ਜਸਵੀਰ ਭਲੂਰੀਏ ਦੀ ਪੁਸਤਕ ਮੁਰਝਾਏ ਫੁੱਲ ਲੋਕ ਅਰਪਣ (ਖ਼ਬਰਸਾਰ)


ਸਮਾਲਸਰ - ਤਾਈ ਨਿਹਾਲੀ ਕਲਾਂ ਮੰਚ ਲੰਗੇਆਣਾ ਅਤੇ ਸਾਹਿਤ ਸਭਾ ਭਲੂਰ ਵੱਲੋਂ ਸਾਂਝੇ ਤੌਰ ਤੇ ਬਹੁਤ ਹੀ ਪ੍ਰਭਾਵਸ਼ਾਲੀ ਪਰ ਸਾਦਾ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪਿੰਡ ਭਲੂਰ ਦੇ ਜੰਮਪਲ ਅਤੇ ਸਾਹਿਤ ਸਭਾ ਭਲੂਰ ਦੇ ਸੰਸਥਾਪਿਕ ਉੱਘੇ ਸਾਹਿਤਕਾਰ ਜਸਵੀਰ ਭਲੂਰੀਏ ਦੀ ਪੰਜਵੀਂ ਪੁਸਤਕ ਮੁਰਝਾਏ ਫੁੱਲਨੂੰ ਲੋਕ ਅਰਪਣ ਕੀਤਾ ਗਿਆ।ਵੱਖ ਵੱਖ ਵਿਸ਼ਿਆ ਨਾਲ ਸੰਬੰਧਿਤ ਇਹ ਮਿੰਨੀ ਕਹਾਣੀ ਸੰਗ੍ਰਹਿ ਨੂੰ ਲੋਕ ਅਰਪਣ ਕਰਨ ਦੀ ਰਸਮ ਸਥਾਨਕ ਕਸਬੇ ਵਿੱਚ ਸਥਿਤ ਡੀ.ਆਰ.ਐਸ ਬਰਿਕਸ ਕੰਪਨੀ (ਇੱਟਾਂ ਵਾਲਾ ਭੱਠਾ) ਦੇ ਵਿਹੜੇ ਵਿੱਚ ਭੱਠਾ ਮਜਦੂਰਾਂ ਦੇ ਨੰਨੇ ਮੁੰਨੇ ਬੱਚਿਆਂ ਦੇ ਪਵਿੱਤਰ ਹੱਥਾਂ ਤੋਂ ਕਰਵਾਈ ਗਈ।ਇਸ ਸੰਬੰਧੀ ਗੱਲ ਕਰਦੇ ਹੋਏ ਨਾਮੀ ਸਾਹਿਤਕਾਰ ਮਾ: ਬਿੱਕਰ ਸਿੰਘ ਹਾਂਗਕਾਂਗ ਵਾਲਿਆਂ ਨੇ ਕਿਹਾ ਕਿ ਲੇਖਕ ਨੇ ਮਜਦੂਰਾਂ ਦੇ ਬੱਚਿਆਂ ਦੀ ਤਰਾਸਦੀ ਭਰੀ ਜਿੰਦਗੀ ਨਾਲ ਸੰਬੰਧਿਤ ਰਚਨਾਵਾਂ ਲਿਖੀਆਂ ਹੋਣ ਕਾਰਣ ਕਿਤਾਬ ਦਾ ਸਿਰਲੇਖ ਪੂਰੀ ਤਰਾਂ੍ਹ ਨਾਲ ਢੁਕਵਾ ਹੈ ਅਤੇ ਜਸਵੀਰ ਨੇ ਇਸ ਨਾਲ ਪੂਰਾ ਇਨਸਾਫ ਕੀਤਾ ਹੈ। ਇਸ ਵਾਸਤੇ ਜਸਵੀਰ ਦੀ ਫੁੱਲ ਤਰੀਫ ਕਰਨੀ ਬਣਦੀ ਹੈ।ਉਨਾ੍ਹ ਕਿਹਾ ਕਿ ਸਾਰੇ ਲੇਖਕਾਂ ਦਾ ਫਰਜ਼ ਬਣਦਾ ਹੈ ਕਿ ਉਹ ਵੀ ਆਪਣੀ ਕਲਮ ਰਾਹੀ ਸਮਾਜ ਵਿੱਚ ਦੱਬੇ ਕੁਚਲੇ ਲੋਕਾਂ ਦੇ ਬੱਚਿਆਂ ਦੀ ਆਰਥਿਕ ਹਾਲਤ ਨੂੰ ਬਿਆਨ ਕਰਨ ਅਤੇ ਇਸ ਨੂੰ ਸਾਡੇ ਸਮਾਜ ਦੇ ਸਾਹਮਣੇ ਪੇਸ਼ ਕਰਨ ਤਾਂ ਜੋ ਉਨਾਂ੍ਹ ਦੇ ਸੁਧਾਰ ਵਾਸਤੇ ਕੁਝ ਕਦਮ ਚੁੱਕੇ ਜਾ ਸਕਣ।ਇਸ ਮੌਕੇ ਤੇ ਹਾਜਰ ਬਾਕੀ ਸਾਹਿਤਕਾਰਾ ਨੇ ਵੀ ਜਸਵੀਰ ਭਲੂਰੀਏ ਦੀ ਨਵਿਕਲੀ ਪਹਿਲ ਅਤੇ ਸ਼ੋਰ ਸ਼ਰਾਬੇ, ਦਿਖਾਵੇ, ਖਰਚੀਲੇ ਪ੍ਰੋਗਰਾਮਾਂ ਦੀ ਰੀਤ ਤੋਂ ਹੱਟ ਕੇ ਚੁੱਕੇ ਗਏ ਇਸ ਕਦਮ ਦੀ ਭਰਪੂਰ ਪ੍ਰਸ਼ੰਸਾਂ ਕੀਤੀ ਅਤੇ ਉਸ ਨੂੰ ਮੁਬਾਰਕਬਾਦ ਦਿੱਤੀ।ਜਸਵੀਰ ਵੱਲੋਂ ਜਿੱਥੇ ਭੱਠੇ ਤੇ ਕੰਮ ਕਰਦੇ ਮਜਦੂਰਾਂ ਦੇ ਸਾਰੇ ਬੱਚਿਆਂ ਨੂੰ ਲੱਡੂ ਵੰਡੇ ਗਏ ਉੱਥੇ ਹੀ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਵੀ ਕੀਤਾ ਗਿਆ ।ਇਸ ਮੌਕੇ ਤੇ ਸਾਹਿਤਕਾਰ ਡਾ: ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਲੰਡੇ, ਢਾਡੀ ਭਾਈ ਸਾਧੂ ਸਿੰਘ ਧੰਮੂ, ਕਾਮਰੇਡ ਗੀਟਨ ਸਿੰਘ, ਗੁਰਮੇਜ ਸਿੰਘ ਗੇਜਾ,ਬੈਂਕ ਮੈਨੇਜਰ ਮਨਜੀਤ ਸਿੰਘ, ਲਾਲੀ ਸੰਧੂ,ਡਾ:ਰਾਜਵੀਰ ਸੰਧੂ,ਮਲਕੀਤ ਥਿੰਦ ਆਦਿ ਹਾਜਰ ਸਨ।