ਮੰਚ ਵੱਲੋਂ ਸਨਮਾਨ ਸਮਾਗਮ ਕੀਤਾ ਗਿਆ। (ਖ਼ਬਰਸਾਰ)


ਲੁਧਿਆਣਾ --  ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਅਮਰੀਕਾ ਤੋਂ ਉਘੇ ਸ਼ਾਇਰ ਪ੍ਰੋ: ਮੁਹਿੰਦਰਦੀਪ ਗਰੇਵਾਲ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ ਨੇ ਸ਼ਿਰਕਤ ਕੀਤੀ।  ਪ੍ਰੋ: ਮੁਹਿੰਦਰਦੀਪ ਗਰੇਵਾਲ ਨੇ ਦੇਸ਼-ਵਿਦੇਸ਼ ਦੀ ਧਰਤੀ ਗਾਹੀ ਹੈ ਤੇ ਉਸ ਪੱਧਰ ਦੀਆਂ ਰਚਨਾਵਾਂ ਲਿਖਦੇ ਹਨ।  ਡਾ ਗੁਲਜ਼ਾਰ ਪੰਧੇਰ ਦਾ 63ਵਾਂ ਜਨਮ ਦਿਨ ਮਨਾਇਆਂ ਗਿਆ। ਇਸ ਮੌਕੇ 'ਤੇ ਮੰਚ ਵੱਲੋਂ ਇਨ ਦੋਹਾਂ ਮਹਾਨ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋ: ਸੰਤੋਖ ਸਿੰਘ ਔਜਲਾ ਨੇ ਕਿਹਾ ਕਿ ਜੋ ਕਰਦਾ ਹੈ ਬੰਦਾ ਹੀ ਕਰਦਾ ਨਾ ਕਿ ਰੱਬ। 

ਰਚਨਾਵਾਂ ਦੇ ਦੌਰ ਵਿਚ ਭੈਣੀ ਸਾਹਿਬ ਤੋਂ ਕਵੀਸ਼ਰ ਗੁਰਸੇਵਕ ਸਿੰਘ ਢਿੱਲੋ ਨੇ ਰੁੱਖਾਂ ਪ੍ਰਤੀ ਕਵਿਤਾ, ਮੁਹਿੰਦਰਦੀਪ ਗਰੇਵਾਲ ਨੇ ਗ਼ਜ਼ਲ, 'ਅਸੀਂ ਹੁਣ ਰਿਸ਼ਤਿਆਂ ਤਕ ਬਦਲ ਦਿੰਦੇ ਹਾਂ ਲਿਬਾਸਾਂ ਵਾਂਗ, ਜੇ ਭੋਰਾ ਤੁੰਭ ਲਗ ਜਾਵੇ ਤਾਂ ਸਾਥੋਂ ਸੀਅ ਨਹੀਂ ਹੁੰਦਾ', ਪਰਮਜੀਤ ਕੌਰ ਮਹਿਕ ਨੇ 'ਮਹਿਕ ਦੇ ਹੋਠਾਂ ਨੂੰ ਛੂਹ ਕੇ ਰਾਗਣੀ ਹੋ ਜਾਏਗੀ,' ਰਾਵਿੰਦਰ ਰਵੀ ਨੇ 'ਅਸੀਂ ਮੁੜ ਖੜੇ ਹੋਵਾਂਗੇ ਅਖੀਰ ਜਾਲਮਾਂ', ਅਮਰਜੀਤ ਸ਼ੇਰਪੁਰੀ ਨੇ 'ਜਾਨਾਂ ਦੀ ਦੁਸ਼ਮਣ ਚਾਇਨਾ ਡੋਰ', ਰਘਬੀਰ ਸਿੰਘ ਸੰਧੂ ਨੇ 'ਲੋਕ ਮੁਝ ਕੋ ਗਿਰਾਨੇ ਮੇਂ ਲਗੇ ਰਹੇ', ਦਲਵੀਰ ਸਿੰਘ ਲੁਧਿਆਣਵੀ ਨੇ 'ਪੰਛੀ ਟਹਿਣੀ ਉਤੇ ਚਹਿਕਣ, ਬਾਗ਼ਾਂ ਦੇ ਵਿਚ ਕਲੀਆਂ ਮਹਿਕਣ', ਬਲਕੌਰ ਸਿੰਘ ਗਿੱਲ ਨੇ 'ਸਰਾਕਰ ਆਪਣੀ ਮਾਨਸਿਕਤਾ ਦਾ ਨੁਮਾਇਦਾ ਹੁੰਦੀ ਹੈ', ਤਰਨ ਸਿੰਘ ਬੱਲ ਨੇ ਕਵਿਤਾ 'ਕਵੀ ਦੀ ਕਲਮ', ਸਰਿੰਦਰ ਕੈਲੇ ਤੇ ਪੰਮੀ ਹਬੀਬ ਨੇ ਮਿੰਨੀ ਕਹਾਣੀ, ਡਾ ਗੁਲਜ਼ਾਰ ਪੰਧੇਰ ਨੇ ਕਵਿਤਾ '62ਵਾਂ ਜਨਮ ਦਿਨ', ਇੰਜ: ਸੁਰਜਨ ਸਿੰਘ,  ਉਜਾਗਰ ਲਲਤੋਂ, ਅਵਤਾਰ ਸਿੰਘ ਨੇ ਦਿਲ ਨੂੰ ਟੁੰਬ ਜਾਣ ਵਾਲੀਆਂ ਕਵਿਤਾਵਾਂ  ਪੇਸ਼ ਕੀਤੀਆਂ। ਰਚਨਾਵਾਂ 'ਤੇ ਉਸਾਰੂ ਸੁਝਾਅ ਦਿੱਤੇ ਗਏ।