ਹੀਰ (ਭਾਗ13) (ਕਿੱਸਾ ਕਾਵਿ)

ਵਾਰਿਸ ਸ਼ਾਹ   

Address:
ਸ਼ੇਖੂਪੁਰਾ Pakistan
ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


373 (1) . ਉੱਤਰ ਸਹਿਤੀ
ਫੇਰ ਭੇਜਿਆ ਬੀਰ ਬਤਾਲਿਆ ਵੇ ਔਖੇ ਇਸ਼ਕ ਦੇ ਝਾੜਨੇ ਪਾਵਨੇ ਵੇ
ਨੈਨਾਂ ਦੇਖ ਕੇ ਮਾਰਨੀ ਫੂਕ ਸਾਹਵੇਂ ਸੁੱਤੇ ਪਰੇਮ ਦੇ ਨਾਗ ਜਗਾਵਨੇ ਵੇ
ਕਦੋਂ ਯੂਸਫੀ ਤਿਬ ਮੀਜ਼ਾਨ ਪੜ੍ਹਿਉਂ ਦਸਤੂਰ ਇਲਾਜ ਸਿਖਾਵਨੇ ਵੇ
ਕਰਤਾਸ ਸਕੰਦਰੀ ਤਿਬ ਅਕਬਰ ਜ਼ਖੀਰਿਉਂ ਬਾਬ ਸਣਾਵਨੇ ਵੇ
ਕਾਨੂੰਨ ਮੋਜਜ਼ ਤੁਹਫਾ ਮੋਮਨੀਨ ਭੀ ਕਫਾਇਆ ਮਨਸੂਰੀ ਥੀਂ ਪਾਵਨੇ ਵੇ
ਪਰਾਨ ਸੰਗਲੀ ਵੈਦ ਮਨੌਤ ਸਿਮਰਤ ਨਿਰਘਟ ਦੇ ਧਿਆਇ ਵਿਫਲਾਵਨੇ ਵੇ
ਕਰਾਬਾ ਦੀਨ ਸ਼ਫਾਈ ਤੇ ਕਾਦਰੀ ਭੀ ਮੁਤਫਰਕਾ ਤਿਬ ਪੜ੍ਹ ਜਾਵਨੇ ਵੇ
ਰਤਨ ਜੋਤ ਤੇ ਸਾਖ ਬਲਮੀਕ ਸੋਜਨ ਸੁਖ ਦਿਆ ਗੰਗਾ ਤੈਂ ਥੀ ਆਵਨੇ ਵੋ
ਫੈਲਸੂਫ ਜਹਾਂ ਦੀਆਂ ਅਸੀਂ ਰੰਨਾਂ ਸਾਡੇ ਮਕਰ ਦੇ ਭੇਤ ਕਿਸ ਪਾਵਨੇ ਵੇ
ਅਫਲਾਤੂਨ ਸ਼ਾਗਿਰਦ ਗ਼ੁਲਾਮ ਅਰੱਸਤੂ ਲੁਕਮਾਨ ਥੀਂ ਪੈਰ ਧੁਆਵਨੇ ਵੇ
ਜਿੰਨਾ ਏਸ ਨੂੰ ਝੰਗ ਸਿਆਲ ਵਾਲੇ ਕਾਬੂ ਕਿਸੇ ਦੇ ਇਹ ਨਾ ਆਵਨੇ ਵੇ
ਗੱਲਾਂ ਚਾਇ ਚਵਾ ਦੀਆਂ ਬਹੁਤ ਕਰਨਾਏ ਇਹ ਰੋਗ ਨਾ ਤੁਧ ਥੀਂ ਜਾਵਨੇ ਵੇ
ਏਨ੍ਹਾ ਮਕਰਿਆਂ ਥੋਂ ਕੌਣ ਹੋਵੇ ਚੰਗਾ ਠਗ ਫਿਰਦੇ ਨੇ ਰੰਨਾਂ ਵਲਾਵਨੇ ਵੇ
ਜਿਹੜੇ ਮਕਰ ਦੇ ਪੈਰ ਖਲਾਰ ਬੈਠੇ ਬਿਨਾਂ ਫਾਟ ਖਾਦੇ ਨਾਹੀਂ ਜਾਵਨੇ ਵੇ
ਮੂੰਹ ਨਾਲ ਕਹਿਆਂ ਜਿਹੜੇ ਜਾਣ ਨਾਹੀਂ ਹੱਡ ਗੋਡੜੇ ਤਿਨ੍ਹਾਂ ਭਨਾਵਨੇ ਵੇ
ਵਾਰਸ ਸ਼ਾਹ ਇਹ ਮਾਰ ਹੈ ਵਸਤ ਐਸੀ ਜਿੰਨ ਭੂਤ ਤੇ ਦੇਵ ਨਿਵਾਵਨੇ ਵੇ
373 (2). ਉੱਤਰ ਰਾਂਝਾ
ਏਹਾ ਰਸਮ ਕਦੀਮ ਹੈ ਜੋਗੀਆਂ ਦੀ ਉਹਨੂੰ ਮਾਰਦੇ ਹੈਨ ਜਿਹੜੀ ਟਰਕਦੀ ਹੈ
ਖੈਰ ਮੰਗਨੇ ਗਏ ਫਕੀਰ ਤਾਈਂ ਅੱਗੋ ਕੁੱਤਿਆ ਵਾਂਗਰਾਂ ਘੁਰਕਦੀ ਹੈ
ਇਹ ਖਸਮ ਦੇ ਖਾਣ ਨੂੰ ਕਿਵੇਂ ਦੇਸੀ ਜਿਹੜੀ ਖੈਰ ਦੇ ਦੇਣ ਤੋਂ ਝੁਰਕਦੀ ਹੈ
ਐਡੀ ਪੀਰਨੀ ਇੱਕੇ ਪਹਿਲਵਾਣਨੀ ਹੈ ਇੱਕੇ ਕੰਜਰੀ ਇਹ ਕਿਸੇ ਤੁਰਕਦੀ ਹੈ
ਪਹਿਲੇ ਫੂਕ ਕੇ ਅੱਗ ਮਹਿਤਾਬੀਆਂ ਨੂੰ ਪਿੱਛੋਂ ਸਰਦ ਪਾਣੀ ਦੇਖੋ ਬੁਰਕਦੀ ਹੈ
ਰੰਨ ਘੁੰਡ ਨੂੰ ਜਦੋਂ ਪੈਜ਼ਾਰ ਵੱਜਨ ਓਥੋਂ ਚੁਪ ਚੁਪਾਤੜੀ ਛੁਰਕਦੀ ਹੈ
ਇੱਕ ਝੁਟ ਦੇ ਨਾਲ ਮੈਂ ਪੱਟ ਲੈਣੀ ਜਿਹੜੀ ਜ਼ੁਲਫ ਗੱਲ੍ਹਾਂ ਉਤੇ ਲੁੜਕਦੀ ਹੈ
ਸਿਆਣੇ ਜਾਨਣੇ ਹਨ ਧਨੀ ਜਾਏ ਝੋਟੀ ਜਿਹੜੀ ਸਾਨ੍ਹਾਂ ਦੇ ਮੂਤਰੇ ਖੁਰਕਦੀ ਹੈ
ਫਕਰ ਜਾਨ ਮੰਗਨ ਖੈਰ ਭੁਖ ਮਰਦੇ ਅੱਗੋਂ ਸਗਾਂ ਵਾਂਗੂੰ ਸਗੋਂ ਦੁਰਕਦੀ ਹੈ
ਲੁੰਡੀ ਪਾਹੜੀ ਨੂੰ ਖੇਤ ਹੱਥ ਆਇਆ ਪਈ ਉਪਰੋਂ ਉਪਰੋਂ ਮੁਰਕਦੀ ਹੈ
ਓਸਦੇ ਮੌਰ ਫੁਰਦੇ ਅਤੇ ਲੌਨ ਚੁੱਤੜ ਸਵਾ ਮਣੀ ਮਤਹਿਰ ਭੀ ਫੁਰਕਦੀ ਹੈ
374. ਉੱਤਰ ਸਹਿਤੀ
ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ ਉਹ ਬੁਲਬੁਲਾਂ ਠੀਕ ਮਰੀਂਦੀਆਂ ਨੀ
ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੀ
ਉਹ ਵਾਹਨਾਂ ਜਾਣ ਕਬਾਬ ਹੋਈਆਂ ਜਿੜੀਆਂ ਹੱਈੜੀਆਂ ਨਾਲ ਖਹੀਂਦੀਆਂ ਨੀ
ਇੱਕ ਦਿਨ ਉਹ ਫੇਰਸਨ ਆਣ ਘੋੜੇ ਕੜਾਂ ਜਿਨ੍ਹਾਂ ਦੀਆਂ ਨਿਤ ਸੁਣੀਦੀਆਂ ਨੀ
ਥੋੜੀਆਂ ਕਰਨ ਸੁਹਾਗ ਦੀਆਂ ਉਹ ਆਸਾਂ ਜਿਹੜੀਆਂ ਧਾੜਵੀਆਂ ਨਾਲ ਮੰਗੀਦੀਆਂ ਨੇ
ਜੋਕਾਂ ਇੱਕ ਦਿਨ ਪਕੜ ਨਚੋ ਹੈਨਗੀਆਂ ਅਨਪੁੱਣੇ ਲਹੂ ਨਿਤ ਪੀਂਦੀਆਂ ਨੇ
ਦਿਲ ਲੱਖ ਦੀਚੇ ਕੰਜਰੀ ਨੂੰ ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੇ
ਇੱਕ ਦਿਹੁੰ ਪਕੜੀਆਂ ਜਾਣ ਗੀਆਂ ਹਾਕਮਾ ਥੇ ਪਰਸੇਜ ਜੋ ਨਿਤ ਚੜ੍ਹੇਂਦੀਆਂ ਨੇ
ਇੱਕ ਦਿਨ ਗੜੇ ਵਸਾਇਸਨ ਉਹ ਘਟਾਂ ਹਾਠਾਂ ਜੋੜ ਕੇ ਨਿਤ ਘਰੀਂਦੀਆਂ ਨੇ
ਤੇਰੇ ਲੌਣ ਮੋਢੇ ਸਾਡੇ ਲੌਣ ਨਾੜੇ ਮੁਸ਼ਕਾਂ ਕਿਸੇ ਦੀਆਂ ਅਜ ਬੁਝੀਂਦੀਆਂ ਨੇ
375. ਉੱਤਰ ਰਾਂਝਾ
ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ ਪੜ੍ਹ ਸੈਫੀਆਂ ਜ਼ੁਹਦ ਕਮਾਂਵਨੇ ਹਾਂ
ਮਕਰ ਫਨ ਨੂੰ ਭੰਨ ਕੇ ਸਾਫ ਕਰਦੇ ਜਿਨ ਭੂਤ ਨੂੰ ਸਾੜ ਵਖਾਣਨੇ ਹਾਂ
ਨਕਸ਼ ਲਿਖ ਕੇ ਫੂਕ ਯਸੀਂ ਦੇਈਏ ਸਾਏ ਸੂਲ ਦੀ ਜ਼ਾਤ ਗਵਾਣਨੇ ਹਾਂ
ਦੁਖ ਦਰਦ ਬਲਾਇ ਤੇ ਜਾਏ ਤੰਗੀ ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ
ਸਣੇ ਤਸਮੀਆਂ ਪੜ੍ਹਾਂ ਅਖਲਾਸ ਸੂਰਤ ਜੜ੍ਹਾਂ ਵੈਰ ਦੀਆਂ ਪੱਟ ਵਖਾਵਣੇ ਹਾਂ
ਦਿਲੋਂ ਹੁਬ ਦੇ ਚਾ ਤਾਅਵੀਜ਼ ਲਿਖੀਏ ਅਸੀਂ ਰੁਠੜੇ ਯਾਰ ਮਿਲਾਵਨੇ ਹਾਂ
ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ ਐਤਵਾਰ ਮਸਾਨ ਜਗਾਵਨੇ ਹਾਂ
ਜਿਹੀ ਗੱਭਰੂ ਤੋਂ ਰੰਨ ਰਹੇ ਵਿਟਰ ਲੌਂਗ ਮੰਦਰੇ ਚਾ ਖਵਾਵਨੇ ਹਾਂ
ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ ਫੁਲ ਮੁੰਦ ਕੇ ਚਾ ਸੁੰਘਾਵਨੇ ਹਾਂ
ਉਹਨਾਂ ਵੌਹਟੀਆਂ ਦੇ ਦੁਖ ਦੂਰ ਦਰਦ ਜਾਂਦੇ ਪੜ੍ਹ ਹਿਕ ਤੇ ਹੱਥ ਫਰਾਵਨੇ ਹਾਂ
ਕੀਲ ਡਇਣਾਂ ਕੱਚੀਆਂ ਪੱਕੀਆਂ ਨੂੰ ਦੰਦ ਪਨ ਕੇ ਲਿਟਾਂ ਮੁਨਾਵਨੇ ਹਾਂ
ਜਾਣ ਸਹਿਰ ਜਾਦੂ ਚੜ੍ਹੇ ਭੂਤ ਕੁੱਦੇ ਗੰਡਾ ਕੀਲ ਦਵਾਲੇ ਦਾ ਪਾਵਨੇ ਹਾਂ
ਕਿਸੇ ਨਾਲ ਜੇ ਵੈਰ ਵਰੋਧ ਹੋਵੇ ਉਹਨੂੰ ਭੂਤ ਮਸਾਦ ਚਮੜਾਵਨੇ ਹਾਂ
ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ ਸਿਰ ਮੁੰਨ ਕੇ ਗਧੇ ਚੜ੍ਹਾਵਨੇ ਹਾਂ
ਜੈਂਦੇ ਨਾਲ ਮੁਦਪੜਾ ਠੀਕ ਹੋਵੇ ਉਹਨੂੰ ਬੀਰ ਬੇਤਾਲ ਭਛਾਵਨੇ ਹਾਂ
ਅਸੀਂ ਖੇੜਿਆਂ ਦੇ ਘਰੋਂ ਇੱਕ ਬੂਟਾ ਹੁਕਮ ਰੱਬ ਦੇ ਨਾਲ ਪਟਾਵਨੇ ਹਾਂ
ਵਾਰਸ ਸ਼ਾਹ ਜੇ ਹੋਰ ਨਾ ਦਾਉ ਲੱਗੇ ਸਿਰ ਪ੍ਰੇਮ ਜੜੀਆਂ ਚਾ ਪਾਵਨੇ ਹਾਂ
376. ਉੱਤਰ ਸਹਿਤੀ
ਮਹਿਬੂਬ ਅੱਲਾਹ ਦੇ ਲਾਡਲੇ ਹੋ ਏਸ ਵੌਹਟੜੀ ਨੂੰ ਕੋਈ ਸੂਲ ਹੈ ਜੀ
ਕੋਈ ਗੁਝੜਾ ਰੋਗ ਹੈ ਏਸ ਧਾਨਾ ਪਈ ਨਿਤ ਇਹ ਰਹੇ ਰੰਜੂਲ ਹੈ ਜੀ
ਹੱਥੋਂ ਲੁੜ੍ਹ ਵਿੰਹਦੀ ਲਾਹੂ ਲੱਥੜੀ ਹੈ ਦੇਹੀ ਹੋ ਜਾਂਦੀ ਮਖਬੂਲ ਹੈ ਜੀ
ਮੂੰਹੋਂ ਮਿਠੜੀ ਲਾਡ ਦੇ ਨਾਲ ਬੋਲੇ ਹਰ ਕਿਸੇ ਦੇ ਨਾਲ ਮਾਅਕੂਲ ਹੈ ਜੀ
ਮੂਧਾ ਪਿਆ ਹੈ ਝੁਗੜਾ ਨਿਤ ਸਾਡਾ ਇਹ ਵੌਹਟੜੀ ਘਰੇ ਦਾ ਮੂਲ ਹੈ ਜੀ
ਮੇਰੇ ਵੀਰ ਦੇ ਨਾਲ ਹੈ ਵੈਰ ਇਸ ਦਾ ਜੇਹਾ ਕਾਫਰਾਂ ਨਾਲ ਰਸੂਲ ਹੈ ਜੀ
ਅੱਗੇ ਏਸ ਦੇ ਸਾਹੁਰੇ ਹੱਥ ਬੱਧੇ ਜੋ ਕੁਝ ਆਖਦੀ ਸਭ ਕਬੂਲ ਹੈ ਜੀ
ਵਾਰਸ ਪਲੰਘ ਤੇ ਕਦੇ ਨਾ ਉਠ ਬੈਠੇ ਢਿੱਡ ਵਿੱਚ ਫਿਰੇ ਡੰਡੂਲ ਹੈ ਜੀ
377. ਉੱਤਰ ਰਾਂਝਾ
ਨਬਜ਼ ਦੇਖ ਕੇ ਏਸ ਦੀ ਕਰਾਂ ਕਾਰੀ ਦੇ ਵੇਦਨਾ ਸਭ ਬਤਾਇ ਮੈਨੂੰ
ਨਾੜ ਦੇਖ ਕੇ ਕਰਾਂ ਇਲਾਜ ਇਸਦਾ ਜੇ ਇਹ ਉਠ ਕੇ ਸੱਤ ਵਿਖਾਏ ਮੈਨੂੰ
ਰੋਗ ਕਾਸ ਤੋਂ ਚੱਲਿਆ ਕਰੇ ਜ਼ਾਹਰ ਮਜ਼ਾ ਮੂੰਹ ਦਾ ਦੇ ਬਤਾਏ ਮੈਨੂੰ
ਵਾਰਸ ਸ਼ਾਹ ਮੀਆਂ ਛੱਤੀ ਰੋਗ ਕੱਟਾਂ ਬਿਲਕ ਮੌਤ ਥੀਂ ਲਵਾਂ ਬਚਾਇ ਇਹਨੂੰ
378. ਉਹੀ
ਖੰਘ ਖੁਰਕ ਤੇ ਸਾਹ ਤੇ ਅੱਖ ਆਈ ਸੁਲ ਦੰਦ ਦੀ ਪੀੜ ਗਵਾਵਨੇ ਹਾਂ
ਕੌਲੰਜ ਤਪ ਦਿਕ ਤੇ ਮੁਹਰਕਾ ਤਪ ਉਹਨੂੰ ਕਾੜ੍ਹਿਆਂ ਨਾਲ ਗਵਾਵਨੇ ਹਾਂ
ਸਰਸਾਮ ਸੌਦਾਅ ਜ਼ੁਕਾਮ ਨਜ਼ਲਾ ਇਹ ਸ਼ਰਬਤਾਂ ਨਾਲ ਪਟਾਵਨੇ ਹਾਂ
ਸਿਲ ਨਫਖ ਇਸਤਸਕਾ ਹੋਵੇ ਲਹਿਮ ਤਬਲ ਤੇ ਵਾਉ ਵਨਜਾਵਨੇ ਹਾਂ
ਲੂਤ ਫੋੜੀਆਂ ਅਤੇ ਗੰਭੀਰ ਚੰਬਲ ਤੇਲ ਲਾਇਕੇ ਜੜ੍ਹਾਂ ਪਟਾਵਨੇ ਹਾਂ
ਹੋਵੇ ਪੁਟਪੁਟੀ ਪੀੜ ਕਿ ਅੱਧ ਸੀਸੀ ਉਹਦਾ ਗਟਾ ਦਿਨ ਅੱਠਵੇਂ ਪਾਵਨੇ ਹਾਂ
ਅਧਰੰਗ ਮੁਖ ਭੈਗਨੀਆ ਹੋਵੇ ਜਿਸੋ ਨੂੰ ਸ਼ੀਸ਼ਾ ਹਲਬ ਦਾ ਕਢ ਦਖਾਵਨੇ ਹਾਂ
ਮਿਰਗੀ ਹੋਊਸ ਤਾਂ ਲਾਹ ਕੇ ਪੈਰ ਛਿੱਤਰ ਨਕ ਤੇ ਚਾ ਸੁੰਘਾਵਨੇ ਹਾਂ
ਝੋਲਾ ਮਾਰ ਜਾਏ ਟੰਗ ਸੁਨ ਹੋਵੇ ਤਦੋਂ ਪੈਨ ਦਾ ਤੇਲ ਮਲਾਵਨੇ ਹਾਂ
ਰੰਨ ਮਰਦ ਨੂੰ ਕਾਮ ਜੇ ਕਰੇ ਗਲਬਾ ਧਨੀਆਂ ਭਿਉਂ ਕੇ ਚਾ ਪਵਾਵਨੇ ਹਾਂ
ਨਾਮਰਦ ਨੂੰ ਚੀਚ ਵੌਹਟੀਆਂ ਦਾ ਤੇਲ ਕੱਢ ਕੇ ਨਿੱਤ ਮਲਾਵਨੇ ਹਾਂ
ਜੇ ਕਿਸੇ ਨੂੰ ਬਾਦ ਫਰੰਗ ਹੋਵੇ ਤੇ ਰਸਕਪੁਰ ਤੇ ਲੌਂਗ ਦਵਾਵਨੇ ਹਾਂ
ਪਰਮੇਵ ਸੁਜ਼ਾਕ ਤੇ ਛਾਹ ਮੋਤੀ ਉਹਨੂੰ ਇੰਦਰੀ ਝਾੜ ਦਵਾਵਨੋ ਹਾਂ
ਅਤੀ ਸਾਰ ਨਬਾਹੀਆਂ ਸੂਲ ਜਿਹੜੇ ਈਸਬਗੋਲ ਹੀ ਘੋਲ ਪਿਵਾਵਨੇ ਹਾਂ
ਵਾਰਸ ਸ਼ਾਹ ਜਿਹੜੀ ਉਠ ਬਹੇ ਨਾਹੀਂ ਉਹਨੂੰ ਹੱਥ ਈ ਮੂਲ ਨਾ ਲਾਵਨੇ ਹਾਂ
379. ਉੱਤਰ ਸਹਿਤੀ
ਲਖ ਵੈਦਗੀ ਵੈਦ ਲਗਾ ਥੱਕੇ ਧੁਰੋਂ ਟੁਟੜੀ ਕਿਸੇ ਨਾ ਜੋੜਨੀ ਵੇ
ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ ਕਿਸੇ ਵੈਦਗੀ ਨਾਲ ਨਾ ਮੋੜਨੀ ਵੇ
ਜਿਸ ਕਮ ਵਿੱਚ ਵੌਹਟੜੀ ਹੋਵੇ ਚੰਗੀ ਸੋਈ ਖੈਰ ਹੈ ਅਸਾਂ ਨਾ ਲੋੜਨੀ ਵੇ
ਵਾਰਸ ਸ਼ਾਹ ਆਜ਼ਾਰ ਹੋਰ ਸਭ ਮੁਠਦੇ ਇਹ ਕਤਈ ਨਾ ਕਿਸੇ ਨੇ ਮੋੜਨੀ ਵੇ
380. ਉੱਤਰ ਰਾਂਝਾ
ਮਨ ਜ਼ਾਹੀਕਾ ਜ਼ੁਹੀਕਾ ਹੁਕਮ ਹੋਇਆ ਗੱਲ ਫਕਰ ਦੀ ਨੂੰ ਨਾਹੀਂ ਹੱਸੀਏ ਨੀ
ਜੋ ਕੁਝ ਕਹਿਣ ਫਕੀਰ ਸੋ ਰੱਬ ਆਖੇ ਫਕਰ ਦੇ ਥੋਂ ਨਾਹੀਂ ਨੱਸੀਏ ਨੀ
ਹੋਵੇ ਖੈਰ ਤੇ ਦੇਹੀ ਦਾ ਰੋਗ ਜਾਏ ਨਿਤ ਪਹਿਨੀਏ ਖਾਈਏ ਵੱਸੀਏ ਨੀ
ਭਲਾ ਬੁਰਾ ਜੋ ਦੇਖੀਏ ਮਸ਼ਟ ਕਰੀਏ ਭੇਤ ਫਕਰ ਦਾ ਮੂਲ ਨਾ ਦੱਸੀਏ ਨੀ
ਹੱਥ ਬੰਨ੍ਹ ਫਕੀਰ ਤੇ ਸਿਦਕ ਕੀਜੇ ਨਹੀਂ ਸੇਲ੍ਹੀਆਂ ਟੋਪੀਆਂ ਖੱਸੀਏ ਨੀ
ਦੁਖ ਦਰਦ ਤੇਰੇ ਸਭ ਜਾਣ ਕੁੜੀਏ ਭੇਤ ਜਿਊ ਖੋਲ ਕੇ ਦੱਸੀਏ ਨੀ
381. ਉੁੱੱਤੱਤਰ ਸਹਿਤੀ
ਸਹਿਤੀ ਗੱਜ ਕੇ ਆਖਦੀ ਛੱਡ ਜੱਟਾ ਖੋਹ ਸਭ ਨਵਾਲੀਆਂ ਸੱਟੀਆਂ ਨੀ
ਹੋਰ ਸਭ ਜ਼ਾਤਾਂ ਠੱਗ ਖਾਂਦੀਆਂ ਨੀ ਪਰ ਏਸ ਵਿਹੜੇ ਵਿੱਚ ਜੱਟੀਆਂ ਨੀ
ਅਸਾਂ ਏਤਨੀ ਗੱਲ ਮਾਅਲੂਮ ਕੀਤੀ ਇਹ ਜੱਟੀਆਂ ਮੁਲਕ ਦੀਆਂ ਢਠੀਆਂ ਨੀ
ਡੂਮਾਂ ਰਾਵਲਾਂ ਕੋਨੀਤਾਂ ਜੱਟੀਆਂ ਦੀਆਂ ਜੀਭਾਂ ਧੁਰੋਂ ਸ਼ੈਤਾਨ ਦੀਆਂ ਚੱਟੀਆਂ ਨੀ
ਪਰ ਅਸਾਂ ਭੀ ਜਿਨ੍ਹਾਂ ਨੂੰ ਹਥ ਲਾਇਆ ਉਹ ਬੂਟੀਆਂ ਜੜਾਂ ਥੀਂ ਪੱਟੀਆਂ ਨੀ
ਪਵੇ ਢਿਡ ਤੇ ਅਕਲ ਦੀ ਮਾਰ ਵਾਰਸ ਛਾਹਾਂ ਪੀਣ ਤਰਬੇਹਈਆਂ ਖੱਟੀਆਂ ਨੀ
382. ਉੱਤਰ ਰਾਂਝਾ
ਹੌਲੀ ਸਹਿਜ ਸਭਿਉ ਦੀ ਗੱਲ ਕੀਚੇ ਨਾਹੀਂ ਕੜਕੀਏ ਬੋਲੀਏ ਗੱਜੀਏ ਨੀ
ਲਖ ਝੁਟ ਤਰਲੇ ਫਿਰੇ ਕੋਈ ਕਰਦਾ ਦਿੱਤੇ ਰੱਬ ਦੇ ਬਾਜ਼ ਨਾ ਰੱਜੀਏ ਜੀ
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਲਖ ਔਗਣਾਂ ਹੋਣ ਤਾਂ ਕੱਜੀਏ ਨੀ
ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ ਜਿਨ੍ਹਾਂ ਰੋਗੀਆਂ ਤੇ ਜਾ ਵੱਜੀਏ ਨੀ
ਚੌਦਾਂ ਤਬਕ ਨੌ ਖੰਡ ਦੀ ਖਬਰ ਸਾਨੂੰ ਮੂੰਹ ਫਕਰ ਥੋਂ ਕਾਸ ਨੂੰ ਕੱਜੀਏ ਨੀ
ਜੈਂਦੇ ਹੁਕਮ ਵਿੱਚ ਜਾਨ ਤੇ ਮਾਲ ਆਲਮ ਓਸ ਰੱਬ ਥੋਂ ਕਾਸ ਨੂੰ ਭੱਜੀਏ ਨੀ
ਸਾਰੀ ਉਮਰ ਈ ਪਲੰਘ ਤੇ ਪਈ ਰਹਿਸੇਂ ਏਸ ਅਕਲ ਦੇ ਨਾਲ ਕੁਚੱਜੀਏ ਨੀ
ਸ਼ਰਮ ਜੇਠ ਤੇ ਸੌਹਰਿਉਂ ਕਰਨ ਆਈ ਮੂੰਹ ਫਕਰ ਥੋਂ ਕਾਸਨੂੰ ਲੱਜੀਏ ਨੀ
ਵਾਰਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦਿਸੇ ਜਦੋਂ ਆਪਨੀ ਜਾਨ ਨੂੰ ਤੱਜੀਏ ਨੀ
383. ਉੱਤਰ ਸਹਿਤੀ
ਕੇਹੀ ਵੈਦਗੀ ਆਨ ਮਚਾਇਆ ਕਿਸ ਵੈਦ ਨੇ ਦੱਸ ਪੜ੍ਹਾਇਆ ਹੈਂ
ਵਾਂਗ ਚੌਧਰੀ ਆਨ ਕੇ ਪੈਂਚ ਬਨਿਉਂ ਕਿਸ ਚਿੱਠੀਆਂ ਘਲ ਸਦਾਇਆ ਹੈਂ
ਸੇਲ੍ਹੀ ਟੋਪੀਆਂ ਪਹਿਨ ਲੰਗੂਰ ਵਾਂਗੂੰ ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈ
ਵੱਡੇ ਦਗ਼ੇ ਤੇ ਫਨ ਫਰੇਬ ਫੜਿਉਂ ਔਵੇਂ ਕੰਨ ਪੜਾ ਗਵਾਇਆ ਹੈਂ
ਨਾ ਤੂੰ ਜਟ ਰਹਿਉਂ ਨਾ ਤੂੰ ਫਕੀਰ ਹੋਇਉ ਐਵੇਂ ਮੁੰਨ ਕੇ ਘੋਨ ਕਰਾਇਆ ਹੈਂ
ਨਾ ਜਮਿਉਂ ਨਾ ਕਿਸੇ ਮਤ ਦਿੱਤੀ ਮਰ ਪਿਟ ਕੇ ਕਿਸੇ ਅਲਾਹਿਆ ਹੈਂ
ਬੁਰੇ ਦੇਹਾਂ ਦੀਆਂ ਫੇਰੀਆਂ ਏਹ ਹੈਨੀ ਅੱਜ ਰਬ ਨੇ ਇਕ ਕੁਟਾਇਆਂ ਹੈਂ
ਵਾਰਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਹੈਂ
384. ਉੱਤਰ ਰਾਂਝਾ
ਤੇਰੀ ਤਬ੍ਹਾ ਚਾਲਾਕ ਛਲ ਛਿੱਦਰੇ ਨੀ ਚੋਰ ਵਾਂਗ ਕੀ ਸੇਲ੍ਹੀਆਂ ਸਿੱਲੀਆਂ ਨੀ
ਪੈਰੀਂ ਬੱਲੀਆਂ ਹੋਣ ਫਿਰੇਂਦੀਆਂ ਦੇ ਤੇਰੀ ਜੀਭ ਹਰਿਆਰੀਏ ਬਿੱਲੀਆਂ ਨੀ
ਕੇਹਾ ਰੋਗ ਹੈ ਦੱਸ ਇਸ ਵੌਹਟੜੀ ਨੂੰ ਇੱਕੇ ਮਾਰਦੀ ਫਿਰੇਂ ਟਰਪੱਲੀਆਂ ਨੀ
ਕਿਸੇ ਏਸ ਨੂੰ ਚਾ ਮਸਾਨ ਘੱਤੇ ਪੜ੍ਹ ਠੋਕੀਆਂ ਸਾਰ ਦੀਆਂ ਕਿੱਲੀਆਂ ਨੀ
ਸਹਿੰਸ ਵੇਦ ਤੇ ਧੂਪ ਹੋਰ ਫੁਲ ਹਰਮਲ ਹਰੇ ਸ਼੍ਰੀਂਹ ਦੀਆਂ ਛਮਕਾਂ ਗਿੱਲੀਆਂ ਨੀ
ਝਬ ਕਰਾਂ ਮੈਂ ਜਤਨ ਝੜ ਜਾਨ ਕਾਮਨ ਅਨੀ ਕਮਲੀਉ ਹੋਉ ਨਾ ਢਿੱਲੀਆਂ ਨੀ
ਹਥ ਫੇਰ ਕੇ ਧੂਪ ਦੇ ਕਰਾਂ ਝਾੜਾਂ ਫਿਰੇਂ ਮਾਰਦੀ ਨਏਂ ਤੇ ਖੱਲੀਆਂ ਨੀ
ਰੱਬ ਵੈਦ ਪੱਕਾ ਘਰ ਘੱਲਿਆ ਜੇ ਫਿਰੋ ਢੂੰਡਦੀਆਂ ਪੂਰਬਾਂ ਦਿੱਲੀਆਂ ਨੀ
ਵਾਰਸ ਸ਼ਾਹ ਪ੍ਰੇਮ ਦੀ ਜੜੀ ਘੱਤੀ ਨੈਨਾਂ ਹੀਰ ਦਿਆਂ ਕੱਚੀਆਂ ਪਿੱਲੀਆਂ ਨੇ
385. ਉੱਤਰ ਸਹਿਤੀ
ਮੇਰੇ ਨਾਲ ਕੀ ਪਿਆ ਹੈਂ ਵੈਰ ਚਾਕਾ ਮੱਥਾ ਸੌਕਣਾਂ ਵਾਂਗ ਕੀ ਡਾਹਿਆ ਈ
ਐਵੇਂ ਘੂਰ ਕੇ ਮੁਲਕ ਨੂੰ ਫਿਰੇਂ ਖਾਂਦਾ ਕਦੀ ਚੋਤਰਾ ਮੂਲ ਨਾ ਵਾਹਿਆ ਈ
ਕਿਸੇ ਜੋਗੜੇ ਠਗ ਫਕੀਰ ਕੀਤੋਂ ਅਨਜਾਨ ਕਕੋਹੜਾ ਫਾਹਿਆ ਈ
ਮਾਂਉਂ ਬਾਪ ਗੁਰ ਪੀਰ ਘਰ ਬਾਰ ਤਜਿਉ ਕਿਸੇ ਨਾਲ ਨਾ ਕੌਲ ਨਬਾਹਿਆ ਈ
ਬੁੱਢੀ ਮਾਂ ਨੂੰ ਰੋਂਦੜੀ ਛੱਡ ਆਇਉਂ ਉਸ ਅਰਸ਼ ਦਾ ਕਿੰਗਰਾ ਢਾਹਿਆ ਈ
ਪੇਟ ਰੱਖ ਕੇ ਆਪਣਾ ਪਾਲਿਉ ਈ ਕਿਤੇ ਰੰਨ ਨੂੰ ਚਾ ਤਰਾਹਿਆ ਈ
ਡੱਬੀ ਪੁਰੇ ਦਿਆ ਝੱਲ ਵੱਲਲਿਆ ਵੇ ਅਸਾਂ ਨਾਲ ਕੀ ਖਚਰ ਪੌ ਚਾਹਿਆ ਈ
ਸਵਾਹ ਲਾਇਆ ਪਾਣ ਨਾ ਲਥਿਆਈ ਐਵੇਂ ਕਪੜਾ ਚੱਥੜਾ ਲਾਹਿਆ ਈ
386. ਉੱਤਰ ਰਾਂਝਾ
ਮਾਨੀ ਮੱਤੀਏ ਰੂਪ ਗੁਮਾਨ ਭਰੀਏ ਭੈੜੋ ਕਾਰੀਏ ਗਰਬ ਗਹੇਲੀਏ ਨੀ
ਐਡੇ ਫਨ ਫਰੇਬ ਕਿਉਂ ਖੇਡਨੀ ਹੈਂ ਕਿਸੇ ਵੱਡੇ ਉਸਤਾਦ ਦੀਏ ਚੇਲੀਏ ਨੀ
ਏਸ ਹੁਸਨ ਦਾ ਨਾ ਗੁਮਾਨ ਕੀਚੈ ਮਾਨ ਮੱਤੀਏ ਰੂਪ ਰੁਹੇਲੀਏ ਨੀ
ਤੇਰੀ ਭਾਬੀ ਦੀ ਨਹੀਂ ਪਰਵਾ ਸਾਨੂੰ ਵੱਡੀ ਹੀਰ ਦੀ ਅੰਗ ਸਹੇਲੀਏ ਨੀ
ਮਿਲੇ ਸਿਰਾਂ ਨੂੰ ਨਾ ਵਿਛੋੜ ਦੀਚੈ ਹੱਥੋਂ ਵਿਛੜਿਆਂ ਸਿਰਾਂ ਨੂੰ ਮੇਲੀਏ ਨੀ
ਕੇਹਾ ਵੈਰ ਫਕੀਰ ਦੇ ਨਾਲ ਚਾਇਉ ਪਿੱਛਾ ਛੱਡ ਅਨੋਖੀਏ ਲੇਲੀਏ ਨੀ
ਇਹ ਜੱਟੀ ਸੀ ਕੂੰਜ ਤੇ ਜਟ ਉੱਲੂ ਪਰ ਬੱਧਿਆ ਜੇ ਗੁਲ ਖੇਲੀਏ ਨੀ
ਵਾਰਸ ਜਿਨਸ ਦੇ ਨਾਲ ਹਮਜਿਨਸੀ ਬਣਦੀ ਭੋਰ ਤਾਜ਼ ਨਾਂ ਗਧੇ ਗਲ ਮੇਲੀਏ ਨੀ
387. ਹੀਰ ਨੂੰ ਪਤਾ ਲੱਗੱਗਣਾ
ਹੀਰ ਕੰਨ ਧਰਿਆ ਇਹ ਕੌਣ ਆਇਆ ਕੋਈ ਇਹ ਤਾਂ ਹੈ ਖੈਰਖਾਹ ਮੇਰਾ
ਮੈਨੂੰ ਭੋਰ ਤਾਜ਼ਨ ਜਿਹੜਾ ਆਖਦਾ ਹੈ ਅਤੇ ਗਧਾ ਬਣਾਇਆ ਸੂ ਚਾ ਖੋੜਾ
ਮਤਾਂ ਚਾਕ ਮੇਰਾ ਕਿਵੇ ਆਨ ਭਾਸੇ ਓਸ ਨਾਲ ਮੈਂ ਉਠ ਕੇ ਕਰਾਂ ਝੇੜਾ
ਵਾਰਸ ਸ਼ਾਹ ਮਤ ਕੰਨ ਪੜਾ ਰਾਂਝਾ ਘਤ ਮੁੰਦਰਾਂ ਮੰਨਿਆ ਹੁਕਮ ਮੇਰਾ
388. ਹੀਰ ਦਾ ਉੱਤਰ
ਬੋਲੀ ਹੀਰ ਵੇ ਅੜਿਆ ਜਾ ਸਾਥੋਂ ਕੋਈ ਖ਼ੁਸ਼ੀ ਨਾ ਹੋਵੇ ਤੇ ਹੱਸਈਏ ਕਿਉਂ
ਪਰਦੇਸੀਆਂ ਜੋਗੀਆਂ ਕਮਲਿਆਂ ਨੂੰ ਵਿੱਚੋਂ ਜਿਉ ਦਾ ਭੇਤ ਚਾ ਦੱਸੀਏ ਕਿਊਂ
ਜੇ ਤਾਂ ਜਫਾ ਨਾ ਜਾਲਿਆ ਜਾਏ ਜੋਗੀ ਜੋਗ ਪੰਥ ਆਇਕੇ ਧੱਸੀਏ ਕਿਊਂ
ਜੇ ਤੂੰ ਅੰਤ ਰੰਨਾ ਵਲ ਵੇਖਨਾ ਸੀ ਵਾਹੀ ਜੋਤਰੇ ਛੱਡ ਕੇ ਨੱਸੀਏ ਕਿਊਂ
ਜੇ ਤਾਂ ਆਪ ਇਲਾਜ ਨਾ ਜਾਣੀਏ ਵੇ ਜਿਨ ਭੂਤ ਤੇ ਜਾਦੁੜੇ ਦੱਸੀਏ ਕਿਊਂ
ਫਕੀਰ ਭਾਰੜੇ ਗੋਰੜੇ ਹੋ ਰਹੀਏ ਕੁੜੀ ਚਿੜੀ ਦੇ ਨਾਲ ਖਰਖੱਸੀਏ ਕਿਊਂ
ਜਿਹੜਾ ਕੰਨ ਲਪੇਟ ਕੇ ਨੱਸ ਜਾਏ ਮਗਰ ਲੱਗ ਕੇ ਓਸ ਨੂੰ ਧੱਸੀਏ ਕਿਊਂ
ਵਾਰਸ ਸ਼ਾਹ ਉਜਾੜ ਦੇ ਵਸਦਿਆਂ ਨੂੰ ਆਪ ਖੈਰ ਦੇ ਨਾਲ ਫੇਰ ਵੱਸੀਏ ਕਿਊਂ
389. ਉੱਤਰ ਰਾਂਝਾ
ਘਰੋਂ ਸੱਖਣਾ ਫਕਰ ਨਾ ਡੂਮ ਜਾਇ ਅਨੀ ਖੇੜਿਆਂ ਦੀਏ ਗਮਖ਼ੋਰੀਏ ਨੀ
ਕੋਈ ਵੱਡੀ ਤਕਸੀਰ ਹੈ ਅਸਾਂ ਕੀਤੀ ਸਦਕਾ ਹੁਸਨ ਦਾ ਬਖਸ਼ ਲੈ ਗੋਰੀਏ ਨੀ
ਘਰੋਂ ਸਰੇ ਫਕਰ ਨੂੰ ਖੈਰ ਦੀਜਏ ਨਹੀਂ ਤੁਰਤ ਜਵਾਬ ਦੇ ਟੋਰੀਏ ਨੀ
ਵਾਰਸ ਸ਼ਾਹ ਕੁਝ ਰੱਬ ਦੇ ਨਾਮ ਦੀਚੈ ਨਹੀਂ ਆਜਜ਼ਾਂ ਦੀ ਕਾਈ ਜ਼ੋਰੀਏ ਨੀ

390. ਉੱਤਰ ਹੀਰ
ਹੀਰ ਆਖਦੀ ਜੋਗੀਆ ਝੂਠ ਆਖੇਂ ਕੌਣ ਰੁਠੜੇ ਯਾਰ ਮਿਲਾਂਊਂਦਾ ਈ
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ ਜਿਹੜਾ ਗਿਆਂ ਨੂੰ ਮੋੜ ਲਿਆਉਂਦਾ ਈ
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜਿਊ ਦਾ ਰੋਗ ਗਵਾਉਂਦਾ ਈ
ਭਲਾ ਦੱਸ ਖਾਂ ਚਿਰੀਂ ਵਿਛੁਨਿਆਂ ਨੂੰ ਕਦੋਂ ਰੱਬ ਸੱਚਾ ਘਰੀਂ ਲਿਆਂਉਂਦਾ ਈ
ਭਲਾ ਮੋਏ ਤੇ ਵਿਛੜੇ ਕੌਣ ਮੇਲੇ ਐਵੇਂ ਜਿਊੜਾ ਲੋਕ ਵਲਾਂਉਂਦਾ ਈ
ਇੱਕ ਬਾਜ਼ ਥੋਂ ਕਾਉਂ ਨੇ ਕੂੰਜ ਖੋਹੀ ਵੇਖਾਂ ਚੁਪ ਹੈ ਕਿ ਕੁਰਲਾਉਂ ਦਾ ਈ
ਇਕਸ ਜਟ ਦੇ ਖੇਤ ਨੂੰ ਅੱਗ ਲੱਗੀ ਵੇਖਾਂ ਆਨ ਕੇ ਕਦੋਂ ਬੁਝਾਉਂਦਾ ਈ
ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ ਵਾਰਸ ਸ਼ਾਹ ਜੇ ਸੁਣਾਂ ਮੈਂ ਆਉਂਦਾ ਈ
391. ਉੱਤਰ ਰਾਂਝਾ
ਜਦੋਂ ਤੀਕ ਜ਼ਮੀਂ ਅਸਮਾਨ ਕਾਇਮ ਤਦਾਂ ਤੀਕ ਇਹ ਵਾਹ ਵਹਿਣ ਗੇ ਨੀ
ਸੱਭਾ ਕਿਬਰ ਹੰਕਾਰ ਗੁਮਾਨ ਲੱਗੇ ਆਪ ਵਿੱਚ ਇਹ ਅੰਤ ਨੂੰ ਢੈਣ ਗੇ ਨੀ
ਇਸਰਾਫੀਲ ਜਾਂ ਸੂਰ ਕਰਨਾ ਫੂਕੇ ਜਦੋਂ ਜ਼ਮੀਂ ਅਸਮਾਨ ਸਭ ਢੈਣ ਗੇ ਨੀ
ਕੁਰਸੀ ਅਰਸ਼ੀ ਤੇ ਲੌਹ ਕਲਮ ਜੰਨਤ ਰੂਹ ਦੋਜ਼ਖਾਂ ਸਤ ਇਹ ਰਹਿਣ ਗੇ ਨੀ
ਕੁਰਆ ਸੁਟ ਕੇ ਪਸ਼ਨ ਮੈਂ ਲਾਵਨਾ ਹਾਂ ਦੱਸਾਂ ਉਹਨਾਂ ਜੋ ਉਠ ਕੇ ਬਹਿਣਗੇ ਨੀ
ਨਾਲੇ ਪੱਤਰੀ ਫੋਲ ਕੇ ਫਾਲ ਘੱਤਾਂ ਵਾਰਸ ਸ਼ਾਹ ਹੋਰੀਂ ਸੱਚ ਕਹਿਣਗੇ ਨੀ
392. ਉਹੀ
ਤੁਸੀਂ ਛੱਤਿਆ ਨਾਲ ਉਹ ਮਸ ਭਿੰਨਾ ਤਦੋਂ ਦੋਹਾਂ ਜਾ ਜਿਉ ਰਲ ਗਿਆ ਸੀ ਨੀ
ਓਸ ਵੰਝਲੀ ਨਾਲ ਤੂੰ ਨਾਲ ਲਟਕਾਂ ਜਿਉ ਦੋਹਾਂ ਦਾ ਦੋਹਾਂ ਨੇ ਲਿਆ ਸੀ ਨੀ
ਉਹ ਇਸ਼ਕ ਦੇ ਹੱਟ ਵਿਕਾਇ ਰਹਿਆ ਮਹੀਂ ਕਿਸੇ ਦੀਆ ਚਾਰਦਾ ਪਿਆ ਸੀ ਨੀ
ਨਾਲ ਸ਼ੌਕ ਮਹੀਂ ਉਹ ਚਾਰਦਾ ਸੀ ਤੇਰਾ ਵਿਆਹ ਹੋਇਆ ਲੁੜ੍ਹ ਗਿਆ ਸੀ ਨੀ
ਤੁਸੀਂ ਚੜ੍ਹੇ ਡੋਲੀ ਤਾਂ ਉਹ ਹਕ ਮਹੀਂ ਟਮਕ ਚਾਇਕੇ ਨਾਲ ਲੈ ਗਿਆ ਸੀ ਨੀ
ਹੁਣ ਕੰਨ ਪੜਾ ਫਕੀਰ ਹੋਇਆ ਨਾਲ ਜੋਗੀਆਂ ਦੇ ਰਲ ਗਿਆ ਸੀ ਨੀ
ਅੱਜ ਪਿੰਡ ਤੁਸਾਡੜੇ ਆ ਵੜਿਆ ਅਜੇ ਲੰਘ ਕੇ ਅਗਾਂ ਨਾ ਗਿਆ ਸੀ ਨੀ
ਹੁਣ ਸੰਗਲੀ ਸੁਟ ਕੇ ਸ਼ਗਨ ਬੋਲਾਂ ਅੱਗੇ ਸਾਂਵਰੀ ਥੇ ਸ਼ਗਨ ਲਿਆ ਸੀ ਨੀ
ਵਾਰਸ ਸ਼ਾਹ ਮੈਂ ਪੱਤਰੀ ਪਾਲ ਡਿੱਠੀ ਕੁਰਆ ਇਹ ਨਜੂਮ ਦਾ ਪਿਆ ਸੀ ਨੀ
393. ਉਹੀ
ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਲ ਪੁੱਤਰ ਮਹਿਰਾਂ ਦੇ ਖੋਲੀਆਂ ਚਾਰਦੇ ਨੇ
ਕੰਨ ਪਾੜ ਫਕੀਰ ਹੋ ਜਾਣ ਰਾਜੇ ਦਰਦ ਮੰਦ ਪਹਿਰਨ ਵਿੱਚ ਬਾਰ ਦੇ ਨੇ
ਰੰਨਾ ਵਾਸਤੇ ਕੰਨ ਪੜਾ ਰਾਜੇ ਸੱਭਾ ਜ਼ਾਤ ਸਫਾਤ ਨਿਘਾਰਦੇ ਨੇ
ਭਲੇ ਦਿੰਹੁ ਤੇ ਨੇਕ ਨਸੀਬ ਹੋਵਨ ਸੱਜਨ ਆ ਬਹਿਸਨ ਕੋਲ ਯਾਰ ਦੇ ਨੇ
ਵਾਰਸ ਸ਼ਾਹ ਜਾਂ ਜ਼ੌਕ ਦੀ ਲੱਗੀ ਗੱਦੀ ਜੌਹਰ ਨਿਕਲੇ ਅਸਲ ਤਲਵਾਰ ਦੇ ਨੇ
394. ਉਹੀ
ਜਿਸ ਜਟ ਦੇ ਖੇਤ ਨੂੰ ਅੱਗ ਲੱਗੀ ਉਹ ਰਾਹਕਾਂ ਵੱਢ ਕੇ ਗਾਹ ਲਇਆ
ਲਾਵੇ ਹਾਰ ਰਾਖੇ ਸਭ ਵਿਦਾ ਹੋਏ ਨਾਉਮੀਦ ਹੋ ਕੇ ਜਟ ਰਾਹ ਪਇਆ
ਜਿਹੜੇ ਬਾਜ਼ ਥੋਂ ਕਾਂਉ ਨੇ ਕੂੰਜ ਖੋਹੀ ਸਬਰ ਸ਼ੁਕਰ ਕਰ ਬਾਜ਼ ਫਨਾ ਥਇਆ
ਦੁਨੀਆ ਛਡ ਉਦਾਸੀਆਂ ਪਹਿਨ ਲਈਆਂ ਜਸ ਦਾ ਵਾਰਸੀ ਹੋ ਵਾਰਸ ਸ਼ਾਹ ਭਇਆ
395. ਹੀਰ ਸਮਝ ਗਈ
ਹੀਰ ਉਠ ਬੈਠੀ ਪਤੇ ਠੀਕ ਲੱਗੇ ਅਤੇ ਠੀਕ ਨਿਸ਼ਾਨੀਆਂ ਸਾਰੀਆਂ ਨੀ
ਇਹ ਤਾਂ ਜੌਗੀੜਾ ਪੰਡਤ ਠੀਕ ਮਿਲਿਆ ਬਾਤਾਂ ਆਖਦਾ ਖੂਬ ਕਰਾਰੀਆਂ ਨੀ
ਪਤੇ ਵੰਝਲੀ ਦੇ ਏਸ ਠੀਕ ਦਿੱਤੇ ਅਤੇ ਮਹੀਂ ਭੀ ਸਾਡੀਆਂ ਚਾਰੀਆਂ ਨੀ
ਵਾਰਸ ਸ਼ਾਹ ਇਹ ਇਲਮ ਦਾ ਧਨੀ ਢਾਡਾ ਖੋਲ ਕੇ ਨਿਸ਼ਾਨੀਆਂ ਸਾਰੀਆਂ ਨੀ
396. ਹੀਰ ਦਾ ਉੱਤਰ
ਭਲਾ ਦੱਸ ਖਾਂ ਜੋਗੀਆ ਚੋਰ ਸਾਡਾ ਹੁਣ ਕਿਹੜੀ ਤਰਫ ਨੂੰ ਉਠ ਗਿਆ
ਵੇਖਾਂ ਆਪ ਹੁਣ ਕਿਹੜੀ ਤਰਫ ਫਿਰਦਾ ਅਤੇ ਮੁਝ ਗ਼ਰੀਬ ਨੂੰ ਕੁਠ ਗਿਆ
ਰੁਠੇ ਆਦਮੀ ਘਰਾਂ ਵਿੱਚ ਆ ਮਿਲਦੇ ਗੱਲ ਸਮਝ ਜਾ ਬੱਧੜੀ ਮੁਠ ਗਿਆ
ਘਰੇ ਵਿੱਚ ਪੌਂਦਾ ਗੁਣਾ ਸੱਜਣਾਂ ਦਾ ਯਾਰ ਹੋਰ ਨਾਹੀਂ ਕਿਤੇ ਗੁਠ ਗਿਆ
ਘਰ ਯਾਰ ਤੇ ਢੂੰਡਦੀ ਫਿਰੇਂ ਬਾਹਰ ਕਦੇ ਮਹਿਲ ਨਾ ਮਾੜੀਆਂ ਉਠ ਗਿਆ
ਸਾਨੂੰ ਸਬਰ ਕਰਾਰ ਤੇ ਚੈਨ ਨਾਹੀਂ ਵਾਰਸ ਸ਼ਾਹ ਜਦੋਕਨਾ ਉਠ ਗਿਆ
397. ਉੱਤਰ ਰਾਂਝਾ
ਏਸ ਘੁੰਡ ਵਿੱਚ ਬਹੁਤ ਖਰਾਬੀਆਂ ਨੇ ਅੱਗ ਲਾਇਕੇ ਘੁੰਡ ਨੂੰ ਸਾੜੀਏ ਨੀ
ਘੁੰਡ ਹੁਸਨ ਦੀ ਆਬ ਛੁਪਾ ਲੈਂਦਾ ਲੰਮੇ ਘੁੰਡ ਵਾਲੀ ਰੜੇ ਮਾਰੀਏ ਨੀ
ਘੁੰਡ ਆਸ਼ਕਾਂ ਦੇ ਬੇੜੇ ਡੋਬ ਦੇਂਦਾ ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ
ਤਦੋਂ ਇਹ ਜਹਾਨ ਸਭ ਨਜ਼ਰ ਆਵੇ ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ
ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ ਘੁੰਡ ਲਾਹ ਤੂੰ ਮੂੰਹ ਤੋਂ ਲਾੜੀਏ ਨੀ
ਵਾਰਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ ਫੁਲ ਅੱਗ ਦੇ ਵਿੱਚ ਨਾ ਸਾੜੀਏ ਨੀ
398. ਹੀਰ ਰਾਂਝੇ ਦੀ ਆਪੋ ਵਿੱਚੱਚ ਗੱਲੱਲ
ਅੱਖੀਂ ਸਾਮਣੇ ਚੋਰ ਜੇ ਆਇ ਭਾਸਨ ਕਿਉਂ ਦੁਖ ਵਿੱਚ ਆਪ ਨੂੰ ਗਾਲੀਏ ਵੇ
ਮੀਆਂ ਜੋਗੀਆ ਝੂਠੀਆਂ ਇਹ ਗੱਲਾਂ ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ
ਅੱਗ ਬੁਝੀ ਨੂੰ ਧੀਰੀਆਂ ਲਖ ਦੀਚਨ ਬਿਨਾ ਫੂਕ ਮਾਰੇ ਨਾ ਬਾਲੀਏ ਵੇ
ਹੀਰ ਦੇਖ ਕੇ ਤੁਰਤ ਪਛਾਨ ਲੀਤਾ ਹੱਸ ਆਖਦੀ ਬਾਤ ਸੰਭਾਲੀਏ ਵੇ
ਸਹਿਤੀ ਪਾਸ ਨਾ ਦੇਵਨਾ ਭੇਤ ਮੂਲੇ ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ
ਦੇਖ ਮਾਲ ਚੁਰਾਇਕੇ ਪਿਆ ਮੁੱਕਰ ਰਾਹ ਜਾਂਦੜਾ ਕੋਈ ਨਾ ਭਾਲੀਏ ਵੇ
ਵਾਰਸ ਸ਼ਾਹ ਮਲਖਾਇਨਾ ਮਾਲ ਲੱਧਾ ਚਲੋ ਕੁੱਜੀਆਂ ਬਦਰ ਪਵਾਲੀਏ ਵੇ
399. ਉੱਤਰ ਰਾਂਝਾ
ਕਹੀ ਦੱਸਣੀ ਅਕਲ ਸਿਆਨਿਆਂ ਨੂੰ ਕਦੀ ਨਫਰ ਕਦੀਮ ਸੰਭਾਲੀਏ ਨੀ
ਦੌਲਤਮੰਦ ਨੂੰ ਜਾਣਦਾ ਸਭ ਕੋਈ ਨੇਂਹ ਨਾਲ ਗ਼ਰੀਬ ਦੇ ਪਾਲੀਏ ਨੀ
ਗੋਦੀ ਬਾਲ ਢੰਡੋਰੜਾ ਜਗ ਸਾਰੇ ਜਿਉ ਸਮਝ ਲੈ ਖੇੜਿਆਂ ਵਾਲੀਏ ਨੀ
ਸਾੜ ਘੁੰਡ ਨੂੰ ਖੋਲ ਕੇ ਦੇਖ ਨੈਨਾਂ ਨੀ ਅਨੋਖਿਆਂ ਸਾਲੂ ਵਾਲੀਏ ਨੀ
ਵਾਰਸ ਸ਼ਾਹ ਹੈ ਇਸ਼ਕ ਦਾ ਗਾਉਤਕੀਆ ਅਨੀ ਹੁਸਨ ਦੀਏ ਗਰਮ ਨਿਹਾਲੀਏ ਨੀ
400. ਉੱਤਰ ਸਹਿਤੀ
ਸਹਿਤੀ ਸਮਝਿਆ ਇਹ ਰਲ ਗਏ ਦੋਵੇਂ ਲਈਆਂ ਘੁਟ ਫਕੀਰ ਬਲਾਈਆਂ ਨੀ
ਇਹ ਦੇਖ ਫਕੀਰ ਨਿਹਾਲ ਹੋਈ ਜੜੀਆਂ ਏਸ ਨੇ ਘੇਲ ਪਵਾਈਆਂ ਨੀ
ਸਹਿਤੀ ਆਖਦੀ ਮਗ਼ਜ਼ ਖਪਾ ਨਾਹੀਂ ਨੀ ਮੈਂ ਤੇਰੀਆਂ ਲਿਆਂ ਬਲਾਈਆਂ ਨੀ
ਮਤਾਂ ਘਤ ਜੁਗ ਧੂੜ ਤੇ ਕਰੂ ਕਮਲੀ ਕਲ੍ਹਾਂ ਏਸ ਦੇ ਨਾਲ ਕੀ ਲਾਈਆਂ ਨੀ
ਆਟਾ ਖ਼ੈਰ ਨਾ ਭਿਤਿਆ ਲਏ ਦਾਣੇ ਕਿੱਥੋਂ ਕੱਢੀਏ ਦੁਧ ਮਲਾਈਆਂ ਨੀ
ਡਰਨ ਆਂਵਦਾ ਭੂਤਨੇ ਵਾਂਗ ਇਸ ਥੋਂ ਕਿਸੇ ਥਾਂਉਂ ਦੀਆਂ ਇਹ ਬਲਾਈਆਂ ਨੀ
ਖੈਰ ਘਿਨ ਕੇ ਜਾ ਫਰਫੇਜੀਆ ਵੇ ਅੱਤਾਂ ਰਾਵਲਾ ਕੇਹੀਆਂ ਚਾਈਆਂ ਨੀ
ਫਿਰੇਂ ਬਹੁਤ ਪਖੰਡ ਖਿਲਾਰਦਾ ਤੂੰ ਏਥੇ ਕਈ ਵਲੱਲੀਆਂ ਪਾਈਆਂ ਨੀ
ਵਾਰਸ ਿਹ ਗਰੀਬ ਦੀ ਅਕਲ ਘੁੱਥੀ ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੀ
401. ਉੱਤਰ ਰਾਂਝਾ
ਮੈਂ ਇਕੱਲੜਾ ਕੁੱਲ ਨਜਾਣਨਾ ਹਾਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀ
ਮਾਲਜ਼ਾਦੀਆਂ ਵਾਂਗ ਬਣਾ ਤੇਰੀ ਪਾ ਬੈਠੀ ਹੈਂ ਸੁਰਮ ਸਲਾਈਆਂ ਨੀ
ਪੈਰ ਪਕੜ ਫਕੀਰ ਦੇ ਦੇ ਭਿਛਿਆ ਅੜੀਆਂ ਕੇਹੀਆਂ ਕਵਾਰੀਏ ਲਾਈਆਂ ਨੀ
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਗੁੱਸੇ ਹੋ ਨਾ ਭਲਿਆਂ ਦੀਆਂ ਜਾਈਆਂ ਨੀ
ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗਭਰੀਏ ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀ
ਜਿਸ ਰੱਬ ਦੇ ਅਸੀਂ ਫਕੀਰ ਹੋਏ ਦੇਖ ਕੁਦਰਤਾਂ ਓਸ ਦਖਾਈਆਂ ਨੀ
ਸਾਡੇ ਪੀਰ ਨੂੰ ਜਾਣਦੀ ਗਿਆ ਮੋਇਆ ਤਾਂਹੀ ਗਾਲੀਆਂ ਦੇਣੀਆਂ ਲਾਈਆਂ ਨੀ
ਵਾਰਸ ਸ਼ਾਹ ਉਹ ਸਦਾ ਹੀ ਜਿਊਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ
402. ਉੱਤਰ ਸਹਿਤੀ
ਪਤੇ ਡਾਚੀਆਂ ਦੇ ਬੁਰੇ ਲਾਵਨਾਂ ਹੈਂ ਦੇਂਦਾ ਮਿਹਣੇ ਸ਼ਾਮਤਾਂ ਦੌੜੀਆਂ ਵੇ
ਮੱਥਾ ਡਾਹਿਉ ਨਾਲ ਕਵਾਰੀਆਂ ਦੇ ਤੇਰੀਆਂ ਲੌਂਦੀਆਂ ਜੋਗੀਆ ਮੇਰੀਆਂ ਵੇ
ਤੇਰੀ ਜੀਭ ਮਵੇਸੀਆ ਹੱਥ ਵਿੱਲਤ ਤੇਰੇ ਚੁਤੜੀਂ ਲੜਦੀਆਂ ਭੌਰੀਆਂ ਵੇ
ਖੈਰ ਮਿਲੇ ਸੋ ਲਏਂ ਨਾ ਨਾਲ ਮਸਤੀ ਮੰਗੇਂ ਦੁੱਧ ਤੇ ਪਾਨ ਫਲੋਰੀਆਂ ਵੇ
ਰੁਗ ਦੇ ਆਟਾ ਇੱਕੇ ਟੁਕ ਚੱਪਾ ਭਰ ਦੇਣ ਨਾ ਜੱਟੀਆਂ ਕੌਰੀਆਂ ਵੇ
ਏਸ ਅੰਨ ਨੂੰ ਢੂੰਡਦੇ ਉਹ ਫਿਰਦੇ ਚੜ੍ਹਨ ਹਾਥੀਆਂ ਤੇ ਹੋਵਨ ਚੋਰੀਆਂ ਵੇ
ਸੋਟਾ ਵੱਡਾ ਇਲਾਜ ਕੁਪੱਤਿਆਂ ਦਾ ਤੇਰੀਆਂ ਭੈੜੀਆਂ ਦਿਸਦੀਆਂ ਤੌਰੀਆਂ ਵੇ
ਵਾਰਸ ਮਾਰ ਸਵਾਰਦੇ ਭੂਤ ਰਾਕਸ਼ ਜਿਹੜੀਆਂ ਮਹਿਰੀਆਂ ਹੋਣ ਅਪੌੜੀਆਂ ਵੇ