ਇਕੱਤੀ ਮਾਰਚ (ਮਿੰਨੀ ਕਹਾਣੀ)

ਸੁਖਵਿੰਦਰ ਕੌਰ 'ਹਰਿਆਓ'   

Cell: +91 81464 47541
Address: ਹਰਿਆਓ
ਸੰਗਰੂਰ India
ਸੁਖਵਿੰਦਰ ਕੌਰ 'ਹਰਿਆਓ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


 “ਕੀ ਗੱਲ ਰਮੇਸ਼, ਬੜਾ ਉਦਾਸ ਐ…ਖੁਸ਼ ਹੋ ਯਾਰ, 31 ਮਾਰਚ ਨੂੰ ਆਪਣਾ ਰਿਜ਼ਲਟ ਆ ਰਿਹਾ ਐ। ਸਾਲ ਭਰ ਦੀ ਮਿਹਨਤ ਦਾ ਫ਼ਲ ਮਿਲੇਗਾ”, ਰਾਮ ਨੇ ਚੁੱਪ ਬੈਠਾ ਰਮੇਸ਼ ਨੂੰ ਕਿਹਾ।
          “ਤੇ 31 ਮਾਰਚ ਸਾਨੂੰ ਦੁੱਖ ਵੀ ਬੜਾ ਦੇਵੇਗੀ’, ਰਮੇਸ਼ ਨੇ ਕਿਹਾ।
         “ਦੁੱਖ ਕੀ ਯਾਰ…ਆਪਾਂ ਦਸਵੀਂ ‘ਚ ਹੋ ਜਾਵਾਂਗੇ…ਖੁਸ਼ੀ ਦੀ ਤਾਂ ਗੱਲ ਐ”, ਰਾਮ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
         “ਸਵੇਰ ਦੀ ਖੁਸ਼ੀ ਤੇ ਸ਼ਾਮ ਦਾ ਦੁੱਖ। 31 ਮਾਰਚ ਨੂੰ ਸ਼ਰਾਬ ਸਸਤੀ ਮਿਲੂਗੀ। ਅੱਗੇ ਤਾਂ ਮੇਰਾ ਬਾਪ ਪੈਸੇ ਦੀ ਤੰਗੀ ਕਰਕੇ ਘੱਟ ਪੀਂਦਾ ਸੀ ਪਰ ਉਸ ਦਿਨ ਪੂਰੀਆਂ ਚਾਰ ਬੋਤਲਾਂ ਪੀਵਾਂਗਾ, ਕਹਿੰਦਾ ਸਸਤੀ ਆ, ਇਕੱਠੀਆਂ ਲੈ ਕੇ ਰੱਖ ਲਊ। ਕਈ ਮਹੀਨੇ ਤਾਂ ਆਰਾਮ ਨਾਲ ਪੀਵਾਂਗੇ। ਆਪਾਂ ਨੂੰ ਤਾਂ ਪਤਾਂ ਨਹੀਂ ਮਿਹਨਤ ਦਾ ਫ਼ਲ ਮਿਲੂ ਜਾਂ ਨਾ ਮਿਲੂ ਪਰ ਆ ਸਰਕਾਰ ਸ਼ਰਾਬੀਆਂ ਦਾ ਸਾਲ ਭਰ ਦਾ ਕੋਟਾ ਜ਼ਰੂਰ ਪੂਰਾ ਕਰ ਦੇਵੇਗੀ, ਉਹ ਪਤਾ ਐ। ਕਾਹਦੀ ਤਾਂ ਮਾਰਚ ਦੀ ਖੁਸ਼ੀ…ਸਾਡੇ ਘਰ ਤਾਂ ਹਰ ਸ਼ਾਮ ਡਰ ਹੀ ਬਣ ਕੇ ਆਵੇਗੀ। ਕਾਸ਼! ਕਾਲੰਡਰ ‘ਚੋਂ 31 ਮਾਰਚ ਦਾ ਦਿਨ ਮਿਟ ਜਾਵੇ। ਪਤਾ ਨਹੀਂ ਸਰਕਾਰ ਨੇ ਕੀ ਸੋਚ ਕੇ 31 ਮਾਰਚ ਹੀ ਚੁਣੀ, ਇੱਕ ਪਾਸੇ ਬੱਚੇ ਆਪਣੇ ਹੱਥਾਂ ‘ਚ ਰਿਜ਼ਲਟ ਕਾੱਰਡ ਲੈ ਕੇ ਆਉਣਗੇ, ਦੂਜੇ ਪਾਸੇ ਉਹਨਾਂ ਦੇ ਸ਼ਰਾਬੀ ਬਾਪ ਸ਼ਰਾਬ ਦੇ ਡੱਬੇ-ਦੇ-ਡੱਬੇ। ਜਿਸ ‘ਚ ਉਹਨਾਂ ਬੱਚਿਆਂ ਦਾ ਭਵਿੱਖ ਡੁੱਬ ਜਾਵੇਗਾ। ਮਾਸੂਮ ਚਿਹਰਿਆਂ ਦੀ ਖੁਸ਼ੀ ਹੰਝੂ ਬਣ ਕਿਰ ਜਾਏਗੀ। ਰਾਮ ਮੇਰੇ ਕੋਲ 31 ਮਾਰਚ ਦਾ ਜ਼ਿਕਰ ਨਾ ਕਰ”, ਕਹਿ ਕੇ ਰਮੇਸ਼ ਤੁਰ ਗਿਆ ਤੇ ਰਾਮ ਖੜਾ ਹੀ ਜਾਂਦੇ ਰਮੇਸ਼ ਵੱਲ ਵੇਖਦਾ ਰਿਹਾ।