ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ (ਲੇਖ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜ ਦਰਿਆਵਾਂ ਦੀ ਧਰਤੀ ਪੰਜਾਬ ਕਿਸੇ ਸਮੇਂ ਖੁਸ਼ਹਾਲੀ ਦਾ ਪ੍ਰਤੀਕ ਰਿਹਾ ਹੈ,ਬੇਸ਼ਕ ਅੱਜ ਇਸਨੂੰ ਮਾੜੀਆਂ ਨਜ਼ਰਾਂ ਨੇ ਖਾਲਿਆ ਹੈ ਭਾਵ ਛੇਵਾਂ ਦਰਿਆ ਨਸ਼ਿਆ ਦਾ ਪੂਰੇ ਜੋਬਨ ਤੇ ਵੱਗ ਰਿਹਾ ਹੈ ਜਦੋਂ ਕਿ ਪਹਿਲੇ ਪੰਜ ਦਰਿਆ ਪੂਰੀ ਤਰ੍ਹਾਂ ਪਾਣੀ ਖੁਣੋਂ ਸੁੱਕ ਚੁੱਕੇ ਹਨ ਜਾਂ ਸੁੱਕਣ ਕੰਢੇ ਹਨ। ਜੇਕਰ ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਨੁਹਾਰ ਪੂਰੇ ਜੋਬਨ ਤੇ ਸੀ , ਚਾਰੇ ਪਾਸੇ ਹਰਿਆਲੀ, ਵਧੀਆ ਫਸਲਾਂ, ਹੱਥੀ ਕੰਮ (ਕਿਰਤ) ਕਰਨ ਦੀ ਰਹੁ ਰੀਤੀ ਪੂਰੀ ਜੋਬਨ ਤੇ ਰਹੀ ਹੈ। ਹੱਥੀ ਕੰਮ ਕਰਨ ਨੂੰ ਤਰਜੀਹ ਦੇਣੀ ਮਾਨਸਿਕਤਾ ਦੀ ਸਹੀ ਨਿਸਾਨੀ ਸੀ ਕੋਈ ਵੀ (ਭਾਵੇਂ ਉਸ ਸਮੇਂ ਦੇ ਸਾਡੇ ਵੱਡੇ ਵਡੇਰੇ) ਆਪਣੇ ਆਪ ਹੀ ਆਪਣਾ ਕੰਮ ਕਰਨ ਨੂੰ ਪਹਿਲ ਦਿੰਦੇ ਸਨ। ਫਸਲਾਂ ਭਰਪੂਰ ਹੁੰਦੀਆਂ ਸਨ ਆਰਗੈਨਿਕ ਖੇਤੀ (ਭਾਵ ਅੰਗਰੇਜੀ ਖਾਦਾਂ ਤੇ ਅੰਗਰੇਜੀ ਦਵਾਈਆਂ ਦਾ) ਕੋਈ ਜ਼ਿਆਦਾ ਬੋਲ ਬਾਲਾ ਨਹੀਂ ਸੀ। ਬੇਸਕ ਫਸਲਾਂ ਦੇ ਝਾੜ ਅਜੋਕੇ ਦੌਰ ਨਾਲੋਂ ਕਾਫੀ ਘੱਟ ਸਨ, ਪਰ ਉਹ ਸਾਰੀਆਂ ਹੀ ਫਸਲਾਂ ਸਿਹਤ ਲਈ ਵਧੀਆ ਤੇ ਮਿਲਾਵਟ ਤੋਂ ਰਹਿਤ ਸਨ। ਮਹਿੰਗਾਈ ਦੀ ਜਿਆਦਾ ਮਾਰ ਨਹੀਂ ਸੀ ਪਰ ਫਿਰ ਵੀ ਲੋਕ ਖੁਸ਼ਹਾਲ ਸਨ ਤੇ ਪਿੰਡਾਂ ਦਾ ਨਜਾਰਾ ਵੇਖਿਆ ਹੀ ਬਣਦਾ ਸੀ। ਉਨ੍ਹਾਂ ਸਮਿਆਂ ਵਿਚ ਜੇਕਰ ਕਹਿ ਲਿਆ ਜਾਵੇ ਕਿ ਸ਼ਹਿਰਾਂ ਵੱਲ ਲੋਕਾਂ ਦਾ ਬਹੁਤ ਘੱਟ ਰੁਝਾਨ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। 
ਸਮੇਂ ਨੇ ਕਰਵਟ ਬਦਲੀ ਮਸ਼ੀਨੀਯੁਗ ਤੇ ਅਤਿ ਆਧੁਨਿਕ ਖੇਤੀ ਦੇ ਸੰਦਾਂ ਰੇਹਾਂ ਸਪਰੇਆਂ ਨੇ ਸਾਡਾ ਅਤੀਤ ਸਾਥੋਂ ਖੋ ਲਿਆ ਤੇ ਅਸੀਂ ਅਗਾਂਹ ਵਧੂ ਸੋਚ ਦੇ ਧਾਰਨੀ ਬਣਕੇ ਅਮੀਰੀ ਦੀ ਲਾਲਸਾ ਵਿਚ ਐਸੇ ਜਕੜੇ ਕਿ ਹੱਥੀਂ ਕੰਮ ਕਰਨਾ ਬਿਲਕੁਲ ਹੀ ਵਿਸਾਰ ਦਿੱਤਾ । ਬੇਸੱਕ ਅਸੀਂ ਅੱਜ ਅਮੀਰੀ ਦੀ ਝਲਕ ਵਿਚ ਜੀਅ ਰਹੇ ਹਾਂ, ਪਰ ਕਿਰਤ (ਹੱਥੀ ਕੰਮ ਨਾ ਕਰਨ ਕਰਕੇ) ਅਸੀਂ ਅਤਿ ਦਰਜੇ ਦੇ ਗਰੀਬ ਹੋ ਕੇ ਰਹਿ ਗਏ ਹਾਂ। ਨਸ਼ਿਆ ਨੇ ਕੀ ਜਵਾਨ ਤੇ ਕੀ ਬੁੱਢੇ ਨੂੰ ਆਪਣੇ ਕਲਾਵੇ ਵਿਚ ਐਸਾ ਜਕੜਿਆ ਹੈ ਕਿ ਸਾਡੀ ਇਜ਼ਤ ਮਾਨ ਤੇ ਸਨਮਾਨ ਸਾਡੀਆਂ ਧੀਆਂ ਭੈਣਾਂ ਵੀ ਇਸਦੀ ਲਪੇਟ ਵਿਚ ਆ ਚੁੱਕੀਆਂ ਹਨ। ਬੜੀ ਸ਼ਰਮ ਤੇ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਅਸੀਂ ਹੋਰ ਕੰਮ ਹੱਥੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਇਕ ਗਲਾਸ ਪਾਣੀ ਵੀ ਖੁਦ ਉਠ ਕੇ ਨਹੀਂ ਪੀ ਸਕਦੇ ਤੇ ਕਿਸੇ ਤੇ ਹੁਕਮ ਚਲਾਉਣ ਨੂੰ ਆਪਣੀ ਸ਼ਾਨ ਸਮਝਦੇ ਹਾਂ ਤੇ ਆਪ ਹੱਥੀਂ ਕੋਈ ਵੀ ਕੰਮ ਕਰਨ ਨੂੰ ਆਪਣੀ ਹੱਤਕ ਸਮਝਦੇ ਹਾਂ।
ਜਦੋਂ ਕਿ ਗੁਰਬਾਨੀ ਦੇ ਅਨੁਸਾਰ ਵੀ ਹੱਥੀ ਕਿਰਤ ਨੂੰ ਤਰਜੀਹ ਦਿੱਤੀ ਗਈ ਹੈ ਲਿਖਿਆ ਹੈ ' ਹੱਥੀ ਵਣਜ ਸੁਨੇਹੀ ਖੇਤੀ, ਕਦੇ ਨਾ ਹੁੰਦੇ ਬਤਿਤੀਆਂ ਤੋਂ ਤੇਤੀ' ਭਾਵ ਅਰਥ ਸਪੱਸ਼ਟ ਹਨ ਕਿ ਹੱਥੀ ਕੰਮ ਕਰਨ ਨਾਲ ਹੀ ਸਹੀ ਇਨਸਾਨੀਅਤ ਦਾ ਫਰਜ ਨਿਭਾਇਆ ਜਾ ਸਕਦਾ ਹੈ। ਵਿਹਲੇ ਬੈਠ ਕੇ ਹੀ ਅਸੀਂ ਨਕਾਰੇ ਭਾਵ ਅਨੇਕਾਂ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਾਂ। ਅਜੋਕੀ ਜਵਾਨੀ ਨੂੰ ਨਸਿਆਂ ਨੇ ਘੁਣ ਵਾਂਗ ਖਾ ਲਿਆ ਹੈ। ਜਦੋਂ ਕਿ ਸਾਡੇ ਪੂਰਾਤਨ ਕਿਰਤ ਸੱਭਿਆਚਾਰ ਦੇ ਜਿਉਂਦੇ ਜਾਗਦੇ ਸਬੂਤ ਜੋ ਪਿੰਡ ਸਨ ਉਨ੍ਹਾਂ ਵਲੋਂ ਮੁੱਖ ਮੋੜ ਕੇ ਸ਼ਹਿਰਾਂ ਵੱਲ ਸੱਭ ਦੀਆਂ ਮੁਹਾਰਾ ਮੁੜ ਚੁੱਕੀਆਂ ਹਨ। ਅੰਤਾਂ ਦੀ ਮਹਿੰਗਾਈ ਨੇ ਸਾਨੂੰ ਸਭ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਦਿੱਤਾ ਹੈ ਤੇ ਪੂਰਾ ਪੰਜਾਬ ਕਰਜੇ ਵਿਚ ਜਕੜਿਆ ਗਿਆ ਹੈ। ਇਸ ਦੇ ਜਿੰਮੇਵਾਰ ਅਸੀਂ ਖੁਦ ਹਾਂ ਹੋਰ ਕੋਈ ਨਹੀਂ। ਬਾਹਰਲੇ ਸੂਬਿਚਆਂ (ਯੂ.ਪੀ ਤੇ ਬਹਾਰ ਤੋਂ ਭਈਆਂ ਨੇ) ਪੂਰੇ ਪੰਜਾਬ ਦਾ ਕਾਰੋਬਾਰ ਆਪਣੇ ਹੱਥਾਂ ਵਿਚ ਕਰ ਲਿਆ ਹੈ ਤੇ ਰਹਿੰਦੇ ਖੂੰਹਦੇ ਨਿਪਾਲੀਆਂ ਨੇ ਵੀ। ਅਸੀਂ ਬੜੇ ਫਖਰ ਨਾਲ ਉਨ੍ਹਾਂ ਨੂੰ ਅਪਣੇ ਸਾਰੇ ਘਰਾਂ ਬਾਰਾਂ ਦਾ ਕਾਰੋਬਾਰ ਸਾਂਭਣ ਵਿਚ ਫਖਰ ਮਹਿਸੂਸ ਕਰਦੇ ਹਾਂ ਤੇ ਬੈਠੇ ਬੈਠੇ ਹੁਕਮ ਚਲਾ ਕੇ ਉਨ੍ਹਾਂ ਤੋਂ ਹੀ ਸੱਭ ਕੁੱਝ ਕਰਵਾ ਰਹੇ ਹਾਂ। ਆਪ ਹੱਦ ਦਰਜੇ ਦੇ ਆਲਸੀ ਹੋ ਰਹੇ ਹਾਂ। ਜੋ ਕਿ ਅਤਿ ਅੰਤ ਨਿੰਦਣਯੋਗ ਗੱਲ ਹੈ। ਅਜੋਕੇ ਦੌਰ ਵਿਚ ਬਾਹਰਲੇ ਦੇਸਾਂ ਵਿਚ ਜਾਣ ਦਾ ਰੁਝਾਨ ਵੀ ਸਿਖਰਾਂ ਤੇ ਹੈ, ਜਿਥੇ ਜਾਕੇ ਹਰ ਇਕ ਨੂੰ ਪਤਾ ਹੈ ਕਿ ਹੱਥੀ ਕੰਮ ਕਰਨਾ ਪੈਂਣਾ ਹੈ, ਪਰ ਆਪਣੇ ਘਰ ਭਾਵ ਆਪਣੇ ਦੇਸ਼ ਵਿਚ ਹੱਥੀ ਕਿਰਤ (ਕੰਮ ਕਰਨ)ਨੂੰ ਅਸੀਂ ਵਿਸਾਰ ਦਿੱਤਾ ਹੈ। ਉਥੇ ਜਾਕੇ ਹੱਥੀ ਕੰਮ ਕਰਨਾ ਸਾਨੂੰ ਖਿੜੇ ਮੱਥੇ ਮਨਜੂਰ ਹੈ, ਪਰ ਇਥੇ ਰਹਿਕੇ ਹੱਥੀ ਪਾਣੀ ਭਰਕੇ ਪੀਣਾ ਵੀ ਅਸੀਂ ਹੇਠੀ ਸਮਝਦੇ ਹਾਂ।
ਸਾਡੇ 80/90 ਸਾਲੇ ਬਜੁਰਗ ਜੋ ਅੱਜ ਸਾਡੇ ਵਿਚ ਜਿਉਂਦੇ ਜਾਗਦੇ ਬੈਠੇ ਹਨ ਉਹ ਪੇਂਡੂ ਹੱਥੀ ਕਿਰਤ ਕਰਨ ਦੀ ਜਿਉਂਦੀ ਜਾਗਦੀ ਮਿਸਾਲ ਹਨ, ਜੇਕਰ ਉਹ ਕਿਸੇ ਐਸੀ ਨਾ ਮੁਰਾਦ ਬੀਮਾਰੀ ਨਾਲ ਗ੍ਰਿਸਤ ਹਨ ਤਾਂ ਗੱਲ ਵੱਖਰੀ ਹੈ ਤੇ ਜੇਕਰ ਉਹ ਸਹੀ ਤੰਦਰੁਸਤ ਹਨ ਤਾਂ ਅੱਜ ਵੀ ਉਹ ਆਪਣਾ ਕੰਮ ਹੱਥੀ ਕਰਨ ਨੂੰ ਲੋਚਦੇ ਹਨ। ਕਈਆਂ ਪਿੰਡਾਂ ਵਿਚ ਐਸੀਆਂ ਹਸਤੀਆਂ ਅੱਜ ਵੀ ਮੌਜੂਦ ਹਨ ਜਿਨ੍ਹਾਂ ਨੇ ਸਾਨੂੰ ਫਖਰ ਤੇ ਮਾਨ ਮਹਿਸੂਸ ਕਰਨਾ ਚਾਹੀਦਾ ਹੈ ਤੈ ਉਨ੍ਹਾਂ ਤੋਂ ਸਾਡੀ ਅਜੋਕੀ ਜਵਾਨੀ ਨੂੰ ਸੇਧ ਵੀ ਲੈਣੀ ਚਾਹੀਦੀ ਹੈ ਕਿ ਕਿਤੇ ਜਿਆਦਾ ਦੇਰ ਨਾ ਹੋ ਜਾਵੇ, ਆਪਣੇ ਕੰਮ ਨੂੰ ਆਪਣੇ ਹੱਥੀ ਕਰਨ ਨੂੰ ਤਰਜੀਹ ਦੇਈ,  ਤਾਂ ਪਛਤਾਵੇ ਤੋਂ ਬਿਨ੍ਹਾਂ ਕੁਝ ਵੀ ਪੱਲੇ ਨਹੀਂ ਪੈਣਾ ਸਮਾਂ ਆਪਣੀ ਚਾਲ ਚੱਲਦਾ ਰਹਿਣਾ ਹੈ ਦੋਸਤੋ ਪੰਜਾਬ ਨੂੰ ਦੁਬਾਰਾ ਜੇਕਰ ਬੁਲੰਦੀਆਂ ਤੇ ਵੇਖਣਾ ਚਾਹੁੰਦੇ ਹੋ ਤਾਂ ਆਪਣਾ ਕੰਮ ਆਪਣੇ ਹੀ ਹੱਥੀ ਕਰਨਾਂ ਸਿੱਖੀਏ ਤੇ ਇਹੀ ਸਿਖਿਆ ਦੂਜਿਆਂ ਨੂੰ ਦੇਈਏ।