ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ (ਪੁਸਤਕ ਪੜਚੋਲ )

ਉਜਾਗਰ ਸਿੰਘ   

Email: ujagarsingh48@yahoo.com
Cell: +91 94178 13072
Address:
India
ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੇਜਿੰਦਰ ਸੋਹੀ ਸਮਾਜਿਕ ਸਰੋਕਾਰਾਂ ਦੀ ਕਵਿਤਰੀ ਹੈ ਪ੍ਰੰਤੂ ਉਸਦੀ ਕਵਿਤਾ ਦਾ ਇਕ ਵਿਲੱਖਣ ਗੁਣ ਇਹ ਵੀ ਹੈ ਕਿ ਉਹ ਸਮਾਜਿਕ ਸਰੋਕਾਰਾਂ ਨੂੰ ਰੁਮਾਂਸਵਾਦ ਦੇ ਗਲੇਫ਼ ਵਿਚ ਲਪੇਟਕੇ ਆਪਣੀ ਗੱਲ ਕਹਿੰਦੀ ਹੈ।   ਕਰਕੇ ਹੀ ਉਸਦੀ ਕਵਿਤਾ ਸਰੋਦੀ, ਕਾਵਿਮਈ ਅਤੇ ਦਿਲ ਨੂੰ ਝੰਜੋੜਕੇ ਟੁੰਬਦੀ ਹੈ। ਨਿੱਕੇ-ਨਿੱਕੇ ਵਾਕ, ਨੋਕ-ਝੋਕ, ਨੁਕਤੇ, ਵਿਚਾਰ,  ਪ੍ਰੰਤੂ ਅਰਥ ਭਰਪੂਰ ਜਿਹੜੇ ਮਨੁੱਖੀ ਮਨਾਂ ਵਿਚ ਸਰਸਰਾਹਟ ਪੈਦਾ ਕਰਦੇ ਹਨ। ਉਸਦੀ ਕਵਿਤਾ ਕੁਝ ਸੋਚਣ ਲਈ ਵੀ ਮਜ਼ਬੂਰ ਕਰਦੀ ਹੈ ਕਿ ਉਹ ਕਹਿਣਾ ਕੀ ਚਾਹੁੰਦੀ ਹੈ। ਤੇਜਿੰਦਰ ਸੋਹੀ ਦੀ ਪੁਸਤਕ 'ਨਿਪੱਤਰੇ ਰੁੱਖ ਦਾ ਪਰਛਾਵਾਂ' ਵਰਤਮਾਨ ਸਮਾਜ ਵਿਚ ਵਿਚਰਦੇ ਇਨਸਾਨ ਰੂਪੀ ਰੁੱਖਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਵਾਲੀਆਂ ਕਵਿਤਾਵਾਂ ਹਨ। ਇਨ੍ਹਾਂ ਰੁੱਖਾਂ ਦੇ ਪਰਛਾਵੇਂ ਦਾ ਕੋਈ ਅਰਥ ਨਹੀਂ। ਇਹ ਪਰਛਾਵੇਂ ਅਰਥਹੀਣ ਅਤੇ ਅਸਥਾਈ ਹਨ। ਉਸਦੀਆਂ ਕਵਿਤਾਵਾਂ ਮਨੁੱਖੀ ਮਾਨਸਿਕਤਾ ਵਿਚ ਹੋ ਰਹੀ ਉਥਲ ਪੁਥਲ ਦਾ ਬਿੰਬਾਂ ਰਾਹੀਂ ਚਿਤਰ ਖਿਚ ਰਹੀਆਂ ਹਨ। ਅਸਲ ਵਿਚ ਕਵਿਤਾ ਇਨਸਾਨ ਦੀ ਮਾਨਸਿਕਤਾ, ਭਾਵਨਾਵਾਂ ਅਤੇ ਅਹਿਸਾਸਾਂ ਦਾ ਹੀ ਦੂਜਾ ਰੂਪ ਹੁੰਦੀ ਹੈ। ਇਨਸਾਨ ਦਾ ਮਨ ਬੜਾ ਚੰਚਲ ਹੁੰਦਾ ਹੈ, ਉਸ ਵਿਚ ਬੜੇ ਉਤਰਾਓ ਚੜ੍ਹਾਓ ਆਉਂਦੇ ਰਹਿੰਦੇ ਹਨ, ਖਿਆਲੀ ਪਲਾਓ ਬਣਦੇ ਰਹਿੰਦੇ ਹਨ ਜਿਸ ਕਰਕੇ ਅਸਥਿਰਤਾ ਬਣੀ ਰਹਿੰਦੀ ਹੈ ਅਜਿਹੀ ਤਰਥੱਲੀ ਨੂੰ ਸ਼ਬਦੀ ਰੂਪ ਦੇਣਾ ਹੀ ਕਵਿਤਾ ਹੁੰਦੀ ਹੈ। ਕਵਿਤਰੀ ਦੀਆਂ ਬਹੁਤੀਆਂ ਕਵਿਤਾਵਾਂ ਰੁਮਾਂਟਿਕ ਹਨ, ਜਿਹੜੀਆਂ ਆਦਮੀ ਅਤੇ ਮਰਦ ਦੇ ਸੰਬੰਧਾਂ ਦੀਆਂ ਤਲਖ਼ ਸਚਾਈਆਂ ਦਾ ਪ੍ਰਗਟਾਵਾ ਕਰਦੀਆਂ ਹਨ। ਜਿਨ੍ਹਾਂ ਦਾ ਮਨੁੱਖ ਮਨ ਪ੍ਰਗਟਾਵਾ ਕਰਨ ਤੋਂ ਝਿਜਕਦਾ ਰਹਿੰਦਾ ਹੈ। ਸੋਹੀ ਨੇ ਉਸਨੂੰ ਬੇਬਾਕੀ ਨਾਲ ਕਵਿਤਾ ਦਾ ਰੂਪ ਦਿੱਤਾ ਹੈ। ਸਮਾਜ ਵਿਚ ਵਿਚਰਦਿਆਂ ਔਰਤ ਨੂੰ ਆਦਮੀ ਉਪਰ ਵਿਸ਼ਵਾਸ਼ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ ਕਿਉਂਕਿ ਸਾਡੇ ਸਮਾਜ ਵਿਚ ਅਜੇ ਵੀ ਇਸਤਰੀ ਆਜ਼ਾਦ ਨਹੀਂ ਹੈ। ਆਦਮੀ ਪ੍ਰਧਾਨ ਸਮਾਜ ਹੈ, ਇਸ ਲਈ ਆਦਮੀ ਆਪਣੀ ਫ਼ਿਤਰਤ ਅਨੁਸਾਰ ਇਸਤਰੀ ਤੋਂ ਕਈ ਘਟਨਾਵਾਂ ਅਤੇ ਗੱਲਾਂ ਨੂੰ ਛੁਪਾ ਕੇ ਰੱਖਦਾ ਹੈ। ਇਸ ਲਈ ਸਤਰੀ ਇਕੋ ਸਮੇਂ ਕਈ ਸੰਤਾਪ ਹੰਢਾਉਂਦੀ ਹੈ। ਸਤਰੀ ਨੂੰ ਆਦਮੀ ਤੇ ਨਿਰਭਰ ਰਹਿਣਾ ਪੈਂਦਾ ਹੈ। ਪਿਆਰ ਦੇ ਚਕਰ ਵਿਚ ਤਾਂ ਉਸਨੂੰ ਹਮੇਸ਼ਾ ਹੀ ਧੋਖ਼ੇ ਵਿਚ ਰੱਖਿਆ ਜਾਂਦਾ ਹੈ। ਘਰ ਦੀ ਚਾਰਦੀਵਾਰੀ ਦੇ ਅੰਦਰ ਉਹ ਹਰ ਕੰਮ ਲਈ ਜ਼ਿੰਮੇਵਾਰ ਹੈ ਅਤੇ ਬਾਹਰ ਆਦਮੀ ਦੇ ਬਰਾਬਰ ਨੌਕਰੀ ਵੀ ਕਰਦੀ ਹੈ। ਇਕ ਕਿਸਮ ਨਾਲ ਤੇਜਿੰਦਰ ਸੋਹੀ ਨੇ ਇਸਤਰੀ ਜਾਤੀ ਦੀ ਆਪਣੀਆਂ ਕਵਿਤਾਵਾਂ ਵਿਚ ਵਕਾਲਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਇਹ ਵੀ ਲਿਖਦੀ ਹੈ ਕਿ ਪਿਆਰ ਵਿਚ ਪਰੁਚੇ ਆਦਮੀ ਅਤੇ ਔਰਤ ਦੇ ਰਸਤੇ ਵਿਚ ਧਰਮ, ਜਾਤ ਅਤੇ ਉਮਰ ਦਾ ਕੋਈ ਜ਼ੋਰ ਨਹੀਂ ਚਲਦਾ । ਇਕ ਕਿਸਮ ਨਾਲ ਸੋਹੀ ਨੇ ਪੂਰਨ, ਲੂਣਾ ਅਤੇ ਇਛਰਾਂ ਦੀ ਤਰ੍ਹਾਂ ਵਰਤਮਾਨ ਸਮਾਜ ਵਿਚ ਵਾਪਰ ਰਹੀਆਂ ਇਸ਼ਕ ਦੀਆਂ ਘਟਨਾਵਾਂ ਨੂੰ ਕਵਿਤਾਵਾਂ ਵਿਚ ਦਰਸਾਇਆ ਹੈ। ਜਦੋਂ ਇਸ਼ਕ ਸਿਰ ਚੜ੍ਹਕੇ ਬੋਲਦਾ ਹੈ ਤਾਂ ਜੋਗੀ ਦਾ ਜੋਗ ਵੀ ਡੋਲ ਜਾਂਦਾ ਹੈ। ਇਕ ਕਿਸਮ ਨਾਲ ਸੋਹੀ ਨੇ ਇਸ਼ਕ ਦੀ ਵਕਾਲਤ ਵੀ ਕੀਤੀ ਹੈ। ਇਸ਼ਕ ਵਿਚ ਹਰ ਇਨਸਾਨ ਦਾ ਦਿਲ ਬੇਕਾਬੂ ਹੋ ਜਾਂਦਾ ਹੈ, ਆਪਣੀ ਸ ਪੁਸਤਕ ਦੀ ਪਹਿਲੀ ਅਜਿਹੀ ਕ ਕਵਿਤਾ ਵਿਚ ਉਹ ਲਿਖਦੀ ਹੈ-
ਭੋਗਣ ਤੱਤੜੀ ਚਰਖ਼ਾ ਕੱਤਦੀ, ਸੋਚਾਂ ਵਿਚ ਕੁਰਲਾਈ, 
ਜੋਗੀ ਉਤਰ ਪਹਾੜੋਂ ਆਇਆ।
ਅਲਖ਼ ਨਿਰੰਜਨ ਕਹਿ, ਆ ਬੂਹੇ ਅਲਖ਼ ਜਗਾਈ, 
ਭੋਗਣ ਆ ਲਿੱਬੜੇ ਹੱਥੀਂ, ਖ਼ੈਰ ਜੋਗੀ ਨੂੰ ਪਾਈ।
ਖ਼ੈਰ ਪਾਉਂਦਿਆਂ, ਆਟੇ ਲਿੱਬੜਿਆ ਹੱਥ, ਭੋਗਣ ਦਾ
ਜੋਗੀ ਦੇ ਕਾਸੇ ਨੂੰ ਛੋਹ ਗਿਆ, ਪਤਾ ਨਾ ਲੱਗਾ ਕੀ ਹੋ ਗਿਆ।
ਜੋਗੀ ਦਾ ਕਾਸਾ ਭਰਿਆ-ਭਰਿਆ, ਖਾਲੀ ਹੱਥ ਭੋਗਣ ਦਾ ਹੋ ਗਿਆ।
ਜੁਗਤੀ...ਮੁਕਤੀ..ਭੋਗਣ ਦਾ ਭੋਗ ਪਿਆ, ਜੋਗੀ ਦਾ ਜੋਗ ਗਿਆ....
..ਨਜ਼ਰਾਂ ਦਾ ਮੇਲ... ਭੋਗਣ ਦਾ ਜੋਗ ਜਗਿਆ, ਜੋਗੀ ਦਾ ਭੋਗ ਜਗਿਆ...
...ਨਜ਼ਰਾਂ ਦਾ ਸੇਕ, ਜੋਗੀ ਕੋਲੋਂ ਸਹਿ ਨਾ ਹੋਇਆ...ਮੈਂ ਜੋਗੀ ਹਾਂ ਕਹਿ ਨਾ ਹੋਇਆ...
  ਤੇਜਿੰਦਰ ਸੋਹੀ ਦੀ 176 ਪੰਨਿਆਂ ਦੀ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਮਰਦ ਔਰਤ ਦੇ ਸੰਬੰਧਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ, ਜਿਨ੍ਹਾਂ ਵਿਚ ਗਿਲੇ ਸ਼ਿਕਵੇ ਭਾਰੂ ਹਨ, ਭਾਵੇਂ ਉਹ ਸਮਾਜਿਕ ਸਰੋਕਾਰਾਂ ਵੀ ਗੱਲ ਕਰਦੀਆਂ ਹਨ। ਇਸਤਰੀ ਆਦਮੀ ਨੂੰ ਹਮੇਸ਼ਾ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੀ, ਉਸਨੂੰ ਅਵਿਸ਼ਵਾਸੀ ਗਰਦਾਨਦੀ ਹੋਈ, ਮਾਨਸਿਕ ਅਸੰਤੁਲਨ ਵਿਚ ਉਸਲਵੱਟੇ ਲੈਂਦੀ ਰਹਿੰਦੀ ਹੈ। ਆਦਮੀ ਦੇ ਭਰੋਸਾ ਤੋੜਨ ਦੇ ਬਾਵਜੂਦ ਵੀ ਉਹ ਪਿਆਰ ਦੀ ਆਸ ਲਾਈ ਰੱਖਦੀ ਹੈ। ਆਦਮੀ ਬੇਸ਼ਕ ਔਰਤ ਨੂੰ ਆਪਣੀ ਔਰਤ ਨਾ ਸਮਝੇ ਪ੍ਰੰਤੂ ਔਰਤ ਆਪਣੇ ਆਦਮੀ ਤੇ ਫਿਰ ਵੀ ਜਾਨ ਵਾਰਨ ਲਈ ਤਿਆਰ ਰਹਿੰਦੀ ਹੈ। ਇਹੋ ਉਸਦੀਆਂ ਕਵਿਤਾਵਾਂ ਦਾ ਮੂਲ ਸਿਧਾਂਤ ਹੈ। ਬੇਸ਼ੱਕ ਉਸਨੂੰ ਕਿਤਨੇ ਹੀ ਦੁੱਖ ਸਹਿਣੇ ਪੈਣ ਪ੍ਰੰਤੂ ਫਿਰ ਵੀ ਉਹ ਆਪਣੇ ਆਦਮੀ ਦੀ ਖ਼ੈਰ ਮੰਗਦੀ ਹੈ। ਇਸਦੇ ਇਵਜ਼ ਵੱਜੋਂ ਉਸਨੂੰ ਧੋਖ਼ਾ ਹੀ ਮਿਲਦਾ ਹੈ, ਉਹ ਆਪਣੀ ਇਛਾ ਦੀ ਪੂਰਤੀ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਆਖ ਪਾਸਾ ਵੱਟ ਲੈਂਦਾ ਹੈ। ਕ ਕਵਿਤਾ ਵਿਚ ਲਿਖਦੀ ਹੈ-
ਕੀ ਜਿਤਿਆ ਕੀ ਹਰਿਆ, ਅੰਦਰ ਸੀ ਹਓਮੈ ਵੜਿਆ।
ਉਹ ਫੁੱਕਿਆ ਉਹ ਸੜਿਆ, ਮੇਰੇ ਨਾਲ ਬਹੁਤ ਹੀ ਲੜਿਆ।
ਹੁਣ ਹੋਇਆ ਪਿਆ ਨਿਢਾਲ, ਸੱਜਣ ਜੀ ਸਾਡੇ ਕਮਾਲ।
ਸਾਡੇ ਵਿਹੜੇ ਧਮਾਲ....
    ਕ ਹੋਰ ਕਵਿਤਾ ਵਿਚ ਉਹ ਆਦਮੀ ਵੱਲੋਂ ਔਰਤ ਦੀਆਂ ਭਾਵਨਾਵਾਂ ਨਾਲ ਖੇਡਣ ਕਰਕੇ ਉਲਾਂਭੇ ਦਿੰਦੀ ਹੋਈ ਲਿਖਦੀ ਹੈ-
ਰੰਗ ਸਾਡੀ ਪੀਂਘ 'ਚੋਂ ਚੁਰਾਕੇ ਕਿੱਥੇ ਜਾਵੇਂਗਾ, ਬੇਕਰਾਰੀ ਦੇਕੇ ਤੂੰ ਕਰਾਰ ਕਿੱਥੋਂ ਪਾਵੇਂਗਾ।
ਵਲੀਆਂ ਜੋ ਬਾਹਵਾਂ ਹੁਣ ਤੋੜ ਤੋੜ ਸੁੱਟਦੈਂ, ਹਸ਼ਰ ਦੇ ਦਿਨ ਤੂੰ ਆਵਾਜ਼ ਕੀਹਨੂੰ ਲਾਵੇਂਗਾ..
ਲੱਭਣਾ ਨੀ ਹੌਕਿਆਂ 'ਚੋਂ ਖੋਇਆ ਸਾਡਾ ਸੰਗ ਵੇ,ਛਣਕਦੇ ਹਾਸੇ ਜੇ ਤੂੰ ਛੱਡ ਤੁਰ ਜਾਵੇਂਗਾ।
 ਸੋਹੀ ਬੇਬਾਕ ਕਵਿਤਰੀ ਹੈ, ਉਹ ਇਸਤਰੀ ਦੀ ਮਾਨਸਿਕਤਾ ਨੂੰ ਭਲੀ ਭਾਂਤ ਸੋਮਝਦੀ ਹੈ, ਇਸ ਕਰਕੇ ਉਸਦੀ ਦੀ ਇਕ ਹੋਰ ਕਵਿਤਾ ਵਿਚ ਗਿਲੇ, ਸ਼ਿਕਵੇ, ਉਲਾਂਭੇ ਅਤੇ ਨਿਹੋਰੇ ਦਾ ਰੰਗ ਵੇਖੋ-
        ਮਾਣ ਕਰੇਂਦੇ ਸੂਰਜਾ, ਤੂੰ ਕਾਹੇ ਸਾਡੇ ਘਰ ਆਇਆ ਹੈਂ।
        ਸੇਕ ਤੇਰਾ ਕਿਉਂ ਊਣਾ ਹੋਇਆ, ਕਿੱਥੇ ਚਿਣਗਾਂ ਹਰ ਆਇਆ ਹੈ।
        ਡੀ ਤੇਹ ਦੀ ਕੀ ਮਜ਼ਬੂਰੀ, ਹੋਂਠ ਤੂੰ ਜੂਠੇ ਕਰ ਆਇਆ ਹੈਂ।
        ਲੱਭਣ ਤੁਰਿਆ ਸੀ ਤੂੰ ਜੀਵਨ, ਕਿੱਥੇ-ਕਿੱਥੇ ਮਰ ਆਇਆ ਹੈਂ।
 ਕਵਿਤਰੀ ਆਪਣੀਆਂ ਕਵਿਤਾਵਾਂ ਵਿਚ ਸਮਾਜਿਕ ਸਰੋਕਾਰਾਂ ਤੇ ਪਹਿਰਾ ਦਿੰਦੀ ਹੋਈ ਲੋਕਾਂ ਦੇ ਹੱਕਾਂ ਲਈ ਹਾਅਦਾ ਨਾਅਦਾ ਮਾਰਦੀ ਰਹਿੰਦੀ ਹੈ। ਜਦੋਂ ਉਹ ਲੋਕ ਹਿਤਾਂ ਦੀ ਗੱਲ ਕਰਦੀ ਹੈ ਤਾਂ ਉਸਨੂੰ ਵੀ ਰੁਮਾਂਟਿਕ ਢੰਗ ਨਾਲ ਲਿਖਕੇ ਉਸਨੂੰ ਪ੍ਰਚਾਰ ਬਣਨ ਤੋਂ ਰੋਕਣ ਵਿਚ ਸਫਲ ਰਹਿੰਦੀ ਹੈ। ਉਹ ਆਪਣੇ ਦੁੱਖ ਨੂੰ ਵੀ ਜ਼ਾਹਰ ਨਹੀਂ ਹੋਣ ਦਿੰਦੀ, ਸਗੋਂ ਆਪਣੀ ਮੁਸਕਰਾਹਟ ਵਿਚ ਲੁਕੋ ਲੈਂਦੀ ਹੈ। ਵੰਨਗੀ ਵੇਖੋ-
ਜ਼ਬਤ- -ਗ਼ਮ ਵੇਖਣਾ ਹੈ ਤਾਂ, ਮੇਰੀ ਫੈਲਦੀ ਮੁਸਕਰਾਹਟ ਵੇਖ ਲਵੀਂ...
ਕੀ ਕਰ ਸਕਦੀ ਛੋਹ ਅੰਬਰ ਦੀ, ਠਹਿਰੇ ਪਾਣੀਆਂ ਦੀ ਸਰਸਰਾਹਟ ਵੇਖ ਲਵੀਂ...
ਕੀ ਦਰਦ ਹੁੰਦਾ ਹੈ ਟੁੱਟੇ ਖੰਭਾਂ ਦਾ ਦਰਦ, ਪਿੰਜਰੇ 'ਚ ਪੰਛੀ ਦੀ ਫੜਫੜਾਹਟ ਵੇਖ ਲਵੀਂ...
ਕੀ ਹੁੰਦੀ ਹੈ ਬੇਬਸੀ ਗ਼ਰੀਬ ਦੀ, ਟਪਕਦੀ ਛੱਤ 'ਤੇ ਬੱਦਲਾਂ ਦੀ ਗੜਗੜ੍ਹਾਹਟ ਵੇਖ ਲਵੀਂ...
ਨਸਾਨ ਦੀ ਇਨਸਾਨ ਪ੍ਰਤੀ ਖ਼ੁਦਗਰਜੀ ਬਾਰੇ ਲਿਖਦੀ ਉਹ ਦਸਦੀ ਹੈ ਕਿ ਉਹ ਨੈਤਿਕ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗ ਕੇ ਨਿੱਜੀ ਲੋੜ ਅਨੁਸਾਰ ਰਿਸ਼ਤੇ ਨਿਭਾਉਂਦਾ ਹੈ। ਰਿਸ਼ਤਿਆਂ ਦੀ ਉਸ ਕੋਲ ਕੋਈ ਕਦਰ ਨਹੀਂ, ਸਿਰਫ ਵਿਓਪਾਰੀ ਸੰਬੰਧ ਬਣਾਕੇ ਰੱਖਦਾ ਹੈ-
ਰੱਖ ਸਾਹਵੇਂ ਮਕਸਦਾਂ ਨੂੰ ਪੈਣ ਜੱਫੀਆਂ, ਉਦੋਂ ਦੋਸਤੀ ਵੀ ਮਹਿਜ਼ ਕਾਰੋਬਾਰ ਹੁੰਦੀ ਹੈ।
ਜਦੋਂ ਖੇਡਦੀ ਹੈ ਮਾਇਆ ਸਾਡੇ ਅੰਗ ਸੰਗ, ਦੁਆਲੇ ਚਹੇਤਿਆਂ ਦੀ ਉਦੋਂ ਭਰਮਾਰ ਹੁੰਦੀ ਹੈ।
  ਪਿਆਰ ਵਿਚ ਆਦਮੀ ਭਾਵੇਂ ਔਰਤ ਤੇ ਕਿਤਨੇ ਅਤਿਆਚਾਰ ਕਰਦਾ ਰਹੇ ਪ੍ਰੰਤੂ ਔਰਤ ਰਿਸ਼ਤਿਆਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਹੀ ਨਹੀਂ ਕਰਦੀ ਸਗੋਂ ਆਪਣੀ ਜ਼ਿੰਮੇਵਾਰੀ ਸਮਝਦੀ ਹੈ। Îਇਹ ਉਸਦੀਆਂ ਕਵਿਤਾਵਾਂ ਦਾ ਨਚੋੜ ਹੈ। ਜਿਵੇਂ ਪਰਿਵਾਰ ਨੂੰ ਬੰਨ੍ਹਕੇ ਰੱਖਣਾ ਇਕੱਲੀ ਔਰਤ ਦੀ ਹੀ ਜ਼ਿੰਮੇਵਾਰੀ ਹੋਵੇ। ਤੇਜਿੰਦਰ ਸੋਹੀ ਦੀ ਕਮਾਲ ਇਸ ਵਿਚ ਹੈ ਕਿ ਸਮੁੱਚੀ ਔਰਤ ਜਾਤ ਦੇ ਦੁੱਖਾਂ ਨੂੰ ਉਸਨੇ ਜਨਰਲਾਈਜ ਕਰ ਦਿੱਤਾ ਹੈ। ਉਸ ਵਿਚ ਸਤਰੀਆਂ ਦੀਆਂ ਔਕੜਾਂ ਨੂੰ ਅਨੁਭਵ ਕਰਨ ਦੀ ਸਮਰੱਥਾ ਬਹੁਤ ਹੀ ਜ਼ਿਆਦਾ ਜਾਪਦੀ ਹੈ। ਛੋਟੀ ਉਮਰੇ ਹੀ ਪਲੇਠੀ ਪੁਸਤਕ ਵਿਚ ਹੀ ਤੇਜਿੰਦਰ ਸੋਹੀ ਨੇ ਨਵੇਂ ਕੀਰਤੀਮਾਨ ਸਥਾਪਤ ਕਰ ਦਿੱਤੇ ਹਨ। ਉਸਨੇ ਆਪਣੀ ਪੁਸਤਕ ਵਿਚ ਆਮ ਪੁਸਤਕਾਂ ਦੀ ਤਰ੍ਹਾਂ ਕੋਈ ਤੱਤਕਰਾ ਵੀ ਨਹੀਂ ਬਣਾਇਆ। ਉਸਨੇ ਆਪਣੀਆਂ ਕਵਿਤਾਵਾਂ ਵਿਚ ਲਿਖਿਆ ਹੈ ਕਿ ਅਨੇਕਾਂ ਦੁਸ਼ਾਵਰੀਆਂ ਦੇ ਹੁੰਦਿਆਂ ਸੁੰਦਿਆਂ ਵੀ ਜੇਕਰ ਇਸਤਰੀ ਆਪਣੇ ਘਰ ਦਾ ਵਾਤਾਵਰਨ ਠੀਕ ਰੱਖਣ ਵਿਚ ਸਫਲ ਰਹਿੰਦੀ ਹੈ ਤਾਂ ਆਪਸੀ ਸੰਬੰਧਾਂ ਦੀ ਮਹਿਕ ਨਾਲ ਘਰ ਪਰਿਵਾਰ ਖ਼ੁਸ਼ਹਾਲ ਹੋ ਜਾਵੇਗਾ। ਉਸਨੇ ਆਪਣੀਆਂ ਕਵਿਤਾਵਾਂ ਵਿਚ ਬਿੰਬ ਅਤੇ ਅਲੰਕਾਰ ਆਮ ਪਾਠਕ ਦੇ ਸਮਝ ਵਿਚ ਆਉਣ ਵਾਲੇ ਵਰਤੇ ਹਨ। ਉਸਦੀ ਬੋਲੀ ਦੀ ਸ਼ੈਲੀ ਵੀ ਸਰਲ ਹੈ ਪ੍ਰੰਤੂ ਸਮਝਣ ਲਈ ਸੁਚੇਤ ਮਨ ਦੀ ਜ਼ਰੂਰਤ ਹੈ। ਸ ਕਵਿਤਾ ਦੀ ਸ਼ਬਦਾਵਲੀ ਅਤੇ ਬਿੰਬ ਵੇਖਣ ਵਾਲੇ ਹਨ ਅਤੇ ਆਦਮੀ ਦੀ ਕਾਮ ਦੀ ਲਾਲਸਾ ਦਾ ਪ੍ਰਗਟਾਵਾ ਹੁੰਦਾ ਹੈ-
ਉਹ ਜਾਲ ਵਿਛਾਉਂਦਾ, ਟਿਕਾਅ ਨਾਲ ਉਡੀਕਦਾ।
ਮੱਛੀਆਂ ਫੱਸਦੀਆਂ, ਛਟਪਟਾਉਂਦੀਆਂ, ਉਹ ਉਹਨਾਂ ਨੂੰ।
ਪਾਣੀਆਂ 'ਚੋਂ ਬਾਹਰ ਕੱਢਦਾ, ਉਹਨਾਂ ਦੀ ਤੜਫ਼ ਵੇਖਦਾ।
ਸਹਿਕਦੀਆਂ ਮੱਛੀਆਂ ਮਰਦੀਆਂ, ਵੇਚ-ਵੱਟ ਉਹਨਾਂ ਨੂੰ ਉਹ।
ਚੈਨ ਦੀ ਨੀਂਦ ਸੌਂਦਾ, ਸਵੇਰ ਹੁੰਦਿਆਂ, ਜਾਲ ਲੈ, ਸਮੁੰਦਰ ਨੂੰ।
ਨੀਝ ਨਾਲ ਤੱਕਦਾ, ਖ਼ਾਰੇ ਪਾਣੀਆਂ ਦਾ ਪਾਰਖੂ, ਮੰਦ-ਮੰਦ ਮੁਸਕਰਾਉਂਦਾ....
 ਸ ਕਵਿਤਾ ਵਿਚ ਔਰਤ ਨੂੰ ਮੱਛੀ ਦੀ ਤਰ੍ਹਾਂ ਦਰਸਾਇਆ ਹੈ, ਆਦਮੀ ਕਿਵੇਂ ਉਸਨੂੰ ਫਸਾਉਣ ਲਈ ਜਾਲ ਵਿਛਾਉਂਦਾ ਰਹਿੰਦਾ ਹੈ। ਆਦਮੀ ਨੂੰ ਬਗਲੇ ਭਗਤ ਦਾ ਦਰਜਾ ਦਿੱਤਾ ਹੈ, ਜਿਹੜਾ ਇਸ ਤਾਕ ਵਿਚ ਰਹਿੰਦਾ ਹੈ ਕਿ ਪੰਛੀ ਨੂੰ ਕਦੋਂ ਚੁੱਕਣਾ ਹੈ। ਇਹੋ ਹਾਲ ਆਦਮੀ ਦੀ ਮਾਨਸਿਕਤਾ ਦਾ ਹੈ। ਉਹ ਵੀ ਆਪਣਾ ਜਾਲ ਇਸਤਰੀ ਨੂੰ ਫਸਾਉਣ ਲਈ ਤਿਆਰ ਬਰ ਤਿਆਰ ਰੱਖਦਾ ਹੈ। ਹਮੇਸ਼ਾ ਚੰਗੇ ਮੌਕੇ ਦੀ ਤਾੜ ਵਿਚ ਰਹਿੰਦਾ ਹੈ। ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਉਸਦੀਆਂ ਦੋ ਕਵਿਤਾਵਾਂ ਵੇਖੋ-
ਜਦ ਸਫ਼ੈਦ ਵਰਕਿਆਂ 'ਤੇ, ਉਸਦੀ ਸਿਆਹ ਕਲਮ ਚਲਦੀ।
ਤਾਂ ਪਤਾ ਨਹੀਂ ਕਿਥੋਂ, ਉਸਦੀਆਂ ਕਵਿਤਾਵਾਂ ਵਿਚ।
ਰੋਟੀ ਮੰਗਦੇ ਬੱਚਿਆਂ ਦਾ, ਨੰਗ ਕੱਜਦਿਆਂ ਰੋੜੀ ਕੁੱਟਦੀ ਔਰਤ ਦਾ ਜ਼ਿਕਰ।
ਵਾਰ-ਵਾਰ ਆਉਂਦਾ।
ਜੇ ਤੁਸੀਂ ਆਖੋ, ਕਿ ਬੰਦ ਅੱਖਾਂ ਨਾਲ ਤੁਹਾਨੂੰ।
ਭੁੱਖੇ-ਨੰਗੇ ਰੋਟੀ ਮੰਗਦੇ, ਬੱਚਿਆਂ ਦੇ ਹੱਥ ਦਿਖਦੇ ਹਨ।
ਤਾਂ ਯਕੀਨਨ, ਮੈਂ ਤੁਹਾਡਾ ਵਿਸ਼ਵਾਸ਼ ਨਹੀਂ ਕਰ ਸਕਦੀ।
ਮੁਆਫ਼ ਕਰਨਾ ਫ਼ਰਕ ਮਹਿਜ਼, ਸੁਪਨੇ ਅਤੇ ਹਕੀਕਤ ਦਾ ਹੈ...
 ਤੇਜਿੰਦਰ ਸੋਹੀ ਦੀ ਕਵਿਤਾ ਬਹੁਰੰਗੀ ਹੈ। ਉਸਨੇ ਸਮਾਜ ਵਿਚ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਦੇ ਹਰ ਪੱਖ ਨੂੰ ਦਰਸਾਉਣ ਵਾਲੀ ਕਵਿਤਾ ਲਿਖੀ ਹੈ। ਉਸ ਅਨੁਸਾਰ ਇਨਸਾਨ ਹਰ ਰੋਜ ਦੁਨੀਆਂਦਾਰੀ ਦੇ ਚਕਰਾਂ ਵਿਚ ਉਲਝਿਆ ਫਿਰਦਾ ਹੈ। ਇਸ ਲਈ ਉਹ ਤਿਗੜਮਬਾਜ਼ੀਆਂ ਕਰਦਾ ਹੈ। ਸੱਚ ਦੇ ਮਾਰਗ ਤੇ ਚਲਣ ਦੀ ਹਿੰਮਤ ਨਹੀਂ ਕਰਦਾ। ਉਸ ਲਈ ਸੱਚ ਵੀ ਇਕ ਛਲਾਵਾ ਬਣਿਆਂ ਹੋਇਆ ਹੈ। ਔਰਤ ਆਪਣੇ ਆਪ ਨੂੰ ਸੰਭਾਲ ਨਹੀਂ ਸਕੀ, ਉਹ ਹਮੇਸ਼ਾ ਵਰਤੀ ਜਾਂਦੀ ਹੈ, ਕਦੀਂ ਰਾਸ ਲੀਲਾ ਦਾ ਸਾਧਨ ਬਣਦੀ ਹੈ, ਕਦੀਂ ਤਵਾਇਫ਼ ਬਣਾਈ ਜਾਂਦੀ ਹੈ ਅਤੇ ਕਦੀਂ ਵੇਚੀ ਜਾਂਦੀ ਹੈ। ਕਵਿਤਰੀ ਦੀਆਂ ਕਵਿਤਾ ਵਿਚਲੀਆਂ ਉਦਾਹਰਣਾ ਅਤੇ ਬਿੰਬ ਕਮਾਲ ਦੇ ਹਨ। ਉਹ ਦੰਦਾਂ ਦਰਮਿਆਨ ਜੀਭ ਨੂੰ ਘੇਰੇ ਵਿਚ ਫਸੀ ਔਰਤ ਕਹਿੰਦੀ ਹੈ। ਉਹ ਇਹ ਵੀ ਕਹਿੰਦੀ ਹੈ ਕਿ ਮਰਦ ਔਰਤ ਦੀ ਭਟਕਣਾ ਦੀ ਪਰਵਾਹ ਹੀ ਨਹੀਂ ਕਰਦਾ। ਔਰਤ ਜਿਤਨੀ ਦੇਰ ਘਰ ਦੀ ਚਾਰਦੀਵਾਰੀ ਅਰਥਾਤ ਬੰਦਸ਼ਾਂ ਵਿਚ ਰਹਿੰਦੀ ਹੈ, ਉਤਨੀ ਦੇਰ ਉਹ ਸੁਰੱਖਿਅਤ ਹੈ ਪ੍ਰੰਤੂ ਜਦੋਂ ਉਹ ਬਗਾਬਤ ਤੇ ਉਤਰਕੇ ਬਾਹਰ ਨਿਕਲਦੀ ਹੈ ਤਾਂ ਕੁਝ ਵੀ ਕਰ ਸਕਦੀ ਹੈ। ਔਰਤ ਦੀ ਹਰ ਕਮਜ਼ੋਰੀ ਦਾ ਲਾਭ ਉਠਾਇਆ ਜਾਂਦਾ ਹੈ। ਧਾਰਮਿਕ ਲੋਕਾਂ ਨੂੰ ਵੀ ਉਹ ਆਪਣੀ ਕਵਿਤਾ ਵਿਚ ਮੁਆਫ਼ ਨਹੀਂ ਕਰਦੀ। ਕਿਤੇ ਕਿਤੇ ਅਧਿਆਤਮਿਕ ਰੰਗ ਵਿਚ ਰੰਗੀ ਕਵਿਤਾ ਵੀ ਲਿਖਦੀ ਹੈ। ਉਸਦੀ ਕਵਿਤਾ ਵਿਚ ਔਰਤ ਮਾਂ ਤੋਂ ਵੇਸਵਾ ਤੱਕ ਦਾ ਸਫਰ ਵੀ ਤਹਿ ਕਰਦੀ ਹੈ। ਭਵਿਖ ਵਿਚ ਤੇਜਿੰਦਰ ਸੋਹੀ ਤੋਂ ਹੋਰ ਚੰਗੇਰੀਆਂ ਪੁਸਤਕਾਂ ਦੀ ਆਸ ਕੀਤੀ ਜਾ ਸਕਦੀ ਹੈ।