ਮਮਤਾ (ਕਹਾਣੀ)

ਕੁਲਦੀਪ ਸਿੰਘ ਬਾਸੀ    

Email: kbassi@comcast.net
Phone: 651 748 1061
Address:
United States
ਕੁਲਦੀਪ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


" ਤਾਇਆ ਜੀ, ਤੁਹਾਨੂੰ ਪਤਾ ਹੈ ਕਿ ਤੁਹਾਡੇ ਗੁਆਂਢੀਆਂ ਦਾ ਮੁੰਡਾ, ਹਰਿਮਿਹਰ, ਚੰਡੀਗੜ੍ਹ ਕਾਲਜ ਦੀ ਪੜ੍ਹਾਈ ਕਰਨ ਜਾਂਦਾ ਹੈ। ਪਿਉ ਨੇ ਮੋਟਰਸਾਇਕਲ ਖਰੀਦ ਕੇ ਦਿੱਤਾ ਹੈ। ਵਾਹ ਵਾਹ ਟੌਹਰ ਕੱਢ ਕੇ ਜਾਂਦਾ ਐ।" ਇੱਕ ਪੇਂਡੂ ਮੁੰਡੇ ਨੇ ਤਾਏ ਦੇ ਕੰਨੀਂ ਗੱਲ ਪਾਈ।

" ਹਾਂ ਪੁੱਤ, ਪਹਿਲਾਂ ਤਾਂ ਉਹ ਚੰਡੀਗੜ੍ਹ ਹੀ ਰਹਿੰਦਾ ਸੀ। ਹੁਣ ਵਾਹਨ ਹੱਥ ਆ ਗਿਆ ਤਾਂ ਘਰੋਂ ਹੀ ਜਾਂਦਾ ਹੈ। ਪਿਉ ਦਾ ਪਿਆਰ ਅਤੇ ਮਾਂ ਦੇ ਹੱਥ ਦੀ ਰੋਟੀ ਹੋਸਟਲ ਵਿੱਚ ਕਿੱਥੇ। ਇਸ ਸਾਲ ਚੌਦਾਂ ਪਾਸ ਕਰ ਲਊਗਾ। ਪਿਉ ਉਪਜਾਊ ਦਸਾਂ ਕੀਲਿਆਂ ਦਾ ਮਾਲਕ ਹੈ। ਇਹ ਬੜੇ ਰਈਸ ਲੋਗ ਨੇ।" 

" ਤਾਇਆ ਤੁਹਾਨੂੰ ਤਾਂ ਬਹੁਤ ਪਤਾ ਐ,ਇਸ ਜੁਆਨ ਵਾਰੇ।"

" ਪੁੱਤਰ, ਮੇਰਾ ਭਤੀਜਾ ਵੀ ਇਹਦੇ ਨਾਲ਼ ਹੀ ਪੜ੍ਹਦਾ ਐ। ਕਦੇ ਕਦੇ ਇਸ ਦੇ ਫਟ ਫਟੀਏ ਤੇ ਬੈਠ ਕੇ ਨਾਲ ਹੀ ਆ ਜਾਂਦਾ ਹੈ। ਚੰਗੀ ਦੋਸਤੀ ਐ ਦੋਨਾਂ ਵਿੱਚ। ਭਤੀਜਾ ਜੋ ਦੱਸ ਜਾਂਦਾ ਐ ਪਤਾ ਲਗ ਜਾਂਦਾ ਐ।"

" ਤੁਹਾਨੂੰ ਇੰਝ ਨਹੀਂ ਲਗਦਾ ਕਿ ਐਨੀ ਜ਼ਮੀਨ ਦਾ ਮਾਲਕ ਖੇਤੀ ਦਾ ਕੰਮ ਵਧਾਊਗਾ। ਵਿਦਿਆ ਸਦਕਾ ਅਜੋਕੇ ਸਮੇਂ ਦੇ ਸੰਦ ਵਰਤੂਗਾ, ਨਵੇਂ ਢੰਗ ਅਪਣਾਊਗਾ।"

" ਪੁੱਤਰ, ਜੱਟਾਂ ਦੇ ਮੁੰਡਿਆਂ ਨੂੰ ਗੀਤ ਗਾ ਕੇ ਸਟਾਰ ਬਣਨ ਦੀ ਅਤੇ ਦੇਸ਼ੋਂ ਬਾਹਰ ਜਾ ਕੇ, ਹੱਡ ਭਨਾਉਣ ਦੀ, ਲਗਨ ਲਗੀ ਹੋਈ ਐ। ਕੀ ਪਤਾ?"

" ਕੀ ਤੁਹਾਨੂੰੰ ਕੋਈ ਅਜੇਹੀ ਖਬਰ ਹੈ ਜਾਂ ਅੰਦਾਜ਼ਾ ਹੀ ਲਗਾ ਰਹੇ ਹੋ।" ਮੁੰਡੇ ਦੀ ਜਾਣਨ ਦੀ ਇੱਛਾ ਵਧੀ।

" ਨਹੀਂ ਬੇਟਾ, ਮੈਨੂੰ ਕੋਈ ਗਿਆਨ ਨਹੀਂ। ਮੇਰਾ ਮਨ ਸੋਚ ਰਿਹਾ ਸੀ ਕਿ ਸਾਰੇ ਆਵੇ ਕੱਚੇ ਤਾਂ ਨਹੀਂ ਨਿੱਕਲਦੇ ਪਰ ਹਾਂ ਕੜਕ ਕਰਦੀਆਂ ਸਾਫ ਇੱਟਾਂ ਜ਼ਰੂਰ ਘਟਦੀਆਂ ਜਾ ਰਹੀਆਂ ਨੇ। ਭੱਈਆਂ ਤੌ ਕਿੰਨਾ ਚਿਰ ਕਰਵਾਉਣਗੇ ਖੇਤੀ। ਆਪੇ ਪਾ ਲੈਣਗੇ ਘਰ ਵੱਲ ਮੋੜੇ। ਪੰਜਾਬ ਤੇ ਤਾਂ ਗੁਰੂਆਂ ਦਾ ਹੱਥ ਹੈ। ਸ਼ੁੱਧ ਮੱਤ ਦਾ ਪਸਾਰਾ ਮੁੜ ਹੋਵੇਗਾ। ਖੁਸ਼ਹਾਲੀ ਫੇਰ ਆਵੇਗੀ। ਇਹ ਨਸ਼ਿਆਂ ਵਾਲਾ ਛੇਵਾਂ ਦਰਿਆ ਵੀ ਸੁੱਕ ਜਾਵੇਗਾ।" ਤਾਇਆ ਕਿਤੋਂ ਦਾ ਕਿਤੇ ਪਹੁੰਚਿਆ ਭਾਂਪ ਕੇ, ਮੁੰਡਾ ਚਲਾ ਗਿਆ।

ਕਈ ਹਫਤੇ ਬੀਤ ਗਏ। ਮੁੰਡੇ ਨੇ ਤਾਏ ਨਾਲ ਕੋਈ ਖਾਸ ਗੱਲ ਨਾਂ ਕੀਤੀ। ਅੱਜ ਤਾਇਆ ਸਾਹਮਣੇ ਟੱਕਰਿਆ ਤਾਂ ਪੁੱਛਿਆ," ਤਾਏ, ਇਹ ਦੱਸ ਗਵਾਂਢੀ ਪਿੰਡ ਦਾ ਸੂਬੇਦਾਰ ਰਈਸਾਂ ਦੇ ਘਰ ਅੱਜ ਕੱਲ੍ਹ ਕਈ ਚੱਕਰ ਲਗਾ ਗਿਆ ਹੈ। ਕੋਈ ਖਾਸ ਗੱਲ, ਕੋਈ ਰਿਸ਼ਤੇ ਆਦਿ ਵਾਰੇ? ਤੇਰੇ ਭਤੀਜੇ ਨੂੰ ਤੇ ਪਤਾ ਹੋਣਾਂ ਐਂ।"

" ਮੈਂ ਤਾਂ ਉਡਦੀ ਉਡਦੀ ਗੱਲ ਫੜੀ ਐ। ਸੂਬੇਦਾਰ ਦਾ ਵੱਡਾ ਭਰਾ ਕੈਨੇਡਾ ਵਿੱਚ ਰਹਿੰਦਾ ਹੈ। ਉਸ ਦੀ ਧੀ ਵਿਹੁਣ ਯੋਗ ਹੋ ਗਈ ਐ। ਉਸੇ ਦੇ ਰਿਸ਼ਤੇ ਦੀ ਗੱਲ ਚਲ ਰਹੀ ਐ। ਪੰਜਾਬ ਦੇ ਵਾਸੀ ਨਾਲ਼ ਹੀ ਵਿਆਹ ਕਰਨਾ ਚਾਹੁੰਦੇ ਨੇ। ਲਗਦਾ ਗੱਲ ਸਿਰੇ ਚੜ੍ਹ ਹੀ ਜਾਵੇਗੀ। ਮੁੰਡਾ ਖੇਤੀ ਵੱਲ ਤਾਂ ਮੂੰਹ ਨਹੀਂ ਕਰਦਾ। ਕੈਨੇਡਾ ਤਾਂ ਖੁਸ਼ ਹੋ ਕੇ ਜਾਵੇਗਾ।" 

ਹਰਿਮਿਹਰ ਦਾ ਬੀ ਏ ਪਾਸ ਕਰਦਿਆਂ ਹੀ ਵਿਆਹ ਕਰ ਦਿੱਤਾ। ਅਪਣੀ ਪਤਨੀ ਗੁਰਨੀਰ ਨਾਲ ਅਪਣੇ ਘਰ ਹੀ ਰਹਿਣ ਲਗ ਪਿਆ। ਸਾਲ ਭਰ ਤੋਂ ਗੁਰਨੀਰ ਪੰਜਾਬ ਰਹਿ ਰਹੀ ਸੀ, ਮਾਪਿਆਂ ਤੋਂ ਪਰੇ, ਹੈਰਾਨੀ ਵਾਲੀ ਗੱਲ ਸੀ। ਕੁੜੀ ਨੇ ਕੈਨੇਡਾ ਜਾਣ ਦੀ ਗੱਲ ਨਾ ਕੀਤੀ। ਹਰਿਮਿਹਰ ਦੇ ਮਨ ਵਿੱਚ ਸ਼ੱਕ ਨੇ ਜਨਮ ਲੈ ਲਿਆ। ਕਿਤੇ ਘਰੋਂ ਤਾਂ ਨਹੀਂ ਕੱਢੀ! ਕੋਈ ਅਨਹੋਣੀ ਤਾਂ ਨਹੀਂ ਕਰ ਕੇ ਆਈ। ਇੱਕ ਦਿਨ ਉਸ ਨੇ ਗੁਰਨੀਰ ਨੂੰ ਪੁੱਛ ਹੀ ਲਿਆ," ਕੈਨੇਡਾ ਵਿੱਚ ਕਦੋਂ ਚੱਲਣਾ ਐ।"

" ਚਲ ਕੇ ਪੇਪਰ ਭਰ ਦੇਂਦੇ ਆਂ ਕੁਝ ਮਹੀਨਿਆਂ ਵਿੱਚ ਤੂੰ ਆ ਜਾਵੇਂਗਾ। ਮੈਂ ਪੇਪਰ ਭਰ ਕੇ ਚਲੀ ਜਾਵਾਂਗੀ। ਨੌਕਰੀ ਲੱਭ ਕੇ ਕੰਮ ਕਰਾਂਗੀ।"

ਜੁਆਬ ਤਸੱਲੀਬਖਸ਼ ਲਗਿਆ ਅਤੇ ਪੇਪਰ ਭਰੇ ਗਏ। ਹਰਿਮਿਹਰ ਕੈਨੇਡਾ ਚਲਾ ਗਿਆ। ਗੁਰਨੀਰ ਅਪਣੇ ਮਾਪਿਆਂ ਤੋਂ ਅਲੱਗ ਰਹਿ ਰਹੀ ਸੀ। ਹਰਿਮਿਹਰ ਨੂੰ ਅਚੰਭਾ ਲਗਿਆ। ਉਸ ਨੇ ਕਾਰਨ ਪੁਛਿਆ। 

" ਵਿਆਹ ਤੋਂ ਪਹਿਲਾਂ ਵੀ ਮੈਂ ਦੋ ਸਾਲ ਤੋਂ ਅਲਗ ਹੀ ਰਹਿ ਰਹੀ ਸਾਂ ਤੇ ਹੁਣ ਤਾਂ ਵਿਆਹ ਵੀ ਹੋ ਗਿਆ ਹੈ। ਅਕਸਰ ਅਠਾਰਾਂ ਉਨੀ ਸਾਲ ਵਿੱਚ ਮਾਪਿਆਂ ਤੋਂ ਅਲਗ ਹੀ ਰਹੀਦਾ ਹੈ।" ਗੁਰਨੀਰ ਨੇ ਕਿਹਾ।

ਦਿਨ ਭਰ ਦਿਨ ਹਰਿਮਿਹਰ ਦੀ ਸ਼ੰਕਾ ਵਧਦੀ ਹੀ ਗਈ। ਇੱਕ ਦਿਨ ਉਸ ਨੇ ਹਿੰਮਤ ਕਰ ਕੇ ਪੁਛਿਆ," ਤੇਰੀ ਕਿਸੇ ਮੁੰਡੇ ਨਾਲ ਗੱਲ ਬਾਤ ਹੋਈ ਸੀ, ਵਿਆਹ ਤੋ ਪਹਿਲਾਂ?"

" ਤੇਰਾ ਮਤਲਬ ਬੁਆਏ ਫਰੈਂਡ। ਪਰ ਹੁਣ ਪੁੱਛਣ ਦਾ ਕੀ ਲਾਭ?" ਗੁਰਨੀਰ ਨੇ ਹੈਰਾਨ ਹੋ ਕਿਹਾ।

" ਬੱਸ ਐਵੇਂ ਹੀ ਪੁੱਛ ਲਿਆ।" ਜੋ ਚਾਹੁੰਦਾ ਸੀ ਜੁਆਬ ਨਾ ਮਿਲਿਆ। ਹਰਿਮਿਹਰ ਨੇ ਅੱਗੇ ਗੱਲ ਨਾਂ ਵਧਾਈ। ਕਈ ਮਹੀਨੇ ਟਿਕ ਟਿਕਾ ਰਿਹਾ। ਹਰਿਮਿਹਰ ਨੂੰ ਕੰਮ ਮਿਲ ਗਿਆ। ਕਦੇ ਰੋਟੀ ਪਿੱਛੇ ਤੇ ਕਦੇ ਕਿਸੇ ਹੋਰ ਗੱਲ ਕਾਰਨ ਥੋੜ੍ਹੀ ਬਹਿਸ ਤਾਂ ਹੋ ਹੀ ਜਾਂਦੀ।

ਅੱਜ ਗੁਰਨੀਰ ਨੇ ਚੇਤਾਵਨੀ ਦਿੱਤੀ। ਕਿਹਾ," ਮੈਨੂੰ ਪਿੰਡੋਂ ਪਤਾ ਲਗਿਆ ਸੀ ਕਿ ਤੂੰ ਪੜ੍ਹਦਾ ਸੈਂ ਤਾਂ ਪਿਉ ਨਾਲ ਲੜਾਈ ਬਹੁਤ ਕਰਦਾ ਸੈਂ। ਜ਼ਮੀਨ ਵੇਚ ਕੇ ਜੀਪ ਲੈਣਾ ਚਾਹੁੰਦਾ ਸੈਂ। ਹੋਰ ਵੀ ਬਹੁਤ ਕੁੱਝ ਪਤਾ ਲਗਿਆ ਸੀ। ਮੈਂ ਕੋਈ ਸੁਆਲ ਤੇਰੇ ਸਾਹਮਣੇ ਨਹੀਂ ਰੱਖਿਆ। ਇਸ ਦੇਸ਼ ਵਿੱਚ ਮੇਰੇ ਨਾਲ ਜ਼ਿਆਦਾ ਟੈਂ ਟੈਂ ਕਰੇਂਗਾ ਤਾਂ ਪੁਲਿਸ ਦਾ 911 ਨੰਬਰ ਯਾਦ ਰੱਖੀਂ।"

" ਚੰਗੀ ਤਰ੍ਹਾਂ ਵਾਕਫ ਹਾਂ ਇਸ ਨੰਬਰ ਤੌਂ।" ਹਰਿਮਿਹਰ ਸੋਚੀਂ ਪੈ ਗਿਆ।  ਜੋ ਵਧੀਕੀਆਂ ਮੈਂ ਮਾਪਿਆਂ ਨਾਲ ਕੀਤੀਆਂ ਅਤੇ ਇਹ ਨੰਬਰ ਓਥੇ ਵੀ ਹੁੰਦਾ ਤਾ ਕੀ ਹੁੰਦਾ। ਸ਼ਾਇਦ ਕੁੱਝ ਨਹੀਂ। ਮਾਪੇ ਕਦੇ ਵੀ ਨੰਬਰ ਨਾ ਘੁਮਾਉਂਦੇ। ਇਹ ਬਿਮਾਰੀ ਤਾਂ ਐਥੇ ਹੀ ਐ।

ਕਈ ਮਹੀਨਿਆਂ ਬਾਅਦ, ਇੱਕ ਦਿਨ, ਗੁਰਨੀਰ ਨੇ ਕਿਹਾ," ਤੇਰੇ ਮਾਪੇ ਬਿਰਧ ਹੋ ਗਏ ਨੇ। ਖੇਤੀ ਕਰ ਨਹੀਂ ਸਕਦੇ। ਮੈਂ ਅਪਣੀ ਬੁਟੀਕ ਸ਼ੌਪ ਖੋਹਲਣਾ ਚਾਹੁੰਦੀ ਆਂ। ਤੂੰ ਪਿੰਡ ਜਾ ਕੇ ਜ਼ਮੀਨ ਵੇਚ। ਪੈਸਿਆਂ ਨਾਲ ਮੇਰੀ ਬੁਟੀਕ ਖੁਹਲੇਗੀ ਅਤੇ ਤੂੰ ਟਰੱਕ ਲੈ ਕੇ ਅਪਣਾ ਕੰਮ ਕਰੀਂ। ਚੰਗੀ ਮਾਇਆ ਮਿਲੇਗੀ। ਵੈਸੇ ਵੀ ਜ਼ਮੀਨ ਚੋਂ ਕੁੱਝ ਪੱਲੇ ਨਹੀਂ ਪੈਂਦਾ। ਸੱਭੇ ਕਹਿੰਦੇ ਨੇ ਕਿ ਸ਼ਹਿਰ ਦੇ ਨੇੜੇ ਵਾਲ਼ੀ ਜ਼ਮੀਨ ਕਰੋੜਾਂ ਨੂੰ ਕਿੱਲਾ ਵਿਕਦੀ ਐ।"

ਘਰ ਵਿੱਚ ਅਸ਼ਾਂਤੀ ਦਾ ਆਗਮਨ ਹੋ ਗਿਆ। ਪਤਨੀ ਦੀ ਜ਼ਿੱਦ ਪਰ ਪਤੀ ਦਾ ਵਿਰੋਧ ਝਗੜੇ ਦਾ ਮੁੱਦਾ ਬਣ ਗਿਆ। ਆਖਿਰ ਤੰਗ ਆ ਕੇ ਪਤੀ ਕਿਸਮਤ ਅਜ਼ਮਾਈ ਲਈ ਪਿੰਡ ਚਲਾ ਗਿਆ। ਮਾਪਿਆਂ ਤੇ ਜ਼ੋਰ ਪਾਇਆ ਜਿਨ੍ਹਾਂ ਨੇ ਜ਼ਮੀਨ ਅਪਣੇ ਚਚੇਰੇ ਭਰਾਵਾਂ ਨੂੰ ਹੀ ਵੇਚਣ ਦੀ ਸ਼ਰਤ ਰੱਖ ਦਿੱਤੀ। ਪੈਸਾ ਕੈਨੇਡਾ ਪਹੁੰਚ ਗਿਆ। ਮਾਪਿਆਂ ਕੋਲ ਹੁਣ ਕੇਵਲ ਪੁਰਾਣਾ ਘਰ ਹੀ ਰਹਿ ਗਿਆ। ਚਚੇਰੇ ਭਰਾ ਰੋਟੀ ਪਾਣੀ ਦੇਂਦੇ ਰਹੇ। ਮੁੰਡਾ ਵੀ ਭੁੱਲ ਚੁੱਕ ਕਦੇ ਕੁੱਝ ਪੈਸੇ ਭੇਜ ਦਿੰਦਾ। ਮਾਪੇ ਗਰੀਬ ਹੋ ਗਏ। ਉਹਨਾ ਦੇ ਕੈਨੇਡਾ ਜਾਣ ਦੀ ਕੋਈ ਗੱਲ ਬਾਤ ਵੀ ਨਾ ਹੁੰਦੀ।

ਬੁਟੀਕ ਦੀ ਦੁਕਾਨ ਇੱਕ ਸਟਰਿੱਪ ਮਾਲ ਵਿੱਚ ਲਗ ਗਈ। ਟਰੱਕ ਉਧਾਰ ਦੇ ਧਨ ਨਾਲ ਹੀ ਲੈਣਾ ਪਿਆ। ਬੁਟੀਕ ਨੇ ਪਹਿਲੇ ਛੇ ਮਹੀਨੇ ਵਿੱਚ ਹੀ ਦੱਸ ਦਿੱਤਾ ਕਿ ਇਹਨੀਂ ਤਿਲੀਂ ਤੇਲ ਨਹੀਂ ਨਿਕਲਣਾ। ਟਰੱਕ ਦੀ ਕਮਾਈ ਵੀ ਕਾਫੀ ਬੁਟੀਕ ਹੀ ਖਾ ਜਾਂਦੀ। ਡੰਗ ਟਪਾਈ ਦੋ ਕੁ ਸਲ ਚਲਦੀ ਰਹੀ।

ਇੱਕ ਦਿਨ ਅਚਾਨਕ ਹੀ ਪਿੰਡੋਂ ਖਬਰ ਆਈ ਕਿ ਉਸ ਦਾ ਪਿਤਾ ਅੰਤਲੇ ਸਾਹ ਹੀ ਲੈ ਰਿਹਾ ਹੈ ਅਤੇ ਪੁੱਤਰ ਨੁੰ ਮਿਲਣਾ ਚਾਹੁੰਦਾ ਹੈ। ਮਾਇਆ ਦੀ ਘਾਟ ਕਾਰਨ ਪੁੱਤਰ ਪਿਤਾ ਨੂੰ ਮਿਲ ਹੀ ਨਾ ਸਕਿਆ। ਪਤੀ ਪਤਨੀ ਹਮੇਸ਼ਾ ਲੜਾਈ ਝੋਕ ਰੱਖਦੇ। ਇੱਕ ਦਿਨ ਪਤਨੀ  ਬੋਲੀ," ਪਿੰਡ ਦਾ ਘਰ ਹੁਣ ਵੇਚ ਦਿਓ। ਚਚੇਰਿਆਂ ਕੋਲ ਮਾਤਾ ਕੁੱਝ ਦੇਰ ਰਹਿ ਸਕਦੀ ਐ। ਸਾਡੀ ਹਾਲਤ ਸੁਧਰਦਿਆਂ ਹੀ ਮਾਤਾ ਨੂੰ ਕੈਨੇਡਾ ਲੈ ਆਵਾਂਗੇ। ਪਾਸਪੋਰਟ ਬਣਵਾ ਆਉਣਾ। ਜ਼ਮੀਨ ਸਸਤੀ ਵੇਚੀ ਸੀ ਅਪਣੇ ਰਿਸ਼ਤੇਦਾਰ ਨੂੰ। ਮਾਤਾ ਨੁੰ ਕੁੱਝ ਸਮਾਂ ਤਾਂ ਰੱਖ ਹੀ ਲੈਣਗੇ।"

ਇੱਕ ਦਿਨ ਘਰ ਦੇ ਕਲੇਸ਼ ਕਾਰਨ ਹਰਿਮਿਹਰ ਪਿੰਡ ਚਲਾ ਗਿਅ। ਕੁੱਝ ਦਿਨ ਮਾਂ ਕੋਲ ਖੁਸ਼ੀ ਨਾਲ ਬੀਤੇ। ਮਾਂ ਨੂੰ ਕਈ ਗੁਰੂਘਰਾਂ ਦੇ ਦਰਸ਼ਨ ਕਰਵਾਏ। ਮਾਮਿਆਂ ਦੇ ਘਰ ਗਿਆ। ਮਾਂ ਬਹੁਤ ਖੁਸ਼ ਹੋਈ ਪੁਤਰ ਦਾ ਪਿਆਰ ਵੇਖ।

ਫੇਰ ਇੱਕ ਦਿਨ ਮਾਂ ਨੂੰ ਕਿਹਾ," ਮਾਂ ਮੈਂ ਤੈਨੂੰ ਅਪਣੇ ਨਾਲ ਕੈਨੇਡਾ ਹੀ ਲੈ ਜਾਵਾਂਗਾ।"

" ਹਾਂ ਪੁੱਤਰ, ਮੈਂ ਵੀ ਇਕੱਲੀ ਬੈਠੀ ਤੰਗ ਆ ਜਾਂਦੀ ਆਂ। ਓਥੇ ਤੇਰੇ ਬੱਚੇ ਖਿਡਾਵਾਂਗੀ, ਦਿਲ ਲਗਿਆ ਰਹੇਗਾ।" ਮਾਂ ਅਤੀ ਪ੍ਰਸੰਨ ਹੋਈ।

ਪੁੱਤਰ ਦੇ ਮਨ ਵਿੱਚ ਤਾਂ ਅਜੀਬ ਸਮੱਸਿਆ ਨੇ ਘਰ ਕੀਤਾ ਹੋਇਆ ਸੀ। ਸੋਚੇ - ਕੀ ਦੱਸਾਂ ਮਾਏ ਮੈਂ ਤੈਨੂੰ! ਕੀ ਦੱਸਾਂ ਕਿ ਸਾਡੀ ਦੋ ਵੇਲੇ ਦੀ ਰੋਟੀ ਵੀ ਮੁਸ਼ਕਲ ਨਾਲ ਚਲਦੀ ਐ। ਬੱਚਿਆਂ ਦਾ ਤੇ ਅਜੇ ਬਖੇੜਾ ਨਾਂ ਪਵੇ ਤਾਂ ਹੀ ਠੀਕ ਹੈ। ਫੇਰ ਹਿੰਮਤ ਜੁਟਾ ਕੇ ਮਾਂ ਨੂੰ ਕਿਹਾ," ਸਾਨੂੰ ਘਰ ਵੇਚ ਦੇਣਾ ਚਾਹੀਦਾ ਹੈ। ਖਾਲੀ ਘਰ ਨੂੰ ਬਰਬਾਦ ਹੋਣ ਲਈ ਸਮਾਂ ਨਹੀਂ ਲਗਦਾ।"

" ਪੁੱਤਰ ਮੇਰਾ ਵੀ ਹੁਣ ਦੂਜਾ ਕੰਢਾ ਨੇੜੇ ਹੀ ਹੈ। ਬਿਰਧ ਬਹੁਤ ਹੋ ਗਈ ਆਂ। ਤੇਰੇ ਪਿਉ ਦੇ ਵਿਛੋੜੇ ਨੇ ਤਾਂ ਮੇਰਾ ਲੱਕ ਹੀ ਤੋੜ ਦਿਆ ਐ। ਘਰ ਵੇਚ ਦੇ ਬੇਟਾ।" ਅਬਲਾ ਮਾਂ ਸੌਖੀ ਹੀ ਮੰਨ ਗਈ।

ਹਰੀਮਿਹਰ ਦਾ ਵਾਪਸ ਜਾਣ ਦਾ ਸਮਾਂ ਆ ਗਿਆ। ਤਿਆਰੀ ਅਰੰਭ ਦਿੱਤੀ। ਮਨ ਵਿੱਚ ਪਈ ਗੰਭੀਰ ਹਲ ਚਲ ਪ੍ਰੇਸ਼ਾਨ ਕਰਨ ਲਗੀ। ਵਹੁਟੀ ਮਾਂ ਨੂੰ ਸਹੀ ਨਹੀ ਰੱਖੇਗੀ। ਪਿੰਡ ਛੱਡਾਂ ਤਾਂ ਕਿੱਥੇ? ਚਚੇਰੇ ਵੀ ਠੀਕ ਹੀ ਨੇ। ਮਾਂ ਨੂੰ ਨਾਲ਼ ਲੈ ਕੇ ਦਿੱਲੀ ਹਵਾਈ ਅੱਡੇ ਚਲਾ ਗਿਆ। ਫੇਰ ਰੱਬ ਜਾਣੇ ਕਿਉਂ ਮਨ ਨੇ ਪਲਟਾ ਖਾਧਾ। ਮਾਂ ਨੂੰ ਕਿਹਾ," ਮਾਂ, ਮੈਂ ਜਹਾਜ਼ ਦੀਆਂ ਟਿਕਟਾਂ ਲੈ ਕੇ ਆਉਂਦਾ ਹਾਂ ਤੂੰ ਐਥੇ ਹੀ ਬੈਠੀ ਰਹੀਂ। ਤੇਰੇ ਝੋਲੇ ਵਿੱਚ ਤੇਰਾ ਪਾਪੋਰਟ ਆਦਿ ਹੋਰ ਸਭ ਕਾਗਜ਼ ਨੇ। ਪਰੌਂਠਿਆ ਦਾ ਡੱਬਾ ਵੀ ਹੈ।" ਮਾਂ ਕੋਲ ਭੈਣ ਭਰਾ ਨੇ, ਚਚੇਰੇ ਪਿੰਡ ਨੇ, ਹੋਰ ਰਿਸ਼ੱੇਦਾਰ ਨੇ ਕਿਤੇ ਨਾ ਕਿਤੇ ਤੇ ਸਹਾਰਾ ਮਿਲ ਜਾਵੇਗਾ। ਪਾਸਪੋਰਟ ਹੈ ਘਰ ਕੋਈ ਨਾ ਕੋਈ ਪਹੁੰਚਾ ਹੀ ਦੇਵੇਗਾ। ਮਨ ਤੇ ਪਾਪ ਨੇ ਕਬਜ਼ਾ ਕਰ ਲਿਆ। 

ਮਾਂ ਪੁੱਤਰ ਦਾ ਇੰਤਜ਼ਾਰ ਕਰਦੀ ਰਹੀ ਕਈ ਘੰਟੇ। ਪ੍ਰੇਸ਼ਾਨ ਮਨ ਨਾਲ ਇੱਕ ਕਾਉਂਟਰ ਤੇ ਖਲੋਤੀ ਕੁੜੀ ਨੂੰ ਜਾ ਪੁੱਛਿਆ," ਧੀਏ, ਮੇਰਾ ਪੁੱਤ ਟਿਕਟਾਂ ਲੈਣ ਗਿਆ ਸੀ। ਦੇਰ ਬਹੁਤ ਹੋ ਗਈ ਵਾਪਸ ਨਹੀਂ ਆਇਆ, ਕਿਤੇ ਕੋਈ ਕਸੱਟ ਹੀ ਨਾ ਹੋ ਗਈ ਹੋਵੇ!"

" ਮਾਤਾ, ਜਾਣਾ ਕਿੱਥੇ ਸੀ?"

" ਧੀਏ, ਕੈਨੇਡਾ।"

" ਮਾਤਾ ਜੀ ਕੈਨੇਡਾ ਵਾਲਾ ਜਹਾਜ਼ ਤਾਂ ਦੋ ਘੰਟੇ ਹੋਏ ਚਲਾ ਗਿਆ ਹੈ। ਤੁਹਾਡਾ ਪੁੱਤਰ ਤਾਂ ਬਹੁਤ ਦੂਰ ਜਾ ਚੁਕਾ ਹੈ।"

ਮਾਤਾ ਦੀ ਅੱਖਾਂ ਦੇ ਅਥਰੂ ਕਹਾਣੀ ਬੋਲ ਰਹੇ ਸਨ।

" ਮਾਤਾ ਜੀ ਤੁਸੀਂ ਜਿੱਥੇ ਬੈਠੇ ਸੋ ਓਥੇ ਹੀ ਜਾ ਬੈਠੋ। ਮੈਂ ਕੋਈ ਇੰਤਜ਼ਾਮ ਕਰਦੀ ਆਂ। ਤੁਸੀਂ ਫਿਕਰ ਨਾ ਕਰੋ।" ਕੁੜੀ ਨੂੰ ਤਰਸ ਆਇਆ।

ਮਾਤਾ ਜੀ ਦਾ ਪਾਸਪੋਰਟ ਵੇਖ, ਪੁਲਿਸ ਰਾਹੀਂ ਪਿੰਡ ਪਹੁੰਚਾਇਆ ਗਿਆ। ਪਿੰਡ ਦਾ ਸ਼ਰੀਕਾ ਕਹਾਣੀ ਸੁਣ ਕੇ ਦੰਗ ਰਹਿ ਗਿਆ। ਰਿਸ਼ਤੇਦਾਰਾਂ ਨੇ ਮਾਤਾ ਨੂੰ ਅਪਣੇ ਘਰ ਲੈ ਜਾਣ ਦੀ ਸਲਾਹ ਦਿੱਤੀ ਪਰ ਮਾਤਾ ਦਾ ਉੱਤਰ ਅਤੀ ਅਚੰਭਿਤ ਸੀ।

" ਆਪ ਸਭਨਾ ਦਾ ਧੰਨਵਾਦ। ਮੇਰਾ ਪੁੱਤਰ ਹਰੀਮਿਹਰ, ਜਦੋਂ ਆਏਗਾ, ਮੈਨੂੰ ਕਿੱਥੇ ਲੱਭਦਾ ਫਿਰੇਗਾ। ਮੈਂ ਐਥੇ ਹੀ ਗਵਾਂਢੀਆਂ ਦੇ ਕੌਲ਼ੇ ਲਾਗ ਸਮਾਂ ਕੱਢ ਲਾਂਗੀ। ਇਹਨਾਂ ਦੇ ਕੰਮਾ ਵਿੱਚ ਹੱਥ ਵਟਾ ਦਿਆਂਗੀ।" ਮਾਂ ਪੁੱਤਰ ਨੂੰ ਯਾਦ ਕਰ ਸਿਕੀਆਂ ਭਰਨ ਲਗੀ। ਮਮਤਾ ਦਾ ਪ੍ਰਬਲ ਦੌਰਾ ਕਈ ਕਈ ਵੇਰ ਪੈਂਦਾ ਰਿਹਾ।

ਮਾਤਾ ਕੁਮਾਤਾ ਨਹੀਂ ਹੁੰਦੀ, ਪਰ ਜੇ ਪੂਤ ਹੋਏ ਕਪੂਤ ਤਾਂ ਕੋਈ ਕੀ ਕਰੇ!