ਕਦੋਂ ਜਦੋਂ (ਮਿੰਨੀ ਕਹਾਣੀ)

ਅਮਰੀਕ ਸਾਗੀ   

Cell: +91 98149 08118
Address: ਗੋਲਡਨ ਸਿਟੀ,ਸਰਹਿੰਦ,
ਫਤਿਹਗੜ੍ਹ ਸਾਹਿਬ India
ਅਮਰੀਕ ਸਾਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਜਾਰ ਵਿੱਚ ਸੜਕ ਤੇ ਬਹੁਤ ਭੀੜ।ਚੌਂਕ ਵਿੱਚ ਖੜਾ ਸਿਪਾਹੀ ਬਾਹਾਂ ਨਾਲ ਚਾਰੇ ਪਾਸਿਆਂ ਦੀ ਭੀੜ ਨੂੰ ਰੋਕਦਾ,ਵਾਰੋ ਵਾਰੀ ਤੋਰਦਾ।ਭੀੜ ਵਿੱਚੋਂ ਇੱਕ ਔਰਤ ਜਿਸ ਨਾਲ ਤਿੰਨ ਬੱਚੇ,ਇੱਕ ਕੁੱਛੜ ਚੁੱਕਿਆ ਇੱਕ ਦਮ ਸੜਕ ਪਾਰ ਕਰਦੀ ਟਰੱਕ ਹੇਠ ਆਊਣ ਲੱਗੀ ਪਰੰਤੂ ਡਰਾਇਵਰ ਨੇ ਫੁਰਤੀ ਨਾਲ ਬਰੇਕਾਂ ਮਾਰ ਕੇ ਕੰਟਰੋਲ ਕਰ ਲਿਆ।ਭੀੜ ਵਿੱਚੋਂ ਕਈ ਅਵਾਜਾਂ ਹਵਾ ਵਿੱਚ ਗੂੰਜਣ ਲੱਗੀਆਂ,

              "ਏ—ਏ—ਬਚ ਗਈ।ਥੋੜੀ ਦੇਰ ਰੁਕ ਨਹੀਂ ਹੋਇਆ,ਆਪ ਤਾਂ ਮਰੇਂਗੀ ਬੱਚਿਆਂ ਨੂੰ ਵੀ ਮਰਵਾਏਂਗੀ।ਇਨਾਂ ਅਨਪੜਾਂ ਨੂੰ ਕੀ ਪਤਾ ਕਿ ਕਿਵੇਂ ਸੜਕ ਪਾਰ ਕਰੀਦੀ ਏ।ਫਿਰ ਕਹਿਣਗੇ ਟਰੱਕ ਵਾਲੇ ਦਾ ਕਸੂਰ ਏ।"

              ਕੋਈ ਕੁਝ ਕਹਿੰਦਾ ਕੋਈ ਕੁਝ।ਮੈਂ ਤੁਰਦਾ ਹੋਇਆ ਸੋਚ ਰਿਹਾ ਸਾਂ ਕਿ,ਕਦੋਂ ਖਤਮ ਹੋਵੇਗੀ ਸਾਡੇ ਦੇਸ ਦੀ ਅਨਪੜ੍ਹਤਾ ?ਕਦੋਂ ਘਟੇਗੀ  ਜਨਸੰਖਿਆ ? ਕਦੋਂ ਸਮਝਣਗੇ ਸਾਡੇ ਦੇਸ ਦੇ ਲੋਕ ਕਿ ਬੱਚਾ ਇੱਕ ਜਾਂ ਦੋ ਬੱਸ।ਭਾਰਤ ਦੇ ਲੋਕ ਕਦੇ ਇੰਨੇ ਸਮਝਦਾਰ ਹੋ ਜਾਣਗੇ ਜਦੋਂ ਇਹਨਾਂ ਨੂੰ ਟਰੈਫਿਕ ਦੇ ਸਿਪਾਹੀਆਂ ਦੀ ਲੋੜ ਨਹੀਂ ਪਵੇਗੀ।ਟਰੈਫਿਕ ਦੇ ਨਿਯਮਾਂ ਦਾ ਪਾਲਣ ਕਰਨਾ ਆਪਣਾ ਫਰਜ ਕਦੋਂ ਸਮਝਣਗੇ ?

       ਪਤਾ ਨਹੀਂ ਕਦੋਂ ਮੈਂ ਮੇਰੇ ਅੱਗੇ ਜਾ ਰਹੀ ਬੁੱਢੀ ਵਿੱਚ ਵੱਜਾ।ਉਹ ਮੈਂਨੂੰ ਆਖਣ ਲੱਗੀ,

    "ਵੇਖ ਕੇ ਚੱਲ ਪੁੱਤ, ਵਿੱਚ ਵੱਜੀ ਜਾਨੈਂ।"

ਪਰ ਮੈਂ ਅਜੇ ਵੀ ਕਦੋਂ,ਜਦੋਂ ਕਦੋਂ ਦੇ ਚੱਕਰਾਂ ਵਿੱਚ ਸੀ।ਮੈਂ ਉਸ ਨੂੰ ਵੀ ਬਿਨਾ ਸੋਚੇ ਸਮਝੇ ਆਖ ਦਿੱਤਾ,

     " ਹ—ਹੈਂ—ਕਦੋਂ—ਜੀ  ?"

" ਹੁਣੇ।" ਬੁੱਢੀ ਔਰਤ ਨੇ ਉੱਤਰ ਦਿੱਤਾ।

           ਪਰ ਬੁੱਢੀ ਔਰਤ ਦਾ ਉੱਤਰ ਮੈਨੂੰ ਬਿੱਲਕੁਲ ਵੀ ਤਸੱਲੀਬਖਸ਼ ਨਾ ਲੱਗਾ।ਕਿਊਂ ਕਿ ਮੈਂਨੂੰ ਅਜੇ ਵੀ ਅਨਪੜ੍ਹ ਦਿਖ ਰਹੇ ਸਨ।ਅਜੇ ਵੀ ਲੋਕੀ ਟਰੇਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।ਚੌਂਕ ਵਿੱਚ ਖੜਾ ਸਿਪਾਹੀ ਅਜੇ ਵੀ ਬਾਹਾਂ ਨਾਲ ਇਸ਼ਾਰੇ ਕਰ ਰਿਹਾ ਸੀ।