ਕਾਲੀ ਨਾਗਣੀ (ਮਿੰਨੀ ਕਹਾਣੀ)

ਹਰਦੀਪ ਬਿਰਦੀ   

Email: deepbirdi@yahoo.com
Cell: +91 90416 00900
Address:
Ludhiana India 141003
ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਸਵੇਰ ਦੀ ਪਹਿਲੀ ਕਿਰਣ ਆਉਣ ਤੋਂ ਹੀ ਮੰਗਲ ਸਿੰਘ ਜੋ ਕਿ ਪਿੰਡ ਦਾ ਸਰਪੰਚ ਸੀ ਬਹੁਤ ਹੀ ਭੱਜ ਦੌੜ ਕਰ ਰਿਹਾ ਸੀ | ਮੌਕਾ ਸੀ ਨਸ਼ਾ ਛੁੜਾਨ ਲਈ ਜਾਗ੍ਰਿਤੀ ਕੈੰਪ ਲਗਾਉਣ ਦਾ| ਪਿੰਡ ਦੇ ਨੌਜਵਾਨਾਂ ਨੂੰ ਨਸ਼ਾ ਨਾ ਕਰਨ ਲਈ ਸੁਚੇਤ ਕੀਤਾ ਜਾਣਾ ਸੀ ਇਸ ਕੈੰਪ ਵਿੱਚ| ਮੰਗਲ ਸਿੰਘ ਸਵੇਰ ਦਾ ਹੀ ਇਸ ਦੀ ਤਿਆਰੀ ਵਿੱਚ ਜੁਟਿਆ ਸੀ| ਪਰ ਉਸਦੀਆਂ ਅੱਖਾਂ ਕਿਸੇ ਦੀ ਭਾਲ ਕਰ ਰਹੀਆਂ ਸਨ| ਹਰ ਨਿੱਕੇ ਮੋਟੇ ਕੰਮ ਤੋਂ ਬਾਅਦ ਉਸਦਾ ਧਿਆਨ ਸ਼ਹਿਰ ਤੋਂ ਆਉਂਦੇ ਹੋਏ ਰਸਤੇ ਵੱਲ ਚਲਾ ਜਾਂਦਾ ਸੀ|ਹਰ ਪੰਦਰਾਂ ਵੀਹ ਮਿੰਟ ਬਾਅਦ ਉਹ ਫ਼ੋਨ ਕੰਨ ਨੂੰ ਲਗਾ ਲੈਂਦਾ ਤੇ ਕਹਿੰਦਾ, " ਕਿਥੇ ਰਹਿ ਗਿਆ ਓਏ, ਏਨੀ ਦੇਰ, ਓਧਰ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਤੇਰਾ ਕੋਈ ਪਤਾ ਠਿਕਾਣਾ ਹੀ ਨਹੀਂ"| ਇੰਝ ਲਗ ਰਿਹਾ ਸੀ ਜਿਵੇਂ ਕੈੰਪ ਸੰਬੰਧੀ ਕੋਈ ਜਰੂਰੀ ਸਮਾਨ ਸ਼ਹਿਰ ਤੋਂ ਮੰਗਵਾਇਆ ਸੀ ਤੇ ਆਉਣ ਵਿੱਚ ਦੇਰੀ ਹੋ ਰਹੀ ਹੋਵੇ|ਉਹ ਫੇਰ ਕੰਮ ਵਿੱਚ ਰੁਝ੍ਹਣ ਦੀ ਦੀ ਕੋਸ਼ਿਸ਼ ਕਰਦਾ ਪਰ ਫੇਰ ਉਸਦੀ ਨਜਰ ਸ਼ਹਿਰ ਦੇ ਆਉਂਦੇ ਰਾਹ ਵੱਲ ਚਲੀ ਜਾਂਦੀ | ਕੁਝ ਦੇਰ ਬਾਅਦ ਫੇਰ ਉਹੀ ਗੱਲ ਮੋਬਾਇਲ ਤੇ ਦੋਹਰਾਈ ਜਾਂਦੀ |ਇੰਝ ਲਗਦਾ ਸੀ ਕਿ ਕਿਸੇ ਜਰੂਰੀ ਕੰਮ ਵਿੱਚ ਦੇਰੀ ਹੋ ਰਹੀ ਸੀ ਤੇ ਉਸ ਬਿਨਾਂ ਪ੍ਰੋਗਰਾਮ ਨਹੀਂ ਸੀ ਕੀਤਾ ਜਾ ਸਕਦਾ | ਮੰਗਲ ਦੇ ਮੱਥੇ ਤੇ ਚਿੰਤਾ ਦੇ ਨਿਸ਼ਾਨ ਲਗਤਾਰ ਵੱਧ ਰਹੇ ਸਨ |ਕੰਮ ਕਰਦੇ ਕਰਦੇ ਉਸਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ | ਹੁਣ ਕੰਮ ਨਾਲੋਂ ਵੱਧ ਉਸਦਾ ਧਿਆਨ ਰਸਤੇ ਤੇ ਹੀ ਸੀ|ਉਸਦੀ ਨਿਗ੍ਹਾ ਕਦੇ ਘੜੀ ਤੇ ਕਦੇ ਰਸਤੇ ਉੱਪਰ ਜਾ ਰਹੀ ਸੀ ਤੇ ਬੇਚੈਨੀ ਵੱਧ ਰਹੀ ਸੀ|ਇਸ ਵਾਰ ਤਾਂ ਉਸ ਨੇ ਫੋਨ ਕਰਕੇ ਚੰਗੀ ਤਰਾਂ ਅਪਣਾ ਗੁੱਸਾ ਆਉਣ ਵਾਲੇ ਤੇ ਕਢ੍ਹ ਮਾਰਿਆ ," ਮੇਰੇ ਮਰਨ ਪਿਛੋਂ ਆ ਜਾਵੀਂ, ਮੈਂ ਫੂਕਣਾ ਤੈਨੂੰ ਜੇ ਨਾ ਆਇਆ ......"ਤੇ ਹੋਰ ਪਤਾ ਨਹੀਂ ਕੀ ਕੀ ਆਖਕੇ ਉਸਨੇ ਫ਼ੋਨ ਕੱਟ  ਦਿੱਤਾ ਸੀ | ਪ੍ਰੋਗਰਾਮ ਸ਼ੁਰੂ ਹੋਣ ਹੀ ਵਾਲਾ ਸੀ ਕੁਝ ਦੇਰ ਤੱਕ| ਮੰਗਲ ਟੁੱਟੇ  ਜਿਹੇ ਮਨ ਨਾਲ ਪ੍ਰੋਗਰਾਮ ਦੀ ਜਗਾਹ ਵੱਲ ਵਧਿਆ | ਸ਼ਹਿਰ ਦੇ ਰਸਤੇ ਧੂੜ ਜਿਹੀ ਉੱਡਣ ਲੱਗੀ ਤਾਂ ਮੰਗਲ ਦੇ ਚਿਹਰੇ ਤੇ ਰੌਣਕ ਜਿਹੀ ਆਉਂਦੀ ਜਾਪੀ | ਜਿਵੇਂ ਹੀ ਉਸਨੇ ਬੁੱਲੇਟ ਦੀ ਆਵਾਜ਼ ਸੁਣੀ ਤਾਂ ਉਸਦੇ ਉਸਦੇ ਚੇਹਰੇ ਦੀ ਰੌਣਕ ਹੋਰ ਵੱਧ ਗਈ| ਉਹ ਸਾਰੇ ਕੰਮ  ਛੱਡ ਕੇ ਬੁਲਟ ਦੇ ਨੇੜੇ ਆਉਣ ਦੀ ਉਡੀਕ ਕਰਨ ਲੱਗਾ|ਜਿਓਂ ਹੀ ਬੁਲਟ ਉਸ ਕੋਲ ਆਕੇ ਰੁਕਿਆ ਮੰਗਲ ਬੋਲਿਆ," ਲਿਆ ਜਲਦੀ ਕਰ, ਮੇਰੀ ਜਾਨ ਨਿਕਲੀ ਜਾਂਦੀ ਆ" ਬੁਲਟ ਵਾਲੇ ਨੇ ਜਲਦੀ ਨਾਲ ਕੁਝ ਆਪਣੇ ਖੀਸੇ ਚੋ ਕੱਢਕੇ ਮੰਗਲ ਨੂੰ ਫੜਾਈ,ਤਾਂ ਮੰਗਲ ਦੇ ਚੇਹਰੇ ਤੇ ਰੌਣਕ ਆ ਗਈ| ਮੰਗਲ ਨੇ ਜਲਦੀ ਨਾਲ ਉਸ ਚੀਜ਼ ਦੀ ਵੱਡੀ ਸਾਰੀ ਗੋਲੀ ਬਣਾਈ ਤੇ ਖਾ ਗਿਆ ਤੇ ਫੇਰ ਵੱਡਾ ਸਾਰਾ ਪਾਣੀ ਦਾ ਗਿਲਾਸ ਪੀ ਕੇ ਸਟੇਜ ਤੇ ਮੋਹਰੀ ਬਣਕੇ ਬੈਠ ਗਿਆ | ਮੰਗਲ ਦਾ ਸੀਰੀ ਭੱਜਾ ਭੱਜਾ ਬੁਲਟ ਵਾਲੇ ਕੋਲ ਆਇਆ ਤੇ ਪੁਛਣ ਲੱਗਾ , " ਬਾਈ ਕੀ ਮੰਗਵਾਇਆ ਸੀ ਸਰਪੰਚ ਨੇ ਤੇਰੇ ਤੋਂ? ਸਵੇਰ ਦਾ ਔਖਾ ਹੋਇਆ ਪਿਆ, ਹੁਣ ਚੈਨ ਆਇਆ ਇਹਨੂੰ| ਬੁਲਟ ਵਾਲਾ ਹਸਦਾ ਬੋਲਿਆ, "ਓਏ ਕੁਝ ਨਹੀਂ ਬਲਿਆ, ਕਾਲੀ ਨਾਗਣੀ ਸੀ,ਬਾਈ ਨੂੰ ਤੋੜ ਲੱਗੀ ਪੈ ਸੀ, ਖਾਸਾ ਵੇਲਾ ਹੋ ਗਿਆ ਸੀ ਮਿਲੀ ਨਹੀਂ ਸੀ, ਅੱਜ ਬਾਈ ਨੇ ਬੋਲਣਾ ਵੀ ਆ, ਇਹਤੋਂ ਖੜ ਨਹੀਂ ਸੀ ਹੋਣਾ ਫੇਰ|" ਤੇ ਇੰਨਾ ਕਹਿੰਦੇ ਹੀ ਦੋਨੋਂ ਜ਼ੋਰ ਜ਼ੋਰ ਦੀ ਹੱਸਣ ਲੱਗੇ| ਫੇਰ ਕੁਝ ਦੇਰ ਬਾਅਦ ਸਟੇਜ ਸੇਕਟਰੀ ਨੇ ਸਰਪੰਚ ਵੱਲੋਂ ਸੰਬੋਧਨ ਕਰਨ ਲਈ ਸਰਪੰਚ ਨੂੰ ਆਵਾਜ਼ ਦਿੱਤੀ| ਕੁਝ ਦੇਰ ਪਹਿਲਾਂ ਜਿਸ ਸਰਪੰਚ ਦੇ ਸਾਹ ਸੁੱਕੇ ਹੋਏ ਸਨ ਉਹ ਹੁਣ ਨਸ਼ਿਆਂ ਬਾਰੇ ਭਾਸ਼ਨ ਦੇ ਰਿਹਾ ਸੀ , " ਭੈਣੋ ਤੇ ਭਰਾਵੋ , ਇਹ ਨਸ਼ੇ ਸਾਡੇ ਸਮਾਜ ਨੂੰ ਖੋਖਲਾ ਕਰ ਰਹੇ ਹਾਂ, ਸਾਨੂੰ ਨਸਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ, ਸਾਨੂੰ ਅਪਣੀ ਖ਼ੁਰਾਕ ਵੱਲ ਧਿਆਨ ਦੇਣਾ ਚਾਹੀਦਾ ਹੈ, ਨੌਜਵਾਨਾਂ ਨੂੰ ਅਪਣੀ ਸੇਹਤ ਬਣਾਉਣੀ ਚਾਹੀਦੀ ਹੈ, ਨਸ਼ੇ ਸਾਨੂੰ ਵਿੱਤੀ ਤੌਰ ਤੇ ਵੀ ਖੋਖਲਾ ਕਰ ਰਹੇ ਹਨ,ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਹਾਨੀਕਾਰਕ ਹਨ, ਅਸੀਂ ਇਸ ਨਸ਼ੇ ਦੇ ਨਦੀਮ ਨੂੰ ਪੁੱਟ ਸੁੱਟਾਂਗੇ .............................." ਸਟੇਜ ਦੇ ਪਿਛੇ ਖੜੇ ਸੀਰੀ ਤੇ ਬੁਲਟ ਵਾਲਾ ਸਰਪੰਚ ਦੀਆਂ ਗੱਲਾਂ ਸੁਣ ਸੁਣਕੇ ਆਪਣਾ ਢਿੱਡ ਫੜ ਫੜਕੇ ਹੱਸ ਰਹੇ ਸਨ|