ਧਰਮ ਦੀ ਧੀ (ਕਹਾਣੀ)

ਜਸਬੀਰ ਮਾਨ   

Email: jasbirmann@live.com
Address:
ਸਰੀ British Columbia Canada
ਜਸਬੀਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


tamoxifen shortage uk

tamoxifen uk pct
ਰਾਣੀ ਗੁਰਦੁਵਾਰਾ ਸਾਹਿਬ ਦੀ ਬਾਹਰਲੀ ਕੰਧ ਉੱਪਰ ਲੱਗੇ ਬੁਲਿਟਨ ਬੋਰਡ ਉੱਪਰ ਆਪਣੀ ਖਾਲੀ ਪਈ ਬੇਸਮੈਂਟ ਅਜੇ ਲਗਾ ਕੇ ਹੀ ਹਟੀ ਸੀ ਕਿ ਉਸ ਨੂੰ ਪਿੱਛੋਂ ਦੀ ਇਕ ਆਵਾਜ਼ ਸੁਣੀ-
"ਬੇਟਾ ਏਥੇ ਕੋਈ ਆਸੇ-ਪਾਸੇ ਖਾਲੀ ਬੇਸਮੈਂਟ ਹੈਗੀ ਆ"।
ਜਦ ਰਾਣੀ ਨੇ ਆਪਣਾ ਮੂੰਹ ਪਿੱਛੇ ਵੱਲ ਭੁਮਾ ਕੇ ਵੇਖਿਆ ਤਾਂ ਇਕ ਚੰਗੀ ਉਮਰ ਦਾ ਚਿੱਟੀ ਦਾਹੜੀ ਵਾਲਾ ਬਜ਼ੁਰਗ ਖੜ੍ਹਾ ਪੁੱਛ ਰਿਹਾ ਸੀ।ਜਿਸ ਦੇ ਹੱਥ ਵਿਚ ਕਾਲੇ ਰੰਗ ਦੀ ਛਤਰੀ ਫੜੀ ਹੋਈ ਸੀ।
"ਹਾਂ ਜੀ ਬੇਸਮੈਂਟ ਲੱਭਦੇ ਹੋ ਅੰਕਲ ਜੀ।ਕਿੰਨੇ ਬੈੱਡਰੂਮ ਦੀ,ਇਕ ਦੀ ਜਾਂ ਦੋ ਦੀ?"ਰਾਣੀ ਨੇ ਬਜ਼ੁਰਗ ਵੱਲ ਵੇਖ ਕੇ ਪੁੱਛਿਆ।
"ਇਕ ਰੂਮ ਦੀ ਚਾਹੀਦੀ ਹੈ ਬੇਟਾ।ਬੱਸ ਅਸੀਂ ਦੋਹੇਂ ਜੀ ਹਾਂ।ਮੈਂ ਤੇ ਮੇਰੀ ਘਰਵਾਲੀ।ਕੋਈ ਹੈ ਗੀ ਨਿਗਾਹ ਚ" ਬਜ਼ੁਰਗ ਨੇ ਤਰਲਾ ਜਿਹਾ ਪਾਉਣ ਵਾਲੀ ਆਵਾਜ਼ ਵਿਚ ਪੁਛਿਆ।
ਹਾਂ ਜੀ ,ਅੰਕਲ ਜੀ।ਮੈਂ ਅਜੇ ਹੁਣੇ ਹੀ ਇੱਥੇ ਲਗਾ ਕੇ ਹਟੀ ਹਾਂ।ਆਹ ਵੇਖੋ।ਮੇਰੀ ਬੇਸਮੈਂਟ ਖਾਲੀ ਹੀ ਹੈ।ਜੋ ਕੇ ਇਕ ਬੈਡਰੂਮ ਦੀ ਹੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਵੇਖ ਸਕਦੇ ਹੋ"।
"ਕਿੱਥੇ ਹੈ ?,ਇੱਥੋਂ ਕਿੰਨੀ ਦੂਰ ਹੈ ?ਕਿੰਨਾ ਕਿਰਾਇਆ ਹੈ" ?ਬਜ਼ੁਰਗ ਨੇ ਉਤਸੁਕਤਾ ਜ਼ਾਹਰ ਕਰਦਿਆਂ ਹੋਇਆ ਰਾਣੀ ਨੂੰ ਪੁਛਿਆ
"।ਆਹ ਨਾਲ ਹੀ ਹੈ।ਪੈਦਲ ਚੱਲ ਕੇ ਮਸਾਂ ਦਸ-ਪੰਦਰਾਂ ਮਿੰਟ ਹੀ ਲੱਗਦੇ ਹਨ।ਕਿਰਾਇਆ ਪੰਜ ਸੌ ਡਾਲਰ ਹੈ ।ਵਿਚੇ ਹੀ ਮੈਂ ਤੁਹਾਨੂੰ ਲਾਂਡਰੀ ਤੇ ਕੇਵਲ ਵੀ ਦੇ ਦਿਆਂਗੀ "
ਰਾਣੀ ਦੀ ਗੱਲ ਸੁਣ ਕੇ ਬਜ਼ੁਰਗ ਇਕ ਦਮ ਹੀ ਉਸਦੇ ਨਾਲ ਜਾਣ ਲਈ ਤਿਆਰ ਹੋ ਗਿਆ।ਰਾਣੀ ਆਪ ਵੀ ਪੈਦਲ ਹੀ ਆਈ ਸੀ।ਉਹ ਉਸੇ ਵਕਤ ਹੀ ਬਜ਼ੁਰਗ ਨੂੰ ਆਪਣੇ ਨਾਲ ਲੈ ਕੇ ਆਪਣੇ ਘਰ ਪਹੁੰਚ ਗਈ।ਘਰ ਦੇ ਮੁੱਖ ਦਰਵਾਜ਼ੇ ਨੂੰ ਖੋਲਕ ੇ ਉਹ ਅੰਦਰ ਚਲੀ ਗਈ।ਅੰਦਰ ਜਾ ਕੇ ਉਸਨੇ ਬੇਸਮੈਂਟ ਦਾ ਦਰਵਾਜ਼ਾ ਵੀ ਅੰਦਰੋਂ ਹੀ ਖੋਲ ਦਿੱਤਾ ਤੇ ਬਜ਼ੁਰਗ ਅੰਦਰ ਆ ਗਿਆ।
ਬੇਸਮੈਂਟ ਵਾਹਵਾ ਖੁੱਲੀ-ਡੁੱਲੀ,ਸਾਫ-ਸੁਥਰੀ ਤੇ ਹਵਾਦਾਰ ਸੀ।ਜਿਸਨੂੰ ਵੇਖ ਕੇ ਬਜ਼ੁਰਗ ਬਹੁਤ ਖੁਸ਼ ਹੋਇਆ।ਉਹ ਆਸੇ-ਪਾਸੇ ਬਾਹਰ ਵੱਲ ਨੂੰ ਵੇਖਦਾ ਹੋਇਆ ਰਾਣੀ ਨੂੰ ਕਿਰਾਏ ਵਾਰੇ ਪੁੱਛਣ ਲੱਗਾ।ਭਾਂਵੇ ਰਾਣੀ ਕਿਰਾਇਆ ਪਹਿਲਾਂ ਵੀ ਉਸਨੂੰ ਦੱਸ ਚੁੱਕੀ ਸੀ ਪਰ ਫਿਰ ਵੀ ਉਸਨੇ ਕਿਰਾਇਆ ਪੰਜ ਸੌ ਡਾਲਰ ਤੇ ਵਿਚੇ ਹੀ ਲਾਂਡਰੀ ਤੇ ਕੇਵਲ ਬਜ਼ੁਰਗ  ਨੂੰ ਦੁਵਾਰਾ ਦੱਸ ਦਿੱਤਾ।ਬਜ਼ੁਰਗ ਕਿਰਾਇਆ ਸੁਣ ਕੇ ਥੋੜਾ ਜਿਹਾ ਚੁੱਪ ਕਰ ਗਿਆ।ਉਹ ਆਪਣੇ ਮੂੰਹ ਵਿਚ ਕੋਈ ਹਿਸਾਬ-ਕਿਤਾਬ ਜਿਹਾ ਲਾਉਣ ਲੱਗਾ।ਫਿਰ ਉਸਨੇ ਆਪਣੇ ਬਟੂਏ ਵਿਚੋਂ ਸੌ ਡਾਲਰ ਕੱਢਿਆ ਤੇ ਰਾਣੀ ਨੂੰ ਫੜਾਉਂਦਿਆਂ ਕਹਿਣ ਲੱਗਾ,।"ਬੇਟਾ ਆਹ ਫੜ ਤੂੰ ਸੌ ਡਾਲਰ ਤੇ ਬਾਕੀ ਦੇ ਕੱਲ ਨੂੰ ਦੇ ਜਾਵਾਂਗਾ।ਕੱਲ ਨੂੰ ਹੀ ਤੇਰੀ ਅੰਟੀ ਨੂੰ ਲਿਆ ਕੇ ਬੇਸਮੈਂਟ ਵੀ ਦਿਖਾ ਜਾਵਾਂਗਾ"।
ਰਾਣੀ ਬਜ਼ੁਰਗ ਤੋਂ ਸੌ ਡਾਲਰ ਲੈਣ ਤੋਂ ਇਨਕਾਰ ਕਰਦੀ ਹੋਈ ਕਹਿਣ ਲੱਗੀ,।"ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਕੱਲ ਨੂੰ ਹੀ ਦੇ ਜਾਇਓ ਅਤੇ ਨਾਲ ਹੀ ਅੰਟੀ ਜੀ ਨੂੰ ਵੀ ਬੇਸਮੈਂਟ ਦਿਖਾ ਜਾਇਓ।ਜੇਕਰ ਉਹਨਾਂ ਨੂੰ ਪਸੰਦ ਹੋਈ ਤਾਂ……………"।
"ਨਹੀਂ-ਨਹੀਂ ਬੇਟਾ,ਪਸੰਦ ਨੂੰ ਕੀ ਹੈ ਪਸੰਦ ਹੀ ਹੋਣੀ ਆ।ਉਸ ਜੇਲ ਖਾਨੇ ਨਾਲੋਂ ਤਾਂ ਚੰਗਾ ਹੈ ਕਿ ਅਸੀਂ ਇੱਥੇ ਅਰਾਮ ਦੇ ਨਾਲ ਰਹਾਂਗੇ।ਕੋਲੇ ਗੁਰੁ ਘਰ ਹੈ ਜਦ ਜੀਅ ਕੀਤਾ ਜਾ ਮੱਥਾ ਟੇਕ ਆਇਆਂ ਕਰਾਂਗੇ"।
"ਹਾਂ ਜੀ ਅੰਕਲ ਜੀ ਗੁਰੁ ਘਰ ਦੇ ਨਾਲ-ਨਾਲ ਇੱਥੇ ਸਾਰੇ ਗਰੌਸਰੀ ਸਟੋਰ ਵੀ ਲਾਗੇ ਹੀ ਹਨ।'ਫਰੂਟੀਕੈਨਾ' ਅਤੇ 'ਵਾਲਮਾਰਟ'।ਜੋ ਵੀ ਚੀਜ਼ ਇੱਥੋਂ ਲੈਣੀ ਹੋਵੇ ਸਾਰੀ ਹੀ ਮਿਲ਼ ਜਾਂਦੀ ਹੈ।ਪੈਦਲ ਵੀ ਜਾ ਸਕਦੇ ਹਾਂ ਤੇ ਜੇਕਰ ਬੱਸ ਤੇ ਜਾਣਾ ਹੋਵੇ ਤਾਂ ਆਹ ਬੱਸ ਸਟਾਪ ਵੀ ਲਾਗੇ ਹੀ ਹੈ।ਹਰੇਕ ਅੱਧੇ ਘੰਟੇ ਬਾਅਦ ਇੱਥੇ ਬੱਸ ਰੁਕਦੀ ਹੈ।ਸਭ ਸਹੂਲਤਾਂ ਨੇੜੇ ਹੀ ਹਨ।ਤੁਹਾਨੂੰ ਇੱਥੇ ਕੋਈ ਸਮੱਸਿਆ ਨਹੀਂ ਆਵੇਗੀ"।
ਰਾਣੀ ਜਿਵੇਂ-ਜਿਵੇਂ ਬਜ਼ੁਰਗ ਨੂੰ ਸਾਰੀਆਂ ਸਹੂਲਤਾਂ ਦੇ ਵਾਰੇ ਦੱਸਦੀ ਗਈ ਤਿਵੇਂ-ਤਿਵੇਂ ਬਜ਼ੁਰਗ ਦੇ ਮੂੰਹ ਤੇ ਖੇੜਾ ਆਉਂਦਾ ਗਿਆ।ਉਹ ਆਪਣੀ ਛਤਰੀ ਚੁੱਕ ਕੇ ਕੱਲ ਨੂੰ ਆਉਣ ਦਾ ਵਾਅਦਾ ਕਰਕੇ ਅਜੇ ਜਾਣ ਹੀ ਲੱਗਾ ਸੀ ਕਿ ਰਾਣੀ ਨੇ ਉਸਨੂੰ ਨਾਲ ਹੀ ਪੁੱਛ ਲਿਆ,
"ਅੰਕਲ ਜੀ ਹੁਣ ਤੁਸੀਂ ਕਿੱਥੇ ਰਹਿੰਦੇ ਹੋ? ਘਰ ਵਿਚ ਜਾਂ ਫਿਰ ਬੇਸਮੈਂਟ ਵਿਚ ?ਬੇਟੇ ਨਾਲ ਜਾਂ ਫਿਰ ਬੇਟੀ ਨਾਲ ?"
"ਨਾ ਬੇਟੀ ਨਾ ਬੇਟਾ ਪੁੱਤ।ਨਾ ਘਰ ਨਾ ਬੇਸਮੈਂਟ।ਬੱਸ ਕੰਜਰਖਾਨਾ ਹੈ ਧੀਏ"।
ਕੰਜਰਖਾਨੇ ਦਾ ਨਾਂ ਸੁਣ ਕੇ ਰਾਣੀ ਨੇ ਆਪਣੇ ਭਰਵੱਟੇ ਇਕਦਮ ਉਤਾਂਹ ਚੁੱਕ ਲਏ।ਆਪਣਾ ਹੱਥ ਆਪਣੇ ਮੂੰਹ ਤੇ ਰੱਖਦੀ ਹੋਈ ਇਕਦਮ ਬੋਲੀ,
"ਕੰਜਰਖਾਨਾ"
ਕੰਜਰਖਾਨਾ ਅੰਕਲ ਜੀ।
" ਧੀਏ ਕੰਜਰਖਾਨਾ ਹੀ ਹੋਇਆ ਨਾ।ਜਿੱਥੇ ਬਜ਼ੁਰਗਾਂ ਦੀ ਕੋਈ ਲਹੁ-ਲਿਹਾਜ਼ ਨਾ ਹੋਵੇ,ਕੋਈ ਇੱਜ਼ਤ ਮਾਣ ਨਾ ਹੋਵੇ।ਹਰ ਸਮੇਂ ਉਹਨਾਂ ਨੂੰ ਨੀਵਾਂ ਦਿਖਾਉਣ ਦੀ ਹੀ ਠਾਣ ਰੱਖੀ ਹੋਵੇ "।
ਬਜ਼ੁਰਗ ਦੀ ਗੱਲ ਅਜੇ ਪੂਰੀ ਹੀ ਨਹੀਂ ਸੀ ਹੋਈ ਕਿ ਰਾਣੀ ਵਿਚੇ ਹੀ ਬੋਲ ਪਈ।
"ਅੰਕਲ ਜੀ ਫਿਰ ਤਾਂ ਤੁਸੀਂ ਬਹੁਤ ਹੀ ਔਖੇ ਲੱਗਦੇ ਹੋ"।
ਭਜ਼ੁਰਗ ਨੂੰ ਇਹ ਗੱਲ ਪੁੱਛ ਕੇ ਜਿਸ ਤਰਾਂ੍ਹ ਰਾਣੀ ਨੇ ਉਸ ਦੀ ਦੁੱਖਦੀ ਰਗ ਤੇ ਹੱਥ ਧਰ ਦਿੱਤਾ ਹੋਵੇ।ਫਿਰ ਕੀ ਸੀ ਉਹ ਛਿੜ ਪਿਆ।ਇਸ ਤਰਾਂ੍ਹ ਜਿਸ ਤਰ੍ਹਾਂ ਉਸ ਦਾ ਅੰਦਰਲਾ ਕੜ ਪਾਟ ਗਿਆ ਹੋਵੇ।
"ਹਾਂ ਧੀਏ ਦੁਖੀ ਏਨਾ ਜਿਸ ਦਾ ਹਿਸਾਬ ਕੋਈ ਨਾ।ਸਾਰੀ ਜਿੰਦਗੀ ਹਲ਼ ਵਾਹਿਆ ਤੇ ਬਹੁਤ ਹੀ ਸਖਤ ਮਿਹਨਤ ਕੀਤੀ।ਅੱਠ ਭੈਣ-ਭਰਾਂ ਸਾਂ ਜਦ ਸਾਡਾ ਬਾਪ ਸਾਨੂੰ ਇਸ ਦੁਨੀਆਂ ਤੋਂ ਛੱਡ ਕੇ ਤੁਰ ਗਿਆ।ਚਾਰ ਭੈਣਾਂ ਸੀ ਤੇ ਚਾਰ ਭਰਾ।ਮੈਂ ਸਭ ਤੋਂ ਵੱਡਾ ਸੀ ਤੇ ਫਿਰ ਕੀ ਸੀ ਮੇਰੇ ਪਿਓ ਦੀ ਸਾਰੀ ਜੁੰਮੇਂਵਾਰੀ ਮੇਰੇ ਸਿਰ ਤੇ ਆ ਗਈ।ਮੈਂ ਉੱਦੋਂ ਮਸਾਂ ਸਤਾਰਾਂ-ਠਾਰਾਂ ਵਰਿਆਂ ਦਾ ਹੋਵਾਂਗਾ।ਚਾਰ ਘੁੰਮਾਂ ਜਮੀਨ ਸੀ ਬਾਪ ਮੇਰੇ ਦੀ।ਉਸ ਵਿਚੋਂ ਹੀ ਸਾਰਾ ਟੱਬਰ ਪਾਲਿਆ।ਸਾਰਾ-ਸਾਰਾ ਦਿਨ ਹਲ਼ ਵਾਹੁਣਾ,ਗੱਡਾ ਜੋੜਨਾ ਤੇ ਕੁਇੰਟਲ-ਕੁਇੰਟਲ ਦੀ ਬੋਰੀ ਸਬੂਤੀ ਹੀ ਮੋਢਿਆਂ ਤੇ ਚੁੱਕੀ ਫਿਰਨਾਂ।ਸਵੇਰੇ ਸ਼ਾਮ ਮਿੱਟੀ ਨਾਲ ਮਿੱਟੀ ਤੇ ਗੋਹੇ ਨਾਲ ਗੋਹਾ ਹੋਏ ਰਹਿਣਾ।ਫਿਰ ਸਾਰੇ ਭੈਣ-ਭਰਾਵਾਂ ਦੇ ਵਿਆਹ ਕੀਤੇ ਤੇ ਫਿਰ ਆਵਦਾ ਕਰਵਾਇਆ ਤੇ ਫਿਰ ਆਹ ਨਿਆਣੇ ਹੋਏ।ਜਿਹੜੇ ਕੱਲ ਦੇ ਛੋਕਰੇ ਨੇ ਤੇ ਅੱਜ ਮੈਨੂੰ ਦੱਸਦੇ ਨੇ ਕੇ ਤੂੰ ਕੀਤਾ ਹੀ ਕੀ ਹੈ"।
ਇਹਨਾ ਦੋਹਾਂ ਨੂੰ ਪੜ੍ਹਾਇਆ,ਕਨੇਡਾ ਭੇਜਿਆ ਤੇ ਫਿਰ ਦੋਹਾਂ ਦੇ ਵਿਆਹ ਕੀਤੇ।ਹੋਰ ਦੱਸ ਧੀਏ ਕੇ ਬੰਦਾ ਹੋਰ ਕੀ ਕਰ ਦੇਵੇ।ਦੋਹਾਂ ਨੂੰ ਦਸ-ਦਸ ਕਰਵਾਈਆਂ।ਵੱਡਾ ਤਾਂ ਚੱਲਦਾ ਹੀ ਨਹੀਂ ਸੀ।ਅੱਠਵੀਂ ਤੋਂ ਬਾਅਦ ਕਹਿੰਦਾ ਮੈਂ ਨਹੀਂ ਪੜਨਾ।ਮੈਂ ਕਿਹਾ ਓਏ,ਤੂੰ ਪੜ੍ਹ ਲੈ ਚੰਗਾ ਰਹੇਂਗਾ।ਨਹੀਂ ਤਾਂ ਆਹ ਮੇਰੇ ਵਾਂਗੂੰ ਔਖੇ ਕੰਮ ਕਰਨੇ ਪੈਣਗੇ।ਇਹ ਨਹੀਂ ਤੇਰੇ ਕੋਲੋਂ ਹੋਣੇ।ਖਿੱਚ ਧੂਹ ਕੇ ਮਸਾਂ ਦਸਵੀਂ ਕੀਤੀ।ਫਿਰ ਆਹ ਬਾਹਰ ਆਉਣ ਦਾ ਚੱਕਰ ਪਾ ਬੈਠਾ।ਇਹਦੇ ਹਿੱਸੇ ਆਉਂਦੇ ਚਾਰ ਸਿਆੜ ਵੀ ਗਹਿਣੇ ਧਰ ਤੇ…।ਅਖੇ ਬਾਹਰ ਜਾ ਕੇ ਥੋਡੇ ਸਭ ਰੋਣੇ-ਧੋਣੇ ਧੋ ਦੇਊਂ।ਮੁੜ ਕੇ ਕੰਜਰ ਭੁੱਲ ਹੀ ਗਿਆ ਕੇ ਕੀ ਵਾਅਦਾ ਕਰਕੇ ਆਇਆ ਸੀ।ਪੰਜੀਂ ਸਾਲੀਂ ਵਿਆਹ ਕਰਵਾਉਣ ਚਲਿਆ ਗਿਆ ਖਾਲੀ ਹੱਥ ਲੈ ਕੇ।ਫਿਰ ਇਹਦਾ ਵਿਆਹ ਕੀਤਾ।
ਇਸ ਤੋਂ ਬਾਅਦ ਛੋਟਾ ਮਗਰ ਪੈ ਗਿਆ।ਉਹਦੇ ਸਿਰ ਤੇ ਕਨੇਡਾ ਦਾ ਭੂਤ ਸੁਵਾਰ ਹੋ ਗਿਆ।ਜੋ ਕੁਝ ਕੋਲੇ ਸੀ ਧੀਏਉਹ ਵੀ ਉਹਨੂੰ ਕੁੰਲਜ ਕੇ ਦੇ ਦਿੱਤਾ।ਕੰਜਰਾਂ ਨੇ ਇਹ ਨੀ ਸੋਚਿਆ ਕਿ ਇਹ ਦੋਹੇਂ ਜਾਣੇ ਕੀ ਖਾਣਗੇ ?ਜਿਵੇਂ ਸਿਆਣੇ ਕਹਿੰਦੇ ਨੇ ਪੁੱਤ ਕਪੁੱਤ ਹੋ ਸਕਦੇ ਹਨ ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ।ਇਵੇਂ ਧੀਏ ਆਪਣੇ ਵਾਰੇ ਕੁਝ ਨਹੀਂ ਸੋਚਿਆ।ਇਹਨਾਂ ਦੋਹਾਂ ਤੋਂ ਬਗੈਰ।ਪਰ ਸਾਨੂੰ ਕੀ ਪਤਾ ਸੀ ਕਿ ਇਹਨਾਂ ਨੇ ਸਾਡਾ ਬੁਢੇਪਾ ਰੋਲਣਾ।ਧੀਏ ਜੇਕਰ ਕੋਈ ਚੰਗਾ ਹੋਵੇ ਤਾਂ ਕਦੇ ਵੀ ਆਪਣਾ ਹੱਥ ਵੱਢ ਕੇ ਨਾ ਦੇਵੇ।ਬਜ਼ੁਰਗ ਨੇ ਇਹ ਗੱਲ ਇਕ ਲੰਮਾ ਹੌਂਕਾ ਲੈ ਕੇ ਆਖੀ।
ਉਹ ਨਾਲ ਹੀ ਆਪਣੀ ਕਹਾਣੀ ਨੂੰ ਅੱਗੇ ਤੋਰਦਿਆਂ ਹੋਇਆਂ ਦੱਸਣ ਲੱਗਾ,"ਸਾਨੂੰ ਛੋਟਾ ਮੁੰਡਾ ਕਹਿੰਦਾ ਕਿ ਮੈਂ ਤੁਹਾਨੂੰ ਕਨੇਡਾ ਸੱਦਣਾ।ਕਨੇਡਾ ਕਾਹਦਾ ਸੱਦਿਆ ਨਿਆਣੇ ਸਾਂਭਣ ਲਈ ਸੱਦ ਲਿਆ।ਚਾਰ ਸਾਲ ਹੋ ਗਏ ਸਾਨੂੰ ਆਇਆਂ ਨੂੰ ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ।ਛੋਟੇ ਨੇ ਸੱਦਿਆ ਸੀ ਸਾਨੂੰ। ਸਾਡੀ ਐਸੀ ਹਾਲਤ ਕੀਤੀ ਕਿ ਕਿਸੇ ਦੁਸ਼ਮਣ ਨਾਲ ਨਾ ਹੋਵੇ।ਉਹਦੇ ਘਰਵਾਲੀ ਏਨੀ ਕੁਪੱਤੀ ਹੈ ਕਿ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ।ਏਹੋ ਜਿਹੇ ਕੱਪੜੇ ਪਾਉਂਦੀ ਹੈ ਧੀਏ ਕਿ ਕੋਲ ਬੈਠਿਆਂ ਨੂੰ ਸ਼ਰਮ ਆਉਂਦੀ ਹੈ।ਤੂੰ ਸਾਡੀਆਂ ਧੀਆਂ ਵਰਗੀ ਹੈਂ ਪੁੱਤ।ਤੂੰ ਹੀ ਦੱਸ ਸਾਡੀਆਂ ਨੂੰਹਾਂ-ਧੀਆਂ ਨੂੰ ਨੰਗੇਜ ਸੋਭਦਾ ਹੈ ਭਲਾ।ਸ਼ਰਮ ਦੇ ਮਾਰਿਆਂ ਨੇ ਜਦ ਅਸੀਂ ਦੂਜੇ ਬੈਠਣ ਵਾਲੇ ਵਿਚ ਜਾ ਕੇ ਬਹਿਣਾ ਉਹਨਾਂ ਦੋਹਾਂ ਨੇ ਕਹਿਣਾ ਤੁਸੀਂ ਉੱਥੇ ਨਹੀਂ ਬੈਠ ਸਕਦੇ।ਆਏ ਗਏ ਲਈ ਹੈ ਇਹ।ਸੋਫੇ ਗੰਦੇ ਹੁੰਦੇ ਨੇ।ਜੇ ਦੂਜੇ ਚ ਬਹਿਣਾ ਤਾਂ ਕਹਿਣਾ ਉੱਥੇ ਨਹੀਂ ਬਹਿਣਾ।ਕੀ ਬੰਦਾ ਸਾਰੀ ਦਿਹਾੜੀ ਕਮਰੇ ਵਿਚ ਹੀ ਤੜਿਆ ਰਹੇ।ਹਾਰ ਕੇ ਮੈਂ ਵੱਡੇ ਮੁੰਡੇ ਨੂੰ ਕਹਿ ਤਾ ਤੂੰ ਸਾਨੂੰ ਲਿਜਾ ਸਕਦਾਂ ਹੈ ਤਾਂ ਲੈ ਜਾਹ ਨਹੀਂ ਤਾਂ ਸਾਨੂੰ ਇੰਡੀਆ ਭੇਜ ਦੇ।ਦਿਹਾੜੀ ਕਰਕੇ ਖਾ ਲਵਾਂਗੇ ਆਪਣੇ ਨਗਰ ਵਿਚ ਕੋਈ ਮਿਹਣਾ ਨਹੀਂ।ਪਹਿਲਾਂ ਤਾਂ ਉਹ ਵੀ ਨਾਂਹ-ਨੁੱਕਰ ਜਿਹੀ ਕਰਨ ਲੱਗਾ ਫਿਰ ਆ ਕੇ ਲੈ ਗਿਆ।
ਉਹ ਵੀ ਲਿਜਾ ਕੇ ਸਾਨੂੰ ਉੱਥੇ ਮੈਨੂੰ ਆਪਣੀ ਘਰਵਾਲੀ ਦੇ ਨਾਲ ਕਲੀਨਅਪ ਕਰਨ ਲਈ ਭੇਜ ਦਿਆ ਕਰੇ।ਸਾਰੀ-ਸਾਰੀ ਰਾਤ ਮੇਰੇ ਤੋਂ ਉੱਥੇ ਕੰਮ ਕਰਵਾਏ ਤੇ ਪੈਸੇ ਸਾਰੇ ਆਪਣੀ ਜੇਬ ਵਿਚ ਪਾ ਲਿਆ ਕਰੇ।ਮੇਰੇ ਘਰਵਾਲੀ ਵੀ ਨਾਲੇ ਸਾਰਾ ਦਿਨ ਨਿਆਣੇ ਸਾਂਭੇ ਤੇ ਨਾਲੇ ਘਰ ਦਾ ਕੰਮ ਕਰਿਆ ਕਰੇ।ਨੂੰਹ ਬੱਸ ਦਾਲ ਦਾ ਇਕ ਵੱਡਾ ਸਾਰਾ ਪਤੀਲਾ ਧਰ ਦਿਆ ਕਰੇ ਤੇ ਆਖੇ ਖਾਈ ਚੱਲੋ ਉਨਾ ਚਿਰ ਜਿੰਨਾ ਚਿਰ ਮੁੱਕਦੀ ਨਹੀਂ।ਆਪ ਬਾਹਰੋਂ ਰੋਜ ਆਡਰ ਕਰਨ।
ਸਾਲ ਬਾਅਦ ਬੇਟਾ ਰੱਖੜੀਆਂ ਆਈਆਂ।ਮੈਂ ਆਪਣੇ ਮੁੰਡੇ ਨੂੰ ਕਿਹਾ।ਮੇਰੀਆਂ ਭੈਣਾਂ ਇੰਡੀਆ ਹਨ ਉਹਨਾਂ ਵਿਚਾਰੀਆਂ ਨੂੰ ਕੁਝ ਪੈਸੇ ਪਾ ਦਿਓ।ਅੱਗੋਂ ਮੇਰੀ ਨੋਂਹ ਬੋਲੀ,"ਇਕ ਅੱਧੀ ਹੁੰਦੀ ਤਾਂ ਅਸੀਂ ਪੈਸੇ ਪਾ ਦਿੰਦੇ,ਏਨੀਆਂ ਨੂੰ ਪਾ ਕੇ ਅਸੀਂ ਲੁੱਟ ਹੋਣਾ"।
ਮੈਂ ਉਹਨਾਂ ਨੂੰ ਕਿਹਾ,।"ਓਏ ਮੈਂ ਥੋਡੇ ਕੋਲੋਂ ਕੁਝ ਨਹੀਂ ਲਿਆ ਤੇ ਮੈਂ ਥੋਡੇ ਬਰਾਬਰ ਕੰਮ ਕਰਦਾਂ ਹਾਂ।ਮੇਰੇ ਉਹਨਾਂ ਪੈਸਿਆਂ ਵਿਚੋਂ ਹੀ ਪਾ ਦਿਓ।ਬੱਸ ਬੇਟਾ ਭੇਜੇ ਹੀ ਨਾ"।
ਫੇਰ ਕੀ ਸੀ ਧੀਏ ਮੈਂ ਤਾਂ ਕਹਿ ਤਾਂ ਮੈਂ ਤਾਂ ਅੱਧੇ ਪੈਸੇ ਲੈਣੇ ਨੇ ,ਨਹੀਂ ਤਾਂ ਮੈਂ ਨੀ ਜਾਣਾ ਕੰਮ ਤੇ।ਅੱਗੋਂ ਸਾਡੀ ਨੋਂਹ ਕਹਿੰਦੀ ਤੁਸੀਂ ਰੋਟੀ ਨੀ ਖਾਂਦੇ ਦੋਹੇਂ ਜਾਣੇ।ਮੈਂ ਕਿਹਾ,ਤੁਸੀਂ ਅਜੇ ਸਾਡੀ ਰੋਟੀ ਨੌਲਦੇ ਹੋ।ਕੋਹਲੂ ਦੇ ਬੈਲ ਵਾਂਗੂੰ ਸਾਡੇ ਕੋਲੋਂ ਕੰਮ ਕਰਵਾਉਂਦੇ ਹੋ।ਅਜੇ ਸਾਡੀ ਰੋਟੀ ਦੁਖਦੀ ਹੈ ਥੋਨੂੰ।ਬੱਸ ਧੀਏ,ਫਿਰ ਮੈਂ ਆਪਣੇ ਹਿੱਸੇ ਦੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਤੇ ਸਾਡੀ ਨੂੰਹ ਨੇ ਸਾਡੇ ਨਾਲ ਆਢਾ ਲਾਉਣਾ ਸ਼ੁਰੂ ਕਰ ਦਿੱਤਾ।ਕੰਮ ਤੇ ਲਿਜਾ ਕੇ ਆਪ ਇਕ ਲੀਰ ਜਿਹੀ ਚੁੱਕੀ ਫਿਰਨਾਂ।ਅਕੇ ਮੇਰੀ ਤਾਂ ਬੈਕ ਦੁਖਦੀ ਹੈ।ਸਾਰਾ ਵੈਕੂਮ ਮੈਂ ਲਾਉਣਾ,ਸਾਰਾ ਝਾੜੂ-ਪੋਚਾ ਮੈਂ ਲਾਉਣਾ ਤੇ ਸਾਰਾ ਗਰਬ ਮੈਂ ਕੱਢਣਾ।ਜਦ ਪੈਸੇ ਦੇਣ ਦੀ ਵਾਰੀ ਆਉਣੀ ਤਾਂ ਛੱਤੀ ਸੌ ਨੁਕਸ ਕੱਢਣੇ।ਅਖੇ ਡੈਡੀ ਚੰਗੀ ਤਰਾਂ੍ਹ ਪੋਚਾ ਨਹੀਂ ਲਾਉਂਦਾ,
ਅਤੇ ਨਾ ੍ਹਹੀ ਗਰਬ ਚੰਗੀ ਤਰ੍ਹਾਂ ਕੱਢਦਾ ਹੈ।ਹਾਰ ਕੇ ਮੈਂ ਤਾਂ ਕਹਿ ਤਾਂ ਸਾਂਭੋ ਆਪਣਾ ਕੰਮ ਮੈਂ ਨਹੀਂ ਕਰਨਾ ਹੁਣ।ਦੂਜੇ ਦਿਨ ਮੈਂ ਠੇਕੇਦਾਰ ਨਾਲ ਗੱਲ ਕਰਕੇ ਫਾਰਮਾਂ ਦਾ ਕੰਮ ਲੈ ਲਿਆ।ਤੇਰੀ ਅੰਟੀ ਵੀ ਕਦੇ-ਕਦੇ ਮੇਰੇ ਨਾਲ ਚਲੀ ਜਾਂਦੀ ਹੈ।ਚੱਲ ਦੋਹਾਂ ਦੀਆਂ ਵੀਕਾਂ ਬਣ ਜਾਣਗੀਆਂ।ਬੱਸ ਉਦਣ ਦੀ ਹੀ ਘਰ ਵਿਚ ਲੜਾਈ ਪਈ ਹੋਈ ਹੈ।ਨੂੰਹ ਸਾਡੀ ਏਨਾ ਬੋਲਦੀ ਹੈ ਕਿ ਜਿਹੜਾ ਰਹੇ ਰੱਬ ਦਾ ਨਾ।ਮੁੰਡਾ ਵੀ ਉਹਦੇ ਮਗਰ ਲੱਗ ਕੇ ਘੋਗੜ ਕਾਂ ਬਣਿਆ ਹੋਇਆ ਹੈ।ਉਹ ਵੀ  ਕਹਿੰਦਾ ਮੇਥੋਂ ਨੀ ਖਵਾਇਆ ਜਾਂਦਾ ਥੋਨੂੰ।ਅਖੇ ਮੇਰੇ ਤਾਂ ਆਪਣੇ ਖਰਚੇ ਹੀ ਬਹੁਤ ਨੇ ਜਾਂ ਤਾਂ ਫਿਰ ਪੈਸੇ ਦਿਓ ਜਾਂ ਫਿਰ ਆਪਣੀ ਕੋਈ ਬੇਸਮੈਂਟ ਲੱਭ ਲਵੋ।ਤੇਰੀ ਆਂਟੀ ਤਾਂ ਅਜੇ ਮੰਨਦੀ ਨਹੀਂ।ਔਖੀ ਭਾਂਵੇ ਜਿੰਨੀ ਮਰਜੀ ਹੋ ਜਾਵੇ।ਪਰ ਮੈਂ  ਤਾਂ ਕਹਿ ਤਾ ਬਈ ਮੇਥੋਂ ਨਹੀਂ ਹੁਣ ਇਹਨਾ ਚ ਰਿਹਾ ਜਾਣਾ।ਹੁਣ ਤਾਂ ਸਿਰ ਚੋਂ ਪਾਣੀ ਲੰਘ ਚੁੱਕਾ ਹੈ।
ਬਜ਼ੁਰਗ ਦੀ ਕਹਾਣੀ ਅਜੇ ਖਤਮ ਨਹੀਂ ਸੀ ਹੋਈ ਪਰ ਉਸ ਦੀਆਂ ਅੱਖਾਂ ਵਿਚੋਂ ਹੰਝੂ ਅਤੇ ਗਲ਼ ਭਰ ਆਇਆ ਸੀ।ਉਸ ਨੂੰ ਹੋਰ ਬੋਲਣਾ ਔਖਾ ਹੋ ਗਿਆ ਸੀ।ਰਾਣੀ ਉਸ ਨੂੰ ਦਿਲਾਸੇ ਦਿੰਦੀ-ਦਿੰਦੀ ਭੱਜ ਕੇ ਉੱਪਰੋਂ ਪਾਣੀ ਦਾ ਗਲਾਸ ਤੇ ਗਰਾਜ ਵਿਚੋਂ ਉਸਦੇ ਬੈਠਣ ਲਈ ਕੁਰਸੀ ਚੁੱਕ ਕੇ ਲਿਆਈ।ਬਜ਼ੁਰਗ ਕੁਰਸੀ ਤੇ ਬੈਠ ਕੇ ਪਾਣੀ ਪੀਣ ਲੱਗਾ।ਪਾਣੀ ਪੀ ਕੇ ਗਲਾਸ ਨੂੰ ਥੱਲੇ ਫਰਸ਼ ਤੇ ਰੱਖ ਕੇ ਉਸ ਨੇ ਆਪਣੀ ਜੈਕਟ ਦੀ ਜੇਬ ਵਿਚੋਂ ਇਕ ਪਤਲੀ ਜਿਹੀ ਡਾਇਰੀ ਕੱਢੀ।ਉਹ ਰਾਣੀ ਨੂੰ ਫੜਾਉਂਦਿਆਂ ਕਹਿਣ ਲੱਗਾ,"ਬੇਟਾ ਇਸ ਡਾਇਰੀ ਵਿਚੋਂ ਉਹ ਨੰਬਰ ਕੱਢ ਜਿਸ ਦੇ ਪਿੱਛੇ ਵਾਲੇ ਨੰਬਰ ਇਕ ਪਾਂਜਾ,ਇਕ ਏਕਾ ਤੇ ਦੋ ਦੂਏ ਹਨ।ਲੱਭ ਕੇ ਮੈਨੂੰ ਫੁਨ ਮਿਲਾ ਦੇ।ਮੈਂ ਕੁੜੀ ਨੂੰ ਫੁਨ ਕਰ ਲਵਾਂ।ਉਹ ਮੈਨੂੰ ਗੁਰਦੁਵਾਰਾ ਸਾਹਿਬ ਤੋਂ ਆ ਕੇ ਲੈ ਜਾਵੇਗੀ"।
ਰਾਣੀ ਬਜ਼ੁਰਗ ਦੀ ਅਜੀਬ ਜਿਹੀ ਫੋਨ ਨੰਬਰਾਂ ਵਾਲੀ ਡਾਇਰੀ ਨੂੰ ਵੇਖ ਕੇ ਬਹੁਤ ਹੈਰਾਨ ਹੋਈ।ਜਿਸ ਵਿਚ ਕਿਸੇ ਦਾ ਨਾਂ ਨਹੀਂ ਸੀ ਸਿਰਫ ਨੰਬਰ ਹੀ ਲਿਖੇ ਹੋਏ ਸਨ।ਉਸਨੇ ਬਜ਼ੁਰਗ ਨੂੰ ਪੁੱਛਿਆ,
"ਅੰਕਲ ਏਥੇ ਕਿਸੇ ਦਾ ਨਾਂ ਤਾਂ ਨਹੀਂ ਲਿਖਿਆ।ਸਿਰਫ ਨੰਬਰ ਹੀ ਲਿਖੇ ਹੋਏ ਨੇ।ਕੀ ਤੁਹਾਨੂੰ ਪਤਾ ਹੈ ਕਿ ਇਹ ਨੰਬਰ ਕਿਸਦੇ ਨੇ ?"
ਹਾਂ,ਬੇਟਾ ਮੈਂ ਤਾਂ ਅਨ੍ਹਪੜ ਹਾਂ।ਮੈਨੂੰ ਕਿਹੜਾ ਪੜ੍ਹਨਾ-ਲਿਖਣਾ ਆਉਂਦਾ ਹੈ।ਪਰ ਮੈਨੂੰ ਨੰਬਰਾਂ ਦੀ ਪਹਿਚਾਣ ਹੈਗੀ ਹੈ।ਇਹ ਨੰਬਰ ਮੇਰੇ ਸਾਲ਼ੇ ਦੀ ਪੋਤੀ ਦਾ ਹੈ।ਉਹ ਕਹਿੰਦੀ ਸੀ ਕੋਈ ਨੀ ਫੁੱਫੜ ਜੀ ਮੈਂ ਥੋਨੂੰ ਰੈਡ ਦੇ ਦੇਵਾਂਗੀ।ਮੈਨੂੰ ਫੋਨ ਕਰ ਦਿਓ।
ਰਾਣੀ ਉਸ ਬਜ਼ੁਰਗ ਤੇ ਬਹੁਤ ਹੀ ਖੁਸ਼ ਹੋਈ।ਉਸ ਨੇ ਫੋਨ ਮਿਲ਼ਾ ਕੇ ਉਸ ਨੂੰ ਦੇ ਦਿੱਤਾ।ਉਹ ਫੋਨ ਤੇ ਗੱਲ ਕਰਕੇ ਗੁਰਦੁਵਾਰਾ ਸਾਹਿਬ ਵੱਲ ਨੂੰ ਤੁਰ ਪਿਆ।ਰਾਣੀ ਤੁਰੇ ਜਾਂਦੇ ਬਜ਼ੁਰਗ ਨੂੰ ਦੂਰ ਤੱਕ ਵੇਂਹਦੀ ਰਹੀ।ਜਦ ਉਹ ਨਜ਼ਰੋਂ ਉਹਲੇ ਹੋ ਗਿਆ ਤਾਂ ਬੇਸਮੈਂਟ ਦਾ ਦਰਵਾਜ਼ਾ ਬੰਦ ਕਰਕੇ ਉਹ ਉਸਦੇ ਕੱਲ ਨੂੰ ਆਉਣ ਦਾ ਇੰਤਜ਼ਾਰ ਕਰਨ ਲੱਗੀ। 
ਅਗਲੇ ਦਿਨ ਮਿੱਥੇ ਹੋਏ ਸਮੇਂ ਅਨੁਸਾਰ ਬਜ਼ੁਰਗ ਆਪਣੀ ਘਰਵਾਲ਼ੀ ਨੂੰ ਨਾਲ ਲ਼ੈ ਕੇ ਆ ਗਿਆ।ਨਾਲ ਉਸ ਦਾ ਵੱਡਾ ਮੁੰਡਾ ਸੀ।ਉਸਨੇ ਆਪਣੀ ਜੇਬ ਵਿਚੋਂ ਕਿਰਾਇਆ ਕੱਢ ਕੇ ਰਾਣੀ ਨੂੰ ਦੇ ਦਿੱਤਾ।ਰਾਣੀ ਨੇ ਵੀ ਉਸੇ ਵਕਤ ਹੀ ਬੇਸਮੈਂਟ ਦੀ ਚਾਬੀ ਲਿਆ ਕੇ ਉਸਦੇ ਹੱਥ ਤੇ ਧਰ ਦਿੱਤੀ।ਬਜ਼ੁਰਗ ਦੀ ਪਤਨੀ ਥੋੜੀ ਉਦਾਸ ਲਗਦੀ ਸੀ ਪਰ ਬਜ਼ੁਰਗ ਤੇ ਉਸਦਾ ਪੁੱਤਰ ਬਹੁਤ ਖੁਸ਼ ਜਾਪਦੇ ਸਨ।
ਅਗਲੇ ਦਿਨ ਦੁਪਿਹਰੇ ਜਿਹੇ ਉਹੀ ਮੁੰਡਾ ਪਿਕਅੱਪ ਵਿਚ ਉਹਨਾਂ ਦਾ ਸਮਾਨ ਛੱਡ ਗਿਆ ਤੇ ਨਾਲ ਹੀ ਉਹਨਾਂ ਦੋਹਾਂ ਨੂੰ ਵੀ।ਉਹ ਦੋਹੇਂ ਪੂਰੇ ਦਸ ਸਾਲ ਰਾਣੀ ਦੀ ਬੇਸਮੈਂਟ ਵਿਚ ਰਹੇ।ਪਰ ਰਾਣੀ ਨੇ ਉਹਨਾਂ ਦੇ ਦੋਹੇਂ ਪੁੱਤਰਾਂ ਵਿਚੋਂ ਕਿਸੇ ਨੂੰ ਵੀ ਆਉਂਦਿਆਂ ਨਹੀਂ ਸੀ ਵੇਖਿਆ।ਪਰ ਕਦੇ-ਕਦੇ ਬਜ਼ੁਰਗ ਦੇ ਸਾਲੇ ਦੀ ਕੁੜੀ ਜ਼ਰੂਰ ਗੇੜਾ ਮਾਰ ਜਾਇਆ ਕਰਦੀ ਸੀ।ਉਹ ਉਹਨਾਂ ਨੂੰ ਕੁਝ ਲੋੜੀਂਦੀਆਂ ਚੀਜ਼ਾਂ ਵੀ ਲੈ ਕੇ ਦੇ ਜਾਇਆ ਕਰਦੀ ਸੀ।ਉਹ ਦੋਹੇਂ ਪਤੀ-ਪਤਨੀ ਫਾਰਮਾਂ ਵਿਚ ਸਾਲ ਦੇ ਛੇ ਮਹੀਨੇ ਕੰਮ ਕਰਦੇ।ਅੰਕਲ ਤਾਂ ਹਮੇਸ਼ਾਂ ਚੁਸਤ।ਫੁਸਤ ਤੇ ਠੀਕ-ਠਾਕ ਰਹਿੰਦਾ।ਉਸ ਦੀ ਪਤਨੀ ਅੰਟੀ ਹਰ ਸਮੇਂ ਆਪਣੇ ਗੋਡਿਆਂ ਤੇ ਬੈਕ ਦਰਦ ਦੀ ਸ਼ਕਾਇਤ ਕਰਦੀ।ਕਈ ਵਾਰੀ ਬੇਰੀ ਦੇ ਸੀਜਨ ਵਿਚ ਉਸ ਦੀਆਂ ਚਾਂਗਾਂ ਵੀ ਰਾਣੀ ਨੂੰ ਸੁਣਾਈ ਦਿੰਦੀਆਂ।ਉਹ ਰਾਣੀ ਨੂੰ ਆਖਦੀ ਕਿ ਉਹ ਕਿੰਨੀ ਔਖੀ ਹੋ ਕੇ ਬੇਰੀ ਤੋੜਦੀ ਹੈ।ਸਵੇਰ ਵੇਲ਼ੇ ਤਾਂ ਉਸਦਾ ਸਰੀਰ ਆਕੜਿਆ ਹੁੰਦ ਹੇ।ਪਰ ਅੰਕਲ ਉਸ ਦੀ ਮੱਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ ।ਪਹਿਲਾਂ ਉਹ ਉਸ ਲਈ ਚਾਹ ਬਣਾ ਕੇ ਦਿੰਦਾ ਤੇ ਫਿਰ ਉਹ ਦੋਹੇਂ ਬੇਰੀ ਤੇ ਲਿਜਾਣ ਲਈ ਲੰਚ ਤਿਆਰ ਕਰਦੇ।

ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਤਿਵੇਂ-ਤਿਵੇਂ ਉਸ ਬਜ਼ੁਰਗ ਜੋੜੇ ਨੇ ਵੀ ਕਨੇਡਾ ਦੀ  ਧਰਤੀ ਤੇ ਆਪਣੇ ਦਸ ਸਾਲ ਪੂਰੇ ਕਰ ਲਏ ਸਨ।ਉਹ ਪੈਨਸ਼ਨ ਦੇ ਹੱਕਦਾਰ ਹੋ ਗਏ ਸਨ।ਰਾਣੀ ਨੇ ਉਹਨਾਂ ਦੀ ਪੈਨਸ਼ਨ ਦੇ ਫਾਰਮ ਵੀ ਭਰਵਾ ਦਿੱਤੇ ਸਨ।ਅਖੀਰ ਉਹ ਸਮਾਂ ਆ ਗਿਆ ਜਦ ਉਹਨਾਂ ਨੂੰ ਪੈਨਸ਼ਨ ਲੱਗ ਗਈ।ਉਹ ਹੁਣ ਦੋਹੇਂ ਅਰਾਮ ਦੇ ਨਾਲ ਘਰ ਹੀ ਰਹਿੰਦੇ।ਸਰੀਰ ਵਿਚ ਭਾਂਵੇ ਪਹਿਲਾਂ ਜਿੰਨੀ ਤਾਕਤ ਨਹੀਂ ਸੀ ਰਹੀ ਪਰ ਫਿਰ ਵੀ ਸੁਖੀ ਜੀਵਨ ਬਤੀਤ ਕਰਦੇ ਸਨ।ਹੁਣ ਰਾਣੀ ਹੀ ਉਹਨਾਂ ਲਈ ਖਾਣਾ ਬਣਾਉਂਦੀ,ਲ਼ਾਂਡਰੀ ਕਰਦੀ ਤੇ ਉਹਨਾਂ ਦੀ ਬੇਸਮੈਂਟ ਦੀ ਸਫਾਈ ਕਰਦੀ ਸੀ।ਜਦ ਕਿਤੇ ਵੀ ਉਹਨਾਂ ਦੀ ਅਪੁਆਇੰਟਮੈਂਟ ਹੁੰਦੀ ਤਾਂ ਰਾਣੀ ਹੀ ਉਹਨਾਂ ਨੂੰ ਨਾਲ ਲੈ ਕੇ ਜਾਂਦੀ ਸੀ।ਜਿੱਥੇ ਕਿਤੇ ਵੀ ਉਹਨਾਂ ਦੇ ਦਸਤਖਤਾਂ ਦੀ ਲੋੜ ਹੁੰਦੀ ਤਾਂ ਰਾਣੀ ਹੀ ਕਰ ਦਿੰਦੀ ਸੀ।ਇੱਥੋਂ ਤੱਕ ਕੇ ਉਹਨਾਂ ਦੇ ਬੈਂਕ ਅਕਾਂਊਟ ਵਿਚ ਜਿੱਥੇ ਉਹਨਾਂ ਦੀ ਪੈਨਸ਼ਨ ਆਉਂਦੀ ਸੀ ਰਾਣੀ ਦਾ ਨਾਂ ਨਾਲ ਸੀ।ਰਾਣੀ ਨੇ ਉਦੋਂ ਭਾਵੇਂ ਬੈਂਕ ਅਕਾਂਊਟ ਵਿਚ ਆਪਣਾ ਨਾਂ ਪਵਾਉਣ ਤੋਂ ਨਾਂਹ ਕਰ ਦਿੱਤੀ ਸੀ ਪਰ ਅੰਕਲ ਦੇ ਕਹਿਣ ਤੇ ਪੁੱਤ ਕਰ ਦੇ ਦਸਕਤ ਸਾਨੂੰ ਤੇਰੇ ਤੇ ਵਿਸ਼ਵਾਸ ਹੈ।ਤੂੰ ਸਾਡੀ ਧਰਮ ਦੀ ਧੀ ਹੈ ।ਰਾਣੀ ਨੇ ਦਸਖਤ ਕਰਕੇ ਉਹਨਾਂ ਦੇ ਅਕਾਂਊਟ ਵਿਚ ਆਪਣਾ ਨਾਂ ਨਾਲ ਪੁਆ ਲਿਆ ਸੀ।
ਜਿਵੇਂ-ਜਿਵੇਂ ਬੁਢੇਪਾ ਵਧਦਾ ਗਿਆ ਆਂਟੀ ਅੰਕਲ ਦੇ ਨਾਲੋਂ ਛੇਤੀ ਹੰਭ ਗਈ ਸੀ।ਉਹ ਬਹੁਤ ਹੀ ਕਮਜ਼ੋਰ ਦਿਸਦੀ ਸੀ।ਉੰਝ ਉਸਦੇ ਕਾਫੀ ਅਪਰੇਸ਼ਨ ਵੀ ਹੋ ਚੁੱਕੇ ਸਨ।ਜਿਵੇਂ ਕਿ ਗੋਡਿਆਂ ਦੇ,ਅੱਖਾਂ ਦੇ ਅਤੇ ਹਰਨੀਆਂ ਦੇ ਆਦਿ-ਆਦਿ।ਰਾਣੀ ਤੇ ਅੰਕਲ ਹਮੇਸ਼ਾਂ ਉਸਦਾ ਸਾਥ ਦਿੰਦੇ।ਕਦੇ ਵੀ ਉਸਨੂੰ ਢਹਿੰਦੀਆਂ ਕਲਾਂ ਵਿਚ ਨਾਂ ਜਾਣ ਦਿੰਦੇ।ਪਰ ਇਸ ਵਾਰ ਉਹ ਵਾਸ਼ਰੂਮ ਵਿਚ ਡਿੱਗ ਪਈ।ਡਿੱਗਣ ਦੇ ਕਾਰਨ ਉਸ ਦਾ ਚੂਕਣਾ ਟੁੱਟ ਗਿਆ।ਡਾਕਟਰਾਂ ਨੇ aੁਸਨੂੰ ਤੁਰਨ-ਫਿਰਨ ਤੋਂ ਮਨਾਂ ਕਰ ਦਿੱਤਾ।ਉਹ ਮੰਜੇ ਤੇ ਹੀ ਪਈ ਰਹਿੰਦੀ।ਨਰਸ ਆ ਕੇ ਸ਼ਾਮ ਨੂੰ ਉਸਨੂੰ ਆ ਕੇ ਐਕਸਰਸਾਈਜ਼ ਕਰਵਾ ਜਾਂਦੀ।ਪਰ ਫਿਰ ਵੀ ਉਸ ਵਿਚ ਪਹਿਲਾਂ ਵਾਲ਼ੀ ਤਾਕਤ ਨਾਂ ਰਹੀ।ਉਹ ਮੰਜੇ ਤੇ ਪਈ ਹਰ ਸਮੇਂ ਆਪਣੇ ਮੰਡਿਆਂ ਨੂੰ ਮਿਲਣ ਲਈ ਤਾਂਘਦੀ।ਉਹਨਾਂ ਨੂੰ ਫੋਨ ਕਰਨ ਦੇ ਲਈ ਰਾਣੀ ਨੂੰ ਵਾਰ-ਵਾਰ ਆਖਦੀ।
ਇਕ ਦਿਨ ਅੰਕਲ ਨੇ ਹਾਰ ਕੇ ਰਾਣੀ ਨੂੰ ਆਖ ਹੀ ਦਿੱਤਾ,।"ਜਾਹ ਧੀਏ ਕਰ ਦੇ ਤੂੰ ਇਹਦੇ ਮੁੰਡਿਆਂ ਨੂੰ ਫੋਨ।ਕਰ ਦੇ ਇਹਦੀ ਇਹ ਵੀ ਰੀਝ ਪੂਰੀ।ਕਿਤੇ ਉਹਨਾਂ ਨੂੰ ਮਿਲਿਆਂ ਬਗੈਰ ਹੀ ਨਾ ਨਿਕਲ਼ ਜਾਣ ਇਹਦੇ ਪਰਾਣ।ਉਦਾਂ ਤਾਂ ਉਹਨਾਂ ਨੇ ਸਾਡੀ ਏਨੀ ਦੇਰ ਦੀ ਸਾਰ ਨੀ ਲਈ।ਏਨੇ ਏਹਦੇ ਅਪ੍ਰਰੇਸ਼ਨ ਹੋਏ।ਮੈਂ ਏਨਾ ਬੀਮਾਰ ਰਿਹਾ।ਕੋਈ ਆਇਆ ?ਬੱਸ ਤੇਰਾ ਹੀ ਪੁੱਤ ਸਾਡੇ ਨਾਲ ਕੋਈ ਹਿਸਾਬ-ਕਿਤਾਬ ਹੈ"।
ਰਾਣੀ ਨੇ ਅੰਕਲ ਦੀ ਗੱਲ ਮੰਨ ਕੇ ਉਹਨਾਂ ਦੇ ਵੱਡੇ ਮੁੰਡੇ ਨੂੰ ਫੋਨ ਕਰ ਦਿੱਤਾ।ਉਹ ਉਸੇ ਦਿਨ ਆਉਣ ਦਾ ਵਾਅਦਾ ਕਰਕੇ ਚੌਥੇ ਦਿਨ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ ਆਇਆ।ਅੰਟੀ ਆਪਣੇ ਪੁੱਤਰਾਂ ਨੂੰ ਵੇਖ ਕੇ ਬਹੁਤ ਖੁਸ਼ ਹੋਈ।ਉਹ ਵਾਰ-ਵਾਰ ਉਹਨਾਂ ਕੋਲੋਂ ਉਹਨਾਂ ਦੀਆਂ ਪਤਨੀਆਂ ਅਤੇ ਬੱਚਿਆਂ ਦੀ ਸੁੱਖ-ਸਾਂਦ ਪੁੱਛਦੀ ਰਹੀ।ਉਹਨਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕਰਦੀ ਰਹੀ।ਪਰ ਅੰਕਲ ਟੱਸ ਤੋਂ ਮੱਸ ਨਾ ਹੋਇਆ।ਉਸਨੇ ਦੋਹਾਂ ਮੁੰਡਿਆਂ ਵਿਚੋਂ ਕਿਸੇ ਨੂੰ ਨਾ ਬੁਲਾਇਆ।ਚੁੱਪ-ਚਾਪ ਬੈਠਾ ਟੈਲੀਵੀਯਨ ਵੇਖਦਾ ਰਿਹਾ।ਦੋਹੇਂ ਮੁੰਡੇ ਮਸਾਂ ਅੱਧਾ ਕੁ ਘੰਟਾ ਬੈਠੇ।ਉਹ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਉਣ ਦਾ ਆਪਣੀ ਮਾਂ ਦੇ ਨਾਲ ਵਾਅਦਾ ਕਰਕੇ ਚਲੇ ਗਏ।
ਮੁੰਡਿਆਂ ਦੇ ਜਾਣ ਦੀ ਦੇਰ ਹੀ ਸੀ ਕਿ ਅੰਕਲ ਗੁੱਸੇ ਵਿਚ ਭਟਕ ਉੱਠਿਆ।ਉਹ ਅੰਟੀ ਨੂੰ ਇਸ ਤਰ੍ਹਾਂ ਤਾਅਨੇ-ਮਿਹਣੇ ਦੇਣ ਲੱਗਾ ਜਿਸ ਤਰ੍ਹਾਂ ਉਸਨੇ ਕੋਈ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੋਵੇ।ਉਸਦਾ ਉੱਚੀ-ਉੱਚੀ ਬੋਲਦੇ ਦਾ ਮੂੰਹ- ਲਾਲ ਸੂਹਾ ਹੋ ਰਿਹਾ ਸੀ।ਉਹ ਇਸ ਤਰ੍ਹਾਂ ਜਾਪ ਰਿਹਾ ਸੀ ਜਿਸ ਤਰਾਂ੍ਹ ਉਹ ਕੋਈ ਬੰਬ ਹੋਵੇ ਤੇ ਹੁਣੇ ਹੀ ਫਟ ਜਾਵੇਗਾ ਤੇ ਸਭ ਕੁਝ ਚਕਨਾਚੂਰ ਕਰ ਜਾਵੇਗਾ।
ਜਦ ਉਹ ਬੋਲਦਾ-ਬੋਲਦਾ ਆਪੇ ਤੋਂ ਬਾਹਰ ਹੋਣ ਲੱਗਾ ਤਾਂ ਰਾਣੀ ਉਸਨੂੰ ਮੋਢਿਆਂ ਤੋਂ ਫੜ੍ਹ ਕੇ ਉਸਦੇ ਕਮਰੇ ਵਿਚ ਲੈ ਗਈ।ਉਹ ਉਸਨੂੰ ਮੰਜੇ ਤੇ ਬਿਠਾ ਕੇ ਕਹਿਣ ਲੱਗੀ,"ਅੰਕਲ ਤੁਸੀਂ ਹੁਣ ਇੱਥੇ ਬੈਠੋ।ਤੁਸੀਂ ਹੁਣ ਬਾਹਰ ਨਹੀਂ ਆ ਸਕਦੇ ਅਤੇ ਨਾ ਹੀ ਅੰਟੀ ਨੂੰ ਕੁਝ ਕਹਿ ਸਕਦੇ ਹੋ।ਤੁਹਾਨੂੰ ਮੇਰੀ ਕਸਮ ਹੈ"।
"ਹਾਂ ਬੇਟਾ,ਮੈਂ ਉਸਨੂੰ ਕੁਝ ਨਹੀਂ ਕਹਿੰਦਾ ਹੁਣ।ਮੈਂ ਤੇਰੀ ਗੱਲ ਮੰਨਦਾਂ ਹਾਂ।ਪਰ ਮੈਂ ਵੀ ਤੈਨੂੰ ਇਕ ਕਸਮ ਦਿੰਦਾ ਹਾਂ ਕਿ ਤੂੰ ਹੁਣ ਕਦੇ ਵੀ ਉਹਨਾਂ ਨੂੰ ਫੁਨ ਨਹੀਂ ਕਰੇਂਗੀ ਭਾਂਵੇ ਅਸੀਂ ਦੋਹੇਂ ਮਰੇ ਪੈ ਹੋਈਏ"।ਸਾਹੋ-ਸਾਹ ਹੋਏ ਅੰਕਲ ਨੇ ਰਾਣੀ ਨੂੰ ਕਿਹਾ।
ਹਾਂ ਠੀਕ ਹੈ,ਆਖ ਕੇ ਰਾਣੀ ਨੇ ਉਸਨੂੰ ਮੰਜੇ ਤੇ ਪਾ ਦਿੱਤਾ।ਜਦ ਉਹ ਆਪਣਾ ਮੂੰਹ ਸਿਰ ਢਕ ਕੇ ਪੈ ਗਿਆ ਤਾਂ ਰਾਣੀ ਬਾਹਰ ਆ ਗਈ।ਥੋੜ੍ਹਾ ਚਿਰ ਆਂਟੀ ਕੋਲ਼ ਬੈਠੀ।ਕੁਝ ਗੱਲਾਂ-ਬਾਤਾਂ ਕਰਕੇ ਉਹ ਖਾਣਾ ਬਣਾਉਣ ਦੇ ਲਈ ਉੱਪਰ ਚਲੀ ਗਈ।
ਤਕਰੀਬਨ ਦੋ ਕੁ ਘੰਟਿਆਂ ਬਾਅਦ ਰਾਣੀ ਖਾਣਾ ਬਣਾ ਕੇ ਥੱਲੇ ਵਾਪਸ ਆਈ।ਉਸਨੇ ਸੋਫੇ ਤੇ ਬੈਠੀ ਅੰਟੀ ਨੂੰ ਪਹਿਲਾਂ ਪਲੇਟ ਵਿਚ ਖਾਣਾ ਪਾ ਕੇ ਦੇ ਦਿੱਤਾ।ਫਿਰ ਅੰਕਲ ਨੂੰ ਬਲਾਉਣ ਲਈ ਉਹ ਅੰਦਰ ਗਈ।ਅੰਦਰ ਜਾ ਕੇ ਵੇਖਿਆ ਅੰਕਲ ਫਰਸ਼ ਤੇ ਮੂਧੇ-ਮੂੰਹ ਡਿੱਗਿਆ ਪਿਆ ਸੀ।ਰਾਣੀ ਨੂੰ ਹੱਥਾਂ-ਪੈਰਾਂ ਦੀ ਪੈ ਗਈ ।ਉਸਨੇ ਫਟਾ-ਫਟ ਐਂਬੂਲੈਂਸ ਨੂੰ ਫੋਨ ਕਰਕੇ ਸੱਦਿਆ।ਉਹ ਅੰਕਲ ਦੀ ਚੈਕਅਪ ਕਰਨ ਤੋਂ ਬਾਅਦ ਉਸਨੂੰ ਹਸਪਤਾਲ ਲੈ ਗਈ।ਰਾਣੀ ਵੀ ਆਪਣੀ ਕਾਰ ਲੈ ਕੇ ਉਹਨਾਂ ਦੇ ਪਿੱਛੇ ਚਲੀ ਗਈ।ਉੱਥੇ ਪਹੁੰਚਣ ਸਾਰ ਡਾਕਟਰ ਨੇ ਉਸਨੂੰ ਦੱਸਿਆ ਕਿ ਮਰੀਜ਼ ਦੀ ਹਾਲਤ ਬਹੁਤ ਖਰਾਬ ਹੈ।ਡਿੱਗਣ ਦੇ ਕਾਰਨ ਉਸਦੇ ਸਿਰ ਵਿਚ ਸੱਟ ਵੱਜੀ ਹੈ ਤੇ ਖੂਨ ਉਸਦੇ ਅੰਦਰ ਵਹਿ ਗਿਆ ਹੈ।ਬਲੱਡ ਪ੍ਰੈਸ਼ਰ ਵੀ ਬਹੁਤ ਹਾਈ ਹੈ।ਕੰਟਰੌਲ ਕਰਨ ਦੇ ਲਈ ਦਵਾਈਆਂ ਦਿੱਤੀਆਂ ਗਈਆਂ ਹਨ।ਉਹਨਾਂ ਦੀ ਉਮਰ ਵੀ ਨੱਬੇ ਪਲੱਸ ਹੋ ਗਈ ਹੈ ਸੋ ਇਸ ਕਰਕੇ ਇਹਨਾਂ ਦੇ ਸਰੀਰ ਵਿਚ ਏਨਾ ਕੁਝ ਸਹਿਣ ਦੀ ਤਾਕਤ ਨਹੀਂ ਹੈ।ਇਸ ਕਰਕੇ ਮਰੀਜ਼ ਦੇ ਬਚ ਜਾਣ ਦੀ ਉਮੀਦ ਦੇਣੀ ਬਹੁਤ ਹੀ ਮੁਸ਼ਕਲ ਹੈ।
ਰਾਣੀ ਡਾਕਟਰ ਦੇ ਮੂੰਹੋਂ ਇਹ ਗੱਲ ਸੁਣ ਕੇ ਬਹੁਤ ਹੀ ਉਦਾਸ ਹੋ ਗਈ।ਉਹ ਭਰੇ ਮਨ ਨਾਲ ਡਾਕਟਰ ਨੂੰ ਅੰਕਲ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨ ਵਾਰੇ ਆਖ ਕੇ ਘਰ ਵਾਪਸ ਆ ਗਈ।ਘਰੇ ਵੜਦਿਆਂ ਸਾਰ ਹੀ ਉਸਨੇ ਆਪਣਾ ਪਰਸ ਪੌੜੀਆਂ ਵਿਚ ਰੱਖਿਆ ਤੇ ਸਿੱਧੀ ਬੇਸਮੈਂਟ ਵਿਚ ਅੰਟੀ ਨੂੰ ਵੇਖਣ ਚਲੀ ਗਈ।ਅੰਟੀ ਦੀ ਰੋਟੀ ਉਵੇਂ ਹੀ ਅੱਧ-ਪਚੱਧੀ ਮੇਜ਼ ਤੇ ਪਈ ਸੀ।ਅੰਟੀ ਅਜੇ ਜਾਗਦੀ ਸੀ।ਉਹ ਸੋਫੇ ਤੇ ਹੀ ਪਈ ਸੀ।ਉਸਨੇ ਰਾਣੀ ਆਈ ਨੂੰ ਵੇਖ ਕੇ ਉੱਠਣਾ ਚਾਹਿਆ ਪਰ ਉਸ ਤੋਂ ਉਠਿਆ ਨਾ ਗਿਆ।ਰਾਣੀ ਨੇ ਸਹਾਰਾ ਦੇ ਕੇ ਉਸ ਨੂੰ ਉਠਾ ਦਿੱਤਾ ਤੇ ਸੋਫੇ ਨਾਲ ਢੋ ਲਵਾ ਕੇ ਬਿਠਾ ਦਿੱਤਾ।ਕੋਲ਼ ਪਈ ਅੱਧ-ਪਚੱਧੀ ਰੋਟੀ ਨੂੰ ਵੇਖ ਕੇ ਰਾਣੀ ਨੇ ਉਸਨੂੰ ਪੁਛਿਆ,"ਅੰਟੀ ਆਹ ਰੋਟੀ ਉੰਝ ਹੀ ਬਚੀ ਪਈ ਹੈ।ਕੀ ਗੱਲ ਖਾਧੀ ਕਿਉਂ ਨਹੀਂ?"
ਅੱਗੋਂ ਆਂਟੀ ਨੇ ਆਪਣੀ ਛਾਤੀ ਵਿਚ ਹੋ ਰਹੇ ਮੱਠੇ-ਮੱਠੇ ਦਰਦ ਵਾਰੇ ਰਾਣੀ ਨੂੰ ਦੱਸਿਆ।ਰਾਣੀ ਫਟਾ-ਫਟ ਲੌਂਗ-ਲੈਚੀਆਂ ਵਾਲੀ ਚਾਹ ਅੰਟੀ ਦੇ ਲਈ ਬਣਾਉਣ ਲੱਗੀ।ਉਸਨੇ ਅੰਟੀ ਨੂੰ ਅੰਕਲ ਵਾਰੇ ਕੁਝ ਨਾ ਦੱਸਿਆ।ਉਹ ਵਾਰ-ਵਾਰ ਰਾਣੀ ਤੋਂ ਅੰਕਲ ਵਾਰੇ ਪੁੱਛਦੀ ਰਹੀ ਪਰ ਰਾਣੀ ਅੰਕਲ ਠੀਕ ਹੈ ਇੰਝ ਹੀ ਜੁਆਬ ਦਿੰਦੀ ਰਹੀ।ਉਹ ਚਾਹ ਬਣਾ ਕੇ ਖੁਦ ਹੀ ਅੰਟੀ ਨੂੰ ਪਿਲਾਉਣ ਲੱਗੀ।ਦੋ ਘੁੱਟਾਂ ਭਰਨ ਤੋਂ ਬਾਅਦ ਅੰਟੀ ਨੂੰ ਹੁੱਥੂ ਆ ਗਿਆ।ਉਹ ਰਾਣੀ ਦੀ ਗੋਦੀ ਵਿਚ ਹੀ ਲੁਟਕ ਗਈ।ਰਾਣੀ ਘਬਰਾ ਗਈ।ਘਾਬਰੀ ਹੋਈ ਰਾਣੀ ਕਦੇ ਅੰਟੀ ਦੀਆਂ ਗੱਲਾਂ ਤੇ ਹੱਥ ਮਾਰੇ ਤੇ ਕਦੇ ਛਾਤੀ ਤੇ।ਉਹ ਉੱਚੀ-ਉੱਚੀ ਅੰਟੀ ਅੰਟੀ ਆਖ ਕੇ ਉਸਨੂੰ ਬਲਾਉਣ ਲੱਗੀ।ਪਰ ਅੰਟੀ ਤਾਂ ਬੇਹੋਸ਼ ਹੋ ਗਈ ਸੀ।ਉਸ ਦੀਆਂ 
ਅੱਖਾਂ ਉੱਪਰ ਚੜ੍ਹ ਗਈਆਂ ਸਨ।ਰਾਣੀ ਨੇ ਫਿਰ ੯੧੧ ਕਰ ਕੇ ਐਂਬੂਲ਼ੈਂਸ ਮੰਗਵਾਈ।ਉਹ ਅੰਟੀ ਨੂੰ ਹਸਪਤਾਲ ਲੈ ਗਏ।ਰਾਣੀ ਵੀ ਉਹਨਾਂ ਦੇ ਮਗਰ ਆਪਣੀ ਕਾਰ ਵਿਚ ਹਸਪਤਾਲ਼ ਪਹੁੰਚ ਗਈ।ਉੱਥੇ ਪਹੁੰਚਦਿਆਂ ਸਾਰ ਹੀ ਡਾਕਟਰਾਂ ਨੇ ਉਸਨੂੰ ਦੱਸਿਆ ਕਿ ਸ਼੍ਰੀਮਤੀ ਢਿਲੋਂ ਸਾਡੇ ਵਿਚਕਾਰ ਹੁਣ ਨਹੀਂ ਰਹੇ।ਇਹ ਸੁਣਦਿਆਂ ਸਾਰ ਹੀ ਰਾਣੀ ਦੀਆਂ ਭੁੱਬਾਂ ਨਿਕਲ਼ ਗਈਆਂ।
ਉਹ ਰੋਂਦੀ-ਰੋਂਦੀ ਉਸ ਕਮਰੇ ਵੱਲ ਨੂੰ ਚਲੀ ਗਈ ਜਿੱਥੇ ਅੰਕਲ ਜ਼ਿੰਦਗੀ ਤੇ ਮੌਤ ਵਿਚਕਾਰ ਲਟਕ ਰਿਹਾ ਸੀ। ਅੰਕਲ ਕੋਲ਼ ਜਾ ਕੇ ਉਸ ਦੀਆਂ ਭੁੱਬਾਂ ਨਿਕਲ ਗਈਆਂ।ਉਹ ਅੰਕਲ ਦੇ ਹੱਥ ਫੜ ਉੱਚੀ-ਉੱਚੀ ਰੋਣ ਲੱਗੀ।ਉਸ ਦੀ ਹਾਲਤ ਪਾਗਲਾਂ ਵਰਗੀ ਹੋ ਰਹੀ ਸੀ।ਉਸ ਨੂੰ ਕੁਝ ਨਹੀਂ ਸੀ ਸੁਝ ਰਿਹਾ ਕਿ ਉਹ ਕੀ ਕਰੇ।ਉਸ ਨੂੰ ਜਾਪਦਾ ਸੀ ਕਿ ਜਿਸ ਤਰਾਂ੍ਹ ਉਸ ਤੇ ਅੱਜ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ।ਅੱਜ ਦੀ ਘਟਨਾ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਹਿਲਾ ਦਿੱਤਾ ਸੀ।ਉਸ ਨੂੰ ਜਾਪ ਰਿਹਾ ਸੀ ਕਿ ਅੱਜ ਉਸਨੂੰ ਜ਼ਰੂਰ ਕੁਝ ਹੋ ਜਾਵੇਗਾ।ਉਸਦਾ ਸਿਰ ਫਟ ਰਿਹਾ ਸੀ ।ਉਹ ਉੱਚੀ-ਉੱਚੀ ਰੋਣ ਲੱਗੀ।ਅਚਾਨਕ ਇਕ ਨਰਸ ਨੇ ਉਸ ਕੋਲ਼ ਆ ਕੇ ਕਿਹਾ,
"ਦੀਦੀ ਤੁਹਾਨੂੰ ਡਾਕਟਰ ਸਾਹਿਬ ਨੇ ਨਰਸਿੰਗ ਸਟੇਸ਼ਨ ਤੇ ਬੁਲਾਇਆ ਹੈ"।
ਰਾਣੀ ਆਪਣਾ ਮੂੰਹ ਪੂੰਝ ਕੇ ਨਰਸ ਦੇ ਪਿੱਛੇ ਹੀ ਤੁਰ ਪਈ।ਗੋਰਾ ਡਾਕਟਰ ਹੱਥ ਵਿਚ ਕੁਝ ਪੇਪਰ ਲਈ ਖੜ੍ਹਾ ਰਾਣੀ ਦੀ ਉਡੀਕ ਕਰ ਰਿਹਾ ਸੀ।ਜਦ ਰਾਣੀ ਉਸ ਕੋਲ ਪਹੁੰਚੀ ਤਾਂ ਉਸ ਨੇ ਕਿਹਾ,"ਰਾਣੀ ਜੀ ਮੈਨੂੰ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮਿਸਟਰ ਢਿੱਲੋਂ ਦੇ ਬਚਨ ਦੀ ਹੁਣ ਕੋਈ ਉਮੀਦ ਨਹੀਂ ਰਹੀ।ਇੰਝ ਜਾਪਦਾ ਹੈ ਕਿ ਉਹਨਾਂ ਦਾ ਹੁਣ ਇਸ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ ਹੈ।ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਚਾਹੋਂ ਤਾਂ ਇਹਨਾਂ ਪੇਪਰਾਂ ਤੇ ਤੁਸੀਂ ਦਸਤਖਤ ਕਰ ਦੇਵੋ ਤਾਂ ਕਿ ਜੋ ਨਾਲ਼ੀਆਂ ਉਹਨਾਂ ਦੇ ਲੱਗੀਆਂ ਹਨ,ਅਸੀਂ ਉਹਨਾਂ ਨੂੰ ਲਾਹ ਦੇਈਏ ਤਾਂ ਕਿ ਉਹ ਕੁਦਰਤੀ ਢੰਗ ਦੇ ਨਾਲ ਆਪਣੇ ਬਚਦੇ ਸਾਹ ਪੂਰੇ ਕਰ ਸਕਣ"।
ਡਾਕਟਰ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਦੀਆਂ ਭੁੱਬਾਂ ਨਿਕਲ਼ ਗਈਆਂ।ਉਹ ਉੱਚੀ-ਉੱਚੀ ਰੋਣ ਲੱਗੀ ਤੇ ਕਹਿਣ ਲੱਗੀ,"ਨਹੀਂ-ਨਹੀਂ ਮੈਂ ਇਹਨਾਂ ਪੇਪਰਾਂ ਤੇ ਦਸਤਖਤ ਨਹੀਂ ਕਰ ਸਕਦੀ ਕਿਉਂਕਿ ਮੇਰੇ ਕੋਲ ਇਹ ਹੱਕ ਨਹੀਂ ਹੈ"।
ਡਾਕਟਰ ਤੇ ਨਰਸਾਂ ਸਾਰੇ ਉਸਦੇ ਮੂੰਹ ਵੱਲ ਵੇਖਣ ਲੱਗੇ।ਸਾਰੇ ਉਸਨੂੰ ਸਮਝਾਉਣ ਲੱਗੇ,ਹੌਂਸਲਾ ਦੇਣ ਲੱਗੇ ਤੇ ਰੋਂਦੀ ਨੂੰ ਚੁੱਪ ਕਰਾਉਣ ਲੱਗੇ।ਰੋਂਦੀ-ਰੋਂਦੀ ਨੇ ਆਪਣੇ ਫੋਨ ਵਿਚੋਂ ਇਕ ਨੰਬਰ ਕੱਢਿਆ।ਉਹ ਉਸ ਨੂੰ ਮਿਲਾਉਣ ਲੱਗੀ।ਅਜੇ ਉਸਨੇ ਉਹ ਨੰਬਰ ਮਿਲਾਇਆ ਹੀ ਨਹੀਂ ਸੀ ਕਿ ਉਸਨੂੰ ਅੰਕਲ ਦੇ ਨਾਲ ਕੀਤਾ ਵਾਅਦਾ ਯਾਦ ਆਇਆ।ਉਸਨੇ ਬਗੈਰ ਕਿਸੇ ਨੂੰ ਫੋਨ ਕੀਤਿਆਂ ਹੀ ਆਪਣਾ ਫੋਨ ਬੰਦ ਕਰ ਦਿੱਤਾ।ਉਹ ਨਰਸਿੰਗ ਸਟੇਸ਼ਨ ਤੇ ਲੱਗੇ ਵੱਡੇ ਕਾਂਊਟਰ ਉੱਪਰ ਆਪਣਾ ਸਿਰ ਰੱਖ ਕਿ ਰੋਣ ਲੱਗੀ।ਅਚਾਨਕ ਉਸਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਅੰਕਲ ਉਸਦੇ ਪਿੱਛੇ ਉਸਦੇ ਮੋਢੇ ਤੇ ਹੱਥ ਰੱਖੀ ਖੜ੍ਹਾ ਹੋਵੇ ਤੇ ਆਖ ਰਿਹਾ ਹੋਵੇ-"ਕਰ ਦੇ ਪੁੱਤ ਦਸਤਖਤ ਤੂੰ।ਤੂੰ ਸਾਡੀ ਧਰਮ ਦੀ ਧੀ ਹੈਂ। ਸਾਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ"।