ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ (ਪੁਸਤਕ ਪੜਚੋਲ )

ਉਜਾਗਰ ਸਿੰਘ   

Email: ujagarsingh48@yahoo.com
Cell: +91 94178 13072
Address:
India
ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ ਸਮਾਜਿਕ, ਆਰਥਿਕ, ਧਾਰਮਿਕ ਅਤੇ ਸਭਿਆਚਾਰਿਕ ਸਰੋਕਾਰਾਂ ਦੀ ਪ੍ਰਤੀਕ ਹੈ। ਉਸਦੀ ਗ਼ਜ਼ਲਾਂ ਦੀ ਇਕ ਪੁਸਤਕ ਤਿੜਕੀਆਂ ਕੰਧਾਂ ਅਤੇ ਇਕ ਸਾਂਝਾ ਕਾਵਿ ਸੰਗ੍ਰਹਿ ਸੂਰਜਾਂ ਦਾ ਕਾਫਲਾ ਵੀ ਪ੍ਰਕਾਸ਼ਤ ਹੋ ਚੁੱਕਾ ਹੈ ਪ੍ਰੰਤੂ ਵਾਰਤਕ ਦੀ ਉਸਦੀ ਇਹ ਪਲੇਠੀ ਪੁਸਤਕ ਹੈ। ਇਸ ਪੁਸਤਕ ਵਿਚ ਵੱਖ-ਵੱਖ ਸਰੋਕਾਰਾਂ ਨਾਲ ਸੰਬੰਧਤ 41 ਲੇਖ ਹਨ। ਇਹ ਪੁਸਤਕ ਨਵਰੰਗ ਪਬਲੀਕੇਸ਼ਨਜ਼ ਨੇ ਪ੍ਰਕਾਸ਼ਤ ਕੀਤੀ ਹੈ। ਇਸਦੇ 127 ਪੰਨੇ ਅਤੇ ਕੀਮਤ 150 ਰੁਪਏ ਹੈ। ਇਸ ਪੁਸਤਕ ਦੇ ਲੇਖ ਛੋਟ-ਛੋਟੇ ਪ੍ਰੰਤੂ ਪ੍ਰਭਾਵਸ਼ਾਲੀ ਹਨ। ਇਨ੍ਹਾਂ ਲੇਖਾਂ ਵਿਚ ਵਰਤਮਾਨ ਸਮਾਜਿਕ ਪ੍ਰਣਾਲੀ ਅਤੇ ਸਮਾਜ ਵਿਚ ਵਾਪਰ ਰਹੀਆਂ ਰੋਜ ਮਰਰ੍ਹਾ ਦੀਆਂ ਘਟਨਾਵਾਂ ਜਿਨ੍ਹਾਂ ਦਾ ਸਮਾਜਕ ਵਰਤਾਰੇ ਉਪਰ ਸਿੱਧਾ ਪ੍ਰਭਾਵ ਪੈਂਦਾ ਹੈ, ਬਾਰੇ ਕਿੰਤੂ ਪ੍ਰੰਤੂ ਕੀਤਾ ਗਿਆ ਹੈ। ਲੇਖਕ ਆਪਣੇ ਸਮਾਜ ਪ੍ਰਤੀ ਚਿੰਤਾਤੁਰ ਲਗਦਾ ਹੈ ਕਿਉਂਕਿ ਉਸਦੇ ਲਗਪਗ ਸਾਰੇ ਲੇਖਾਂ ਵਿਚ ਸਮਾਜਿਕ ਚੀਸ ਦਾ ਪ੍ਰਗਟਾਵਾ ਹੁੰਦਾ ਹੈ। ਭਾਵੇਂ ਲੇਖਕ ਨੇ ਆਪਣੇ ਲੇਖਾਂ ਵਿਚ ਆਰਥਿਕ ਨਾਬਰਾਬਰੀ, ਅਨਿਆਏ, ਭਰੂਣ ਹੱਤਿਆ, ਕਿਸਾਨਾ ਦੀਆਂ ਖ਼ੁਦਕਸ਼ੀਆਂ ਅਤੇ ਚਲੰਤ ਮਸਲਿਆਂ ਬਾਰੇ ਬੜੀ ਬੇਬਾਕੀ ਨਾਲ ਲਿਖਿਆ ਹੈ ਪ੍ਰੰਤੂ ਉਹ ਕਿਸੇ ਧੜੇ ਨਾਲ ਜੁੜਿਆ ਨਹੀਂ ਸਗੋਂ ਹਰ ਸਮਾਜਿਕ ਦੁਰਉਪਯੋਗ ਦਾ ਪਾਜ ਉਘੇੜਦਾ ਹੈ। ਉਸਦੇ ਬਹੁਤੇ ਲੇਖ ਪੰਜਾਬੀ ਭਾਸ਼ਾ ਅਤੇ ਸਮਾਜਿਕ ਰਿਸ਼ਤਿਆਂ ਵਿਚ ਆਈ ਗਿਰਾਵਟ ਬਾਰੇ ਹਨ। ਭੈਣ-ਭਰਾ, ਪਤੀ-ਪਤਨੀ, ਮਾਂ-ਪੁਤ ਅਤੇ ਹੋਰ ਨਜ਼ਦੀਕੀਆਂ ਵਿਚੋਂ ਸਦਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ। ਲਾਲਚ ਪ੍ਰਧਾਨ ਹੈ। ਜਾਇਦਾਦਾਂ ਦੇ ਝਗੜੇ ਉਲਝਣਾ ਪੈਦਾ ਕਰ ਰਹੇ ਹਨ। ਨੈਤਿਕ ਕਦਰਾਂ ਕੀਮਤਾਂ ਉਪਰ ਪਹਿਰਾ ਦੇਣ ਵਰਗੇ ਸੰਜੀਦਾ ਵਿਸ਼ਿਆਂ ਬਾਰੇ ਵੀ ਉਸਨੇ ਖੁਲ੍ਹਕੇ ਲਿਖਿਆ ਹੈ। ਉਸਨੇ ਭਾਵੇਂ ਆਪਣੇ ਲੇਖਾਂ ਦੇ ਸਿਰਲੇਖ ਅਜਿਹੇ ਲਿਖੇ ਹਨ, ਜਿਨ੍ਹਾਂ ਤੋਂ ਸ਼ਪਸ਼ਟ ਹੁੰਦਾ ਹੈ ਕਿ ਉਹ ਸਮਾਜ ਵਿਚ ਹੋ ਰਹੀ ਹਰ ਬੁਰੀ ਸਮਾਜਿਕ ਅਤੇ ਆਰਥਿਕ ਸਰਗਰਮੀ ਦੇ ਵਿਰੁਧ ਆਪਣੀ ਆਵਾਜ਼ ਉਠਾਕੇ ਸਮਾਜਿਕ ਚੇਤਨਾ ਪੈਦਾ ਕਰਨਾ ਚਾਹੁੰਦਾ ਹੈ ਪ੍ਰੰਤੂ ਜਦੋਂ ਉਹ ਇਕ ਬੁਰਾਈ ਬਾਰੇ ਲਿਖਦਾ ਹੈ ਤਾਂ ਉਸਦੇ ਨਾਲ ਹੀ ਇਕੋ ਲੇਖ ਵਿਚ ਬਹੁਤ ਸਾਰੀਆਂ ਸਮਾਜਿਕ ਊਣਤਾਈਆਂ ਦਾ ਜ਼ਿਕਰ ਕਰਨ ਲੱਗ ਜਾਂਦਾ ਹੈ। ਬਿਹਤਰ ਹੁੰਦਾ ਕਿ ਇਕ ਲੇਖ ਇਕ ਵਿਸ਼ੇ ਉਪਰ ਹੀ ਲਿਖਦਾ। ਇਸ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ ਉਸਦੇ ਮਨ ਵਿਚ ਅਨੇਕਾਂ ਸਮਾਜਿਕ ਵਿਸ਼ਿਆਂ ਬਾਰੇ ਵਿਚਾਰਾਂ ਦਾ ਪ੍ਰਵਾਹ ਚਲਦਾ ਰਹਿੰਦਾ ਹੈ, ਜਿਸ ਕਰਕੇ ਉਹ ਕਈ ਵਿਸ਼ੇ ਲੈ ਕੇ ਉਨ੍ਹਾਂ ਨੂੰ ਰਲਗਡ ਜਿਹਾ ਕਰ ਦਿੰਦਾ ਹੈ। ਵਰਤਮਾਨ ਸਮਾਜ ਵਿਚ ਸਿਆਸਤਦਾਨਾ ਨਾਲੋਂ ਅਖੌਤੀ ਸਾਧ, ਸੰਤ, ਬਾਬੇ ਅਤੇ ਡੇਰੇ ਵੀ ਸਿਆਸਤ ਕਰਨ ਲੱਗ ਪਏ ਹਨ। ਇਸ ਬਾਰੇ ਵੀ ਉਨ੍ਹਾਂ ਆਪਣੇ ਲੇਖਾਂ ਵਿਚ ਵਿਅੰਗ ਕੀਤਾ ਹੈ। ਲੇਖਕ ਨੌਜਵਾਨ ਪੀੜ੍ਹੀ ਦੇ ਕੁਰਾਹੇ ਪੈਣ ਉਪਰ ਵੀ ਚਿੰਤਾਤੁਰ ਹੈ। ਨੌਜਵਾਨੀ ਦੀਆਂ ਸਰਗਰਮੀਆਂ ਵੀ ਗੁੰਡਾਗਰਦੀ ਨੂੰ ਉਤਸ਼ਾਹਤ ਕਰ ਰਹੀਆਂ ਹਨ ਕਿਉਂਕਿ ਉਹ ਨਸ਼ਿਆਂ ਅਤੇ ਸ਼ਰਾਬ ਪੀਣ ਕਰਕੇ ਅਨੈਤਿਕ ਵਿਵਹਾਰ ਕਰ ਰਹੇ ਹਨ।  ਨੌਜਵਾਨ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰ ਰਹੇ। ਅਸਲ ਵਿਚ ਮਾਪੇ ਵੀ ਆਪਣੇ ਬੱਚਿਆਂ ਦੇ ਮਾਰਗ ਦਰਸ਼ਕ ਬਣ ਨਹੀਂ ਸਕੇ, ਜਿਸ ਕਰਕੇ ਨੌਜਵਾਨੀ ਥਿੜਕ ਗਈ ਹੈ। ਗੀਤਕਾਰ ਅਤੇ ਗਾਇਕ ਵੀ ਸਭਿਆਚਾਰ ਨੂੰ ਪਲੀਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਮੁਜ਼ਾਹਰੇ ਅਤੇ ਧਰਨੇ ਆਪਣੀ ਅਮੀਰ ਵਿਰਾਸਤ ਨੂੰ ਭੁਲਕੇ ਗ਼ਲਤ ਕਰਵਾਈਆਂ ਨੂੰ ਤਰਜ਼ੀਹ ਦੇ ਰਹੇ ਹਨ। ਅਕਾਲੀ ਪਾਰਟੀ ਵਿਚ ਗਿਰਾਵਟ ਬਜ਼ੁਰਗ ਸਿਆਸਤਦਾਨਾ ਦੇ ਪੈਰ ਚਿਨ੍ਹਾਂ ਉਪਰ ਨਾ ਚਲਣ ਕਰਕੇ ਆ ਰਹੀ ਹੈ। ਸਰਕਾਰਾਂ ਦੀਆਂ ਅਜਿਹੀਆਂ ਨੀਤੀਆਂ ਦਾ ਵੀ ਉਹ ਪਰਦਾ ਫਾਸ਼ ਕਰਦਾ ਹੈ ਜਿਨ੍ਹਾਂ ਕਰਕੇ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ। ਸਿਆਸਤਦਾਨ ਖ਼ੁਦਗਰਜ ਹੋ ਗਿਆ ਹੈ, ਉਹ ਵੋਟਰਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ। ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਹ ਵਿਰੋਧੀਆਂ ਦੀਆਂ ਵੋਟਾਂ ਕਟਵਾ ਦਿੰਦੇ ਹਨ। ਸਿਆਸਤਦਾਨ ਅਸੂਲਾਂ ਦੀ ਸਿਆਸਤ ਦੀ ਥਾਂ ਨਿੱਜੀ ਰੰਜਸ਼ਾਂ ਨਾਲ ਸਿਆਸਤ ਕਰਦੇ ਹਨ। ਉਹ ਮੌਕਾ ਪ੍ਰਸਤ ਹੋ ਗਏ ਹਨ। ਇਮਾਨਦਾਰੀ ਪਰ ਲਾ ਕੇ ਉਡ ਗਈ ਹੈ। ਇਸਤਰੀਆਂ ਦੀ ਵਕਾਲਤ ਕਰਨ ਵਾਲੇ ਲੇਖ ਹਨ। ਚੋਰ ਮੋਰੀਆਂ ਪੁਸਤਕ ਲੇਖਕ ਦੀ ਉਸਾਰੂ ਸੋਚ ਦੀ ਪ੍ਰਤੀਕ ਹੈ। ਭਾਵੇਂ ਇਸਦੇ ਲੇਖ ਪ੍ਰਚਾਰ ਲਗਦੇ ਹਨ ਪ੍ਰੰਤ ਜਿਹੜਾ ਪਾਠਕ ਇਕ ਵਾਰ ਇਸ ਪੁਸਤਕ ਨੂੰ ਪੜ੍ਹ ਲਵੇਗਾ ਉਹ ਸਮਾਜ ਵਿਚਲੀਆਂ ਚੋਰ ਮੋਰੀਆਂ ਬੰਦ ਕਰਨ ਦਾ ਹਮਾਇਤੀ ਬਣ ਜਾਵੇਗਾ। ਸਮਾਜ ਦੇ ਸਾਰੇ ਵਰਗ ਲਾਭ ਹਾਨੀ ਨੂੰ ਮੁੱਖ ਰੱਖਕੇ ਵਰਤਾਰਾ ਕਰਦੇ ਹਨ। ਮੁਲਾਜ਼ਮ ਤਨਖ਼ਾਹ ਤੋਂ ਸੰਤੁਸ਼ਟ ਨਹੀਂ ਹਨ। ਦੁਕਾਨਦਾਰ ਯੋਗ ਮੁਨਾਫੇ ਨਾਲੋਂ ਵਧੇਰੇ ਮਿਲਾਵਟ ਕਰਕੇ ਮੁਨਾਫਾ ਲੈਣ ਨੂੰ ਪਹਿਲ ਦਿੰਦੇ ਹਨ। ਪੈਸੇ ਦੀ ਅੰਨ੍ਹੀ ਦੌੜ ਲੱਗੀ ਹੋਈ ਹੈ। ਭਰਿਸ਼ਟਾਚਾਰ ਦੇ ਹਮਾਮ ਵਿਚ ਸਾਰੇ ਨੰਗੇ ਹਨ। ਗੁਰਦੁਆਰਿਆਂ ਦੇ ਝਗੜੇ ਵੀ ਧਾਰਮਿਕ ਪਰੰਪਰਾਵਾਂ ਕਾਇਮ ਰੱਖਣ ਲਈ ਨਹੀਂ ਸਗੋਂ ਚੌਧਰ ਖ਼ਾਤਰ ਹੁੰਦੇ ਹਨ। ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਕਿਉਂਕਿ ਪ੍ਰਬੰਧਕੀ ਕੰਮਾ ਵਿਚ ਸਿਆਸਤ ਦੀ ਦਖ਼ਲਅੰਦਾਜ਼ੀ ਜ਼ਿਆਦਾ ਹੋ ਗਈ ਹੈ। ਭਰੂਣ ਹੱਤਿਆਵਾਂ, ਕਿਸਾਨੀ ਖ਼ੁਦਕਸ਼ੀਆਂ, ਬਲਾਤਕਾਰ, ਮਹਿੰਗਾਈ ਅਤੇ ਸੜਕੀ ਦੁਰਘਟਨਾਵਾਂ ਅਗਾਂਹਵਧੂ ਸਮਾਜ ਲਈ ਖ਼ਤਰੇ ਦੀ ਘੰਟੀ ਹਨ।
       ਲੇਖਕ ਸਾਹਿਤਕਾਰਾਂ ਵਿਚ ਆਪਸੀ ਖਿਚੋਤਾਣ ਤੋਂ ਵੀ ਦੁਖੀ ਲੱਗਦਾ ਹੈ, ਉਹ ਸਾਹਿਤਕਾਰਾਂ ਦੀਆਂ ਧੜੇਬੰਦੀਆਂ ਕਰਕੇ ਸਮਾਜ ਨੂੰ ਸਹੀ ਦਿਸ਼ਾ ਨਿਰਦੇਸ਼ ਦੇਣ ਤੋਂ ਅਸਮਰੱਥ ਹਨ। ਸਾਹਿਤਕਾਰਾਂ ਦੀ ਪਾਰਟੀਬਾਜ਼ੀ ਕਰਕੇ ਅਨੇਕ ਸਾਹਿਤ ਸਭਾਵਾਂ ਹੋਂਦ ਵਿਚ ਆ ਰਹੀਆਂ ਹਨ । ਸਾਰੇ ਆਪੋ ਆਪਣੇ ਚਹੇਤੇ ਲੇਖਕਾਂ ਨਾਲ ਰਲਕੇ ਆਪੋ ਆਪਣੀਆਂ ਡਫਲੀਆਂ ਵਜਾ ਰਹੇ ਹਨ। ਇਹ ਸਭਾਵਾਂ ਸੰਬਾਦ ਦੀ ਥਾਂ ਤੇ ਵਾਦਵਿਵਾਦ ਪੈਦਾ ਕਰ ਰਹੀਆਂ ਹਨ। ਲੇਖਕਾਂ ਦੀ ਚੌਧਰ ਦੀ ਭੁੱਖ ਖ਼ਤਮ ਹੋਣ ਦਾ ਨਾਂ ਨਹੀਂ ਲੈਂਦੀ। ਉਸਾਰੂ ਸਾਹਿਤ ਲਈ ਵੱਡੀ ਵੰਗਾਰ ਹੈ।