ਸ਼ਮਾ ਦਿਲ ਵਿੱਚ ਜਗਾਉਂਦਾ ਹਾਂ ।
ਬੂਟਾ ਮੁਹੱਬਤਾਂ ਦਾ ਲਾਉਂਦਾ ਹਾਂ । ।

ਤਨ ਤੰਦੂਰ ਦਿਲ ਸਾਗਰ ਯਾਰੋ ,
ਰੋਗ ਹਿਰਸ ਦਾ ਮਿਟਾਉਂਦਾ ਹਾਂ । ।

ਸੁੱਖ ਤਾਂ ਚਾਰ ਦਿਨ ਪ੍ਰਾਉਣਾ ਹੈ ,
ਸਾਥ ਦੁੱਖਾਂ ਦਾ ਨਿਭਾਉਂਦਾ ਹਾਂ । ।

ਸੋਚਾਂ ਵਿੱਚ ਸੁਰਖ਼ ਰੰਗ ਭਰੀਏ ,
ਸ਼ਬਦਾਂ ਦਾ ਪੁੱਲ ਬਣਾਉਂਦਾ ਹਾਂ । ।

ਜੰਗ ਨਾ ਹੋਵੇ ਏਸ ਧਰਤ ਉੱਤੇ ,
ਅਮਨ ਦਾ ਨਗ਼ਮਾ ਗਾਉਂਦਾ ਹਾਂ । ।

ਨਫ਼ਰਤਾਂ ਛੱਡੋ ਬਗ਼ਲਗੀਰ ਹੋਵੋ ,
ਲੋਕਾਂ ਨੂੰ ਜੀਣਾ ਸਿਖਾਉਂਦਾ ਹਾਂ । ।

ਰੰਗ ਦੇਵੀਂ ਥੋੜਾ ਕੁ ਸ਼ਬਦਾਂ ਨੂੰ ,
ਨਾਨਕ ਦੇ ਵਾਸਤੇ ਪਾਉਂਦਾ ਹਾਂ । ।

ਮੇਰੇ ਮੌਲਾ ਮੇਰੇ ਗੁਨਾਹ ਬਖਸ਼ੀ ,
ਦਿਲ ਦੀ ਮਰਜ਼ ਸੁਣਾਉਂਦਾ ਹਾਂ ।