ਆਤਮ-ਮੰਥਨ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੁਰਾ ਜੋ ਦੇਖਣ ਮੈਂ  ਚਲਾ ਬੁਰਾ ਨਾ ਮਿਲਿਆ ਕੋਇ,
ਜੋ ਦਿਲ ਖੋਜਾ ਆਪਣਾ ਮੁਜ ਸੇ ਬੁਰਾ ਨਾ ਕੋਇ॥  ਭਗਤ ਕਬੀਰ ਜੀ

ਆਤਮ ਮੰਥਨ ਦਾ ਭਾਵ ਹੈ ਸਵੈ-ਪੜਚੋਲ। ਅੰਗ੍ਰੇਜ਼ੀ ਵਿਚ ਇਸ ਨੂੰ ਸੈਲਫ ਅਪਰੇਜ਼ਲ (ਸ਼eਲਡ ਅਪਪਰaਸਿaਲ)  ਵੀ ਕਹਿੰਦੇ ਹਨ। ਇਸ ਦਾ ਮਤਲਬ ਹੈ ਕਿ ਆਪਣੇ ਗੁਣਾ ਔਗੁਣਾ ਦੀ ਖੁਦ ਪੜਤਾਲ ਕਰਨਾ ਕਿ ਅਸੀਂ ਕਿੰਨੇ ਕੁ ਚੰਗੇ ਹਾਂ ਭਾਵ ਇਹ ਕਿ ਸਾਡੇ ਅੰਦਰ ਕੀ ਕੀ ਗੁਣ ਜਾਂ ਔਗੁਣ ਹਨ। ਸਾਡਾ ਚਾਲ-ਚੱਲਣ ਉੱਚਾਈਆਂ ਵਲ ਜਾ ਰਿਹਾ ਹੈ ਜਾਂ ਨੀਵਾਣਾ ਵਲ ਧੱਸਦਾ ਜਾ ਰਿਹਾ ਹੈ? ਅਸੀਂ ਕਿੰਨੇ ਕੁ ਧਾਰਮਿਕ ਅਤੇ ਪੁਰਸ਼ਾਰਥੀ ਜਾਂ ਜ਼ਾਲਮ ਅਤੇ ਹੰਕਾਰੀ ਹਾਂ?
ਅਸੀਂ ਰੋਜ਼ ਤਿਆਰ ਹੋ ਕੇ ਸ਼ੀਸ਼ੇ ਦੇ ਸਾਹਮਣੇ ਹਾਜ਼ਰ ਹੁੰਦੇ ਹਾਂ। ਸ਼ੀਸ਼ੇ ਵਿਚ ਅਸੀ ਆਪਣਾ ਚਿਹਰਾ ਮੋਹਰਾ ਅਤੇ ਫੱਬਤ ਸਵਾਰਦੇ ਹਾਂ ਅਤੇ ਸੋਹਣੇ-ਸੋਹਣੇ ਕੱਪੜੇ ਪਾ ਕੇ ਬਣ ਠਣ ਕੇ ਸਮਾਜ ਵਿਚ ਵਿਚਰਦੇ ਹਾਂ। ਅੰਗਰੇਜ਼ੀ ਵਿਚ ਕਹਿੰਦੇ ਹਨ Face is index of mind  ਭਾਵ ਇਹ ਕਿ ਚਿਹਰੇ ਤੋਂ ਬੰਦੇ ਦਾ ਮਨ ਵੀ ਪੜ੍ਹਿਆ ਜਾ ਸਕਦਾ ਹੈ। ਇਸ ਹਿਸਾਬ ਵਿਚ ਤਾਂ ਜਦ ਅਸੀਂ ਸ਼ੀਸ਼ੇ ਦੇ ਸਨਮੁੱਖ ਹੋ ਕੇ ਆਪਣਾ ਚਿਹਰਾ ਦੇਖਦੇ ਹਾਂ ਤਾਂ ਉਸ ਸਮੇਂ ਆਪਣੇ ਮਨ ਨੂੰ ਵੀ ਪੜ੍ਹ ਸਕਦੇ ਹਾਂ ਕਿ ਸਾਡੇ ਮਨ ਵਿਚ ਕੀ ਹੈ ਪਰ ਅਸੀਂ ਕਦੀ ਆਪਣੇ ਮਨ ਨੂੰ ਪੜ੍ਹਦੇ ਹੀ ਨਹੀਂ ਕਿਉਂਕਿ ਅਸੀਂ ਆਪਣੇ ਅਸਲੀ ਚਿਹਰੇ ਨੂੰ ਮੁਖੌਟੇ ਪਿੱਛੇ ਛੁਪਾਈ ਰੱਖਦੇ ਹਾਂ। ਇਹ ਮੁਖੌਟਾ ਸਾਨੂੰ ਬਹੁਤ ਰਾਸ ਆਉਂਦਾ ਹੈ। ਸਾਡੇ ਕੋਲ ਆਪਣੇ ਅਸਲੀ ਚਿਹਰੇ ਨੂੰ ਦੇਖਣ ਦਾ ਸਮਾਂ ਹੀ ਨਹੀਂ। ਜੇ ਸ਼ੀਸ਼ਾ ਉੱਚੀ ਬੋਲ ਕੇ ਸਾਡੇ ਮਨ ਨੂੰ ਪੜ੍ਹ ਕੇ ਸੱਚ ਦੱਸ ਸਕਦਾ ਤਾਂ ਕੋਈ ਵੀ ਮਨੁੱਖ ਕਦੀ ਵੀ ਸ਼ੀਸ਼ੇ ਸਾਹਮਣੇ ਨਾ ਜਾਂਦਾ ਕਿਉਂਕਿ ਸ਼ੀਸ਼ਾ ਕਦੀ ਝੂਠ ਨਹੀਂ ਬੋਲਦਾ। ਫਿਰ ਵੀ ਜੋ ਸੱਚਾਈ ਸ਼ੀਸ਼ੇ ਰਾਹੀਂ ਸਾਨੂੰ ਪਤਾ ਚਲਦੀ ਹੈ, ਅਸੀਂ ਉਸ ਨੂੰ ਅਣਗੋਲਿਆਂ ਕਰ ਛੱਡਦੇ ਹਾਂ ਕਿਉਂਕਿ ਅੱਜ-ਕੱਲ੍ਹ ਮੰਡੀਕਰਨ ਦਾ ਜ਼ਮਾਨਾ ਹੈ। ਮੰਡੀ ਵਿਚ ਪੈਸੇ ਦੀ ਅੰਨ੍ਹੀ ਦੌੜ ਲੱਗੀ ਹੋਈ ਹੈ। ਮੰਡੀ ਵਿਚ ਪੈਸੇ ਨਾਲ ਹਰ ਵਸਤੂ ਮਿਲਦੀ ਹੈ। ਕਈ ਵਾਰੀ ਤਾਂ ਅਸੀਂ ਉੱਚੀਆਂ ਕਦਰਾਂ ਕੀਮਤਾਂ ਅਤੇ ਪ੍ਰਮਾਤਮਾ ਦੀਆਂ ਅਨਮੋਲ ਵਸਤੂਆਂ ਨੂੰ ਵੀ ਪੈਸੇ ਨਾਲ ਤੋਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉੱਥੇ ਅਸੀਂ ਫੇਲ੍ਹ ਹੋ ਜਾਂਦੇ ਹਾਂ।
ਇਹ ਠੀਕ ਹੈ ਕਿ ਪੈਸੇ ਨਾਲ ਸੁੱਖਾਂ ਦੇ ਬਹੁਤ ਸਾਰੇ ਸਾਧਨ ਖਰੀਦੇ ਜਾ ਸਕਦੇ ਹਨ ਅਤੇ ਕਈ ਨਿੱਜੀ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਪੈਸੇ ਨਾਲ ਹੀ ਸਮਾਜ 'ਤੇ ਚੰਗਾ ਪ੍ਰਭਾਵ ਵੀ ਪਾਇਆ ਜਾ ਸਕਦਾ ਹੈ। ਇਸ ਲਈ ਮਨੁੱਖ ਵਿਚ ਪੈਸੇ ਦੇ ਢੇਰ ਇਕੱਠੇ ਕਰਨ ਦੀ ਅੰਨ੍ਹੀ ਦੌੜ ਲੱਗੀ ਹੋਈ ਹੈ। ਲੋਕ ਹਰ ਜਾਇਜ਼ ਜਾਂ ਨਜਾਇਜ਼ ਢੰਗ ਨਾਲ ਪੈਸਾ ਇਕੱਠਾ ਕਰਨ ਲੱਗੇ ਹੋਏ ਹਨ। ਜੇ ਅਮਲੀ ਤੌਰ ਤੇ ਦੇਖਿਆ ਜਾਏ ਤਾਂ ਪੈਸਾ ਜ਼ਿੰਦਗੀ ਵਿਚ ਸਭ ਕੁਝ ਹੀ ਤਾਂ ਨਹੀਂ। ਸਾਡਾ ਸੁਭਾਅ, ਸਾਡੀ ਸੋਚ, ਸਾਡੇ ਕੰਮ ਅਤੇ ਸਾਡੀ ਬੋਲ ਬਾਣੀ ਵੀ ਸਾਡੇ ਸੁੱਖਾਂ ਦਾ ਵਾਤਾਵਰਨ ਸਿਰਜਣ ਵਿਚ ਬਹੁਤ ਸਹਾਈ ਹੁੰਦੇ ਹਨ। ਸਾਡੇ ਦੋ ਖਰਵੇ ਬੋਲ ਸਾਡੇ ਪਿਆਰ ਭਰੇ ਰਿਸ਼ਤਿਆਂ ਨੂੰ ਇਕ ਮਿੰਟ ਵਿਚ ਹੀ ਤੋੜ ਕੇ ਰੱਖ ਦਿੰਦੇ ਹਨ ਜਿਸ ਦਾ ਸੰਤਾਪ ਸਾਨੂੰ ਸਾਰੀ ਉਮਰ ਭੁਗਤਣਾ ਪੈਂਦਾ ਹੈ। ਇਸ ਦੇ ਉਲਟ, ਸਾਡੇ ਹਮਦਰਦੀ ਭਰੇ ਦੋ ਮਿੱਠੇ ਬੋਲ ਦੂਸਰੇ ਦੇ ਦਿਲ ਅੰਦਰ ਉਤਰ ਜਾਂਦੇ ਹਨ ਅਤੇ ਅਸੀਂ ਉਸ ਨੂੰ ਬਿਨਾ ਮੁੱਲ ਤੋਂ ਹੀ ਜ਼ਿੰਦਗੀ ਭਰ ਲਈ ਆਪਣਾ ਬਣਾ ਲੈਂਦੇ ਹਾਂ।
ਅਸੀਂ ਹਮੇਸ਼ਾਂ ਆਪਣੇ ਆਪ ਨੂੰ ਬਹੁਤ ਸਿਆਣਾ ਅਤੇ ਸਰਬ ਗੁਣ ਸੰਪਨ ਸਮਝਦੇ ਹਾਂ। ਹਰ ਸਮੇਂ ਦੂਸਰਿਆਂ ਦੇ ਨੁਕਸ ਕੱਢ ਕੇ ਉਨ੍ਹਾਂ ਨੂੰ ਦੋਸ਼ ਦੇ ਕੇ ਭੰਡਦੇ ਰਹਿੰਦੇ ਹਾਂ। ਸਾਨੂੰ ਕਦੀ ਆਪਣੇ ਔਗੁਣ ਨਜ਼ਰ ਨਹੀਂ ਆਉਂਦੇ । ਇਸ ਲਈ ਅਸੀਂ ਸਦਾ ਹੰਕਾਰ ਵਿਚ ਹੀ ਰਹਿੰਦੇ ਹਾਂ। ਸਾਡਾ ਇਹ ਹੰਕਾਰ ਹਮੇਸ਼ਾਂ ਸਾਨੂੰ ਉੱਚੀਆਂ ਹਵਾਵਾਂ ਵਿਚ ਰੱਖਦਾ ਹੈ ਅਤੇ ਸਾਡੇ ਪੈਰ ਧਰਤੀ ਤੇ ਟਿਕਣ ਨਹੀਂ ਦਿੰਦਾ। ਜਦ ਜ਼ਿੰਦਗੀ ਦੀ ਠੋਸ ਹਕੀਕਤ ਸਾਡੇ ਸਾਹਮਣੇ ਆਉਂਦੀ ਹੈ ਤਾਂ ਅਸੀਂ ਦੁਖੀ ਹੁੰਦੇ ਹਾਂ। ਇਸ ਦਾ ਅਸਲ ਕਾਰਨ ਹੈ ਕਿ ਅਸੀਂ ਕਦੀ ਆਪਣਾ ਆਤਮ-ਮੰਥਨ ਕਰ ਕੇ ਆਪਣੇ ਆਪ ਨੂੰ ਸੁਧਾਰਨ ਦਾ ਯਤਨ ਹੀ ਨਹੀਂ ਕਰਦੇ। ਚਾਹੀਦਾ ਇਹ ਹੈ ਕਿ ਅਸੀਂ ਹਮੇਸ਼ਾਂ ਦੂਸਰੇ ਦੇ ਗੁਣਾ ਨੂੰ ਅਤੇ ਆਪਣੇ ਔਗੁਣਾ ਨੂੰ ਸਾਹਮਣੇ ਰੱਖ ਕੇ ਲਗਾਤਾਰ ਆਪਣੇ ਅੰਦਰ ਸੁਧਾਰ ਕਰਦੇ ਰਹੀਏ। ਅਸੀਂ ਕਦੀ ਨਿਮਰਤਾ ਦਾ ਪੱਲਾ ਨਾ ਛੱਡੀਏ। ਬੰਦਾ ਭੁੱਲਣਹਾਰ ਹੈ ਇਸ ਲਈ ਅਸੀਂ ਦੂਸਰੇ ਨੂੰ ਮੁਆਫ਼ ਕਰਨਾ ਵੀ ਸਿੱਖੀਏ ਕਿਉਂਕਿ ਅਸੀਂ ਆਪਣੇ ਲਈ ਵੀ ਰੱਬ ਤੋਂ ਇਹ ਹੀ ਆਸ ਰੱਖਦੇ ਹਾਂ। 
ਜੇ ਅਸੀਂ ਆਪਣੇ ਲਈ ਸੁੱਖਾਂ ਦਾ ਸੰਸਾਰ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਆਤਮ-ਮੰਥਨ ਕਰ ਕੇ ਆਪਣੇ ਔਗੁਣਾ ਦਾ ਤਿਆਗ ਕਰਨਾ ਪਏਗਾ। ਦੁਨੀਆਂ ਵਿਚ ਕੋਈ ਵੀ ਮਨੁੱਖ ਸਰਬ ਗੁਣ ਸੰਪਨ ਨਹੀਂ ਹੁੰਦਾ। ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੇਰੇ ਅੰਦਰ ਸਭ ਗੁਣ ਹੀ ਗੁਣ ਹਨ ਅਤੇ ਕੋਈ ਔਗੁਣ ਨਹੀਂ। ਨਾ ਹੀ ਕਿਸੇ ਮਨੁੱਖ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਸ ਵਿਚ ਨਿਰੇ ਔਗੁਣ ਹੀ ਔਗੁਣ ਹਨ ਅਤੇ ਕੋਈ ਗੁਣ ਨਹੀਂ। ਹਰ ਮਨੁੱਖ ਵਿਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ। ਅਸੀਂ ਇਕ ਛੋਟੇ ਜਿਹੇ ਬੱਚੇ ਤੋਂ ਵੀ ਕੁਝ ਨਾ ਕੁਝ ਸਿੱਖ ਸਕਦੇ ਹਾਂ। ਕਿਸੇ ਵਿਦਵਾਨ ਨੂੰ ਦੂਸਰੇ ਨੇ ਪੁਛਿਆ,"ਤੁਸੀਂ ਐਨਾ ਕੁਝ ਕਿੱਥੋਂ ਸਿਖਿਆ ਹੈ?" ਤਾਂ ਉਸ ਵਿਦਵਾਨ ਨੇ ਉੱਤਰ ਦਿੱਤਾ,"ਮੂਰਖਾਂ ਤੋਂ।"
ਜੇ ਕਿਧਰੇ ਕੋਈ ਬੰਦਾ ਸਰਬ ਗੁਣ ਸੰਪਨ ਹੁੰਦਾ ਤਾਂ ਉਸ ਨੂੰ ਕਿਸੇ ਦੂਸਰੇ ਬੰਦੇ ਦੇ ਸਹਿਯੋਗ ਦੀ ਲੋੜ ਹੀ ਨਹੀਂ ਸੀ ਪੈਣੀ। ਉਸ ਨੇ ਹੰਕਾਰ ਵਿਚ ਆ ਕੇ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪੈਣਾ ਸੀ ਅਤੇ ਇਸ ਧਰਤੀ ਤੇ ਦਹਿਸ਼ਤ ਫੈਲ੍ਹਾ ਦੇਣੀ ਸੀ।
ਸਾਡਾ ਦੇਸ਼ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ। ਇਸ ਧਰਤੀ 'ਤੇ ਬੜੇ ਬੜੇ ਰਿਸ਼ੀ ਮੁਨੀ ਹੋਏ ਹਨ, ਜਿਨ੍ਹਾਂ ਨੇ ਸਾਰੀ ਉਮਰ ਪ੍ਰਮਾਤਮਾ ਦੀ ਬਹੁਤ ਭਗਤੀ ਕੀਤੀ। ਭਗਤੀ ਨਾਲ ਬੰਦਾ ਬਹੁਤ ਜਲਦੀ ਹੀ ਹੰਕਾਰ ਵਿਚ ਆ ਜਾਂਦਾ ਹੈ ਅਤੇ ਬੜੀ ਜਲਦੀ ਹੀ ਦੂਜੇ ਨੂੰ ਵਰ ਜਾਂ ਸਰਾਪ ਦੇਣ ਲੱਗ ਪੈਂਦਾ ਹੈ। ਸੇਵਾ ਅਤੇ ਸਾਧ ਦੀ ਸੰਗਤ ਨਾਲ ਹੰਕਾਰ ਮਾਰਿਆ ਜਾਂਦਾ ਹੈ। ਮਨ ਵਿਚ ਨਿਮਰਤਾ ਆਉਂਦੀ ਹੈ। ਫਿਰ ਉਹ ਲੋਕ ਭਲਾਈ ਵੱਲ ਤੁਰਦਾ ਹੈ। ਸਾਡੇ ਪਹਿਲੇ ਧਾਰਮਿਕ ਲੋਕ ਕਦਮ ਕਦਮ 'ਤੇ ਆਤਮ-ਮੰਥਨ ਭਾਵ ਸਵੈ ਪੜਚੋਲ ਕਰਦੇ ਸਨ ਅਤੇ ਸਦਾ ਨਿਮਰਤਾ ਵਿਚ ਰਹਿੰਦੇ ਸਨ। ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾਂ ਸ਼ਾਮਲ ਕੀਤਾ ਗਿਆ ਹੈ। ਸਿੱਖ ਇਸ ਬਾਣੀ ਦਾ ਪਾਠ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕਰਦੇ ਹਨ। ਐਡੀ ਉੱਤਮ ਬਾਣੀ ਨੂੰ ਲਿਖਣ ਲੱਗਿਆਂ ਵੀ ਗੁਰੂ ਨਾਨਕ ਦੇਵ ਜੀ ਨੇ ਨਿਮਰਤਾ ਦਾ ਪੱਲਾ ਨਹੀਂ ਛੱਡਿਆ, ਜਿਵੇਂ "ਨਾਨਕ ਨੀਚੁ ਕਹੈ ਵੀਚਾਰ॥ਵਾਰਿਆ ਨਾ ਜਾਵਾ ਏਕ ਵਾਰ॥ (ਪਉੜੀ ੧੮) ਭਾਵ ਨੀਵਾਂ ਨਾਨਕ ਇਹ ਵਿਚਾਰ ਕਹਿੰਦਾ ਹੈ। ਮੈਂ ਤਾਂ ਇਕ ਵਾਰੀ ਵੀ ਤੇਰੇ ਤੋਂ ਕੁਰਬਾਨ ਨਹੀਂ ਹੋ ਸਕਦਾ। ਇਸੇ ਤਰ੍ਹਾਂ ਆਪ ਆਸਾ ਦੀ ਵਾਰ ਵਿਚ ਵੀ ਲਿਖਦੇ ਹਨ-"ਹਉ ਢਾਢੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇਦੇ।" ਇਸੇ ਤਰ੍ਹਾਂ ਸ਼ੇਖ ਫਰੀਦ ਜੀ ਵੀ ਆਪਣੇ ਅੰਦਰ ਝਾਤੀ ਮਾਰਦੇ ਹਨ ਅਤੇ ਲਿਖਦੇ ਹਨ:
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸ॥
ਗੁਨਹੀ ਭਰਿਆ ਮੈ ਫਿਰਾ ਲੋਕ ਕਹੈ ਦਰਵੇਸੁ॥ (੬੧)

ਭਾਵ ਇਹ ਲੋਕ ਮੇਰੇ ਬਾਹਰੀ ਭੇਖ ਨੂੰ ਦੇਖ ਕੇ ਹੀ ਮੈਨੂੰ ਫਕੀਰ ਸਮਝ ਰਹੇ ਹਨ ਪਰ ਅੰਦਰੋਂ ਮੈਂ ਗੁਣਾਹਾਂ ਅਤੇ ਔਗੁਣਾ ਦਾ ਭਰਿਆ ਹੋਇਆ ਹਾਂ। ਪ੍ਰਸਿਧ ਸੂਫੀ ਸ਼ਾਇਰ ਬੁੱਲ੍ਹੇ ਸ਼ਾਹ ਤਾਂ ਨਿਸ਼ੰਗ ਹੋ ਕੇ ਬਾਹਰ ਦੇ ਕਰਮ ਕਾਂਡਾਂ ਨੂੰ ਭੰਡਦਾ ਹੈ ਅਤੇ ਆਪਣੇ ਮਨ ਅੰਦਰ ਝਾਤੀ ਮਾਰਨ ਲਈ ਕਹਿੰਦਾ ਹੈ:
ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ, 
ਕਦੀ ਆਪਣੇ ਆਪ ਨੂੰ ਪੜ੍ਹਿਆ ਨਹੀਂ।
ਜਾ ਜਾ ਵੜਦੈਂ ਮੰਦਰ ਮਸੀਤੀਂ, 
ਕਦੀ ਮਨ ਆਪਣੇ ਵਿਚ ਵੜ੍ਹਿਆ ਨਹੀਂ।
ਐਵੇਂ ਲੜਦਾ ਹੈਂ ਸ਼ੈਤਾਨ ਦੇ ਨਾਲ ਬੰਦਿਆ,
ਕਦੀ ਨਫ਼ਜ਼ ਆਪਣੇ ਨਾਲ ਲੜਿਆ ਨਹੀਂ।
ਆਖੇ ਫਿਰ ਬੁਲ੍ਹੇ ਸ਼ਾਹ ਆਸਮਾਨੀ ਫਿਰਨਾ ਹੈਂ,
ਜਿਹੜਾ ਮਨ ਆਪਣੇ ਵਿਚ ਵੱਸਦਾ ਉਹਨੂੰ ਫੜਿਆ ਨਹੀ>।

ਇਹ ਮਹਾਂ-ਪੁਰਸ਼ ਜੋ ਵੀ ਕੰੰਮ ਕਰਦੇ ਸਨ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਸਨ ਕਿ ਹੇ ਸੱਚੇ ਪਾਤਸ਼ਾਹ ਮੇਰੇ ਵਿਚ ਕੋਈ ਗੁਣ ਨਹੀਂ । ਇਹ ਕੰਮ ਮੇਰੇ 'ਤੇ ਕ੍ਰਿਪਾ ਕਰ ਕੇ ਤੂੰ ਆਪ ਹੀ ਕਰਾਇਆ ਹੈ। ਨਹੀਂ ਤੇ ਮੇਰੀ ਤਾਂ ਕੋਈ ਔਕਾਤ ਹੀ ਨਹੀਂ ਕਿ ਮੈਂ ਇਹ ਕੰਮ ਕਰ ਸਕਾਂ । ਉਹ ਕਦੀ ਹੰਕਾਰ ਵਿਚ ਨਹੀਂ ਸਨ ਆਉਂਦੇ।
ਦੋਸਤੋ ਕਈ ਵਾਰੀ ਅਸੀਂ ਪੁਰਸ਼ਾਰਥ ਦੀ ਭਾਵਨਾ ਵਿਚ ਆ ਕੇ ਆਪਣੀ ਕਮਾਈ ਵਿਚੋਂ ਕੁਝ ਧਨ ਦਾਨ ਲਈ ਕੱਢਦੇ ਹਾਂ ਅਤੇ ਉਹ ਧਨ ਅਸੀਂ ਧਾਰਮਿਕ ਸਥਾਨਾ ਤੇ ਚੜ੍ਹਾ ਆਉਂਦੇ ਹਾਂ। ਆਮ ਤੌਰ ਤੇ ਇਹ ਪੈਸਾ ਜ਼ਰੂਰਤ-ਮੰਦਾਂ ਨੂੰ ਨਹੀਂ ਪਹੁੰਚਦਾ। ਇਸ ਪੈਸੇ ਦਾ ਦੁਰਉਪਯੋਗ ਹੁੰਦਾ ਹੈ। ਪ੍ਰਬੰਧਕ ਉਸ ਪੈਸੇ ਨੂੰ ਆਪਣੀ ਨਿੱਜੀ ਸੰਪਤੀ ਸਮਝ ਲੈਂਦੇ ਹਨ। ਇਹ ਧਨ ਉਨ੍ਹਾਂ ਦੀ ਆਯਾਸ਼ੀ ਅਤੇ ਨਿੱਜੀ ਖਰਚਿਆਂ ਲਈ ਵਰਤਿਆ ਜਾਂਦਾ ਹੈ। ਅਜਿਹੇ ਦਾਨ ਦਾ ਕੋਈ ਲਾਭ ਨਹੀਂ। ਦਾਨ ਤਾਂ ਉਹ ਹੀ ਠੀਕ ਹੈ ਜੋ ਜ਼ਰੂਰਤਮੰਦਾਂ ਦੇ ਕੰਮ ਆਵੇ। ਅਜਿਹੇ ਦਾਨ ਨਾਲ ਸਕੂਲਾਂ ਵਿਚ ਮੁਫ਼ਤ ਵਿੱਦਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਹਸਪਤਾਲਾਂ ਵਿਚ ਗ਼ਰੀਬ ਮਰੀਜ਼ਾਂ ਦਾ ਮੁਫ਼ਤ ਇਲਾਜ ਹੋਣਾ ਚਾਹੀਦਾ ਹੈ। ਅਨਾਥ ਬੱਚਿਆਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਗ਼ਰੀਬ ਲੜਕੀਆਂ ਦੀ ਸ਼ਾਦੀ ਕੀਤੀ ਜਾਣੀ ਚਾਹੀਦੀ ਹੈ। ਬੇਰੁਜ਼ਗਾਰਾਂ ਨੂੰ ਉਨ੍ਹਾਂ ਦੇ ਪੈਰਾਂ ਤੇ ਖੜ੍ਹੇ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਕਈ ਵਾਰੀ ਅਸੀਂ ਸੜਕਾਂ 'ਤੇ ਲੰਗਰ ਲਾ ਕੇ ਰੱਜੇ ਹੋਏ ਬੰਦਿਆਂ ਨੂੰ ਜ਼ਬਰਦਸਤੀ ਭੋਜਨ ਕਰਾਉਂਦੇ ਹਾਂ ਅਤੇ ਸਮਝ ਲੈਂਦੇ ਹਾਂ ਕਿ ਅਸੀਂ ਬਹੁਤ ਪੁੰਨ ਕਮਾ ਰਹੇ ਹਾਂ। ਭੋਜਨ ਤਾਂ ਭੁੱਖੇ ਬੰਦਿਆਂ ਨੂੰ ਕਰਾ ਕੇ ਹੀ ਫ਼ਾਇਦਾ ਹੈ।
ਅਸੀਂ ਕੰਡਿਆਲੇ ਕਿੱਕਰ ਦੇ ਬੀਜ ਬੀਜ ਕੇ ਕਦੀ ਸੋਹਣੇ ਖ਼ੁਸ਼ਬੂਦਾਰ ਫੁੱਲਾਂ ਦੀ ਜਾਂ ਮਿੱਠੇ ਫ਼ਲਾਂ ਦੀ ਫ਼ਸਲ ਨਹੀਂ ਲੈ ਸਕਦੇ। ਅਸੀਂ ਆਪਣੇ ਮਾਂ ਪਿਓ ਨੂੰ ਦੁਖੀ ਕਰ ਕੇ ਕਦੀ ਆਪਣੇ ਬੱਚਿਆਂ ਤੋਂ ਇੱਜ਼ਤ ਜਾਂ ਸੇਵਾ ਨਹੀਂ ਕਰਾ ਸਕਦੇ। ਸਾਡੇ ਆਪਣੇ ਕਰਮ ਹੀ ਅੱਗੇ ਆਉਂਦੇ ਹਨ। ਜੋ ਫ਼ਸਲ ਅੱਜ ਅਸੀਂ ਬੀਜਦੇ ਹਾਂ ਉਹ ਫ਼ਸਲ ਹੀ ਸਾਨੂੰ ਅੱਗੇ ਜਾ ਕੇ ਕੱਟਣੀ ਪੈਂਦੀ ਹੈ। ਇਕ ਔਰਤ ਆਪਣੀ ਬੁੱਢੀ ਸੱਸ ਨਾਲ ਬਹੁਤ ਬੁਰਾ ਵਿਉਹਾਰ ਕਰਦੀ ਸੀ। ਉਸ ਕੋਲੋਂ ਨੌਕਰਾਂ ਦੀ ਤਰ੍ਹਾਂ ਘਰ ਦੇ ਸਾਰੇ ਕੰਮ ਕਰਵਾਉਂਦੀ ਸੀ। ਉਸ ਦਾ ਘਰ ਵਾਲਾ ਵੀ ਆਪਣੀ ਜਨਾਨੀ ਦੀਆਂ ਗੱਲਾਂ ਵਿਚ ਆ ਕੇ ਆਪਣੀ ਬੁੱਢੀ ਮਾਂ ਨੂੰ ਬ੍ਰਿਧ ਆਸ਼ਰਮ ਵਿਚ ਛੱਡ ਆਇਆ। ਕੁਝ ਸਮਾਂ ਬੀਤਣ 'ਤੇ ਉਸ ਬੰਦੇ ਨੇ ਇਕ ਪੰਡਤ ਨੂੰ ਬੁਲਾ ਕਿ ਕਿਹਾ, "ਪੰਡਤ ਜੀ ਹਿਸਾਬ ਲਾ ਕੇ ਦੱਸੋ ਕੇ ਸਾਡਾ ਆਉਣ ਵਾਲਾ ਸਮਾਂ ਕਿਵੇਂ ਬੀਤੇਗਾ? ਸਾਡੀ ਮੌਤ ਕਿਵੇਂ ਹੋਵੇਗੀ ਅਤੇ ਕਿਸ ਥਾਂ 'ਤੇ ਹੋਵੇਗੀ?" ਪੰਡਤ ਨੇ ਹਿਸਾਬ ਲਾ ਕਿ ਕਿਹਾ, "ਤੁਹਾਡੀ ਦੋਹਾਂ ਦੀ ਕਿਸਮਤ ਤਾਂ ਕਰੀਬ ਇਕੋ ਜਹੀ ਹੀ ਹੈ। ਜਿੰਨਾ ਸੁੱਖ ਤੁਹਾਡੀ ਮਾਂ ਦੀ ਕਿਸਮਤ ਵਿਚ ਲਿਖਿਆ ਹੈ ਓਨਾ ਸੁੱਖ ਹੀ ਤੁਹਾਨੂੰ ਮਿਲੇਗਾ। ਜਿਸ ਥਾਂ 'ਤੇ ਤੁਹਾਡੀ ਮਾਂ ਦੀ ਮੌਤ ਲਿਖੀ ਹੈ ਠੀਕ ਉਸੇ ਥਾਂ ਤੇ ਹੀ ਅਤੇ ਉਸੇ ਹਾਲਾਤ ਵਿਚ ਹੀ ਤੁਹਾਡੀ ਮੌਤ ਹੋਵੇਗੀ।" ਇਹ ਸੁਣ ਕੇ ਪਤੀ ਪਤਨੀ ਨੂੰ ਆਪਣਾ ਭੱਵਿਖ ਧੁੰਦਲਾ ਨਜ਼ਰ ਆਉਣ ਲੱਗਾ। ਉਨ੍ਹਾਂ ਦੀਆਂ ਅੱਖਾਂ ਖੁਲ੍ਹ ਗਈਆਂ। ਅਗਲੇ ਹੀ ਦਿਨ ਆਪਣੀ ਬ੍ਰਿਧ ਮਾਂ ਨੂੰ ਬ੍ਰਿਧ ਆਸ਼ਰਮ ਵਿਚੋਂ ਇੱਜ਼ਤ ਨਾਲ ਆਪਣੇ ਘਰ ਲੈ ਆਏ ਅਤੇ ਉਸ ਦੀ ਖ਼ੂਬ ਸੇਵਾ ਕਰਨ ਲੱਗੇ। ਸੋ ਜੇ ਅਸੀਂ ਸਮਾਜ ਨੂੰ ਸੁਧਾਰਨਾ ਹੈ ਤਾਂ ਸ਼ੁਰੂ ਸਾਨੂੰ ਆਪਣੇ 'ਤੋਂ ਹੀ ਕਰਨਾ ਪਵੇਗਾ, ਨਹੀਂ ਤਾਂ ਸਾਡੇ ਉੱਚੇ ਵਿਚਾਰ ਕੇਵਲ ਖਿਆਲੀ ਪੁਲਾਓ ਹੀ ਬਣ ਕੇ ਰਹਿ ਜਾਣਗੇ।
ਸਾਡੀ ਜ਼ਿੰਦਗੀ ਦਾ ਬਹੁਤ ਹੀ ਕਰੁਣਾਮਈ ਪੜਾਅ ਹੈ ਬੁਢਾਪਾ। ਬੁਢਾਪਾ ਵੀ ਜ਼ਿੰਦਗੀ ਦਾ ਇਕ ਅਟੁੱਟ ਅੰਗ ਹੀ ਹੈ। ਸਭ ਨੇ ਬੁੱਢੇ ਹੋਣਾ ਹੀ ਹੈ। ਜੇ ਇਕ ਵਾਰੀ ਬੰਦੇ 'ਤੇ ਬੁੱਢਾਪਾ ਆ ਗਿਆ ਤਾਂ ਇਸ ਨੇ ਮੌਤ ਤੱਕ ਸਾਥ ਨਹੀਂ ਛੱਡਣਾ। ਉਮਰ ਦੇ ਗੁਜ਼ਰਨ ਨਾਲ ਬੰਦੇ ਦੇ ਸਰੀਰਕ ਅੰਗ ਅਤੇ ਦਿਮਾਗ ਕਮਜ਼ੋਰ ਹੋ ਜਾਂਦਾ ਹੈ। ਉਹ ਜੁਆਨੀ ਦੀ ਤਰ੍ਹਾਂ ਫੁਰਤੀ ਨਾਲ ਕੰਮ ਨਹੀਂ ਕਰ ਸਕਦਾ। ਇਸ ਲਈ ਉਸ ਦੀ ਕਮਾਈ ਦੇ ਸਾਧਨ ਵੀ ਘਟ ਜਾਂਦੇ ਹਨ। ਕਈ ਵਾਰੀ ਉਸ ਨੂੰ ਕੁਝ ਬਿਮਾਰੀਆਂ ਵੀ ਘੇਰ ਲੈਂਦੀਆਂ ਹਨ, ਇਸ ਲਈ ਉਹ ਪਰ ਵੱਸ ਹੋ ਜਾਂਦਾ ਹੈ। ਇਸੇ ਕਾਰਨ ਬੁਢਾਪੇ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਆਮ ਤੌਰ ਤੇ ਬੱਚਿਆਂ ਨੂੰ ਵੀ ਦੋਸ਼ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਮਾਂ ਪਿਓ ਦੀ ਇੱਜ਼ਤ ਅਤੇ ਸੇਵਾ ਨਹੀਂ ਕਰਦੇ। ਇਸ ਲਈ ਬਹੁਤੇ ਬਜ਼ੁਰਗਾਂ ਨੂੰ ਬ੍ਰਿਧ ਆਸ਼ਰਮਾਂ ਵਿਚ ਆਪਣਾ ਅੰਤਲਾ ਸਮਾਂ ਗੁਜ਼ਾਰਨਾ ਪੈਂਦਾ ਹੈ। ਬਾਹਰਲੇ ਦੇਸ਼ਾਂ ਵਿਚ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨ ਕਹਿ ਕੇ ਸਨਮਾਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੁੰਦਾ ਹੈ। ਉਨ੍ਹਾਂ ਨੇ ਆਪਣੇ ਬੱਚਿਆਂ ਦਾ ਸੁਚੱਜਾ ਪਾਲਣ ਪੋਸਣ ਕਰ ਕੇ ਉਨ੍ਹਾਂ ਨੂੰ ਕਾਬਲ ਮਨੁੱਖ ਬਣਾ ਕੇ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ ਹੁੰਦਾ ਹੈ ਅਤੇ ਉਨ੍ਹਾਂ ਲਈ ਵੱਡੇ ਵੱਡੇ ਇੰਮਪਾਇਰ ਖੜ੍ਹੇ ਕੀਤੇ ਹੁੰਦੇ ਹਨ। ਪਰ ਦੇਖਿਆ ਜਾਏ ਤਾਂ ਸਾਰਾ ਕਸੂਰ ਕੇਵਲ ਬੱਚਿਆਂ ਦਾ ਹੀ ਨਹੀਂ ਹੁੰਦਾ। ਜੇ ਕਿਧਰੇ ਲੰਮੇ ਸਫ਼ਰ ਤੇ ਜਾਣਾ ਹੋਏ ਤਾਂ ਉਸ ਦੀ ਪਹਿਲਾਂ ਹੀ ਤਿਆਰੀ ਕਰਨੀ ਪੈਂਦੀ ਹੈ। ਬੁੱਢਾਪੇ ਲਈ ਵੀ ਬੰਦੇ ਨੂੰ ਆਪਣੇ ਸਵਰਗ ਦਾ ਨਿਰਮਾਣ ਪਹਿਲਾਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸਮਾਂ ਪੈਣ 'ਤੇ ਆਪਣੀਆਂ ਆਦਤਾਂ ਨੂੰ ਕੁਝ ਬਦਲ ਕੇ  ਅਤੇ ਬੱਚਿਆਂ ਨਾਲ ਕੁਝ ਸਮਝੌਤੇ ਕਰ ਕੇ ਆਪਣੇ ਬੁਢਾਪੇ ਨੂੰ ਸੁਖਾਵਾਂ ਅਤੇ ਦਿਲਕਸ਼ ਬਣਾਇਆ ਜਾ ਸਕਦਾ ਹੈ। ਇਸ ਉਮਰ ਵਿਚ ਵੀ ਸਾਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਬੱਚਿਆਂ ਨਾਲ ਪਿਆਰ ਨਾਲ ਇਕ ਪਰਿਵਾਰ ਵਿਚ ਰਹਿ ਕੇ ਬੁਢਾਪੇ ਦਾ ਆਨੰਦ ਮਾਣ ਸੱਕੀਏ।
ਕਈ ਵਾਰੀ ਬੁਢਾਪੇ ਵਿਚ ਅਸੀਂ ਦੂਸਰਿਆਂ ਤੋਂ ਬੇਲੋੜੀ ਹਮਦਰਦੀ ਅਤੇ ਮਦਦ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਕਈ ਲੋਕ ਤਾਂ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਮਨ ਵਿਚ ਇਹ ਭਰਮ ਪਾਲ ਲੈਂਦੇ ਹਨ ਕਿ ਅਸੀਂ ਹੁਣ ਬੁੱਢੇ ਹੋ ਗਏ ਹਾਂ ਇਸ ਲਈ ਜ਼ਿੰਦਗੀ ਵਿਚ ਹੀ ਨਕਾਰਾ ਹੋ ਗਏ ਹਾਂ ਅਤੇ ਕਿਸੇ ਕੰਮ ਦੇ ਨਹੀਂ ਰਹੇ ਜਾਂ ਹੁਣ ਅਸੀਂ ਵੱਡੇ ਹੋ ਗਏ ਹਾਂ ਅਤੇ ਸਾਡੇ ਸਾਰੇ ਨਿੱਜੀ ਕੰਮ ਬੱਚਿਆਂ ਨੂੰ ਹੀ ਕਰਨੇ ਚਾਹੀਦੇ ਹਨ। ਇਹ ਸਾਰੀ ਨਾਂਹ ਪੱਖੀ ਅਤੇ ਢਾਹੂ ਸੋਚ ਹੈ। ਇਸ ਤੋਂ ਸਾਨੂੰ ਸਾਵਧਾਨੀ ਨਾਲ ਬਚਣਾ ਚਾਹੀਦਾ ਹੈ।
ਬੱਚੇ ਜਿੰਨੇ ਮਰਜ਼ੀ ਚੰਗੇ ਅਤੇ ਆਗਿਆਕਾਰ ਹੋਣ ਪਰ ਅਸੀਂ ਜਿਹੜੇ ਆਪਣੇ ਨਿੱਜੀ ਕੰਮ ਆਪ ਕਰ ਸਕਦੇ ਹਾਂ, ਉਨ੍ਹਾਂ ਦਾ ਬੋਝ ਬੱਚਿਆਂ ਤੇ ਪਾਉਣਾ ਕੋਈ ਠੀਕ ਤਾਂ ਨਹੀਂ। ਜੇ ਅਸੀਂ ਲਗਾਤਾਰ ਇਸ ਤਰ੍ਹਾਂ ਕਰਦੇ ਰਹੇ ਤਾਂ ਇਕ ਦਿਨ ਸਾਡੇ ਆਪਣੇ ਬੱਚੇ ਹੀ ਸਾਨੂੰ ਅਣਦੇਖਿਆ ਅਤੇ ਅਣਸੁਣਿਆ ਕਰਨਾ ਸ਼ੁਰੂ ਕਰ ਦੇਣਗੇ। ਇਸ ਲਈ ਪਹਿਲਾਂ ਹੀ ਸਾਵਧਾਨ ਰਹੋ ਅਤੇ ਬੱਚਿਆਂ ਵਿਚ ਆਪਣਾ ਮਾਣ ਸਨਮਾਨ ਅਤੇ ਇੱਜ਼ਤ ਕਾਇਮ ਰੱਖੋ।
ਜੇ ਤੁਸੀਂ ਉਮਰ ਵਿਚ ਵੱਡੇ ਹੋ ਤਾਂ ਇਸ ਦੀ ਬੱਚਿਆਂ ਤੇ ਧੌਂਸ ਜਮਾਉਣ ਦੀ ਕੋਸ਼ਿਸ਼ ਨਾ ਕਰੋ ਕਿ ਉਹ ਤੁਹਾਡੀ ਇੱਜ਼ਤ ਕਰਨ। ਤੁਸੀਂ ਉਨ੍ਹਾਂ ਨੂੰ ਅਸਲ ਵਿਚ ਹੀ ਵੱਡੇ ਬਣ ਕੇ ਦਿਖਾਓ। ਦਿਲ ਵੱਡਾ ਰੱਖੋ। ਜੇ ਕੋਈ ਪਿਤਾ ਚਾਹੁੰਦਾ ਹੈ ਕਿ ਉਸ ਦਾ ਬੇਟਾ ਰਾਮ ਬਣੇ ਤਾਂ ਪਹਿਲਾਂ ਉਸ ਨੂੰ ਖੁਦ ਦਸਰਥ ਬਣਨਾ ਪਵੇਗਾ। ਬੱਚਿਆਂ ਤੋਂ ਇੱਜ਼ਤ ਕਦੀ ਮੰਗ ਕੇ ਜਾਂ ਜ਼ਬਰਦਸਤੀ ਹਾਸਲ ਨਹੀਂ ਕੀਤੀ ਜਾ ਸਕਦੀ। ਇੱਜ਼ਤ ਕਮਾਉਣੀ ਪੈਂਦੀ ਹੈ। ਬੱਚੇ ਦੇ ਮਨ ਵਿਚ ਖੁਦ ਬਖੁਦ ਤੁਹਾਡੇ ਲਈ ਇੱਜ਼ਤ ਦੇ ਬੀਜ ਫੁੱਟਣੇ ਚਾਹੀਦੇ ਹਨ। ਉਹ ਆਪਣੇ ਆਪ ਤੁਹਾਡੇ ਗੁਣਾ ਅੱਗੇ ਝੁਕੇ ਅਤੇ ਤੁਹਾਡੀ ਇੱਜ਼ਤ ਕਰੇ।
ਜੇ ਤੁਹਾਡੀ ਮਿਹਨਤ ਦਾ ਮੁੱਲ ਪੂਰਾ ਪੈ ਰਿਹਾ ਹੈ ਅਤੇ ਤੁਹਾਡੀਆਂ ਬੁਨਿਆਦੀ ਜ਼ਰੂਰਤਾਂ ਵੀ ਪੂਰੀਆਂ ਹੋ ਰਹੀਆਂ ਹਨ ਤਾਂ ਆਪਣੀ ਕਮਾਈ ਤੇ ਸਬਰ ਸੰਤੋਖ ਰੱਖੋ। ਕਦੀ ਦੂਸਰਿਆਂ ਨਾਲ ਮੁਕਾਬਲਾ ਨਾ ਕਰ,ੋ ਨਹੀਂ 'ਤੇ ਦੁਖੀ ਹੋਵੋਗੇ। ਅੱਜ-ਕੱਲ੍ਹ ਵਟਸ ਐਪ ਤੇ ਇਕ ਕਹਾਣੀ ਆ ਰਹੀ ਹੈ ਜੋ ਇੱਥੇ ਵਰਣਨ ਯੋਗ ਹੈ - ਇਕ ਵਾਰੀ ਇਕ ਅਮੀਰ ਆਦਮੀ ਕੋਈ ਬਿਲਡਿੰਗ ਬਣਵਾ ਰਿਹਾ ਸੀ । ਮਿਸਤਰੀ ਨੇ ਸਵੇਰੇ ਕਿਹਾ ਕਿ ਅੱਜ ਦਸ ਮਜ਼ਦੂਰਾਂ ਦੀ ਲੋੜ ਹੈ। ਮਾਲਕ ਨੇ ਦਸ ਮਜ਼ਦੂਰ ਲੈ ਆਂਦੇ। ਦੁਪਹਿਰ ਨੂੰ ਮਿਸਤਰੀ ਨੇ ਕਿਹਾ ਕਿ ਦਸ ਮਜ਼ਦੂਰਾਂ ਦੀ ਹੋਰ ਲੋੜ ਹੈ। ਮਾਲਕ ਨੇ ਦਸ ਮਜ਼ਦੂਰ ਹੋਰ ਲੈ ਆਂਦੇ। ਸ਼ਾਮ ਨੂੰ ਜਦ ਛੁੱਟੀ ਹੋਣ ਵਿਚ ਦੋ ਕੁ ਘੰਟੇ ਰਹਿ ਗਏ ਤਾਂ ਮਿਸਤਰੀ ਨੇ ਫਿਰ ਕਿਹਾ ਕਿ ਜੇ ਦਸ ਮਜ਼ਦੂਰ ਹੋਰ ਲੱਗ ਜਾਣ ਤਾਂ ਲੈਂਟਰ ਦਾ ਕੰਮ ਵੀ ਅੱਜ ਹੀ ਪੂਰਾ ਹੋ ਜਾਵੇਗਾ। ਮਾਲਕ ਨੇ ਦਸ ਮਜ਼ਦੂਰ ਹੋਰ ਲਿਆ ਕੇ ਕੰਮ 'ਤੇ ਲਾ ਦਿੱਤੇ। ਕੰਮ ਸਮੇ ਸਿਰ ਨਿੱਬੜ ਗਿਆ। ਮਾਲਕ ਨੇ ਸਭ ਤੋਂ ਪਹਿਲਾਂ ਸਵੇਰ ਵਾਲੇ ਦਸ ਮਜ਼ਦੂਰਾਂ ਨੂੰ ਬੁਲਾ ਕੇ ਪੁੱਛਿਆ ਕਿ ਤੁਹਾਡੀ ਕਿੰਨੀ ਦਿਹਾੜੀ ਬਣਦੀ ਹੈ। ਉਨ੍ਹਾਂ ਨੇ ਕਿਹਾ ੩੦੦-੩੦੦ ਰੁਪਏ। ਮਾਲਕ ਨੇ ਉਨ੍ਹਾਂ ਨੂੰ ੩੦੦-੩੦੦ ਰੁਪਏ ਦੇ ਦਿੱਤੇ। ਫਿਰ ਦੁਪਹਿਰ ਵਾਲੇ ਮਜ਼ਦੂਰਾਂ ਨੂੰ ਪੁੱਛਿਆ ਕਿ ਤੁਹਾਡੀ ਕਿੰਨੀ ਦਿਹਾੜੀ ਬਣਦੀ ਹੈ। ਉਨ੍ਹਾਂ ਕਿਹਾ- ਬੇਸ਼ੱਕ ਅਸੀਂ ਦੁਪਹਿਰ ਨੂੰ ਆਏ ਹਾਂ ਪਰ ਦਿਹਾੜੀ ਤਾਂ ਸਾਡੀ ਵੀ ੩੦੦-੩੦੦ ਰੁਪਏ ਹੀ ਹੈ। ਮਾਲਕ ਨੇ ਉਨ੍ਹਾਂ ਨੂੰ ਵੀ ੩੦੦-੩੦੦ ਰੁਪਏ ਦੇ ਦਿੱਤੇ। ਇਸ 'ਤੇ ਸਵੇਰ ਵਾਲੇ ਮਜ਼ਦੂਰ ਗੁੱਸੇ ਵਿਚ ਆ ਗਏ ਕਿ ਇਹ ਤਾਂ ਦੂਪਹਿਰ ਨੂੰ ਆਏ ਹਨ, ਤੁਸੀ ਇਨ੍ਹਾਂ ਨੂੰ ਸਾਡੇ ਬਰਾਬਰ ਪੈਸੇ ਕਿਉਂ ਦਿੱਤੇ ਹਨ? ਫਿਰ ਮਾਲਕ ਨੇ ਸ਼ਾਮ ਨੂੰ ਆਏ ਮਜ਼ਦੂਰਾਂ ਨੂੰ ਪੁੱਛਿਆ ਭਈ ਤਹਾਡੀ ਕਿੰਨੀ ਦਿਹਾੜੀ ਬਣਦੀ ਹੈ? ਉਨ੍ਹਾਂ ਨੇ ਵੀ ਉੱਤਰ ਦਿੱਤਾ ਕਿ-ਬੇਸ਼ੱਕ ਅਸੀਂ ਦੋ ਦੋ ਘੰਟੇ ਹੀ ਕੰਮ ਕੀਤਾ ਹੈ ਪਰ ਦਿਹਾੜੀ ਤਾਂ ਸਾਡੀ ਵੀ ੩੦੦-੩੦੦ ਰੁਪਏ ਹੀ ਹੈ। ਮਾਲਕ ਨੇ ਖ਼ੁਸ਼ ਹੋ ਕੇ ਉਨ੍ਹਾਂ ਨੂੰ ਵੀ ੩੦੦-੩੦੦ ਰੁਪਏ ਦੇ ਦਿੱਤੇ। ਇਸ ਤੇ ਸਵੇਰ ਵਾਲੇ ਤੇ ਦੁਪਹਿਰ ਵਾਲੇ ਸਾਰੇ ਮਜ਼ਦੂਰ ਬਹੁਤ ਦੁਖੀ ਹੋਏ ਅਤੇ ਨਰਾਜ਼ ਹੋ ਗਏ ਅਤੇ ਲੱਗੇ ਮਾਲਕ ਨਾਲ ਝਗੜਾ ਕਰਨ ਕਿ ਤੁਸੀਂ ਉਨ੍ਹਾਂ ਨੂੰ ਸਾਡੇ ਬਰਾਬਰ ਪੈਸੇ ਕਿਉਂ ਦਿਤੇ ਹਨ? ਇਸ ਤੋਂ ਪਤਾ ਚੱਲਦਾ ਹੈ ਕਿ ਕਈ ਬੰਦੇ ਕੇਵਲ ਆਪਣੇ ਦੁੱਖਾਂ ਨਾਲ ਹੀ ਦੁਖੀ ਨਹੀਂ ਹੁੰਦੇ, ਸਗੋਂ ਆਪਣੇ ਨਾਲ ਦਿਆਂ ਦੀ ਖ਼ੁਸ਼ਹਾਲੀ ਦੇਖ ਕੇ ਵੀ ਦੁਖੀ ਹੋ ਜਾਂਦੇ ਹਨ। ਜੇ ਗੁਆਂਢੀ ਨੇ ਉਨ੍ਹਾਂ ਤੋਂ ਕੀਮਤੀ ਕਾਰ ਜਾਂ ਹੋਰ ਕੋਈ ਵਸਤੂ ਲੈ ਲਈ ਤਾਂ ਉਨ੍ਹਾਂ ਦੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਇਸ ਲਈ ਦੂਜਿਆਂ ਨਾਲ ਮੁਕਾਬਲਾ ਕਰਨਾ ਛੱਡ ਦਿਓ। ਤੁਸੀਂ ਆਪਣੀ ਸਵ- ਪੜਚੋਲ ਕਰੋ। ਕਈ ਵਾਰੀ ਛੋਟੀਆਂ- ਛੋਟੀਆਂ ਕਹਾਣੀਆਂ ਹੀ ਸਾਨੂੰ ਬਹੁਤ ਸਿੱਖਿਆ ਦੇ ਜਾਂਦੀਆਂ ਹਨ। ਇਕ ਵਾਰੀ ੧੪-੧੫ ਸਾਲ ਦਾ ਇਕ ਲੜਕਾ ਮੋਬਾਇਲ 'ਤੇ ਕਿਸੇ ਨਾਲ ਕੋਈ ਗੱਲ-ਬਾਤ ਕਰ ਰਿਹਾ ਸੀ ਤਾਂ ਬਾਰਿਸ਼ ਸ਼ੁਰੂ ਹੋ ਗਈ। ਲੜਕਾ ਨਾਲ ਵਾਲੀ ਦੁਕਾਨ ਦੇ ਵਰਾਂਡੇ ਵਿਚ ਖੜ੍ਹਾ ਹੋ ਕੇ ਗੱਲ ਕਰਨ ਲੱਗਾ। ਦੁਕਾਨ ਵਾਲਾ ਵੀ ਬੜੇ ਧਿਆਨ ਨਾਲ ਉਸ ਦੀ ਗੱਲ ਸੁਣਨ ਲੱਗਾ ਜੋ ਇਸ ਪ੍ਰਕਾਰ ਸੀ:
ਲੜਕਾ: ਮੈਡਮ, ਮੈਨੂੰ ਪਤਾ ਲੱਗਾ ਹੈ ਕਿ ਤੁਹਾਨੂੰ ਆਪਣੇ ਲਾਅਨ ਦੀ ਵਾੜ ਕੱਟਣ ਵਾਲੇ ਦੀ ਲੋੜ ਹੈ।
ਮੈਡਮ (ਦੂਜੇ ਪਾਸੇ ਤੋਂ): ਨਹੀਂ, ਸਾਡੇ ਪਹਿਲਾਂ ਹੀ ਇਕ ਲੜਕਾ ਇਹ ਕੰਮ ਕਰ ਰਿਹਾ ਹੈ।
ਲੜਕਾ: ਮੈਡਮ, ਮੈਂ ਬਹੁਤ ਸੋਹਣਾ ਕੰਮ ਕਰਦਾ ਹਾਂ।
ਮੈਡਮ: ਸਾਡੇ ਵਾਲਾ ਲੜਕਾ ਵੀ ਬਹੁਤ ਸੋਹਣਾ ਕੰਮ ਕਰਦਾ ਹੈ।
ਲੜਕਾ: ਮੈਡਮ, ਮੈਂ ਉਸ ਤੋਂ ਅੱਧੇ ਪੈਸਿਆਂ ਵਿਚ ਤੁਹਾਡਾ ਇਹ ਕੰਮ ਕਰ ਦਿਆ ਕਰਾਂਗਾ।
ਮੈਡਮ: ਨਹੀਂ ਸਾਨੂੰ ਨਹੀਂ ਜ਼ਰੂਰਤ।
ਲੜਕਾ: ਮੈਡਮ, ਮੈਂ ਤੁਹਾਡੇ ਬਾਜ਼ਾਰ ਦੇ ਵੀ ਸਾਰੇ ਕੰਮ ਮੁਫ਼ਤ ਵਿਚ ਕਰ ਦਿਆ ਕਰਾਂਗਾ।
ਮੈਡਮ: ਨਹੀਂ, ਸਾਡਾ ਪਹਿਲਾ ਲੜਕਾ ਹੀ ਠੀਕ ਕੰਮ ਕਰ ਰਿਹਾ ਹੈ। ਸਾਨੂੰ ਕਿਸੇ ਨਵੇਂ ਲੜਕੇ ਦੀ ਲੋੜ ਨਹੀਂ।
ਇਹ ਕਹਿ ਕੇ ਮੈਡਮ ਨੇ ਫੋਨ ਕੱਟ ਦਿੱਤਾ। ਲੜਕੇ ਨੇ ਵੀ ਆਪਣਾ ਫੋਨ ਜੇਬ ਵਿਚ ਪਾ ਲਿਆ। ਦੁਕਾਨਦਾਰ ਨੇ ਲੜਕੇ ਨਾਲ ਹਮਦਰਦੀ ਦਿਖਾਉਂਦੇ ਹੋਏ ਉਸ ਨੂੰ ਪੁੱਛਿਆ-ਕੀ ਮੈਡਮ ਨੇ ਮਨ੍ਹਾਂ ਕਰ ਦਿਤਾ ਹੈ? ਲੜਕੇ ਨੇ ਕਿਹਾ-ਹਾਂ। ਦੁਕਾਨਦਾਰ ਨੇ ਕਿਹਾ ਜੇ ਤੈਨੂੰ ਕੰਮ ਦੀ ਭਾਲ ਹੈ ਤਾਂ ਮੈਂ ਤੈਨੂੰ ਕੰਮ ਦੇ ਸਕਦਾ ਹਾਂ। ਲੜਕੇ ਨੇ ਕਿਹਾ-ਨਹੀਂ, ਮੈਂ ਪਹਿਲਾਂ ਹੀ ਕੰਮ 'ਤੇ ਲੱਗਾ ਹੋਇਆ ਹਾਂ। ਦੁਕਾਨਦਾਰ ਨੇ ਫਿਰ ਪੁੱਛਿਆ-ਕਿੱਥੇ? ਲੜਕੇ ਨੇ ਕਿਹਾ ਉਸ ਮੈਡਮ ਕੋਲ, ਜਿਸ ਨਾਲ ਮੈਂ ਗੱਲ ਕਰ ਰਿਹਾ ਸਾਂ। ਦੁਕਾਨਦਾਰ ਨੇ ਹੈਰਾਨ ਹੋ ਕਿ ਕਿਹਾ- ਫਿਰ ਇਸ ਸਾਰੀ ਗੱਲ-ਬਾਤ ਦਾ ਮਤਲਬ? ਲੜਕੇ ਨੇ ਹੱਸ ਕੇ ਉੱਤਰ ਦਿੱਤਾ-ਮੈਂ ਤਾਂ ਸਵੈ-ਪੜਚੋਲ ਕਰ ਰਿਹਾ ਸੀ ਕਿ ਮੇਰੀ ਮਾਲਕਣ ਮੇਰੇ ਤੋਂ ਕਿੰਨੀ ਕੁ ਸੰਤੁਸ਼ਟ ਹੈ।
ਉਪਰੋਕਤ ਕਹਾਣੀ ਤੋਂ ਸਾਨੂੰ ਵੀ ਕੁਝ ਸਿਖਿਆ ਮਿਲਦੀ ਹੈ। ਦੂਸਰਿਆਂ ਦੀ ਖ਼ੁਸ਼ਹਾਲੀ ਦੇਖ ਕੇ ਆਪਣਾ ਖ਼ੂਨ ਸਾੜਨ ਨਾਲੋਂ ਸਾਨੂੰ ਆਪਣੀ ਲਿਆਕਤ ਅਤੇ ਸਮਰੱਥਾ ਨੂੰ ਵਾਚਣਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਆਪਣਾ ਨੁਕਸਾਨ ਕਰ ਕੇ ਹੀ ਜ਼ਿੰਦਗੀ ਤੋਂ ਕੁਝ ਸਿਖਿਆ ਜਾਏ। ਕੁਝ ਸਬਕ ਦੂਸਰੇ ਦੀਆਂ ਗ਼ਲਤੀਆਂ ਜਾਂ ਖ਼ੂਬੀਆਂ ਅਤੇ ਉਨ੍ਹਾਂ ਦੇ ਨਤੀਜਿਆਂ ਤੋਂ ਵੀ ਸਿੱਖੇ ਜਾ ਸਕਦੇ ਹਨ। ਇਸ ਲਈ ਸਮੇਂ-ਸਮੇਂ ਆਪਣੇ ਅੰਦਰ ਝਾਤੀ ਮਾਰਦੇ ਰਹੋ ਅਤੇ ਆਪਣੇ ਅੰਦਰ ਸੁਧਾਰ ਕਰਦੇ ਰਹੋ। ਸਾਨੂੰ ਚਾਹੀਦਾ ਹੈ ਕਿ ਆਤਮ-ਮੰਥਨ ਕਰ ਕੇ ਅਸੀਂ ਸਮੇਂ ਨਾਲ ਬਦਲੀਏ। ਵਹਿਮਾਂ-ਭਰਮਾਂ ਤੋਂ ਬਚੀਏ, ਨਾ ਹੀ ਕਲਯੁਗ ਤੋਂ ਡਰੀਏ ਅਤੇ ਨਾ ਹੀ ਸਤਯੁਗ ਦੇ ਲਾਲਚ ਵਿਚ ਆਈਏ। ਵਿਗਿਆਨਕ ਦ੍ਰਿਸ਼ਟੀਕੋਣ ਅਪਣਾ ਕੇ ਖੁਦੀ ਨੂੰ ਬੁਲੰਦ ਕਰੀਏ। ਸਲੀਕੇ ਨਾਲ ਆਪਣੀ ਸ਼ਖ਼ਸੀਅਤ ਬਣਾ ਕੇ ਵਿਨਾਸ਼ ਤੋਂ ਵਿਕਾਸ ਵੱਲ ਵਧੀਏ। ਆਪਣੀ ਕਾਰਜ ਸ਼ਕਤੀ ਨੂੰ ਵਧਾਈਏ ਅਤੇ ਆਪਣੀਆਂ ਇੱਛਾਵਾਂ ਅਨੁਸਾਰ ਆਪਣੇ ਸੁਪਨਿਆਂ ਨੂੰ ਸਾਕਾਰ ਕਰੀਏ।