ਅੱਗ ਦੀ ਸਾਂਝ (ਕਹਾਣੀ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਾਹਰ ਦਾ ਦਰਵਾਜ਼ਾ ਖੜਕਿਆ , “ਕੌਣ ਏਂ ?” ਮਾਂ ਨੇ ਉੱਚੀ ਆਵਾਜ਼ ਨਾਲ ਪੁੱਛਿਆ |
“ਮੈਂ ਹਾਂ ਮਿੰਦੋ ,ਬੂਹਾ ਖੋਲੋ ,” ਬਾਹਰੋਂ ਮਿੰਦੋ ,  ਜੋ ਸਾਡੇ ਘਰ ਤੋਂ ਦੋ ਘਰ ਛੱਡ ਕੇ ਰਹਿੰਦੀ ਸੀ ,ਜਵਾਬ ਦਿੱਤਾ |
ਮਾਂ ਚੌਕੇ ‘ਚ ਬੈਠੀ ਹਾਂਡੀ ਵਿੱਚ ਕੜਛੀ ਮਾਰ ਰਹੀ ਸੀ | ਚੁੱਲੇ ‘ਤੇ ਰਾਤ ਲਈ ਦਾਲ ਧਰੀ ਸੀ | ਤ੍ਰੈਕਾਲਾਂ ਦਾ ਵਕਤ ਸੀ , ਅਜੇ ਦਿੰਨ
ਕਾਫੀ ਰਹਿੰਦਾ  ਸੀ | ਉਹਨਾਂ ਸਮਿਆਂ ‘ਚ ਲੋਗ  ਰਾਤ ਦਾ ਰੋਟੀ -ਪਾਣੀ  ਲੋ ਹੁੰਦਿਆ ਹੀ ਕਰ ਲੈਂਦੇ ਸੀ ,ਬਿਜਲੀ ਘਰਾਂ ‘ਚ ਹੁੰਦੀ ਕੋਈ ਨਹੀਂ ਸੀ , ਰੋਟੀ ਪਾਣੀ ਤੋਂ ਨਿਬੜ ਕੇ ਸੌਣਾ ਹੀ ਹੁੰਦਾ ਸੀ , ਹੋਰ ਤਾਂ ਕੋਈ ਕੰਮ ਹੁੰਦਾ ਨਹੀਂ ਸੀ |ਲਾਲਟੈਨ ਦੀ ਰੋਸ਼ਨੀ ਦੀ ਤਰਾਂ ਜਿੰਦਗੀ ਵਿੱਚ ਵੀ ਕੋਈ ਚਮਕ ਦਮਕ ਨਹੀਂ ਹੁੰਦੀ ਸੀ |ਗਰਮੀਆਂ ਵਿੱਚ ਰਾਤ ਅਠ ਵੱਜੇ ਹੀ ਸੌਂਣ ਲਈ ਮੰਜੀਆਂ ਵਿਛ ਜਾਂਦੀਆਂ ਸਨ |
ਮਾਂ ਨੇ  ਬੂਹਾ ਖੋਲਿਆ , ਮਿੰਦੋ ਅੰਦਰ ਲੰਘ ਆਈ , ਹੱਥ  ਵਿੱਚ ਪਾਥੀ ਫੜੀ ਸੀ | ਮਾਂ ਸਮਝ ਗਈ ਕਿ ਕਿਉਂ ਆਈ ਏ , ਫਿਰ ਵੀ ਪੁਛ ਲਿਆ ,” ਕਿੰਝ ਆਉਣਾ ਹੋਇਆ , ਮਿੰਦੋ “ |
“ਬਸ ਰਾਤ ਦਾ ਰੋਟੀ ਪਾਣੀ ਕਰਣਾ ਸੀ , ਅੱਗ ਲੈਣ ਆਈ ਸੀ |ਸੋਚਿਆ, ਮਾਸੀ ਚੌੰਕਾ ਚੁੱਲਾ ਛੇਤੀ ਸ਼ੁਰੂ ਕਰ ਦੇਂਦੀ ਏ , ਤੁਸੀਂ ਸ਼ਾਮ ਨੂੰ  ਚਾਹ  ਜੁ ਪੀਣੀ ਹੁੰਦੀ ਏ , ਇਹ ਸੋਚ ਤੁਹਾਡੇ ਵੱਲ ਆ ਗਈ ਹਾਂ ,” ਮਿੰਦੋ ਬੋਲਦੀ ਬੋਲਦੀ ਚੌੰਕੇ ਕੋਲ  ਜਾ ਖਲੋਤੀ |
“ਕੋਈ ਗੱਲ ਨਹੀਂ ,ਲੈ ਲੈ ਜਿੰਨੀ ਚਾਹੀਦੀ ਹੈ | ਹੋ ਸੁਣਾ ,ਘਰ ਸਭ ਰਾਜੀ ਬਾਜੀ ਨੇ , ਆ ਬੈਠ ਜਾ ਘੜੀ  |“ ਮਾਂ ਨੇ ਕਹਿੰਦਿਆਂ ,ਲੱਤ ਨਾਲ ਮੰਜੀ, ਜੋ ਚੌੰਕੇ ਕੋਲ ਪਈ ਸੀ ਅੱਗੇ ਸਰਕਾ ਦਿਤੀ |
“ਨਹੀਂ ਮਾਸੀ , ਫਿਰ ਆ ਕੇ  ਬੈੱਠਾਂ ਗੀ , ਹਫਤਾ ਹੋ ਗਿਆ ਤੀਲਾਂ ਵਾਲੀ ਡੱਬੀ ਨੂੰ ਖਤਮ ਹੋਇਆਂ , ਬਥੇਰੀ ਵਾਰੀ ਇਹਨਾਂ ਨੂੰ ਕਹਿ ਹਾਰੀ ਹਾਂ ,ਇਹ ਪਈ ਆਉਂਦੀ ਏ |ਤੁਹਾਡੇ ਘਰੋਂ ਜਦੋਂ ਵੀ ਅੱਗ ਲੈ ਜਾਂਦੀ ਹਾਂ , ਸਚ ਜਾਣੀ ਮਾਸੀ , ਦਾਲ –ਰੋਟੀ  ਬੜੀ ਹੀ ਸਵਾਦ ਬਣਦੀ ਏ | ਤੁਹਾਡੇ ਚੌੰਕੇ ਦੀ ਅੱਗ ਵਿੱਚ ਬੜੀ ਬਰਕਤ ਏ |” ਮਿੰਦੋ ਨੇ ਬੜੇ ਪਿਆਰ ਨਾਲ ਕਿਹਾ |
“ਨੀਂ ਕਿਉਂ ਮਾਸੀ ਦੀਆਂ ਸਿਫਤਾਂ  ਕਰਣੀ ਏਂ ,ਅੱਗ ਤਾਂ ਅੱਗ ਹੀ ਹੁੰਦੀ ਏ ,ਮੈਂ ਕਿਹੜਾ ਉਸ ਵਿੱਚ ਕੋਈ ਗੁੜ ਘੋਲ ਕੇ ਰਖਦੀ ਹਾਂ “, ਮਾਂ ਦਾ ਜਵਾਬ ਸੀ |
“ਨਹੀਂ ਮਾਸੀ ਇਹ ਗੱਲ ਨਹੀਂ ,ਮੈਂ ਜਦੋਂ ਵੀ ਕਿਸੇ ਦੂਜੇ ਘਰੋਂ ਅੱਗ ਲਈ ਏ , ਸਚ ਜਾਣੀ ਰੋੱਟੀ ਖਾਣ ਦਾ ਸਵਾਦ ਹੀ ਨਹੀਂ ਆਇਆ |”
“ਚੰਗਾ ਠੀਕ ਏ , ਤੂੰ ਗੱਲਾਂ ‘ਚ ਹਾਰਨ ਵਾਲੀ ਥੋੜੀ ਏਂ , ਆਪੇ ਲੈ ਲੈ ਅੱਗੇ ਹੋ ਕੇ |” ਮਾਂ ਨੇ ਉਸ ਨੂੰ ਅੱਗ ਲੈਣ ਲਈ ਕਿਹਾ |
ਮਿੰਦੋ ਨੇ ਚੁੱਲੇ ‘ਚੋਂ ਇੱਕ ਲਕੜ ਕਡ ਕੇ ਉਸਦਾ ਅਗਲਾ ਬਲਦਾ ਹੋਇਆ ਹਿੱਸਾ ਥੋੜਾ ਝਾੜ ਕੇ , ਪਾਥੀ ਤੇ ਰੱਖਿਆ , “ਚੰਗਾ ਮਾਸੀ ਫਿਰ ਆਵਾਂ ਗੀ ‘ਤੇ ਬੈੱਠਾਂ ਗੀ , ਅਜੇ ਤਾਂ ਮੈਂ ਦਾਲ ਵੀ ਚੁਣਨੀ ਏਂ , ਪਤਾ ਨਹੀਂ ਇਹ ਬਾਣੀਆਂ ਕਿਹੋ ਜਹੀ ਦਾਲ ਵੇਚਦੈ,ਸਾਰੀ ਰੋੜਾਂ ਨਾਲ ਭਰੀ ਹੁੰਦੀ ਏ |” ਕਹਿੰਦੀ ਹੋਈ ਮਿੰਦੋ ਬਾਹਰ ਨਿਕਲ ਗਈ |ਮਾਂ ਨੇ ਚੁੱਲੇ ਵਿੱਚ ਬਲਦੀ ਅੱਗ ਨੂੰ ਬੜੇ ਪਿਆਰ ਨਾਲ ਦੇਖਿਆ  ਅਤੇ ਹਾਂਡੀ ਵਿੱਚ ਕੜਛੀ ਮਾਰਨੀ ਸ਼ੁਰੂ ਕਰ ਦਿੱਤੀ |