ਫੋਰਮ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


ਕੈਲਗਰੀ -- ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 3 ਜੂਨ 2017 ਦਿਨ ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹੀ। ਉਪਰੰਤ ਸਟੇਜ ਸਕੱਤਰ ਦੀ ਜੁੱਮੇਂਵਾਰੀ ਨਿਭਾਂਦਿਆਂ ਅੱਜ ਦੀ ਸਾਹਿਤਕ ਕਾਰਵਾਈ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨੇ ਅਪਣੀਆਂ ਦੋ ਗ਼ਜ਼ਲਾਂ ਸਾਂਝੀਆਂ ਕਰ ਅੱਜ ਦੇ ਸਾਹਿਤਕ ਦੌਰ ਦੀ ਸ਼ੁਰੂਆਤ ਕੀਤੀ –
1-“ਕਿਵੇਂ  ਯਾਰ  ਤੇਰੀ   ਜੁਦਾਈ  ਸਹਾਰਾਂ
    ਮੈਂ ਸੱਸੀ ਦੇ ਵਾਂਗੂੰ ਹੀ ਰਸਤੇ ਨਿਹਾਰਾਂ। 
    ਕਦੇ ਬਣਕੇ ਸੁਹਣੀ ਹੈਂ ਤਰੀਆਂ ਝਨਾਵਾਂ
    ਮਹੀਂਵਾਲ ਬਣਕੇ  ਮੈਂ ਤਖਤਾਂ  ਵਿਸਾਰਾਂ।”
2-“ਚਮਕਣ ਹਜ਼ਾਰ ਜੁਗਨੂੰ ਤਾਰੇ ਹਟਾਣ ਨ੍ਹੇਰਾ
    ਰਸਤਾ ਬੜਾ  ਹਨੇਰਾ ਤੇਰੇ  ਬਿਨਾ ਹੈ ਮੇਰਾ। 
    ਲਗਦਾ ਸੀ  ਹਰ ਸਵੇਰਾ  ਤੇਰੇ ਬਿਨਾ ਤੇ ਸ਼ਾਮਾਂ
    ਸ਼ਾਮਾਂ ਵੀ ਹੁਣ ਤੇ ਜਾਪਣ ਹੋਇਆ ਜਿਵੇਂ ਸਵੇਰਾ।” 
ਹਰਦੀਪ ਸਿੰਘ ਨੇ ਅਪਣੀ ਇਕ ਪੰਜਾਬੀ ਕਵਿਤਾ ਪੜੀ ਅਤੇ ਇਕ ਗੀਤ ਗਾਕੇ ਵਾਹ-ਵਾਹ ਲੁੱਟ ਲਈ। 
ਪੈਰੀ ਮਾਹਲ ਨੇ ਮਾਂ ਦਿਵਸ ਦੀ ਵਧਾਈ ਦਿਂਦੇ ਹੋਏ ਮਾਂ ਦੇ ਅਨ੍ਹੇ ਪਿਆਰ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਕਿਵੇਂ ਮਾਂ ਦਾ ਬਹੁਤਾ ਪਿਆਰ ਵੀ ਬੱਚੇ ਲਈ ਗਲਤ ਸਾਬਿਤ ਹੋ ਜਾਂਦਾ ਹੈ। ਅਪਣੀ ਭਾਰਤ ਫੇਰੀ ਦੀ ਗੱਲ ਕਰਦੇ ਹੋਏ ਹਰ ਥਾਂ ਤੇ ਫਿਰਦੇ ਅਵਾਰਾ ਕੁੱਤਿਆਂ ਦੀ ਅੱਤ ਤੇ ਵੀ ਅਪਣੇ ਡਰ ਦਾ ਪ੍ਰਗਟਾਵਾ ਕੀਤਾ। 
ਸਰੂਪ ਸਿੰਘ ਮੰਡੇਰ ਹੋਰਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਲਿਖੀ ਅਪਣੀ ਰਚਨਾ ਜਸਵੰਤ ਸੇਖੋਂ ਦੇ ਨਾਲ ਗਾਕੇ ਅਪਣੀ ਸ਼ਰਧਾਂਜਲੀ ਪੇਸ਼ ਕੀਤੀ –
“ਝੱਲ ਤਸੀਹੇ ਸਤਿਗੁਰ ਪੰਜਵੇ, ਅੰਤ ਸ਼ਹੀਦੀ ਪਾਗੇ
 ਤੱਤੀ ਤਵੀ ਤੇ  ਲਾ ਚੋਕੜਾ, ਅਣਖੀ  ਜੋਤ ਜਗਾਗੇ
 ਦਾਤੇ ਨਾਲ  ਜੋੜ ਕੇ ਤਾਰਾਂ, ਗੁਰਾਂ ਗਰੀਬੀ  ਧਾਰੀ,
 ਬਿੰਨ ਦਸਤਾਰ ਪਛਾਣ ਨਾ ਹੋਵੇ, ਸਿੱਖੀ ਤੇ ਸਰਦਾਰੀ”
ਜਗਜੀਤ ਸਿੰਘ ਰਾਹਸੀ ਨੇ ਹੋਰਾਂ ਸ਼ਾਇਰਾਂ ਦੇ ਕੁਝ ਹਿੰਦੀ/ਉਰਦੂ ਸ਼ੇਰ ਸਾਂਝੇ ਕਰਕੇ ਸਭਾ ਵਿੱਚ ਹਾਜ਼ਰੀ ਲਵਾਈ –
“ਮਾਨਾ ਦੁਨਿਯਾ ਬੁਰੀ ਹੈ ਹਰ ਜਗਹ ਧੋਖਾ ਹੈ
 ਹਮ  ਤੋ ਅੱਛੇ  ਬਨੇਂ  ਹਮੇਂ ਕਿਸ ਨੇ  ਰੋਕਾ ਹੈ”  
ਜੱਸ ਚਾਹਲ ਨੇ ਕੈਲਗਰੀ ਦੇ ਨੌਰਥ-ਈਸਟ ਇਲਾਕੇ ਦੇ ਭਖਦੇ ਸਮਾਜਕ ਮਸਲੇ ਦੀ ਗੱਲ ਕਰਦਿਆਂ ਦੱਸਿਆ ਕੇ 12 ਜੂਨ ਨੂੰ ਸਿਟੀ ਕਾਂਉਨਸਲ ਵਿੱਚ ਇਸ ਮਤੇ ਤੇ ਵਿਚਾਰ ਹੋਣਾ ਹੈ। 
ਸੁਰਜੀਤ ਸਿੰਘ ਸੀਤਲ ‘ਪੰਨੂੰ” ਹੋਰਾਂ ਅਪਣੀਆਂ ਕੁਝ ਰੁਬਾਈਆਂ ਅਤੇ ਇਕ ਗ਼ਜ਼ਲ ਨਾਲ ਵਾਹ-ਵਾਹ ਲੈ ਲਈ –
“ਦੁਨਿਆ ਦੀ ਹਰ ਖੇਡ ਦੇ ‘ਪੰਨੂੰਆ’ ਬੱਧੇ ਹੋਏ ਨਿਯਮ ਨੇ ਪੱਕੇ
 ਬਿਨਾਂ ਓਹਨਾਂ ਦੀ ਪਾਲਣਾ ਕੀਤੇ ਕੋਈ ਖਿਡਾਰੀ ਖੇਡ ਨ ਸੱਕੇ
 ਰਾਜਨੀਤੀ ਦੀ ਖੇਡ ਦਾ ਐਪਰ ਕੋਈ ਵੀ ਨੀਯਮ ਅਸੂਲ ਨਹੀਂ
 ਇਸ ਵਿੱਚ ਸਭ ਹੀ ਮਨ-ਮਰਜ਼ੀ ਦੇ ਮਾਰ ਲੈਣ ਚੌੱਕੇ ਤੇ ਛੱਕੇ”
ਰਵੀ ਜਨਾਗਲ ਹੋਰਾਂ ਇਕ ਹਿੰਦੀ ਫਿਲਮੀ ਗਾਣਾ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਕੇ ਸਮਾਂ ਬਨ੍ਹ ਦਿੱਤਾ। 
ਡਾ. ਸੁਖਵਿੰਦਰ ਬਰਾੜ ਨੇ ਹੈਲਦੀ ਲਾਇਫ਼ਸਟਾਇਲ ਦੇ 24 ਜੂਨ ਨੂੰ ਹੋਣ ਵਾਲੇ ਸਮਾਗਮ ਦੀ ਸੂਚਨਾ ਸਾਂਝੀ ਕੀਤੀ। 
ਜਸਵੰਤ ਸੇਖੋਂ ਹੋਰਾਂ ‘ਕੇਵਲ ਸਿੰਘ ਨਿਰਦੋਸ਼’ ਦੀ ਰਚਨਾ ਪੜ੍ਹ ਕੇ ਵਾਹ-ਵਾ ਖੱਟੀ। 
ਜਸਵੀਰ ਸਿਹੋਤਾ ਹੋਰਾਂ ਹਾਲ ਹੀ ਵਿੱਚ ਹੋਇਆਂ ਕੁਝ ਮੌਤਾਂ ਦੀ ਖ਼ਬਰ ਸਾਂਝੀ ਕੀਤੀ ਅਤੇ ਸਭਾ ਵਲੋਂ ਸ਼ੋਕ-ਮਤਾ ਪਾਸ ਕਰਕੇ ਪ੍ਰੋ. ਮਨਜੀਤ ਸਿੰਘ, ਰਣਜੀਤ ਸਿੱਧੂ ਦੀ ਮਾਤਾ ਬਲਵਿੰਦਰ ਕੌਰ ਅਤੇ ਪੰਜਾਬੀ ਹਾਸਰਸ ਕਵੀ ਹਰੀ ਸਿੰਘ ਦਿਲਬਰ ਹੋਰਾਂ ਲਈ ਇਕ ਮਿੰਟ ਦਾ ਮੌਨ ਰਖਕੇ ਸ਼ਰਧਾਂਜਲੀ ਦਿੱਤੀ ਗਈ।  
ਡਾ. ਮਜ਼ਹਰ ਸਿੱਦੀਕੀ ਨੇ, ਜੋ ਕੇ ਅੱਜਕਲ ਅਮਰੀਕਾ ਗਏ ਹੋਏ ਹਨ, ਓਥੋਂ ਫ਼ੋਨ ਕਰਕੇ ਕਿਹਾ ਕੇ ਉਹਨਾਂ ਨੂੰ ਰਾਈਟਰਜ਼ ਫੋਰਮ ਦੀ ਬਹੁਤ ਯਾਦ ਆ ਰਹੀ ਹੈ। ਉਹਨਾਂ ਰਾਈਟਰਜ਼ ਫੋਰਮ ਬਾਰੇ ਲਿਖੀ ਅਪਣੀ ਉਰਦੂ ਨਜ਼ਮ ਫੋਨ ਤੇ ਪੜ੍ਹੀ ਜੋ ਕਿ ਸਭਾ ਨੇ ਸਪੀਕਰ ਤੇ ਸੁਣੀ ਤੇ ਖ਼ੁਸ਼ੀ ਵਿੱਚ ਖ਼ੂਬ ਤਾੜੀਆਂ ਵਜਾਇਆਂ –
“ਹੈ ਯਹਾਂ  ਹਮ ਕੋ ਸਤਾਤੀ  ਰਾਈਟਰਜ਼ ਫੋਰਮ ਕੀ ਯਾਦ। 
 ਦੋਸਤੋਂ ਅਹਿਬਾਬ-ਏ-ਦਰੀਨਾ ਸ਼ਰੀਕ-ਏ-ਗ਼ਮ ਕੀ ਯਾਦ। 
 ਸੰਧੂ ਜੀ ਕੀ ਵੋਹ ਸਦਾਰਤ ਬਾਵਕਾਰ ਔਰ ਬਾਕਮਾਲ,
 ਔਰ ਜੱਸ ਜੀ  ਕੀ ਨਿਜ਼ਾਮਤ  ਖ਼ੂਬਸੂਰਤ  ਬੇਮਿਸਾਲ। 
 ਬਾਠ ਜੀ ਔਰ ਸੈਨੀ ਕੇ ਸੁੰਦਰ ਵੋ ਗੀਤੋਂ ਕਾ ਫ਼ੁਸੂੰ,
 ਹੈ ਅਤਾ ਕਰ ਦੇਤਾ ਮੇਹਮਾਂ  ਕੇ ਜ਼ਹਨੋਂ  ਕੋ ਸੁਕੂੰ। 
 ਵੋਹ  ਨਿਜ਼ਾਮੀ, ਪੰਨੂੰ  ਜੀ, ਕਰਾਰ  ਕੀ  ਗ਼ਜ਼ਲੇਂ  ਹਸੀਂ,
 ਔਰ ਰਫ਼ੀ ਸਾਹਿਬ ਕੀ ਅਫ਼ਸਾਨਾਗੋਈ ਕਾ ਸਾਨੀ ਨਹੀਂ। 
 ਔਰ ਜਲੇਬੀ ਔਰ ਸਿਹੋਤਾ ਜੀ ਕੀ ਗ਼ਰਮਾ-ਗ਼ਰਮ ਚਾਯ,
 ਯਾਦ ਜਬ ਆਏ ਤੋ ਦਿਲ ਕਰਤਾ ਹੈ ਹਾਏ, ਹਾਏ, ਹਾਏ।”
ਰਣਜੀਤ ਸਿੰਘ ਮਿਨਹਾਸ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਲਿਖੀ ਅਪਣੀ ਕਵਿਤਾ ਨਾਲ ਸ਼ਰਧਾਂਜਲੀ ਦਿੱਤੀ। 
ਜੋਗਾ ਸਿੰਘ ਸਹੋਤਾ ਨੇ ਇਕ ਹਿੰਦੀ ਗ਼ਜ਼ਲ ਬਾ-ਤਰੱਨੁਮ ਗਾਕੇ ਤਾੜੀਆਂ ਲੈ ਲਈਆਂ –
“ਦਿਲ ਕੀ ਬਾਤ ਲਬੋਂ ਪਰ ਲਾਕਰ
 ਅਬ ਤਕ  ਹਮ  ਦੁਖ  ਸਹਤੇ ਹੈਂ” 
ਜਗਦੀਸ਼ ਸਿੰਘ ਚੋਹਕਾ ਹੋਰਾਂ ਪਾਕਿਸਤਾਨ ਦੇ ਮਸ਼ਹੂਰ ਇਨਕਲਾਬੀ ਕਵੀ ਹਬੀਬ ਜਾਲਿਬ ਨੂੰ ਯਾਦ ਕਰਦਿਆਂ ਕਿਸੇ ਸ਼ਾਇਰ ਦੀਆਂ ਇਹ ਸਤਰਾਂ ਪੜ੍ਹਕੇ ਅਕੀਦਤ ਪੇਸ਼ ਕੀਤੀ-
“ਅਪਨੇ ਸਾਰੇ  ਦਰਦ ਭੁਲਾ  ਕਰ ਔਰੋਂ  ਕੇ ਦੁਖ਼  ਸਹਤਾ ਥਾ
 ਹਮ ਜਬ ਗ਼ਜ਼ਲੇਂ ਕਹਤੇ ਥੇ ਵੋ ਅਕਸਰ ਜੇਲ ਮੇਂ ਰਹਤਾ ਥਾ
 ਆਖ਼ਿਰਕਾਰ  ਚਲਾ  ਗਯਾ  ਵੋ ਰੂਠ  ਕੇ ਹਮ  ਫਰਜ਼ਾਨੋਂ ਸੇ
 ਵੋ ਦੀਵਾਨਾ  ਜਿਸਕੋ ਜ਼ਮਾਨਾ  ਜਾਲਿਬ ਜਾਲਿਬ ਕਹਤਾ ਥਾ”
ਡਾ. ਮਨਮੋਹਨ ਬਾਠ ਨੇ ਬੜੀ ਖ਼ੂਬਸੂਰਤੀ ਨਾਲ ਇਕ ਹਿੰਦੀ ਫਿਲਮੀ ਗ਼ਜ਼ਲ ਗਾਕੇ ਅੱਜ ਦੀ ਸਭਾ ਦਾ ਸਮਾਪਨ ਸੰਗੀਤਮਈ ਬਣਾ ਦਿੱਤਾ।   
             ਸਕਤਰ ਚਾਹਲ ਨੇ ਆਪਣੇ ਅਤੇ ਰਾਈਟਰਜ਼ ਫੋਰਮ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਕੈਲਗਈ ਦੇ ਸਾਰੇ ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।