ਹਿੰਦੂ ਪਾਣੀ - ਮੁਸਲਿਮ ਪਾਣੀ (ਮਿੰਨੀ ਕਹਾਣੀ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਡੀ ਨਾਰੋਵਾਲ ਸਟੇਸ਼ਨ ‘ਤੇ ਦਸ,ਪੰਦਰਾਂ  ਮਿੰਟ ਲਈ ਰੁੱਕੀ ਸੀ , ਉਹ ਮਾਂ ਪੁਤਰ ਸਿਆਲਕੋਟ ਤੋਂ ਗੱਡੀ ਵਿੱਚ ਬੈਠੇ ਸਨ ਅਤੇ ਡੇਰਾ ਬਾਬਾ ਨਾਨਕ ਦੇ ਰਸਤੇ ਅੰਮ੍ਰਿਤਸਰ , ਹਰਿਮੰਦਿਰ ਸਾਹਿਬ ਦੇ ਦਰਸ਼ਨ ਕਰਣ ਜਾ ਰਹੇ ਸਨ | ਗਰਮੀ  ਬੜੀ ਸੀ ਅਤੇ  ਮੁੰਡੇ ਨੂੰ ਤ੍ਰੇਹ ਲਗੀ ਸੀ |  “ ਮਾਂ ਤ੍ਰੇਹ ਬੜੀ ਲੱਗੀ ਏ ,ਮੈਂ ਝਟ ਪਲੇਟਫਾਰਮ ਤੋਂ ਪਾਣੀ ਪੀ ਆਵਾਂ ,” ਮੁੰਡੇ ਨੇੰ ਮਾਂ ਤੋਂ  ਪੁਛਿਆ |   “ਜਾ ਪੀ ਆ , ਪਰ ਜਲਦੀ ਕਰ ,ਕਿਤੇ ਗੱਡੀ ਚਲ ਨਾਂ ਪਵੇ , ਇਹ ਗਲਾਸ ਵੀ ਲੈ ਜਾ , ਮੇਰੇ ਲਈ ਵੀ ਲਈੰ ਆਵੀਂ ,”    ਮਾਂ ਨੇ ਮੁੰਡੇ ਨੂੰ ਝੋਲੇ ਵਿੱਚੋਂ ਗਲਾਸ ਕਡ ਕੇ ਫੜਾਉਂਦੇ ਇੱਕ ਹੋਰ  ਹਦਾਇਤ ਦਿਤੀ ,  ” ਪੁਤਰ ਖਿਆਲ ਰੱਖੀਂ ,ਸਿਰਫ ਹਿੰਦੂ- ਪਾਣੀ ਹੀ ਪੀਵੀਂ ‘ਤੇ ਮੇਰੇ ਲਈ ਉਹੀ  ਲਿਵਾਈੰ, ਉੱਥੇ ਮੁਸਲਮਾਨਾਂ ਦਾ ਪਾਣੀ ਵੀ ਅਲਗ ਪਿਆ ਹੁੰਦਾ ਏ , ਉਹ ਨਹੀਂ ਪੀਣਾ “ |
ਮੁੰਡਾ “ਠੀਕ ਏ “, ਕਹਿ ਕੇ ਗੱਡੀ ਤੋਂ ਉਤਰ ਗਿਆ ਅਤੇ ਪਲੇਟਫਾਰਮ ਦੇ  ਇੱਕ ਪਾਸੇ ਇਕ ਦਰਖਤ ਦੀ ਛਾਂ ਥੱਲੇ ਦੋ ਦੋ ਕਰ ਕੇ ਚਾਰ ਘੜੇ ਪਏ ਸਨ | ਚਾਰਾਂ ਘੜਿਆਂ ‘ਤੇ ਉਰਦੂ ਵਿੱਚ ਕੁਝ ਲਿਖਿਆ ਸੀ  ਅਤੇ ਮੁੰਡੇ ਨੂੰ  ਉਰਦੂ ਪੜਣਾ ਆਉਂਦਾ ਨਹੀਂ ਸੀ  ਬਸ ਗੁਰੂ –ਦਵਾਰੇ ਦੇ ਭਾਈ ਕੋਲੋਂ ਗੁਰੂਮੁਖੀ ਪੜਣ ਜਾਂਦਾ ਸੀ | ਮਾਂ ਪੁਤਰ ਸਿਆਲਕੋਟ ਦੇ ਨੇੜੇ ਇੱਕ ਪਿੰਡ ਦੇ ਵਸਨੀਕ ਸਨ |
ਮੁੰਡਾ ਘੜਿਆਂ ਕੋਲ ਜਾ ਖਲੋਤਾ  ਅਤੇ ਪਰੇਸ਼ਾਨੀ ਵਿੱਚ ਉਹਨਾਂ ਵੱਲ ਝਾਕ ਰਿਹਾ ਸੀ ਕਿ  ਕੀ ਕਰਾਂ ,ਕਿਹੜੇ ਘੜਿਆਂ ‘ਚੋਂ ਪਾਣੀ ਪੀਵਾਂ | ਨੇੜੇ ਹੀ ਦਰਖਤ ਦੀ ਛਾਵੇਂ ਬੈਂਚ ‘ਤੇ ਇੱਕ ਬਜੁਰਗ ਬੈਠਾ ਸੀ , ਸ਼ਕਲ ਅਤੇ ਪਹਿਰਾਵੇ ਤੋਂ ਮੁਸਲਮਾਨ ਲਗਦਾ ਸੀ ,ਮੁੰਡੇ ਦੀ ਪਰੇਸ਼ਾਨੀ ਨੂੰ ਸਮਝ ਗਿਆ , “ਹਾਂ ਬਈ ਕਾਕਾ ਪਾਣੀ ਪੀਣਾ ਏਂ |” 
“ਹਾਂ ਜੀ ਪੀਣਾ ਏਂ , ਤ੍ਰੇਹ ਬੜੀ ਲੱਗੀ ਏ , ਪਰ ਪਤਾ ਨਹੀਂ ਲਗ ਰਿਹਾ ਕਿਹੜੇ ਘੜਿਆਂ ‘ਚੋਂ ਪੀਵਾਂ ,” ਮੁੰਡੇ ਨੇ ਪਰੇਸ਼ਾਨੀ ਵਿੱਚ ਜਵਾਬ ਦਿੱਤਾ |
“ਹਾਂ ਪਹਿਲੇ ਇਹ ਦਸ ਤੂੰ ਮੁਸਲਮਾਨ ਏਂ ਜਾਂ ਹਿੰਦੂ , ਜੇ ਹਿੰਦੂ ਏਂ ਸੱਜੇ ਹਥ ਦੋਵੇਂ ਘੜਿਆਂ ਤੋਂ ਪੀ ਲੈ , ਅਗਰ ਮੁਸਲਮਾਨ ਏਂ ਤਾਂ ਖੱਬੇ ਹਥ ਦੋਵੇਂ ਘੜਿਆਂ ਦਾ ਪਾਣੀ  ਤੇਰੇ ਲਈ  ਠੀਕ ਏ ,” ਬਜ਼ੁਰਗ ਨੇ ਸਮਝਾਇਆ |
ਮੁੰਡੇ ਨੇ ਸੱਜੇ  ਹਥ ਦੇ ਇੱਕ ਘੜੇ ਤੋਂ ਚਪਣੀ ਲਾਈ ਅਤੇ ਘੜੇ ਉੱਤੇ ਪਏ  ਇਕ ਮਿੱਟੀ ਦੇ ਕੁੱਜੇ  ਨਾਲ ਪਾਣੀ ਲਿਆ  , ਬੁੱਕ ਨਾਲ  ਖੁਦ ਰਜ ਕੇ ਪੀਤਾ ਅਤੇ ਨਾਲ ਲਿਆਂਦੇ  ਗਲਾਸ ਨੂੰ ਵੀ ਭਰ ਲਿਆ |
ਪਾਣੀ ਪੀਣ ਤੋਂ ਬਾਅਦ ,ਮੁੰਡੇ ਨੇ  ਭੋਲੇਪਣ ਵਿਚ ਬਜ਼ੁਰਗ ਤੋਂ  ਪੁਛ ਹੀ ਲਿਆ ,”ਚਚਾ , ਇਹਨਾਂ ਦੋਵੇਂ ਪਾਣੀਆ ਵਿਚ ਕੀ ਫ਼ਰਕ ਏ |”
ਬਜ਼ੁਰਗ ਨੇ ਜਵਾਬ ਦਿੱਤਾ  ,” ਕੋਈ ਫ਼ਰਕ ਨਹੀਂ ,ਪਾਣੀ ਤੇ ਪਾਣੀ ਹੀ ਹੁੰਦਾ ਹੈ , ਉਹ ਸਾਹਮਣੇ ਪਲੇਟਫਾਰਮ ਦੇ ਦੂਜੇ ਪਾਸੇ ਖੂਹ ਦੇਖ ਰਿਹਾਂ , ਇਹ ਚਾਰੇ ਘੜਿਆਂ ਵਿੱਚ ਉਸੇ ਖੂਹ ਦਾ ਪਾਣੀ ਏਂ ,ਬਸ  ਮੁਸਲਮਾਨਾ ਲਈ ਘੜਿਆਂ ਵਿੱਚ ਪਾਣੀ ਮਸ਼ਕ ਨਾਲ ਭਰਿਆ ਏ , ਜੋ ਮਰੇ ਕੱਟੇ ਦੀ ਖਲ ਤੋਂ ਬਨਾਏ ਚਮੜੇ  ਨੂੰ ਸਿਉਂ ਕੇ ਬਣਦੀ ਏ  ਅਤੇ  ਹਿੰਦੂਆਂ  ਦੇ ਘੜੇ ਬਾਲਟੀ ਨਾਲ ਪਾਣੀ ਲਿਆ ਕੇ   ਭਰੇ ਨੇੰ |”
ਗੱਡੀ ਨੇ ਚਲਣ ਲਈ ਸਿਟੀ ਮਾਰੀ  ਅਤੇ ਮੁੰਡਾ ਮਾਂ ਲਈ ਪਾਣੀ ਲੈ ਆਪਣੇ ਡੱਬੇ ਜਾ ਚੜਿਆ , ਹੁਣ ਉਸਨੂੰ ਹਿੰਦੂ- ਪਾਣੀ ਅਤੇ ਮੁਸਲਮਾਨ –ਪਾਣੀ ਦਾ  ਫ਼ਰਕ ਕੁਝ ਕੁਝ ਸਮਝ ਆ ਗਿਆ ਸੀ |