ਖ਼ੁਦਕੁਸ਼ੀ ਦਾ ਤਰਕ (ਕਵਿਤਾ)

ਲਾਭ ਸਿੰਘ ਖੀਵਾ (ਡਾ.)   

Email: kheevals@yahoo.in
Cell: +91 94171 78487
Address:
Chandigarh India
ਲਾਭ ਸਿੰਘ ਖੀਵਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੋਸਤੋ ! ਮੁਆਫ਼ ਕਰਨਾ, 
ਮੈਂ ਤੁਹਾਡਾ ਸਾਥ ਨਾ ਦੇ ਸਕਿਆ।
ਇਹ ਸੰਧਿਆ ਦਾ ਸੂਰਜ/ਹੁਣ ਨਹੀਂ ਆਊ ਕਦੇ ਨਜ਼ਰ।
ਡੁੱਬ ਜਾਣਾ ਸਦਾ ਸਦਾ ਲਈ,
ਮੱਤ ਉਡੀਕਣਾ ਭਲਕ ਦੀ ਫਜ਼ਰ।
- - - - - - - - - - - 
ਯਾਰੋ ! ਖ਼ੂਬ ਲਾਉਣੇ/ਬੇਵਫ਼ਾਈ ਦੇ ਸੰਗੀਨ ਇਲਜ਼ਾਮ,
ਬੇਸ਼ੱਕ ਕਰਨੇ/ਰੋਸੇ ਤੇ ਸ਼ਿਕਵੇ ਸ਼ਰੇਆਮ,
ਕਿ ਦਗ਼ਾ ਦੇ ਚੱਲਿਆ,
ਦੋਸਤੀ ਦੀ ਹੀਰ ਨੂੰ/ਇੱਕ ਚੁੱਪ ਜਿਹਾ ਰਾਂਝਾ,
ਪਰ ਆਹਨੀ-ਬਹਾਨੀ/ਮੈਂ ਤਾਂ ਕੀਤਾ ਸੀ,
ਆਪਣਾ ਗ਼ਮ ਸਾਂਝਾ।
ਕਿ ਕਰਜ਼ੇ ਦਾ ਭੂਤਰਿਆ ਸ੍ਹਾਨ,
ਮੇਰੇ ਗਵਾਂਢੀ ਦੇ ਖੇਤਾਂ ਵਿੱਚ/ਨਿੱਤ ਖੌਰੂ ਪਾਉਂਦਾ ਹੈ।
ਕਿ ਕਿਸਾਨਾਂ ਦੀਆਂ ਫਸਲਾਂ/ਚੱਟਦਾ ਇੱਕ ਕੀੜਾ,
ਮੇਰੀ ਰੂਹ ਨੂੰ ਨਿੱਤ ਡਰਾਉਂਦਾ ਹੈ।
ਤੇ ਇਹ ਹੋਰ ਵੀ ਕੰਬ ਜਾਂਦੀ ਹੈ,
ਜਦੋਂ ਆਏ ਦਿਨ/ਕੋਈ ਨਾ ਕੋਈ,
ਸਾਡਾ ਅੰਨਦਾਤਾ/ਮੌਤ ਨੂੰ ਗਲੇ ਲਾਉਂਦਾ ਹੈ।
ਤੇ ਵੱਡੀ ਕੰਪਨੀ ਦਾ ਬੇਕਿਰਕ ਕਰਿੰਦਾ,
ਵਿਕਾਸ ਦੇ ਨਾਂ ‘ਤੇ/ਪਿਉ ਵਰਗੇ ਬਿਰਖਾਂ ਦੇ,
ਆਹੂ ਲਾਹੁੰਂਦਾ ਹੈ/ਕੁਹਾੜਾ ਵਾਹੁੰਦਾ ਹੈ/ਆਰਾ ਚਲਾਉਂਦਾ ਹੈ।
ਲੈ ਕੇ ਹਰਲ ਹਰਲ ਕਰਦੀ/ਹਾਥੀ ਦੇ ਸੁੰਢ ਵਰਗੀ ਮਸ਼ੀਨ,
ਘੁੱਗ ਵਸਦੀਆਂ ਬਸਤੀਆਂ ਦੇ/ਨਾਮੋ-ਨਿਸ਼ਾਂ ਮਿਟਾਉਂਦਾ ਹੈ।
- - - - - - - - - - -
ਜਿੱਥੇ ਅੱਜ ਪੀਣ ਦਾ ਪਾਣੀ/ਬੋਤਲਾਂ ‘ਚ ਵਿਕਦਾ ਹੈ,
ਤੇ ਭਲਕ ਵਿਕਣਗੇ ਹਵਾ ਦੇ ਸਿਲੰਡਰ,
ਸੁਹਾਵੀ ਧਰਤੀ ਹੋ ਜਾਵੇਗੀ ਆਲਮੇ-ਬੰਜਰ।
ਜੋ ਚੱਲ ਰਿਹਾ ਹੈ/ਰਫ਼ਤਾ ਰਫ਼ਤਾ ਮੇਰੀ ਸਾਹ-ਰਗ ‘ਤੇ,
ਦੂਸ਼ਿਤ ਵਾਤਾਵਰਨ ਦਾ ਖੰਜਰ।
ਇਸ ਤੋਂ ਪਹਿਲਾਂ ਕਿ ਚਾਰ-ਚੁਫੇਰੇ ਹੋਵੇ/ਹੱਡਾਂ-ਰੋੜੀ ਦਾ ਮੰਜ਼ਰ।
ਦੋਸਤੋ ! ਕੀ ਲੈਣਾ ਹੈ ਹੋਰ ਜੀਅ ਕੇ/ਇਸ ਦਮਘੋਟੂ ਖਲਾਰੇ ‘ਚ,
ਚਾਰੇ ਪਾਸੇ ਫੈਲੇ ਧੰਧੂਕਾਰੇ ‘ਚ।
- - - - - - - - - - -
ਯਾਰੋ ! ਕਹਿ ਰਿਹਾ ਹੈ ਅਲਵਿਦਾ,
ਇੱਕ ਭਾਵੁਕ ਜਿਹਾ ਸ਼ਾਇਰ।
ਜਿੱਥੇ ਅਸਹਿਮਤੀ ‘ਚ/ਖੜੇ ਕੀਤੇ ਹੱਥ ਦੀ/ਨਹੀਂ ਹੈ ਖ਼ੈਰ।
ਜਿਥੇ ਸਹਿਣਸ਼ੀਲਤਾ ਨਾਲ/ਪੱਕਾ ਹੈ ਵੈਰ।
ਜਿੱਥੇ ਇਕੋ ਧਰਮ ਆਪਣਾ/ਬਾਕੀ ਨੇ ਗ਼ੈਰ।
ਜਿਥੇ ਗਵਾਂਢੀ ਦੇ ਦਰ ‘ਤੇ/ਰੱਖੇਗਾ ਜੋ ਪੈਰ,
ਦੇਸ਼-ਧਰੋਹ ਦੀ/ਪੀਣੀ ਪਊ ਜ਼ਹਿਰ।
- - - - - - - - - - -
ਦੋਸਤੋ ! ਭਲਕ ਸੁਬ੍ਹਾ/ਦਾਗੇਗੀ ਅਖ਼ਬਾਰਾਂ ਦੇ ਸੀਨੇ,
ਮੇਰੀ ਖ਼ੁਦਕੁਸ਼ੀ ਦੀ ਮਨਹੂਸ ਖ਼ਬਰ।
ਸ਼ਾਇਦ ਹੋਵੇਗਾ ਤਬਸਰਾ,
ਇੱਕ ਸਿਰਫਿਰੇ ਕਵੀ ਦੀ/ ਫੌਤ ‘ਤੇ।
ਉਂਝ ਤੁਸੀਂ ਖੁਦਕੁਸ਼ੀਆਂ ਦੇ/ਅਜੋਕੇ ਆਲਮ ‘ਚ,
ਸੰਵੇਦਨਹੀਣ ਹੀ ਰਹਿੰਦੇ ਹੋ,
ਚਲੋ ! ਇਹ ਖ਼ਬਰ ਪੜ੍ਹਕੇ,
ਕੁੱਝ ਹੋ ਜਾਇਓ ਸੰਵੇਦਨਸ਼ੀਲ।
ਕੁੱਝ ਬਣ ਜਾਇਓ ਚਿੰਤਨਸ਼ੀਲ।
- - - - - - - - - - -