ਸਭ ਰੰਗ

 •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
 •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
 •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
 •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
 •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
 •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
 • 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ (ਖ਼ਬਰਸਾਰ)


  ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ ਨੌਰਥ ਡੈਲਟਾ ਰੀਕ੍ਰੀਏਸ਼ਨ ਸੈਂਟਰ ਵਿਚ ਐਤਵਾਰ 26 ਫਰਵਰੀ ਵਾਲੇ ਦਿਨ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿਚ ਢਾਈ ਸੌ ਦੇ ਕਰੀਬ ਪੰਜਾਬੀ ਬੋਲੀ ਨਾਲ ਮੋਹ ਰੱਖਣ ਵਾਲੇ ਲੋਕ ਪਹੁੰਚੇ ਜਿਨ੍ਹਾਂ ਵਿਚ ਬੀ ਸੀ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਪੜ੍ਹ ਰਹੇ ਵਿਦਿਆਰਥੀ, ਉਨ੍ਹਾਂ ਦੇ ਅਧਿਆਪਕ ਤੇ ਮਾਪੇ ਸ਼ਾਮਲ ਸਨ। ਪ੍ਰੋਗਰਾਮ ਦੇ ਸ਼ੁਰੂ ਵਿਚ ਪਲੀ ਮੈਂਬਰ ਅਤੇ ਯੂ ਬੀ ਸੀ ਦੇ ਵਿਦਿਆਰਥੀ ਗੁਰਿੰਦਰ ਮਾਨ ਨੇ ਆਪਣੀ ਲਿਖੀ ਕਵਿਤਾ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕੀਤੀ। ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਪਲੀ ਵਲੋਂ ਬੀ ਸੀ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੰਜਾਬੀ ਬੋਲੀ ਦੀ ਪੜ੍ਹਾਈ ਲਈ ਕੀਤੀਆਂ ਸਰਗਰਮੀਆਂ ਬਾਰੇ ਸੰਖੇਪ ਵਿਚ ਸ੍ਰੋਤਿਆਂ ਨੂੰ ਦੱਸਿਆ। ਉਨ੍ਹਾਂ ਨੇ ਪਲੀ ਦੇ ਸਰਗਰਮ ਮੈਂਬਰਾਂ ਦੀ ਜਾਣ ਪਛਾਣ ਵੀ ਕਰਾਈ। ਜਿਨ੍ਹਾਂ ਵਿਚ ਸ਼ਾਮਲ ਹਨ: ਸਾਧੂ ਬਿਨਿੰਗ, ਪਰਵਿੰਦਰ ਧਾਰੀਵਾਲ, ਪਾਲ ਬਿਨਿੰਗ, ਪ੍ਰਭਜੋਤ ਕੌਰ, ਹਰਮੋਹਨਜੀਤ ਪੰਧੇਰ, ਰਣਬੀਰ ਜੌਹਲ, ਰਜਿੰਦਰ ਪੰਧੇਰ, ਗੁਰਿੰਦਰ ਮਾਨ ਤੇ ਦਇਆ ਕੌਰ ਜੌਹਲ।
  ਇਸ ਵਰ੍ਹੇ ਦੇ ਸਮਾਗਮ ਦੇ ਹਿੱਸੇ ਵਜੋਂ ਪਲੀ ਨੇ ਪੰਜਾਬੀ ਅਦਾਕਾਰ ਓਮ ਪੁਰੀ ਦੀ ਜਨਵਰੀ ਵਿਚ ਹੋਈ ਅਚਾਨਕ ਮੌਤ ’ਤੇ ਦੁੱਖ ਪ੍ਰਗਟ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪਲੀ ਦੇ ਸਾਧੂ ਬਿਨਿੰਗ ਨੇ, ਜਿਨ੍ਹਾਂ ਦੇ ਪਰਿਵਾਰ ਦੀ ਓਮ ਪੁਰੀ ਹੋਰਾਂ ਨਾਲ ਬੜੀ ਪੁਰਾਣੀ ਨੇੜੇ ਦੀ ਸਾਂਝ ਸੀ, ਉਨ੍ਹਾਂ ਦੀ ਯਾਦ ਵਿਚ ਕਿਹਾ ਕਿ ਓਮ ਪੁਰੀ ਹੋਰਾਂ ਆਪਣੀ ਕਲਾ ਨਾਲ ਸਮੁੱਚੀ ਦੁਨੀਆ ਦੇ ਸੁਹੱਪਣ ਵਿਚ ਨਵੇਂ ਰੰਗ ਭਰੇ ਅਤੇ ਸੰਸਾਰ ਭਰ ਵਿਚ ਪੰਜਾਬੀਅਤ ਨੂੰ ਮਾਣ ਦੁਆਇਆ।
  ਸਰੀ ਦੇ ਨਿਊਟਨ ਹਲਕੇ ਦੀ ਰਹਿ ਚੁੱਕੀ ਐਮ ਪੀ ਜਿੰਨੀ ਸਿੰਮਜ਼ ਨੇ ਪਲੀ ਵਲੋਂ ਅਗਲੀ ਪੀੜ੍ਹੀ ਨਾਲ ਪੰਜਾਬੀ ਦੀ ਸਾਂਝ ਗੂਹੜੀ ਕਰਨ ਦੀਆਂ ਕੋਸ਼ਸ਼ਾਂ ਨੂੰ ਸਰਾਹਿਆ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਨ। ਸਰੀ ਸਕੂਲ ਬੋਰਡ ਦੇ ਮੈਂਬਰ ਗੈਰੀ ਥਿੰਦ ਹੋਰਾਂ ਵੀ ਪਲੀ ਦੇ ਕੰਮਾਂ ਦੀ ਪ੍ਰੋੜਤਾ ਕੀਤੀ ਅਤੇ ਆਪਣੀ ਵਲੋਂ ਹਰ ਪੱਧਰ ’ਤੇ ਹਿਮਾਇਤ ਕਰਨ ਦਾ ਵਾਅਦਾ ਕੀਤਾ। ਪਲੀ ਦੀ ਸਰਗਰਮ ਮੈਂਬਰ ਪ੍ਰਭਜੋਤ ਕੌਰ ਨੇ ਪੰਜਾਬੀ ਬੋਲੀ ਤੇ ਸਾਹਿਤ ਦੀ ਅਮੀਰੀ ਬਾਰੇ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਵਾਂਟਲਿਨ ਯੂਨੀਵਰਸਿਟੀ ਤੋਂ ਪਰਵਿੰਦਰ ਧਾਰੀਵਾਲ ਦੇ ਵਿਦਿਆਰਥੀ ਲੈਂਗ ਕੋਚ ਨੇ ਪੰਜਾਬੀ ਸਿੱਖਣ ਦੇ ਫਾਇਦਿਆਂ ਬਾਰੇ ਆਪਣੇ ਵਿਚਾਰ ਦੱਸੇ। ਕੰਬੋਡੀਅਨ ਪਿਛੋਕੜ ਦੇ ਇਸ ਵਿਦਿਆਰਥੀ ਨੇ ਦੱਸਿਆ ਕਿ ਪੰਜਾਬੀ ਸਿੱਖਣ ਨਾਲ ਕਿਸ ਤਰ੍ਹਾਂ ਉਹ ਆਪਣੇ ਪੰਜਾਬੀ ਦੋਸਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਘੁਲ਼ ਮਿਲ਼ ਗਿਆ ਹੈ ਅਤੇ ਉਹਦੇ ਲਈ ਨਵੀਂ ਦੁਨੀਆਂ ਦੇ ਦਰਵਾਜੇ ਖੁੱਲ੍ਹ ਗਏ ਹਨ।
  ਪਲੀ ਹਰ ਵਰ੍ਹੇ ਆਪਣੇ ਭਾਈਚਾਰੇ ਵਿਚੋਂ ਉਨ੍ਹਾਂ ਵਿਅਕਤੀਆਂ ਦਾ ਸਨਮਾਨ ਕਰਦੀ ਹੈ ਜਿਨ੍ਹਾਂ ਨੇ ਆਪਣੇ ਕੰਮਾਂ ਨਾਲ ਪੰਜਾਬੀ ਬੋਲੀ ਨੂੰ ਕਨੇਡਾ ਵਿਚ ਸਥਾਪਤ ਕਰਨ ਵਿਚ ਯੋਗਦਾਨ ਪਾਇਆ ਹੁੰਦਾ ਹੈ। ਇਸ ਵਾਰੀ ਵੀ ਭਾਈਚਾਰੇ ਦੀ ਜਾਣੀ ਪਛਾਣੀ ਸ਼ਖਸੀਅਤ ਆਸਾ ਸਿੰਘ ਜੌਹਲ ਹੋਰਾਂ ਨੂੰ ਉਨ੍ਹਾਂ ਵਲੋਂ ਯੂ ਬੀ ਸੀ ਵਿਚ ਪੰਜਾਬੀ ਦੀ ਪੜ੍ਹਾਈ ਚਲਦੀ ਰੱਖਣ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਦਿੱਤੀ ਜਾਂਦੀ ਮਾਇਕ ਸਹਾਇਤਾ ਲਈ ਸਨਮਾਨਤ ਕੀਤਾ। ਆਸਾ ਸਿੰਘ, ਜੋ ਨੱਬਿਆਂ ਸਾਲਾਂ ਤੋਂ ਵੱਧ ਉਮਰ ਦੇ ਹਨ, ਆਪਣੀ ਪਤਨੀ ਕਸ਼ਮੀਰ ਕੌਰ ਜੌਹਲ ਤੇ ਬੇਟੇ ਦਰਸ਼ੀ ਸਿੰਘ ਜੌਹਲ ਹੋਰਾਂ ਨਾਲ ਪਲੀ ਦੇ ਸਮਾਗਮ ’ਤੇ ਪਹੁੰਚੇ ਤੇ ਸ੍ਰੋਤਿਆਂ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ।
  ਓਮਨੀ ਪੰਜਾਬੀ ਟੀ ਵੀ ਦੇ ਰਹਿ ਚੁੱਕੇ ਨਿਊਜ਼ ਮੈਨੇਜਰ ਤੇ ਹੁਣ ਹਾਕੀ ਨਾਈਟ ਇਨ ਪੰਜਾਬੀ ਦੀ ਆਵਾਜ਼ ਭੁਪਿੰਦਰ ਹੁੰਦਲ ਹੋਰਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਾਕੀ ਦਾ ਪੰਜਾਬੀ ਵਿਚ ਪ੍ਰਸਾਰਣ ਕਰਨ ਬਦਲੇ ਕਨੇਡਾ ਅਤੇ ਅਮਰੀਕਾ ਵਿਚ ਮਿਲ ਰਹੀ ਸ਼ੁਹਰਤ ਤੇ ਪਹਿਚਾਣ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਨੇ ਖਾਸ ਤੌਰ ’ਤੇ ਪੰਜਾਬੀ ਸਿੱਖ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜਾਬੀ ਹੋਣ ’ਤੇ ਮਾਣ ਮਹਿਸੂਸ ਕਰਨ ਅਤੇ ਪੂਰੇ ਮਨ ਨਾਲ ਪੰਜਾਬੀ ਸਿੱਖਣ।
  ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਪਲੀ ਦੇ ਮਾਂ-ਬੋਲੀ ਦਿਨ ਦੇ ਸਮਾਗਮ ਦਾ ਮੁੱਖ ਫੋਕੱਸ ਵਿਦਿਅਕ ਅਦਾਰਿਆਂ ਵਿਚ ਪੰਜਾਬੀ ਸਿੱਖ ਰਹੇ ਵਿਦਿਆਰਥੀਆਂ ਨੂੰ ਉਤਸਾਹਤ ਕਰਨ ਲਈ ਉਨ੍ਹਾਂ ਵਲੋਂ ਕਵਿਤਾਵਾਂ, ਗੀਤ, ਤੇ ਲੇਖਾਂ ਦੀਆਂ ਪੇਸ਼ਕਾਰੀਆਂ ਸਨ। ਸਮਾਗਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਨ: ਸੁਖਮਣ ਕੌਰ ਕੰਬੋਅ, ਸਾਹਿਬ ਸਿੰਘ ਕੰਬੋਅ, ਰਮਿੰਦਰ ਧਾਰੀਵਾਲ, ਸਿਮਰਤ ਜੇਠੀ, ਲਵਲੀਨ ਛਰਹਾਨ, ਆਸ਼ਮੀਨ ਸੰਧੂ, ਨਵਰੀਤ ਵਿਰਕ, ਪਰਲੀਨ ਸਹੋਤਾ, ਆਰਮਨ ਸਿੱਧੂ, ਸੁਰਖਾਬ ਢਿੱਲੋਂ, ਕਰਨ ਸੰਧੂ, ਗੁਨੀਤ ਝੱਜ, ਸਿਦਕਦੀਪ ਲਾਲੀ, ਜੀਆ ਗਿੱਲ, ਜਸਮੀਤ ਸਿੱਧੂ, ਗੁਰਨੀਤ ਕੌਰ ਸੇਠੀ, ਹਰਨੂਰ ਸਿੰਘ, ਲਵਲੀਨ ਵਾਲ਼ੀਆ, ਇਸ਼ਰੀਤ ਸਰਾਂ, ਤਮਨਪ੍ਰੀਤ ਬਹਿਲ, ਪ੍ਰਬਲੀਨ ਰਾਏ, ਐਨਰੂਪ ਕੌਰ, ਲਵਜੋਤ ਛਰਹਾਨ, ਰੰਜੀਵ ਸਹੋਤਾ, ਕਰਮਜੀਤ ਖੇਲਾ, ਗੁਰਸਾਗਰ ਦੋਸਾਂਝ, ਮਨਦੀਪ ਕੰਗ, ਇਨਦੀਪ ਸੰਧੂ, ਰੋਹਨ ਵਰਮਾ, ਸੁਖਰਾਜ ਗਿੱਲ, ਅਰਜਨ ਰਾਏ, ਸੇਵਾ ਪੰਧੇਰ, ਸਹਿਜ ਬਾਜਵਾ ਅਤੇ ਗੁਰਦਿੱਤ ਔਲਖ। ਇਹ ਸਾਰੇ ਵਿਦਿਆਰਥੀ ਇਨ੍ਹਾਂ ਦੇ ਅਧਿਆਪਕ ਗਰੀਨ ਟਿੰਬਰਜ਼ ਐਲਿਮੈਂਟਰੀ ਤੋਂ ਕਮਲਜੀਤ ਕੌਰ ਬਾਜਵਾ, ਨਿਊਵੈਸਟ ਸੈਕੰਡਰੀ ਸਕੂਲ ਤੋਂ ਸਤਨਾਮ ਸਾਂਗਰਾ, ਬੀਵਰ ਕਰੀਕ ਐਲਿਮੈਂਟਰੀ ਤੋਂ ਹਰਮਨ ਪੰਧੇਰ, ਐਲ ਏ ਮੈਥਿਸਨ ਸੈਕੰਡਰੀ ਤੋਂ ਗੁਰਪ੍ਰੀਤ ਬੈਂਸ, ਪਰਿੰਸਸ ਮਾਰਗਰੈਟ ਸੈਕੰਡਰੀ ਤੋਂ ਅਮਨਦੀਪ ਛੀਨਾ ਹੋਰਾਂ ਦੇ ਸਹਿਯੋਗ ਨਾਲ ਆਏ ਸਨ। ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪਲੀ ਵਲੋਂ ਸਰਟੀਫਿਕੇਟ ਅਤੇ ਤੋਹਫੇ ਦਿੱਤੇ ਗਏ। 
  ਪਲੀ ਦਾ ਇਹ ਪ੍ਰੋਗਰਾਮ ਭਰਪੂਰ ਹਾਜ਼ਰੀ ਵਿਚ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨਾਲ ਮਾਂ-ਬੋਲੀ ਪੰਜਾਬੀ ਦਾ ਢੁੱਕਵਾਂ ਜਸ਼ਨ ਸੀ। ਸਾਰੇ ਪ੍ਰੋਗਰਾਮ ਨੂੰ ਪਲੀ ਦੇ ਹਰਮਨ ਪੰਧੇਰ, ਜੋ ਖੁਦ ਪੰਜਾਬੀ ਪੜ੍ਹਾਉਂਦੇ ਹਨ ਅਤੇ ਬਰਨਬੀ ਸਕੂਲ ਬੋਰਡ ਦੇ ਚੁਣੇ ਹੋਏ ਮੈਂਬਰ ਹਨ, ਨੇ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ। ਅੰਤ ਵਿਚ ਬਲਵੰਤ ਸੰਘੇੜਾ ਹੋਰਾਂ ਆਏ ਸ੍ਰੋਤਿਆਂ ਅਤੇ ਸਮੁੱਚੇ ਪੰਜਾਬੀ ਮੀਡੀਏ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਚੰਦਰ ਬੋਡਾਲੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਪਿਛਲੇ ਸਾਲਾਂ ਦੀ ਤਰ੍ਹਾਂ ਸਮਾਗਮ ਦੀਆਂ ਤਸਵੀਰਾਂ ਲੈਣ ਲਈ ਉਚੇਚੇ ਪਹੁੰਚੇ। ਸਮਾਗਮ ਸਮੇਂ ਪਲੀ ਦੀ ਸਹਾਇਤਾ ਕਰਨ ਲਈ ਉਨ੍ਹਾਂ ਮੱਖਣ ਟੁੱਟ, ਪ੍ਰੀਤ ਬਿਨਿੰਗ, ਸੁਖਵੰਤ ਹੁੰਦਲ, ਨਵਦੀਪ ਸਿੱਧੂ ਤੇ ਹੋਰਨਾਂ ਦਾ ਵੀ ਧੰਨਵਾਦ ਕੀਤਾ।

  ਗੁਰਿੰਦਰ ਮਾਨ