੜੀ ਥੋੜੀ ਦੇਰ ਬਾਅਦ ਹਨੂਮਾਨ ਜੀ ਦੀ ਜੈ ਬੁਲਾਈ ਜਾਂਦੀ। ਸਾਰੇ ਹੱਥ ਖੜ੍ਹੇ ਕਰਕੇ, ਸ਼ਰਧਾ ਭਰੀ ਜੈ ਦਾ ਹਿੱਸਾ ਬਣਦੇ। ਉਪਲ ਇੱਕ ਵੇਰ ਟਪਲਾ ਖਾ ਗਿਆ ਅਤੇ ਉੱਚੀ ਆਵਾਜ਼ ਵਿੱਚ ਜੇ ਵਾਹਿਗੁਰੂ, ਬੋਲ ਚੁੱਪ ਹੋ ਗਿਆ ਜਿਵੇਂ ਕੋਈ ਗਲਤੀ ਕਰ ਬੈਠਾ ਹੋਵੇ। ਕਈ ਨਿਗਾਹਾਂ, ਉਸ ਵੱਲ, ਤੱਕਿਆ ਪਰ ਕਿਹਾ ਕੁੱਝ ਨਾ। ਫੇਰ ਆਰਤੀ ਦੀ ਥਾਲੀ, ਜਗਦੀ ਜੋਤੀ ਨਾਲ, ਸੰਗਤ ਵਿੱਚ ਘੁਮਾਈ ਗਈ। ਸਭਨਾ ਹੱਥ ਜੋੜ ਜੋਤ ਨਾਲ ਅਪਣੀ ਜੋਤ ਜਗਾਈ ਅਤੇ ਡਾਲਰ ਡਾਲਰ ਥਾਲ ਦੀ ਭੇਟਾ ਕੀਤਾ, ਸੂਖਮ ਸਾਂਤੀ ਲਈ। ਪ੍ਰਸ਼ਾਦ ਹੱਥ ਅੱਡ, ਸ਼ਰਧਾ ਨਾਲ ਲਿਆ, ਇੱਕ ਇੱਕ ਕੇਲਾ ਅਤੇ ਕੁੱਝ ਪਿਸਤਾ, ਬਦਾਮ, ਮਿਸ਼ਰੀ ਦਾ ਮਿਸ਼ਰਣ।
  ਹੁਣ ਵਾਰੋ ਵਾਰੀ ਸਾਰੇ ਘਰ ਦੀ ਉਤਲੀ ਤਹਿ ਤੇ ਪਹੁੰਚ ਗਏ। ਭੋਜਨ ਦੀ ਸਖ਼ਤ ਜ਼ਰੂਰਤ ਵੀ ਮਹਿਸੂਸ ਹੋ ਰਹੀ ਸੀ। ਪ੍ਰੋਸਿਆ ਭੋਜਨ ਸਭ ਆਪੋ ਅਪਣੀ ਇੱਛਾ ਅਨੁਸਾਰ ਥਾਲੀ ਵਿੱਚ ਪਾ ਕੇ ਛਕਣ ਬੈਠ ਗਏ। ਕਈ ਡਾਇਨਿੰਗ ਰੂਮ ਵਿੱਚ ਤੇ ਕਈ ਲਿਵਿੰਗ ਰੂਮ ਵਿੱਚ ਸੋਫੇ ਤੇ ਬਿਰਾਜ ਗਏ। ਹਰੀਸ਼ ਪਾਣੀ ਦੇ ਗਲਾਸ ਵਰਤਾ ਗਿਆ।  ਗੱਲ ਬਾਤ ਅਰੰਭ ਹੋਈ। ਇੱਕ ਨੇ ਧਰਮਵੀਰ ਦੀ ਅਨੁਪਸਥਿਤੀ ਮਹਿਸੂਸ ਕਰਦਿਆਂ ਬੋਲਿਆ," ਬਈ ਧਰਮਵੀਰ ਅੱਜ ਨਹੀਂ ਆਇਆ। ਉਸ ਦੀ ਐਂਜਲਾ ਤਾਂ ਕਦੇ ਸਾੜ੍ਹੀ ਪਹਿਨ ਕੇ ਅਤੇ ਕਦੇ ਪੰਜਾਬੀ ਸਲਵਾਰ ਕਮੀਜ਼ ਵਿਚ ਆ ਜਾਂਦੀ ਐ। ਜੋਤ ਦੇ ਥਾਲ ਨੂੰ ਸ਼ਰਧਾ ਨਾਲ ਸੰਗਤ ਵਿੱਚ ਘੁਮਾਉਂਦੀ ਐ। ਲਗਦਾ ਹਿੰਦੂ ਮੱਤ ਦੀ ਸ਼ਰਧਾਲੂ ਬਣ ਹੀ ਗਈ ਐ। ਗੋਰੀਆਂ ਤਾਂ ਅਪਣਾ ਧਰਮ ਨਹੀਂ ਛੱਡਦੀਆਂ ਪਰ ਇਸ ਨੇ ਤਾਂ ਪਰਿਵਰਤਨ ਖੁਸ਼ੀ ਨਾਲ ਹੀ ਗਲੇ ਲਗਾ ਲਿਆ।"
  " ਹਾਂ ਬਾਈ, ਸਲਾਹਣਾ ਤਾਂ ਕਰਨੀ ਬਣਦੀ ਐ। ਤਦੇ ਤਾਂ ਐਂਜਲਾ ਨੂੰ ਦੇਸੀ ਗੋਰੀ ਕਹਿੰਦੇ ਨੇ।" ਇੱਕ  ਹੋਰ ਨੇ ਹਾਂਭੀ ਭਰੀ।
  " ਕੀ ਪਤਾ ਅਜੇਹਾ ਕਹਿਣ ਵਾਲੇ ਗੋਰੀ ਦਾ ਮਜ਼ਾਕ ਉੜਾਉਂਦੇ ਨੇ ਜਾਂ ਸਚੀਂ ਪ੍ਰਸ਼ੰਸਾ ਕਰਦੇ ਨੇ?" ਗੁਜਰਾਤੀ ਨੇ ਸੰਕਾ ਨੂੰ ਜਨਮ ਦਿੱਤਾ।
  " ਧੀ ਵੀ ਕਈ ਮਹੀਨੇ ਹਿੰਦੀ ਸਕੂਲ ਜਾਂਦੀ ਰਹੀ ਐ। ਪਰ ਉਹ ਤਾਂ ਸਾਫ ਕਹਿੰਦੀ ਸੀ ਕਿ ਹਿੰਦੀ ਮੇਰੇ ਕਿਸੇ ਕੰਮ ਨਹੀਂ ਆ ਸਕਦੀ। ਮੈਨੂੰ ਮਜਬੂਰ ਨਾ ਹੀ ਕਰੋ ਤਾਂ ਠੀਕ ਹੋਵੇਗਾ।" ਗੋਰੀ ਦੀ ਧੀ ਦੀ ਮਜਬੂਰੀ ਦਾ ਵੇਰਵਾ ਵੀ ਇੱਕ ਨੇ ਸੁਣਾਇਆ।
  " ਅਮਰੀਕਨ ਬੱਚੇ ਹਮੇਸ਼ਾ ਅਪਣੀ ਮਨ ਮਰਜ਼ੀ ਹੀ ਕਰਦੇ ਹਨ। ਅਪਣੇ ਦੇਸ਼ ਵਿੱਚ ਥੋਹੜੀ ਬਹੁਤ ਝਿੜਕ ਝੰਬ ਕੀਤੀ ਜਾ ਸਕਦੀ ਐ ਪਰ ਐਥੇ ਤਾਂ ਜ਼ਰਾ ਕੁ  ਚਾਂਟਾ ਮਾਰਨ ਤੇ ਜੇਹਲ ਜਾਣ ਦਾ ਖਤਰਾ ਪੈਦਾ ਹੋ ਜਾਂਦਾ ਹੈ। 911 ਕਾਲ ਕਰਨ ਲਗੇ ਜ਼ਰਾ ਵੀ ਢਿੱਲ ਨਹੀਂ ਕਰਦੇ, ਬੱਚੇ। ਪੁਲਿਸ ਵੀ ਝੱਟ ਆ ਜਾਂਦੀ ਐ।" ਰੋਟੀਆਂ ਵਰਤਾਉਣ ਆਈ ਸੁਆਣੀ ਨੇ ਵੀ ਵਿਚਾਰ ਪ੍ਰਗਟਾਇਆ।
  ਰੋਟੀ ਦਾ ਭੋਗ ਪਾ ਕੇ ਕਈ ਚਲੇ ਗਏ ਤੇ ਕਈ ਲਿਵਿੰਗ ਰੂਮ ਵਿੱਚ ਇਕੱਠੇ ਆ ਬੇਠੇ। ਕਈ ਕੁਰਸੀਆਂ ਵੀ ਲਿਆਉਣੀਆਂ ਪੱਈਆਂ। ਚਾਹ ਵੰਡੀ ਗਈ। ਉਸ਼ਾ ਨੇ ਸਭਨਾ ਦਾ ਧਿਆਨ ਅਪਣੇ ਵੱਲ ਖਿੱਚ ਲਿਆ। ਉਹ ਬੋਲੀ," ਆਪ ਲੋਗ ਐਂਜਲਾ ਕੀ ਬੇਟੀ ਕੀ ਬਾਤ ਕਰ ਰਹੇ ਥੇ। ਵੋ ਤੋ ਫਿਰ ਭੀ ਆਧੀ ਸੇ ਜ਼ਿਆਦਾ ਗੋਰੀ ਲਗਤੀ ਹੈ ਪਰ ਮੇਰੇ ਬੇਟੇ ਨੇ ਤੋ ਕਮਾਲ ਹੀ ਕਰ ਦਿਖਾਈ। ਦੇਸ਼ ਮੇ ਪੈਦਾ ਹੁਆ। ਯਹਾਂ ਡਾਕਟਰ ਬਨ ਗਿਆ। ਯੇ ਦੇਖੋ ਹਮੇਂ ਭੀ ਅਪਣੀ ਸ਼ਾਦੀ ਕਾ ਕਾਰਡ ਭੇਜ ਕਰ ਬੁਲਾਇਆ ਹੈ। ਅਬ ਹਮ ਕਿਆ ਕਹੇਂ, ਕਿਆ ਕਰੇਂ। ਡੂਬ ਮਰੇਂ। ਸੋਚਾ ਹੈ ਜਾਏਂਗੇ ਤੋ ਸਹੀ, 500 ਡਾਲਰ ਦੇ ਆਵੈਂਗੇ। ਅਮਰੀਕਾ ਆਨਾ ਹੀ ਨਹੀਂ ਚਾਹੀਏ ਥਾ।"
  " ਅਜੀ ਰੋਨਾਂ ਕਿਸ ਬਾਤ ਕਾ ਹੈ। ਯਹਾਂ ਤੋ ਏਕ ਸੇ ਬੜ੍ਹ ਕਰ ਏਕ ਅਚੰਭੇ ਹੋ ਰਹੇ ਹੈਂ।" ਕਈ ਬੋਲੀਆਂ।
  ਸੰਗਤ ਹੌਲੀ ਹੌਲੀ ਵਾਪਸ ਵੀ ਜਾਂਦੀ ਰਹੀ। 
  ਹਰੀਸ਼ ਨੂੰ ਧਰਮਵੀਰ ਦੀ ਗੈਰਹਾਜ਼æਰੀ ਵਾਕੁਲ ਕਰ ਰਹੀ ਸੀ। ਸੋਚਿਆ - ਮੰਦਰ ਦੀ ਪਿਛਲੀ ਬੋਰਡ ਮੀਟਿੰਗ ਵਿੱਚ, ਧਰਮਵੀਰ ਦਾ ਵਿਰੋਧ ਜ਼ਰੂਰ ਕੀਤਾ ਸੀ ਪਰ ਕੋਈ ਚੁਭਵੀਂ ਗੱਲ ਤਾਂ ਨਹੀਂ ਸੀ ਕਹੀ। ਅਜੇਹੇ ਕਈ ਖਿਆਲ ਆਏ ਪਰ ਕਿਤੇ ਕੋਈ ਅਢੁੱਕਵੀਂ ਗੱਲ ਤਾਂ ਨਹੀਂ ਲੱਭੀ। 
  ਆਖਿਰ ਇੱਕ ਦਿਨ ਮੰਦਰ ਵਿੱਚ ਚਲ ਰਹੇ ਪ੍ਰੋਗ੍ਰਾਮ ਸਮੇ ਮੌਕਾ ਤਾੜ ਕੇ ਹਰੀਸ਼ ਨੇ ਧਰਮਵੀਰ ਨੂੰ ਪੁੱਛ ਹੀ ਲਿਆ। ਧਰਮਵੀਰ ਨੇ ਸ਼ਾਂਤ ਸੁਭਾ ਹੀ ਕਿਹਾ," ਹਰੀਸ਼ ਯਾਰ ਕੀ ਦੱਸਾਂ ਤੈਨੂੰ। ਅੱਜ ਕੱਲ੍ਹ ਮੇਰੀ ਧੀ ਨੇ ਪਰੇਸ਼ਾਨੀ ਵਿੱਚ ਪਾਇਆ ਹੋਇਆ ਹੈ। ਉਸ ਨੂੰ ਪੁਲਿਸ ਫੜ ਕੇ ਲੈ ਗਈ ਸੀ। ਤੇਰੇ ਘਰ ਨਾ ਆਉਣ ਦਾ ਕਾਰਨ ਇਹੋ ਸੀ । ਭਰਾਵਾ, ਅਪਣਾ ਪੈਸਾ ਖੋਟਾ ਹੋਵੇ ਤਾਂ ਪਰਖਣ ਵਾਲਿਆਂ ਦਾ ਕੀ ਦੋਸ਼। ਕੁੜੀ ਕਾਰਨ, ਐਂਜਲਾ ਨਾਲ ਵੀ ਖਟ ਪਟੀ ਚਲ ਰਹੀ ਐ।"
  " ਮੁਆਫ ਕਰੀਂ ਯਾਰ। ਮੈਨੂੰ ਡਰ ਸੀ ਕਿਤੇ ਤੂੰ ਨਰਾਜ਼ ਹੀ ਤਾਂ ਨਹੀਂ ਹੋ ਗਿਆ, ਕਿਸੇ ਗੱਲੋਂ।" ਹਰੀਸ਼ ਬਾਈ ਬਾਈ ਬੋਲ ਕੇ ਕਾਰ ਵਿੱਚ ਬੈਠ, ਚਲਾ ਗਿਆ।
  ਅੱਜ ਮੰਦਰ ਵਿੱਚ ਦਿਵਲੀ ਮਨਾਈ ਜਾ ਰਹੀ ਸੀ। ਧਰਮਵੀਰ, ਐਂਜਲਾ ਅਤੇ ਧੀ ਕਿਤੇ ਨਜ਼ਰ ਨਹੀਂ ਸਨ ਆ ਰਹੇ। ਲੋਕਾਂ ਵਿੱਚ ਘੁਸਰ ਮੁਸਰ ਚਲ ਰਹੀ ਸੀ ਜਦੋਂ ਹਰੀਸ਼ ਅਪਣੇ ਟੱਬਰ ਨਾਲ, ਦੇਰ ਨਾਲ, ਪਹੁੰਚਿਆ। ਕੱਈਆਂ ਨੇ ਉਸ ਨਾਲ ਗੱਲ ਬਾਤ ਸਾਂਝੀ ਕੀਤੀ। ਧਰਮਵੀਰ ਬਾਰੇ ਪੁਛਿਆ। ਮਿੱਤਰਾਂ ਦੇ ਪੁਛਣ ਤੇ, ਅਪਣਾ ਦੂਰ ਨਾਲ ਆਉਣ ਦਾ ਕਾਰਨ ਦੱਸਿਆ। " ਮੈਂ ਧਰਮਵੀਰ ਦੇ ਘਰ ਗਿਆ ਸਾਂ। ਵਿਚਾਰਾ ਅਤੀ ਦੁਖੀ ਸੀ। ਕਹਿੰਦਾ ਸੀ ਕਿ ਐਂਜਲਾ ਨਾਲ ਝਗੜਾ ਬਹੁਤ ਵਧ ਗਿਆ। ਸ਼ਾਇਦ ਉਹਨਾਂ ਦੇ ਆਉਣ ਦੀ ਆਸ ਨਹੀਂ। ਉਹਨਾਂ ਦੀ ਧੀ ਕਾਰ ਖਰੀਦਣ ਦੀ ਜ਼ਿੱਦ ਕਰ ਰਹੀ ਹੈ ਪਰ ਧਰਮਵੀਰ ਅਜੇ ਨਹੀਂ ਚਾਹੁੰਦਾ ਕਿ ਟੀਨਏਜਰ ਕੁੜੀ ਖਤਰਾ ਮੁੱਲ ਲਵੇ। ਧੀ ਦੀ ਸਕੂਲ ਚੋਂ ਵੀ ਰਿਪੋਰਟ ਸਹੀ ਨਹੀਂ ਆ ਰਹੀ। ਉਹ ਕੁੜੀ ਨੂੰ ਸਮਝਾ ਸਮਝਾ ਥੱਕ ਗਿਆ। ਭੈੜੀ ਮਿੱਤਰ ਮੰਡਲੀ ਤਿਆਗਣ ਦੀ ਨਸੀਹਤ ਦੇਂਦਾ ਹੀ ਰਹਿੰਦਾ ਹੈ। ਧੀ ਟੱਸ ਤੋਂ ਮੱਸ ਨਹੀਂ ਹੁੰਦੀ। ਧੀ ਦੀ ਮਾਂ ਧੀ ਦਾ ਸਾਥ ਦੇ ਰਹੀ ਹੈ। ਘਰ ਛੱਡ ਦੇਣ ਦੀ ਧਮਕੀ ਹੁਣ ਕੋਈ ਨਵੀਂ ਗੱਲ ਨਹੀਂ ਰਹੀ। ਘਰ ਦੀ ਖੱਟ ਪਟ ਕਾਰਨ ਉਸ ਘਰ ਅੱਜ ਦਿਵਾਲ਼ੀ ਦੇ ਦੀਵੇ ਸ਼ਾਇਦ ਹੀ ਬਲਣ।"
  ਕਈ ਮਹੀਨੇ ਨਿਕਲ ਗਏ। ਧਰਮਵੀਰ ਮੰਦਰ ਦੀਆਂ ਇੱਕ ਦੋ ਮੀਟਿੰਗਾਂ ਵਿੱਚ ਭਾਗ ਲੈਣ ਵੀ ਆਇਆ। ਸਭ ਠੀਕ ਹੀ ਹੋ ਗਿਆ ਹੋਵੇਗਾ, ਅਜੇਹਾ ਵਿਚਾਰ ਮਿੱਤਰਾਂ ਦੇ ਮਨਾਂ ਵਿੱਚ ਵਸ ਗਿਆ। ਇੱਕ ਦਿਨ, ਮਾਲ ਦੀਆ ਦੁਕਾਨਾਂ ਵਿੱਚ ਘੁੰੱਮਦਾ, ਹਰੀਸ਼ ਨੂੰ ਮਿਲ ਪਿਆ। ਗੱਲਾਂ ਗੱਲਾਂ ਵਿੱਚ ਹੀ, ਦੁਖੀ ਆਤਮਾ ਨੇ ਬੋਲ ਹੀ ਦਿੱਤਾ।
  " ਹਰੀਸ਼ ਯਾਰ ਪਤਾ ਨਹੀਂ ਕੀ ਕਰਾਂ? ਧੀ ਨੇ ਤਾਂ ਬਹੁਤ ਸਤਾਇਆ ਹੋਇਆ ਹੈ। ਘਰੋਂ ਭੱਜ ਗਈ ਐ। ਸ਼ਾਇਦ ਕਿਸੇ ਮੁਸ਼ਟੰਡੇ ਮੁੰਡੇ ਨਾਲ ਰਹਿ ਰਹੀ ਐ।"
  " ਤੂੰ ਯਾਰ ਕਾਰ ਹੀ ਲੈ ਦੇਂਦਾ, ਜੇ ਇਹੋ ਝਗੜਾ ਸੀ।"
  " ਕਾਰ ਤਾਂ ਲੈ ਦਿੱਤੀ ਸੀ। ਉਹ ਤਾਂ ਕਾਰ ਵੀ ਲੈ ਗਈ। ਮੈਨੂੰ ਲਗਦਾ ਕਿਸੇ ਡਰੱਗ ਡੀਲਰ ਦੇ ਧੱਕੇ ਚੜ੍ਹ ਗਈ ਐ। ਬਦਕਿਸਮਤੀ ਦਾ ਕੋਈ ਇਲਾਜ ਨਹੀਂ, ਮਿੱਤਰਾ।" ਨਮਸ਼ਕਾਰ ਬੋਲ ਧਰਮਵੀਰ ਚਲਾ ਗਿਆ। ਐਂਜਲਾ ਬਾਰੇ ਕੋਈ ਗੱਲ ਬਾਤ ਨਾ ਹੋਈ।
  ਅੱਜ ਨਰੇਸ਼ ਦੇ ਮੁੰਡੇ ਦਾ ਬਰਥ ਡੇ ਮਨਾਇਆ ਤਾਂ ਧਰਮਵੀਰ ਇਕੱਲਾ ਹੀ ਆਇਆ। ਨਰੇਸ਼ ਨੇ ਐਂਜਲਾ ਬਾਰੇ, ਸਹਿਜ ਸੁਬਾ ਹੀ, ਪੁੱਛਿਆ ਕਿ ਉਹ ਕਿਉਂ ਨਹੀਂ ਆਈ।
  " ਨਰੇਸ਼ ਵੀਰ ਜਦੋਂ ਇਨਸਾਨ ਤੇ ਬਿਪਤਾ ਦਾ ਹਮਲਾ ਹੋਇਆ ਹੋਵੇ ਤਾਂ ਤਨ, ਮਨ ਅਤੇ ਧਨ ਸਭਨਾ ਉੱਤੇ ਭਾਰੂ ਪੈਂਦਾ ਹੈ। ਐਂਜਲਾ ਵੀ ਘਰ ਛੱਡ ਗਈ। ਡਾਈਵੋਰਸ ਵੀ ਫਾਈਲ ਕਰ ਦਿੱਤਾ ਹੈ। ਕਿਸੇ ਪੁਰਾਣੇ ਯਾਰ ਦੇ ਨਾਲ ਜਾ ਟਿਕੀ ਐ। ਡਾਈਵੋਰਸ ਦਾ ਫੈਸਲਾ ਤਾਂ ਪਤਾ ਨਹੀਂ ਕਦੋਂ ਅਤੇ ਕਿਵੇਂ ਹੋਵੇਗਾ ਪਰ ਐਨਾਂ ਪਤਾ ਹੈ ਕਿ ਘਰ ਵੇਚਣਾ ਪਵੇਗਾ। ਸਿਆਣੇ ਕਹਿੰਦੇ ਸੀ ਵਿਪਰੀਤ ਬੁੱਧੀ ਵਿਨਾਸ਼ ਕਾਲਿਐ। ਵਿਨਾਸ਼ ਦੇ ਦਿਨ ਚਲ ਰਹੇ ਨੇ, ਅੱਜ ਕੱਲ੍ਹ।"
  ਅੱਜ ਮੰਦਰ ਵਿੱਚ ਪੂਜਾ ਤਾਂ ਹੋ ਰਹੀ ਸੀ ਪਰ ਸਭਨਾ ਦੇ ਚਿਹਰੇ ਉਤਰੇ ਹੋਏ ਲਗਦੇ ਸਨ। ਹਰੀਸ਼ ਪੂਜਾ ਕਰਨ ਬੈਠ ਗਿਆ। ਅਖਿਰ ਪੂਜਾ ਖਤਮ ਹੋਈ ਤੇ ਪੰਡਿਤ ਜੀ ਨੇ ਸਭਨਾ ਨੂੰ ਦੱਸਿਆ, " ਅਗਲੇ ਸਨਿਚਰ ਧਰਮਵੀਰ ਜੀ ਦੇ ਘਰ ਹਵਨ ਹੋਵੇਗਾ। ਉਹਨਾ ਦੀ ਧੀ ਦੀ ਅਫਸੋਸ ਜਨਕ ਮੌਤ ਹੋ ਗਈ ਹੈ। ਸਵੇਰੇ ਦਸ ਤੋਂ ਇੱਕ ਵਜੇ ਦਾ ਸਮਾ ਹੈ ਜੀ।"
  ਖਬਰ ਸੁਣ ਕੇ ਕਈ ਲੋਗ ਨਰੇਸ਼ ਤੋਂ ਪਤਾ ਕਰਨ ਉਸ ਦੇ ਨੇੜੇ ਆ ਖਲੋਤੇ। ਨਰੇਸ਼ ਜੋ ਧਰਮਵੀਰ ਦਾ ਪੱਕਾ ਦੋਸਤ ਸਮਝਿਆ ਜਾਂਦਾ ਸੀ, ਬੋਲਿਆ," ਡਰੱਗ ਓਵਰ ਡੋਜ਼ ਨਾਲ ਮੌਤ ਹੋਈ ਐ। ਪੁਲਿਸ ਨੇ ਇੱਕ ਮੁੰਡਾ ਵੀ ਹਿਰਾਸਤ ਵਿੱਚ ਲਿਆ ਹੈ। ਵਿਪਰੀਤ ਬੁੱਧੀ ਵਿਨਾਸ਼ ਕਾਲਿਐ। ਧਰਮਵੀਰ ਦੀ ਕੋਈ ਪੇਸ਼ ਨਹੀਂ ਗਈ!" ਸੁਣ ਕੇ, ਦੁਖੀ ਹਿਰਦੇ ਲੈ, ਸਭ ਚਲੇ ਗਏ।