ਮਾਂ ਅਤੇ ਬੀਚ (ਕਵਿਤਾ)

ਗੁਰਮੀਤ ਸਿੰਘ 'ਬਰਸਾਲ'   

Email: gsbarsal@gmail.com
Address:
ਕੈਲੇਫੋਰਨੀਆਂ California United States
ਗੁਰਮੀਤ ਸਿੰਘ 'ਬਰਸਾਲ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਾਂ ਸੀ ਜਦ ਅਮਰੀਕਾ ਆਈ ।
ਡਾਢੀ ਦਿਲ ਨੇ ਖੁਸ਼ੀ ਮਨਾਈ ।
ਸੋਚਿਆ ਮਾਂ ਨੂੰ ਸੈਰ ਕਰਾਵਾਂ ।
ਸੈਂਟਾ ਕਰੂਜ਼ ਦੀ ਬੀਚ ਦਿਖਾਵਾਂ ।

ਕੰਮ ਕਾਰ ਤੋਂ ਵਿਹਲ ਬਣਾਕੇ ।
ਖੁਸ਼ ਸਾਂ ਮਾਂ ਨੂੰ ਨਾਲ ਲੈ ਜਾਕੇ ।
ਪੈਸੇਫਿਕ ਸਮੁੰਦਰ ਕੰਢੇ ।
ਬੁੱਲੇ ਆਉਣ ਹਵਾ ਦੇ ਠੰਢੇ ।

ਲੋਕੀਂ ਮੇਲੇ ਵਾਂਗੂੰ ਮੇਲ਼ਣ ।
ਬੱਚੇ ਆਰਕੇਡਾਂ ਵਿੱਚ ਖੇਲਣ ।
ਰਾਈਡਾਂ ਘੁੰਮ ਘੁਮਾਈ ਖਾਵਣ ।
ਅੰਬਰ ਛੂਹਕੇ ਝੱਟ ਮੁੜ ਆਵਣ ।

ਬੱਚੇ ਝੂਟੇ ਮਾਣ ਰਹੇ ਸੀ ।
ਜੰਕ ਫੂਡ ਵੀ ਖਾਣ ਡਹੇ ਸੀ ।
ਲੋਕਾਂ ਰੌਲੀ ਪਾਈ ਹੋਈ ਸੀ ।
ਚਕਾਚੌਂਧ ਜਿਹੀ ਛਾਈ ਹੋਈ ਸੀ ।

ਮੈਂ ਡਿੱਠਾ ਮਾਂ ਥੱਕੀ ਲੱਗੀ ।
ਭੀੜ ਸ਼ੋਰ ਤੋਂ ਅੱਕੀ ਲੱਗੀ ।
ਮੈਂ ਕਿਹਾ ਚੱਲ ਮਾਂ ਓਧਰ ਮੁੜੀਏ ।
ਨਰਮ ਨਰਮ ਰੇਤੇ ਤੇ ਤੁਰੀਏ ।

ਸਾਗਰ ਦੀਆਂ ਜਦ ਛੱਲਾਂ ਆਵਣ ।
ਪੈਰਾਂ ਨੂੰ ਉਹ ਛੂਹ ਕੇ ਜਾਵਣ ।
ਰੇਤੇ ਉੱਪਰ , ਛੱਲਾਂ ਕੋਲੇ ।
ਤੁਰਦੇ ਤੁਰਦੇ ਹੋ ਗਏ ਹੌਲੇ ।

ਸਾਹਵੇਂ 'ਬੀਚ-ਬਾਲ' ਦੇ ਪੰਗੇ ।
ਮੁੰਡੇ ਕੁੜੀਆਂ ਸੀ ਅਧਨੰਗੇ ।
ਪਾ ਉੱਚੀ ਉਹ ਖੱਪ ਰਹੇ ਸੀ ।
ਬੇ-ਫਿਕਰੀ ਵਿੱਚ ਟੱਪ ਰਹੇ ਸੀ ।

ਅੰਦਰ ਵਾਲੇ ਕੱਪੜੇ ਪਾਈਂ ।
ਖੇਡਣ ਸਾਰੇ ਚਾਈਂ ਚਾਈਂ ।
ਕੁਝ ਦੇਸੀ ਵੀ ਸਿਆਣ ਲਈਆਂ ਸੀ ।
ਨਕਸ਼ਾਂ ਤੋਂ ਪਹਿਚਾਣ ਲਈਆਂ ਸੀ ।

ਬੀਚ-ਬਾਲ ਉਹ ਖੇਡਣ `ਕੱਠੇ ।
ਪਰ ਮਾਂ ਮੈਨੂੰ ਘੂਰੀਆਂ ਵੱਟੇ ।
ਮੈਂ ਕਿਹਾ ਆਪਾਂ ਨੂੰ ਕੀ ਪਿਆ ਏ ।
ਆਪਾਂ ਕਿਹੜਾ ਠੇਕਾ ਲਿਆ ਏ ।

ਏਥੇ ਲੋਕੀਂ ਇੰਝ ਨਾ ਤੱਕਦੇ ।
ਆਪਣਾ ਹੀ ਬਸ ਮਤਲਬ ਰੱਖਦੇ ।
ਹਰ ਕੋਈ ਏਥੇ ਰੁੱਝਿਆ ਰਹਿੰਦਾ ।
ਅੱਖਾਂ ਪਾੜ ਨਾ ਕੋਈ ਵਿੰਹਦਾ ।

ਆਪਾਂ ਆਪਣੇ ਰਸਤੇ ਜਾਈਏ ।
ਕਿਓਂ ਕਿਸੇ ਨਾਲ ਅੱਖ ਮਿਲਾਈਏ ।
ਉਲਟਾ ਮਾਂ ਨੂੰ ਗੁੱਸਾ ਚੜਿਆ ।
ਕਹਿੰਦੀ ਕੀ ਇਸ ਬੀਚੋਂ ਥੁੜਿਆ ।

ਮਾਂ ਆਖੇ ਇਹ ਨੰਗ-ਧੜੰਗੇ ।
ਕਾਹਤੋਂ ਸਾਤੋਂ ਵੀ ਨਾਂ ਸੰਗੇ ।
ਲਗਦਾ ਏਥੇ ਸ਼ਰਮ ਦਾ ਘਾਟਾ ।
ਇਹ ਨਾ ਦੇਖਣ ਧੌਲਾ ਝਾਟਾ ।

ਆਹ ਮੈਨੂੰ ਦਿਖਾਵਣ ਲਿਆਇਆਂ ।
ਬੁੱਢੇ ਵਾਰ ਪੜ੍ਹਾਵਣ ਲਿਆਇਆਂ ।
ਚੱਲ ਏਥੋਂ ਹੀ ਮੁੜ ਪਓ ਘਰ ਨੂੰ ।
ਦਿਲ ਵਿੱਚ ਰੱਖੀਂ ਰੱਬ ਦੇ ਡਰ ਨੂੰ ।

ਸੁਣਕੇ ਮਾਂ ਦੀ ਮਿੱਠੀ ਘੂਰੀ ।
ਛੱਡਣੀ ਪੈ ਗਈ ਬੀਚ ਅਧੂਰੀ ।
ਮੈਂ ਕਿਹਾ ਸੱਤ ਬਚਨ ਮਾਂ ਮੇਰੀ ।
ਗਲਤੀ ਹੋ ਗਈ ਬੜੀ ਘਨੇਰੀ ।

ਗਲਤੀ ਹੋ ਗਈ ਦੱਸ ਰਿਹਾ ਸਾਂ ।
ਅੰਦਰ ਖਾਤੇ ਹੱਸ ਰਿਹਾ ਸਾਂ ।
ਮੈਂ ਕਿਹਾ ਮਾਂ ਜੀ ਅਗਲੇ ਹਫਤੇ ।
ਗੁਰਦੁਆਰੇ ਦੇ ਪਵਾਂਗੇ ਰਸਤੇ ।।