ਸਭ ਰੰਗ

 •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
 •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
 •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
 •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
 •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
 •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
 • ਰਾਜਪ੍ਰੀਤ (ਲੇਖ )

  ਰਿਸ਼ੀ ਗੁਲਟੀ   

  Email: rishi22722@yahoo.com
  Address:
  ਐਡੀਲੇਡ Australia
  ਰਿਸ਼ੀ ਗੁਲਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪੱਕਾ ਤਾਂ ਯਾਦ ਨਹੀਂ ਪਰ ਮੋਟੇ ਜਿਹੇ ਅੰਦਾਜੇ ਮੁਤਾਬਿਕ ਦੋ ਕੁ ਮਹੀਨੇ ਤਾਂ ਹੋ ਹੀ ਗਏ ਹੋਣੇ ਨੇ, ਕਿ ਪੰਜਾਬੋਂ ਅਣਜਾਣੇ ਨੰਬਰ ਤੋਂ ਫੋਨ ਆਇਆ | ਓਸ ਵੇਲੇ ਤਾਂ ਮੈਂ ਡਰਾਈਵ ਕਰ ਰਿਹਾ ਸੀ ਤੇ ਨੰਬਰ ਦੀ ਸਮਝ ਨਾ ਆਈ ਕਿ ਕਿਸਦਾ ਹੈ | ਵਿਹਲਾ ਹੋ ਕੇ ਕਾਲ ਬੈਕ ਕੀਤੀ ਤਾਂ ਅਣਜਾਣੀ ਆਵਾਜ਼ ਕੰਨੀਂ ਪਈ ਤੇ ਉਹ ਆਵਾਜ਼ ਪੰਜਾਬ ਦੇ ਕਿਸੇ ਇਲਾਕੇ 'ਚੋਂ ਕਿਸੇ ਉਦਾਸੀ ਹੋਈ ਕੁੜੀ ਦੀ ਸੀ, ਜੋ ਕਿ ਆਪਣੇ ਆਪ ਨੂੰ ਡਿਪਰੈਸ਼ਨ 'ਚ ਗਈ ਹੋਈ ਕਹਿ ਰਹੀ ਸੀ | ਉਸਦੀਆਂ ਗੱਲਾਂ 'ਚ ਅੰਤਾਂ ਦੀ ਉਦਾਸੀ ਸੀ ਤੇ ਉਸ ਮੁਤਾਬਿਕ ਉਹ ਜਿੰਦਗੀ 'ਚ ਹਾਰ ਚੁੱਕੀ ਸੀ | ਪੜ੍ਹੀ ਲਿਖੀ ਤੇ ਚੰਗੇ ਘਰੋਂ ਉਹ ਕੁੜੀ ਆਪਣੀ ਸੋਹਣੀ ਜਿੰਦਗੀ ਬਤੀਤ ਕਰ ਰਹੀ ਸੀ ਕਿ ਕਿਸੇ ਪ੍ਰਦੇਸੀ ਦੁਆਰਾ ਦਿਖਾਏ ਝੂਠੇ ਸੁਪਨਿਆਂ ਨੂੰ ਉਹ ਆਪਣਾ ਸੁਨਹਿਰਾ ਭਵਿੱਖ ਸਮਝ ਬੈਠੀ | ਇਹ ਦੱਸਣਾ ਜਰੂਰੀ ਨਹੀਂ ਕਿ ਉਹ ਪ੍ਰਦੇਸੀ ਮੁੰਡਾ ਕਿਹੜੇ ਮੁਲਕ 'ਚ ਰਹਿੰਦਾ ਹੈ, ਉਹ ਮੁਲਕ ਅਮਰੀਕਾ ਹੈ ਜਾਂ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ, ਮਹੱਤਵਪੂਰਣ ਇਹ ਹੈ ਕਿ ਉਸਦੇ ਨਾਮ ਨਾਲ਼ "ਐਨ ਆਰ ਆਈ" ਸ਼ਬਦ ਜੁੜਿਆ ਹੋਇਆ ਹੈ, ਤੇ ਇਹ ਸ਼ਬਦ ਇਤਨਾ ਕੁ ਪਾਵਰਫੁੱਲ ਹੈ ਕਿ ਕਿਸੇ ਨੂੰ ਵੀ, ਖਾਸ ਕਰਕੇ ਪੰਜਾਬ ਵੱਸਦੀਆਂ ਜੁਆਨ ਵਿਆਹੁਣਯੋਗ ਕੁੜੀਆਂ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਜਰੂਰ ਪ੍ਰਭਾਵਿਤ ਕਰ ਸਕਦਾ ਹੈ | ਕਾਲ ਕਰਨ ਵਾਲੀ ਕੁੜੀ ਨੂੰ, ਇੱਕ ਮਿੰਟ ਠਹਿਰੋ, ਗੱਲਬਾਤ 'ਚ ਸਹੂਲੀਅਤ ਲਈ ਉਸ ਕੁੜੀ ਦਾ ਨਾਮ "ਰਾਜਪ੍ਰੀਤ" ਰੱਖ ਦਿੰਦੇ ਹਾਂ | ਰਾਜਪ੍ਰੀਤ ਨੂੰ ਵੀ ਇਸ ਸ਼ਬਦ "ਐਨ ਆਰ ਆਈ" ਨੇ ਲੋੜ ਤੋਂ ਵੱਧ ਹੀ ਪ੍ਰਭਾਵਿਤ ਕਰ ਦਿੱਤਾ ਤੇ ਓਸ ਪ੍ਰਦੇਸੀ ਮੁੰਡੇ ਦੇ ਝਾਂਸੇ 'ਚ ਆ ਗਈ | ਪ੍ਰਦੇਸੀ ਮੁੰਡਾ ਤਾਂ ਆਪਣੀਆਂ ਛੁੱਟੀਆਂ ਕੱਟਣ ਲਈ ਭਾਰਤ ਗਿਆ ਹੋਇਆ ਸੀ, ਨਾ ਕਿ ਵਿਆਹ ਕਰਵਾਉਣ | ਰਾਜਪ੍ਰੀਤ ਨੂੰ ਇਸ ਗੱਲ ਨੇ ਬਹੁਤ ਵੱਡਾ ਝਟਕਾ ਦਿੱਤਾ | ਗ਼ਲਤ ਫੈਸਲਾ ਪਹਿਲਾਂ ਹੀ ਹੋ ਚੁੱਕਾ ਸੀ ਤੇ ਹੁਣ ਬੇਬਸ ਕੁੜੀ ਕਰ ਵੀ ਕੀ ਸਕਦੀ ਸੀ ? ਉਹ ਟੁੱਟ ਚੁੱਕੀ ਸੀ | ਨਾ ਚੱਜ ਨਾਲ਼ ਖਾਣਾ ਪੀਣਾ, ਨਾ ਪਾਉਣਾ ਲਾਹੁਣਾ | ਉਸ ਕੁੜੀ ਦੀਆਂ ਗੱਲਾਂ 'ਚੋਂ ਮੈਨੂੰ ਇਸ ਕਿਸਮ ਦਾ ਅਹਿਸਾਸ ਹੋਇਆ ਕਿ ਕਿਤੇ ਉਹ ਜਿੰਦਗੀ ਨੂੰ ਅਲਵਿਦਾ ਨਾ ਕਹਿ ਜਾਵੇ | ਹਾਲਾਂ ਕਿ ਮੈਂ ਕੰਮ 'ਚ ਬਹੁਤ ਬਿਜ਼ੀ ਸੀ ਪਰ ਉਸਦੀ ਜਿੰਦਗੀ ਦੇ ਸੰਭਾਵੀ ਸੁਆਲ ਸਾਹਮਣੇ ਡਾਲਰ ਕਮਾਉਣੇ ਮੈਨੂੰ ਕਿਤੇ ਹਲਕੇ ਜਾਪੇ | 
  ਮੈਂ ਦਾਅਵਾ ਤਾਂ ਨਹੀਂ ਕਰਦਾ ਪਰ ਏਨਾ ਕੁ ਆਸਵੰਦ ਜਰੂਰ ਹਾਂ ਕਿ ਜੇਕਰ ਕਿਸੇ ਦੇ ਮਨ 'ਚ ਆਪਣੀ ਜਿੰਦਗੀ ਪ੍ਰਤੀ ਅਜਿਹਾ ਸਖ਼ਤ ਵਿਚਾਰ ਹੋਵੇ ਤੇ ਜੇਕਰ ਮੈਨੂੰ ਉਸ ਨਾਲ਼ ਗੱਲਾਂਬਾਤਾਂ ਕਰਨ ਦਾ ਖੁੱਲਾ ਮੌਕਾ ਮਿਲ ਜਾਵੇ ਤੇ ਉਹ ਵੀ ਆਪਣੀ ਸਾਰਾ ਦੁੱਖ ਪ੍ਰੇਸ਼ਾਨੀ ਬਿਨਾਂ ਝੂਠ ਬੋਲਿਆਂ ਸੱਚੇ ਦਿਲੋਂ ਮੇਰੇ ਨਾਲ਼ ਸਾਂਝਾ ਕਰੇ ਤਾਂ ਪ੍ਰਮਾਤਮਾ ਦੀ ਰਜ਼ਾ 'ਚ ਰਹਿੰਦਿਆਂ, ਮੈਂ ਸ਼ਾਇਦ ਉਸਨੂੰ ਇਸ ਪਾਸੇ ਚੱਲਣ ਤੋਂ ਰੋਕ ਦਿਆਂ, ਉਸਦੀ ਸੋਚ ਹੀ ਬਦਲ ਦਿਆਂ | ਸ਼ਰਤ ਇਹ ਹੈ ਕਿ ਗੱਲਬਾਤ 'ਚ ਇਮਾਨਦਾਰੀ ਤੇ ਸਮਾਂ ਮੇਰੇ ਅਨੁਸਾਰ | ਮੇਰੇ ਇਲਾਜ ਕਰਨ ਦੇ ਤਰੀਕੇ "ਹਿਪਨੋਸਿਸ" 'ਚ ਮੈਂ ਕੇਵਲ ਫੇਸ ਟੂ ਫੇਸ ਹੀ ਇਲਾਜ ਕਰ ਸਕਦਾ ਹਾਂ ਪਰ ਪਹਿਲਾਂ ਵੀ ਇੱਕ ਵਾਰੀ "ਜਿੰਦਗੀ" ਨਾਲ਼ ਸੰਬੰਧਿਤ ਅਜਿਹਾ ਵੱਡਾ ਸੁਆਲ ਹੱਲ ਕਰ ਚੁੱਕਾ ਹਾਂ, ਇਸ ਲਈ ਮੈਂ ਫੋਨ 'ਤੇ ਰਾਜਪ੍ਰੀਤ ਨਾਲ਼ ਗੱਲਬਾਤ ਜਾਰੀ ਰੱਖਣ ਦਾ ਫੈਸਲਾ ਕੀਤਾ, ਇਹ ਸੋਚਦਿਆਂ ਕਿ ਕੋਸ਼ਿਸ਼ ਕਰਨਾ ਮੇਰਾ ਫ਼ਰਜ਼ ਹੈ, ਕ੍ਰਿਪਾ ਦਾਤਾ ਆਪ ਕਰੇਗਾ | ਥੋੜਾ ਥੋੜਾ ਕੰਮ ਤੇ ਜ਼ਿਆਦਾ ਜ਼ਿਆਦਾ ਗੱਲਬਾਤ ਕਰਦਾ ਰਿਹਾ, ਅਸਲ 'ਚ ਇਹ ਗੱਲਬਾਤ, ਗੱਲਬਾਤ ਨਹੀਂ ਸੀ | ਮੈਂ ਆਪਣੇ ਤੌਰ 'ਤੇ ਰਾਜਪ੍ਰੀਤ ਦੀ ਕੌਂਸਲਿੰਗ ਸ਼ੁਰੂ ਕਰ ਦਿੱਤੀ ਸੀ ਤੇ ਨਾਲ਼ ਨਾਲ਼ ਕੰਮ ਦੇ ਬਹਾਨੇ ਫੋਨ ਕੱਟ ਕੇ ਉਸਨੂੰ ਸੋਚਣ ਦਾ ਸਮਾਂ ਵੀ ਦਿੰਦਾ ਰਿਹਾ | ਕਰੀਬ ਚਾਰ ਜਾਂ ਪੰਜ ਘੰਟੇ ਦੀ ਕੌਂਸਲਿੰਗ ਤੋਂ ਬਾਅਦ ਮੈਨੂੰ ਘੱਟੋ ਘੱਟ ਇਹ ਤਸੱਲੀ ਤਾਂ ਹੋ ਗਈ ਕਿ ਹੁਣ ਉਹ ਮਾਨਸਿਕ ਤੌਰ 'ਤੇ ਕਾਫ਼ੀ ਮਜ਼ਬੂਤ ਹੋ ਗਈ ਹੈ ਤੇ ਜਿੰਦਗੀ ਨੂੰ ਧੋਖਾ ਦੇਣ ਬਾਰੇ ਤਾਂ ਹੁਣ ਸੋਚੇਗੀ ਵੀ ਨਹੀਂ | ਸਾਡੀ ਕਈ ਦਿਨ ਗੱਲਬਾਤ ਲਗਾਤਾਰ ਜਾਰੀ ਰਹੀ | ਹੁਣ ਜਦ ਕਿ ਮੈਨੂੰ ਪੂਰੀ ਤਸੱਲੀ ਹੋ ਗਈ ਹੈ ਕਿ ਰਾਜਪ੍ਰੀਤ ਆਪਣੀ ਜਿੰਦਗੀ ਦੇ ਰਾਹ 'ਤੇ ਸਫ਼ਲਤਾ ਪੂਰਵਕ ਵਧ ਰਹੀ ਹੈ ਤਾਂ ਅੱਜ ਇਹ ਗੱਲ ਸਭ ਨਾਲ਼ ਸਾਂਝੀ ਕਰ ਰਿਹਾ ਹਾਂ | 
  ਸੁਆਲ ਇਹ ਵੀ ਪੈਦਾ ਹੁੰਦਾ ਹੈ ਕਿ ਇਹ ਗੱਲ ਜਨਤਕ ਤੌਰ 'ਤੇ ਸਾਂਝੀ ਕਿਉਂ ਕਰ ਰਿਹਾ ਹਾਂ ? ਜੇਕਰ ਆਪਣੀ ਗੱਲ ਕਰਾਂ ਤਾਂ ਮੇਰੀ ਸੇਵਾ ਪ੍ਰਮਾਤਮਾ ਦੇ ਦਰ ਮੰਜੂਰ ਹੋਵੇ ਇਸਦੀ ਅਰਦਾਸ ਹੈ ਪਰ ਇਸ ਪਿੱਛੇ ਅਸਲ ਮਕਸਦ ਪੰਜਾਬ ਰਹਿੰਦੀਆਂ ਅਜਿਹੀਆਂ ਕੁੜੀਆਂ ਨੂੰ ਸਾਵਧਾਨ ਕਰਨਾ ਹੈ, ਜੋ ਕਿ ਪ੍ਰਦੇਸੀਆਂ ਜਾਂ ਐਨ ਆਰ ਆਈਆਂ ਦੇ ਲੜ ਲੱਗ ਕੇ, ਜਹਾਜ਼ ਦੇ ਹੂਟੇ ਦਾ ਨਿੱਘ ਮਾਨਣਾ ਚਾਹੁੰਦੀਆਂ ਹਨ | ਕੁੜੀਓ ਸਾਵਧਾਨ ! ਬਿਲਕੁੱਲ ਕਿਸੇ 'ਤੇ ਭਰੋਸਾ ਕਰਨ ਦੀ ਲੋੜ ਨਹੀਂ | ਜੇਕਰ ਕੋਈ ਅਜਿਹਾ ਮੁੰਡਾ ਨਜ਼ਰ ਆਉਂਦਾ ਹੈ, ਜਿਸ ਨਾਲ਼ ਤੁਸੀਂ ਆਪਣੀ ਜਿੰਦਗੀ ਬਤੀਤ ਕਰਨਾ ਚਾਹੁੰਦੀਆਂ ਹੋ, ਚਾਹੇ ਉਹ ਵਤਨੀਂ ਰਹਿੰਦਾ ਹੈ ਜਾਂ ਪ੍ਰਦੇਸੀਂ, ਆਪਣੇ ਮਾਪਿਆਂ ਨਾਲ਼ ਗੱਲਬਾਤ ਕਰੋ | ਅਜਿਹਾ ਨਾ ਹੋਵੇ ਕਿ ਵਕਤੀ ਭਾਵਨਾਵਾਂ 'ਚ ਫਸ ਕੇ ਕੋਈ ਅਜਿਹਾ ਫੈਸਲਾ/ਕੰਮ ਬੈਠੋਂ, ਜਿਸ ਕਰਕੇ ਬਾਅਦ 'ਚ ਪਛਤਾਵਾ ਪੱਲੇ ਰਹਿ ਜਾਵੇ | ਜੇਕਰ ਨਿੱਜੀ ਤੌਰ 'ਤੇ ਕੋਈ ਇਹ ਕਹੇ ਕਿ ਉਹ ਪੱਕਾ ਹੈ ਤੇ ਤੁਹਾਨੂੰ ਵੀ ਵਿਆਹ ਕੇ ਲੈ ਜਾਵੇਗਾ, ਤੁਸੀਂ ਕਿਹੜਾ ਕਿਸੇ ਦਾ ਸਰਟੀਫਿਕੇਟ ਵੇਖਿਆ ਜਾਂ ਕੋਈ ਵਿਖਾ ਦੇਵੇਗਾ ? ਕੋਈ ਪਤਾ ਨਹੀਂ ਕਿ ਜਿਹੜਾ ਪੰਜਾਬ 'ਚ ਆ ਕੇ ਟਾਹਰਾਂ ਮਾਰਦਾ ਹੈ, ਇੱਥੇ ਕਾਲਜਾਂ ਜਾਂ ਯੂਨੀਆਂ ਦੀ ਫੀਸ ਭਰਨ ਪਿੱਛੇ ਚੱਜ ਨਾਲ਼ ਸੌਂਦਾ ਵੀ ਨਾ ਹੋਵੇ | ਹਾਂ ਜੇਕਰ ਉਹ ਸੱਚੇ ਪਿਆਰ ਦੇ ਦਾਅਵੇ ਕਰਦਾ ਹੈ ਤਾਂ ਉਸਨੂੰ ਘਰ ਰਿਸ਼ਤਾ ਭੇਜਣ ਲਈ ਕਹੋ ਨਾ ਕਿ ਡੇਟਿੰਗ 'ਤੇ ਜਾਓ | ਯਕੀਨ ਜਾਣਿਓ, ਕਈਆਂ ਦੇ ਪਿਆਰ ਦੀ ਫੂਕ ਇਸ ਇੱਕ ਸੁਆਲ ਨਾਲ਼ ਹੀ ਨਿੱਕਲ ਸਕਦੀ ਹੈ |
  ਰਹੀ ਗੱਲਬਾਤ ਫੋਨ 'ਤੇ ਰਾਜਪ੍ਰੀਤ ਨੂੰ ਸੰਭਾਲਣ ਬਾਰੇ ਤਾਂ ਇਹ ਕੋਈ ਜਰੂਰੀ ਨਹੀਂ ਕਿ ਹਰੇਕ ਨੂੰ ਫੋਨ 'ਤੇ ਸੰਭਾਲਿਆ ਜਾ ਸਕੇ | ਇਹ ਤਾਂ ਦਾਤੇ ਨੇ ਰਾਜਪ੍ਰੀਤ ਨੂੰ ਸੋਹਣੀ ਜਿੰਦਗੀ ਬਖ਼ਸ਼ਣੀ ਸੀ ਤੇ ਜ਼ਰੀਆ ਇਨਸਾਨ ਬਣਾ ਦਿੱਤਾ | ਰਾਜਪ੍ਰੀਤ ਪੜ੍ਹੀ ਲਿਖੀ ਕੁੜੀ ਹੈ ਤੇ ਪ੍ਰਦੇਸ ਆਉਣਾ ਉਸਦਾ ਸੁਪਨਾ ਪਹਿਲਾਂ ਹੀ ਸੀ | ਪ੍ਰਦੇਸੀ ਦੇ ਝਾਂਸੇ 'ਚ ਆਉਣ ਤੋਂ ਬਾਅਦ ਉਹ ਆਪਣੇ ਸੁਪਨੇ ਨੂੰ ਤਰਕੀਬਨ ਭੁੱਲ ਚੁੱਕੀ ਸੀ ਤੇ ਹੌਸਲਾ ਸਿੱਟ ਚੁੱਕੀ ਸੀ | ਹੁਣ ਰਾਜਪ੍ਰੀਤ ਨੂੰ ਉਸਦੇ ਉਸ ਰਸਤੇ 'ਤੇ ਦੋਬਾਰਾ ਤੋਰ ਦਿੱਤਾ ਹੈ, ਜੋ ਕਿ ਪ੍ਰਦੇਸਾਂ ਨੂੰ ਜਾਂਦਾ ਹੈ | ਸਮਾਂ ਤਾਂ ਲੱਗੇਗਾ ਤੇ ਮਿਹਨਤ ਵੀ ਕਰਨੀ ਪਏਗੀ ਪਰ ਏਨੀ ਗੱਲ ਯਕੀਨੀ ਹੈ ਕਿ ਹੁਣ ਰਾਜਪ੍ਰੀਤ ਕਿਸੇ ਦੇ ਸਹਾਰੇ ਪ੍ਰਦੇਸ ਨਹੀਂ ਆਵੇਗੀ, ਹਾਂ ਭਵਿੱਖ 'ਚ ਕੋਈ ਹੋਰ ਰਾਜਪ੍ਰੀਤ ਦੇ ਸਹਾਰੇ ਜਹਾਜ਼ੇ ਚੜ੍ਹੇ, ਇਹ ਗੱਲ ਵਾਕਿਆ ਹੀ ਓਸ ਕੁੜੀ ਲਈ ਮਾਣ ਵਾਲੀ ਹੋਏਗੀ | ਸੱਚ ਜਾਣਿਓ, ਮੈਨੂੰ ਇਹ ਵੀ ਨਹੀਂ ਪਤਾ ਕਿ ਰਾਜਪ੍ਰੀਤ ਪੰਜਾਬ 'ਚ ਕਿੱਥੇ ਰਹਿੰਦੀ ਹੈ ? ਜੋ ਨਾਮ ਮੈਨੂੰ ਉਸਨੇ ਆਪਣਾ ਦੱਸਿਆ ਉਹ ਸੱਚਾ ਹੈ ਜਾਂ ਝੂਠਾ, ਇਹ ਵੀ ਪਤਾ ਨਹੀਂ | ਨਾ ਇਹ ਜਾਨਣ ਦੀ ਲੋੜ ਪਹਿਲਾਂ ਸੀ ਤੇ ਨਾ ਅੱਜ ਹੈ | ਪਰ ਫੋਨ 'ਤੇ ਉਸਦੀ ਆਵਾਜ਼ ਤੇ ਗੱਲਬਾਤ ਦੇ ਤਰੀਕੇ 'ਚ ਫ਼ਰਕ ਕੇਵਲ ਮੈਂ ਹੀ ਮਹਿਸੂਸ ਕਰ ਸਕਦਾ ਹਾਂ ਤੇ ਸੱਚੀ ਗੱਲ ਹੈ ਕਿ ਉਸ ਫ਼ਰਕ ਨੂੰ ਮਹਿਸੂਸ ਕਰਕੇ ਮਾਣ ਤੇ ਖੁਸ਼ੀ ਵੀ ਮਹਿਸੂਸ ਹੁੰਦੀ ਹੈ | 
  ਰਾਜਪ੍ਰੀਤ, ਤੇਰਾ ਰਾਜ ਮੇਰੀ ਉਮਰ ਤੱਕ ਸੀਨੇ 'ਚ ਦਫ਼ਨ ਰਹੇਗਾ ਤੇ ਤੇਰੇ ਲਈ ਦੁਆਵਾਂ ਕੁੜੀਏ !