ਜੀਵਨ ਦੀ ਅਟੱਲ ਸਚਾਈ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦ ਵੀ ਜੱਗ ਤੇ ਆਉਂਦਾ ਬੰਦਾ, ਬੜੇ ਹੀ ਤਰਲੇ ਪਾਉਂਦਾ ਬੰਦਾ।
ਆ ਜਾਵੇ ਜਦ ਜੱਗ ਦੇ ਉੱਤੇ, ਰੱਬ ਨੂੰ ਫਿਰ ਭੁਲਾਉਂਦਾ ਬੰਦਾ।
ਬਚਪਨ ਦੇ ਵਿੱਚ ਅਕਸਰ ਲੈਂਦਾ, ਜੋ ਲੈਣਾ ਹੈ ਚਾਹੁੰਦਾ ਬੰਦਾ।
ਆ ਜਾਵੇ ਜਦ ਘੁੰਮ ਜਵਾਨੀ, ਰੰਗ ਹੈ ਫਿਰ ਵਟਾਉਂਦਾ ਬੰਦਾ।
ਸੱਭ ਨੂੰ ਹੈ ਫਿਰ ਟਿੱਚ ਜਾਣਦਾ, ਬਿਨ ਮੁੱਛੀਂ ਵੱਟ ਚੜਾਉਂਦਾ ਬੰਦਾ।
ਜਵਾਨੀ ਅਕਸਰ ਹੁੰਦੀ ਦੀਵਾਨੀ, ਉਂਗਲੀ ਫਿਰ ਨਚਾਉਂਦਾ ਬੰਦਾ।
ਢਲ ਨਾ ਜਾਵੇ ਕਿਤੇ ਜਵਾਨੀ, ਹੈ ਸਾਥੀ ਕੋਈ ਬਣਾਉਂਦਾ ਬੰਦਾ।
ਕੁਲ ਨੂੰ ਅੱਗੇ ਵਧਾਵਣ ਦੇ ਲਈ, ਦਿਲ ਦੇ ਵਿੱਚ ਲਲਚਾਉਂਦਾ ਬੰਦਾ।
ਜੀਵਨ ਸਾਥੀ ਚੁਣਕੇ ਕੋਈ, ਬਿਨ ਮਾਪਿਓ ਘਰੇ ਲਿਆਉਂਦਾ ਬੰਦਾ।
ਧੀ-ਪੁੱਤਰ ਜਦ ਪੈਦਾ ਹੋ ਜਾਏ, ਲਾਡ ਹੈ ਖੂਬ ਲਡਾਉਂਦਾ ਬੰਦਾ।
ਦਾਗ ਨਾ ਲੱਗਜੇ ਕੁਲ ਨੂੰ ਕਿਧਰੇ, ਖੂਬ ਹੈ ਫਿਰ ਪੜ੍ਹਾਉਂਦਾ ਬੰਦਾ।
ਖਾਬ ਸੋਚਦੈ ਉੱਚੇ ਉੱਚੇ, ਵਧੀਆ ਘਰੀ ਵਿਆਹੁੰਦਾ ਬੰਦਾ।
ਦੋਹਤੇ ਪੋਤਰੇ ਹੱਥੀਂ ਖਿਡਾਵਾਂ, ਦਿਲ ਵਿੱਚ ਸਦਾ ਹੈ ਚਾਹੁੰਦਾ ਬੰਦਾ।
ਔਲਾਦ ਨਾ ਮੈਨੂੰ ਨਿੰਦੇ ਕਿਧਰੇ, ਕੋਠੀਆਂ ਬੰਗਲੇ ਪਾਉਂਦਾ ਬੰਦਾ।
ਇਨ੍ਹਾਂ ਚੱਕਰਾਂ 'ਚ ਉਲਝਿਆ ਰਹਿੰਦਾ, ਵਿੱਚ ਬੁਢਾਪੇ ਆਉਂਦਾ ਬੰਦਾ।
ਚੱਲ ਸੋ ਚੱਲ 'ਚ ਬੀਤੇ ਜਿੰਦਗੀ, ਨਾਮ ਨਾ ਕਦੇ ਧਿਆਉਂਦਾ ਬੰਦਾ।
ਤੁਰਨੋ ਆਰ੍ਹੀ ਨਿਗਾਹ ਵੀ ਘਟਦੀ , ਵੇਖੋ ਫਿਰ ਪਛਤਾਉਂਦਾ ਬੰਦਾ।
ਜਦ ਵਿੱਚ ਬੁਢਾਪੇ ਕੋਈ ਨਾ ਪੁਛੇ, ਫਿਰ ਉੱਚੀ ਅਵਾਜ਼ ਲਗਾਉਂਦਾ ਬੰਦਾ।
ਆਖਿਰ ਵੇਖਿਐ ਐਸੇ ਉਮਰੇ, ਹੈ ਦੂਜਿਆਂ ਨੂੰ ਸਮਝਾਉਂਦਾ ਬੰਦਾ।
ਬਚਪਨ ਜਵਾਨੀ ਅਤੇ ਬੁਢਾਪਾ, ਕੋਈ ਕੋਈ ਹੰਢਾਉਂਦਾ ਬੰਦਾ।
ਕੋਈ ਹੀ ਨਿੱਤਰੇ ਮਾਈ ਦਾ ਲਾਲ ਜੋ, ਨਿਉਂ ਰੱਬ ਦੇ ਨਾਲ ਨਿਭਾਉਂਦਾ ਬੰਦਾ।
ਦੱਦਾਹੂਰੀਆ ਨਾਮ ਦੇ ਬਾਝੋ, ਹੈ ਜੀਵਨ ਬੇ-ਅਰਥ ਗਵਾਉਂਦਾ ਬੰਦਾ।