ਸਲੀਕਾ ਅਤੇ ਸ਼ਖਸੀਅਤ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦ ਅਸੀਂ ਕਿਸੇ ਦੂਸਰੇ ਵਿਅਕਤੀ ਨੂੰ ਪਹਿਲੀ ਵਾਰੀ ਮਿਲਦੇ ਹਾਂ ਤਾਂ ਉਸ ਦਾ ਕਈ ਤਰ੍ਹਾਂ ਨਾਲ ਪ੍ਰਭਾਵ ਕਬੂਲਦੇ ਹਾਂ। ਕਈ ਵਾਰੀ ਤਾਂ ਉਸ ਦਾ ਇਹ ਪਹਿਲਾ ਪ੍ਰਭਾਵ ਸਾਡੇ 'ਤੇ ਅਖੀਰ ਤੱਕ ਰਹਿੰਦਾ ਹੈ। ਉਸ ਦੀ ਸ਼ਕਲ ਸੂਰਤ, ਉਸ ਦੇ ਕੱਪੜੇ, ਉਸ ਦੇ ਉੱਠਣ ਬੈਠਣ ਦਾ ਢੰਗ ਅਤੇ ਸਰੀਰ ਦੀਆਂ ਹਰਕਤਾਂ, ਉਸ ਦੇ ਚਿਹਰੇ ਦੇ ਹਾਵ ਭਾਵ ਅਤੇ ਉਸ ਦੀ ਗਲ ਬਾਤ ਦਾ ਤਰੀਕਾ। ਇਹ ਸਭ ਕੁਝ ਸਾਡੇ ਤੇ ਗ਼ਹਿਰੀ ਛਾਪ ਛੱਡਦਾ ਹੈ ਅਤੇ ਅਸੀਂ ਮਨ ਵਿਚ ਵਿਚਾਰ ਬਣਾਉਂਦੇ ਹਾਂ ਕਿ ਇਹ ਬੰਦਾ ਕਿਹੋ ਜਿਹਾ ਹੈ। ਇਹ ਬੰਦਾ ਅੱਗੋਂ ਵਰਤਨ ਲਾਇਕ ਹੈ ਜਾਂ ਨਹੀਂ? ਇਸ ਨਾਲ ਅੱਗੋਂ ਕਿਹੋ ਜਹੇ ਸਬੰਧ ਰੱਖੇ ਜਾ ਸਕਦੇ ਹਨ? ਕੀ ਇਹ ਬੰਦਾ ਇਮਾਨਦਾਰ ਹੈ? ਕੀ ਇਹ ਬੰਦਾ ਆਪਣੇ ਬਚਨਾ ਦਾ ਪੱਕਾ ਹੋਵੇਗਾ? ਕੀ ਇਹ ਮਿਲਨਸਾਰ ਹੈ ਜਾਂ ਕੀ ਇਹ ਔਖੇ ਸਮੇਂ ਕੰਮ ਆਉਣ ਵਾਲਾ ਹੈ ਜਾਂ ਨਹੀਂ? ਫਿਰ ਹੀ ਅਸੀਂ ਉਸ ਨਾਲ ਆਪਣੇ ਸਬੰਧ ਜੋੜਦੇ ਹਾਂ ਨਹੀਂ ਤੇ ਅਸੀਂ ਉਸ ਤੋਂ ਇਕ ਖਾਸ ਕਿਸਮ ਦੀ ਦੂਰੀ ਬਣਾ ਕੇ ਰੱਖਦੇ ਹਾਂ।
ਸਭ ਤੋਂ ਪਹਿਲਾਂ ਜੋ ਦੂਸਰੇ ਨੂੰ ਪ੍ਰਭਾਵਤ ਕਰਦੀ ਹੈ ਉਹ ਹੈ ਸੁੰਦਰ ਮੁੱਖੜਾ ਅਤੇ ਤਿੱਖੇ ਨੈਂਨ ਨਕਸ਼। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੁੰਦਰ ਮੁੱਖੜੇ ਦੀ ਕਸ਼ਿਸ਼ ਦੂਸਰੇ ਬੰਦੇ ਨੂੰ ਕੀਲ ਲੈਂਦੀ ਹੈ।ਦੂਸਰਾ ਬੰਦਾ ਆਪਣੇ ਆਪ ਸੁੰਦਰ ਮੁੱਖੜੇ ਵਲ ਖਿੱਚਿਆ ਚਲਾ ਜਾਂਦਾ ਹੈ। ਇਸ ਤੋਂ ਬਾਅਦ ਬੰਦੇ ਦੀ ਫੱਬਤ ਭਾਵ ਕੱਪੜੇ ਲੱਤੇ ਵੀ ਦੂਸਰੇ ਤੇ ਪ੍ਰਭਾਵ ਪਾਉਂਦੇ ਹਨ। ਜੇ ਕੱਪੜੇ ਉਮਰ, ਫੈਸ਼ਨ ਅਤੇ ਮੋਸਮ ਮੁਤਾਬਿਕ ਪਾਏ ਜਾਣ ਤਾਂ ਇਸ ਨਾਲ ਵੀ ਬੰਦੇ ਦਾ ਰੂਪ ਨਿੱਖਰਦਾ ਹੈ ਅਤੇ ਦੂਸਰੇ ਨੂੰ ਪ੍ਰਭਾਵਤ ਕਰਦਾ ਹੈ। ਅਸੀਂ ਕੱਪੜੇ ਪਾਉਂਦੇ ਹਾਂ ਸੋਹਣਾ ਲੱਗਣ ਲਈ, ਸਰੀਰ ਨੂੰ ਢੱਕਣ ਲਈ ਅਤੇ ਗਰਮੀ ਸਰਦੀ ਤੋਂ ਬਚਣ ਲਈ। ਕਈ ਲੋਕ ਕੱਪੜੇ ਪਾਉਂਦੇ ਹਨ ਸਰੀਰ ਨੂੰ ਦਿਖਾਉਣ ਲਈ ਤਾਂ ਕਿ ਉਨ੍ਹਾਂ ਦੇ ਨੰਗੇਜ਼ ਨੂੰ ਦੇਖ ਕੇ ਲੋਕ ਉਨ੍ਹਾਂ ਵਲ ਜਲਦੀ ਆਕਰਸ਼ਤ ਹੋਣ ਪਰ ਇਸ ਨਾਲ ਬੰਦਾ ਹੋੱਛਾ ਲੱਗਦਾ ਹੈ। ਉਸ ਦਾ ਚਾਲ ਚੱਲਣ ਵੀ ਘਟੀਆ ਲੱਗਦਾ ਹੈ। ਇਸ ਦਾ ਦੇਖਣ ਵਾਲੇ ਤੇ ਉਲਟਾ ਪ੍ਰਭਾਵ ਹੀ ਪੈਂਦਾ ਹੈ। ਕੱਪੜੇ ਦੇ ਰੰਗਾਂ ਦੀ ਚੌਣ ਵੀ ਉਮਰ ਮੁਤਾਬਿਕ ਹੀ ਹੋਣੀ ਚਾਹੀਦੀ ਹੈ। ਬਚਪਨ ਅਤੇ ਜੁਆਨੀ ਵਿਚ ਸ਼ੋਖ ਰੰਗ ਦੇ ਕੱਪੜੇ ਸੋਹਣੇ ਲਗਦੇ ਹਨ ਪਰ ਪ੍ਰੋੜ ਉਮਰ ਵਿਚ ਫਿੱਕੇ ਰੰਗਾਂ ਦੇ ਕੱਪੜੇ ਹੀ ਸੋਹਣੇ ਲੱਗਦੇ ਹਨ। ਇਸ ਤੋਂ ਬਾਅਦ ਬੰਦੇ ਦੀ ਚਾਲ ਢਾਲ ਅਤੇ ਬਾਤਚੀਤ ਕਰਨ ਦੇ ਢੰਗ ਦਾ ਵੀ ਦੂਸਰੇ ਤੇ ਅਸਰ ਪੈਂਦਾ ਹੈ। ਕਈ ਬੰਦੇ ਐਂਵੇ ਹੀ ਹਰ ਸਮੇਂ ਲੱਤਾਂ ਬਾਹਾਂ ਹਿਲਾਉਂਦੇ ਰਹਿੰਦੇ ਹਨ। ਮੂੰਹ ਮਾਰਦੇ ਰਹਿਣਗੇ ਜਾਂ ਗਲ ਕਿਸੇ ਨਾਲ ਕਰਨਗੇ ਅਤੇ ਦੇਖਣਗੇ ਕਿਧਰੇ ਹੋਰ। ਅਜਿਹੇ ਬੰਦੇ ਕਿਸੇ ਦੂਜੇ ਤੇ ਚੰਗਾ ਪ੍ਰਭਾਵ ਨਹੀਂ ਪਾ ਸਕਦੇ। ਸਾਨੂੰ ਚਾਹੀਦਾ ਹੈ ਕਿ ਜਦ ਦੂਜੇ ਬੰਦੇ ਨੂੰ ਮਿਲੀਏ ਤਾਂ ਸਹਿਜ ਵਿਚ ਰਹੀਏ। ਉਸ ਤੋਂ ਛੁਟਕਾਰਾ ਪਾਣ ਦੀ ਕਿਸੇ ਕਿਸਮ ਦੀ ਕੋਈ ਕਾਹਲੀ ਨਾ ਕਰੀਏ। ਉਸ ਵਲ ਆਪਣਾ ਪੂਰਾ ਧਿਆਨ ਦਈਏ। ਉਸ ਨੂੰ ਪਤਾ ਚੱਲੇ ਕਿ ਉਸ ਨੂੰ ਮਿਲ ਕੇ ਅਸਲ ਵਿਚ ਹੀ ਅਸੀਂ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ। ਸਭ ਤੋਂ ਮੁੱਖ ਚੀਜ਼ ਜਿਸ ਦਾ ਦੂਸਰੇ ਬੰਦੇ ਤੇ ਪ੍ਰਭਾਵ ਪੈਂਦਾ ਹੈ ਉਹ ਹੈ ਸਾਡੀ ਬੋਲ ਚਾਲ। ਜੇ ਸਾਡੀ ਬੋਲਚਾਲ ਠੀਕ ਨਹੀਂ ਤਾਂ ਉਪਰਲੇ ਸਾਰੇ ਪ੍ਰਭਾਵ ਮਿੱਟੀ ਹੋ ਕੇ ਰਹਿ ਜਾਂਦੇ ਹਨ। ਜਦ ਵੀ ਦੂਸਰੇ ਨਾਲ ਗਲ ਬਾਤ ਕਰੋ ਤਾਂ ਮਿੱਠੀ ਬੋਲੀ ਬੋਲੋ। ਆਪ ਘੱਟ ਬੋਲੋ ਅਤੇ ਦੂਸਰੇ ਦੀ ਜ਼ਿਆਦਾ ਸੁਣੋ। ਤੁਹਾਡੇ ਸ਼ਬਦਾਂ ਅਤੇ ਚਿਹਰੇ ਤੋਂ ਦੂਸਰੇ ਲਈ ਪਿਆਰ ਅਤੇ ਸਤਿਕਾਰ ਪ੍ਰਗਟ ਹੋਣਾ ਚਾਹੀਦਾ ਹੈ। ਦੂਸਰੇ ਨੂੰ ਪਤਾ ਚੱਲੇ ਕਿ ਤੁਸੀਂ ਉਸ ਨਾਲ ਹਮਦਰਦੀ ਰੱਖਦੇ ਹੋ। ਉਸ ਦੇ ਔਖੇ ਸਮੇਂ ਕੰਮ ਆਉਣ ਵਾਲੇ ਅਤੇ ਸਹਿਯੋਗ ਦੇਣ ਵਾਲੇ ਬੰਦੇ ਹੋ।। ਇਸ ਤਰ੍ਹਾਂ ਤੁਸੀਂ ਉਸ ਦਾ ਦਿਲ ਜਿੱਤ ਲਉਗੇ।
ਤੁਹਾਡੇ ਕੰਮ ਤੁਹਾਡੇ ਸ਼ਬਦਾਂ ਦੀ ਹਾਮੀ ਭਰਨ ਵਾਲੇ ਹੋਣੇ ਚਾਹੀਦੇ ਹਨ। ਜੇ ਤੁਸੀਂ ਕਿਸੇ ਨਾਲ ਕੋਈ ਵਾਇਦਾ ਕਰੋ ਤਾਂ ਉਸ ਨੂੰ ਪੂਰਾ ਵੀ ਕਰੋ। ਜੇ ਤੁਸੀਂ ਕਿਸੇ ਸਮੇਂ ਦੂਸਰੇ ਦੀ ਮਦਦ ਨਹੀਂ ਕਰ ਸਕਦੇ ਤਾਂ ਉਸ ਨੂੰ ਆਪਣੀ ਮਜ਼ਬੂਰੀ ਸਪਸ਼ਟ ਦੱਸ ਦਿਓ। ਐਂਵੇ ਲਾਰੇ ਲਾਉਣ ਨਾਲ ਤੁਹਾਡਾ ਇਤਬਾਰ ਘਟਦਾ ਹੈ।
ਇਸ ਤੋਂ ਇਲਾਵਾ ਸਾਡੀ ਦੌਲਤ ਅਤੇ ਅਹੁਦਾ ਵੀ ਦੂਸਰੇ ਤੇ ਪ੍ਰਭਾਵ ਪਾਉਂਦਾ ਹੈ। ਸਾਡੀ ਰਹਿਣੀ ਬਹਿਣੀ ਅਤੇ ਕੰਮ ਕਰਨ ਦੇ ਢੰਗ ਨੂੰ ਹੀ ਸਲੀਕਾ ਆਖਦੇ ਹਨ। ਇਸ ਸਲੀਕੇ ਤੋਂ ਹੀ ਪਤਾ ਚਲਦਾ ਹੈ ਕ ਬੰਦਾ ਕਿੰਨੇ ਕੁ ਪਾਣੀ ਵਿਚ ਹੈ। ਪਰ ਕਈ ਲੋਕ ਬੜੇ ਸ਼ਾਤਿਰ ਦਿਮਾਗ ਦੇ ਹੁੰਦੇ ਹਨ। ਉਨ੍ਹਾਂ ਦੀ ਰਹਿਣੀ ਬਹਿਣੀ, ਕਥਨੀ ਅਤੇ ਕਰਨੀ ਵਿਚ ਬਹੁਤ ਅੰਤਰ ਹੁੰਦਾ ਹੈ। ਅਜਿਹੇ ਲੋਕ ਅਕਸਰ ਦੂਜੇ ਨੂੰ ਸਮੇਂ ਸਿਰ ਧੋਖਾ ਦੇ ਜਾਂਦੇ ਹਨ।
ਦੂਸਰੇ ਬੰਦੇ ਦੇ ਸਲੀਕੇ ਤੋਂ ਜੋ ਪ੍ਰਭਾਵ ਬਣਦਾ ਹੈ ਉਸ ਨੂੰ ਸ਼ਖਸੀਅਤ ਕਹਿੰਦੇ ਹਨ। ਜਿਸ ਬੰਦੇ ਦੀ ਸ਼ਖਸੀਅਤ ਦਿਲਕਸ਼ ਹੁੰਦੀ ਹੈ ਉਸ ਦੇ ਮਹਿਫਿਲ ਵਿਚ ਆਉਂਦਿਆਂ ਹੀ ਰੌਣਕ ਆ ਜਾਂਦੀ ਹੈ ਜਿਵੇਂ ਬਗੀਚਾ ਫੁੱਲਾਂ ਨਾਲ ਖਿੜ੍ਹ ਉਠਿਆ ਹੋਵੇ। ਜਿਵੇਂ ਫੂਹਾਰੇ ਆਪਣੇ ਆਪ ਚਲ ਪਏ ਹੋਣ ਅਤੇ ਇਕ ਮਿੱਠਾ ਮਿੱਠਾ ਸੰਗੀਤ ਫਿਜਾ ਵਿਚ ਘੁਲ ਜਾਏ।ਸਭ ਦੇ ਮਨ ਤੇ ਇਕ ਸਰੂਰ ਜਿਹਾ ਛਾ ਜਾਏ। ਜਿਸ ਦੇ ਮਹਿਫ਼ਿਲ ਚੋਂ ਉੱਠ ਕੇ ਜਾਣ ਨਾਲ ਇਓਂ ਜਾਪੇ ਜਿਵੇਂ ਇਕ ਦਮ ਸਭ ਬੱਤੀਆਂ ਗੁੱਲ ਹੋ ਜਾਣ ਅਤੇ ਮਹਿਫ਼ਿਲ ਵਿਚ ਵਿਰਾਨੀ ਛਾ ਜਾਏ।
ਹਰ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਉਸ ਦੀ ਸ਼ਖਸੀਅਤ ਦਿਲਕਸ਼ ਬਣੇ। ਉਹ ਸਭ ਦੀਆਂ ਅੱਖਾਂ ਦਾ ਤਾਰਾ ਬਣੇ। ਉਹ ਹਰਮਨ ਪਿਆਰਾ ਬਣੇ। ਸਭ ਉਸ ਦੀ ਇਜ਼ੱਤ ਕਰਨ। ਛੋਟੇ ਵੱਡੇ ਉਸ ਦੀ ਆਗਿਆ ਮੰਨਣ। ਉਸ ਦੇ ਬੋਲ਼ਾਂ ਤੇ ਕੋਈ ਕਿੰਤੂ ਪਰੰਤੂ ਨਾ ਕਰੇ। ਹਰ ਇਕ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਦਿਲਕਸ਼ ਸ਼ਖਸੀਅਤ ਬਣਾਉਣਾ ਕੋਈ ਅਸਾਨ ਕੰਮ ਨਹੀਂ। ਇਸ ਲਈ ਆਪਣੇ ਨਾਮ ਨੂੰ ਕਮਾਉਣਾ ਪੈਂਦਾ ਹੈ। ਇਕ ਬਹੱਤ ਲੰਮੀ ਸਾਧਨਾ ਕਰਨੀ ਪੈਂਦੀ ਹੈ । ਦਿਲਕਸ਼ ਸ਼ਖਸੀਅਤ ਇਕ ਦਿਨ ਵਿਚ ਨਹੀਂ ਬਣਦੀ ਇਸ ਲਈ ਕੁਰਬਾਨੀ ਅਤੇ ਧੀਰਜ ਨਾਲ ਦੂਸਰੇ ਦੀਆਂ ਗ਼ਲਤੀਆਂ ਨੂੰ ਅਣਗੋਲਿਆਂ ਕਰ ਕੇ ਮੁਆਫ ਕਰਨਾ ਪੈਂਦਾ ਹੈ ਦਿਲ ਵੱਡਾ ਰੱਖਣਾ ਪੈਂਦਾ ਹੈ। ਕਾਮ ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੇ ਕਾਬੂ ਪਾਉਣਾ ਪੈਂਦਾ ਹੈ। ਨਸ਼ੇ, ਨਿੰਦਿਆ, ਚੁਗਲੀ, ਝੂਠ ਤੋਂ ਬਚਣਾ ਪੈਂਦਾ ਹੈ। ਪ੍ਰੇਮ ਪਿਆਰ, ਸ਼ਾਂਤੀ, ਸਹਿਜ, ਧੀਰਜ, ਮਿੱਠੇ ਬੋਲ, ਸਹਿਯੋਗੀ ਅਤੇ ਵਿਸ਼ਾਲ ਹਿਰਦੇ ਵਾਲਾ ਬਣਨਾ ਪੈਂਦਾ ਹੈ। ਕਰਮਯੋਗੀ ਬਣਨਾ ਪੈਂਦਾ ਹੈ। ਤੁਹਾਡਾ ਇਕ ਵੀ ਗ਼ਲਤ ਕੰਮ ਤੁਹਾਡੀ ਸਾਰੀ ਨੇਕੀ ਨੂੰ ਖਤਮ ਕਰ ਦਿੰਦਾ ਹੈ। ਗ਼ਲਤ ਕੰਮ ਮੱਥੇ ਤੇ ਦਾਗ ਲੱਗਣ ਦੀ ਤਰ੍ਹਾਂ ਹੀ ਹੈ ਜੋ ਸਾਰੀ ਉਮਰ ਨਹੀਂ ਉਤਰ ਸਕਦਾ ਭਾਵੇਂ ਫਿਰ ਜਿੰਨੇ ਮਰਜ਼ੀ ਚੰਗੇ ਕੰਮ ਕਰ ਲਓ। ਦਿਲਕਸ਼ ਸ਼ਖਸੀਅਤ ਲਈ ਆਪਣੀ ਰਹਿਣੀ ਬਹਿਣੀ ਵਿਚ ਸੁਧਾਰ ਕਰਨਾ ਪੈਂਦਾ ਹੈ।ਚਿਹਰੇ ਤੇ ਤਿਊੜੀਆਂ ਛੱਡ ਕੇ ਮੁਸਕਰਾਹਟ ਲਿਆਉਣੀ ਪੈਂਦੀ ਹੈ ਪਰ ਤੁਹਾਡੀ ਇਹ ਮੁਸਕਰਾਹਟ ਕੁਟਿਲ ਨਹੀਂ ਹੋਣੀ ਚਾਹੀਦੀ। ਤੁਹਾਡੇ ਚਿਹਰੇ ਤੋਂ ਤੁਹਾਡੇ ਪਿਆਰ ਅਤੇ ਸਨੇਹ ਦੀਆਂ ਤਰੰਗਾਂ ਦੂਸਰੇ ਦੇ ਦਿਲ ਨਾਲ ਜੁੜਨੀਆਂ ਚਾਹੀਦੀਆਂ ਹਨ। ਮਿਲਨਸਾਰ ਬਣਨਾ ਪੈਂਦਾ ਹੈ । ਮਨੁੱਖਤਾ ਦੇ ਭਲੇ ਲਈ ਸਮਾਂ ਦੇਣਾ ਪੈਂਦਾ ਹੈ। । ਖੁੱਲ ਦਿਲਾ ਅਤੇ ਦਾਨਵੀਰ ਬਣਨਾ ਪੈਂਦਾ ਹੈ। ਸੱਚਾਈ ਦਾ ਪੱਲਾ ਫੜਨਾ ਪੈਂਦਾ ਹੈ। ਬੇਸ਼ੱਕ ਇਕੱਲੇ ਰਹਿ ਜਾਓ ਪਰ ਤੁਹਾਡੇ ਪੈਰ ਸਦਾ ਸੱਚਾਈ ਦੀ ਠੋਸ ਹਕੀਕਤ ਨਾਲ ਧਰਤੀ ਤੇ ਟਿਕੇ ਹੋਣੇ ਚਾਹੀਦੇ ਹਨ। ਸਹੀ ਦਿਸ਼ਾ ਵੱਲ ਪੁੱਟਿਆਂ ਤੁਹਾਡਾ ਇਕ ਇਕ ਕਦਮ ਤੁਹਾਨੂੰ ਮੰਜ਼ਿਲ ਦੇ ਨੇੜੇ ਲੈ ਜਾਂਦਾ ਹੈ। 
ਇਸ ਲਈ ਆਪਣੇ ਔਗੁਣਾ ਨੂੰ ਤਿਆਗ ਕੇ ਗੁਣ ਧਾਰਨ ਕਰਨੇ ਪੈਂਦੇ ਹਨ। ਗੁਣ ਹੀ ਇਨਸਾਨ ਦਾ ਗਹਿਣਾ ਹਨ। ਇਹ ਦੂਸਰੇ ਨੂੰ ਆਕਰਸ਼ਤ ਕਰਨ ਦੀ ਆਪਣੇ ਅੰਦਰ ਮਿਕਨਾਤੀਸੀ ਸ਼ਕਤੀ ਰੱਖਦੇ ਹਨ। ਜਿਉਂ ਜਿਉਂ ਤੁਸੀਂ ਆਪਣੇ ਅੋਗੁਣਾ ਨੂੰ ਤਿਆਗਦੇ ਜਾਵੋਗੇ ਤਿਉਂ ਤਿਉਂ ਤੁਹਾਡੇ ਅੰਦਰ ਆਪਣੇ ਆਪ ਗੁਣਾ ਦਾ ਪ੍ਰਕਾਸ਼ ਹੁੰਦਾ ਜਾਵੇਗਾ। ਜਿਉਂ ਜਿਉਂ ਤੁਸੀਂ ਆਪਣੀਆਂ ਮਾੜੀਆਂ ਆਦਤਾਂ ਛੱਡਦੇ ਜਾਵੋਗੇ ਤਿਉਂ ਤਿਉਂ ਤੁਹਾਡੇ ਅੰਦਰ ਚੰਗੀਆਂ ਆਦਤਾਂ ਸਮਾਉਂਦੀਆਂ ਜਾਣਗੀਆਂ। ਸੋਹਣੀ ਸ਼ਖਸੀਅਤ ਲਈ ਆਪਣੀ ਜੁਬਾਨ ਅੰਦਰ ਮਿੱਠਾਸ ਭਰ ਕੇ ਸਭ ਨਾਲ ਪਿਆਰ ਅਤੇ ਸਤਿਕਾਰ ਰੱਖਦੇ ਹੋਏ ਆਪਣੇ ਆਪ ਨੂੰ ਇਕ ਖਾਸ ਸਾਂਚੇ ਵਿਚ ਢਾਲਣਾ ਪੈਂਦਾ ਹੈ। ਹਰ ਸਮੇਂ ਚੜ੍ਹਦੀਆਂ ਕਲਾਂ ਵਿਚ ਰਹਿਣਾ ਪੈਂਦਾ ਹੈ। ਕਈ ਵਾਰੀ ਛੇਤੀ ਹੀ ਤੁਹਡੀ ਬੱਲੇ ਬੱਲੇ ਹੋਣ ਲੱਗ ਪੈਂਦੀ ਹੈ। ਇਸ ਨਾਲ ਮਨ ਵਿਚ ਹਉਮੇ ਬਹੁਤ ਜਲਦੀ ਆ ਜਾਂਦੀ ਹੈ। ਇਹ ਹਉਮੇ ਦੀ ਮੈਲ ਨਿਮਰਤਾ ਅਤੇ ਸੇਵਾ ਨਾਲ ਹੀ ਉਤਰਦੀ ਹੈ। ਆਪਣੇ ਅੰਦਰ ਤਿਆਗ ਦੀ ਭਾਵਨਾ ਬਹੁਤ ਜ਼ਰੂਰੀ ਹੈ।
ਦੂਸਰਿਆਂ ਤੋਂ ਜੋ ਤੁਹਾਨੂੰ ਇਜ਼ੱਤ ਮਾਣ ਅਤੇ ਸਤਿਕਾਰ ਮਿਲਦਾ ਹੈ ਉਹ ਤੁਹਾਡੇ ਆਪਣੇ ਚਾਲ ਚੱਲਣ ਦਾ ਤੋਹਫਾ ਹੁੰਦਾ ਹੈ। ਦੁਨੀਆਂ ਨੂੰ ਜੋ ਕੁਝ ਤੁਸੀਂ ਦਿੰਦੇ ਹੋ ਉਹ ਹੀ ਮੁੜ ਕੇ ਤੁਹਾਡੇ ਕੋਲ ਆਉਂਦਾ ਹੈ। ਜੇ ਤੁਸੀਂ ਖ਼ੁਦ ਦਾ ਮਾਣ ਇੱਜ਼ਤ ਚਾਹੁੰਦੇ ਹੋ ਤਾਂ ਦੂਸਰਿਆਂ ਦਾ ਮਾਣ ਇੱਜ਼ਤ ਰੱਖਣਾ ਸਿੱਖੋ। ਜੇ ਤੁਸੀਂ ਸੋਚਦੇ ਹੋ ਕਿ ਦੂਸਰੇ ਨੂੰ ਮੰਦਾ ਬੋਲ ਕੇ ਉਸ ਕੋਲੋਂ ਤੁਹਾਨੂੰ ਮਿੱਠੇ ਬੋਲ ਮਿਲਣਗੇ ਤਾਂ ਇਹ ਤੁਹਾਡੀ ਭੁੱਲ ਹੈ।
ਬੇਸ਼ੱਕ ਤੁਹਾਡੇ ਚਿਹਰੇ ਦਾ ਪ੍ਰਭਾਵ ਸਭ ਤੋਂ ਪਹਿਲਾਂ ਦੂਸਰੇ ਤੇ ਪੈਂਦਾ ਹੈ। ਸੁੰਦਰ ਅਤੇ ਹੱਸਮੁੱਖ ਚਿਹਰਾ ਦੂਸਰੇ ਨੂੰ ਆਪਣੇ ਵਲ ਆਕਰਸ਼ਿਤ ਕਰਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਜੇ ਤੁਹਾਡਾ ਚਿਹਰਾ ਸੁੰਦਰ ਨਹੀਂ ਤਾਂ ਤੁਹਾਡੀ ਸ਼ਖਸੀਅਤ ਦਿਲਕਸ਼ ਨਹੀਂ ਹੋ ਸਕਦੀ। ਦਿਲਕਸ਼ ਸ਼ਖਸੀਅਤ ਲਈ ਮਨੁੱਖ ਵਿਚ ਹੋਰ ਵੀ ਕਈ ਗੁਣਾ ਦਾ ਹੋਣਾ ਜ਼ਰੂਰੀ ਹੈ। ਜਦ ਬੰਦੇ ਵਿਚ ਗੁਣ ਹੋਣ ਤਾਂ ਉਹ ਚਿਹਰੇ ਨਾਲੋਂ ਜ਼ਿਆਦਾ ਦੂਸਰੇ ਨੂੰ ਪ੍ਰਭਾਵਿਤ ਕਰਦੇ ਹਨ। ਗੁਣਾਂ ਕਰ ਕੇ ਹੀ ਕੋਈ ਦੂਸਰੇ ਨੂੰ ਪਿਆਰ ਕਰਦਾ ਹੈ। ਜਿਸ ਬੰਦੇ ਨਾਲ ਪਿਆਰ ਹੋਵੇ ਉੱਥੇ ਫਿਰ ਉਸ ਦਾ ਚਿਹਰਾ ਆਪੇ ਹੀ ਸੋਹਣਾ ਲੱਗਣ ਲੱਗ ਪੈਂਦਾ ਹੈ।। ਚਿਹਰੇ ਤੋਂ ਉੱਪਰ ਉੱਠ ਕੇ ਬੰਦੇ ਦਾ ਧਿਆਨ ਮਨ ਦੀ ਸੁੰਦਰਤਾ ਵਲ ਜਾਂਦਾ ਹੈ। ਉਸ ਸਮੇਂ ਕਾਲੀ ਲੈਲਾ ਵੀ ਹੂਰਾਂ ਪਰੀ ਨਜ਼ਰ ਆਉਣ ਲਗ ਪੈਂਦੀ ਹੈ। । ਅਮਰੀਕਾ ਦੇ ਸਾਬਕਾ ਪ੍ਰਧਾਨ ਬਰਾਕ ਓਬਾਮਾ ਅਤੇ ਦੱਖਣੀ ਅਫਰੀਕਾ ਦੇ ਨੈਲਸਨ ਮੁਡੇਲਾ ਕਾਲੇ ਹੋਣ ਦੇ ਬਾਵਜ਼ੂਦ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸਨ।
ਉਦਮੀ ਬਣੋ। ਸਮੇਂ ਦਾ ਸਦਉਯੋਗ ਕਰੋ।ਗੁਜ਼ਰਿਆ ਸਮਾਂ ਕਦੀ ਦੂਬਾਰਾ ਹੱਥ ਨਹੀਂ ਆਉਂਦਾ। ਕਦੀ ਆਲਸ ਨਾ ਕਰੋ। ਅੱਜ ਦਾ ਕੰਮ ਕਦੀ ਕੱਲ੍ਹ ਤੇ ਨਾ ਛੱਡੋ। ਕੱਲ੍ਹ ਤੁਹਾਨੂੰ ਦੋ ਦਿਨ ਦਾ ਇਕੱਠਾ ਕੰਮ ਇਕ ਦਿਨ ਵਿਚ ਕਰਨਾ ਮੁਸ਼ਕਲ ਹੋ ਜਾਵੇਗਾ। ਇਹ ਵੀ ਹੋ ਸਕਦਾ ਹੈ ਕੱਲ੍ਹ ਆਵੇ ਹੀ ਨਾ। ਜਿਹੜਾ ਬੰਦਾ ਸਮਾਂ ਬਰਬਾਦ ਕਰਦਾ ਹੈ, ਸਮਾਂ ਇਕ ਦਿਨ ਉਸ ਨੂੰ ਬਰਬਾਦ ਕਰ ਕੇ ਰੱਖ ਦਿੰਦਾ ਹੈ।।ਸਾਡੇ ਵਿਚ ਗੁਣ ਘੱਟ ਹੁੰਦੇ ਹਨ ਪਰ ਅਸੀਂ ਦੂਜਿਆਂ ਅੱਗੇ ਉਨ੍ਹਾਂ ਦਾ ਢੰਡੋਰਾ ਜ਼ਿਆਦਾ ਪਿੱਟਦੇ ਹਾਂ। ਥੋੜ੍ਹਾ ਜਿਹਾ ਦਾਨ ਕਰ ਕੇ ਅਸੀਂ ਸਭ ਲੋਕਾਂ ਵਿਚ ਉਸ ਦਾ ਆਪਣੇ ਮੁੰਹੋਂ ਪ੍ਰਚਾਰ ਕਰਦੇ ਹਾਂ ਜਿਵੇਂ ਅਸੀਂ ਬਹੁਤ ਵੱਡੇ ਦਾਨੀ ਹੋਈਏ। ਇਸੇ ਤਰ੍ਹਾਂ ਜੇ ਅਸੀਂ ਕਿਸੇ ਦੀ ਜਰਾ ਜਿੰਨੀ ਵੀ ਮਦਦ ਕਰੀਏ ਤਾਂ ਸਭ ਨੂੰ ਦਸਦੇ ਫਿਰਦੇ ਹਾਂ ਕਿ ਅਸੀਂ ਫਲਾਣੇ ਦੀ ਮਦਦ ਕੀਤੀ। ਇਹ ਸਾਡੀ ਹਉਮੇ ਦਾ ਪ੍ਰਗਟਾਵਾ ਹੀ ਹੈ। ਦਾਨ ਦਾ ਮਤਲਬ ਹੈ ਕਿ ਇਕ ਹੱਥ ਦਏ ਪਰ ਦੂਜੇ ਹੱਥ ਨੂੰ ਪਤਾ ਹੀ ਨਾ ਲੱਗੇ। ਕਿਸੇ ਦੀ ਮਦਦ ਕਰਨੀ ਹੈ ਤਾਂ ਨਿਸ਼ਕਾਮ ਹੋ ਕੇ ਕਰੋ। ਦਿਲਕਸ਼ ਸ਼ਖਸੀਅਤ ਦਾ ਮਤਲਬ ਹੈ ਕਿ ਤੁਸੀਂ  ਆਪਣੇ ਬਾਰੇ ਕੁਝ ਨਾ ਬੋਲੋ, ਤੁਹਾਡੇ ਕੰਮ ਤੁਹਾਡੇ ਬਾਰੇ ਬੋਲਣ। ਲੋਕ ਖ਼ੁਦ ਤੁਹਾਡੇ ਗੁਣਾਂ ਦੀ ਤਰੀਫ ਕਰਨ। ਦਿਲਕਸ਼ ਸ਼ਖਸੀਅਤ ਵਿਚ ਬੰਦੇ ਦਾ ਸਰਬ ਪੱਖੀ ਵਿਕਾਸ ਹੁੰਦਾ ਹੈ। ਮਨੁੱਖ ਢਹਿੰਦੀਆਂ ਕਲਾਂ ਵਿਚੋਂ ਨਿਕਲ ਕੇ ਚੜ੍ਹਦੀਆਂ ਕਲਾਂ ਵਿਚ ਆਉਂਦਾ ਹੈ। ਉਹ ਮਨ ਨੂੰ ਕਿਸੇ ਪਾਸੇ ਡੋਲਨ ਨਹੀਂ ਦਿੰਦਾ ਅਤੇ ਹਰ ਤਰ੍ਹਾਂ ਅਡੋਲ ਰਹਿੰਦਾ ਹੈ। ਉਹ ਹਮੇਸ਼ਾਂ ਸੱਚਾਈ ਦੇ ਮਾਰਗ ਤੇ ਚੱਲਦਾ ਹੈ। ਇਸ ਲਈ ਕਹਿੰਦੇ ਹਨ "ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ।"
ਜੇ ਬੰਦੇ ਵਿਚ ਇਕ ਵੀ ਔਗੁਣ ਹੋਵੇ ਤਾਂ ਉਸ ਨੂੰ ਬਹੁਤ ਕਸ਼ਟ ਸਹਾਰਨੇ ਪੈਂਦੇ ਹਨ। ਉਸ ਦੀ ਸਫ਼ਲਤਾ ਪਿਛੇ ਪੈ ਜਾਂਦੀ ਹੈ। ਉਸ ਨੂੰ ਬਾਰ ਬਾਰ ਆਪਣੇ ਆਪ ਕੋਲੌਂ ਅਤੇ ਦੂਜਿਆਂ ਕੋਲੋਂ ਸ਼ਰਮਿੰਦਾ ਹੋਣਾ ਪੈਂਦਾ ਹੇ। ਉਹ ਬਾਰ ਬਾਰ ਇਸ ਔਗੁਣ ਨੂੰ ਛੱਡਣ ਦਾ ਪ੍ਰਣ ਕਰਦਾ ਹੈ ਪਰ ਛੱਡ ਨਹੀਂ ਸਕਦਾ।ਇਸ ਲਈ ਕੋਸ਼ਿਸ਼ ਕਰੋ ਕਿ ਪਹਿਲਾਂ ਹੀ ਕਿਸੇ ਔਗੁਣ ਨੂੰ ਆਪਣੇ ਨੇੜੇ ਨਾ ਢੁਕਣ ਦਿਓ। ਬੁਰੀ ਸੰਗਤ ਨਾਲ ਤੁਹਾਡਾ ਚਾਲ ਚੱਲਣ ਵਿਗੜ ਜਾਂਦਾ ਹੈ।
ਆਪਣੀ ਵੱਖਰੀ ਪਹਿਚਾਣ ਬਣਾਓ। ਸਮਾਜ ਵਿਚ ਵਿਚਰਦੇ ਹੋਏ ਤੁਹਾਡੀ ਸ਼ਖਸੀਅਤ ਝਲਕਣੀ ਚਾਹੀਦੀ ਹੈ। ਕਦੀ ਦੂਸਰੇ ਦਾ ਦਿਲ ਨਾ ਦੁਖਾਓ। ਆਪਣੇ ਅੰਦਰ ਸਹਿਣ ਸ਼ੀਲਤਾ ਰੱਖੋ। ਸਭ ਨਾਲ ਮਿੱਠਾ ਬੋਲੋ। ਹਰਮਨ ਪਿਆਰੇ ਬਣੋ। ਤੁਹਾਡਾ ਸਲੀਕਾ ਤੁਹਾਡੀ ਜ਼ਿੰਦਗੀ ਦੇ ਸਫ਼ਰ ਨੂੰ ਸੁਖਾਵਾਂ ਬਣਾਉਂਦਾ ਹੈ। ਕੇਵਲ ਇੱਛਾ ਕਰਨ ਨਾਲ ਹੀ ਕੋਈ ਕੰਮ ਪੂਰਾ ਨਹੀਂ ਹੋ ਜਾਂਦਾ। ਦੁਨੀਆਂ ਨੂੰ ਕੁਝ ਕਰ ਕੇ ਦਿਖਾਓ। ਸਫ਼ਲਤਾ ਦੀ ਟੀਸੀ ਤੇ ਪਹੁੰਚਣ ਲਈ ਦੂਸਰਿਆਂ ਦੇ ਮੋਢਿਆਂ ਤੇ ਖਲੋਣ ਦੀ ਲੋੜ ਨਹੀਂ। ਬੁਲੰਦੀਆਂ ਨੂੰ ਛੂਹਣ ਵਾਲੇ ਕਦੀ ਮੌਤ ਤੋਂ ਨਹੀਂ ਡਰਦੇ। ਬੇਸ਼ੱਕ ਤੁਹਾਨੂੰ ਸਰਕਾਰ ਜਾਂ ਕਿਸੇ ਹੋਰ ਸੰਸਥਾ ਤੋਂ ਕੋਈ ਇਨਾਮ ਸਨਮਾਨ ਨਾ ਮਿਲੇ ਕਿਉਂਕਿ ਇਨ੍ਹਾਂ ਲਈ ਬਹੁਤ ਪੁੱਠੇ ਸਿੱਧੇ ਪਾਪੜ ਵੇਲਨੇ ਪੈਂਦੇ ਹਨ। ਤੁਸੀਂ ਲੱਖਾਂ ਲੋਕਾਂ ਦਾ ਦਿਲ ਤੇ ਰਾਜ ਕਰੋਗੇ। ਲੋਕ ਤੁਹਾਡਾ ਦਿਲੋਂ ਸਤਿਕਾਰ ਕਰਨਗੇ। ਫਿਰ ਲੋਕ ਸੁਖੀਏ ਪਰਲੋਕ ਸੁਹੇਲੇ ਹੋਣਗੇ।