ਦੋਹੇ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਰਮ ਸੁਭਾਅ ਦਾ ਦੋਸਤੋ, ਹੈ ਲਿਖਾਰੀ ਜੋ। 
ਮਨ ਸਭਨਾਂ ਦਾ ਸਦਾ ਹੀ ਜਿੱਤ ਲੈਂਦਾ ਹੈ ਉਹ।
ਅੱਖਾਂ ਵਿੱਚ ਹੈ ਰੜਕਦਾ, ਜੇਕਰ ਲਿਖਦਾ ਸੱਚ।
ਕਲਮ ਨਾ ਰੁਕਦੀ ਕਦੇ ਵੀ ਹੋਵੇ ਜੇ ਪਰਪੱਕ।
ਕਾਗਜ਼ ਉਤੇ ਉੱਕਰਦਾ, ਜੋ ਹੈ ਦਿਲ ਦੇ ਵਿੱਚ।
ਆਪੇ ਲਿਖਤਾਂ ਪਾਉਂਦੀਆਂ ਲੁਕਾਈ ਦੇ ਦਿਲ ਖਿੱਚ।
ਕੋਠੇ ਚੜ੍ਹ ਕੇ ਸੱਚ ਨੂੰ, ਕਰਦੈ ਜੋ ਵਖਿਆਨ।
ਪੜ੍ਹਦੇ ਹਰਇਕ ਲਿਖ਼ਤ ਨੂੰ ਲੋਕੀ ਨਾਲ ਧਿਆਨ।
ਕਲਮਾਂ ਹਥਿਆਰ ਬਣਾ ਲਵੇ, ਜੋ ਹੁੰਦੀ ਵਿੱਚ ਹੱਥ।
ਮਾਰੇ ਉੱਘ ਪਤਾਲ ਜੇ ਲੁਹਾ ਲੈਂਦਾ ਹੈ ਪੱਤ।
ਤੀਰ ਨਿਸ਼ਾਨੇ ਲੱਗ ਜੇ, ਤਾਂਹੀ ਆਖੀਏ ਸ਼ਾਇਰ।
ਖੁੰਝੇ ਜੇਕਰ ਸੱਚ ਤੋਂ ਆਖਣ ਸਾਰੇ ਕਾਇਰ।
ਗੌਡ ਗਿਫਟ ਹੈ ਦੋਸਤੋ, ਲੇਖਕ ਦੀ ਜੋ ਮੱਤ।
ਕਿੱਥੇ ਜਚਦਾ ਕੀ ਹੈ ਦੇਵੇ ਉਹ ਸੁਮੱਤ।
ਲਿਖਾਰੀ ਪਰ੍ਹੇ ਤੋਂ ਪਰ੍ਹੇ ਨੇ, ਕਦੇ ਨਾ ਕਰੀਏ ਮਾਣ।
ਕਿਸ ਲਿਖਤ ਤੋਂ ਸ਼ੌਹਰਤ ਮਿਲਜੇ, ਹੱਥ ਹੈ ਭਗਵਾਨ।
ਅਸੀ ਪੰਜਾਬੀ ਪੁੱਤ ਹਾਂ, ਸਾਨੂੰ ਪਿਆਰੀ ਮਾਂ।
ਆਖ਼ਰ ਇਸ ਨੇ ਕਰਨੀ ਹੈ ਸਾਡੇ ਸਿਰ ਤੇ ਛਾਂ।
ਅਧੂਰੇ ਮਸਲੇ ਬਹੁਤ ਨੇ, ਲਿਖੀਏ ਕਰਕੇ ਗ਼ੌਰ।
ਇਕ ਖਤਮ ਹੈ ਹੋਂਵਦਾ ਖੜਾ ਹੋ ਜਾਂਦੈ ਹੋਰ।
ਦੋ ਚਿੱਤੀ ਨਾ ਰੱਖੀਏ, ਨਾ ਦਿਲ ਵਿੱਚ ਰੱਖੀਏ ਚੋਰ।
ਜੇ ਪਹਿਰਾ ਦਿੱਤਾ ਸੱਚ ਤੇ ਰੱਖੀਏ ਦਿਲ ਕਠੋਰ।
ਕਰੀਏ ਨਾ ਪਰਵਾਹ ਕਦੇ, ਲਾਭ ਹੋਵੇ ਜਾਂ ਹਾਣ।
ਜੇਕਰ ਲਿਖਤ 'ਚ ਦਮ ਹੈ ਤਾਂ ਹੋਵੇਗਾ ਸਨਮਾਣ।
ਕੀ ਡਰਨਾ ਹਥਿਆਰ ਤੋਂ, ਕਲਮ 'ਚ ਜੇਕਰ ਜਾਨ।
ਕੱਚੇ ਲੇਖਕ ਦੋਸਤੋ ਕੁਝ ਦਿਨ ਦੇ ਮਹਿਮਾਨ।
ਭਰਨ ਹੁੰਗਾਰਾ ਲੋਕ ਜੇ, ਤਾਹੀਓਂ ਬਣਦੀ ਗੱਲ।
ਵਿੱਚ ਜਮਾਨੇ ਇਕੋ ਲਿਖਤ ਹੀ ਪਾ ਦਿੰਦੀ ਤਰਥੱਲ।
ਜਾਤ ਪਾਤ ਤੇ ਧਰਮ ਤੇ, ਕਰਿਓ ਨਾ ਕਦੇ ਚੋਟ।
ਉਂਗਲ ਉੱਠੂਗੀ ਕਲਮ ਤੇ ਆਖਣਗੇ ਵਿੱਚ ਖੋਟ।
ਆਦਰ ਕਰੀਏ ਸਭ ਦਾ, ਗੁਰੂਆਂ ਦਾ ਫੁਰਮਾਨ।
ਵਿੱਚ ਲੁਕਾਈ ਲਿਖਤ ਉਹ ਹੋਵੇਗੀ ਪਰਵਾਨ।
ਨਸ਼ੇ ਕਿਰਸਾਨੀ ਭਰੂਣ ਹੱਤਿਆ, ਮਸਲੇ ਇਹ ਅਹਿਮ।
ਚਲਾਓ ਇਸ ਤੇ ਕਲਮ ਦੋਸਤੋ ਜਿਸ ਕੋਲ ਜਿੰਨ੍ਹਾਂ ਟਾਈਮ।
ਇਨਸਾਨੀਅਤ ਵਾਲਾ ਫਰਜ਼ ਵੀ ਨਿਭਾਈਏ ਸਿਰਾਂ ਦੇ ਨਾਲ।
ਮੈਂ ਤਾਂ ਦੋਸਤੋ ਦਿਲ ਦਾ, ਦਿੱਤਾ ਖੋਲ ਹਵਾਲ।
ਗਲਤੀ ਜੇਕਰ ਲਿਖਤ 'ਚ, ਦੱਸਿਓ ਜੇ ਜਰੂਰ।
ਸੁਧਾਰ ਮੈਂ ਕਰਕੇ ਹੌਲੀ ਹੌਲੀ ਕਰ ਲਵਾਂਗਾ ਦੂਰ।
ਦੱਦਾਹੂਰੀਆ ਲਿਖਣ 'ਚ ਹਾਲੇ, ਵੀਰੋ ਹੈ ਅਣਜਾਨ।
ਹੱਥ ਜੋੜ ਕੇ ਆਖ਼ਦਾ, ਦੋਹੇ ਕਰ ਲੈਣੇ ਪ੍ਰਵਾਨ।