ਪੁਲ਼ ਦੇ ਹੇਠਾਂ (ਕਹਾਣੀ)

ਜਸਬੀਰ ਮਾਨ   

Email: jasbirmann@live.com
Address:
ਸਰੀ British Columbia Canada
ਜਸਬੀਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੈਨੇਫਰ ਮੇਰੇ ਗੁਆਂਢ ਵਿਚ ਕਈ ਸਾਲਾਂ ਤੋਂ ਰਹਿੰਦੀ ਹੈ।ਮੇਰੇ ਘਰ ਤੋਂ ਚਾਰ ਕੁ ਘਰ ਛੱਡ ਕੇ ਉਹਦਾ ਘਰ ਹੈ।ਉਹਦਾ ਰੈਂਚਰ ਘਰ ਮੈਨੂੰ ਬਾਹਰੋਂ ਇਕ ਹਟੜੀ ਵਾਂਗ ਜਾਪਦਾ ਹੈ।ਹਰਾ ਕਚੂਰ ਘਾਹ ਅਤੇ ਗਰਮੀਆਂ ਦੇ ਮੌਸਮ ਵਿਚ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਿਆ ਹੋਇਆ ਆਲਾ-ਦੁਆਲਾ ਮੈਨੂੰ ਇਕ ਬਾਗ ਵਾਂਗ ਪ੍ਰਤੀਤ ਹੁੰਦਾ ਹੈ । ਸਰਦੀਆਂ ਵਿਚ ਲਾਈਆਂ ਹੋਈਆਂ ਰੰਗ-ਬਰੰਗੀਆਂ ਲਾਈਟਾਂ ਮੇਰੇ ਮਨ ਨੂੰ ਇਕ ਅਜੀਬ ਜਿਹੀ ਖਿੱਚ ਪਾਉਂਦੀਆਂ ਹਨ।ਕੋਲੋਂ ਲੰਘਦੀ ਹੋਈ ਤੋਂ ਮੇਰੇ ਕੋਲੋਂ ਜੈਨੇਫਰ ਦੀ ਤਾਰੀਫ ਕਰਨ ਤੋਂ ਬਗੈਰ ਰਿਹਾ ਨਾਂ ਜਾਂਦਾ।
ਜੈਨੇਫਰ ਸੱਚਮੁੱਚ ਹੀ ਤਾਰੀਫ ਦੇ ਕਾਬਿਲ ਹੈ।ਨਹੀਂ ਭਲਾ ਏਨੀ ਉਮਰ ਵਿਚ ਕੌਣ ਰੱਖ ਸਕਦਾ ਹੈ ਇਸ ਤਰਾਂ੍ਹ ਇੰਨਾਂ ਸਾਫ -ਸੁਥਰਾ ਘਰ। ਅੱਸੀ ਕੁ ਦੇ ਨੇੜੇ-ਤੇੜੇ ਹੀ ਹੋਵੇਗੀ ਜੈਨੇਫਰ।ਗੋਰੀ-ਚਿੱਟੀ,ਉੱਚੀ -ਲੰਮੀ,ਪਤਲੀ ਅਤੇ ਘੁੰਗਰਾਲੇ ਹਲਕੇ ਭੂਰੇ ਵਾਲ਼।ਗਰਮੀਆਂ ਵਿਚ ਜਦੋਂ ਵੀ ਉਸ ਦੇ ਘਰ ਦੇ ਕੋਲ਼ ਦੀ ਲੰਘੋ ਉਹ ਕੁਝ ਨਾ ਕੁਝ ਕਰਦੀ ਹੁੰਦੀ।ਸਰਦੀਆਂ ਵਿਚ ਕਦੇ-ਕਦੇ ਉਹ ਧੁੱਪੇ ਬੈਠ ਮੁੱਖ ਦਰਵਾਜ਼ੇ ਕੋਲ਼ ਪਈ ਕੁਰਸੀ ਤੇ ਬੈਠੀ ਕੋਈ ਕਿਤਾਬ ਪੜ੍ਹਦੀ ਹੁੰਦੀ।
ਉਹਦੀ ਹਰ ਇਕ ਅਦਾ ਮੇਰੇ ਦਿਲ ਨੂੰ ਟੁੰਬਦੀ ।ਕਈ ਵਾਰੀ ਮੈਂ ਸੈਰ ਕਰਨ ਜਾਂਦੀ-ਜਾਂਦੀ ਉਹਦੇ ਕੋਲ਼ ਖੜ੍ਹ ਜਾਂਦੀ।ਉਹਦੀਆਂ ਗੱਲਾਂ,ਉਹਦੀ ਮੁਸਕਰਾਹਟ,ਉਹਦੀ ਗਲਵੱਕੜੀ ਮੈਨੂੰ ਉਹਦੀ ਆਪਣੀ ਬਣਾ ਛੱਡਦੀ।ਉਹ ਮੈਨੂੰ ਆਪਣੀ ਪ੍ਰੇਰਨਾ ਸਰੋਤ ਜਾਪਦੀ।ਉਹਦੇ ਦਰਸ਼ਨ ਕੀਤਿਆਂ ਬਗੈਰ ਮੈਨੂੰ ਸਬਰ ਨਾਂ ਆਉਂਦਾ।
ਪਿਛਲੇ ਕਈ ਦਿਨਾਂ ਤੋਂ ਜੈਨੇਫਰ ਮੈਨੂੰ ਦਿਖਾਈ ਨਾ ਦਿੱਤੀ।ਉਹਦੇ ਘਰ ਅੱਗੋਂ ਦੀ ਲੰਘਦੀ ਹੋਈ ਮੈਂ ਆਸਾ-ਪਾਸਾ ਵੇਖਦੀ ਕਿ ਸ਼ਾਇਦ ਕਿਤੇ ਉਹ ਮੈਨੂੰ ਦਿਖਾਈ ਦੇ ਦੇਵੇ।ਪਰ ਉਹ ਮੈਨੂੰ ਕਿਧਰੇ ਨਜ਼ਰ ਨਾ ਆਉਂਦੀ।ਉਹਦਾ ਫੋਨ ਨੰਬਰ ਵੀ ਮੇਰੇ ਕੋਲ਼ ਨਹੀਂ ਸੀ ਤਾਂ ਕੇ ਉਹਦਾ ਹਾਲ-ਚਾਲ ਮੈਂ ਫੋਨ ਤੇ ਹੀ ਪੁੱਛ ਸਕਾਂ।ਮੈਨੂੰ ਉਹਦਾ ਫਿਕਰ ਹੋਣ ਲੱਗਾ।ਮੈਂ ਉਹਦਾ ਹਾਲ-ਚਾਲ ਜਾਨਣ ਲਈ ਉਤਸੁਕ ਹੋਣ ਲੱਗੀ।ਇਕ ਦਿਨ ਮੈਂ ਉਹਦੇ ਘਰ ਦਾ ਜਾ ਬੂਹਾ ਖੜਕਾਇਆ।
ਜੈਨੇਫਰ ਨੇ ਦਰਵਾਜ਼ਾ ਖੋਲਿਆ।
ਮੈਨੂੰ ਆਈ ਵੇਖ ਕੇ ਉਹ ਮੈਨੂੰ ਇਸ ਤਰ੍ਹਾਂ ਮਿਲੀ ਜਿਵੇਂ ਮਾਵਾਂ-ਧੀਆਂ ਸਾਲਾਂ ਤੋਂ ਵਿਛੜੀਆਂ ਮੁੜ ਮਿਲੀਆਂ ਹੋਣ।
ਸ਼ੁਕਰ ਹੈ ਰੱਬ ਦਾ ! ਜੈਨੇਫਰ,ਤੂੰ ਸਹੀ ਸਲਾਮਤ ਹੈਂ।ਮੈਨੂੰ ਤੇਰਾ ਬਹੁਤ ਫਿਕਰ ਹੋ ਰਿਹਾ ਸੀ।ਮੈਂ ਜੈਨੇਫਰ ਦਾ ਹੱਥ ਫੜ੍ਹ ਕੇ ਘੁੱਟਦੀ ਹੋਈ ਨੇ ਕਿਹਾ।
ਹਾਂ ਡੀਅਰ ,ਹੁਣ ਮੈਂ ਪੂਰੀ ਤਰਾਂ੍ਹ ਠੀਕ ਹਾਂ।ਉਸਨੇ ਜੁਆਬ ਦਿੱਤਾ
ਪੂਰੀ ਤਰਾਂ੍ਹ ਠੀਕ ਹੈਂ!
ਕੀ ਮਤਲਬ?
ਤੈਨੂੰ ਕੁਝ ਹੋ ਗਿਆ ਸੀ?
ਇਸ ਕਰਕੇ ਤੂੰ ਕਦੇ ਬਾਹਰ ਨਹੀਂ ਸੀ ਵੇਖੀ?
ਮੈਂ ਇਕੋ ਹੀ ਸਮੇਂ ਉਹਨੂੰ ਕਈ ਸੁਆਲ ਕੀਤੇ।
ਹਾਂ ਡੀਅਰ,ਮੇਰਾ ਚੂਲ਼ਾ ਟੁੱਟ ਗਿਆ ਸੀ।ਅਪ੍ਰੇਸ਼ਨ ਕਰਨਾਂ ਪਿਆ।ਦੋ ਹਫਤੇ ਹਸਪਤਾਲ਼ ਰਹੀ ।ਵੇਖ ਹੁਣ ਮੈਂ ਤੁਰ ਸਕਦੀ ਹਾਂ।ਦਰਦ ਵੀ ਨਹੀਂ ਹੁੰਦਾ ਹੁਣ।
ਐਕਸਰਸਾਈਜ਼ ਵੀ ਰੋਜ਼ ਕਰਦੀ ਹਾਂ।ਐਕਸਰਸਾਈਜ਼ ਵਾਲ਼ੀ ਮਸ਼ੀਨ ਉਹ ਮੈਨੂੰ ਦਿਖਾਉਂਦੀ ਹੋਈ ਆਖਣ ਲੱਗੀ,"ਇਹ ਮਸ਼ੀਨ ਮੇਰੇ ਮੁੰਡੇ ਨੇ ਆਨਲਾਈਨ ਆਡਰ ਕਰ ਕੇ ਮੈਨੂੰ ਮੰਗਵਾ ਕੇ ਦਿਤੀ ਹੈ।ਮੇਰੀ ਨੋਂਹ ਕੋਲ਼ ਵੀ ਇਸੇ ਤਰਾਂ੍ਹ ਦੀ ਹੀ ਮਸ਼ੀਨ ਸੀ ਜਦੋਂ ਉਸ ਨੇ ਮੈਨੂੰ ਆਪਣੀ ਮਸ਼ੀਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ"।
ਐਕਸਰਸਾਈਜ਼ ਵਾਲ਼ੀ ਮਸ਼ੀਨ ਵੇਖਣ ਤੋਂ ਬਾਅਦ ਉਹਨੇ ਮੈਨੂੰ ਕੋਲ਼ ਪਏ ਸੋਫੇ ਤੇ ਬੈਠਣ ਲਈ ਕਿਹਾ।ਮੈਂ ਸੋਫੇ ਤੇ ਬੈਠ ਗਈ ਤੇ ਜੈਨੇਫਰ ਸਾਹਮਣੇ ਪਈ ਅਰਾਮ ਕੁਰਸੀ ਉੱਪਰ।ਸੋਫੇ ਤੇ ਬੈਠੀ ਮੈਂ  ਜੈਨੇਫਰ ਦੇ ਘਰ ਨੂੰ ਵੇਖ ਰਹੀ ਸਾਂ ।ਘਰ ਵਿਚ ਘਰ ਦੇ ਸਮਾਨ ਨਾਲੋਂ ਕਿਤੇ ਵੱਧ ਪੌਦੇ ਸਨ।ਕਿਤਾਬਾਂ ਦੇ ਢੇਰ ਸਨ।ਥਾਂ-ਥਾਂ ਤੇ ਕਿਤਾਬਾਂ ਨਾਲ਼ ਭਰੀਆਂ ਸ਼ੈਲਫਾਂ ਸਨ।
"ਏਨੀਆਂ ਕਿਤਾਬਾਂ"! ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲਿਆ।
ਜੈਨੇਫਰ ਮੈਨੂੰ ਵੇਖ ਮੁਸਕਾਈ।
"ਹਾਂ,ਇਹ ਸਭ ਮੇਰੀਆਂ ਹੀ ਕਿਤਾਬਾਂ ਹਨ।ਮੈਂ ਇਹ ਸਾਰੀਆਂ ਹੀ ਪੜ੍ਹੀਆਂ ਹੋਈਆਂ ਹਨ"।ਜੈਨੇਫਰ ਨੇ ਮੇਰੇ ਵੱਲ ਤੱਕਦੀ ਹੋਈ ਨੇ ਕਿਹਾ।
ਅੱਛਾ ! "ਜੈਨੇਫਰ ਤੂੰ ਇਹ ਸਾਰੀਆਂ ਪੜ੍ਹੀਆਂ ਹੋਈਆਂ ਨੇ"।ਮੈਂ ਉਹਨੂੰ ਹੈਰਾਨੀ ਨਾਲ਼ ਪੁੱਛਿਆ
ਹਾਂ, "ਡੀਅਰ ਇਹ ਸਾਰੀਆਂ ਮੈਂ ਸੱਚਮੁੱਚ ਹੀ ਪੜ੍ਹੀਆਂ ਹੋਈਆਂ ਹਨ"।ਉਸਨੇ ਮੈਨੂੰ ਵਿਸ਼ਵਾਸ ਦਵਾਉਂਦੀ ਨੇ ਕਿਹਾ।
"ਤਾਂ-ਤਾਂ ਤੂੰ ਬਹੁਤ ਇਨਟੈਲੀਜੈਂਟ ਆਂ"
"ਨਹੀਂ ਬੇਵਕੂਫ ਆਖ ਡੀਅਰ"
"ਮੈਂ ਬਹੁਤ ਹੀ ਬੇਵਕੂਫ ਹਾਂ"
ਜੈਨੇਫਰ ਨੇ ਚਿਹਰੇ ਤੇ ਉਦਾਸੀ ਲਿਆਉਂਦੀ ਨੇ ਕਿਹਾ।
"ਕੀ ਗੱਲ ਜੈਨੇਫਰ?"
"ਕੋਈ ਗੱਲ ਹੋਈ ਹੈ ਤੇਰੇ ਨਾਲ"।ਮੈਂ ਗੰਭੀਰ ਹੁੰਦੀ ਨੇ ਉਸਨੂੰ ਪੁਛਿਆ।
"ਨਹੀਂ ਡੀਅਰ,ਫਿਰ ਗੱਲ ਕਰਾਂਗੇ ਕਦੇ"।ਉਹਨੇ ਆਪਣੀ ਐਨਕ ਲਾਹ ਆਪਣੀਆਂ ਸਲਾ੍ਹਬੀਆਂ ਅੱ੍ਹਖਾਂ ਸਾਫ ਕਰਦੀ ਹੋਈ ਨੇ ਕਿਹਾ।ਦੁੱਖ ਜੈਨੇਫਰ ਦੇ ਚਿਹਰੇ ਤੇ ਝਲਕਣ ਲੱਗਾ ਸੀ।
ਮੈਂ ਜੈਨੇਫਰ ਦੇ ਉਦਾਸ ਚਿਹਰੇ ਨੂੰ ਬੜੀ ਗੰਭੀਰਤਾ ਨਾਲ਼ ਤੱਕਣ ਲੱਗੀ।ਮੈਨੂੰ ਬਾਬਾ ਫਰੀਦ ਜੀ ਦਾ ਸਲੋਕ ਯਾਦ ਆਉਣ ਲੱਗਾ 
ਫਰੀਦਾ ,ਮੈਂ ਜਾਣਾ ਦੁੱਖ ਮੁਝ ਕੋ
ਦੁੱਖ ਸੁਬਾਇਆ ਜੱਗ
ਕੋਠੇ ਚੜ੍ਹ ਕੇ ਵੇਖਿਆ
ਘਰ-ਘਰ ਏਹੀ ਅੱਗ
ਜੈਨੇਫਰ ਦੀ ਉਦਾਸੀ ਨੇ ਮੈਨੂੰ ਸੱਚ-ਮੁੱਚ ਹੀ ਸੋਚਾਂ ਵਿਚ ਡੋਬ ਦਿੱਤਾ ਸੀ।ਅਚਾਨਕ ਜੈਨੇਫਰ ਦੀ ਬਿੱਲੀ ਮਿਆਂਉ-ਮਿਆਉਂ ਕਰਦੀ ਹੋਈ ਮੇਰੇ ਵਾਲ਼ੇ ਸੋਫੇ ਤੇ ਛਾਲ਼ ਮਾਰਨ ਲੱਗੀ।ਮੇਰੀ ਚੀਕ ਨਿਕਲ਼ ਗਈ।ਮੈਂ ਡਰ ਕੇ ਉੱਠ ਖਲੋਈ।ਮੈਨੂੰ ਡਰੀ ਹੋਈ ਨੂੰ ਵੇਖ ਜੈਨੇਫਰ ਵੀ ਉੱਠ ਖੜ੍ਹੀ ਹੋਈ।ਉਹ ਮੇਰੇ ਮੋਢੇ ਤੇ ਹੱਥ ਰੱਖ ਕਹਿਣ ਲੱਗੀ,
"ਡਰ ਨਾ ਡੀਅਰ"
"ਇਹ ਬਹੁਤ ਹੀ ਸਾਊ ਬਿੱਲੀ ਹੈ"।
ਮੇਰਾ ਹਾਸਾ ਨਿਕਲ਼ ਗਿਆ ਅਤੇ ਬਿੱਲੀ ਵੀ ਡਰ ਦੀ ਮਾਰੀ ਭੱਜ ਕੇ ਕਮਰੇ ਅੰਦਰ ਚਲੀ ਗਈ।
ਜੈਨੇਫਰ ਕੀ ਇਹ ਤੇਰੀ ਬਿੱਲੀ ਹੈ? ਮੈਂ ਹੱਸਦੀ ਹੋਈ ਨੇ ਉਹਨੂੰ ਪੁੱਛਿਆ।
"ਨਹੀਂ ਡੀਅਰ,ਇਹ ਮੇਰੀ ਬਿੱਲੀ ਨਹੀਂ"।ਉਸ ਨੇ ਦੱਸਿਆ
"ਇਹ ਮੇਰੇ ਪੁੱਤਰ ਦੀ ਸੱਸ ਇਲਮਾ ਦੀ ਬਿੱਲੀ ਹੈ।ਇਲਮਾ ਮੇਰੇ ਨੂੰਹ ਅਤੇ ਪੁੱਤਰ ਨਾਲ ਕਰੂਜ਼ ਤੇ ਗਈ ਹੋਈ ਹੈ ।ਮੈਂ ਉਸ ਦੀ ਬਿੱਲੀ ਦੀ ਦੇਖਭਾਲ਼ ਕਰ ਰਹੀ ਹਾਂ"।
ਮੈਂ ਜੈਨੇਫਰ ਦੀ ਗੱਲ ਸੁਣ ਹੈਰਾਨ ਹੋਈ ਕਿ ਇਹ ਆਪਣੀ ਕੁੜਮਣੀ ਦੀ ਬਿੱਲੀ ਦੀ ਦੇਖਭਾਲ਼ ਕਰ ਰਹੀ ਹੈ ਤੇ ਉਹ ਉਹਨਾਂ ਦੇ ਨਾਲ ਕਰੂਜ਼ ਤੇ ਗਈ ਹੋਈ ਹੈ।
"ਜੈਨੇਫਰ,ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਬਹੁਤ ਹੀ ਇਨਟੈਲੀਜੈਂਟ ਹੋ ।ਹੁਣ ਮੈਂ ਇਹ ਵੀ   ਕਹਾਂਗੀ ਕਿ ਤੁਸੀਂ ਇੱਕ ਨੇਕ ਦਿਲ ਇਨਸਾਨ ਵੀ ਹੋ।ਤੁਹਾਡੀ ਜਗ੍ਹਾ ਜੇਕਰ ਕੋਈ ਹੋਰ ਹੁੰਦਾ ਤਾਂ ਸ਼ਾਇਦ ਉਹ ਇੰਝ ਨਾ ਕਰ ਸਕਦਾ"।
"ਹਾਂ,ਮੇਰੀ ਧੀ ਨੈਨਸੀ ਵੀ ਇਹੋ ਹੈ ਆਖਦੀ ਹੈ।ਮਾਂ ਉਹ ਤੈਨੂੰ ਕਿਉਂ ਨਹੀਂ ਨਾਲ ਲੈ ਕੇ ਗਏ।ਇਲਮਾ ਨੂੰ ਕਿਉਂ ਲੈ ਕੇ ਗਏ ਹਨ"।
"ਪਰ ਡੀਅਰ ਮੈਨੂੰ ਲੱਗਦਾ ਕਿ ਇਲਮਾ ਨੂੰ ਹੀ ਨਾਲ ਜਾਣਾ ਚਾਹੀਦਾ ਸੀ।ਕਿਉਂਕਿ ਉਸ ਨੇ ਆਪਣਾ ਪਤੀ ਖੋਇਆ ਸੀ।ਪਿਛਲੇ ਮਹੀਨੇ ਉਸ ਦੇ ਪਤੀ ਦੀ ਮੌਤ ਹੋ ਗਈ ਸੀ।ਇਸ ਕਰਕੇ ਉਹ ਇਕੱਲਾਪਣ ਮਹਿਸੂਸ ਕਰ ਰਹੀ ਸੀ"।
"ਮੈਂ ਠੀਕ ਕੀਤਾ ਡੀਅਰ"।ਉਸ ਨੇ ਮੇਥੋਂ ਸ਼ਾਅਦੀ ਭਰਾਉਣੀ ਚਾਹੀ।
"ਹਾਂ ਬਿਲਕੁਲ"
"ਪਰ ਮੇਰੀ ਧੀ ਨੈਨਸੀ ਨਹੀਂ ਮੰਨਦੀ।ਉਹ ਬਹੁਤ ਗੁੱਸੇ ਹੁੰਦੀ ਹੈ।ਉਹ ਹਰ ਵਾਰ ਆਖਦੀ ਹੈ ਕਿ ਮੇਰੇ ਨੂੰਹ-ਪੁੱਤ ਮੈਨੂੰ ਪੁੱਛਦੇ ਨਹੀਂ ਹਨ।ਇਸੇ ਕਰਕੇ ਉਹ ਮੈਨੂੰ ਆਪਣੇ ਨਾਲ ਨਹੀਂ ਲੈ ਕੇ ਗe"ੇ।ਉਹ ਮੈਨੂੰ ਹਰ ਵਾਰ ਨਿਹੋਰਾ ਮਾਰਦੀ ਹੋਈ ਆਖਦੀ ਹੈ ,
"ਮਾਂ, ਯਾਦ ਕਰ ਉਹ ਸਮਾਂ ਜਦ ਤੂੰ ਉਹਨਾਂ ਨੂੰ ਪੈਸੇ ਦਿਆ ਕਰਦੀ ਸੀ।ਕਦੇ ਕਾਰ ਖ੍ਰੀਦਣ ਲਈ,ਕਦੇ ਘਰ ਰੈਨੋਵੇਟ ਕਰਨ ਲਈ ਅਤੇ ਕਦੇ ਫਰਨੀਚਰ ਖ੍ਰੀਦਣ ਲਈ।ਹੁਣ ਉਹ ਇਹ ਸਭ-ਕੁਝ ਭੁਲ ਗਏ ਹਨ ਇਸ ਕਰਕੇ ਉਹ ਤੈਨੂੰ ਹੁਣ ਪੁਛਦੇ ਨਹੀਂ ਹਨ"।ਜੈਨੇਫਰ ਇਹ ਕੁਝ ਮੈਨੂੰ ਉਦਾਸ ਹੋ ਕੇ ਦੱਸ ਰਹੀ ਸੀ।
"ਮੈਂ ਮੁੜ ਨੈਨਸੀ ਨੂੰ ਆਖਦੀ,ਪੈਸੇ ਤਾਂ ਮੈਂ ਤੈਨੂੰ ਵੀ ਵਧੇਰੇ ਦਿੱਤੇ ਹਨ।ਦਸ ਹਜ਼ਾਰ ਘਰ ਦੀ ਛੱਤ ਪਵਾਉਣ ਲਈ,ਵੀਹ ਹਜ਼ਾਰ ਕਿਚਨ ਲਵਾਉਣ ਲਈ ਅਤੇ ਪੰਜਾਹ ਹਜ਼ਾਰ ਵਕੀਲਾਂ ਨੂੰ ਦਿੱਤਾ"।
"ਵਕੀਲਾਂ ਨੂੰ ਦਿੱਤਾ ਜੈਨੇਫਰ ਉਹ ਕਾਹਦੇ ਲਈ"।ਮੈਂ ਜੈਨੇਫਰ ਦੀ ਗੱਲ ਨੂੰ ਵਿਚੋਂ ਹੀ ਟੋਕਦਿਆਂ ਹੋਇਆਂ ਪੁੱਛਿਆ।
"ਉਹ ਡੀਅਰ,ਉਹ ਡੀਅਰ" ।
ਉਹਨੇ ਇਕ ਲੰਮਾ ਹੌਂਕਾ ਲਿਆ ਤੇ ਮੈਨੂੰ ਆਖਣ ਲੱਗੀ ,"ਮੈਂ ਤੈਨੂੰ ਕਿਹਾ ਸੀ ਕਿ ਮੈਂ ਇਕ ਬਹੁਤ ਵੱਡੀ ਪੜੀ੍ਹ-ਲਿਖੀ ਬੇਵਕੂਫ ਹਾਂ ਇਸ ਕਰਕੇ"।
"ਮੈਂ ਸਮਝੀ ਨਹੀਂ ਜੈਨੇਫਰ"ਮੈਂ ਜੈਨੇਫਰ ਦੇ ਮੂੰਹ ਵੱਲ ਤੱਕਦੀ ਹੋਈ ਨੇ ਕਿਹਾ।
ਉਹ ਆਪਣਾ ਸੱਜਾ ਹੱਥ ਆਪਣੇ ਮੱਥੇ ਤੇ ਰੱਖ ਆਪਣੀ ਜ਼ਿੰਦਗੀ ਦਾ ਡੂੰਘਾ ਰਾਜ਼ ਦੱਸਣ ਲੱਗੀ।
"ਮੇਰਾ ਦੂਸਰਾ ਪਤੀ ਮੇਰੀ ਦੋਹਤੀ ਸ਼ੈਲੀ ਨਾਲ ਕੁਕਰਮ ਕਰਿਆ ਕਰਦਾ ਸੀ"।
ਹੈਂ!ਸੱਚਮੁੱਚ
ਹਾਂ,
"ਤੈਨੂੰ ਕਿੰਝ ਪਤਾ ਲੱਗਾ"?
"ਇਕ ਦਿਨ ਮੇਰੀ ਧੀ ਨੈਨਸੀ ਮੇਰੀ ਦੋਹਤੀ ਸ਼ੈਲੀ ਦੇ ਜਨਮ ਦਿਨ ਵਾਲੇ ਦਿਨ ਉਸ ਦੀ ਅਲਮਾਰੀ ਸਾਫ ਕਰ ਰਹੀ ਸੀ।ਉਸ ਵਿਚੋਂ ਉਸ ਨੂੰ ਸ਼ੈਲੀ ਦੁਆਰਾ ਲਿਖੀ ਇਕ ਚਿੱਠੀ ਮਿਲੀ ।ਜਿਸ ਵਿਚ ਲਿਖਿਆ ਹੋਇਆ ਸੀ ਕਿ ਨਾਨੂੰ ਮੇਰੇ ਨਾਲ ਕਈ ਸਾਲਾਂ ਤੋਂ ਮਾੜੇ ਕੰਮ ਕਰ ਰਿਹਾ ਹੈ।ਉਸ ਨੇ ਮੈਨੂੰ ਆਪਣਾ ਮੂੰਹ ਬੰਦ ਕਰਨ ਲਈ ਕਿਹਾ ਹੈ ਨਹੀਂ ਤਾਂ ਉਹ ਮੈਨੂੰ  ਅਤੇ ਤੁਹਾਨੂੰ ਸਾਰਿਆਂ ਨੂੰ ਜਾਨੋਂ ਮਾਰ ਦੇਵੇਗਾ"।
"ਚਿੱਠੀ ਪੜ੍ਹਦਿਆਂ ਸਾਰ ਹੀ ਨੈਨਸੀ ਬੇਹੋਸ਼ ਹੋ ਗਈ।ਹੋਸ਼ ਆਉਣ ਤੇ ਉਸਨੇ ਇਹ ਸਾਰੀ ਗੱਲ ਆਪਣੇ ਪਤੀ ਰੌਨ ਨੂੰ ਦੱਸੀ।ਉਸ ਸਮੇਂ ਸ਼ੈਲੀ ਘਰ ਨਹੀਂ ਸੀ।ਰੌਨ ਤੇ ਨੈਨਸੀ ਸ਼ੈਲੀ ਨੂੰ ਬੇਸਬਰੀ ਨਾਲ਼ ਉਡੀਕਣ ਲੱਗੇ।ਸ਼ੈਲੀ ਦੇ ਘਰ ਪਹੁੰਚਣ ਤੇ ਰੌਨ ਨੇ ਝੱਟ ਮੈਨੂੰ ਫੋਨ ਕਰ ਲਿਆ ਅਤੇ ਉਹ ਤਿੰਨੇ ਜਾਣੇ ਮੇਰੇ ਘਰ ਆ ਗਏ"।
"ਨੈਨਸੀ ਨੇ ਸਾਰੀ ਗੱਲ ਮੈਨੂੰ ਸ਼ੈਲੀ ਦੇ ਸਾਹਮਣੇ ਸਾਫ-ਸਾਫ ਦੱਸੀ"।ਉਸਨੇ ਮੈਨੂੰ ਉਹ ਚਿੱਠੀ ਦਿਖਾਉਂਦਿਆਂ ਕਿਹਾ,
ਮਾਂ,
" ਸ਼ੈਲੀ ਦੀ ਅਲਮਾਰੀ ਵਿਚੋਂ ਮੈਨੂੰ ਇਹ ਚਿੱਠੀ ਮਿਲ਼ੀ ਹੈ।ਜਿਸ ਵਿਚ ਲਿਖਿਆ ਹੋਇਆ ਹੈ ਕਿ ਨਾਨੂੰ ਮੇਰੇ ਨਾਲ ਕਈ ਸਾਲਾਂ ਤੋਂ ਗਲ਼ਤ ਕੰਮ ਕਰ ਰਿਹਾ ਹੈ।ਉਸ ਨੇ ਮੈਨੂੰ ਇਹ ਧਮਕੀ ਵੀ ਦਿੱਤੀ ਹੋਈ ਹੈ ਕਿ ਜੇਕਰ ਇਸ ਗੱਲ ਦਾ ਕਿਸੇ ਹੋਰ ਨੂੰ ਪਤਾ ਚੱਲਿਆ ਤਾਂ ਉਹ ਉਸਨੂੰ ਅਤੇ ਉਸਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ"।
"ਨੈਨਸੀ ਦੇ ਮੂੰਹੋਂ ਏਡੀ ਵੱਡੀ ਗੱਲ ਸੁਣਦਿਆਂ ਮੇਰਾ ਸਿਰ ਘੁੰਮਣ ਲੱਗਾ।ਅਸਮਾਨ ਮੇਰੇ ਲਈ ਫਟਣ ਲੱਗਾ।ਮੈਂ ਸ਼ੈਲੀ ਨੂੰ ਆਪਣੇ ਸੀਨੇ ਨਾਲ਼ ਲਾ ਧਾਹਾਂ ਮਾਰ-ਮਾਰ ਰੋਣ ਲੱਗੀ।ਸ਼ੈਲੀ ਵੀ ਮੇਰੇ ਨਾਲ਼ ਚੁੰਬੜ ਕੇ ਜ਼ਾਰੋ-ਜ਼ਾਰ ਰੋ ਰਹੀ ਸੀ।ਨੈਨਸੀ ਤੇ ਰੌਨ ਵੀ ਹੰਝੂਆਂ ਸੰਗ ਨਹਾ ਰਹੇ ਸਨ"।
ਮੈਂ ਸ਼ੈਲੀ ਨੂੰ ਆਪਣੇ ਨਾਲੋਂ ਲਾਹ ਸੋਫੇ ਤੇ ਬੈਠਾਉਂਦੀ ਨੇ ਉਸਦੇ ਸਿਰ ਤੇ ਹੱਥ ਫੇਰਦਿਆਂ ਕਿਹਾ,
"ਧੀਏ ਮੈਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ।ਹੁਣ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ।ਤੂੰ ਮੈਨੂੰ ਜੋ ਸਜ਼ਾ ਦੇਣੀ ਹੈ ਉਹ ਦੇ ਸਕਦੀਂ ਹੈ।ਮੇਰੀ ਵੀ ਗਲ਼ਤੀ ਹੈ ।ਮੈਨੂੰ ਤੈਨੂੰ ਉਸ ਪਾਪੀ ਕੋਲ਼ ਨਹੀਂ ਸੀ ਛੱਡ ਕੇ ਜਾਣਾ ਚਾਹੀਦਾ।ਪਰ ਅੱਜ ਸਾਰੀ ਗੱਲ ਮੈਨੂੰ ਸੱਚੋ-ਸੱਚ ਦੱਸ।ਮੈਂ ਤੇਰਾ ਜ਼ਰੂਰ ਸਾਥ ਦੇਵਾਂਗੀ ਤੇ ਉਸ ਪਾਪੀ ਨੂੰ ਸਜ਼ਾ ਵੀ ਦਿਵਾਵਾਂਗੀ।"।
ਸ਼ੈਲੀ ਦੇ ਹੰਝੂ ਰੁਕਣ ਦਾ ਨਾ ਨਹੀਂ ਸੀ ਲੈ ਰਹੇ।ਉਹ ਰੋ-ਰੋ ਦੱਸਣ ਲੱਗੀ,"ਜਦ ਮੈਂ ਬਹੁਤ ਛੋਟੀ ਹੁੰਦੀ ਸੀ।ਤੁਸੀਂ ਸਾਰੇ ਤਾਂ ਮੈਨੂੰ ਨਾਨੂੰ ਕੋਲ਼ ਮੇਰੀ ਬੇਬੀ ਸੀਟਿੰਗ ਕਰਨ ਲਈ ਛੱਡ ਕੇ ਚਲੇ ਜਾਂਦੇ ਸੀ।ਉਹ ਉਸ ਸਮੇਂ ਮੇਰੇ ਨਾਲ ਗਲ਼ਤ ਕੰਮ ਕਰਦਾ ਸੀ।ਉਹ ਮੇਰੇ ਸਰੀਰ ਦੇ ਗੁਪਤ ਅੰਗਾਂ ਨੂੰ ਛੇੜਦਾ ਸੀ।ਉਸ ਦੁਆਰਾ ਇਹ ਸਭ ਕੁਝ ਕੀਤਾ ਜਾਣਾ ਮੈਨੂੰ ਬਿਲਕੁਲ ਪਸੰਦ ਨਹੀਂ ਸੀ ਹੁੰਦਾ।ਮੈਨੂੰ ਕਚਿਆਣ ਆਉਂਦੀ ਸੀ।ਮੈਂ ਰੋਂਦੀ ਸੀ। ਜਦ ਮੈਂ ਉਸਨੂੰ ਇਹ ਸਭ ਕੁਝ ਮੰਮੀ-ਪਾਪਾ ਨੂੰ ਦੱਸ ਦੇਣ ਵਾਰੇ ਆਖਦੀ ਤਾਂ ਉਹ ਸਭ ਨੂੰ ਜਾਨੋਂ ਮਾਰ ਦੇਣ ਦੀ ਮੈਨੂੰ ਧਮਕੀ ਦਿੰਦਾ ਸੀ"।
ਸ਼ੈਲੀ ਨੇ ਉਸਦੀਆਂ ਹੋਰ ਵੀ ਬਹੁਤ ਸਾਰੀਆਂ ਕਰਤੂਤਾਂ ਦੱਸੀਆਂ।ਜੋ ਸੁਣ-ਸੁਣ ਸਾਨੂੰ "ਸ਼ਰਮ ਆਉਣ ਲੱਗੀ।ਸਾਡੇ ਦੰਦ ਜੁੜਨ ਲੱਗੇ।ਨੈਨਸੀ ਦਾ ਪਤੀ ਰੌਨ ਮੇਰੇ ਵੱਲ ਕੁੜੱਤਣ ਭਰੀਆਂ ਨਜ਼ਰਾਂ ਦੇ ਨਾਲ਼ ਵੇਖਣ ਲੱਗਾ।ਮੈਂ ਉਸ ਨੂੰ ਆਪਣੀ ਜੁੱਤੀ ਲਾਹ ਕੇ ਫੜ੍ਹਾ ਦਿੱਤੀ ਕਿ ਉਹ ਮੇਰੇ ਸਿਰ ਵਿਚ ਮਾਰੇ।ਮੈਂ ਆਪਣੇ ਆਪਨੂੰ ਦੁਨੀਆਂ ਦੀ ਸਭ ਤੋਂ ਵੱਧ ਪੜ੍ਹੀ-ਲਿਖੀ ਅਤੇ ਗਿਆਨਵਾਨ ਔਰਤ ਸਮਝਦੀ  ਸੀ ਪਰ ਮੈਨੂੰ ਮੇਰੇ ਆਪਣੇ ਘਰ ਦੇ ਅੰਦਰ ਕੀ ਹੋ ਰਿਹਾ ਹੈ ਉਸ ਦਾ ਪਤਾ ਨਾ ਲੱਗਾ"।
ਜੈਨੇਫਰ ਦੇ ਅੰਦਰਲੀ ਪੀੜ  ਕਿੰਨੀ ਗਹਿਰੀ ਸੀ ਇਹ ਉਹਦੇ ਵਗਦੇ ਅੱਥਰੂਆਂ ਦੀ ਝੜੀ ਤੋਂ ਜ਼ਾਹਿਰ ਹੁੰਦਾ ਸੀ ।
ਕਹਾਣੀ ਸੁਣਾਉਂਦਿਆਂ ਜੈਨੇਫਰ ਦੀ ਆਵਾਜ਼ ਬੜੀ ਮੱਧਮ ਪੈ ਰਹੀ ਸੀ।
'ਓ ਮਾਈ ਗਾਡ' ਮੇਰੇ ਮੂੰਹੋਂ ਨਿਕਲ਼ਿਆ।
ਉਹ ਕਿਸ ਤਰ੍ਹਾਂ ਦਾ ਸੀ ਜੈਨੇਫਰ?ਕੀ ਤੈਨੂੰ ਉਸ ਤੇ ਬਿਲਕੁਲ ਵੀ ਸ਼ੱਕ ਨਹੀਂ ਸੀ ਹੋਇਆ।ਮੈਂ ਜੈਨੇਫਰ ਨੂੰ ਸੁਆਲ ਕੀਤਾ।
ਸ਼ੱਕ!
"ਇਸ ਤਰ੍ਹਾਂ ਦੇ ਆਦਮੀ ਸ਼ੱਕ ਭਲਾ ਕਿੱਥੇ ਹੋਣ ਦਿੰਦੇ ਨੇ।ਜੈਨੇਫਰ ਨੇ ਇਕ ਲੰਮਾ ਹੌਂਕਾ ਲੈਂਦਿਆਂ ਕਿਹਾ।ਉਹ ਇਕ ਬਹੁਤ ਹੀ ਹੁਸ਼ਿਆਰ ਕਿਸਮ ਦਾ ਆਦਮੀ ਸੀ।ਉਹ ਇਕ ਇੰਜੀਨੀਅਰ ਸੀ ਤੇ ਬਹੁਤ ਹੀ ਵੱਡੇ-ਵੱਡੇ ਪ੍ਰੋਜੈਕਟ ਕਰਦਾ ਸੀ।ਵੱਖ-ਵੱਖ ਦੇਸ਼ਾਂ ਵਿਚੋਂ ਵੱਡੀਆਂ-ਵੱਡੀਆਂ ਕੰਪਨੀਆਂ ਉਸਨੂੰ ਆਫਰਜ਼ ਭੇਜ਼ਦੀਆਂ ਸਨ ਤੇ ਮੂੰਹੋਂ ਮੰਗਵੇਂ ਪੈਸੇ ਦਿੰਦੀਆਂ ਸਨ।ਉਹਨਾਂ ਪੈਸਿਆਂ ਦੇ ਨਾਲ ਉਹ ਖੁਦ ਐਸ਼ ਕਰਦਾ ਤੇ ਸਾਨੂੰ ਵੀ ਸਭ ਨੂੰ ਪੂਰੀ ਐਸ਼ ਕਰਵਾਉਂਦਾ ਸੀ।ਦੁਨੀਆਂ ਦਾ ਕੋਈ ਕੋਨਾ ਨਹੀਂ ਹੋਣਾ ਜੋ ਅਸੀਂ ਵੇਖਿਆ ਨਾ ਹੋਵੇ।ਉਹ ਮੇਰੇ ਬੱਚਿਆਂ ਨਾਲ ਵੀ ਇਸ ਤਰ੍ਹਾਂ ਰਹਿੰਦਾ ਸੀ ਜਿਸ ਤਰ੍ਹਾਂ ਉਹਨਾ ਦਾ ਸਕਾ ਪਿਓ ਹੋਵੇ।ਜਦੋਂ ਘਰ ਆਉਣਾ ਬੱਚਿਆਂ ਲਈ ਕੁਝ ਨਾ ਕੁਝ ਚੱਕੀ ਲਈ ਆਉਣਾ।ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਉਹ ਆਦਮੀ ਏਨਾ ਘਿਨਾਉਣਾ ਕੰਮ ਵੀ ਕਰ ਸਕਦਾ ਹੈ ਉਹ ਵੀ ਆਪਣੀ ਘਰਵਾਲ਼ੀ ਦੀ ਦੋਹਤੀ ਨਾਲ"।
ਕਹਾਣੀ ਸੁਣਾਉਂਦੀ ਜੈਨੇਫਰ ਦੇ ਅੱਥਰੂ ਤਰਲ-ਤਰਲ ਵਹਿ ਰਹੇ ਸਨ ਤੇ ਮੈਂ ਸੁੰਨ ਹੋਈ ਬੈਠੀ ਉਸਦਾ ਇਹ ਦਰਦ ਬਿਨਾ ਹੁੰਗ੍ਹਾਰਾ ਭਰਿਆਂ ਸੁਣ ਰਹੀ ਸੀ।
"ਹਾਂ ,ਡੀਅਰ।ਇਕ ਗੱਲ ਹੋਰ।ਉਸ ਆਦਮੀ ਨੂੰ ਬਣਨ -ਠਣਨ ਦਾ ਬੜਾ ਹੀ ਸ਼ੌਂਕ ਸੀ।ਉਹ ਆਪਣੇ ਆਪ ਨੂੰ ਹਮੇਸ਼ਾਂ ਜੁਆਨ ਮੁੰਡਿਆਂ ਵਾਂਗ ਬਣਾ ਕੇ ਰੱਖਦਾ ਤੇ ਉਸਦੀ ਦੋਸਤੀ ਵੀ ਯੰਗ ਉਮਰ ਦੇ ਨਿਆਣਿਆਂ ਨਾਲ ਸੀ।ਮੈਨੂੰ ਵੀ ਉਹ ਹਮੇਸ਼ਾਂ ਸਜੀ-ਸੰਵਰੀ ਵੇਖਣਾ ਪਸੰਦ ਕਰਦਾ ਸੀ।ਪਰ ਮੈਂ ਕਹਿਣਾ ਮੈਂ ਜਿਹੋ ਜਿਹੀ ਹਾਂ ਉਵੇਂ ਹੀ ਠੀਕ ਹਾਂ"।
ਜੈਨੇਫਰ ਦੀ ਕਹਾਣੀ ਅਜੇ ਪੂਰੀ ਨਹੀਂ ਸੀ ਹੋਈ ਮੈਂ ਵਿਚੋਂ ਹੀ ਉਸਨੂੰ ਪੁੱਛ ਲਿਆ,
"ਜੈਨੇਫਰ ਕੀ ਤੂੰ ਫਿਰ ਉਸਨੂੰ ਇਸ ਗੱਲ ਵਾਰੇ ਪੁਛਿਆ" ? 
"ਹਾਂ, ਮੈਂ ਉਹਨੂੰ ਉਸੇ ਵਕਤ ਹੀ ਫੋਨ ਲਾ ਲਿਆ।ਉਹ ਕੰਮ ਦੇ ਮਾਮਲੇ ਵਿਚ ਕਿਧਰੇ ਬਾਹਰ ਗਿਆ ਹੋਇਆ ਸੀ।ਬੱਸ ਫਿਰ ਕੀ ਸੀ ਉਹਨੂੰ ਪਤਾ ਲੱਗ ਗਿਆ ਸੀ ਕਿ ਹੁਣ ਖੈਰ ਨਹੀਂ।ਉਹ ਸਾਫ ਮੁੱਕਰ ਗਿਆ।ਉਸ ਤੋਂ ਬਾਅਦ ਉਹਨੇ ਆਪਣਾ ਫੋਨ ਨੰਬਰ ਅਤੇ ਆਪਣਾ ਅਤਾ-ਪਤਾ ਬਦਲ ਲਿਆ।ਅੱਠ-ਨੌਂ ਮਹੀਨੇ ਅਸੀਂ ਉਹਦੀ ਭਾਲ਼ ਕਰਦੇ ਰਹੇ। ਫਿਰ ਵਕੀਲਾਂ ਦੀ ਮੱਦਦ ਨਾਲ ਉਸ ਨੂੰ ਲੱਭਿਆ ਅਤੇ ਫਿਰ ਉਸ ਉੱਪਰ ਕੇਸ ਕਰ ਦਿੱਤਾ।ਅਖੀਰ ਵਿਚ ਉਹ ਇਹ ਕੇਸ ਹਾਰ ਗਿਆ"।
ਆਪਣੀ ਕਹਾਣੀ ਸੁਣਾਉਂਦੀ ਜੈਨੇਫਰ ਦੀ ਆਵਾਜ਼ ਵੀ ਮੱਧਮ ਪੈ ਗਈ ਸੀ।ਮੈਨੂੰ ਉਸ ਉਪਰ ਦਿਆ ਆ ਰਹੀ ਸੀ ਕਿ ਦੇਖਣ ਨੂੰ ਇਨਸਾਨ ਭਾਂਵੇ ਕਿੰਨਾਂ ਵਧੀਆ ਲੱਗਦਾ ਹੁੰਦਾ ਹੈ ਪਰ ਅੰਦਰੋਂ ਕਈ ਵਾਰ ਕਿੰਨਾਂ ਤਿੜਕਿਆ ਹੁੰਦਾ ਹੈ।