ਸ਼ਬਦ ਵਿਚਾਰ ਬਨਾਮ ਧੂਤਾਗਿਰੀ (ਕਵਿਤਾ)

ਗੁਰਮੀਤ ਸਿੰਘ 'ਬਰਸਾਲ'   

Email: gsbarsal@gmail.com
Address:
ਕੈਲੇਫੋਰਨੀਆਂ California United States
ਗੁਰਮੀਤ ਸਿੰਘ 'ਬਰਸਾਲ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿਸਦੇ ਕੋਲ ਵਿਚਾਰ ਨਹੀਂ ਹੈ ।
ਬੰਦਾ ਪਾਏਦਾਰ ਨਹੀਂ ਹੈ ।।

ਓਹ ਕਾਹਦਾ ਸੱਚ ਦਾ ਪਰਚਾਰਕ,
ਹੋਇਆ ਜੋ ਖੁਆਰ ਨਹੀਂ ਹੈ ।।

ਗਿਆਨ ਉੱਤੇ ਹੱਥ ਚੁੱਕਣ ਵਾਲਾ,
ਹੁੰਦਾ ਕੋਈ ਸਿਰਦਾਰ ਨਹੀਂ ਹੈ ।।

ਵਾਹ ਗੁਰੂ ਵਿਸਮਾਦੀ ਅੱਖਰ,
ਧੂਤਕੜਾ ਹਥਿਆਰ ਨਹੀਂ ਹੈ ।।

ਦੂਜੇ ਦੀ ਲਾਹ ਹੱਸਣ ਵਾਲੀ,
ਗੁਰ ਬਖਸ਼ੀ ਦਸਤਾਰ ਨਹੀਂ ਹੈ ।।

ਪੜ੍ਹੇ ਚਰਿੱਤਰ, ਕਰੇ ਚਲਿੱਤਰ,
ਉਸ ਵਰਗਾ ਬਦਕਾਰ ਨਹੀਂ ਹੈ ।।

ਧੂਤੇ, ਬਿੱਜੂ, ਬੂਝੜ ਵਰਗੀ,
ਸਮਝੋ ਤਾਂ ਫਿਟਕਾਰ ਨਹੀਂ ਹੈ ।।

ਧਰਮ ਗੁਣਾਂ ਦਾ ਧਾਰਨ ਹੁੰਦਾ,
ਵਰਗਾਂ ਦਾ ਪ੍ਰਚਾਰ ਨਹੀਂ ਹੈ ।।

ਸਿੱਖੀ ਜੀਵਨ-ਜਾਚ ਹੈ ਹੁੰਦੀ,
ਬਾਹਰ ਦਾ ਸੰਗਾਰ ਨਹੀਂ ਹੈ ।।

ਸ਼ਬਦ ਵਿਚਾਰਨ ਧਾਰਨ ਤੋਂ ਬਿਨ,
ਗੁਰਮਤਿ ਦਾ ਸਤਿਕਾਰ ਨਹੀਂ ਹੁੰਦਾ ।।