ਅਜ਼ੋਕੀ ਗਾਇਕੀ ਅਤੇ ਅਸੀਂ (ਲੇਖ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


'ਕਲ਼ਾ' ਮਨੁੱਖ ਨੂੰ ਅਮਰ ਕਰ ਦਿੰਦੀ ਹੈ। ਚਾਹੇ 'ਕਲ਼ਾ' ਗਾਉਣ ਦੀ ਹੋਵੇ ਲਿਖਣ ਦੀ ਹੋਵੇ ਦਸ਼ਤਕਾਰੀ ਦੀ ਹੋਵੇ ਪੇਟਿੰਗ ਦੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੇ ਖੇਤਰ ਦੀ ਜਿਸ ਦੀ ਉਸ ਕਲ਼ਾਕਾਰ ਨੂੰ ਉਸ ਦੀ ਪੂਰੀ ਸੋਝੀ ਹੋਵੇ। ਕਹਿੰਦੇ ਹਨ ਭਾਵੇਂ ਕਲਾ ਲਈ ਕੋਈ ਸਮਾਂ ਨਹੀ ਮਿਥਿਆ ਗਿਆ ਕਿ ਇਹ ਇਨਸਾਨ ਵਿੱਚ ਕਦੋਂ ਆਉਣੀ ਹੈ ਪਰ ਜਿਸ ਤਰ੍ਹਾਂ ਬੁੱਧੀਜੀਵੀਆਂ ਦਾ ਅਨੁਮਾਨ ਹੈ ਕਿ ਬਚਪਨ ਵਿੱਚ ਹੀ ਕਲਾ ਦੀਆਂ ਕਰੂੰਬਲਾਂ ਫੁੱਟਣੀਆਂ ਸ਼ੁਰੂ ਹੋ ਜਾਂਦੀਆ ਹਨ।ਜਿਉਂ ਜਿਉਂ ਇਸ ਦਾ ਬੂਰ ਵਧਦਾ ਜਾਂਦਾ ਹੈ ਅਤੇ ਇੱਕ ਦਿਨ ਇਹ ਪੱਕ ਕੇ ਇੱਕ ਦਰੱਖਤ ਰੂਪੀ ਬਣ ਜਾਂਦਾ ਹੈ।ਅੱਜ ਬਹੁਤ ਸਾਰੇ ਕਲ਼ਾਕਾਰ ਆਪਣੀ ਕਲ਼ਾ ਕਰਕੇ ਅਮਰ ਹੋ ਗਏ ਹਨ।ਇੱਕ ਕਲ਼ਾਕਾਰ ਆਪਣੇ ਦੇਸ਼, ਸਮਾਜ ਦਾ ਸ਼ੀਸ਼ਾ ਹੁੰਦੇ ਹਨ ਇਸੇ ਸ਼ੀਸ਼ੇ ਰਾਹੀ ਉਹਨਾਂ ਦੁਆਰਾ ਉਸ ਦੇਸ਼, ਸਮਾਜ ਦੀ ਤਸਵੀਰ ਲੋਕੀ ਦੇਖਦੇ ਹਨ।ਜਿਸ ਰਾਹੀ ਉਹ ਆਪਣੇ ਅਮੀਰ ਸਭਿਆਚਾਰ ਅਤੇ ਵਿਰਾਸਤ ਨੂੰ ਨਿਰੋਈ ਸਿਹਤ ਦਿੰਦੇ ਹਨ।ਇੱਕ ਕਲ਼ਕਾਰ ਦਾ ਇਹ ਇਖ਼ਲਾਕੀ ਫ਼ਰਜ ਹੁੰਦਾ ਹੈ ਕਿ ਉਹ ਆਪਣੀ ਕਲ਼ਾ ਰਾਹੀ ਆਪਣੇ ਸਭਿਆਚਾਰ ਅਤੇ ਵਿਰਾਸਤ ਨੂੰ ਨਿਰੋਈ ਸਿਹਤ ਦੇਵੇ ਅਤੇ ਆਪਣੇ ਸਮਾਜ ਅੰਦਰ ਪਨਪ ਰਹੀਆਂ ਬੁਰਾਈਆਂ ਦਾ ਵਿਰੋਧ ਕਰੇ ਜਾਂ ਉਹਨਾਂ ਨੂੰ  ਆਪਣੀ ਕਲ਼ਾ ਰਾਹੀ ਸੁਧਾਰਨ ਦੀ ਕੋਸ਼ਿਸ਼ ਕਰੇ।
          ਇਸੇ ਤਰ੍ਹਾਂ ਗਾਉਣਾ ਵੀ ਇੱਕ ਬਹੁਤ ਵੱਡੀ ਕਲ਼ਾ ਹੈ ਭਾਵੇਂ ਗਾਉਣ ਨੂੰ ਤਾਂ ਹਰ ਕੋਈ ਗਾਈ ਜਾਂਦਾ ਹੈ। ਪਰ ਸਰਸਵਤੀ ਹਰ ਇੱਕ ਜ਼ੁਬਾਨ ਤੇ ਬਸੇਰਾ ਨਹੀ ਕਰਦੀ। ਜਿਵੇਂ ਕਿ ਪੰਜਾਬ ਦੇ ਉਸ ਮਹਾਨ ਕਲ਼ਾਕਾਰ ਲਾਲ ਚੰਦ ਯਮਲਾ ਜੱਟ ਦਾ ਜਦੋਂ ਕਿਸੇ ਘਰੇ ਖ਼ਾਸ ਕਰਕੇ ਪਿੰਡਾਂ ਵਿੱਚ ਆਖੰਡ ਪਾਠ ਜਾਂ ਕੋਈ ਹੋਰ ਖ਼ੁਸੀ ਦਾ ਮੌਕਾ ਹੁੰਦਾ ਹੈ ਤਾਂ ਆਮ ਹੀ ਇੱਕ ਗੀਤ ਸੁਣਨ ਨੂੰ ਮਿਲ ਜਾਂਦਾ ਹੈ " ਸਤਿਗੁਰ ਨਾਨਕ ਤੇਰੀ ਨੀਲਾ ਨਿਆਰੀ ਆ, ਰੀਝਾਂ ਲਾ ਲਾ ਬਹਿੰਦੀ ਦੁਨੀਆਂ ਸਾਰੀ ਆ" ਜਦੋਂ ਬਚਪਨ ਵਿੱਚ ਹੋਸ਼ ਸੰਭਾਲਣ ਤੋਂ ਲੈ ਕੇ ਅੱਜ ਪੈਂਤੀ ਸਾਲਾਂ ਦੇ ਹੋਣ ਤੱਕ ਵੀ ਇਸ ਗੀਤ ਦੀ ਨਾ ਲੋਕਪ੍ਰਿਅਤਾ ਘਟੀ ਹੈ ਨਾ ਹੀ ਇਸ ਕਲ਼ਾਕਾਰ ਦੀ।ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਕਲ਼ਾਕਾਰ ਹਨ ਜਿਹਨਾਂ ਨੇ ਆਪਣੀ ਕਲ਼ਾ ਰਾਹੀ ਸਾਡੇ ਦੇਸ਼ ਦਾ ਪੂਰੀ ਦੁਨੀਆਂ ਵਿੱਚ ਨਾਂ ਰੋਸ਼ਨ ਕੀਤਾ ਹੈ।ਅੱਜ ਪੂਰੀ ਦੁਨੀਆਂ ਵਿੱਚ ਪੰਜਾਬੀ ਗੀਤ ਵੱਜ ਰਹੇ ਹਨ ਕਈ ਇਸ ਪੰਜਾਬੀ ਮਾਂ ਬੋਲੀ ਦੇ ਮਾਣ ਨੂੰ ਜ਼ਿੰਦਾ ਰੱਖਣ ਵਿੱਚ ਲੱਗੇ ਹੋਏ ਹਨ ਕਈ ਇਸ ਮਾਂ ਬੋਲੀ ਨੂੰ ਕੁੱਝ ਸਮੇਂ ਦੀ ਸ਼ੋਹਰਤ ਅਤੇ ਚੰਦ ਰੁਪਈਆ ਦੀ ਖ਼ਾਤਰ ਇਸ ਦਾ ਘਾਣ ਕਰਨ ਵਿੱਚ ਲੱਗੇ ਹੋਏ ਹਨ। ਪਰ ਕਈ ਵਾਰੀ ਖ਼ਿਆਲ ਆਉਂਦਾ ਹੈ ਕਿ ਕੀ ਇਹ ਗਾਇਕ-ਗਾਇਕਾਵਾਂ ਜਾ ਲ਼ੇਖਕ ਹੀ ਇਸ ਲਈ ਅਸਲੋ ਜੁੰਮੇਵਾਰ ਹਨ ਜਾਂ ਇਸ ਦੇ ਕੁੱਝ ਹੋਰ ਪਹਿਲੂ ਵੀ ਹਨ।ਇਸ ਨਾਲ ਮਿਲਦੀ ਜ਼ੁਲਦੀ ਸਕੂਲ ਸਮੇਂ ਦੀ ਘਟਨਾ ਯਾਦ ਆਉਂਦੀ ਹੈ।
          ਉਸ ਸਮੇਂ  ਸਕੂਲਾਂ ਵਿੱਚ ਬਾਲ ਸਭਾ ਲਗਦੀ ਹੁੰਦੀ ਸੀ। ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ  ਬਹੁਤ ਉਤਸ਼ਾਹ ਨਾਲ ਇਸ ਸਭਾ ਵਿੱਚ ਹਿੱਸਾ ਲੈਦੇ ਸਨ।ਇਸ ਬਾਲ ਸਭਾ ਵਿੱਚ ਕੋਈ ਵਿਦਿਆਰਥੀ ਕਵਿਤਾ ਸੁਣਾਉਂਦਾ ਕੋਈ ਗੀਤ ਕੋਈ ਚੁਟਕਲਾ ਆਦਿ ਬਹੁਤ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਦੇ ਸਨ।
    ਇਸੇ ਤਰ੍ਹਾ ਇੱਕ ਵਾਰ ਸਾਡੇ ਸਕੂਲ ਵਿੱਚ ਬਾਲ ਸਭਾ ਲੱਗੀ ਹੋਈ ਸੀ ।ਬਹੁਤ ਸਾਰੇ ਵਿਦਿਆਰਥੀ ਕੁੱਝ ਨਾ ਕੁੱਝ ਸੁਣਾ ਰਹੇ ਸਨ। ਇੱਕ ਵਿਦਿਆਰਥੀ ਨੇ ਪਹਿਲਾ ਸ਼ਬਦ ਸੁਣਾਇਆ ਇੱਕ ਨੇ ਕਵਿਤਾ, ਫਿਰ ਇੱਕ ਵਿਦਿਆਰਥੀ ਨੇ ਜਿਸ ਨੇ ਪਹਿਲਾਂ ਆਪਣਾ ਨਾਮ ਨਹੀ ਲਿਖਵਾਇਆ ਸੀ। ਇੱਕ ਗੀਤ ਗਾਉਣ ਲਈ ਆਇਆ ਉਸ ਨੇ ਇੱਕ ਹਥਿਆਰਾਂ ਨੂੰ ਮਹੱਤਤਾ ਦਿੰਦਾ ਗੀਤ ਸੁਣਾਇਆ। ਜਿਸ ਨੂੰ ਸਾਰਿਆਂ ਨੇ ਹਾਸੇ ਦੇ ਲਿਹਾਜ਼ ਨਾਲ ਟਾਲ ਦਿੱਤਾ ਕਿਉਂ ਕਿ ਬੱਚਿਆ ਦੇ ਹਿਸਾਬ ਨਾਲ ਇਹ ਗੀਤ ਕੋਈ ਜ਼ਿਆਦਾ ਮਹੱਤਤਾ ਨਹੀ ਰੱਖਦਾ ਸੀ।ਕਿਉਂ ਕਿ ਉਸ ਸਮੇਂ ਉਸ ਨੂੰ ਇਸ ਦੇ ਨਾ ਤਾਂ ਅਰਥਾਂ ਦਾ ਪਤਾ ਸੀ ਨਾ ਹੀ ਉਸ ਇਹ ਸਮਝ ਸੀ ਕਿ ਉਹ ਕੀ ਗਾ ਰਿਹਾ ਹੈ। ਉਸ ਤੋਂ ਬਾਅਦ ਫਿਰ ਇੱਕ ਬੱਚੇ ਨੇ ਆਸ਼ਕੀ ਬਾਰੇ ਗੀਤ ਗਾਇਆ। ਇਸ ਤੇ ਪੰਜਾਬੀ ਵਾਲੇ ਅਧਿਆਪਕ ਨੇ ਕੁੱਝ ਕਿੰਤੂ ਪ੍ਰੰਤੂ ਕੀਤੀ। ਤੀਜੇ ਬੱਚੇ ਨੇ ਇੱਕ ਇਸ ਤਰ੍ਹਾਂ ਦਾ ਗੀਤ ਗਾਇਆ ਜਿਸ ਨੂੰ ਵਿੱਚੋਂ ਹੀ ਰੋਕਣਾ ਪਿਆ।ਇਸ ਗੀਤ ਨੇ ਸਾਰੇ ਅਧਿਆਪਕਾਂ ਦੀਆਂ ਨੀਵੀਂਆ ਪੁਆ ਦਿੱਤੀਆਂ ਅਤੇ ਕੁੜੀਆਂ ਅਤੇ ਮੈਡਮਾਂ  ਧਰਤੀ ਵਿੱਚ ਮੂੰਹ ਦੇਣ ਤਾਂਈ ਜਾਣ।ਜਾਪਦਾ ਸੀ ਇਸ ਗੀਤ ਨਾਲ ਜਿਵੇਂ ਬਾਲ ਸਭਾ ਦਾ ਅੰਤ ਹੋ ਗਿਆ ਸੀ ਭਾਵੇਂ ਅਜੇ ਟਾਈਮ ਬਾਕੀ ਸੀ।
             ਇਹ ਸਾਰਾ ਕੁੱਝ ਦੇਖ-ਸੁਣਕੇ ਮੁੱਖ ਅਧਿਆਪਕ ਸਾਹਿਬ ਇੱਕ ਦਮ ਉੱਠੇ ਤੇ ਉਹਨਾਂ ਬੋਲਣਾ ਸ਼ੁਰੂ ਕਰ ਦਿੱਤਾ। ਪਿਆਰੇ ਵਿਦਿਆਰਥੀਓ, ਅੱਜ ਜੋ ਤੁਹਾਡੀ ਬਾਲ ਸਭਾ ਚੱਲ ਰਹੀ ਹੈ। ਇਹ ਇੱਕ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ। ਜਿਸ ਨਾਲ ਤੁਹਾਡੇ ਅੰਦਰ ਛੁਪੀ ਹੋਈ ਕਲ਼ਾ ਵੀ ਬਾਹਰ ਆਉਂਦੀ ਹੈ ਅਤੇ ਤੁਹਾਨੂੰ ਕੁੱਝ ਸਮੇਂ ਲਈ ਪੜ੍ਹਾਈ ਦੇ ਬੋਝ ਤੋਂ ਵੀ ਪਰੇ ਕੀਤਾ ਜਾਂਦਾ ਹੈ। ਇਸ ਲਈ ਬਾਲ ਸਭਾ ਕਿਸੇ ਵਿਦਿਆਰਥੀ ਲਈ ਬਹੁਤ ਸਹਾਈ ਹੁੰਦੀ ਹੈ ਜੋ ਅੱਗੇ ਜਾ ਕੇ  ਕਲ਼ਾਕਾਰ ਬਣਦੇ ਹਨ।ਜੋ ਅੱਜ ਵੱਡੇ-ਵੱਡੇ ਕਲ਼ਾਕਾਰ ਬਣੇ ਹੋਏ ਹਨ ਉਹ ਆਪਣੀਆਂ ਮੁਲ਼ਾਕਾਤਾਂ ਵਿੱਚ ਦਸਦੇ ਹਨ ਕਿ ਉਹਨਾਂ ਨੇ ਆਪਣੀ ਸ਼ੁਰੂਆਤ ਇਹਨਾਂ ਬਾਲ ਸਭਾਵਾਂ ਤੋਂ ਹੀ ਕੀਤੀ ਹੈ।ਇਹਨਾਂ ਬਾਲ ਸ਼ਭਾਵਾਂ ਦੀ ਬਦੋਲਤ ਹੀ ਅੱਜ ਉਹ ਇਹਨਾਂ ਮੁਕਾਮਾਂ ਤੱਕ ਪਹੁੰਚਣ ਵਿੱਚ ਇਹਨਾਂ ਸਭਾਵਾਂ ਨੂੰ ਹੀ ਆਪਣੀ ਪਹਿਲੀ ਪੌੜੀ ਮੰਨਦੇ ਹਨ। ਤੁਹਾਡੇ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਚੰਗੀਆਂ ਕਵਿਤਾਵਾਂ ਤੇ ਚੁਟਕਲੇ ਸੁਣਾਏ ਨੇ ਜਿਹਨਾ ਨੂੰ ਸੁਣ ਮਨ ਕਾਫੀ ਪ੍ਰਸੰਨ ਹੋਇਆ ਪਰ ਕੁੱਝ ਵਿਦਿਆਰਥੀਆਂ ਨੇ ਆਪਣੀ ਉਮਰ ਦੇ ਹਾਣ ਦੇ ਗੀਤ ਨਹੀ ਸੁਣਾਏ । ਭਾਵੇਂ ਇਸ ਵਿੱਚ ਇਹਨਾਂ ਵਿਦਿਆਰਥੀਆਂ ਦਾ ਕੋਈ ਜ਼ਿਆਦਾ ਕਸੂਰ ਮੈਂ ਨਹੀ ਸਮਝਦਾ ਕਿਉਂ ਕਿ ਇੱਕ ਤਾਂ ਇਹਨਾਂ ਤੋਂ ਇਹ ਗੀਤ ਪਹਿਲਾਂ ਕਿਸੇ ਅਧਿਆਪਕ ਨੇ ਨਹੀ ਸੁਣੇ, ਜਾਂ ਦੂਸਰੇ ਬੱਚਿਆਂ ਨੂੰ ਦੇਖ ਕੇ ਇਹਨਾਂ ਦੇ ਮਨ ਵਿੱਚ ਵੀ ਕੁੱਝ ਸੁਣਾਉਣ ਦੀ ਤਾਂਘ ਪੈਦਾ ਹੋ ਗਈ।ਦੂਜਾ ਸਿਆਣਿਆ ਨੇ ਕਿਹਾ ਹੈ ਕਿ, "ਜਿਸ ਤਰ੍ਹਾਂ ਦੀ ਅਸੀਂ ਸੰਗਤ ਕਰਾਂਗੇ ਉਸੇ ਤਰ੍ਹਾਂ ਦੀ ਸਾਡੇ ਤੇ ਰੰਗਤ ਚੜ੍ਹੇਗੀ" ਅੱਜ ਕਲ੍ਹ ਵਿਦਿਆਰਥੀਂ ਜੋ ਕੁੱਝ ਟੈਲੀਵਿਜ਼ਨਾ ਤੇ ਦੇਖਦੇ ਹਨ ਜਾਂ ਵਜਦੀਆਂ ਟੇਪਾਂ ਤੇ ਸੁਣਦੇ ਹਨ ਉਹਨਾਂ ਲਈ ਉਹੀ ਗੀਤ ਚੰਗੇ ਲਗਦੇ ਹਨ । ਇਸ ਲਈ ਇਹਨਾਂ ਦੀ ਚੋਣ ਕਰਨ ਵਿੱਚ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ।
          ਇਸ ਲਈ ਮੈਂ ਸਾਰੇ ਵਿਦਿਆਰਥੀਆਂ ਨੂੰ ਹੁਣ ਤੱਕ ਪਿਆਰ ਨਾਲ ਸਮਝਾਇਆ ਪਰ ਜੋ ਮੈਂ ਹੁਣ ਤੁਹਾਨੂੰ ਕਹਿਣ ਜਾ ਰਿਹਾ ਹਾਂ। ਉਸ ਨੂੰ ਜਰਾ ਧਿਆਨ ਨਾਲ ਸੁਣ ਲੈਣਾ, ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕੰਨ ਖੜ੍ਹੇ ਹੋ ਗਏ ਕਿ ਪਤਾ ਨੀ ਮੁੱਖ ਅਧਿਆਪਕ ਸਾਹਿਬ ਕੀ ਕਹਿਣਗੇ। ਮੁੱਖ ਅਧਿਆਪਕ ਨੇ ਕਿਹਾ, " ਜੋ ਵੀ ਵਿਦਿਆਰਥੀ ਅੱਜ ਤੋਂ ਬਾਅਦ ਕੋਈ ਹਿੰਸ਼ਕ ਗੀਤ ਜਾਂ ਕੋਈ ਨਾ ਸੁਣਨ ਯੋਗ ਗੀਤ ਜਾਂ ਕਵਿਤਾ ਗਾਵੇਗਾ , ਉਸ ਦੇ ਪੈਣਗੀਆਂ…ਨਾਲ ਹੀ ਹਰ ਅਧਿਆਪਕ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਬਾਲ ਸਭਾ ਵਾਲੇ ਦਿਨ ਜਮਾਤ ਇੰਚਾਰਜ਼ ਅਧਿਆਪਕ ਜੋ ਵੀ ਵਿਦਿਆਰਥੀਂ ਕੁੱਝ ਸੁਣਾਉਣਾ ਚਾਹੁੰਦੇ ਹਨ। ਉਹਨਾਂ ਦੇ ਪਹਿਲਾਂ ਨਾਮ ਨੋਟ ਕਰਕੇ ਉਹਨਾਂ ਤੋਂ ਉਹਨਾਂ ਦੀ ਜੋ ਵੀ ਆਈਟਮ ਹੈ ਸੁਣ ਲੈਣ ਜੋ ਇਹ ਵਿਦਿਆਰਥੀਆਂ ਅਤੇ ਅਧਿਆਪਕਾ ਸਾਹਿਬਾਨ ਦੀ ਜੁੰਮੇਵਾਰੀ ਹੈ"। ਇਸ ਤਰ੍ਹਾ ਮੁੱਖ ਅਧਿਆਪਕ ਜੀ ਦੇ ਇਹਨਾਂ ਬੋਲਾਂ ਨਾਲ ਸਾਰੇ ਪਾਸੇ ਛਨਾਟਾ ਛਾ ਗਿਆ।
            ਇਸ ਤੋਂ ਬਾਅਦ ਬਹੁਤ ਬਾਲ ਸ਼ਭਾਵਾਂ ਹੋਈਆ ਮੁੜਕੇ ਕੋਈ ਵੀ ਅਜਿਹੀ ਸਮੱਸ਼ਿਆ ਨਹੀ ਆਈ ਜਦੋਂ ਬਾਲ ਸਭਾ ਹੁੰਦੀ ਵਿਦਿਆਰਥੀ ਪਹਿਲਾ ਹੀ ਤਿਆਰ ਹੁੰਦੇ, ਜੇ ਕੋਈ ਵਿਦਿਆਰਥੀ ਮੌਕੇ ਤੇ ਤਿਆਰ ਵੀ ਹੋ ਜਾਂਦਾ ਤਾਂ ਉਹ ਆਪਣੀ ਇੰਚਾਰਜ਼ ਅਧਿਆਪਕ ਕੋਲ ਜਾਂਦਾ ਅਤੇ ਉਸ ਦੇ ਕੰਨ ਵਿੱਚ ਆਪਣੀ ਕਵਿਤਾਂ –ਗੀਤ ਜੋ ਵੀ ਕੁੱਝ ਹੁੰਦਾ ਜੇ ਸੁਣਨ ਯੋਗ ਹੁੰਦਾ ਤਾਂ ਅਧਿਆਪਕ ਕਹਿਕੇ ਮੌਕਾ ਦੁਆ ਦਿੰਦੇ ਜੇ ਨਾ ਸੁਣਨ ਯੋਗ ਹੁੰਦਾ ਤਾਂ ਉਸ ਨੂੰ ਉਸੇ ਸਮੇਂ ਜਾ ਕੇ ਬੈਠਣ ਲਈ ਆਖ ਦਿੰਦੇ। ਇਸ ਤਰ੍ਹਾਂ ਇਹ ਸਿਲਸਿਲਾਂ  ਜਦੋਂ ਤੱਕ ਸਕੂਲ ਵਿੱਚ ਪੜ੍ਹਦੇ ਰਹੇ  ਵਧੀਆ ਚਲਦਾ ਰਿਹਾ।
        ਪਰ ਅੱਜ ਦੀ ਗਾਇਕੀ ਨੂੰ ਦੇਖ ਇਹ ਗੱਲ ਵਾਰ-ਵਾਰ ਬਹੁਤ ਚੇਤੇ ਆਉਂਦੀ ਹੈ, ਅੱਜ ਸਾਡੀ ਗਾਇਕੀ ਵਿੱਚ ਹਥਿਆਰ, ਬਰਾਂਡਡਿਡ ਬੂਟ, ਮੋਬਾਇਲ ,  ਫਰਾਰੀ ਕਾਰਾਂ, ਮੋਟਰ ਸਾਇਕਲਾਂ ਆਮ ਹੀ ਜ਼ਿਕਰ ਸੁਣਨ ਨੂੰ ਮਿਲਦਾ ਹੈ।ਸਮਝ ਇਹ ਨਹੀ ਆ ਰਹੀ ਕਿ ਇਹ ਸਾਡੀ ਖ਼ੁਸਹਾਲ਼ੀ ਦੀ ਗੱਲ ਕਰ ਰਹੇ ਹਨ ਜਾਂ ਖ਼ੁਸਹਾਲ਼ ਵਸਦੇ ਘਰਾਂ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੇ ਹਨ। ਕਿਉਂ ਇਹਨਾਂ ਗੀਤਾਂ ਜਾਂ ਵੀਡਿਉ ਤੋਂ ਪ੍ਰੇਰਿਤ ਹੋ ਲੜਕੇ –ਲੜਕੀਆਂ ਸਕੂਟਰ –ਮੋਟਰ ਸਾਇਕਲਾਂ ,ਮੋਬਾਇਲਾਂ ਜਾਂ ਕਾਰਾਂ ਦੀ ਮੰਗ ਕਰ ਦਿੰਦੇ ਹਨ।ਜਿਸ ਨਾਲ ਕਈ ਵਾਰੀ ਬਹੁਤ ਸਾਰੇ ਘਰ ਇਸ ਬਰਬਾਦੀ ਦਾ ਸ਼ਿਕਾਰ ਹੋ ਜਾਂਦੇ ਹਨ। ਕਿ ਜੇਕਰ ਅੱਜ ਗਾਇਕਾਂ ਨੂੰ ਜੋ ਅੱਜ ਅੱਤ ਦੀ ਹਿੰਸ਼ਕ ਭੜਾਕਾਊ ਗਾਉਂਦੇ ਮਾਂ-ਭੈਣ ਦੀ ਸ਼ਰਮ ਨਹੀ ਕਰਦੇ,ਮਹਾਤਮਾਂ ਨੂੰ ਜਨਮ ਦੇਣ ਵਾਲੀ ਨਾਰੀ ਨੂੰ ਇੱਕ ਭਾਵਨਾਂ ਭੜਕਾਊ ਦ੍ਰਿਸ਼ਾ ਰਾਹੀ ਪੇਸ਼ ਕਰਦੇ ਹਨ।ਅਜਿਹੀਆਂ ਵੀਡੀਉ ਬਣਾਉਂਦੇ ਹਨ ਕਿ ਜਿਸ ਤੋਂ ਪ੍ਰੇਰਿਤ ਹੋ ਕੇ ਕਈ ਸਕੂਲਾਂ ਕਾਲਜਾਂ ਵਿੱਚ ਲੜਾਈ ਦੇ ਅੱਡੇ ਬਣ ਗਏ ਹਨ। ਪਿੱਛੇ ਜਿਹੇ ਇੱਕ ਸਕੂਲ ਦੀ ਦਿਲ ਕਬਾਊ ਘਟਨਾ ਨੇ ਤਾਂ ਸਾਰੇ ਦੇਸ਼ ਦੀ ਫਿਕਰ ਕਰਨ ਵਾਲਿਆ ਨੂੰ ਚਿੰਤਾਂ ਵਿੱਚ ਪਾ ਦਿੱਤਾ ਜਿੱਥੇ ਇੱਕ ਹਾਈ ਸਕੂਲ਼ ਦੇ ਵਿਦਿਆਰਥੀਆਂ ਨੇ ਆਪਣੀ ਇੱਕ ਲੜਾਈ ਵਿੱਚ ਸ਼ਰੇਆਮ ਹਥਿਆਰਾਂ ਦੀ ਵਰਤੋਂ ਕੀਤੀ।ਇਹ ਭਵਿੱਖ ਲਈ ਚਿੰਤਾਂ ਦਾ ਵਿਸ਼ਾਂ ਹੈ।ਇਹ ਜਿਆਦਾਤਰ ਇਹਨਾਂ ਗਾਇਕਾਂ ਦੀ ਬਣ ਰਹੀਆਂ ਭੜਕਾਊਂ ਵੀਡੀਉ ਅਤੇ ਗੀਤਾਂ ਵਿੱਚ ਹਿੰਸ਼ਕ ਬੋਲਾਂ ਨੂੰ ਇਹਨਾਂ ਨੂੰ ਕਿਸੇ ਹੱਦ ਤੱਕ ਜੁੰਮੇਵਾਰ ਠਹਿਰਾਇਆ ਜਾ ਸਕਦਾ ਹੈ।ਗਾਇਕ ਕਹਿਣਾ ਤਾਂ ਇਹਨਾਂ ਲਈ ਸ਼ਬਦ ਠੀਕ ਨਹੀ ਹੈ।ਇਹਨਾਂ ਨੂੰ ਸ਼ੋਰ ਗੁੱਲ ਕਰਦੇ ਕਹਿ ਸਕਦੇ ਹਾਂ।ਜੇ ਕੋਈ ਅਧਿਆਪਕ ਜਾਂ ਮੁੱਖ ਅਧਿਆਪਕ ਇਹਨਾਂ ਨੂੰ ਘੂਰ ਦਿੰਦਾ ਸ਼ਾਇਦ ਇਹ ਵੀ ਇਸ ਤਰ੍ਹਾਂ ਦਾ ਗਾਉਣ ਜਾਂ ਸ਼ੋਰ ਗੁੱਲ ਕਰਨ  ਦੀ ਹਿੰਮਤ ਨਾ ਕਰਦੇ ਕਿਉਂ ਕਿ ਇੱਕ ਤਜ਼ਰਬੇ ਦੇ ਤਹਿਤ ਇਹ ਆਖਿਆ ਜਾਂਦਾ ਹੈ ਕਿ, " ਬਚਪਨ ਦੀ ਪਈ ਹੋਈ ਕੁੱਟ ਜਾਂ ਘੂਰ ਆਦਮੀ ਸਾਰੀ ਉਮਰ ਨਹੀ ਭੁੱਲਦਾ ਜੇਕਰ ਉਹ ਕੋਈ ਗਲਤ ਕੰਮ ਕਰਨ ਵਾਰੇ ਵੀ ਸੋਚਦਾ ਹੈ ਤਾਂ ਉਸ ਦੇ ਅੱਗੇ ਉਹ ਬਚਪਨ ਦੀ ਕੁੱਟ ਜਾਂ ਘੂਰ ਅੱਗੇ ਆ ਜਾਂਦੀ ਹੈ"। ਇਸ ਦਾ ਖੁਲਾਸਾ ਸਾਡੇ ਬਹੁਤ ਸਾਰੇ ਫਿਲਾਸ਼ਫਰ ਅਤੇ ਉੱਚ ਕੋਟੀ ਦੇ ਲੇਖਕ ਕਰ ਚੁੱਕੇ ਹਨ। 
      ਕਈ ਗਾਇਕਾਂ ਤੇ ਲੇਖਕਾਂ ਜਿਹਨਾਂ ਦਾ ਮੀਡੀਆ ਨੇ ਤਾਂ ਸ਼ਰੇਆਮ ਨਾਵਾਂ ਦੇ ਨਾਲ ਖੁਲਾਸ਼ਾ ਵੀ ਕਰ ਦਿੱਤਾ ਹੈ ਵਿਰੁੱਧ ਤਾਂ ਨਾਰੀ ਮੰਚ ਨੇ ਬਗਾਵਤ ਕਰ ਵੀ ਦਿੱਤੀ ਹੈ ।ਉਹਨਾ ਗਾਇਕਾਂ ਜਾਂ ਲੇਖਕਾਂ ਨੂੰ ਹੁਣ ਮੀਡੀਆਂ ਜਾਂ ਹੋਰ ਥਾਂਵਾਂ ਤੇ ਫਿਟਕਾਰਾਂ ਪੈਣ ਲੱਗ ਪਈਆਂ ਹਨ । ਹੁਣ ਇਹ ਗਾਇਕ ਵੀ ਆਪਣਾ ਪਿੱਛਾ ਛਡਾਉਣ ਲਈ ਉੱਥੋਂ ਆਪਣਾ ਸੋਅ ਛੱਡ ਕੇ ਹੀ ਭੱਜ ਜਾਂਦੇ ਹਨ ਜਾਂ ਮਾਫੀ ਮੰਗ ਕੇ ਖਹਿੜਾ ਛੁਡਵਾਉਂਦੇ ਹਨ।ਇਸ ਲਈ ਜੇ ਕਰ ਥੋੜੀ ਬਹੁਤੀ ਘੂਰ ਨਾਲ ਕਿਸੇ ਦੇਸ਼ ਸਮਾਜ ਜਾਂ ਵਿਅਕਤੀ ਦਾ ਕੁੱਝ ਸੰਵਰ ਜਾਂਦਾ ਹੈ ਤਾਂ ਇਸ ਤਰ੍ਹਾਂ ਦੀ ਘੂਰ ਉਸ ਮਿੱਠੇ ਜ਼ਹਿਰ ਨਾਲੋ ਸੌ ਗੁਣਾ ਚੰਗੀ ਹੈ ਜੋ ਅਸੀ ਉਸ ਦੀ ਝੂਠੀ ਤਰੀਫ ਕਰਕੇ ਜਾਂ ਉਸ ਦੀ ਗਲਤੀ ਛੁਪਾ ਕੇ ਉਸ ਵਿਅਕਤੀ ਜਾਂ ਵਿਦਿਆਰਥੀ ਨੂੰ ਦਿੰਦੇ ਹਾਂ।
      ਇਸ ਵਿੱਚ ਜ਼ਿਆਦਾਤਰ ਸਾਡਾ ਆਪਣਾ ਕਸੂਰ ਹੈ, ਕੀ ਅੱਜ ਪੰਜਾਬ ਵਿੱਚ ਚੰਗੇ ਗਾਇਕਾਂ ਜਾਂ ਗਾਇਕਾਵਾਂ ਦੀ ਘਾਟ ਹੈ।ਜਿਸ ਤਰ੍ਹਾ ਕਿ ਇਕ ਆਮ ਸਮਾਜਿਕ ਸਰੋਕਾਰ ਹੈ ਕਿ ਬੁਰਾਈ ਦੀ ਉਮਰ ਭਾਵੇਂ ਘੱਟ ਹੁੰਦੀ ਹੈ ਪਰ ਉਹ ਫੈਲ਼ਦੀ ਬਹੁਤ ਜਲ਼ਦੀ ਹੈ।ਇਸੇ ਤਰ੍ਹਾਂ ਹੀ ਇੱਕ ਚੰਗੇ ਗੀਤ ਨੂੰ ਸਾਡੇ ਤੱਕ ਪਹੁੰਚਣ ਲਈ ਸਮਾਂ ਲਗਦਾ ਹੈ ਜਦੋਂ ਕਿ ਮਾੜੇ ਗੀਤ ਸਾਡੇ ਤੱਕ ਰਾਤੋ-ਰਾਤ ਪਹੁੰਚ ਜਾਂਦੇ ਹਨ ਕਿਉਂ ਕਿ ਇਸ ਦੇ ਕਲ਼ਾਕਾਰਾਂ ਨੂੰ ਜੋ ਰਾਤੋ-ਰਾਤ ਸਟਾਰ ਬਣਨ ਦੀ ਭੁੱਖ ਲੱਗੀ ਹੁੰਦੀ ਹੈ।ਦੂਜਾ ਇਹਨਾਂ ਕਲ਼ਾਕਾਰਾਂ ਨੇ ਪੈਸੇ ਦੀ ਅੰਨ੍ਹੇਵਾਹ ਵਰਤੋਂ ਕੀਤੀ ਹੁੰਦੀ ਜਿਸ ਨਾਲ ਚੈਨਲਾਂ ਵਾਲੇ ਤੇ ਕੰਪਨੀਆਂ ਵਾਲੇ ਵੀ ਆਪਣਾ ਘਰ ਪੂਰਾ ਕਰ ਲੈਂਦੇ ਹਨ।ਇਹ ਹੁਣ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਗੀਤਾਂ ਨੂੰ ਸੁਣਨਾ ਹੈ ਜਾਂ ਨਹੀ, ਕਿਉਂ ਕਿ ਜਿਸ ਤਰ੍ਹਾਂ ਦਾ ਲੋਕ ਸੁਣਨ ਵਿੱਚ ਜਿਆਦਾ ਦਿਲਸਚਪੀ ਦਿਖਾਉਦੇ ਹਨ, ਗਾਇਕ ਉਹੋ ਜਿਹਾ ਉਹਨਾਂ ਅੱਗੇ ਪਰੋਸੀ ਜਾ ਰਹੇ ਹਨ"।ਭਾਵੇਂ  ਸਾਨੂੰ ਸੁਰ ਦੀ ਸਮਝ ਭਾਵੇਂ ਨਹੀ ਪਰ ਅਸੀ ਭੱਦੀ ਸ਼ਬਦਾਵਲੀ ਨੂੰ ਤਾਂ ਸਾਰੇ ਸਮਝਦੇ ਹੀ ਹਾਂ।ਜੇਕਰ ਕਿਸੇ ਮੈਰਿਜ ਪੈਲ਼ਸ ਜਾਂ ਕਿਸੇ ਹੋਰ ਪਬਲਿਕ ਥਾਵਾਂ ਤੇ ਜਿੱਥੇ ਇਸ ਤਰ੍ਹਾਂ ਦੇ ਗੀਤ ਵੱਜ ਰਹੇ ਹੁੰਦੇ ਹਨ, ਉੱਥੇ ਜੇਕਰ ਕੋਈ ਬਾਪ ਆਪਣੀ ਧੀ ਨਾਲ ਖੜ੍ਹਾ ਹੈ ਜਾਂ ਕੋਈ ਭਾਈ ਆਪਣੀ ਭੈਣ ਨਾਲ ਜਾਂ ਤਾਂ ਉਸ ਨੂੰ ਉਸ ਜਗ੍ਹਾ ਤੋਂ ਜਾਣਾ ਪਵੇਗਾ ਜਾਂ ਉਸ ਨੂੰ ਉਹ ਵਜਦਾ ਗੀਤ ਬੰਦ ਕਰਵਾਉਣਾ ਪਵੇਗਾ ਜੇ ਉਹ ਬੰਦ ਕਰਵਾਵੇਗਾ ਤਾਂ ਉੱਥੇ ਲੜਾਈ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ ।ਲੜਾਈ ਦੇ ਨਤੀਜਿਆਂ ਤੋਂ ਅਸੀ ਸਾਰੇ ਭਲੀਂ-ਭਾਤੀਂ ਜਾਣੂ ਹਾਂ। ਅੱਜ ਲੋੜ ਹੈ, ਫਿਲਮਾਂ ਦੀ ਤਰਜ਼ ਤੇ  ਗਾਇਕੀ ਲਈ ਵੀ ਸ਼ੈਸਰ ਬੋਰਡ ਬਣਾਇਆ ਜਾਵੇ ਜਦੋਂ ਕਿ ਫਿਲਮਾਂ ਤਾਂ ਪਰਦੇ ਦੀ ਕਹਾਣੀ ਹੈ।ਉਹਨਾਂ ਨੂੰ ਦੇਖਣ ਲਈ ਮਨੁੱਖ ਚੱਲ ਕੇ ਜਾਵੇਗਾ ਪਰ  ਗੀਤ ਤਾਂ ਕੁੱਝ ਨਾ ਸਮਝ ਲੋਕਾਂ ਕਰਕੇ ਨਾ ਚਾਹੁੰਦੇ ਹੋਏ ਵੀ ਸੁਣਨੇ ਪੈਂਦੇ ਹਨ। ਪੰਜਾਬ ਦੀ ਨਿਘਰਦੀ ਜਾਂਦੀ ਗਾਇਕੀ ਅਤੇ ਲੇਖਣੀ ਤੋਂ ਤੌਬਾ ਕਰਨ ਦੀ ਲੋੜ ਹੈ ਨਹੀ ਤਾਂ ਇਸ ਸਿੱਟੇ ਭਿਆਨਕ ਨਿਕਲ ਸਕਦੇ ਹਨ।