ਡਾਇਲੈਕਟ (ਮਿੰਨੀ ਕਹਾਣੀ)

ਚਮਕੌਰ ਸਿੰਘ ਬਾਘੇਵਾਲੀਆ    

Email: cs902103@gmail.com
Cell: +91 97807 22876
Address: ਨਿਹਾਲ ਸਿੰਘ ਵਾਲਾ ਰੋਡ ਗਲ਼ੀ ਨੰਬਰ 2 ਖੇਤਾ ਸਿੰਘ ਬਸਤੀ
ਬਾਘਾ ਪੁਰਾਣਾ (ਮੋਗਾ) India 142038
ਚਮਕੌਰ ਸਿੰਘ ਬਾਘੇਵਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਉਸਦਾ  ਮੋਟਰਸਾਈਕਲ  ਕਾਫੀ ਤੇਜ ਜਾ ਰਿਹਾ ਸੀ। ਆਮ ਤੌਰ ਤੇ ਉਹ 40ਦੀ ਸਪੀਡ  ਤੋਂ  ਉੱਤੇ  ਨਹੀਂ  ਚਲਾਉਂਦਾ ਸੀ  ਅਤੇ  ਗੋਲ ਸਪੀਡੋਮੀਟਰ ਵਿੱਚ  ਬਣੀ  ਹਰੀ ਪੱਟੀ  ਵਿੱਚੋਂ  ਰੇਸ ਦੀ  ਸੂਈ ਨੂੰ  ਬਾਹਰ  ਨਹੀਂ  ਸੀ ਜਾਣ ਦਿੰਦਾ। ਅੱਜ ਦਲਜੀਤ  ਸਕੂਲੋਂ  ਲੇਟ ਸੀ। ਛੇ ਸਾਲ ਦੀ ਸਰਵਿਸ  ਵਿੱਚ  ਉਹ ਗਿਣੇ ਚੁਣੇ  ਮੌਕਿਆਂ  ਤੇ  ਹੀ  ਸਕੂਲੋਂ  ਲੇਟ ਹੋਇਆ ਸੀ। ਦਲਜੀਤ  ਕੋਸ਼ਿਸ਼  ਕਰਦਾ ਕਿ ਉਹ  ਆਪਣੀ  ਡਿਊਟੀ  ਤਨਦੇਹੀ  ਨਾਲ  ਨਿਭਾਵੇ। ਚਾਪਲੂਸੀ  ਕਰਕੇ  ਛੁੱਟੀਆਂ  ਨੂੰ  ਅਡਜਸਟ ਕਰਵਾਉਣਾ  ਜਾਂ  ਫਰਲੋ ਮਾਰਨੀ ਉਸ ਨੂੰ  ਚੰਗਾ ਨਹੀਂ ਸੀ ਲੱਗਦਾ। ਠੇਕੇ  ਦਾ ਮੁਲਾਜ਼ਮ  ਹੋਣ  ਕਰਕੇ  ਸਾਲ ਦੀਆਂ  15 ਛੁੱਟੀਆਂ  ਹੀ  ਮਿਲਦੀਆਂ  ਸਨ। ਰੈਗੂਲਰ  ਮੁਲਾਜ਼ਮਾਂ  ਵਾਂਗ   ਨਾ ਕਮਾਈ  ਛੁੱਟੀ  ਮਿਲਦੀ  ਨਾ ਕੋਈ  ਮੈਡੀਕਲ  ਛੁੱਟੀ  ਮਿਲਦੀ। "ਸਾਲਾ  ਠੇਕੇ  ਤੇ  ਲੱਗੇ  ਮਾਸਟਰ ਤਾਂ  ਬਿਮਾਰ  ਈ ਨੀ ਹੁੰਦੇ।"  ਥੁੱਕ  ਨੂੰ  ਬਾਹਰ  ਸਿੱਟਦਾ ਅੱਜ  ਉਹ  ਰੇਸ ਨੂੰ  ਮਰੋੜੀ ਜਾ ਰਿਹਾ ਸੀ। ਉਸਦੇ  ਕੋਲ  ਸਿਰਫ  ਪੰਦਰਾਂ  ਮਿੰਟ  ਸਨ ਸਕੂਲ  ਪਹੁੰਚਣ ਲਈ ਤੇ ਸਕੂਲ  ਤੋਂ  ਉਹ ਲੇਟ ਹੋਣਾ ਨਹੀਂ  ਸੀ  ਚਾਹੁੰਦਾ। ਉਹਨੇ ਰੇਸ 60 ਤੇ  ਕਰ ਦਿੱਤੀ।  ਮੋਟਰਸਾਈਕਲ  ਦਾ ਹੈਂਡਲ  ਕੰਬਣ ਲੱਗ  ਪਿਆ। ਸਫਰ ਹਾਲੇ ਵੀ  ਕਾਫੀ  ਸੀ। ਉਹਨੇ ਰੇਸ 80ਤੇ ਕਰ ਦਿੱਤੀ। ਮੋਟਰਸਾਈਕਲ ਦਾ  ਹੈਂਡਲ ਪੂਰੀ ਤਰ੍ਹਾਂ ਕੰਬਣ ਲੱਗ  ਪਿਆ। ਅੱਖਾਂ  ਵਿੱਚ  ਹਵਾ ਵੱਜਣ ਕਰਕੇ  ਪਾਣੀ ਡਿੱਗੀ  ਜਾਂਦਾ ਸੀ। ਤੇਜ ਹੋਣ ਕਰਕੇ  ਮੋਟਰਸਾਈਕਲ  ਹਵਾ ਨੂੰ  ਗੰਡਾ ਦਿੰਦਾ ਜਾ ਰਿਹਾ ਸੀ। ਅਚਾਨਕ  ਉਸਦੀ  ਨਜ਼ਰ ਅਜਿਹੇ  ਬੋਰਡ  ਤੇ  ਪਈ ਜਿਸਨੇ ਦਲਜੀਤ  ਦੀ ਰੇਸ ਦੀ  ਸੂਈ 40  ਤੇ  ਹਰੀ ਪੱਟੀ ਵਿੱਚ  ਕਰ ਦਿੱਤੀ। ਬੋਰਡ  ਤੇ  ਲਿਖਿਆ  ਸੀ  ਕਦੇ  ਨਾ  ਪਹੁੰਚਣ  ਨਾਲੋਂ  ਦੇਰ ਭਲੀ।