ਦੁੱਧ ਪੁੱਤ (ਕਹਾਣੀ)

ਵਰਿੰਦਰ ਅਜ਼ਾਦ   

Email: azad.asr@gmail.com
Cell: +91 98150 21527
Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
ਅੰਮ੍ਰਿਤਸਰ India 143001
ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਕਿੰਨਵਾਂ ਮਹੀਨਾਂ ਲੱਗਾ ਹੈ....?"
ਜਗੀਰੋ ਨੇ ਆਪਣੀ ਨੂੰਹ ਨੂੰ ਪੁੱਛਿਆ।
"ਬੀਜੀ! ਤੀਸਰਾ ਮਹੀਨਾਂ ਲੱਗਿਆ ਹੈ...।"
ਰਾਣੀ ਨੇ ਆਪਣੀ ਸੱਸ ਨੂੰ ਦੱਸਿਆ।
"ਚੱਲ੍ਹੋ ਕੱਲ੍ਹ ਹੀ ਤੇਰਾ ਟੈਸਟ ਕਰਵਾ ਲੈਂਦੇ ਹਾਂ। ਨਾਲੇ ਇੱਕ ਗੱਲ ਦੱਸ ਤੂੰ ਮੈਨੂੰ ਜਿਹੜੀ ਦਵਾਈ ਬਾਬੇ ਨੇ ਦੁੱਧ ਨਾਲ ਖਾਣ ਨੂੰ ਦਿੱਤੀ ਖਾਅ ਲਈ ਸੀ.....।"
"ਹਾਂ ਬੀਜੀ ਉਹ ਤਾਂ ਮੈਂ ਖਾਅ ਲਈ....।"
"ਨਾਲੇ ਇੱਕ ਗੱਲ ਹੋਰ"।
"ਕਿਹੜੀ ਗੱਲ ਬੀ..ਜੀ..?"
"ਕੁੜੀਆਂ ਤੋਂ ਦੂਰ ਰਹਿ ਕੇ ਦਵਾਈ ਖਾਣੀ ਚਾਹੀਦੀ ਸੀ, ਕੁੜੀਆਂ ਦਾ ਪਛਾਵਾਂ ਤੱਕ ਨਹੀਂ ਪੈਣਾ ਚਾਹੀਦਾ, ਅਗਰ ਪੈ ਗਿਆ ਤਾਂ ਫਿਰ ਕੁੜੀ ਹੀ ਜੰਮ ਪੈਣੀ ਹੈ ਇਹ ਗੱਲ ਬਾਬੇ ਨੇ ਸਪੈਸ਼ਲ ਤੌਰ ਤੇ ਕਹੀ ਸੀ...।" 
"ਨਾ.. ਬੀ..ਜੀ.. ਨਾ ਕੁੜੀਆਂ ਤੋਂ ਤਾਂ ਤੋਬਾ ਹੋ ਗਈ ਹੈ ਦੋ ਕੁੜੀਆਂ ਘੱਟ ਹੈ। ਛੋਟੀ ਦਾ ਨਾਂ ਤਾਂ ਹੀ ਤਾਂ ਰੱਜੀ ਰੱਖਿਆ ਹੈ ਮਤਲਬ ਅਸੀਂ ਕੁੜੀਆਂ ਤੋਂ ਰੱਜ ਗਏ ਹਾਂ। ਨਾਲੇ ਬੀ..ਜੀ.. ਟੈਸਟ ਮੈਂ ਜਲੰਧਰ ਹੀ ਕਰਵਾਉਣਾ ਹੈ। ਡਾਕਟਰ ਚਾਵਲਾ ਲੇਡੀ ਡਾਕਟਰ ਸਾਡੀ ਫੈਮਲੀ ਡਾਕਟਰ ਹੈ.."।
"ਕੋਈ ਗੱਲ ਨਈਂ ਜਿੱਥੋਂ ਮਰਜ਼ੀ ਟੈਸਟ ਕਰਵਾ ਲਈਏ ਅੱਗੇਂ ਵੀ ਦੋ ਅਬੌਰਸ਼ਨ ਤੇਰੀ ਮੰਮੀ ਨੇ ਕਰਵਾਏ ਸੀ ਹੁਣ ਸੁੱਖ ਨਾਲ ਚੰਗੀ ਚੀਜ਼ ਹੋਵੇ ਦੁੱਧ ਪੁੱਤ ਨਾਲ ਪੀੜ੍ਹੀ ਚਲਦੀ ਹੈ। ਅੱਗੇ ਹੀ ਬਲਦੇਵ ਏਸੇ ਗਮ 'ਚ ਕਿੰਨੀ ਸ਼ਰਾਬ ਪੀਣ ਲੱਗ ਪਿਆ ਹੈ। ਉਸ ਨੂੰ ਕਾਹਦਾ ਫ਼ਿਕਰ ਉਹ ਤਾਂ ਕਹਿੰਦਾ ਹੈ ਸਾਰੇ ਮੇਰੇ ਦੋਸਤਾਂ ਦੇ ਮੁੰਡੇ ਹੋਏ ਹਨ ਮੇਰੇ ਕਰਮ 'ਚ ਕੁੜੀਆਂ ਹਨ। ਤੇਰੇ ਸਹੁਰੇ ਨੂੰ ਵੀ ਪੋਤੇ ਦਾ ਬਹੁਤ ਚਾਅ ਹੈ। ਰੱਬ ਬੱਸ ਇੱਕ ਬੋਤ ਹੀ ਦੇਵੇ!"
ਹਾਲੀ ਨੂੰਹ ਸੱਸ ਆਪਸ 'ਚ ਗੱਲ ਹੀ ਕਰ ਰਹੀਆਂ ਸਨ ਕਿ ਬਾਹਰੋਂ ਕਾਲ ਬੈਲ ਹੋਈ ਜਗੀਰੋ ਦੀ ਪੋਤੀ ਦਰਵਾਜ਼ਾ ਖੋਲ੍ਹਦੀ ਬੋਲੀ
"ਬੀ..ਜੀ.. ਬਾਹਰ ਭਾਪਾ ਜੀ ਆਏ ਹਨ ਰਿਕਸ਼ੇ ਉੱਤੇ.."।
ਦੋਵੇਂ ਨੂੰਹ ਸੱਸ ਬਾਹਰ ਗਏ ਤਾਂ ਕੀ ਵੇਖਿਆਂ ਬਲਦੇਵ ਨਸ਼ੇ 'ਚ ਟੁੰਨ, ਵਾਲ ਖਿਲਰੇ ਹੋਏ, ਮੱਥੇ ਉੱਪਰ ਸੱਟ ਲੱਗਣ ਕਾਰਣ ਮੱਥੇ ਉਪਰ ਰੋੜਾ ਪੈ ਗਿਆ ਸੀ। ਪੈਂਟ ਦੀ ਜਿੱਪ ਖੁੱਲ੍ਹੀ ਹੋਈ। ਡਿੱਗਦੇ ਢਹਿੰਦੇ ਬਲਦੇਵ ਨੂੰ ਗੁਆਂਢੀ ਦੀ ਮਦਦ ਨਾਲ ਅੰਦਰ ਲਿਆਂਦਾ, ਅੰਦਰ ਆਉਂਦੇ ਹੀ ਬਲਦੇਵ ਧੜੱਮ ਕਰਦਾ ਬੈੱਡ ਉਪਰ ਡਿੱਗ ਗਿਆ।
ਜਗਤਾਰ ਬਲਦੇਵ ਦਾ ਪਿਉ ਛੇਤੀ ਛੇਤੀ ਕਮਰੇ 'ਚ ਬਾਹਰ ਨਿਕਲਿਆ ਤੇ ਕਲਪਦਾ ਬੋਲਿਆ।
"ਜਗੀਰੋ ਕੀ ਬਣੇਗਾ.. ਇਸ ਬਲਦੇਵ ਦਾ..? ਨਾ ਇਸ ਨੂੰ ਕੰਮ ਦਾ ਫ਼ਿਕਰ, ਨਾ ਬੱਚਿਆਂ ਦੀ ਪ੍ਰਵਾਹ, ਆਪਣੇ ਟੱਬਰ ਵੱਲੋਂ ਕਿਵੇਂ ਬੇਫ਼ਿਕਰ ਹੈ। ਅਸੀਂ ਕਦ ਤੱਕ ਇਸ ਦੇ ਮਗਰ ਮਗਰ ਫਿਰੀ ਜਾਵਾਂਗੇ। ਨਾ ਇਹ ਪਾਰਟੀਆਂ ਨੂੰ ਮਾਲ ਦੇਣ ਜਾਂਦਾ ਹੈ ਅਗਰ ਜਾਂਦਾ ਵੀ ਹੈ ਉੱਥੇ ਹੀ ਬੈਠ ਕੇ ਸ਼ਰਾਬ ਪੀਣ ਲੱਗ ਪੈਂਦਾ ਹੈ। ਇੱਕ ਆਰਡਰ ਨੂੰ ਕਿੰਨਾ ਕਿੰਨਾ ਚਿਰ ਲਾ ਦਿੰਦਾ ਹੈ, ਜਦ ਪਾਰਟੀਆਂ ਨੂੰ ਲੋੜ ਹੁੰਦੀ ਹੈ ਉਹ ਮੈਨੂੰ ਫੋਨ ਤੇ ਫੋਨ ਕਰਦੀਆਂ ਰਹਿੰਦੀਆਂ ਹਨ। ਮੇਰੇ ਮੂੰਹ ਨੂੰ ਲੋਕ ਚੁੱਪ ਕਰ ਜਾਂਦੇ ਹਨ। ਅਗਰ ਮੈਂ ਕੰਮ ਨਾ ਕਰਾਂ ਤਾਂ ਪਾਰਟੀਆਂ ਦਾ ਆਰਡਰ ਕਦੇ ਭੁਗਤ ਹੀ ਨਹੀਂ ਸਕਦਾ, ਕੰਮਕਾਰ ਤਾਂ ਬੰਦ ਹੋ ਜਾਵੇਗਾ। ਮੈਂ ਕਿੱਥੋਂ ਤੱਕ ਕੰਮ ਕਰ ਸਕਾਂਗਾ, ਦਿਨੋ ਦਿਨ ਬੁਢਾਪਾ ਵੱਧਦਾ ਜਾ ਰਿਹਾ ਹੈ..."।
"ਕਿਉਂ ਕਲਪੀ ਪਈ ਜਾਂਦੇ ਹੋ ਬਲਦੇਵ ਦੇ ਭਾਪਾ! ਸੱਚ ਹੀ ਤਾਂ ਇਸ ਨੇ ਲਹੂ ਪੀਤਾ ਹੈ। ਇੱਕ ਤਾਂ ਇਸ ਦੀ ਜਨਾਨੀ ਕੁੜੀਆਂ ਹੀ ਜੰਮੀ ਜਾਂਦੀ ਐ..."
ਦੋ ਕੁੜੀਆਂ ਹਨ ਇਸ ਦੀਆਂ ਤੇ ਦੋ ਅਬੌਰਸ਼ਨ ਵੀ ਕਰਵਾਏ ਹਨ.."।
ਜਗੀਰੋ ਕਲਪੀ ਹੋਈ ਬੋਲੀ।
"ਹੁਣ ਵੀ ਰਾਣੀ ਦੇ ਪੈਰ ਭਾਰੀ ਹਨ ਸੁੱਖ ਨਾਲ ਮੁੰਡੇ ਹੋਣ ਦੀ ਬਾਬੇ ਨੇ ਜਿਹੜੀ ਦਵਾਈ ਦਿੱਤੀ ਉਹ ਖਵਾ ਦਿੱਤੀ ਸੀ ਨਾਲੇ ਬਾਬਾ ਤਾਂ ਕਹਿੰਦਾ ਸੀ ਸ਼ਰਤੀਆਂ ਮੁੰਡਾ ਹੀ ਹੋਵੇਗਾ.."।
"ਬਲਦੇਵ ਦੇ ਭਾਪਾ! ਬਾਬੇ ਦੀ ਦਵਾਈ ਜਿਹੜੀ ਤੁਸੀਂ ਲਿਆ ਕੇ ਦਿੱਤੀ, ਦੇ ਦਿੱਤੀ ਹੈ..."।
"ਅੱਛਾ!.."।
ਇਹ ਸੁਣ ਕੇ ਜਗਤਾਰ ਦਾ ਕੁਝ ਗੁੱਸਾ ਘੱਟਿਆ ਪੋਤੇ ਦੇ ਸੁਪਨੇ ਵੇਖਣ ਲੱਗ ਪਿਆ। ਅੱਗੋਂ ਪੀੜ੍ਹੀ ਚੱਲੇਗੀ ਕੁੜੀਆਂ ਨੇ ਤਾਂ ਆਪੋ ਆਪੇ ਘਰੀ ਚਲੇ ਜਾਣਾ ਹੈ।
"ਫੇਰ ਰਾਣੀ ਨੂੰ ਉਸ ਦੇ ਪੇਕੇ ਭੇਜ ਦੇਵੀ ਪੈਸੇ ਧੇਲੇ ਦੀ ਫ਼ਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਬਲਦੇਵ ਦੇ ਸਹੁਰਿਆਂ ਦੀ ਫੈਮਲੀ ਡਾਕਟਰ ਤਾਂ ਹੈ.."।
"ਬਲਦੇਵ ਦੇ ਭਾਪਾ ਬਲਦੇਵ ਤਾਂ ਮੁੰਡੇ ਦੇ ਗਮ 'ਚ ਸ਼ਰਾਬ ਪੀਂਦਾ ਹੈ। ਮੇਰਾ ਪੁੱਤ ਤਾਂ ਬਹੁਤ ਚੰਗਾ ਹੈ। ਰੱਬ ਆਪੇ ਹੀ ਉਸ ਨੂੰ ਲਾਲ ਦੇਵੇਗਾ। ਖੁਸ਼ੀ ਮਿਲ ਜਾਵੇਗੀ ਤਾਂ ਆਪੇ ਹੀ ਸ਼ਰਾਬ ਛੁੱਟ ਜਾਵੇਗੀ..."।
"ਗੱਲ ਤਾਂ ਤੇਰੀ ਠੀਕ ਹੈ ਜਗੀਰੋ, ਤੈਨੂੰ ਪਤਾ ਹੈ ਬਲਦੇਵ ਪਹਿਲਾਂ ਕਿੰਨੀ ਮਿਹਨਤ ਕਰਦਾ ਸੀ। ਜਦ ਕੁੜੀਆਂ ਨਾਲ ਨਾਂ ਨਹੀਂ ਚਲਦਾ ਹੈ। ਕੁੜੀਆਂ ਨੇ ਤਾਂ ਆਪਣੇ ਘਰ ਚਲੇ ਜਾਣਾ ਹੈ ਪੁੱਤ ਤਾਂ ਬਾਹਵਾਂ ਹੁੰਦੇ ਹਨ ਪਿਉ ਦੀਆਂ..."
ਜਨਾਨੀ ਆਦਮੀ ਆਪਸ 'ਚ ਗੱਲਾਂ ਕਰਦੇ ਪਏ ਸਨ ਅੰਦਰੋਂ ਬਲਦੇਵ ਦੀ ਅਵਾਜ਼ ਆਈ ਦੋਵੇਂ ਦੌੜੇ ਦੌੜੇ ਅੰਦਰ ਗਏ। ਬਲਦੇਵ ਉੱਲਟੀਆਂ ਤੇ ਉੱਲਟੀਆਂ ਕਰ ਰਿਹਾ ਸੀ ਰਾਣੀ ਕੋਲ ਬੈਠੀ ਸੀ।
"ਰਾਣੀ ਪੁੱਤ ਤੂੰ ਕੁਝ ਨਹੀਂ ਕਰਨਾ ਇਸ ਹਾਲਤ 'ਚ, ਤੂੰ ਬੱਸ ਬੈਠਕ 'ਚ ਚੱਲੀ ਜਾਅ ਮੈਂ ਸਭ ਕੁਝ ਕਰ ਲਵਾਂਗੀ..."।
"ਅੱਛਾ ਬੀ..ਜੀ.."।
ਇਹ ਲਫ਼ਜ਼ ਕਹਿ ਕੇ ਰਾਣੀ ਬੈਠਕ 'ਚ ਚਲੀ ਗਈ। ਜਗਤਾਰ ਸਿੰਘ ਤੇ ਜਗੀਰੋ ਨੇ ਬਲਦੇਵ ਨੂੰ ਸਾਂਭਿਆ। ਉੱਲਟੀਆਂ ਕਰ ਕਰ ਕੇ ਬਲਦੇਵ ਨੇ ਕਮਰਾ ਭਰ ਦਿੱਤਾ, ਰਾਤ ਕਾਫ਼ੀ ਹੋ ਗਈ। ੧੨ ਕੁ ਵਜੇ ਰਾਤੀ ਬਲਦੇਵ ਦੀ ਅੱਖ ਲੱਗੀ। ਸਵੇਰੇ ਹੀ ਨਹੀਂ ਦੁਪਹਿਰੇ ੧੨ ਵਜੇ ਬਲਦੇਵ ਦੀ ਅੱਖ ਖੁੱਲ੍ਹੀ।
ਕੁਝ ਦਿਨਾਂ ਬਾਅਦ ਬਲਦੇਵ ਦੇ ਮਾਂ ਪਿਉ ਤੇ ਬਲਦੇਵ ਦੀ ਸਲਾਹ ਨਾਲ ਬਲਦੇਵ ਦੀ ਘਰ ਵਾਲੀ ਨੇ ਉਸ ਦੇ ਪੇਕੇ ਭੇਜ ਦਿੱਤਾ ਗਿਆ। ਰਾਣੀ ਦੀ ਮਾਂ ਫੇਰ ਰਾਣੀ ਨੂੰ ਲੇਡੀ ਡਾਕਟਰ ਚਾਵਲਾ ਦੇ ਕਲੀਨਿਕ ਲੈ ਗਈ। ਹੋਣ ਲੱਗੀ ਡਾਕਟਰ ਚਾਵਲਾ ਨਾਲ ਗੁਪਤ ਮੀਟਿੰਗ, ਡਾਕਟਰ ਚਾਵਲਾ ਗੱਲ ਕਰਦੀ ਕਹਿ ਰਹੀ ਸੀ। ਹੁਣ ਤਾਂ ਲਿੰਗ ਟੈਸਟ ਦੀ ਹਰ ਪਾਸੇ ਬਹੁਤ ਸਖਤੀ ਹੋਈ ਪਈ ਹੈ ਕੌਣ ਕਿਥੇ ਕਿਸ ਭੇਸ ਵਿੱਚ ਹੈ ਕਿਸੇ ਨੂੰ ਨਹੀਂ ਪਤਾ। ਸਰਕਾਰ ਦੀ ਸਖਤੀ ਕਾਰਣ ਸ਼ਹਿਰ 'ਚ ਕਈ ਨਾਮੀ ਕਲੀਨਿਕ ਸੀਲ ਹੋ ਚੁੱਕੇ ਹੈ। ਫੇਰ ਅਬੌਰਸ਼ਨ ਇਹ ਬਹੁਤ ਖਤਰਨਾਕ ਕੰਮ ਹੈ.."।
"ਡਾਕਟਰ ਸਾਹਿਬ ਅਸੀਂ ਤਾਂ ਤੁਹਾਡੇ ਕੋਲ ਹੀ ਆਉਂਦੇ ਹਾਂ ਅੱਗੇ ਵੀ ਤੁਸੀਂ ਦੋ ਕੇਸ ਕੀਤੇ ਹੈ.."।
"ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਪਹਿਲਾਂ ਹਾਲਾਤ ਕੁਝ ਹੋਰ ਸਨ ਹੁਣ ਹਾਲਾਤ ਬਹੁਤ ਬਦਲ ਚੁੱਕੇ ਹਨ। ਇਸਤਰੀ ਸਭਾਵਾਂ ਬਹੁਤ ਚੌਕਸ ਹੋ ਚੁੱਕੀਆਂ ਹਨ..."।
"ਇਸ ਸਰਕਾਰ ਨੂੰ ਭਲਾ ਕੀ ਤਕਲੀਫ਼ ਹੈ ਬੰਦੇ ਨੂੰ ਆਪਣੀ ਪੀੜ੍ਹੀ ਚਲਾਉਣ ਦਾ ਹੱਕ ਨਾ ਹੈ, ਨਾ ਕੁੜੀਆਂ ਨਾਲ ਘਰ ਭਰੀ ਜਾਣਾ ਹੈ, ਧੀਆਂ ਤਾਂ ਬਿਗਾਨਾ ਧੰਨ ਹੁੰਦੀਆਂ ਹਨ ਪੁੱਤਾਂ ਨਾਲ ਵੇਲ ਵੱਧਦੀ ਹੈ ਅੱਗੇ। ਤੁਸੀਂ ਸਾਡਾ ਕੰਮ ਕਰੋ ਦੱਸੋ ਮੇਰੀ ਧੀ ਦੀ ਕੁੱਖ 'ਚ ਕੁੜੀ ਹੈ ਜਾਂ ਮੁੰਡਾ। ਸਾਨੂੰ ਨਹੀਂ ਪਤਾ ਪੈਸੇ ਦੀ ਫ਼ਿਕਰ ਨਾ ਕਰੋ ਦੁੱਗਣੇ ਪੈਸੇ ਲੈ ਲੈਣਾ.."।
"ਪੈਸੇ ਦੀ ਤਾਂ ਗੱਲ ਕੋਈ ਨਹੀਂ ਮੈਂ ਤੁਹਾਡੀ ਫੈਮਲੀ ਡਾਕਟਰ ਹਾਂ ਇਸ ਖਾਤਰ ਕੰਮ ਕਰਨਾ ਹੀ ਪੈਣਾ ਹੈ..."।
"ਇੱਕ ਵਾਰ ਫੇਰ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਪੈਸੇ ਧੇਲੇ ਦੀ ਫ਼ਿਕਰ ਬਿਲਕੁਲ ਨਾ ਕਰੋ ਸੁੱਖ ਨਾਲ ਮੇਹਰ ਹੈ। ਸਾਡਾ ਜਵਾਈ ਤਾਂ ਪੁੱਤ ਦੇ ਗਮ 'ਚ ਨਿੱਤ ਸ਼ਰਾਬ ਪੀਂਦਾ ਹੈ ਉਸ ਨੂੰ ਇੱਕੋ ਝੋਰਾ ਲੱਗਾ ਹੈ ਪੁੱਤ ਹੋਏ ਬੱਸ ਪੁੱਤ..."।
"ਚੰਗਾ ਜਿਵੇਂ ਤੁਹਾਡੀ ਮਰਜ਼ੀ.."। ਡਾਕਟਰ ਨੇ ਰਾਣੀ ਦੀ ਮਾਂ ਨੂੰ ਤਸੱਲੀ ਦਿੱਤੀ। ਲਿੰਗ ਟੈਸਟ ਕਰਨ ਦੇ ਬਾਅਦ ਪਤਾ ਲੱਗਿਆ ਕਿ ਰਾਣੀ ਦੇ ਪੇਟ 'ਚ ਇਸ ਵਾਰ ਵੀ ਕੁੜੀ ਪਲ ਰਹੀ ਹੈ"।
ਕੁੜੀ ਦਾ ਨਾਂ ਸੁਣਦੇ ਹੀ ਰਾਣੀ ਦੀ ਮਾਂ ਦਾ ਦਿਮਾਗ ਚਕਰਾ ਗਿਆ, ਰਾਣੀ ਨੂੰ ਸਭ ਪਤਾ ਲੱਗ ਗਿਆ ਸੀ ਉਸ ਦੇ ਚੇਹਰੇ ਦੀਆਂ ਵੀ ਹਵਾਈਆਂ ਉੱਡ ਗਈਆਂ ਇਸ ਵਾਰ ਫੇਰ ਅਬੌਰਸ਼ਨ ਕਰਵਾਉਣਾ ਪੈਣਾ ਹੈ। ਕਦੀ ਉਹ ਆਪਣੇ ਸ਼ਰਾਬੀ ਪਤੀ ਵੱਲ ਵੇਖਦੀ ਤੇ ਕਦੀ ਉਹ ਆਪਣੇ ਸੱਸ ਸਹੁਰੇ ਬਾਰੇ ਸੋਚਦੀ। ਪਹਿਲਾਂ ਖਰਾਬ ਸਰੀਰ ਹਾਲੀ ਠੀਕ ਨਹੀਂ ਹੋਇਆ ਤੇ ਹੁਣ ਫਿਰ ਚੀਰ ਫਾੜ ਹੋਵੇਗਾ।
ਜਦ ਬਲਦੇਵ ਦੇ ਮਾਂ ਪਿਉ ਨੂੰ ਪਤਾ ਲੱਗਿਆ ਕੇ ਇਸ ਵਾਰ ਫੇਰ ਪੇਟ 'ਚ ਕੁੜੀ ਹੈ ਤਾਂ ਸਾਰੇ ਪਰਿਵਾਰ ਨੂੰ ਪਿਸੂ ਪੈ ਗਏ। ਪੋਤੇ ਦੀਆਂ ਸਾਰੀਆਂ ਸਧਰਾਂ ਮਿੱਟੀ 'ਚ ਰੁੱਲ ਗਈਆਂ। ਘਰ 'ਚ ਸੋਗ ਦੀ ਲਹਿਰ ਦੌੜ ਗਈ। ਘਰ 'ਚ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਜਿਵੇਂ ਕਿਸੇ ਬਹੁਤ ਅਜ਼ੀਜ਼ ਦੀ ਮੌਤ ਹੋ ਗਈ ਹੋਵੇ। ਬਲਦੇਵ ਗੁੱਸੇ 'ਚ ਪਾਗਲ ਹੋਇਆ, ਲਾਲ ਪੀਲਾਂ ਚੀਕਾਂ ਮਾਰ ਮਾਰ ਕੇ ਰਾਣੀ ਨੂੰ ਗਾਲ੍ਹਾਂ ਕੱਢਣ ਲੱਗਾ।
"ਏਸ ਕੁੱਤੀ ਕੰਜਰੀ ਨੇ ਤਾਂ ਕੁੜੀਆਂ ਹੀ ਜੰਮਣ ਦਾ ਠੇਕਾ ਲੈ ਲਿਆ ਹੈ। ਮੈਂ ਇਸ ਨੂੰ ਕੀ ਕਰਨਾ, ਅੱਗ ਲਗਾਉਣੀ, ਆਪਣੀ ਭੈੜੀ ਸੂਰਤ ਮੈਨੂੰ ਨਾ ਵਿਖਾਵੇ ਮੈਂ ਨਹੀਂ ਇਸ ਨੂੰ ਬਰਦਾਸ਼ਤ ਕਰ ਸਕਦਾ..."।
"ਬਾਬੇ ਕੋਲੋਂ ਵੀ ਦਵਾਈ ਖਾਧੀ ਸੀ ਫੇਰ ਵੀ ਪੇਟ 'ਚ ਕੁੜੀ ਲਈ ਫਿਰਦੀ ਹੈ। ਇਹ ਤਾਂ ਬਾਬੇ ਦੀ ਸ਼ਰਤੀਆਂ ਦਵਾਈ ਸੀ, ਬਾਕੀਆਂ ਦੇ ਘਰ ਤਾਂ ਮੁੰਡੇ ਹੋਏ ਹਨ, ਜਿੰਨਾਂ ਨੇ ਇਹ ਦਵਾਈ ਖਾਧੀ ਹੈ ਫੇਰ ਇਹਦੇ 'ਚ ਕੁੜੀ ਕਿaੁਂ...? ਕੁੜੀਆਂ ਦੇ ਸਾਹਮਣੇ ਦਵਾਈ ਖਾ ਲਈ ਹੋਣੀ ਹੈ, ਕੁੜੀਆਂ ਦਾ ਪ੍ਰਛਾਵਾਂ ਪੈ ਗਿਆ ਹੋਣਾ ਤੇ ਫੇਰ ਕੁੜੀ ਜੰਮਣ ਨੂੰ ਤਿਆਰ ਹੋ ਗਈ..."। ਇਹ ਲਫ਼ਜ਼ ਜਗੀਰੋ ਦੇ ਸਨ ਜਗੀਰੋ ਪੂਰੀ ਤਰ੍ਹਾਂ ਖੂਨ ਖਾਰ ਹੋ ਚੁੱਕੀ।
"ਹੁਣ ਕੀ ਸਲਾਹ ਹੈ..?" ਬਲਦੇਵ ਦੇ ਪਿਉ ਨੇ ਆਪਣੀ ਜਨਾਨੀ ਨੂੰ ਕਲਪਦਿਆਂ ਕਿਹਾ ਤੇ ਸਿਰ ਸੁੱਟ ਕੇ ਬੈਠ ਗਿਆ।
"ਮੈਨੂੰ ਫੋਨ ਦਿਉ ਜ਼ਰਾ.."। ਇਹ ਲਫ਼ਜ਼ ਜਗੀਰੋ ਨੇ ਕਹੇ ਤੇ ਫੋਨ ਕਰਦੀ ਬੋਲੀ।
"ਭੈਣ ਜੀ ਕੁੜੀ ਅਸਾਂ ਪੈਦਾ ਕੀਤੀ ਹੈ ਏਨ੍ਹੇ ਔਖੇ ਭਾਰੇ ਕਿਉਂ ਹੋ ਰਹੇ ਹੋ। ਸਫਾਈ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਸਾਡਾ ਫਰਜ਼ ਸੀ ਨਾ..."।
"ਏਸ 'ਚ ਦੱਸਣ ਪੁੱਛਣ ਵਾਲੀ ਕਿਹੜੀ ਗੱਲ। ਪਹਿਲਾਂ ਨਹੀਂ ਤੁਸੀਂ ਰਾਣੀ ਦੀਆਂ ਸਫਾਈਆਂ ਕਰਵਾਈਆਂ"। ਸਾਨੂੰ ਤਾਂ ਸਿਰਫ਼ ਪੋਤਾ ਚਾਹੀਦਾ ਹੈ ਪੋਤੀ ਨਹੀਂ। ਫੇਰ ਬਹਿਸ ਕਰਨ ਦੀ ਲੋੜ ਨਹੀਂ ਜਗੀਰੋ ਫੋਨ 'ਚ ਹੀ ਰਾਣੀ ਦੀ ਮਾਂ ਦੇ ਵਾਲਾਂ ਨੂੰ ਆਉਂਦੀ ਬੋਲੀ।
"ਭੈਣ ਜੀ ਸਾਨੂੰ ਵੀ ਦੋਹਤਾ ਚਾਹੀਦਾ ਹੈ ਦੋਹਤੀ ਨਹੀਂ। ਅਸੀਂ ਵੀ ਦੋਹਤੀਆਂ ਦਾ ਅਚਾਰ ਨਹੀਂ ਪਾਉਣਾ। ਰਾਣੀ ਤੁਹਾਡੀ ਨੂੰਹ ਬਾਅਦ 'ਚ ਪਹਿਲੇ ਸਾਡੀ ਧੀ ਹੈ। ਸਫਾਈਆਂ ਕਰਵਾ ਕਰਵਾ ਕੇ ਸਾਡੀ ਧੀ ਦੇ ਪੱਲੇ ਕੁਝ ਨਹੀਂ ਰਿਹਾ..."।
ਪਹਿਲੇ ਨਾਲੋਂ ਦੁਗਣੇ ਪੈਸੇ ਦੇ ਕੇ ਰਾਣੀ ਦਾ ਇਸ ਵਾਰ ਵੀ ਅਬੌਰਸ਼ਨ ਕਰਵਾ ਦਿੱਤਾ। ਦੋਵੇਂ ਪ੍ਰਵਾਰਾਂ ਨੂੰ ਸੁੱਖ ਦਾ ਸਾਹ ਆਇਆ।
ਜਗੀਰੋ ਦਾ ਜਵਾਈ ਬਲਦੇਵ ਦਾ ਜੀਜਾ ਨਗਰ ਨਿਗਮ 'ਚ ਚੰਗੇ ਅਹੁੱਦੇ ਉੱਤੇ ਬਿਰਾਜਮਾਨ ਹੈ। ਬਲਦੇਵ ਦੀ ਭੈਣ ਗੁਰਮੀਤ (ਗੀਤਾ) ਕਾਫੀ ਪੜ੍ਹੀ ਲਿਖੀ ਇਸਤਰੀ ਹੈ। ਹਾਈ ਸੁਸਾਇਟੀ 'ਚ ਪੈਰ ਰੱਖਦੀ ਹੈ ਲੇਕਿਨ ਹੈ ਬਹੁਤ ਅਸੂਲ ਪ੍ਰਸਤ ਪੜ੍ਹਾਈ 'ਚ ਉਸ ਦੀ ਖੂਬ ਰੁਚੀ ਹੈ। ਕੋਚਿੰਗ ਸੈਂਟਰ ਚਲਾਉਂਦੀ ਹੈ। ਛੇ ਕੁ ਸਾਲ ਦਾ ਉਸ ਦਾ ਮੁੰਡਾ ਹੈ ਆਪਣੇ ਕੈਰੀਅਰ ਪ੍ਰਤੀ ਕਾਫੀ ਗੰਭੀਰ ਹੈ। ਅੱਗੇ ਨਿਕਲਣਾ ਚਾਹੁੰਦੀ ਹੈ ਜ਼ਿਦੰਗੀ 'ਚ। ਬੱਚਾ ਅੱਗੋਂ ਨਹੀਂ ਚਾਹੁੰਦੀ। ਉਹ ਵੀ ਇਹੋ ਸੋਚਦਾ ਹੈ। ਬਲਦੇਵ ਚਾਹੇ ਸਰਕਾਰੀ ਮੁਲਾਜ਼ਮ ਹੈ, ਜਨਾਨੀ ਰੱਜ ਕੇ ਖੂਬਸੂਰਤ ਹੈ, ਆਪਣੇ ਪਤੀ ਦੇ ਕਹੀ ਤੇ ਰੱਜ ਕੇ ਵਫਾਦਾਰ। ਬਲਦੇਵ ਦਾ ਜੀਜਾ ਕਾਫੀ ਚਲਾਕ ਕਿਸਮ ਦਾ ਬੰਦਾ ਹੈ, ਆਸ਼ਕ ਮਜਾਜ ਦਿਲ ਫੋਕ ਆਸ਼ਕ। ਬਾਹਰ ਮੂੰਹ ਮਾਰਨ ਦੀ ਉਸ ਨੂੰ ਆਦਤ ਹੈ। ਸੋਹਣੀ ਕੁਆਰੀ ਕੁੜੀ ਜਾਂ ਜਨਾਨੀ ਵੇਖ ਕੇ ਉਸ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਕਈ ਔਰਤਾਂ, ਕੁਆਰੀਆਂ ਕੁੜੀਆਂ ਨਾਲ ਉਸ ਦੇ ਨਜ਼ਾਇਜ਼ ਸਬੰਧ ਰਹਿ ਚੁੱਕੇ ਹਨ। ਪੈਸੇ ਦੀ ਉਸ ਨੂੰ ਕੋਈ ਕਮੀ ਨਹੀਂ। ਕਈ ਕੁੜੀਆਂ ਅਤੇ ਔਰਤਾਂ ਉਸਦੇ ਅੱਗੇ ਪਿੱਛੇ ਫਿਰਦੀਆਂ ਹਨ। ਬਹੁਤ ਸਾਰੇ ਲੋਕਾਂ ਨੂੰ ਉਸ ਦੀਆਂ ਕਰਤੂਤਾਂ ਦਾ ਪਤਾ ਹੈ। ਫਿਰ ਵੀ ਲੋਕ ਚੁੱਪ, ਕੋਈ ਆਪਣੇ ਗੱਲ ਮੁਸੀਬਤ ਕਿਉਂ ਲਵੇ। ਗੀਤਾ ਆਪਣੇ ਪਤੀ ਉੱਪਰ ਭਰੋਸਾ ਬਹੁਤ ਘੱਟ ਕਰਦੀ ਹੈ। ਕਿਸੀ ਫਾਲਤੂ ਔਰਤ ਕੋਲ ਆਪਣੇ ਪਤੀ ਨੂੰ ਖੜ੍ਹੇ ਨਹੀਂ ਹੋਣ ਦਿੰਦੀ। ਵੈਸੇ ਗੀਤਾ ਦਾ ਪਤੀ ਗੀਤਾ ਕੋਲੋਂ ਡਰਦਾ ਵੀ ਹੈ। ਗੀਤਾ ਦੇ ਪੈਰ ਭਾਰੀ ਹੋ ਗਏ। ਗੀਤਾ ਦੀ ਮਾਂ ਨੇ ਜਦ ਪਤਾ ਲੱਗਾ ਤਾਂ ਉਸ ਨੇ ਗੀਤਾ ਨੂੰ ਕਿਹਾ ਕਿ ਜੇ ਮੁੰਡਾ ਹੋਇਆ ਤਾਂ ਰੱਖ ਲੈਣਾ। ਗੀਤਾ ਬੱਚਾ ਰੱਖਣੇ ਦੇ ਹੱਕ 'ਚ ਨਹੀਂ, ਮੁੰਡਾ ਹੋਏ ਜਾਂ ਕੁੜੀ ਉਸ ਨੂੰ ਆਪਣਾ ਕੈਰੀਅਰ ਪਿਆਰਾ ਹੈ। ਰਜ਼ਾਮੰਦੀ ਨਾਲ ਲਿੰਕ ਟੈਸਟ ਕਰਵਾਇਆ ਗਿਆ, ਪੇਟ 'ਚ ਕੁੜੀ ਹੋਣ ਕਾਰਨ ਸਾਰਿਆਂ ਸੀ ਇੱਕ ਸੁਰ ਹੋ ਗਈ ਕਿ ਛੇਤੀ ਤੋਂ ਛੇਤੀ ਅਬੌਰਸ਼ਨ ਕਰਵਾਇਆ ਜਾਵੇ। ਗੀਤਾ ਦਾ ਪਤੀ ਤਾਂ ਵੈਸੇ ਵੀ ਕੁੜੀ ਜੰਮਣ ਦਾ ਸਖ਼ਤ ਖਿਲਾਫ ਸੀ। ਅੰਤ ਗੀਤਾ ਦਾ ਅਬੌਰਸ਼ਨ ਕਰਵਾ ਦਿਤਾ ਗਿਆ।
ਬਲਦੇਵ ਅਕਸਰ ਰਾਣੀ ਨਾਲ ਲੜਾਈ ਝਗੜਾ ਕਰਦਾ ਰਹਿੰਦਾ। ਉਹ ਮੁੰਡਾ ਕਿਉਂ ਨਹੀਂ ਜੰਮਦੀ। ਮੁੰਡੇ ਦੇ ਗਮ 'ਚ ਬਲਦੇਵ ਦੇ ਨਸ਼ੇ ਦੀ ਆਦਤ ਵੱਧਦੀ ਹਾ ਰਹੀ ਸੀ, ਨਸ਼ਾ ਤਾਂ ਉਸਦੇ ਹੱਡਾਂ 'ਚ ਸਮਾਅ ਰਿਹਾ ਸੀ, ਮੁੰਡੇ ਨਾ ਜੰਮਣਾ ਤਾਂ ਸਿਰਫ਼ ਇੱਕ ਬਹਾਨਾ ਬਣ ਕੇ ਰਹਿ ਗਿਆ ਸੀ। ਇਨਸਾਨਾਂ ਵਾਲੇ ਸਾਰੇ ਗੁਣ ਖਤਮ ਹੋ ਰਹੇ ਸਨ, ਵੈਹਸ਼ੀ ਜਾਨਵਰ ਬਣਦਾ ਜਾ ਰਿਹਾ ਸੀ ਬਲਵੇਦ। ਦਿਨੋ ਦਿਨ ਬਲਦੇਵ ਦੀਆਂ ਕੁੜੀਆਂ ਵੱਡੀਆਂ ਹੋ ਰਹੀਆਂ ਹਨ।
ਬਲਦੇਵ ਦੇ ਘਰ ਦੇ ਨੇੜੇ ਪੰਜ ਕੁ ਘਰ ਛੱਡ ਕੇ ਪ੍ਰੋਫੈਸਰ ਢਿੱਲੋਂ ਦਾ ਘਰ ਹੈ ਕਾਫੀ ਪੜ੍ਹਿਆ ਲਿਖਿਆ ਟੱਬਰ ਹੈ, ਉਸਾਰੂ ਖਿਆਲਾਂ ਵਾਲੀ ਫੈਮਲੀ ਹੈ। ਪ੍ਰੋਫੈਸਰ ਢਿੱਲੋਂ ਦੀਆਂ ਦੋ ਕੁੜੀਆਂ ਡਾਕਟਰ ਅਤੇ ਇੱਕ ਲੜਕਾ ਹੈ। ਪਿਛੇ ਜਿਹੇ ਉਸ ਦਾ ਵਿਆਹ ਕੀਤਾ ਸੀ, ਬਤੌਰ ਪੇਸ਼ੇ ਉਹ ਪੱਤਰਕਾਰ ਹੈ। ਵਿਆਹ ਤੋਂ ਬਾਅਦ ਉਸ ਦੇ ਘਰ ਲੜਕੀ ਨੇ ਜਨਮ ਲਿਆ। ਲੜਕੀ ਦੇ ਜਨਮ ਲੈਂਦੇ ਹੀ ਘਰ 'ਚ ਖੁਸ਼ੀਆਂ ਦਾ ਸਮੁੰਦਰ ਠਾਟਾਂ ਮਾਰਨ ਲੱਗਾ ਪਿਆ, ਕੁੜੀ ਨਾ ਹੋਏ ਸਾਰੇ ਪ੍ਰਵਾਹ ਨੂੰ ਜਿਵੇਂ ਰੱਬ ਮਿਲ ਗਿਆ ਹੋਏ। ਪੂਰੇ ਮੁਹੱਲੇ ਅਤੇ ਰਿਸ਼ਤੇਦਾਰਾਂ 'ਚ ਖੂਬ ਲੱਡੂ ਵੰਡੇ ਗਏ ਅਤੇ ਘਰ 'ਚ ਭੰਗੜੇ ਪਾਏ ਗਏ। ਆਂਢ ਗੁਆਂਢ ਦੇ ਲੋਕ ਅਕਸਰ ਕਹਿ ਰਹੇ ਸਨ ਢਿੱਲੋਂ ਸਾਹਿਬ ਦਾ ਪ੍ਰਵਾਰ ਜ਼ਿਆਦਾ ਪੜ੍ਹ ਲਿਖ ਗਿਆ ਹੈ ਜ਼ਿਆਦਾ ਪੜ੍ਹੇ ਲਿਖੇ ਬੰਦੇ ਛੇਤੀ ਪਾਗਲ ਹੋ ਜਾਂਦੇ ਹਨ, ਜ਼ਿਆਦਾ ਪੈਸਾ ਵੀ ਬੰਦੇ ਦਾ ਦਿਮਾਗ ਖਰਾਬ ਕਰ ਦੇਂਦਾ ਹੈ। ਢਿੱਲੋਂ ਸਾਹਿਬ ਬਾਰੇ ਗੁਆਢੀਆਂ ਦੀ ਇਹੋ ਰਾਏ ਸੀ, ਭਲਾ ਕੁੜੀਆਂ ਦੇ ਕੌਣ ਲੱਡੂ ਵੰਡਦਾ ਹੈ। ਢਿੱਲੋਂ ਪ੍ਰਵਾਰ ਵੱਲੋਂ ਆਪਣੀ ਪੋਤੀ ਦੀ ਲੋਹੜੀ ਪਾਉਣ ਦਾ ਘਰ ਵਿੱਚ ਸਮਾਗਮ ਰੱਖਿਆ ਗਿਆ। ਆਂਢ ਗੁਆਂਢ ਤੇ ਰਿਸ਼ਤੇਦਾਰਾਂ ਨੂੰ ਮਿਠਾਈ ਦੇ ਡਿੱਬੇ ਨਾਲ ਫੰਕਸ਼ਨ ਦੇ ਕਾਰਡ ਵੀ ਦਿੱਤੇ ਗਏ।
ਬਲਦੇਵ ਦੇ ਘਰ ਵੀ ਢਿੱਲੋਂ ਸਾਹਿਬ ਡੱਬਾ ਤੇ ਕਾਰਡ ਦੇਣ ਆਏ। ਜਗਤਾਰ ਸਿੰਘ ਤੇ ਕਿਰਪਾਲ ਸਿੰਘ ਢਿੱਲੋਂ ਬਚਪਨ ਦੇ ਦੋਸਤ ਹਨ, ਕਈ ਸਾਲਾਂ ਤੋਂ ਡੂੰਘੀ ਸਾਂਝ ਹੈ, ਇਨ੍ਹਾਂ ਦੋਵਾਂ 'ਚ। ਜਗਤਾਰ ਸਿੰਘ ਸ਼ਹਿਰ ਦਾ ਚੰਗਾ ਵਪਾਰੀ ਬਣ ਗਿਆ ਤੇ ਕਿਰਪਾਲ ਸਿੰਘ ਢਿੱਲੋਂ ਪ੍ਰੋਫੈਸਰ ਬਣ ਗਿਆ, ਅੱਜ ਕੱਲ੍ਹ ਕਾਲਜ ਦਾ ਪ੍ਰਿੰਸੀਪਲ ਹੈ। ਢਿੱਲੋਂ ਸਾਹਿਬ ਨੇ ਅਨੇਕ ਵਿਦਿਆਰਥੀਆਂ ਨੂੰ ਜ਼ਿਦੰਗੀ ਦਾ ਸਹੀ ਰਸਤਾ ਦਿਖਾਇਆ। ਲੋੜ ਪੈਣ ਤੇ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਢਿੱਲੋਂ ਸਾਹਿਬ ਤਨੋਂ ਮਨੋਂ ਮਦਦ ਕਰਦੇ। ਅਨੇਕ ਵਿਦਿਆਰਥੀ ਉਨ੍ਹਾਂ ਦੇ ਪਰਉਪਕਾਰ ਸਦਕਾ ਉੱਚੇ ਉੱਚੇ ਅਹੁਦਿਆਂ ਉਪਰ ਬਿਰਾਜਮਾਨ ਹੋ ਗਏ। ਜਦ ਕੋਈ ਢਿੱਲੋਂ ਸਾਹਬ ਨੂੰ ਮਿਲਦਾ ਤਾਂ ਉਨ੍ਹਾਂ ਦੇ ਪੈਰ ਫੜ੍ਹ ਲੈਂਦਾ। ਢਿੱਲੋਂ ਸਾਹਬ ਨੂੰ ਆਪਣੇ ਵਿਦਿਆਰਥੀਆਂ ਉਪਰ ਫ਼ਖਰ ਹੈ। ਉਹ ਪਰਮ ਪਿਤਾ ਪ੍ਰਮਾਤਮਾ ਦਾ ਹੱਥ ਜੋੜ ਧੰਨਵਾਦ ਕਰਦੇ ਜਿਸ ਨੇ ਉਨ੍ਹਾਂ ਨੂੰ ਇਸ ਕਾਬਲ ਬਣਾਇਆ ਕਿ ਉਹ ਦੂਸਰਿਆਂ ਦੇ ਕੰਮ ਆ ਸਕੇ। ਉਹ ਪ੍ਰਮਾਤਮਾਂ ਤੋਂ ਇਹੀ ਮੰਗ ਕਰਦੇ, ਜਿਨ੍ਹਾਂ ਚਿਰ ਦਾ ਜੀਵਨ ਹੈ ਉਹ ਏਸੇ ਤਰ੍ਹਾਂ ਲੋੜਵੰਦਾਂ ਦੀ ਮਦਦ ਕਰਦੇ ਰਹਿਣ। ਸਰਦਾਰ ਕਿਰਪਾਲ ਸਿੰਘ ਢਿੱਲੋਂ ਸਰਦਾਰਨੀ ਭਗਵੰਤ ਕੌਰ ਨਾਲ ਜਗਤਾਰ ਸਿੰਘ ਦੇ ਵਿਹੜੇ ਆਏ। ਬਲਦੇਵ ਸ਼ਰਾਬ ਪੀ ਕੇ ਮੰਜੇ ਉਪਰ ਬੇਸੁਧ ਲੇਟਿਆ ਹੋਇਆ ਸੀ। ਜਗਤਾਰ ਸਿੰਘ ਨੇ ਜਦ ਕਿਰਪਾਲ ਸਿੰਘ ਨੂੰ ਵੇਖਿਆ ਤਾਂ ਉਸ ਨੂੰ ਚੰਨ ਚੜ੍ਹ ਗਿਆ।
"ਆ ਬਈ ਪਾਲ਼ਿਆ ਬੜੇ ਸਾਲਾਂ ਬਾਅਦ ਮਿਲਿਆ ਹੈ ਤੂੰ ਰਹਿੰਦਾ ਚਾਹੇ ਨੇੜੇ ਹੈ, ਭਰਾ ਤੇਰੇ ਕੋਲ ਟਾਇਮ ਕਿੱਥੋਂ, ਜਗੀਰੋ ਇਹ ਸਾਡਾ ਲਗੋਟੀਆਂ ਯਾਰ ਹੈ, ਲੋਕਾਂ ਵਾਸਤੇ ਤਾਂ ਇਹ ਢਿੱਲੋਂ ਸਾਹਬ, ਪ੍ਰਿੰਸੀਪਲ ਸਾਹਬ ਏ। ਜਗਤਾਰ ਨੇ ਗਲਵਕੜੀ ਵਿੱਚ ਲੈ ਲਿਆ।
ਜਗਤਾਰਿਆ ਤੂੰ ਤਾਂ ਵੱਡਾ ਵਪਾਰੀ ਬਣ ਗਿਆ ਘਰ ਤਾਂ ਤੂੰ ਕਦੀ ਨਜ਼ਰ ਨਹੀਂ ਆਉਂਦੈ। ਅੱਜ ਪਤਾ ਨਹੀਂ ਕਿਸ ਤਰ੍ਹਾਂ ਘਰ ਬੈਠਾ ਹੋਇਆ ਹੈ"।
"ਪਾਲਿਆ ਤੂੰ ਤਾਂ ਢਿੱਲੋਂ ਸਾਹਬ ਬਣ ਗਿਆ, ਪ੍ਰਿੰਸੀਪਲ ਸਮਾਜ ਸੁਧਾਰਕ, ਤੇਰੇ ਕਿੱਸੇ ਅਕਸਰ ਸੁਣਨ ਨੂੰ ਮਿਲਦੇ ਰਹਿੰਦੇ ਹਨ"।
"ਕਾਰੋਬਾਰ ਤੇਰਾ ਵੀ ਕਿਸੇ ਨਾਲੋਂ ਘੱਟ ਨਹੀਂ, ਪੱਕਾ ਵਪਾਰੀ ਬਣ ਚੁੱਕਾ ਹੈ ਤੂੰ। ਮੈਨੂੰ ਤਾਂ ਲੱਗਾ ਤੂੰ ਤਾਂ ਪੈਸੇ ਪਿੱਛੇ ਹੀ ਦੌੜਦਾ ਰਹਿੰਦਾ ਏਂ.."।
ਪ੍ਰਿੰਸੀਪਲ ਨੇ ਆਪਣੇ ਲੰਗੋਟੀਏ ਯਾਰ ਨੂੰ ਮਜ਼ਾਕ ਕੀਤਾ।
"ਵੀਰ ਬਗੈਰ ਪੈਸੇ ਦੇ ਕੋਈ ਪੁੱਛਦਾ ਨਹੀਂ, ਕਬੀਲਦਾਰੀਆਂ ਹੀ ਕਿੰਨੀਆਂ ਹਨ ਘਰ ਦੀਆਂ। ਕਾਰੋਬਾਰ ਵੱਲ ਨਾ ਧਿਆਨ ਦਈਏ ਤਾਂ ਇਹ ਚੋਪਟ ਹੋ ਜਾਵੇਗਾ। ਮਹਿੰਗਾਈ ਨੇ ਤਾਂ ਲੱਕ ਤੋੜ ਕੇ ਰੱਖ ਦਿੱਤਾ ਹੈ..."।
ਜਗਤਾਰ ਨੇ ਢਿੱਲੋਂ ਸਾਹਬ ਨੂੰ ਗੰਭੀਰਤਾ ਨਾਲ ਕਿਹਾ। ਗੱਲ ਬਦਲਦੇ ਢਿੱਲੋਂ ਸਾਹਬ ਕਹਿਣ ਲੱਗੇ।
"ਇਹ ਲਉ ਕਾਰਡ ਤੇ ਡੱਬਾ, ਸਾਡੇ ਕਾਕੇ ਮਨਪ੍ਰੀਤ ਦੀ ਬੇਟੀ ਦੀ ਪਹਿਲੀ ਲੋਹੜੀ ਹੈ, ਛੋਟਾ ਜਿਹਾ ਫੰਕਸ਼ਨ ਰਖਿਆ ਹੈ...."।
"ਕੁੜੀਆਂ ਦੀ ਲੋਹੜੀ ਕੌਣ ਪਾਂਦਾ ਹੈ, ਮੁੰਡਿਆਂ ਦੀ ਲੋਹੜੀ ਤਾਂ ਹੁੰਦੀ ਹੈ, ਕੁੜੀਆਂ ਦੀ ਲੋਹੜੀ ਪਹਿਲੀ ਵਾਰ ਸੁਣ ਰਹੇ ਹਾਂ..."।
ਜਗਤਾਰ ਸਿੰਘ ਹੈਰਾਨ ਤੇ ਖਿੱਝ ਕੇ ਬੋਲਿਆ।
"ਕਿਉਂ ਜਗਤਾਰਿਆ ਕੁੜੀਆਂ ਵੀ ਤਾਂ ਆਪਣੇ ਹੀ ਬੱਚੇ ਹੁੰਦੀਆਂ ਨੇ। ਕੁੜੀਆਂ ਘਰ ਪ੍ਰਵਾਰ ਦੀ ਸ਼ਾਨ ਹੁੰਦੀਆਂ ਹਨ.."।
"ਤੇ ਮੁੰਡੇ ਕੁਝ ਨਹੀਂ..। ਜਗੀਰੋ ਆਪਣੇ ਪਤੀ ਦੀ ਬੋਲੀ ਬੋਲਦੇ ਕਹਿਣ ਲੱਗੀ।
"ਕਿਉਂ ਨਹੀਂ ਭਾਰਜਾਈ ਜੀ, ਮੁੰਡੇ ਵੀ ਤਾਂ ਸਾਡੇ ਆਪਣੇ ਹੀ ਬੱਚੇ ਹਨ। ਅਗਰ ਲੋਹੜੀ ਮੁੰਡਿਆਂ ਦੀ ਪਾਈ ਜਾਂਦੀ ਹੈ ਤਾਂ ਕੁੜੀਆਂ ਦੀ ਕਿਉਂ ਨਹੀਂ...."।
"ਭਰਾ ਜੀ ਕੁੜੀਆਂ ਤਾਂ ਬੇਗਾਨਾ ਧੰਨ ਹੁੰਦੀਆਂ ਨੇ ਤੇ ਪੁੱਤਾਂ ਨਾਲ ਪੀੜ੍ਹੀ ਚੱਲਦੀ ਹੈ। ਵਿਆਹ ਮਗਰੋਂ ਤਾਂ ਕੁੜੀਆਂ ਸਹੁਰੇ ਘਰ ਚਲੀਆਂ ਜਾਂਦੀਆਂ ਹਨ..."।
"ਭਰਾ ਜੀ, ਭਾਬੀ ਜੀ ਕਹਿੰਦੇ ਨੇ ਪੁੱਤ ਜ਼ਮੀਨਾਂ ਵੰਡਾਉਣ ਤੇ ਧੀਆਂ ਦੁੱਖ ਵੰਡਾਉਂਦੀਆਂ ਹਨ। ਕੁੜੀਆਂ ਮੰਡਿਆਂ ਨਾਲੋਂ ਵੱਧ ਮੋਹ ਕਰਦੀਆਂ ਹਨ। ਮਾਂ ਪਿਉ ਨੂੰ ਮਾੜੀ ਮੋਟੀ ਵੀ ਤਕਲੀਫ ਹੋਵੇ ਤਾਂ ਧੀ ਦੇ ਕਾਲਜੇ ਸੱਟ ਵਾਜਦੀ ਹੈ। ਕੁੜੀਆਂ ਮਾਂ ਪਿਉ ਦੀਆਂ ਵਫਾਦਾਰ ਹੁੰਦੀਆਂ ਹਨ। ਮੁੰਡਿਆਂ ਦਾ ਕੀ ਹੈ ਅੱਜ ਵਿਆਹੇ ਗਏ ਤੇ ਕੱਲ੍ਹ ਅਲੱਗ ਹੋ ਗਏ। ਕੁੜੀਆਂ ਮਰਦੇ ਦਮ ਤੱਕ ਮਾਂ-ਪਿਉ ਨਾਲ ਵਫਾਦਾਰੀ ਨਿਭਾਉਂਦੀਆਂ ਹਨ..."।
ਹੁਣ ਢਿੱਲੋਂ ਸਾਹਬ ਤੋਂ ਰਿਹਾ ਨਾ ਗਿਆ ਤੇ ਜ਼ਜ਼ਬਾਤੀ ਹੁੰਦੇ ਬੋਲੇ।
"ਪਾਲਿਆ ਤੂੰ ਤਾਂ ਯਾਰ ਪਿੰ੍ਰਸੀਪਲ ਕਾਹਦਾ ਬਣ ਗਿਆ, ਭਾਸ਼ਨ ਹੀ ਕਰਨ ਲੱਗ ਪਿਆ, ਤੈਨੂੰ ਭਾਸ਼ਨ ਦੇਣ ਦੀ ਆਦਤ ਨਹੀਂ ਗਈ। ਮੁੰਡੇ ਬਗੈਰ ਗਤੀ ਨਹੀਂ ਹੁੰਦੀ..."।
"ਜਗਤਾਰਿਆ ਏਹ ਭਾਸ਼ਨ ਨਹੀਂ ਭਾਅ ਮੇਰਾ ਇਹ ਜ਼ਿਦੰਗੀ ਦੀ ਸਹੀ ਦਿਸ਼ਾ ਵੱਲ ਵੱਧਦਾ ਕਦਮ ਹੈ। ਇੱਕ ਚੰਗੀ ਮਾਂ, ਪਤਨੀ, ਭੈਣ, ਦਾਦੀ, ਨਾਨੀ, ਪ੍ਰਵਾਰ ਨੂੰ ਸਹੀ ਦਿਸ਼ਾ ਦੇ ਸਕਦੀ ਹੈ.."
ਢਿੱਲੋਂ ਸਾਹਬ ਹੱਦੋ ਵੱਧ ਜ਼ਜ਼ਬਾਤੀ ਹੁੰਦੇ ਦਿਖਾਈ ਦੇ ਰਹੇ ਸਨ। ਬਹਿਸ ਨੂੰ ਭਖਦਿਆਂ ਢਿੱਲੋਂ ਸਾਹਬ ਦੀ ਪਤਨੀ ਹੱਸਦੀ ਬੋਲੀ। "ਛੱਡੋ ਭਰਾ ਜੀ, ਤੁਸੀਂ ਦੋਨੋਂ ਦੋਸਤ ਹੋ, ਡਾਢਾ ਮੋਹ ਹੈ ਤੁਹਾਨੂੰ ਦੋਨਾਂ ਨੂੰ, ਐਤਵਾਰ ਏ, ਫੰਕਸ਼ਨ ਤੇ ਜ਼ਰੂਰ ਆਣਾ।"
"ਕਿਉਂ ਨਹੀਂ ਆਣਾ ਪਾਲਾ ਸਾਡਾ ਬਚਪਨ ਦਾ ਦੋਸਤ ਹੈ। ਇੱਕ ਦੂਸਰੇ ਨਾਲ ਖੁਲ੍ਹ ਨੇ ਗੱਲ ਕਰੀਦੀ ਏ, ਜੇ ਸਾਡੇ ਵਿਚਾਰ ਮੇਲ ਨਹੀਂ ਖਾਂਦੇ ਤਾਂ ਕੀ ਹੋਇਆ, ਸਾਡੇ ਦਿਲਾਂ ਦੀ ਸਾਂਝ ਤਾਂ ਪੱਕੀ ਹੈ। ਲੋਕ ਸਮਝਣਗੇ ਕਿ ਦੋਵੇਂ ਭਰਾ ਲੜ ਰਹੇ ਨੇ, ਲੜਾਈ ਤਾਂ ਅਸੀਂ ਅੱਜ ਤੱਕ ਨਹੀਂ ਕੀਤੀ..."।
ਜਗਤਾਰ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਢਿਲੋਂ ਸਾਹਬ ਹੱਸ ਪਏ।
"ਚਾਹ ਪਾਣੀ ਤਾਂ ਤੁਸੀਂ ਪੀਤਾ ਨਹੀਂ ਸਭ ਕੁਝ ਟੇਬਲ ਤੇ ਉਪਰ ਸਜਿਆ ਪਿਆ ਹੈ, ਲੋਕ ਕਹਿਣਗੇ ਕਿ ਜਗਤਾਰ ਨੂੰ ਤਾਂ ਮਹਿਮਾਨ ਨਵਾਜੀ ਕਰਨੀ ਨਹੀਂ ਆਉਂਦੀ....."। ਜਗਤਾਰ ਹੱਸਦਾ ਬੋਲਿਆ। ਇਸ ਤਰ੍ਹਾਂ ਢਿੱਲੋਂ ਸਾਹਬ ਨੇ ਚਾਹ ਪੀਤੀ ਆਪਸ ਵਿੱਚ ਹਾਸਾ ਠੱਠਾ ਹੁੰਦਾ ਰਿਹਾ। ਜਦ ਚਲ ਲੱਗੇ ਢਿੱਲੋਂ ਸਾਹਬ ਤਾਂ ਜਗਤਾਰ ਸਿੰਘ ਤੇ ਜਗੀਰੋ ਰਮਸੀ ਤੌਰ ਤੇ ਢਿੱਲੋਂ ਸਾਹਬ ਨੂੰ ਸਤਿਕਾਰ ਨਾਲ ਬਾਹਰ ਤੱਕ ਛੱਡਣ ਆਏ। ਦਰਵਾਜ਼ੇ ਤੋਂ ਬਾਹਰ ਨਿਕਲਦੇ ਹੀ ਢਿੱਲੋਂ ਸਾਹਬ ਗੁੱਸੇ ਨਾਲ ਬੋਲੇ।
"ਵੱਡਾ ਆ ਗਿਆ ਮੁੰਡਿਆਂ ਵਾਲਾ, ਆਪਣੇ ਵਾਰਿਸ ਵੱਲ ਤਾਂ ਵੇਖੇ, ਨਾ ਕੋਈ ਕੰਮ ਕਰਦਾ ਹੈ ਨਾ ਕੋਈ ਕਾਰ। ਸ਼ਰਾਬ ਪੀ ਕੇ ਕਿਵੇਂ ਮੱਤ ਮਾਰੀ ਹੋਈ ਹੈ ਇਸ ਦੀ। ਪਤਾ ਨਹੀਂ ਕਿੰਨ੍ਹੇ ਕੁ ਅਬੌਰਸ਼ਨ ਇਨ੍ਹਾਂ ਨੇ ਆਪਣੀ ਨੂੰਹ ਦੇ ਕਰਵਾਏ ਮੁੰਡੇ ਦੀ ਖਾਤਰ। ਜਦ ਵੀ ਲਿੰਗ ਟੈਸਟ ਕਰਵਾਉਂਦੇ, ਨੂੰਹ ਦੇ ਪੇਟ ਵਿੱਚ ਕੁੜੀ ਹੁੰਦੀ ਹੈ, ਪੈਦਾ ਹੋਣ ਤੋਂ ਪਹਿਲਾਂ ਹੀ ਪੇਟ 'ਚ ਕੁੜੀ ਨੂੰ ਖਤਮ ਕਰ ਦਿੰਦੇ , ਕੁੜੀ ਮਾਰ ਵਹਿਸ਼ੀ ਦਰਿੰਦੇ..."।
"ਇਹੋ ਜਿਹੇ ਬੰਦੇ ਨੂੰ ਫੰਕਸ਼ਨ 'ਚ ਸੱਦਣ ਦਾ ਕੀ ਫਾਇਦਾ..?"
ਢਿੱਲੋਂ ਸਾਹਬ ਦੀ ਪਤਨੀ ਗੁੱਸੇ 'ਚ ਆਉਂਦੀ ਬੋਲੀ।
"ਕੋਈ ਗੱਲ ਨਹੀਂ ਜਗਤਾਰ ਹੈ ਤਾਂ ਮੇਰਾ ਲਗੋਟੀਆ ਯਾਰ, ਵੈਸੇ ਵੀ ਉਸ ਦੇ ਆਣ ਦੇ ਚਾਂਸ ਘੱਟ ਹਨ..."।
"ਉਹ ਕਿਉਂ....?"
"ਇੱਕ ਤਾਂ ਉਸ ਕੋਲ ਟੈਮ ਨਹੀਂ, ਦੂਜਾ ਉਸ ਦੀ ਸੋਚ ਅਲੱਗ ਹੈ, ਪਿਛਾਂਹ ਖਿੱਚੂ"।

ਬਲਦੇਵ ਦੇ ਮਾਮੇ ਦਾ ਮੁੰਡਾ ਦਵਿੰਦਰ ਉਸ ਦੇ ਘਰ ਬੱਚਾ ਨਹੀਂ ਹੋ ਰਿਹਾ ਸੀ, ਡਾਕਟਰਾਂ ਨੇ ਕਹਿ ਦਿੱਤਾ ਕਿ ਦਵਿੰਦਰ ਬੱਚਾ ਪੈਦਾ ਕਰਨ ਦੇ ਕਾਬਲ ਹੀ ਨਹੀਂ। ਜਨਾਨੀ 'ਚ ਨੁਕਸ ਤਾਂ ਚਲੇ ਜਾਂਦਾ, ਮਰ ਜਾਂਦੀ ਉਹ ਤਾਂ ਨਵੀਂ ਲੈ ਆਉਂਣੀ ਸੀ, ਪੈਸੇ ਧੇਲੇ ਦੀ ਤਾਂ ਕੋਈ ਕਮੀ ਨਹੀਂ ਸੀ ਇਸ ਪ੍ਰਵਾਰ ਨੂੰ ਮੁੰਡੇ 'ਚ ਜਿਹੜਾ ਨੁਕਸ ਡਾਕਟਰਾਂ ਨੇ ਦੱਸਿਆ ਉਸ ਨਾਲ ਪੂਰੇ ਪ੍ਰਵਾਰ ਦਾ ਇੱਕ ਤਾਂ ਮੂੰਹ ਬੰਦ ਹੋ ਗਿਆ, ਦੂਸਰਾ ਨਮੋਸ਼ੀ ਵੱਧ ਹੋ ਗਈ। ਦਵਿੰਦਰ ਦੇ ਦੂਰ ਦੇ ਰਿਸ਼ਤੇ 'ਚ ਕਿਸੇ ਨੇ ਦਵਿੰਦਰ ਦੀ ਪਤਨੀ ਨਾਲ ਸੰਭੋਗ ਕੀਤਾ ਤਾਂ ਉਸ ਦੇ ਘਰ ਪੀੜ੍ਹੀ ਚਲਾਉਣ ਵਾਲਾ ਵਾਰਿਸ ਪੈਦਾ ਹੋਇਆ। ਇਹ ਕਿਹੜਾ ਬੰਦਾ ਸੀ, ਕਿਥੋਂ ਆਇਆ ਕਿਥੇ ਗਿਆ, ਕੋਈ ਨਹੀਂ ਜਾਣਦਾ ਜਾਂ ਦਵਿੰਦਰ ਪਰਿਵਾਰ ਜਾਂ ਫਿਰ ਰੱਬ ਕਿਸੇ ਨੂੰ ਕੁਝ ਵੀ ਪਤਾ ਥੋਹ ਨਹੀਂ ਸੀ।
ਲੁਧਿਆਣੇ ਵਿਖੇ ਜਗਤਾਰ ਸਿੰਘ ਦਾ ਹੀ ਬਹੁਤ ਵੱਡਾ ਵਪਾਰੀ ਗੋਪਾਲ ਕ੍ਰਿਸ਼ਨ ਉਸਦੇ ਲੜਕੇ ਦੇ ਘਰ ਕੁੜੀਆਂ ਹੀ ਕੁੜੀਆਂ ਪੈਦਾ ਹੁੰਦੀਆਂ ਸਨ। ਗੋਪਾਲ ਕ੍ਰਿਸ਼ਨ ਦੇ ਕੁੜਮਾਂ ਨੇ ਹੀ ਆਪਣੇ ਜਵਾਈ ਦਾ ਦੂਸਰਾ ਵਿਆਹ ਇੱਕ ਕੁਆਰੀ ਕੁੜੀ ਨਾਲ ਕਰ ਦਿੱਤਾ। ਉਹ ਰੱਜ ਕੇ ਖੁਬਸੂਰਤ ਅਤੇ ਜਵਾਈ ਨਾਲੌਂ ਉਮਰ 'ਚ ਕਾਫੀ ਛੋਟੀ ਤੇ ਹਾਲੀ ਉਹ ਬਾਲਗ ਵੀ ਨਹੀਂ ਹੋਈ ਸੀ। ਮਾਂ-ਪਿਉ ਨੇ ਵੀ ਪੈਸੇ ਦੇ ਲਾਲਚ ਵਿੱਚ ਆਪਣੀ ਕੁੜੀ ਦਾ ਵਿਆਹ ਸ਼ਾਦੀ ਸ਼ੁਦਾ ਤੇ ਕੁੜੀ ਦੀ ਉਮਰ ਨਾਲੋਂ ਵੱਡੀ ਉਮਰ ਦੇ ਵਿਅਕਤੀ ਨਾਲ ਕੀਤਾ। ਜਦ ਉਹ ਕੁੜੀ ਪ੍ਰੈਗਨੈਂਟ ਹੋਈ ਤਾਂ ਲਿੰਗ ਟੈਸਟ ਕਰਵਾਉਣ ਤੇ ਪਤਾ ਲੱਗਾ ਕਿ ਉਸ ਦੇ ਪੇਟ ਵਿੱਚ ਲੜਕਾ ਪੱਲ ਰਿਹਾ, ਨਾਲੇ ਡਾਕਟਰ ਨੇ ਇਹ ਵੀ ਕਹਿ ਦਿੱਤਾ ਕਿ ਲੜਕੀ ਹਾਲੇ ਬੱਚਾ ਪੈਦਾ ਕਰਨ ਦੇ ਕਾਬਲ ਬਿਲਕੁਲ ਨਹੀਂ ਹੈ ਇਸ ਦਾ ਅਬੌਰਸ਼ਨ ਕਰਵਾ ਦਿੱਤਾ ਜਾਵੇ। ਅਗਰ ਪੇਟ 'ਚ ਕੁੜੀ ਹੁੰਦੀ ਤਾਂ ਅਬੌਰਸ਼ਨ ਮਿੰਟੋ ਮਿੰਟੀ ਹੋ ਜਾਣਾ ਸੀ, ਮੁੰਡੇ ਨੂੰ ਭਲਾ ਕੋਈ ਪੇਟ 'ਚ ਕਤਲ ਕਰਦਾ ਹੈ। ਗੋਪਾਲ ਕ੍ਰਿਸ਼ਨ ਦੀ ਨੂੰਹ, ਮੁੰਡਾ ਤਾਂ ਪੈਦਾ ਕਰ ਗਈ ਲੇਕਿਨ ਆਪ ਜਹਾਨੋਂ ਤੁਰ ਗਈ। ਸਾਰੀ ਗੱਲ ਦਾ ਜਗਤਾਰ ਸਿੰਘ ਨੂੰ ਪਤਾ ਸੀ ਕਿਉਂਕਿ ਵਪਾਰੀ ਨਾਲ ਅਕਸਰ ਮੇਲ ਹੁੰਦਾ ਹੈ ਜਗਤਾਰ ਸਿੰਘ ਦਾ। ਅਕਸਰ ਜਗਤਾਰ ਸਿੰਘ ਜਗੀਰੋ ਨਾਲ ਗੋਪਾਲ ਕ੍ਰਿਸ਼ਨ ਦੀ ਗੱਲ ਕਰਦਾ। ਅੱਜ ਗੱਲਾਂ ਗੱਲਾਂ 'ਚ ਗੋਪਾਲ ਕ੍ਰਿਸ਼ਨ ਦੀ ਗੱਲ ਚਲ ਰਹੀ ਸੀ।
"ਚਲੋ ਬਲਦੇਵ ਦੇ ਭਾਪਾ ਇਹ ਤਾਂ ਕਰਮਾਂ ਦੀ ਗੱਲ ਹੈ। ਨਾਲੇ ਲਿਖੀ ਨੂੰ ਕੌਣ ਮੋੜ ਸਕਦਾ ਹੈ, ਵਧੀ ਦੇ ਛੱਤੀ ਢੌ, ਘਟੀ ਦਾ ਕੋਈ ਇਲਾਜ ਨਹੀਂ। ਗੋਪਾਲ ਕ੍ਰਿਸ਼ਨ ਕੋਲ ਪੈਸੇ ਦੀ ਕੋਈ ਕਮੀ ਹੈ। ਉਸ ਦਾ ਤਾਂ ਦਾਣਾ ਪਾਣੀ ਹੀ ਮੁੱਕ ਗਿਆ ਸੀ, ਕੋਈ ਕੀ ਕਰ ਸਕਦਾ। ਬਹਾਨਾ ਬੱਚਾ ਜੰਮਣ ਦਾ ਬਣ ਗਿਆ। ਅਗਰ ਉਹ ਆਪਣੇ ਪੇਕੇ ਘਰ ਹੀ ਕਿਸੇ ਬਹਾਨੇ ਮਰ ਜਾਂਦੀ ਤਾਂ..."।
"ਗੱਲ ਤਾਂ ਤੇਰੀ ਠੀਕ ਹੈ ਜਗੀਰੋ, ਹੁਣ ਮੁੰਡਾ ਸੁੱਖ ਨਾਲ ੧੫ ਸਾਲ ਦਾ ਹੋ ਗਿਆ ਹੈ। ਹੋਰ ਦੋ ਕੁ ਸਾਲਾਂ ਨੂੰ ਗੱਭਰੂ ਹੋ ਜਾਣਾ ਹੈ। ਗੋਪਾਲ ਕ੍ਰਿਸ਼ਨ ਦੀ ਨੂੰਹ ਨੇ ਉਸਨੂੰ ਆਪਣਾ ਹੀ ਮੁੰਡਾ ਸਮਝਿਆ ਹੈ ਜਿਵੇਂ ਉਸ ਦੇ ਪੇਟੋਂ ਹੀ ਜੰਮਿਆਂ ਹੋਵੇ। ਕੁੜੀਆਂ ਵੀ ਰੱਜ ਕੇ ਮੋਹ ਕਰਦੀਆਂ ਨੇ ਭਰਾ ਨਾਲ। ਪੂਰੇ ਦਾ ਪੂਰਾ ਪਰਿਵਾਰ ਖੁਸ਼ ਹੈ........"।
"ਬਲਦੇਵ ਦੇ ਭਾਪਾ ਸਾਡੀ ਨੂੰਹ ਦੀਆਂ ਦੋ ਕੁੜੀਆਂ ਹਨ ਤੇ ਦੋ ਅਬੌਰਸ਼ਨ ਕਰਵਾ ਚੁੱਕੀ ਹੈ ਜਦ ਵੀ ਉਸ ਦੇ ਪੈਰ ਭਾਰੀ ਹੁੰਦੇ ਹਨ ਤਾਂ ਚੈੱਕ ਕਰਵਾਉਣ ਤੇ ਉਸ ਦੇ ਕੁੱਛਣ ਕੁੜੀ ਹੀ ਹੁੰਦੀ ਹੈ....."।
"ਜਗੀਰੋ ਮੁੰਡੇ ਦਾ ਹੋਣਾ ਤਾਂ ਬਹੁਤ ਜ਼ਰੂਰੀ ਹੈ। ਸਾਡਾ ਬਲਦੇਵ ਵੀ ਤਾਂ ਇੱਕੋ ਇੱਕ ਹੈ। ਅਸੀਂ ਮਰ ਮੁੱਕ ਗਏ ਤਾਂ ਸਾਡਾ ਸ਼ਰਾਧ ਕੌਣ ਕਰੇਗਾ। ਸਾਡੇ ਘਰ ਦੀਵਾ ਬੱਤੀ ਕੌਣ ਕਰੇਗਾ, ਸਾਡਾ ਤਾਂ ਨਾਮੋ ਨਿਸ਼ਾਨ ਮਿੱਟ ਜਾਣਾ ਹੈ। ਸਾਡੀ ਤਾਂ ਪੀੜ੍ਹੀ ਮੁੱਕ ਜਾਣੀ, ਪੈਸੇ ਦੀ ਕੋਈ ਕਮੀ ਹੈ, ਸੁੱਖ ਨਾਲ। ਸਾਰੀ ਮਾਰਕੀਟ 'ਚ ਬਾਦਸ਼ਾਹੀ ਹੈ ਸਾਡੀ..."।
"ਬਲਦੇਵ ਦੇ ਭਾਪਾ ਸਾਡੀ ਨੂੰਹ ਚੰਗੀ ਤਾਂ ਬਹੁਤ ਹੈ ਸਾਡੇ ਨਾਲੋਂ ਜ਼ਿਆਦਾ ਫ਼ਿਕਰ ਕਰਦੀ ਹੈ, ਮੁੰਡੇ ਨਾ ਹੋਣ ਦਾ ਉਸ ਨੂੰ ਵੀ ਤਾਂ ਗਮ ਹੈ। ਸਾਡੇ ਕੁੜਮ ਕਿਹੜੇ ਸਾਡਾ ਘੱਟ ਸਾਥ ਦੇ ਰਹੇ ਹਨ। ਅਸੀਂ ਤਾਂ ਆਪਣੀ ਹੀ ਨੂੰਹ ਰਾਣੀ ਤੋਂ ਮੁੰਡਾ ਲੈਣਾ ਹੈ। ਸਾਨੂੰ ਬਲਦੇਵ ਦਾ ਵਾਰਿਸ ਚਾਹੀਦਾ ਹੈ..."।
"ਜਗੀਰੋ ਮੈਂ ਵੈਸ਼ਨੋ ਦੇਵੀ ਸੁੱਖਣਾ ਸੁੱਖੀ ਹੈ ਬਾਬੇ ਦੇ ਦਰਬਾਰ 'ਚ ਨੱਕ ਰਗੜਿਆ ਹੈ, "ਪੁੱਤਰਾਂ ਦਾ ਦਾਨੀ ਹੈ..."।
"ਠੀਕ ਹੈ ਵਾਹਿਗੁਰੂ ਆਪੇ ਹੀ ਭਲੀ ਕਰੇਗਾ, ਨਾਲੇ ਆਪਾਂ ਕਿਹੜੇ ਰੱਬ ਦੇ ਮਾਂਹ ਮਾਰੇ ਨੇ.."।
ਬਲਦੇਵ ਦੀ ਸ਼ਰਾਬ ਪੀਣ ਦੀ ਆਦਤ ਦਿਨੋ-ਦਿਨ ਵੱਧ ਰਹੀ ਸੀ। ਹੁਣ ਅਕਸਰ ਬਲਦੇਵ ਘਰ ਹੀ ਰਹਿੰਦਾ ਸਾਰੇ ਦਾ ਸਾਰਾ ਕਾਰੋਬਾਰ ਜਗਤਾਰ ਸਿੰਘ ਵੇਖਦਾ। ਜ਼ਿਆਦਾ ਸ਼ਰਾਬ ਪੀਣ ਕਾਰਣ ਸਰੀਰ 'ਚ ਕਈ ਤਰ੍ਹਾਂ ਦੇ ਨੁਕਸ। ਡਾਕਟਰ ਸ਼ਰਾਬ ਪੀਣ ਤੋਂ ਮਨ੍ਹਾ ਕਰਦੇ ਹੁਣ ਤਾਂ ਸ਼ਰਾਬ ਬਲਦੇਵ ਦੇ ਹੱਡਾਂ 'ਚ ਰਚ ਗਈ। ਇੱਕ ਤਾਂ ਜਨਾਨੀ ਦਾ ਸਰੀਰ ਬੱਚੇ ਪੈਦਾ ਕਰ ਕਰ ਕੇ ਖਰਾਬ ਹੋ ਗਿਆ। ਦੂਸਰਾ ਬਲਦੇਵ ਦਾ ਫ਼ਿਕਰ ਉਸ ਨੂੰ ਹੱਦੋ ਵੱਧ ਦੁਖੀ ਕਰ ਰਿਹਾ ਸੀ। ਪਿਉ ਹੱਦੋਂ ਵੱਧ ਦੁੱਖੀ ਹੋ ਗਿਆ ਬਲਦੇਵ ਹੱਥੋਂ। ਜ਼ਿਆਦਾ ਸ਼ਰਾਬ ਪੀਣ ਕਰਕੇ ਬਲਦੇਵ ਦੇ ਦੋਨੌਂ ਗੁਰਦੇ ਖਰਾਬ ਹੋ ਗਏ। ਇੱਕ ਦਿਨ ਬਲਦੇਵ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਤਿੰਨ ਸਾਲੇ, ਸੱਸ, ਸੌਹਰੇ ਅਤੇ ਬਲਦੇਵ ਦੇ ਘਰ ਵਾਲੇ ਤੇ ਹੋਰ ਰਿਸ਼ਤੇਦਾਰ ਸਮੇਤ ਪੀ.ਜੀ ਆਈ. ਚੰਡੀਗੜ੍ਹ ਲੈ ਗਏ ਬਲਦੇਵ ਨੂੰ। ਡਾਕਟਰ ਨੇ ਆਈ.ਸੀ.ਯੂ. ਰੂਮ 'ਚ ਬਲਦੇਵ ਨੂੰ ਰੱਖਿਆ ਗਿਆ, ਅੰਤ ਡਾਕਟਰਾਂ ਨੇ ਜਵਾਬ ਦੇ ਦਿੱਤਾ। ਇਸ ਦੀ ਸੇਵਾ ਕਰੋ। ਘਰ ਵਾਲੇ ਤੇ ਹੋਰ ਰਿਸ਼ਤੇਦਾਰ ਕਦੋਂ ਮੰਨਦੇ ਸਨ, ਬਲਦੇਵ ਦਾ ਪਿਉ ਪਾਗਲਾਂ ਦੀ ਤਰ੍ਹਾਂ ਹੱਥ ਜੋੜ ਜੋੜ ਕੇ ਡਾਕਟਰਾਂ ਨੂੰ ਕਹਿ ਰਿਹਾ ਸੀ, "ਡਾਕਟਰ ਸਾਹਿਬ ਪੈਸੇ ਦੀ ਚਿੰਤਾ ਨਾ ਕਰੋ, ਜਿੰਨਾਂ ਮਰਜ਼ੀ ਪੈਸੇ ਖਰਚ ਹੋ ਜਾਣ, ਬੱਸ ਮੇਰਾ ਲਾਲ ਬਚਣਾ ਚਾਹੀਦਾ ਹੈ..."।
ਅੰਤ ਉਹ ਹੀ ਹੋਇਆ ਜਿਸ ਦਾ ਡਰ ਸੀ ਬਗੈਰ ਪੀੜ੍ਹੀ ਚੱਲੇ ਬਲਦੇਵ ਜਹਾਨੋਂ ਤੁਰ ਗਿਆ। ਮਾਂ ਛਾਤੀ ਪਿਟਦੀ ਕੀਰਨੇ ਪਾਈ ਦੋਹੱਥੜੀ ਮਾਰਦੀ ਸਿਆਪਾ ਕਰਦੀ ਚੀਕਾਂ ਮਾਰਦੀ ਬੋਲੀ, "ਸਾਡੀ ਤਾਂ ਪੀੜ੍ਹੀ ਖਤਮ ਹੋ ਗਈ, ਸਾਡਾ ਸ਼ਰਾਧ ਕੌਣ ਕਰੇਗਾ। ਅਸੀਂ ਅੋਤਰੇ ਹੋ ਗਏ, ਇਹ ਪੈਸਾ ਧੰਨ ਦੌਲਤ ਸਾਡੇ ਕਿਸ ਕੰਮ। ਸਾਨੂੰ ਰੱਬ ਮੌਤ ਦੇ ਦੇਵੇ..."।
ਬਲਦੇਵ ਦੀ ਮਾਂ ਬਲਦੇਵ ਦੀ ਮੋਤ ਦਾ ਸਦਮਾਂ ਨਾਂ ਬਰਦਾਸ਼ਤ ਕਰਦੀ ਹੋਈ ਜਹਾਨੋਂ ਤੁਰ ਗਈ। ਜਗਤਾਰ ਸਿੰਘ ਹਸਪਤਾਲ 'ਚ ਕਦੀ ਮੁੰਡੇ ਦੇ ਮੁਰਦਾ ਸਰੀਰ ਵੱਲ ਵੇਖ ਰਿਹਾ ਸੀ ਤੇ ਕਦੀ ਜਾਨ ਨਾਲੋਂ ਵੱਧ ਪਿਆਰੀ ਮਰ ਚੁੱਕੀ ਪਤਨੀ ਵੱਲ ਵੇਖ ਰਿਹਾ ਸੀ। ਸ਼ਾਇਦ ਜਗਤਾਰ ਸਿੰਘ ਆਪਣਾ ਦਿਮਾਗੀ ਸੰਤੁਲਨ ਖੋਹ ਬੈਠਾ ਸੀ।