ਸਿਰਫ ਸੌ ਰੁਪਿਆ (ਮਿੰਨੀ ਕਹਾਣੀ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਛੇ ਦਿਨ ਪਹਿਲਾਂ ਮਾਸਟਰ ਹਰਪਾਲ ਸਿੰਘ ਆਪਣੀ ਲੜਕੀ ਦੇ ਵਿਆਹ ਦਾ ਕਾਰਡ ਤੇ ਮਠਿਆਈ ਦਾ ਡੱਬਾ ਮੈਨੂੰ ਘਰ ਆ ਕੇ ਦੇ ਗਿਆ ਸੀ। ਵਿਆਹ ਦਾ ਕਾਰਡ ਤੇ ਮਠਿਆਈ ਦਾ ਡੱਬਾ ਦੇਣ ਵੇਲੇ ਉਸ ਨੇ ਮੈਨੂੰ ਆਖਿਆ ਸੀ ਕਿ ਭਾਵੇਂ ਵਿਆਹ ਨਵਾਂ ਸ਼ਹਿਰ ਬਲਿਊ ਮੂਨ ਪੈਲੇਸ ਵਿੱਚ ਹੋਣਾ ਹੈ, ਪਰ ਅਨੰਦ ਕਾਰਜ ਆਪਣੇ ਪਿੰਡ ਦੇ ਗੁਰੂਦੁਆਰੇ ਵਿੱਚ ਹੋਣੇ ਹਨ।                                                                             ਅੱਜ ਪਿੰਡ ਦੇ ਗੁਰੂਦੁਆਰੇ ਤੋਂ ਅਨਾਊਂਮੈਂਟ ਹੋ ਰਹੀ ਸੀ, "ਮਾਸਟਰ ਹਰਪਾਲ ਸਿੰਘ ਦੀ ਲੜਕੀ ਦੇ ਅਨੰਦ ਕਾਰਜ ਹੋਣ ਲੱਗੇ ਆ। ਪਿੰਡ ਵਾਸੀ ਗੁਰੂਦੁਆਰਾ ਸਾਹਿਬ ਪਹੁੰਚ ਜਾਉ।"ਇਹ ਅਨਾਊਂਮੈਂਟ ਸੁਣ ਕੇ ਮੈਂ ਪਿੰਡ ਦੇ ਗੁਰੂਦੁਆਰੇ ਪਹੁੰਚ ਗਿਆ। ਸ੍ਰੀ ਗੁਰੁ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਪਿੱਛੋਂ ਮੈਂ ਮਾਸਟਰ ਹਰਪਾਲ ਸਿੰਘ ਦੇ ਲਾਗੇ ਜਾ ਕੇ ਬੈਠ ਗਿਆ। ਉਸ ਦੇ ਖੱਬੇ, ਸੱਜੇ ਤਿੰਨ, ਚਾਰ ਮਾਸਟਰ ਵੀ ਬੈਠੇ ਸਨ, ਜੋ ਉਸ ਦੇ ਨਾਲ ਪੜ੍ਹਾਂਦੇ ਸਨ।ਪਾਠੀ ਸਿੰਘ ਨੇ ਚਾਰ ਲਾਵਾਂ ਦਾ ਪਾਠ ਪੜ੍ਹ ਕੇ ਅਨੰਦ ਕਾਰਜ ਪੂਰੇ ਕੀਤੇ।ਮੈਂ ਆਪਣੀ ਜੇਬ ਵਿੱਚੋਂ ਸ਼ਗਨ ਦਾ ਲਿਫਾਫਾ ਕੱਢ ਕੇ ਮਾਸਟਰ ਹਰਪਾਲ ਸਿੰਘ ਦੇ ਅੱਗੇ ਕਰਦਿਆਂ ਕਿਹਾ, "ਤਹਾਨੂੰ ਲੜਕੀ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ।"                                                                            ਮਾਸਟਰ ਹਰਪਾਲ ਸਿੰਘ ਨੇ ਆਖਿਆ, "ਹਾਲੇ ਇਹ ਲਿਫਾਫਾ ਰਹਿਣ ਦਿਉ।ਗੁਰੂਦੁਆਰੇ ਤੋਂ ਬਾਹਰ ਜਾ ਕੇ ਲਵਾਂਗੇ।"ਮੈਨੂੰ ਉਸ ਦੇ ਇਸ ਵਰਤਾਉ ਤੇ ਕੁਝ ਗੁੱਸਾ  ਚੜ੍ਹ ਗਿਆ, ਫਿਰ ਮਨ ਮਾਰ ਕੇ ਉਸ ਦੇ ਗੁਰੂਦੁਆਰੇ 'ਚੋਂ ਬਾਹਰ ਜਾਣ ਦਾ ਇੰਤਜ਼ਾਰ ਕਰਨ ਲੱਗਾ।ਪ੍ਰਸ਼ਾਦ ਲੈਣ ਪਿੱਛੋਂ ਲੜਕੇ ਨਾਲ ਆਏ ਬਰਾਤੀ ਤੇ ਪਿੰਡ ਦੇ ਲੋਕ ਗੁਰੂਦੁਆਰੇ ਤੋਂ ਬਾਹਰ ਆ ਗਏ।ਮੈਂ ਵੀ ਮਾਸਟਰ ਹਰਪਾਲ ਸਿੰਘ ਦੇ ਨਾਲੇ ਬਾਹਰ ਆ ਗਿਆ।
"ਮਾਸਟਰ ਜੀ, ਹੁਣ ਤਾਂ ਸ਼ਗਨ ਲੈ ਲਉ।"ਮੈਂ ਆੀਖਆ।
 ਮਾਸਟਰ ਹਰਪਾਲ ਸਿੰਘ ਬੜੀ ਨਿਮਰਤਾ ਨਾਲ ਆਖਣ ਲੱਗਾ, "ਪਹਿਲਾਂ ਤਾਂ ਮੈਂ ਤਹਾਡੇ ਕੋਲੋਂ ਇਸ ਗੱਲ ਦੀ ਮਾਫੀ ਮੰਗਦਾਂ ਕਿ ਮੈਂ ਲਿਫਾਫਾ ਗੁਰੂਦੁਆਰੇ ਦੇ ਅੰਦਰ ਤੁਹਾਡੇ ਕੋਲੋਂ ਨਹੀਂ ਫੜਿਆ। ਦੂਜੀ ਗੱਲ ਮੈਂ ਕਿਸੇ ਤੋਂ ਵੀ ਲਿਫਾਫੇ ਵਿੱਚ ਸ਼ਗਨ ਨ੍ਹੀਂ ਲਿਆ। ਹਰ ਇਕ ਤੋਂ ਸਿਰਫ ਸੌ ਰੁਪਿਆ ਲਿਆ। ਤੁਹਾਨੂੰ ਪਤਾ ਹੀ ਆ, ਮੈਂ ਤੇ ਮੇਰੀ ਪਤਨੀ ਦੋਵੇਂ ਟੀਚਰ ਹਾਂ। ਸਾਨੂੰ ਕਿਸੇ ਚੀਜ਼ ਦੀ ਵੀ ਲੋੜ ਨਹੀਂ।ਲੜਕੀ ਹੁਣੇ ਆਸਟ੍ਰੇਲੀਆ ਤੋਂ ਵਿਆਹ ਕਰਾਣ ਲਈ ਆਈ ਆ। ਕੁਝ ਦਿਨਾਂ ਪਿੱਛੋਂ ਉਸ ਨੇ ਮੁੜ ਆਸਟ੍ਰੇਲੀਆ ਚਲੇ ਜਾਣਾ ਆਂ।ਇਸ ਕਰਕੇ ਤੁਸੀਂ ਮੈਨੂੰ ਸਿਰਫ ਸੌ ਰੁਪਿਆ ਸ਼ਗਨ ਦਾ ਦੇ ਦਿਉ। "
ਮੈਂ ਆਪਣੇ ਬਟੂਏ ਵਿੱਚੋਂ ਸੌ ਰੁਪਏ ਦਾ ਨੋਟ ਕੱਢ ਕੇ ਉਸ ਦੇ ਹੱਥਾਂ ਵਿੱਚ ਰੱਖ ਦਿੱਤਾ।ਮੈਂ ਇਹ ਸੋਚਦਾ ਗੁਰੂਦੁਆਰੇ ਤੋਂ ਬਾਹਰ ਆ ਗਿਆ ਕਿ ਜੇ ਸਾਰੇ ਲੋਕ ਮਾਸਟਰ ਹਰਪਾਲ ਸਿੰਘ ਵਾਂਗ ਸੋਚਣ ਲੱਗ ਪੈਣ,ਤਾਂ ਕਿੰਨਾ ਧਨ ਬਚ ਸਕਦੈ ਅਤੇ ਵਾਧੂ ਦੇ ਲੜਾਈ, ਝਗੜੇ ਤੇ ਕਲੇਸ਼ ਜਿਹੜੇ ਲੈਣ, ਦੇਣ ਪਿੱਛੇ ਹੁੰਦੇ ਹਨ, ਵੀ ਘੱਟ ਸਕਦੇ ਹਨ।