ਦੋ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਆਯੋਜਿਤ (ਖ਼ਬਰਸਾਰ)


ਯਮੁਨਾਨਗਰ -- ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਵਿੱਖੇ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ ਦੇ ਸਹਿਯੋਗ ਨਾਲ 'ਗੁਰੂ ਗੋਬਿੰਦ ਸਿੰਘ ਜੀ ਸ਼ਾਸਤਰ ਤੋਂ ਸ਼ਸਤਰ ਤਕ ਦੀ ਯਾਤਰਾ' ਵਿਸ਼ੇ ਤੇ ਦੋ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਆਯੋਜਿਤ ਕਰਵਾਇਆ ਗਿਆ।ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਫਤਹਿਗੜ ਸਾਹਿਬ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਆਏ ਹੋਏ ਵਿਦਵਾਨਾਂ ਵਲੋਂ ਸ਼ਮਾ ਰੌਸ਼ਨ ਕਰ ਅਤੇ ਸ਼ਬਦ ਗਾਇਨ ਨਾਲ ਹੋਇਆ। ਇਸ ਤੋਂ ਮਗਰੋਂ ਮੁੱਖ ਮਹਿਮਾਨ ਦੇ ਤੋਰ ਤੇ ਪੁੱਜੇ ਡਾ. ਗੁਰਮੋਹਨ ਸਿੰਘ ਵਾਲੀਆ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਵਾਈਸ ਚੇਅਰਮੈਨ ਡਾ. ਨਰਿੰਦਰ ਸਿੰਘ ਵਿਰਕ, ਕੈਨੇਡਾ ਤੋਂ ਆਏ ਜਰਨੈਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜਸਬੀਰ ਸਿੰਘ ਸਾਬਰ, ਯੁ੦ ਕੇ੦ ਤੋਂ ਮਹਿੰਦਰ ਪਾਲ ਸਿੰਘ ਧਾਲੀਵਾਲ ਅਤੇ ਪ੍ਰੋ. ਬਲਕਾਰ ਸਿੰਘ ਦਾ ਸਵਾਗਤ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ, ਜਨਰਲ ਸੱਕਤਰ ਮਨੋਰੰਜਨ ਸਿੰਘ ਸਾਹਨੀ ਅਤੇ ਕਾਲਜ ਪ੍ਰਿੰਸੀਪਲ ਡਾ੦ ਵਰਿੰਦਰ ਗਾਂਧੀ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਧਰਿੰਦਰ ਕੌਰ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ।


ਇਸ ਸੈਮੀਨਾਰ ਦਾ ਆਰੰਭ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦੇ ਵੱਖੋ-ਵੱਖ ਪਹਿਲੂਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਡਾ. ਗੁਰਮੋਹਨ ਸਿੰਘ ਵਾਲੀਆ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਦਸਿਆ ਕਿ ਗੁਰੂ ਜੀ ਦੇ ਜੀਵਨ ਦਾ ਬਹੁਤਾ ਸਮਾਂ ਯੁਧਾਂ ਵਿੱਚ ਹੀ ਬਤੀਤ ਹੋਇਆ ਪਰ ਇਸ ਦੇ ਬਾਵਜੂਦ ਗੁਰੂ ਜੀ ਨੇ ਬੀਰ ਰਸੀ, ਆਦਰਸ਼ਕ ਸਾਹਿਤ ਦੀ ਰਚਨਾ ਕੀਤੀ। ਗੁਰੂ ਜੀ ਦਾ ਸ਼ਾਸਤਰ ਤੇ ਸ਼ਸਤਰ ਦਾ ਹੁਨਰ ਬੇਮਿਸਾਲ ਹੈ, ਜਿਸਦਾ ਨਾਪ ਤੋਲ ਕਰਦੇ ਹੋਏ ਸਾਹਿਤਕਾਰਾਂ ਦੇ ਪੈਮਾਨੇ ਛੋਟੇ ਪੈ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਖ਼ਾਲਸਾ ਪੰਥ ਦੀ ਸਾਜਨਾ ਦੇ ਨਾਲ ਗੁਰੂ ਸਾਹਿਬ ਜੀ ਨੇ ਪੂਰੀ ਮਾਨਵਤਾ ਨੂੰ ਇਕ ਸਾਂਝੇ ਸੂਤਰ ਵਿੱਚ ਪਰੋ ਦਿੱਤਾ ਅਤੇ ਸਾਰਿਆਂ ਨੂੰ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ।ਇਸ ਮੋਕੇ ਸੇਵਾਪੰਥੀ ਅਡੱਣਸ਼ਾਹੀ ਸਭਾ ਅਤੇ ਸੰਤ ਨਿਸ਼ਚਲ ਸਿੰਘ ਸੰਤਪੁਰਾ ਯਮੁਨਾਨਗਰ ਟ੍ਰਸਟ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਜੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੇਸ਼, ਧਰਮ ਅਤੇ ਸੰਸਕ੍ਰਿਤੀ ਦੀ ਰੱਖਿਆ ਲਈ ਅਪਣਾ ਸਰਬੰਸ ਨਿਉਛਾਵਰ ਕਰ ਦਿੱਤਾ ਅਤੇ ਸਮੁੱਚੀ ਮਨੁਖਤਾ ਵਿੱਚੋ ਆਪਸੀ ਭੇਦਭਾਵ, ਜਾਤ-ਪਾਤ, ਧਰਮ, ਦੇਸ਼, ਮਜ਼ਹਬ ਦੇ ਵਿਤਕਰੇ ਨੂੰ ਖਤਮ ਕਰਨ ਲਈ ਖ਼ਾਲਸਾ ਪੰਥ ਦੀ ਸਾਜਨਾ ਕੀਤੀ।ਕੈਨੇਡਾ ਤੋਂ ਆਏ ਜਰਨੈਲ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਸਨ ਅਤੇ ਯੋਧਾ ਹੋਣ ਦੇ ਨਾਲ ਨਾਲ ਚੰਗੇ ਕਵੀ ਅਤੇ ਬੀਰ ਰਸੀ ਸਾਹਿਤ ਦੇ ਰਚਾਇਤਾ ਵੀ ਸੀ, ਉਨ੍ਹਾਂ ਦੀ ਬਹਾਦਰੀ ਅਤੇ ਬਲੀਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਇਹਨਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰੋ. ਜਸਬੀਰ ਸਿੰਘ ਸਾਬਰ, ਪ੍ਰੋ.ਸੁਖਦੇਵ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਬਲਕਾਰ ਸਿੰਘ ਅਤੇ ਮਹਿੰਦਰ ਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੋਧੀ ਸਾਧੂ ਕਰਮਾ ਯੇਸ਼ੀ ਨੇ ਬਹੁਤ ਖ਼ੂਬਸੂਰਤ ਵਿਚਾਰ ਪੇਸ਼ ਦਿੱਤੇ।ਕੁਰੂਕਸ਼ੇਤਰਾ ਯੂਨੀਵਰਸਿਟੀ ਤੋਂ ਡਾ. ਕਰਮਜੀਤ ਸਿੰਘ ਅਤੇ ਡਾ. ਰਾਜਿੰਦਰ ਸਿੰਘ ਭੱਟੀ, ਡਾ. ਹਰਸਿਮਰਨ ਸਿੰਘ ਰੰਧਾਵਾ, ਨੇਪਾਲ ਤੋਂ ਪਿੰ੍ਰ. ਉਦੈ ਠਾਕੁਰ, ਡਾ. ਸੁਦਰਸ਼ਨ ਗਾਸੋ ਨੇ ਬਹੁਤ ਭਾਵ ਪੂਰਨ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ।ਡਾ. ਨਰਿੰਦਰ ਸਿੰਘ ਵਿਰਕ ਤੇ ਪਿੰ੍ਰ.ਵਰਿੰਦਰ ਗਾਂਧੀ ਨੇ ਸਭ ਦਾ ਧੰਨਵਾਦ ਕੀਤਾ।ਸੈਮੀਨਾਰ ਦੇ ਦੂਜੇ ਦਿਨ ਮੁੱਖ ਮਹਿਮਾਨ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ.ਸੁਰਜੀਤ ਸਿੰਘ, ਪ੍ਰੋ.ਜਸਵਿੰਦਰ ਸਿੰਘ, ਪ੍ਰੋ.ਧਨਵੰਤ ਕੌਰ ਤੋਂ ਇਲਾਵਾ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਡਾ.ਸੁਭਾਸ਼, ਡਾ.ਕੁਲਦੀਪ ਸਿੰਘ, ਪਟਿਆਲਾ ਤੋਂ ਡਾ.ਪਰਮਵੀਰ ਸਿੰਘ, ਯਮੁਨਾਨਗਰ ਤੋਂ ਡਾ.ਮਦਨ ਮੋਹਨ, ਡਾ.ਨਿਰਮਲ ਕੋਮਲ, ਡਾ.ਗੁਰਸ਼ਰਨ ਸਿੰਘ ਪਟਪਟੀਆ ਅਤੇ ਡਾ.ਤਿਲਕ ਰਾਜ, ਡਾ. ਸਿਕੰਦਰ ਸਿੰਘ, ਡਾ. ਹਰਦੇਵ ਸਿੰਘ, ਡਾ.ਦਲਜੀਤ ਕੌਰ ਬਰਾੜਾ, ਅਬੋਹਰ ਤੋਂ ਡਾ. ਰਛਪਾਲ ਸਿੰਘ, ਪੰਚਕੂਲਾ ਤੋਂ ਜਨਾਬ ਸ਼ਮਸ ਤਬਰੇਜ਼ੀ ਨੇ ਵੀ ਨੇ ਪਰਚੇ ਪੜ੍ਹੇ। ਇਸ ਮੋਕੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਡਾ. ਅਸ਼ਵਨੀ ਗੁਪਤਾ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਗੁਰੂ ਨਾਨਕ ਗਰਲਜ਼ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ.ਧਰਿੰਦਰ ਕੌਰ ਬਾਜਵਾ ਨੇ ਸਭ ਵਿਦਵਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਐਨੇ ਵਿਸ਼ਾਲ ਪੱਧਰ ਦਾ ਦੋ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਸਭ ਦੇ ਸਹਿਯੋਗ ਨਾਲ ਸਫਲ ਹੋਇਆ ਹੈ।ਪ੍ਰੋਗਰਾਮ ਦਾ ਸੰਚਾਲਨ ਪੰਜਾਬੀ ਵਿਭਾਗ ਦੀ ਸਹਾਇਕ ਪ੍ਰੋ੦ ਡਾ. ਸੁਖਵਿੰਦਰ ਕੌਰ ਕੰਵਲ ਨੇ ਕੀਤਾ।