ਵਿਚਾਰ ਮੰਚ 'ਚ ਚੱਲਿਆ ਰਚਨਾਵਾਂ ਦਾ ਦੌਰ (ਖ਼ਬਰਸਾਰ)


ਲੁਧਿਆਣਾ  --  ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਪ੍ਰੋ: ਸੰਤੋਖ ਸਿੰਘ ਔਜਲਾ ਅਤੇ ਤ੍ਰੈਲੋਚਨ ਲੋਚੀ ਨੇ ਸ਼ਿਰਕਤ ਕੀਤੀ। 
ਡਾ. ਪੰਧੇਰ ਨੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਚੰਡੀਗੜ੍ਹ ਵਿਚ 'ਰਾਸ਼ਟਰਵਾਦ ਅਤੇ ਸਭਿਆਚਾਰਕ ਸੰਵਾਦ' ਸਮੇਤ ਮਾਂ-ਬੋਲੀ ਵਾਸਤੇ ਚੰਡੀਗੜ੍ਹ ਵਿਚ ਗਵਰਨਰ ਦੇ ਘਿਰਾਓ ਕਰਨ ਵਿਚ ਗਿਣਤੀ ਪੱਖੋਂ ਅਤੇ ਮਾਇਕ ਪੱਖੋਂ ਸਹਾਇਤਾ ਕਰਨ ਦੀ ਸਲਾਘਾ ਕੀਤੀ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਹਵਾਲੇ ਨਾਲ ਧਰਮ ਦੇ ਨਾਂ 'ਤੇ ਕਰਮਕਾਂਡੀ ਅਧਾਰਮਿਕਤਾ ਫੈਲਾਏ ਜਾਣ ਦਾ ਖੰਡਨ ਕਰਦਿਆਂ ਇਸ ਦੇ ਵੱਧ ਰਹੇ ਖਤਰਿਆਂ ਤੋਂ ਸੁਚੇਤ ਕੀਤਾ। 
ਪ੍ਰੋ: ਔਜਲਾ ਨੇ ਕਿਹਾ ਕਿ ਬੱਚਿਆਂ ਨੂੰ ਨਾ ਪਜਾਬੀ, ਹਿੰਦੀ ਅਤੇ ਨਾ ਅੰਗਰੇਜ਼ੀ ਆਉਂਦੀ ਹੈ, ਜਿਸ ਦੇ ਕਾਰਣ ਬੱਚੇ ਉਲਝ ਜਾਂਦੇ ਹਨ, ਟਿਉਸ਼ਨ ਪੜ੍ਹਨ ਲਈ ਮਜ਼ਬੂਰ ਹੋ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਾਤ ਭਾਸ਼ਾ ਵਿਚ ਜੋ ਸਮਝ ਆਉਂਦੀ ਹੈ, ਉਹ ਹੋਰ ਭਾਸ਼ਾ ਵਿਚ ਨਹੀਂ, ਇਸ ਕਰਕੇ ਸਿੱਖਿਆ ਖੇਤਰ 'ਚ ਇਨਕਲਾਬ ਟੀਵੀ ਸਕੂਲ ਸ਼ੁਰੂ ਕੀਤਾ ਹੈ, ਜਿਸ ਦੀ ਫ਼ੀਸ ਨਾ ਮਾਤਰ ਹੈ।
   
ਰਚਨਾਵਾਂ ਦੇ ਦੌਰ ਵਿਚ ਤ੍ਰੈਲੋਚਨ ਲੋਚੀ ਨੇ ਕਵਿਤਾ 'ਗੁਰੂ ਨਾਨਕ ਦੇ ਖੇਤਾਂ ਦੀ ਮਿੱਟੀ ਅੰਦਰ ਫੇਰਾ ਪਾ ਨਹੀਂ ਸਕਦੀ', ਜਸਪ੍ਰੀਤ ਕੌਰ ਨੇ ਜ਼ਿੰਦਗੀ ਦਾ ਸਫ਼ਰ, ਦਲੀਪ ਅਵਧ ਨੇ 'ਪੇ ਕਮਿਸ਼ਨ' 'ਤੇ ਵਿਅੰਗ ਕੱਸਿਆ, ਬ੍ਰਿਸ਼ਭਾਨ ਘਲੋਟੀ ਨੇ ਕਵਿਤਾ 'ਲੋਕੋ', ਵਿਸ਼ਵ ਮਿੱਤਰ ਭੰਡਾਰੀ ਨੇ 'ਦੋਸ਼ੀ ਯੁਵਕ', ਦਲਵੀਰ ਸਿੰਘ ਲੁਧਿਆਣਵੀ ਨੇ ਵਿੱਦਿਆ ਦਿਵਾਦੇ ਬਾਬਲਾ ਮੈਨੂੰ ਦਈਂ ਨਾ ਦਾਜ ਵਿਚ ਗਹਿਣੇ', ਡਾ. ਬਲਵਿੰਦਰ ਅਲਖ ਗਲੈਕਸੀ ਨੇ 'ਬੜਾ ਮੁਸ਼ਕਲ ਹੈ', ਰਾਵਿੰਦਰ ਰਵੀ ਨੇ ਗ਼ਜ਼ਲ 'ਤੇਰਾ ਰੁਸਨਾ ਕਮਾਲ, ਮੇਰੇ ਉਹੀ ਨੇ ਸਵਾਲ', ਅਮਰਜੀਤ ਸ਼ੇਰਪੁਰੀ ਨੇ 'ਅੱਖਰਾਂ ਨਾਲ ਪਿਆਰ ਨੂੰ ਸਜਾ ਦਿਆ ਕਰੋ', ਭਪਿੰਦਰ ਸਿੰਘ ਧਾਲੀਵਾਲ ਨੇ 'ਸਾਹਿਤ ਦੀ ਸਾਰਥਿਕਤਾ' 'ਤੇ ਪਰਚਾ ਪੜ੍ਹਿਆ, ਮੈਡਮ ਸੁਖਚਰਨਜੀਤ ਗਿੱਲ ਨੇ ਕਵਿਤਾ 'ਅਣਚਾਹੀ ਧੀ', ਕੁਲਵਿੰਦਰ ਕਿਰਨ ਨੇ ਗ਼ਜ਼ਲ 'ਆਥਣ ਦੀ ਦਹਿਲੀਜ਼ 'ਤੇ ਦੀਵਾ ਧਰਿਆ ਕਰ', ਸੁਖਪ੍ਰੀਤ ਕੌਰ ਨੇ ਕਵਿਤਾ 'ਜ਼ਿੰਦਗੀ ਦੇ ਤਜ਼ਰਬੇ',   ਇੰਦਰਜੀਤਪਾਲ ਕੌਰ ਨੇ ਕਹਾਣੀ 'ਜੁਹੂ ਬੀਚ', ਹਾਸ-ਰਸ ਸ਼ਾਇਰ ਡੀ ਐਸ ਰਾਏ ਨੇ ਦੋ-ਤਿੰਨ ਤੋਟਕਿਆਂ ਦੇ ਇਲਾਵਾ ਪਰਮਜੀਤ ਮਹਿਕ, ਪੰਜਾਬੀ ਹੈਰੀਟੇਜ਼ ਫਾਉਨਡੇਸ਼ਨ ਦੇ ਪ੍ਰਧਾਨ ਡਾ ਸੁਰਿੰਦਰ ਕੰਵਲ, ਮੋਹਣ ਸ਼ਾਹਕੋਟ, ਬਲਕੌਰ ਸਿੰਘ ਗਿੱਲ, ਰੈਕਟਰ ਕੈਥੂਰੀਆ, ਯੂ. ਕੇ. ਤੋਂ ਦਲਬੀਰ ਕੌਰ, ਬੁੱਧ ਸਿੰਘ ਨੀਲੋ,  ਗੁਰਦੀਪ ਸਿੰਘ ਆਦਿ ਨੇ ਕਵਿਤਾਵਾਂ ਤੇ ਵਿਚਾਰਾਂ ਨਾਲ ਨਾਲ ਖ਼ੂਬ ਰੰਗ ਬੰਨਿਆ। ਇਸ ਮੌਕੇ 'ਤੇ ਉਸਾਰੂ ਸੁਝਾ ਵੀ ਦਿੱਤੇ ਗਏ।