ਇਸ਼ਕ ਕਹਾਣੀ (ਕਵਿਤਾ)

ਹਰਵੀਰ ਸਰਵਾਰੇ   

Email: singhharveer981@gmail.com
Cell: +91 98033 94450
Address: ਪਿੰਡ - ਲਾਂਗੜੀਆਂ , ਡਾਕ - ਅਮਰਗੜ ਤਹਿਸੀਲ - ਮਲੇਰਕੋਟਲਾ
ਸੰਗਰੂਰ India
ਹਰਵੀਰ ਸਰਵਾਰੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰੀ ਜਿੰਦਗੀ ਮੇਰੀ ਨਹੀਂ ਰਹੀ,ਮੈਂ ਕਿਸੇ ਨਾਮ ਕਰ ਆਇਆ
ਜਿਸਦਾ ਨਾ ਮੈਂ ਨਾਂ ਜਾਣਾ ਤੇ ਨਾ ਹੀ ਕੋਈ ਪਤਾ ਟਿਕਾਣਾ
ਨਾ ਮੈਂ ਪਿਆਰ ਇਜਹਾਰ ਕੀਤਾ,ਨਾ ਉਸ ਕੋਈ ਜਵਾਬ ਦਿੱਤਾ
ਸਾਡਾ ਰਿਸ਼ਤਾ ਬੜਾ ਅਨੋਖਾ,ਉਹ ਨਾ ਆਪਣਾ ਨਾ ਬੇਗਾਨਾ
ਸੀ ਕੁਝ ਪਲਾਂ ਦਾ ਪਿਆਰ ਤੇ ਸਾਰੀ ਉਮਰ ਦੀਆਂ ਦੂਰੀਆਂ...
ਸਾਡੀ ਇਸ਼ਕ ਕਹਾਣੀ ਵਿੱਚ ਨਾ ਵੰਝਲੀ ਤੇ ਨਾ ਹੀ ਚੂਰੀਆਂ ।।
.
ਇਹ ਤਾਂ ਇੱਕ ਬੀਤ ਚੁੱਕੇ ਸਾਲ ਦੀ ਗਰਮੀਆਂ ਦੀ ਗੱਲ ਹੈ
ਮੈਂ ਕਿਸੇ ਕੰਮ ਨੂੰ ਸ਼ਹਿਰ ਸੀ ਜਾਂਵਦਾ ਕਿ ਬੱਦਲ ਵਰ ਪਿਆ
ਬੋਚ-ਬੋਚ ਕੇ ਪੱਬ ਧਰਦਾ ਤੇ ਚੀਰੇ ਨੂੰ ਹੱਥਾਂ ਦੀ ਛੱਤ ਕਰਦਾ
ਮੈਂ ਇੱਕ ਪਿੰਡ ਦੇ ਬਾਹਰਲੇ ਬੋਹੜ ਥੱਲੇ ਸੀ ਫਿਰ ਖੜ ਗਿਆ
ਇਸੇ ਬਰਸਾਤ ਵਿੱਚ ਪੈ ਗਈਆਂ ਕਿਸੇ ਨਾਲ ਪਰੀਤਾਂ ਗੂੜੀਆਂ...
ਸਾਡੀ ਇਸ਼ਕ ਕਹਾਣੀ ਵਿੱਚ ਨਾ ਵੰਝਲੀ ਤੇ ਨਾ ਹੀ ਚੂਰੀਆਂ ।।
.
ਕੁਝ ਔਰਤਾਂ ਦਾ ਟੋਲਾ ਜੋ ਸ਼ਾਇਦ ਖੂਹ ਵੱਲੋਂ ਆਇਆ ਸੀ
ਭਿੱਜਦਾ ਭਿਜਾਉਂਦਾ ਹੋਇਆ ਉਸੇ ਬੋਹੜ ਥੱਲੇ ਆ ਖੜਿਆ
ਸੰਗਦੇ ਸੰਗਾਉਂਦੇ ਮੈਂ ਨਜਰਾਂ ਨੂੰ ਉਤਾਅ ਚੱਕ ਵੇਖਿਆ ਤਾਂ
ਵਿੱਚ ਇੱਕ ਮੁਟਿਆਰ ਜਿਸ ਨਵਾਂ ਨਵਾਂ ਸੀ ਜੋਬਨ ਚੜਿਆ
ਜਿਸ ਕਣਕ-ਬੰਨਾ ਰੰਗ ਅੱਖ ਕਾਸ਼ਨੀ ਕਲਾਈ ਵਿੱਚ ਚੂੜੀਆਂ...
ਸਾਡੀ ਇਸ਼ਕ ਕਹਾਣੀ ਵਿੱਚ ਨਾ ਵੰਝਲੀ ਤੇ ਨਾ ਹੀ ਚੂਰੀਆਂ।।
.
ਉਹਨੂੰ ਵੇਖ-ਵੇਖ ਅੱਖੀਆਂ ਰੱਜਣ ਦਾ ਨਾਂ ਨਹੀਂ ਸੀ ਲੈਂਦੀਆਂ
ਤੇ ਉਹਨੂੰ ਬੁਲਾਉਣ ਲਈ ਪਿਆਸੇ ਹੋਣ ਦੀ ਜੁਗਤ ਲਗਾਈ
ਮੈਂ ਕੰਬਦੇ ਜਿਹੇ ਬੋਲਾਂ ਨਾਲ ਉਸ ਪਾਣੀ ਪਿਲਾਉਣ ਲਈ ਕਿਹਾ
ਮੈਨੂੰ ਅੰਮ੍ਰਿਤ ਤੋਂ ਘੱਟ ਜਾਪੀ ਨਾ ਜੋ ਉਸ ਪਾਣੀ ਦੀ ਘੁੱਟ ਪਿਲਾਈ
ਉਹਦੇ ਹੁਸਨ ਨੇ ਮੈਨੂੰ ਸਰ ਕਰਿਆ ਮੈਂ ਵੀ ਹੱਸਕੇ ਹਾਰਾਂ ਕਬੂਲੀਆਂ
ਸਾਡੀ ਇਸ਼ਕ ਕਹਾਣੀ ਵਿੱਚ ਨਾ ਵੰਝਲੀ ਤੇ ਨਾ ਹੀ ਚੂਰੀਆਂ ।।
.
ਮੈਂ ਪਾਣੀ ਪੀਣਾ ਛੱਡਕੇ ਉਸ ਵੱਲ ਵੇਖਣ ਲੱਗਾ ਤੇ ਸਾਡੇ ਨੈਣ ਮਿਲੇ
ਕੁਝ ਚਿਰ ਲਈ ਸਾਨੂੰ ਸਭ ਭੁੱਲਿਆ ਤੇ ਪਾਣੀ ਥੱਲੇ ਗਿਰਦਾ ਰਿਹਾ
ਉਸ ਨਾਲਦੀਆਂ ਦੇ ਹਾਸੇ ਨੇ ਸਾਨੂੰ ਸੁਪਨੋਂ ਬਾਹਰ ਨਿਕਾਲਿਆ
ਤੇ ਮੈਂ ਸ਼ਰਮਾਉਂਦੇ ਸ਼ਰਮਾਉਦੇ ਹੱਥ ਜੋੜ ਉਸ ਧੰਨਵਾਦ ਕਿਹਾ
ਅਸੀਂ ਫਿਰ ਮੌਨ ਰਹੇ ਤੇ ਅੱਖੋ ਅੱਖੀਂ ਕੀਤੀਆਂ ਗੱਲਾਂ ਪੂਰੀਆਂ..
ਸਾਡੀ ਇਸ਼ਕ ਕਹਾਣੀ ਵਿੱਚ ਨਾ ਵੰਝਲੀ ਤੇ ਨਾ ਹੀ ਚੂਰੀਆਂ ।। 
.
ਸਾਡੀ ਮੁਲਾਕਾਤ ਤੋਂ ਬੱਦਲਾਂ ਨੂੰ ਖੌਰੇ ਕਿਉਂ ਸਾੜਾ ਹੋ ਗਿਆ
ਫਿਰ ਬਰਸਾਤ ਰੁਕ ਗਈ ਤੇ ਸਦਾ ਲਈ ਉਹ ਚਲੀ ਗਈ ਦੂਰ 
ਮੈਂ ਹਰ ਸਫਰ ਸ਼ੁਰੂ ਕਰਾਂ ਉਸ ਨਾਲ ਇੱਕ ਮਲਾਕਾਤ ਲੋਚ ਕੇ
ਕਿਸੇ ਖੂਹ ਤੋਂ ਪਾਣੀ ਭਰਦੀ ਉਹ ਵੀ ਚੇਤੇ ਕਰਦੀ ਹੋਊਗੀ ਜਰੂਰ
ਰਹਿਣ ਪੰਨੇ ਕਾਲੇ ਕਰਦੀਆਂ ਲਾਡੀ ਨਿੱਤ ਰੀਝਾਂ ਅਧੂਰੀਆਂ..
ਸਾਡੀ ਇਸ਼ਕ ਕਹਾਣੀ ਵਿੱਚ ਨਾ ਵੰਝਲੀ ਤੇ ਨਾ ਹੀ ਚੂਰੀਆਂ ।।